Sunday, December 7, 2014

ਗ਼ਦਰ ਪਾਰਟੀ ਦਾ ਬਾਲ-ਜਰਨੈਲ ਕਰਤਾਰ ਸਿੰਘ ਸਰਾਭਾ


ਗ਼ਦਰ ਪਾਰਟੀ ਦਾ ਬਾਲ-ਜਰਨੈਲ ਕਰਤਾਰ ਸਿੰਘ ਸਰਾਭਾ
ਆਓ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰੇ ਕਰਨ ਲਈ ਜੂਝੀਏ
-ਅਮੋਲਕ ਸਿੰਘ
16 ਨਵੰਬਰ 1915 ਦਾ ਦਿਹਾੜਾ, ਆਮ ਦਿਹਾੜਾ ਨਹੀਂ।  ਕਰਤਾਰ ਸਿੰਘ ਸਰਾਭਾ ਸਮੇਤ 7 ਦੇਸ਼ ਭਗਤਾਂ ਨੂੰ ਇਕੋ ਵੇਲੇ ਇਕੋ ਰੱਸੇ ਨਾਲ ਫਾਂਸੀ ਲਾਏ ਜਾਣ ਦਾ ਦਿਹਾੜਾ ਹੈ।  
ਇਹ ਦਿਹਾੜਾ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ (ਮਹਾਂਰਾਸ਼ਟਰ), ਜਗਤ ਸਿੰਘ ਸੁਰ ਸਿੰਘ (ਅੰਮ੍ਰਿਤਸਰ), ਹਰਨਾਮ ਸਿੰਘ (ਸਿਆਲਕੋਟੀ), ਬਖਸ਼ੀਸ਼ ਸਿੰਘ ਗਿੱਲਵਾਲੀ (ਅੰਮ੍ਰਿਤਸਰ), ਸੁਰੈਣ ਸਿੰਘ ਸਪੁੱਤਰ ਬੂੜ ਸਿੰਘ ਤੇ ਸੁਰੈਣ ਸਿੰਘ ਸਪੁੱਤਰ ਈਸ਼ਰ ਸਿੰਘ ਦੋਵੇਂ ਪਿੰਡ ਗਿੱਲਵਾਲੀ (ਅੰਮ੍ਰਿਤਸਰ) ਨੂੰ ਲਾਹੌਰ ਕੇਂਦਰੀ ਜੇਲ• ਵਿੱਚ ਫਾਂਸੀ ਲਾ ਕੇ ਸ਼ਹੀਦ ਕਰਨ ਦਾ ਅਭੁੱਲ ਦਿਹਾੜਾ ਹੈ।
ਇਤਿਹਾਸ ਬੋਲਦਾ ਹੈ ਕਿ ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਨੂੰ ਬਾਲ ਜਰਨੈਲ ਕਿਹਾ ਕਰਦੇ।  ਬਾਬਾ ਗੁਰਮੁਖ ਸਿੰਘ ਲਲਤੋਂ, ਹਰਨਾਮ ਸਿੰਘ ਟੁੰਡੀਲਾਟ, ਕੇਸਰ ਸਿੰਘ ਠੱਠਗੜ•, ਲਾਲਾ ਹਰਦਿਆਲ ਵਰਗੇ, ਕਰਤਾਰ ਸਿੰਘ ਸਰਾਭਾ ਦੀ ਨਿੱਕੀ ਉਮਰੇ, ਉਚੇਰੀ ਅਤੇ ਲੰਮੇਰੀ ਇਨਕਲਾਬੀ ਪਰਵਾਜ਼ ਤੋਂ ਬੇਹੱਦ ਪ੍ਰਭਾਵਤ ਸਨ।  
ਸ਼ਹੀਦ ਭਗਤ ਸਿੰਘ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਗੁਰੂ, ਆਪਣਾ ਭਰਾ, ਆਪਣਾ ਸਾਥੀ ਦੱਸਿਆ ਕਰਦਾ ਸੀ।  ਸ਼ਹੀਦ ਭਗਤ ਸਿੰਘ ਨੇ ਅਲਾਹਾਬਾਦ ਤੋਂ ਛਪੇ 'ਚਾਂਦ' ਦੇ ਵਿਸ਼ੇਸ਼ ਫਾਂਸੀ ਅੰਕ ਵਿੱਚ 1928 ਵਿੱਚ ਬਹੁਤ ਹੀ ਜਜ਼ਬਾਤੀ, ਸਾਹਿਤਕ ਅਤੇ ਕਲਾਤਮਕ ਅੰਦਾਜ਼ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਜੋ ਲਿਖਿਆ, ਉਹ ਅੱਜ ਹੋਰ ਵੀ ਪ੍ਰਸੰਗਕ ਹੈ।  ਆਪਣੇ ਗਿਰਿਵਾਨ 'ਚ ਝਾਤੀ ਮਾਰਨ ਲਈ ਉਹ ਅੱਜ ਦਾ ਵੀ ਸੁਆਲ ਹੈ।  ਭਗਤ ਸਿੰਘ ਨੇ ਲਿਖਿਆ ਹੈ:
''ਅੱਜ ਦੁਨੀਆਂ ਵਿੱਚ ਫੇਰ ਸਵਾਲ ਖੜ•ਾ ਹੁੰਦਾ ਹੈ, ਉਨ•ਾਂ ਦੇ ਮਰਨ ਦਾ ਕੀ ਫਾਇਦਾ ਹੋਇਆ?  ਉਹ ਕਿੰਨ•ਾਂ ਵਾਸਤੇ ਮਰੇ?  ਉਹਨਾਂ ਦਾ ਆਦਰਸ਼ ਕੀ ਸੀ? ''
1929 ਵਿੱਚ ਭਗਤ ਸਿੰਘ ਦੀ ਕਲਮ ਜਿਹੜੇ ਸੁਆਲ ਖੜ•ੇ ਕਰਦੀ ਹੈ, ਉਹ ਸਰਾਭੇ ਦੀ ਸ਼ਹਾਦਤ ਤੋਂ ਸੌ ਵਰੇ• ਮਗਰੋਂ ਹੋਰ ਵੀ ਵਿਰਾਟ ਅਤੇ ਤਿੱਖਾ ਰੂਪ ਧਾਰਨ ਕਰ ਗਏ ਹਨ।  ਜੁਆਨੀ ਚੌਤਰਫ਼ੇ ਸੰਕਟਾਂ ਦੀ ਸੁਨਾਮੀ ਦੀ ਲਪੇਟ 'ਚ ਆਈ ਹੋਈ ਹੈ।  ਭਗਤ ਸਿੰਘ ਨੇ ਲਿਖਿਆ ਸੀ:
'ਚਮਨ ਜ਼ਾਰੇ ਮੁਹੱਬਤ ਮੇਂ ਉਸੀ ਨੇ ਬਾਗਵਾਨੀ ਕੀ,
ਕਿ ਜਿਸਨੇ ਆਪਣੀ ਮੇਹਨਤ ਕੋ ਹੀ
ਮੇਹਨਤ ਕਾ ਸਮਰ ਜਾਨਾ।
ਨਹੀਂ ਹੋਤਾ ਹੈ ਮੋਹਤਾਜੇ ਨੁਮਾਇਸ਼ ਫ਼ੈਜ਼ ਸ਼ਬਨਮ ਕਾ,
ਅੰਧੇਰੀ ਰਾਤ ਮੇਂ ਮੋਤੀ ਲੁਟਾ ਜਾਤੀ ਹੈ ਗੁਲਸ਼ਨ ਮੇਂ£'
ਭਾਵ ਉਸ ਮਾਲੀ ਦਾ ਵੀ ਕੋਈ ਜਵਾਬ ਨਹੀਂ ਜਿਹੜਾ ਮਿਹਨਤ ਨੂੰ ਹੀ ਮਿਹਨਤ ਦਾ ਫ਼ਲ ਸਮਝਦਾ ਹੈ।  ਉਹ ਕਿੰਨੇ ਮਹਾਨ ਹੁੰਦੇ ਹਨ, ਜਿਹੜੇ ਇਤਿਹਾਸ ਅੰਦਰ ਅਜੇਹੀ ਭੂਮਿਕਾ ਅਦਾ ਕਰਦੇ ਹਨ ਜਿਵੇਂ ਹਨੇਰੀ ਰਾਤ 'ਚ ਚੁਪਕੇ ਜਿਹੇ ਆ ਕੇ ਤ੍ਰੇਲ ਆਪਣੇ ਮੋਤੀ ਬਿਖੇਰਕੇ ਚਲੀ ਜਾਂਦੀ ਹੈ ਉਸਦਾ ਕੋਈ ਸਾਨੀ ਨਹੀਂ।
1928 'ਚ ਨੌਜਵਾਨਾਂ ਅੱਗੇ ਭਗਤ ਸਿੰਘ ਜਿਹੜਾ ਸੁਆਲ ਖੜ•ਾ ਕਰਦਾ ਹੈ ਅੱਜ ਇਹਨਾਂ ਸੰਗਰਾਮੀਆਂ ਦੀ ਸ਼ਹਾਦਤ ਦੀ 100ਵੀਂ ਵਰੇ• ਗੰਢ, ਨੌਜਵਾਨਾਂ ਤੋਂ ਉਸ ਸ਼ਬਨਮ ਵਰਗੀ ਇਤਿਹਾਸਕ ਭੂਮਿਕਾ ਦੀ ਆਸ ਕਰਦੀ ਹੈ।  ਪਿਛਲੇ ਦਹਾਕਿਆਂ ਤੱਕ ਜਿਉਂਦੇ ਰਹੇ ਗ਼ਦਰੀ ਬਾਬੇ ਉੱਨੀ-ਇੱਕੀ ਦੇ ਸ਼ਬਦੀ ਫਰਕਾਂ ਨਾਲ ਰਿਕਾਰਡ ਕਰਵਾਈਆਂ ਟੇਪਾਂ, ਤਕਰੀਰਾਂ, ਹੱਥ ਲਿਖਤ ਡਾਇਰੀਆਂ, ਲੇਖਾਂ  ਵਿੱਚ  ਜੁਆਨੀ  ਨੂੰ  ਇਉਂ ਵੰਗਾਰਦੇ ਰਹੇ ਹਨ, ਜਿਨ•ਾਂ ਦਾ ਇਤਿਹਾਸਕ ਪ੍ਰਮਾਣ ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬਰੇਰੀ ਦੇ ਰਿਕਾਰਡ 'ਚ ਮੂੰਹੋਂ ਬੋਲਦਾ ਹੈ:
''ਗ਼ਦਰ ਪਾਰਟੀ ਨੇ ਗ਼ੁਲਾਮੀ ਖਿਲਾਫ਼, ਆਜ਼ਾਦੀ ਦਾ ਪਰਚਮ ਚੁੱਕਿਆ ਸੀ।  ਅਨੇਕਾਂ ਸੂਰਬੀਰਾਂ ਨੇ ਸ਼ਹੀਦੀ ਜਾਮ ਪੀਤੇ।  ਇਸ ਪਾਰਟੀ ਨੇ ਗ਼ੁਲਾਮੀ ਨਾਲ ਨਿਢਾਲ ਹੋਈ ਹਿੰਦੀ ਜਨਤਾ ਦੇ ਖ਼ੂਨ ਵਿੱਚ ਆਜ਼ਾਦੀ ਦੀ ਨਵੀਂ ਰੂਹ ਫੂਕ ਦਿੱਤੀ।  ਇਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ।  ਲਾਸਾਨੀ ਕੁਰਬਾਨੀਆਂ ਦੀ ਲੜੀ ਨੇ ਆਜ਼ਾਦੀ ਪ੍ਰਾਪਤੀ ਲਈ ਇੱਕ ਹੋਰ ਨਵਾਂ ਸਫ਼ਾ ਇਤਿਹਾਸ ਵਿੱਚ ਜੜ ਦਿੱਤਾ।
ਸਾਡੇ ਇਹ ਨਾਅਰੇ ਪਾਰਟੀ ਦੇ ਨਿਯਮਾਂ ਅਤੇ ਅਮਲਾਂ ਵਿੱਚੋਂ ਹਨ:
1. ਏਕਤਾ ਦਾ ਫ਼ਲ - ਸ਼ਕਤੀ ਅਤੇ ਆਜ਼ਾਦੀ
2. ਅਨੇਕਤਾ ਦਾ ਸਿੱਟਾ - ਦੁਰਬਲਤਾ ਤੇ ਗ਼ੁਲਾਮੀ
3. ਏਕਤਾ ਦਾ ਮੂਲ - ਸਮਾਜਵਾਦ
4. ਅਨੇਕਤਾ ਦਾ ਮੂਲ - ਸਾਮਰਾਜਵਾਦ
ਯੁੱਗ ਪਲਟ ਰਿਹਾ ਹੈ!  ਆਪਣੇ ਕਰਤੱਵ ਪੂਰੇ ਕਰੋ!
ਨੌਜਵਾਨੋ! ਜਾਗੋ! ਉਠੋ!!
ਸੁੱਤਿਆਂ ਨੂੰ ਯੁੱਗ ਬੀਤ ਗਏ!
ਹਰ ਪ੍ਰਕਾਰ ਦੀ ਗ਼ੁਲਾਮੀ ਕੀ ਆਰਥਿਕ, ਕੀ ਰਾਜਨੀਤਕ ਅਤੇ ਕੀ ਸਮਾਜਕ ਜੜ• ਤੋਂ ਉਖੇੜ ਸੁੱਟੋ! ਮਨੁੱਖਤਾ ਹੀ ਸੱਚਾ ਧਰਮ ਹੈ।
ਜੈ ਜਨਤਾ''
ਸੋਹਣ ਸਿੰਘ ਭਕਨਾ
ਅਜੇਹੇ ਉੱਚੇ ਅਤੇ ਸੁੱਚੇ ਟੀਚੇ ਸਨ ਗ਼ਦਰੀ ਬਾਬਿਆਂ ਦੀ ਤੋਰ ਦੀ ਰਵਾਨੀ 'ਚ।
ਅੱਜ ਲੋਕਾਂ ਦੀ ਏਕਤਾ, ਸਾਂਝ, ਭਾਈਚਾਰੇ ਨੂੰ ਤੀਲਾ ਤੀਲਾ ਕਰਨ ਲਈ ਵਿਆਪਕ ਖ਼ਤਰੇ ਅੰਬਰਾਂ 'ਤੇ ਮੰਡਲਾ ਰਹੇ ਹਨ।  ਲੋਕਾਂ ਉਪਰ ਅਨੇਕਾਂ ਪ੍ਰਕਾਰ ਦੇ ਬੋਝ ਦੀਆਂ ਪੰਡਾਂ ਲੱਦੀਆਂ ਜਾ ਰਹੀਆਂ ਹਨ।  ਪਾਟਕ-ਪਾਊ, ਫ਼ਿਰਕੂ ਜ਼ਹਿਰ ਧੂੜੀ ਜਾ ਰਹੀ ਹੈ।  ਲੋਕਾਂ ਦੇ ਜਨਮ ਸਿੱਧ ਮੌਲਿਕ ਮਾਨਵੀ ਅਧਿਕਾਰਾਂ ਉਪਰ ਨੰਗੀ ਤਲਵਾਰ ਲਟਕ ਰਹੀ ਹੈ।  ਇਸ ਦੌਰ ਅੰਦਰ ਬਾਬਾ ਭਕਨਾ ਦੇ ਉਪਰੋਕਤ ਬੋਲ ਅਤੇ 1915 ਦੇ ਸ਼ਹੀਦਾਂ ਦੀ ਸ਼ਤਾਬਦੀ ਵਿਸ਼ੇਸ਼ ਧਿਆਨ ਖਿੱਚਦੀ ਹੈ।
ਗ਼ਦਰੀ ਬਾਬੇ, ਇਤਿਹਾਸ ਪ੍ਰਤੀ ਕਦੇ ਵੀ ਲਕੀਰ ਦੇ ਫਕੀਰ ਨਹੀਂ ਬਣੇ।  ਉਹ ਅਤੀਤ ਦੇ, ਇਤਿਹਾਸ ਦੇ ਜਾਂ ਬੁੱਤਾਂ ਦੇ ਪੂਜਕ ਨਹੀਂ ਬਣੇ।  ਉਹ 1947 ਤੋਂ ਬਾਅਦ ਵੀ ਆਖਰੀ ਸਾਹ ਤੱਕ ਬੁਲੰਦ ਆਵਾਜ਼ 'ਚ ਹੋਕਾ ਦਿੰਦੇ ਰਹੇ ਕਿ ਅਜੇ ਸਾਡੇ ਅਤੇ ਸਾਡੇ ਅਮਰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਨਹੀਂ ਬਣਿਆ।   ਉਹ ਜ਼ਿੰਦਗੀ ਭਰ ਇਨਕਲਾਬੀ ਸਫ਼ਰ 'ਤੇ ਰਹੇ।  ਸਰਾਭੇ ਹੋਰਾਂ ਦੀ ਸ਼ਹਾਦਤ ਪ੍ਰਤੀ ਮਹਿਜ਼ ਸ਼ਰਧਾਵਾਨ ਹੋਣ ਦੀ ਬਜਾਏ, ਉਹਨਾਂ ਦੇ ਅਧੂਰੇ ਕਾਜ਼ ਲਈ ਉਹ ਨੌਜਵਾਨਾਂ, ਕਿਰਤੀ, ਕਿਸਾਨਾਂ, ਔਰਤਾਂ ਅਤੇ ਬੁੱਧੀਜੀਵੀਆਂ ਨੂੰ ਆਪਣੇ ਸਮੇਂ ਦੀਆਂ ਚੁਣੌਤੀਆਂ ਨੂੰ ਮੁਖ਼ਾਤਬ ਹੋਣ ਲਈ ਅੱਗੇ ਆਉਣ ਦਾ ਸੱਦਾ ਦਿੰਦੇ ਰਹੇ।
ਜਨਮ ਦਿਨ, ਸ਼ਹੀਦੀ ਦਿਨ, ਸਥਾਪਨਾ ਦਿਨ ਅਤੇ ਸ਼ਤਾਬਦੀ ਆਉਂਦੇ ਜਾਂਦੇ ਰਹਿੰਦੇ ਹਨ।  ਇਤਿਹਾਸ ਦੇ ਸੰਵੇਦਨਸ਼ੀਲ ਵਾਰਸਾਂ ਨੇ ਸਥਾਪਤੀ ਅਤੇ ਰਵਾਇਤੀ ਤੌਰ ਤਰੀਕਿਆਂ ਨਾਲੋਂ ਵੱਖ ਇਨ•ਾਂ ਇਤਿਹਾਸਕ ਮੌਕਿਆਂ 'ਤੇ ਆਪਣਾ ਸੰਤੁਲਤ, ਭਵਿੱਖ-ਮੁਖੀ ਅਤੇ ਲੋਕ-ਮੁਖੀ ਦ੍ਰਿਸ਼ਟੀਕੋਣ ਧਾਰਨ ਕਰਕੇ, ਆਪਣੇ ਪੂਰਵਜਾਂ ਦੇ ਅਧੂਰੇ ਰਹਿ ਗਏ ਚਿਤਰ 'ਚ ਆਪਣੇ ਬੁਰਸ਼ ਨਾਲ ਅਤੇ ਆਪਣੇ ਅੰਦਾਜ਼ 'ਚ ਖ਼ੂਬਸੂਰਤ ਰੰਗ ਭਰਨੇ ਹੁੰਦੇ ਹਨ।      
——————————————
ਅੰਮੀਏ ਤੂੰ ਦੱਸ ਤਾਂ ਸਈ
-ਅਮੋਲਕ ਸਿੰਘ
ਤੇਰੇ ਚਿਹਰੇ 'ਤੇ ਉਦਾਸੀ ਕਾਹਤੋਂ ਆਈ, ਅੰਮੀਏਂ ਤੂੰ ਦੱਸ ਤਾਂ ਸਈ
ਕਿਹੜੀ ਬਾਤ ਜਿਹੜੀ ਮਨ 'ਚ ਛੁਪਾਈ, ਸੱਚੋ ਸੱਚ ਦੱਸ ਤਾਂ ਸਈ
ਤੇਰੇ ਚਿਹਰੇ 'ਤੇ.. ..
ਮੈਨੂੰ ਗੱਲੀਂ ਬਾਤੀਂ ਨਾਨੀ ਮਾਂ ਹੈ ਦੱਸਦੀ
ਤੂੰ ਸੀ ਹੱਸਦੀ ਕਪਾਹ ਸੀ ਖੇਤੀਂ ਹੱਸਦੀ
ਤੈਨੂੰ ਵੇਖ ਵੇਖ ਉਹ ਵੀ ਮੁਰਝਾਈ
ਅੰਮੀਏਂ ਤੂੰ ਦੱਸ ਤਾਂ ਸਈ.. ..
ਨਿੱਘੀ ਬੁੱਕਲ ਕਿਉਂ ਮਾਏ ਠੰਢੀ ਠਾਰ ਹੈ
ਤੈਨੂੰ ਕਿਹੜੇ ਮਾਏ ਗ਼ਮਾਂ ਦਾ ਬੁਖ਼ਾਰ ਹੈ
ਲੋਅ ਨੈਣਾਂ ਦੀ ਹੈ ਕਿਸਨੇ ਬੁਝਾਈ
ਅੰਮੀਏਂ ਤੂੰ ਦੱਸ ਤਾਂ ਸਈ.. ..
ਕਹਿੰਦੇ ਬਾਬਲੇ ਨੂੰ ਕਰਜ਼ੇ ਨੇ ਖਾ ਲਿਆ
ਘੇਰਾ ਨਸ਼ਿਆਂ ਨੇ ਵੀਰਨੇ ਨੂੰ ਪਾ ਲਿਆ
ਇਹਨਾਂ ਸੋਚਾਂ ਤੇਰੀ ਨੀਂਦ ਹੈ ਉਡਾਈ
ਅੰਮੀਏਂ ਤੂੰ ਦੱਸ ਤਾਂ ਸਈ.. ..
ਅੱਖਾਂ ਖੋਲ•ਦੀ ਸਰਾਭੇ ਦੀ ਕਿਤਾਬ ਹੈ
ਇੱਕੋ ਗ਼ਦਰ ਸੁਆਲਾਂ ਦਾ ਜਵਾਬ ਹੈ
ਮੇਰੇ ਬੇਲੀਆਂ ਇਹ ਗੱਲ ਸਮਝਾਈ
ਅੰਮੀਏਂ ਤੂੰ ਦੱਸ ਤਾਂ ਸਈ.. ..

No comments:

Post a Comment