Sunday, December 7, 2014

ਸਕੂਲ ਸਿੱਖਿਆ ਵਿਵਸਥਾ ਦੇ ਨਿਰਮਾਣ ਦੀ ਲੜਾਈ ਵਿਸ਼ੇ 'ਤੇ ਸੈਮੀਨਾਰ


ਸੈਮੀਨਾਰ ਰਿਪੋਰਟ :
ਸਕੂਲ ਸਿੱਖਿਆ ਵਿਵਸਥਾ ਦੇ ਨਿਰਮਾਣ ਦੀ ਲੜਾਈ ਵਿਸ਼ੇ 'ਤੇ ਸੈਮੀਨਾਰ
ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ, ਜ਼ਿਲ੍ਹਾ ਕਮੇਟੀ ਲੁਧਿਆਣਾ ਵੱਲੋਂ 13 ਜੁਲਾਈ 2014 ਨੂੰ 'ਸਿੱਖਿਆ ਦੇ ਬਾਜ਼ਾਰੀਕਰਨ ਅਤੇ ਸਮਾਨ ਸਕੂਲ ਸਿੱਖਿਆਂ ਵਿਵਸਥਾ' ਵਿਸ਼ੇ 'ਤੇ ਗੁਰਸ਼ਰਨ ਕਲਾ ਭਵਨ, ਮੁੱਲਾਂਪੁਰ ਵਿਖੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਆਲ ਇੰਡੀਆ ਫੋਰਮ ਫਾਰ ਰਾਈਟ ਟੂ ਐਜੂਕੇਸ਼ਨ (1ir-Ret) ਨਾਂ ਦੀ ਸੰਸਥਾ ਦੇ ਪ੍ਰੀਜੀਡੀਅਮ ਮੈਂਬਰ ਪ੍ਰੋਫੈਸਰ ਮਧੂ ਪ੍ਰਸ਼ਾਦ (ਪ੍ਰੋਫੈਸਰ ਆਫ ਫਿਸਾਸਫੀ ਦਿੱਲੀ ਯੂਨੀਵਰਸਿਟੀ), ਪ੍ਰੋਫੈਸਰ ਵਿਕਾਸ ਗੁਪਤਾ (ਪ੍ਰੋਫੈਸਰ ਆਫ ਹਿਸਟਰੀ) ਦਿੱਲੀ ਯੂਨੀਵਰਸਿਟੀ ਅਤੇ ਲੋਕੇਸ਼ ਮਾਲਤੀ ਪ੍ਰਕਾਸ਼ (ਭੁਪਾਲ) ਇਸ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ। ਡੀ. ਟੀ. ਐਫ਼ ਜ਼ਿਲ੍ਹਾ ਕਮੇਟੀ ਵੱਲੋਂ ਸੈਮੀਨਾਰ ਦੇ ਉਦੇਸ਼, ਕਾਰਜਾਂ ਪ੍ਰਤੀ ਜਾਣੂੰ ਕਰਵਾਉਣ ਅਤੇ ਪੁੱਜਣ ਦਾ ਸੱਦਾ ਦੇਣ ਲਈ ਹੱਥ ਪਰਚਾ ਜਾਰੀ ਕੀਤਾ ਗਿਆ। 
ਫੋਰਮ ਦੇ ਬੋਰਡ ਆਫ ਐਡਵਾਈਜ਼ਰ ਦੇ ਮੈਂਬਰ ਪ੍ਰੋ. ਜਗਮੋਹਨ ਸਿੰਘ, ਪ੍ਰਸਿੱਧ ਅਰਥਸ਼ਾਸਤਰੀ ਡਾ. ਸੁਖਪਾਲ, ਪ੍ਰੋ. ਏ. ਕੇ. ਮਲੇਰੀ (ਜਮਹੂਰੀ ਅਧਿਕਾਰ ਸਭਾ), ਪ੍ਰਸਿੱਧ ਸਿੱਖਿਆ ਸ਼ਾਸਤਰੀ ਸਵਰਨ ਭੰਗੂ ਤੇ ਡੀ. ਟੀ. ਐਫ਼ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ 'ਤੇ ਆਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਵਿਚਾਰ-ਚਰਚਾ ਦੀ ਸ਼ੁਰੂਆਤ ਹੋਈ।
ਪ੍ਰੋ. ਮਧੂ ਪ੍ਰਸ਼ਾਦ ਨੇ ਸਿੱਖਿਆ ਖੇਤਰ ਦੇ ਸਮੁੱਚੇ ਇਤਿਹਾਸ 'ਤੇ ਡੇਢ ਘੰਟਾ ਬੋਲਦਿਆਂ ਕਿਹਾ ਕਿ 'ਦੇਸ਼ ਦੇ ਲੋਕ ਆਜ਼ਾਦੀ ਪਾਉਣ ਤੋਂ ਪਹਿਲਾਂ ਇੱਕ ਜਮਹੂਰੀ, ਸੈਕੂਲਰ ਤੇ ਦੇਸ਼ ਭਗਤ ਵਿਦਿਅਕ ਪ੍ਰਬੰਧ ਦੀ ਸਥਾਪਨਾ ਦੀ ਲੜਾਈ ਲੜਦੇ ਰਹੇ ਸਨ। ਪਰ ਆਜ਼ਾਦੀ ਤੋਂ ਬਾਅਦ ਲੋਕਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ। 1986 ਵਿੱਚ ਲਿਆਂਦੀ ਤੇ 1992 ਵਿੱਚ ਸੋਧੀ ਨਵੀਂ ਸਿੱਖਿਆ ਨੀਤੀ ਨੇ ਵਿੱਦਿਆ 'ਤੇ ਇੱਕ ਸਾਮਰਾਜੀ ਦਿਸ਼ਾ ਨਿਰਦੇਸ਼ਤ ਹਮਲਾ ਬੋਲ ਦਿੱਤਾ। ਵਿੱਦਿਆ ਵਿਚਾਰੀ ਤਾਂ ਪਰਉਪਕਾਰੀ-ਹਕੂਮਤਾਂ ਬਣਾ ਦਿੱਤੀ ਦੁਕਾਨਦਾਰੀ ਦੇ ਸਿੱਟੇ ਵਜੋਂ ਸਿੱਖਿਆ ਪ੍ਰਬੰਧ ਦਾ ਬੇੜਾ ਗਰਕ ਕਰ ਦਿੱਤਾ ਗਿਆ। 
ਨਵਉਦਾਰਵਾਦੀ ਨੀਤੀਆਂ ਤਹਿਤ ਵਿਦੇਸ਼ੀ ਯੂਨੀਵਰਸਿਟੀ ਬਿੱਲ, ਸਿੱਖਿਆ ਖੇਤਰ ਵਿੱਚ ਪਬਲਿਕ ਪ੍ਰਾਈਵੇਟ ਸਾਂਝੇਦਾਰੀ, ਸਿੱਖਿਆ ਵਿੱਚ ਸਿੱਧਾ ਪੂੰਜੀ ਨਿਵੇਸ਼, ਵਾਊਚਰ ਪ੍ਰਬੰਧ, ਈ. ਲਰਨਿੰਗ ਪ੍ਰੋਗਰਾਮ, ਨਵੋਦਿਆ ਵਿਦਿਆਲਿਆ ਪ੍ਰਸਤਾਵ, ਸਰਵ ਸਿੱਖਿਆ ਅਭਿਆਨ ਲਿਆਂਦੇ ਜਾ ਰਹੇ ਹਨ। 
ਪ੍ਰੋ: ਵਿਕਾਸ ਗੁਪਤਾ (ਦੇਖਣ ਤੋਂ ਅਸਮਰਥ) ਨੇ ਆਪਣੇ ਵਿਸ਼ੇਸ਼ ਅੰਦਾਜ ਵਿੱਚ ਸੰਬੋਧਨ ਕਰਦਿਆਂ ਸਿੱਖਿਆ ਦੇ ਬਾਜ਼ਾਰੀਕਰਨ ਦੇ ਨਾਲ-ਨਾਲ ਮੋਦੀ ਹਕੂਮਤ ਵੱਲੋਂ ਸੰਘ ਪਰਿਵਾਰ ਦੇ ਏਜੰਡੇ ਨੂੰ ਵਿੱਦਿਆ ਵਿੱਚ ਘੁਸੇੜਨ ਦੇ ਯਤਨਾਂ ਦਾ ਵੀ ਸਖ਼ਤ ਨੋਟਿਸ ਲੈਣ ਦਾ ਯਤਨ ਕੀਤਾ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਆਰ. ਐਸ. ਐਸ ਪ੍ਰਸਤ ਪ੍ਰੋ: ਵਾਈ ਸੁਦਰਸ਼ਨ ਰਾਓ ਨੂੰ 'ਭਾਰਤੀ ਇਤਿਹਾਸਕ ਬੋਧ ਪ੍ਰੀਸ਼ਦ ਦਾ ਮੁਖੀ ਨਿਯੁਕਤ ਕਰਨ ਨੂੰ ਇਸ ਪਾਸੇ ਵੱਲ ਚੁੱਕਿਆ ਫਾਸ਼ੀ ਕਦਮ ਕਰਾਰ ਦਿੱਤਾ। ਇਸੇ ਤਰ੍ਹਾਂ ਭਾਰਤ ਸਰਕਾਰ ਵੱਲਂੋ ਵਿੱਦਿਆ ਭਾਰਤੀ ਨਾਂ ਦੀ ਸੰਘ ਪ੍ਰਸਤ ਸੰਸਥਾ ਨੂੰ ਉਚਿਆਉਣਾ ਇਸੇ ਪਾਸੇ ਵੱਲ ਉਠਾਇਆ ਕਦਮ ਕਰਾਰ ਦਿੱਤਾ। ਇਸੇ ਲੜੀ ਵਿੱਚ ਫੋਰਸ ਦੇ ਪਬਲੀਕੇਸ਼ਨ ਸਕੱਤਰ ਲੋਕੇਸ਼ ਮਾਲਤੀ ਪ੍ਰਕਾਸ਼ ਨੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਵੱਲੋਂ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 2009 ਵਿੱਚ ਪਾਸ ਸਿੱਖਿਆ ਅਧਿਕਾਰ ਐਕਟ ਅਸਲ ਸਿੱਖਿਆ ਖੋਹਣ ਦਾ ਐਕਟ ਹੈ। ਉਨ੍ਹਾਂ ਕਿਹਾ ਕਿ ਪਹਿਲੀ ਤੋਂ ਅੱਠਵੀਂ ਤੱਕ ਕਾਗ਼ਜਾਂ ਵਿੱਚ ਨਾਮ ਚੜਾ੍ਹਕੇ ਸਾਰਾ ਦੇਸ਼ ਸਾਖ਼ਰ ਐਲਾਨਿਆ ਜਾ ਰਿਹਾ ਹੈ ਭਾਵੇਂ ਕਿ ਕਾਗ਼ਜ਼ਾਂ ਵਿੱਚ ਚਾੜ੍ਹਿਆ ਬੱਚਾ ਇੱਕ ਵੇਰ ਵੀ ਸਕੂਲ ਨਹੀਂ ਆਇਆ।  ਜਦੋਂ ਕਿ ਮੁਲਕ ਵੱਡੀ ਭਾਰੀ ਗਿਣਤੀ ਬੱਚੇ ਸਕੂਲ ਹੀਂ ਨਹੀਂ ਜਾਂਦੇ ਤੇ ਅੱਠਵੀਂ, ਦਸਵੀਂ ਤੋਂ ਬਾਅਦ ਡਰਾਪ ਆਊਟ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਦੋਹਰੀ ਸਿੱਖਿਆ ਪ੍ਰਣਾਲੀ ਦੇ ਖਿਲਾਫ਼ ਇਕਸਾਰ, ਬਰਾਬਰ ਸਕੂਲ ਸਿੱਖਿਆ ਪ੍ਰਬੰਧ ਯਾਨਿ ਗਵਾਂਢ ਦੇ ਸਮਾਨ ਸਹੂਲਤਾਂ ਵਾਲੇ ਸਕੂਲ ਦੇ ਨਿਰਮਾਣ ਦੀ ਲੜਾਈ ਫੋਰਮ ਵਲੋਂ ਉਲੀਕਿਆ ਮੁੱਖ ਏਜੰਡਾ ਹੈ। ਉਨ੍ਹਾਂ ਕਿਹਾ ਕਿ ਸਮੂਹ ਵਿਦਿਆਰਥੀ, ਅਧਿਆਪਕ, ਸਿੱਖਿਆ ਪ੍ਰੇਮੀ ਇਸ ਲੜਾਈ ਨੂੰ ਮੁੱਖ ਲੜਾਈ ਬਣਾ ਕੇ ਚੱਲਣ। ਇਸ ਲੜਾਈ ਨੂੰ ਰੁਜ਼ਗਾਰ, ਘਰ, ਸਿਹਤ ਦੀ ਲੜਾਈ ਨਾਲ ਜੋੜ ਕੇ ਸਿੱਖਿਆ ਨੂੰ, ਸਮਾਜਿਕ ਬੌਧਿਕ ਜਾਇਦਾਦ ਨੂੰ ਕਾਰਪੋਰੇਟ ਸੈਕਟਰ ਤੇ ਲੁਟੇਰੇ ਗਰੁੱਪਾਂ ਤੋਂ ਬਚਾਉਣ ਵਜੋਂ ਲੜਨਾ ਹੋਵੇਗਾ। 
ਦੁਪਹਿਰ ਦੇ ਭੋਜਨ ਅਤੇ ਚਾਹ ਪਾਣੀ ਤੋਂ ਉਪਰੰਤ ਸ਼ੁਰੂ ਹੋਏ ਅਗਲੇ ਸੈਸ਼ਨ ਵਿੱਚ ਡੀ. ਟੀ. ਐਫ਼. ਦੇ ਜ਼ਿਲ੍ਹਾਂ ਸਕੱਤਰ ਦਲਜੀਤ ਸਿੰਘ ਸਮਰਾਲਾ ਦੀ ਮੰਚ ਸੰਚਾਲਨਾ ਹੇਠ ਬੁਲਾਰਿਆਂ ਵੱਲੋਂ ਰੱਖੇ ਵਿਚਾਰਾਂ ਤੇ ਉਠਾਏ ਨੁਕਤਿਆਂ ਅਤੇ ਸਵਾਲਾਂ ਨੇ ਵੀ ਵਿਸ਼ੇ 'ਤੇ ਵਿਚਾਰਧਾਰਾ ਦੇ ਪੱਧਰ ਨੂੰ ਉਚਿਆਇਆ। ਜ਼ਿਲ੍ਹਾਂ ਪ੍ਰਧਾਨ ਸਾਥੀ ਚਰਨ ਸਿੰਘ ਨੂਰਪੁਰਾ ਨੇ ਕਿਹਾ ਕਿ ਡੀ. ਟੀ. ਐਫ਼ ਲਈ ਵਿੱਤੀ ਤਬਕਾਤੀ ਮੰਗਾਂ, ਜਮਹੂਰੀ ਮਸਲਿਆਂ 'ਤੇ ਇਕੱਲਿਆਂ ਜਾਂ ਸਾਂਝਿਆਂ ਲੜਨਾ ਇੱਕ ਏਜੰਡਾ ਤਾਂ ਹੈ ਪਰ ਬੁਨਿਆਦੀ ਏਜੰਡਾ ਸੱਚਮੁੱਚ ਸਿੱਖਿਆ ਨੂੰ ਬਾਜ਼ਾਰੀਕਰਨ ਤੇ ਫ਼ਿਰਕੂ ਕਰਨ ਦੇ ਹਮਲਿਆਂ ਤੋਂ ਬਚਾਉਂਣਾ ਹੈ ਤੇ ਸਮਾਨ ਸਕੂਲਾਂ ਦੇ ਨਿਰਮਾਣ ਦੀ ਲੰਮੀ ਲੜਾਈ ਵਿੱਚ ਸ਼ਾਮਲ ਹੋਣਾ ਹੈ। ਇਸ ਸਮੇਂ ਲੋਕ ਕਲਾ ਮੰਚ ਦੇ ਕਲਾਕਾਰਾਂ ਨੇ ਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਰਮਸਾ/ਐਸ. ਐਸ. ਏ. ਸਕੂਲ ਅਧਿਆਪਕਾਂ ਦੀ ਅਤੇ ਈ. ਜੀ. ਐਸ. ਵਲੰਟੀਅਰਾਂ ਟੀਚਰਾਂ ਦੇ ਸੰਘਰਸ਼ ਨੂੰ ਸਮਰਪਿਤ ਨਾਟਕ 'ਪੰਜਾਬੀਓ-ਜਾਗਦੇ ਕਿ ਸੁੱਤੇ' ਪੇਸ਼ ਕੀਤਾ। ਪੁਸਤਕ ਸੰਗਠਨਾਂ ਤੇ ਕਿਤਾਬਾਂ ਖੂਬ ਵਿਕੀਆਂ ਇਸ ਤਰ੍ਹਾਂ ਸਿੱਖਿਆ ਦੇ ਬਾਜ਼ਾਰੀਕਰਨ ਤੇ ਸਮਾਨ ਸਕੂਲ ਸਿੱਖਿਆ ਵਿਵਸਥਾ ਦੇ ਨਿਰਮਾਣ ਦੀ ਲੜਾਈ ਦੇਣ ਦਾ ਸੰਦੇਸ਼ ਦੇਣ ਲਈ ਇਹ ਸੈਮੀਨਾਰ ਪੂਰੀ ਤਰ੍ਹਾਂ ਸਫ਼ਲ ਹੋ ਨਿਬੜਿਆ। 
ਇਸ ਮੌਕੇ ਡੀ. ਟੀ. ਐਫ਼ ਦੇ ਸਾਬਕਾ ਜ਼ਿਲ੍ਹਾ ਸਕੱਤਰ ਅਤੇ 'ਵਰਗ ਚੇਤਨਾ' ਦੇ ਸੰਪਾਦਕੀ ਬੋਰਡ ਦੇ ਮੈਂਬਰ ਜੋਗਿੰਦਰ ਅਜ਼ਾਦ ਨੇ ਵਰਗ ਚੇਤਨਾ ਵੱਲੋਂ ਇੱਕ ਵਰਗ ਚੇਤਨਾ ਦਾ ਸੈੱਟ (ਜਿਨ੍ਹਾਂ ਵਿੱਚ ਸਿੱਖਿਆ ਦੇ ਵਪਾਰੀਕਰਨ ਸਬੰਧੀ ਵੱਖ-ਵੱਖ ਸਮੇਂ 'ਤੇ ਲਿਖਤਾਂ ਛਪੀਆਂ ਹਨ) ਆਏ ਮੁੱਖ ਬੁਲਾਰਿਆ ਨੂੰ ਭੇਂਟ ਕੀਤਾ। 
  -ਦਲਜੀਤ ਸਿੰਘ ਲੁਧਿਆਣਾ

No comments:

Post a Comment