Sunday, December 7, 2014

ਅੰਤਰ-ਪਾਰਟੀ ਏਕਤਾ ਬਾਰੇ ਇੱਕ ਦਵੰਧਵਾਦੀ ਪਹੁੰਚ


ਅੰਤਰ-ਪਾਰਟੀ ਏਕਤਾ ਬਾਰੇ ਇੱਕ ਦਵੰਧਵਾਦੀ ਪਹੁੰਚ
-ਕਾਮਰੇਡ ਮਾਓ
ਏਕਤਾ ਦੇ ਸੁਆਲ ਨਾਲ ਸਬੰਧਤ ਪਹੁੰਚ ਬਾਰੇ ਮੈਂ ਕੁੱਝ ਕਹਿਣਾ ਚਾਹੂੰਗਾ। ਮੇਰਾ ਖਿਆਲ ਹੈ ਕਿ ਸਾਡਾ ਰਵੱਈਆ ਹਰ ਕਾਮਰੇਡ ਵੰਨੀਂ ਏਕਤਾ ਦਾ ਹੋਣਾ ਚਾਹੀਦਾ ਹੈ, ਭਾਵੇਂ ਕੋਈ ਵੀ ਹੋਵੇ, ਪਰ ਸ਼ਰਤ ਇਹ ਹੈ ਕਿ ਉਹ ਦੁਸ਼ਮਣੀ-ਭਾਵ ਰੱਖਣ ਵਾਲਾ ਜਾਂ ਤੋੜ-ਫੋੜ ਕਰਨ ਵਾਲਾ ਅਨਸਰ ਨਾ ਹੋਵੇ। ਸਾਨੂੰ ਉਸ ਵੱਲ ਦਵੰਧਵਾਦੀ ਨਾ ਕਿ ਅਧਿਆਤਮਕ ਪਹੁੰਚ ਅਖਤਿਆਰ ਕਰਨੀ ਚਾਹੀਦੀ ਹੈ। ਦਵੰਧਵਾਦੀ ਪਹੁੰਚ ਦਾ ਕੀ ਅਰਥ ਹੈ? ਇਸਦਾ ਅਰਥ ਹੈ ਹਰ ਚੀਜ਼ ਬਾਰੇ ਵਿਸ਼ਲੇਸ਼ਣਾਮਿਕ ਹੋਣਾ, ਇਹ ਪ੍ਰਵਾਨ ਕਰਨਾ ਕਿ ਸਾਰੇ ਮਨੁੱਖ ਗਲਤੀਆਂ ਕਰਦੇ ਹਨ ਅਤੇ ਸਿਰਫ ਇਸ ਕਰਕੇ ਕਿਸੇ ਨੂੰ ਰੱਦ ਨਾ ਕਰ ਦੇਣਾ ਕਿ ਉਸਨੇ ਗਲਤੀਆਂ ਕੀਤੀਆਂ ਹਨ। ਲੈਨਿਨ ਨੇ ਇੱਕ ਵਾਰ ਕਿਹਾ ਸੀ ਕਿ ਦੁਨੀਆਂ ਵਿੱਚ ਇੱਕ ਵੀ ਐਹੋ ਜਿਹਾ ਆਦਮੀ ਨਹੀਂ ਹੈ ਜੋ ਗਲਤੀਆਂ ਨਹੀਂ ਕਰਦਾ। ਹਰ ਕਿਸੇ ਨੂੰ ਸਹਾਰੇ ਦੀ ਲੋੜ ਹੁੰਦੀ ਹੈ। ਇੱਕ ਯੋਗ ਬੰਦੇ ਨੂੰ ਤਿੰਨ ਹੋਰਨਾਂ ਲੋਕਾਂ ਦੀ ਸਹਾਇਤਾ ਦੀ ਲੋੜ ਹੁੰਦੀ ਹੈ। ਇੱਕ ਵਾੜ ਨੂੰ ਤਿੰਨ ਥੰਮ੍ਹੀਆਂ ਦੀ ਲੋੜ ਹੁੰਦੀ ਹੈ। ਆਪਣੀ ਪੂਰੀ ਸੁੰਦਰਤਾ ਦੇ ਬਾਵਜੂਦ ਕਮਲ ਦੇ ਫੁੱਲ ਨੂੰ ਜਚਵਾਂ ਦਿਸਣ ਲਈ ਆਪਣੇ ਦੁਆਲੇ ਪੱਤਿਆਂ ਦੀ ਹਰਿਆਲੀ ਦੀ ਲੋੜ ਹੁੰਦੀ ਹੈ। ਇਹ ਸਾਰੇ ਚੀਨੀ ਮੁਹਾਵਰੇ ਹਨ। ਇੱਕ ਹੋਰ ਚੀਨੀ ਮੁਹਾਵਰਾ ਕਹਿੰਦਾ ਹੈ ਕਿ ਆਪਣੀ ਇੱਕਜੁੱਟ ਕਾਰਗਰੀ ਸਮੇਤ ਤਿੰਨ ਮੋਚੀ, ਉਸਤਾਦ ਦਿਮਾਗ ਵਾਲੇ ਸ਼ੂਕੇ ਲਿਆਂਗ ਦੀ ਬਰਾਬਰੀ ਕਰਦੇ ਹਨ। ਆਪਣੇ ਤੌਰ 'ਤੇ ਸ਼ੂਕੇ ਲਿਆਂਗ ਕਦੇ ਵੀ ਸੰਪੂਰਨ ਨਹੀਂ ਹੋ ਸਕਦਾ। ਉਸਦੀਆਂ ਸੀਮਤਾਈਆਂ ਹਨ। ਸਾਡੇ ਬਾਰਾਂ ਦੇਸ਼ਾਂ ਦੇ ਇਸ ਐਲਾਨਨਾਮੇ ਵੱਲ ਦੇਖੋ। ਅਸੀਂ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਖਰੜੇ ਵਿੱਚੋਂ ਲੰਘ ਚੁੱਕੇ ਹਾਂ ਅਤੇ ਫੇਰ ਵੀ ਅਸੀਂ ਇਸ ਨੂੰ ਸੁਧਾਰਨ-ਸੰਵਾਰਨ ਦਾ ਕੰਮ ਖਤਮ ਨਹੀਂ ਕੀਤਾ। ਮੇਰਾ ਖਿਆਲ ਹੈ ਕਿ ਕਿਸੇ ਵੱਲੋਂ ਰੱਬ ਵਰਗਾ ਸਰਬ-ਗਿਆਤਾ ਅਤੇ ਸਰਬ-ਸ਼ਕਤੀਮਾਨ ਹੋਣ ਦਾ ਦਾਅਵਾ ਕਰਨਾ ਬੇਹੂਦਾ ਲੱਗਣ ਦੀ ਹੱਦ ਤੱਕ ਅਤਿ-ਸਵੈ ਭਰੋਸੇਮੰਦ ਹੋਣਾ ਹੋਵੇਗਾ। ਸੋ, ਕਿਸੇ ਗਲਤੀਆਂ ਕਰਨ ਵਾਲੇ ਕਾਮਰੇਡ ਵੱਲ ਸਾਡਾ ਰਵੱਈਆ ਕੀ ਹੋਣਾ ਚਾਹੀਦਾ ਹੈ? ਸਾਨੂੰ ਵਿਸ਼ਲੇਸ਼ਣਾਤਮਿਕ ਹੋਣਾ ਚਾਹੀਦਾ ਹੈ। ਅਧਿਆਤਮਿਕ ਪਹੁੰਚ ਅਪਣਾਉਣ ਦੀ ਥਾਂ ਦਵੰਧਵਾਦੀ ਪਹੁੰਚ ਅਪਣਾਉਣੀ ਚਾਹੀਦੀ ਹੈ। ਸਾਡੀ ਪਾਰਟੀ ਇੱਕ ਵਾਰ ਅਧਿਆਤਮਵਾਦ ਅਤੇ ਕੱਟੜਵਾਦ ਵਿੱਚ ਖੁੱਭ ਗਈ ਸੀ, ਜਿਸਨੇ ਆਪਣੀ ਨਾ-ਪਸੰਦਗੀ ਵਾਲੇ ਕਿਸੇ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਮਗਰੋਂ ਅਸੀਂ ਕੱਟੜਵਾਦ ਨੂੰ ਰੱਦ ਕਰ ਦਿੱਤਾ ਅਤੇ ਥੋੜ੍ਹਾ ਜਿਹਾ ਹੋਰ ਦਵੰਧਵਾਦ ਸਿੱਖਿਆ। ਵਿਰੋਧੀ ਪੱਖਾਂ ਦੀ ਏਕਤਾ ਦਵੰਧਵਾਦ ਦਾ ਬੁਨਿਆਦੀ ਸੰਕਲਪ ਹੈ। ਇਸ ਸੰਕਲਪ ਦੇ ਅਨੁਸਾਰ ਸਾਨੂੰ ਉਸ ਕਾਮਰੇਡ ਬਾਰੇ ਕੀ ਕਰਨਾ ਚਾਹੀਦਾ ਹੈ, ਜਿਸ ਨੇ ਗਲਤੀਆਂ ਕੀਤੀਆਂ ਹੋਣ? ਸਾਨੂੰ ਪਹਿਲਾਂ ਉਸ ਨੂੰ ਆਪਣੇ ਗਲਤ ਵਿਚਾਰਾਂ ਤੋਂ ਛੁਟਕਾਰਾ ਦਿਵਾਉਣ ਲਈ ਘੋਲ ਕਰਨਾ ਚਾਹੀਦਾ ਹੈ। ਦੂਜੇ, ਸਾਨੂੰ ਉਸਦੀ ਸਹਾਇਤਾ ਵੀ ਕਰਨੀ ਚਾਹੀਦੀ ਹੈ। ਨੁਕਤਾ ਨੰਬਰ ਇੱਕ, ਘੋਲ ਅਤੇ ਨੁਕਤਾ ਨੰਬਰ ਦੋ, ਸਹਾਇਤਾ। ਸਾਨੂੰ ਗਲਤੀਆਂ ਸੁਧਾਰਨ ਵਿੱਚ ਉਸਦੀ ਸਹਾਇਤਾ ਕਰਨ ਦੀ ਸ਼ੁਭ-ਇੱਛਾ ਤੋਂ ਤੁਰਨਾ ਚਾਹੀਦਾ ਹੈ ਤਾਂ ਕਿ ਉਸ ਨੂੰ ਗਲਤੀਆਂ ਸੁਧਾਰਨ ਲਈ ਰਾਹ ਮਿਲ ਸਕੇ। 
ਫੇਰ ਵੀ, ਇੱਕ ਹੋਰ ਕਿਸਮ ਦੇ ਬੰਦਿਆਂ ਨਾਲ ਨਜਿੱਠਣਾ ਵੱਖਰੀ ਗੱਲ ਹੈ। ਟਰਾਟਸਕੀ ਵਰਗੇ ਬੰਦਿਆਂ ਵੱਲ, ਅਤੇ ਚੀਨ ਵਿੱਚ ਚੈਨ ਤੂ ਸ਼ਿਊ, ਚਾਂਗ-ਕੁਓ-ਤਾਓ ਅਤੇ ਕਾਓ-ਕਾਂਗ ਵਰਗਿਆਂ ਵੱਲ ਸਹਾਇਤਾ ਵਾਲਾ ਰਵੱਈਆ ਅਪਣਾਉਣਾ ਅਸੰਭਵ ਸੀ। ਕਿਉਂਕਿ ਉਹ ਨਾ-ਸੁਧਰਨਯੋਗ ਸਨ। ਅਤੇ ਉਹ ਹਿਟਲਰ, ਚਿਆਂਗ ਕਾਈ-ਸ਼ੈੱਕ ਅਤੇ ਜ਼ਾਰ ਵਰਗੇ ਬੰਦੇ ਸਨ, ਜਿਹੜੇ ਉਸੇ ਤਰ੍ਹਾਂ ਹੀ ਨਾ-ਸੁਧਰਨਯੋਗ ਸਨ ਅਤੇ ਉਹਨਾਂ ਨੂੰ ਉਲਟਾਉਣਾ ਪਿਆ ਕਿਉਂਕਿ ਅਸੀਂ ਅਤੇ ਉਹ ਮੁਕੰਮਲ ਤੌਰ 'ਤੇ ਇੱਕ ਦੂਜੇ ਨਾਲ ਟਕਰਾਵੇਂ ਸਾਂ। ਇਹਨਾਂ ਅਰਥਾਂ ਵਿੱਚ ਉਹਨਾਂ ਦੇ ਗੁਣ ਦਾ ਸਿਰਫ ਇੱਕੋ ਪੱਖ ਸੀ, ਦੋ ਨਹੀਂ। ਅੰਤਿਮ ਨਿਰਣੇ ਦੇ ਤੌਰ 'ਤੇ ਸਾਮਰਾਜੀ ਅਤੇ ਸਰਮਾਏਦਾਰਾ ਪ੍ਰਬੰਧਾਂ ਬਾਰੇ ਵੀ ਇਹ ਗੱਲ ਸਹੀ ਹੈ, ਜਿਹਨਾਂ ਦੀ ਥਾਂ ਸਮਾਜਵਾਦੀ ਪ੍ਰਬੰਧ ਨੇ ਲੈਣੀ ਹੀ ਲੈਣੀ ਹੈ। ਵਿਚਾਰਧਾਰਾ ਉੱਤੇ ਵੀ ਇਹੋ ਗੱਲ ਲਾਗੂ ਹੁੰਦੀ ਹੈ, ਵਿਚਾਰਵਾਦ ਦੀ ਥਾਂ ਪਦਾਰਥਵਾਦ ਨੇ ਲੈਣੀ ਹੈ ਅਤੇ ਆਸਤਕਤਾ ਦੀ ਥਾਂ ਨਾਸਤਿਕਤਾ ਨੇ। ਇੱਥੇ ਅਸੀਂ ਯੁੱਧਨੀਤਕ ਉਦੇਸ਼ ਦੀ ਗੱਲ ਕਰ ਰਹੇ ਹਾਂ। ਪਰ ਦਾਅਪੇਚਕ ਪੜਾਵਾਂ ਬਾਰੇ ਮਾਮਲਾ ਵੱਖਰਾ ਹੈ, ਜਿੱਥੇ ਸਮਝੌਤੇ ਕੀਤੇ ਜਾ ਸਕਦੇ ਹਨ। ਕੀ ਅਸੀਂ ਕੋਰੀਆ ਵਿੱਚ ਅਮਰੀਕਨਾਂ ਨਾਲ 38ਵੀਂ ਸਮਾਨਾਂਤਰ ਉੱਤੇ ਸਮਝੌਤਾ ਨਹੀਂ ਕੀਤਾ? ਕੀ ਵੀਅਤਨਾਮ ਵਿੱਚ ਫਰਾਂਸ ਨਾਲ ਸਮਝੌਤਾ ਨਹੀਂ ਸੀ ਹੋਇਆ? 
ਸਾਨੂੰ ਹਰ ਦਾਅਪੇਚਕ ਪੜਾਅ ਉੱਤੇ ਸਮਝੌਤੇ ਕਰਨ ਅਤੇ ਘੋਲ ਕਰਨ ਵਿੱਚ ਯੋਗ ਹੋਣਾ ਜ਼ੂਰਰੀ ਹੈ। ਹੁਣ, ਆਓ ਕਾਮਰੇਡਾਂ ਵਿਚਕਾਰ ਸਬੰਧਾਂ ਵੱਲ ਮੁੜੀਏ। ਮੇਰਾ ਸੁਝਾਅ ਹੈ ਕਿ ਜਿੱਥੇ ਕਾਮਰੇਡਾਂ ਵਿੱਚ ਕੁਝ ਗਲਤ ਫਹਿਮੀਆਂ ਹੋਣ, ਉਹਨਾਂ ਵੱਲੋਂ ਆਪਸ ਵਿੱਚ ਗੱਲਬਾਤ ਹੋਣੀ ਚਾਹੀਦੀ ਹੈ। ਕਈ ਇਉਂ ਸੋਚਦੇ ਲੱਗਦੇ ਹਨ ਕਿ ਇੱਕ ਵਾਰੀ ਕਮਿਊਨਿਸਟ ਪਾਰਟੀ ਵਿੱਚ ਆਉਣ ਨਾਲ ਲੋਕ ਪੂਰੀ ਤਰ੍ਹਾਂ ਸੰਤ ਬਣ ਜਾਂਦੇ ਹਨ, ਕੋਈ ਮੱਤਭੇਦ ਜਾਂ ਗਲਤ-ਫਹਿਮੀਆਂ ਨਹੀਂ ਰਹਿੰਦੀਆਂ ਅਤੇ ਇਹ ਕਿ ਪਾਰਟੀ ਦੀ ਛਾਣ-ਬੀਣ ਨਹੀਂ ਕੀਤੀ ਜਾਂਦੀ, ਕਹਿਣ ਦਾ ਮਤਲਬ ਇਹ ਹੈ ਕਿ ਪਾਰਟੀ ਇੱਕ-ਪਰਤੀ ਅਤੇ ਇੱਕਸਾਰ ਹੁੰਦੀ ਹੈ, ਇਸ ਲਈ ਗੱਲਬਾਤ ਦੀ ਕੋਈ ਲੋੜ ਨਹੀਂ ਹੈ। ਇਉਂ ਲੱਗਦਾ ਹੈ ਕਿ ਲੋਕ, ਜਦੋਂ ਇੱਕ ਵਾਰੀ ਪਾਰਟੀ ਵਿੱਚ ਆ ਗਏ, ਉਹਨਾਂ ਨੂੰ ਸੌ ਫੀਸਦੀ ਮਾਰਕਸਵਾਦੀ ਬਣਨਾ ਪੈਂਦਾ ਹੈ। ਅਸਲ ਵਿੱਚ ਹਰ ਦਰਜ਼ੇ ਦੇ ਮਾਰਕਸਵਾਦੀ ਹੁੰਦੇ ਹਨ, ਉਹ ਜਿਹੜੇ 100 ਫੀਸਦੀ, 90, 80, 70, 60 ਜਾਂ 50 ਫੀਸਦੀ ਮਾਰਕਸਵਾਦੀ ਹੁੰਦੇ ਹਨ ਅਤੇ ਕੁੱਝ ਉਹ ਜਿਹੜੇ 10 ਜਾਂ 20 ਫੀਸਦੀ ਮਾਰਕਸਵਾਦੀ ਹੁੰਦੇ ਹਨ। ਕੀ ਸਾਡੇ ਵਿੱਚੋਂ ਦੋ ਜਾਂ ਵੱਧ ਜਣੇ ਇਕੱਠੇ ਹੋ ਕੇ ਇੱਕ ਛੋਟੇ ਕਮਰੇ ਵਿੱਚ ਗੱਲਬਾਤ ਨਹੀਂ ਕਰ ਸਕਦੇ? ਕੀ ਅਸੀਂ ਏਕਤਾ ਦੀ ਇੱਛਾ ਤੋਂ ਤੁਰਕੇ ਇੱਕ ਦੂਜੇ ਦੀ ਸਹਾਇਤਾ ਕਰਨ ਦੀ ਭਾਵਨਾ ਨਾਲ ਗੱਲਬਾਤ ਨਹੀਂ ਕਰ ਸਕਦੇ? ਬਿਨਾ ਸ਼ੱਕ ਮੈਂ ਕਮਿਊਨਿਸਟ ਸਫਾਂ ਵਿਚਕਾਰ ਗੱਲਬਾਤ ਦਾ ਜ਼ਿਕਰ ਕਰ ਰਿਹਾ ਹਾਂ, ਸਾਮਰਾਜੀਆਂ ਨਾਲ ਨਹੀਂ (ਭਾਵੇਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ) ਮੈਨੂੰ ਇੱਕ ਉਦਾਹਰਨ ਦੇਣ ਦਿਓ। ਕੀ ਅਸੀਂ ਇਸ ਮੌਕੇ 12 ਦੇਸ਼ ਗੱਲਬਾਤ ਨਹੀਂ ਕਰ ਰਹੇ? ਕੀ 60 ਤੋਂ ਵੱਧ ਪਾਰਟੀਆਂ ਵੀ ਗੱਲਬਾਤ ਨਹੀਂ ਕਰ ਰਹੀਆਂ? ਅਸਲ ਵਿੱਚ ਉਹ ਗੱਲਬਾਤ ਕਰ ਰਹੀਆਂ ਹਨ। ਦੂਜੇ ਸ਼ਬਦਾਂ ਵਿੱਚ ਜੇ ਮਾਰਕਸਵਾਦ-ਲੈਨਿਨਵਾਦ ਦੇ ਅਸੂਲਾਂ ਦਾ ਕੋਈ ਹਰਜਾ ਨਾ ਹੁੰਦਾ ਹੋਵੇ ਅਸੀਂ ਦੂਜਿਆਂ ਦੇ ਕੁੱਝ ਅਜਿਹੇ ਵਿਚਾਰਾਂ ਨੂੰ ਪ੍ਰਵਾਨ ਕਰਦੇ ਹਾਂ ਜੋ ਪ੍ਰਵਾਨ ਕਰਨਯੋਗ ਹੋਣ ਅਤੇ ਆਪਣੇ ਕੁੱਝ ਅਜਿਹੇ ਵਿਚਾਰਾਂ ਨੂੰ ਤਿਆਗਦੇ ਹਾਂ, ਜੋ ਤਿਆਗਣ ਯੋਗ ਹੋਣ। ਇਸ ਤਰ੍ਹਾਂ ਅਸੀਂ ਕਿਸੇ ਅਜਿਹੇ ਕਾਮਰੇਡ ਨਾਲ ਜਿਸਨੇ, ਗਲਤੀਆਂ ਕੀਤੀਆਂ ਹੋਣ ਨਜਿੱਠਣ ਵੇਲੇ ਦੋ ਹੱਥ ਰੱਖਦੇ ਹਾਂ। ਇੱਕ ਹੱਥ ਉਸ ਨਾਲ ਘੋਲ ਕਰਨ ਲਈ ਅਤੇ ਦੂਜਾ ਉਸ ਨਾਲ ਏਕਤਾ ਕਰਨ ਲਈ। ਘੋਲ ਦਾ ਨਿਸ਼ਾਨਾ ਮਾਰਕਸਵਾਦ ਦੇ ਅਸੂਲਾਂ ਦੀ ਰਾਖੀ ਕਰਨਾ ਹੈ, ਜਿਸਦਾ ਮਤਲਬ ਅਸੂਲ-ਪ੍ਰਸਤ ਹੋਣਾ, ਇਹ ਇੱਕ ਹੱਥ ਹੈ। ਦੂਜਾ ਹੱਥ ਉਸ ਨਾਲ ਏਕਤਾ ਕਰਨ ਲਈ ਹੈ। ਏਕਤਾ ਦਾ ਮਕਸਦ ਉਸਨੂੰ ਰਾਹ ਦੇਣਾ ਹੈ, ਉਸ ਨਾਲ ਸਮਝੌਤਾ ਕਰਨਾ ਹੈ, ਜਿਸਦਾ ਮਤਲਬ ਹੈ ਲਚਕਦਾਰ ਹੋਣਾ। ਅਸੂਲ ਦੀ ਲਚਕ ਨਾਲ ਇੱਕਜੁੱਟਤਾ ਮਾਰਕਸਵਾਦੀ-ਲੈਨਿਨਵਾਦੀ ਅਸੂਲ ਹੈ ਅਤੇ ਇਹ ਵਿਰੋਧੀ ਪੱਖਾਂ ਦੀ ਏਕਤਾ ਹੈ। 
ਹਰ ਕਿਸਮ ਦਾ ਸੰਸਾਰ ਅਤੇ ਬਿਨਾ ਸ਼ੱਕ ਖਾਸ ਤੌਰ 'ਤੇ ਜਮਾਤੀ ਸਮਾਜ ਵਿਰੋਧਤਾਈਆਂ ਨਾਲ ਭਰਿਆ ਪਿਆ ਹੈ। ਕੁੱਝ ਜਣੇ ਕਹਿੰਦੇ ਹਨ ਸਮਾਜਵਾਦੀ ਸਮਾਜ ਵਿੱਚ ਅਜਿਹੀਆਂ ਵਿਰੋਧਤਾਈਆਂ ਹਨ, ਜਿਹੜੀਆਂ ''ਲੱਭਣੀਆਂ'' ਪੈਣੀਆਂ ਹਨ। ਪਰ ਮੇਰਾ ਖਿਆਲ ਹੈ ਕਿ ਇਹ ਪੇਸ਼ਕਾਰੀ ਦਾ ਗਲਤ ਢੰਗ ਹੈ। ਨੁਕਤਾ ਇਹ ਨਹੀਂ ਹੈ ਕਿ ਵਿਰੋਧਾਈਆਂ ਲੱਭਣ ਵਾਲੀਆਂ ਰਹਿੰਦੀਆਂ ਹਨ, ਸਗੋਂ ਇਹ ਹੈ ਕਿ ਇਹ ਵਿਰੋਧਤਾਈਆਂ ਨਾਲ ਭਰਿਆ ਪਿਆ ਹੈ। ਅਜਿਹੀ ਕੋਈ ਥਾਂ ਨਹੀਂ ਜਿੱਥੇ ਵਿਰੋਧਤਾਈਆਂ ਨਾ ਹੋਣ, ਨਾ ਹੀ ਕੋਈ ਅਜਿਹਾ ਬੰਦਾ ਹੈ, ਜਿਸਦੀ ਛਾਣਬੀਣ ਨਾ ਹੋ ਸਕਦੀ ਹੋਵੇ। ਇਹ ਸੋਚਣਾ ਕਿ ਉਸਦੀ (ਛਾਣਬੀਣ) ਨਹੀਂ ਹੋ ਸਕਦੀ, ਅਧਿਆਤਮਵਾਦੀ ਹੋਣਾ ਹੈ। ਤੁਸੀਂ ਦੇਖਦੇ ਹੋ ਕਿ ਇੱਕ ਪ੍ਰਮਾਣੂੰ ਵਿਰੋਧੀ ਪੱਖਾਂ ਦੀ ਏਕਤਾ ਦਾ ਇੱਕ ਗੁੰਝਲਦਾਰ ਜਾਲ ਹੈ। ਇਸ ਵਿੱਚ ਦੋ ਵਿਰੋਧੀ ਪੱਖਾਂ ਦੀ ਏਕਤਾ ਹੈ, ਨਿਊਕਲੀਅਸ ਅਤੇ ਇਲੈਕਟਰੋਨ। ਨਿਊਕਲੀਅਸ ਵਿੱਚ ਫੇਰ ਅੱਗੇ ਵਿਰੋਧੀ ਪੱਖਾਂ ਦੀ ਏਕਤਾ ਹੈ, ਪ੍ਰੋਟੋਨ ਅਤੇ ਨਿਊਟਰੋਨ। ਜੇ ਪ੍ਰੋਟੋਨ ਦੀ ਗੱਲ ਕਰੀਏ ਵਿੱਚ ਪਰੋਟੋਨ ਅਤੇ ਵਿਰੋਧੀ-ਪ੍ਰੋਟੋਨ ਹਨ, ਅਤੇ ਜਿੱਥੋਂ ਤੱਕ ਨਿਊਟਰੋਨ ਦਾ ਸਬੰਧ ਹੈ ਇਸ ਵਿੱਚ ਨਿਊਟਰੋਨ ਅਤੇ ਵਿਰੋਧੀ ਨਿਊਟਰੋਨ ਹਨ। ਸੰਖੇਪ ਵਿੱਚ ਵਿਰੋਧੀ ਪੱਖਾਂ ਦੀ ਏਕਤਾ ਹਰ ਥਾਂ ਮੌਜੂਦ ਹੈ। ਵਿਰੋਧੀ ਪੱਖਾਂ ਦੀ ਏਕਤਾ ਦਾ ਸੰਕਲਪ, ਦਵੰਧਵਾਦ, ਵਿਸ਼ਾਲ ਰੂਪ ਵਿੱਚ ਪ੍ਰਚਾਰਨਾ ਚਾਹੀਦਾ ਹੈ। ਮੇਰਾ ਇਹ ਕਹਿਣਾ ਹੈ ਦਵੰਧਵਾਦ ਨੂੰ ਫਿਲਾਸਫਰਾਂ ਦੇ ਛੋਟੇ ਘੇਰੇ ਵਿੱਚੋਂ ਨਿਕਲ ਕੇ ਲੋਕਾਂ ਦੇ ਵਿਸ਼ਾਲ ਸਮੂਹਾਂ ਵਿੱਚ ਜਾਣਾ ਚਾਹੀਦਾ ਹੈ। ਮੇਰਾ ਇਹ ਸੁਝਾਅ ਹੈ ਕਿ ਇਹ ਸੁਆਲ ਵੱਖ ਵੱਖ ਪਾਰਟੀਆਂ ਦੀਆਂ ਕੇਂਦਰੀ ਕਮੇਟੀਆਂ ਦੀਆਂ ਪਲੈਨਰੀ ਮੀਟਿੰਗਾਂ ਅਤੇ ਸਿਆਸੀ ਬਿਓਰੋ ਦੀਆਂ ਮੀਟਿੰਗਾਂ ਵਿੱਚ ਅਤੇ ਉਹਨਾਂ ਦੀ ਹਰ ਪੱਧਰ ਦੀਆਂ ਪਾਰਟੀ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਬਹਿਸ-ਅਧੀਨ ਆਉਣਾ ਚੀਹਦਾ ਹੈ। ਅਸਲ ਗੱਲ ਇਹ ਹੈ ਕਿ ਸਾਡੀਆਂ ਪਾਰਟੀ ਬਰਾਂਚਾਂ ਦੇ ਸਕੱਤਰ ਦਵੰਧਵਾਦ ਨੂੰ ਸਮਝਦੇ ਹਨ, ਕਿਉਂਕਿ ਜਦੋਂ ਬਰਾਂਚ ਮੀਟਿੰਗਾਂ ਵਾਸਤੇ ਰੋਪਰਟਾਂ ਤਿਆਰ ਕਰਦੇ ਹਨ, ਉਹ ਆਮ ਤੌਰ 'ਤੇ ਆਪਣੀ ਕਾਪੀਆਂ ਵਿੱਚ ਦੋ ਮੱਦਾਂ ਲਿਖਦੇ ਹਨ, ਪਹਿਲੀ ਪ੍ਰਾਪਤੀਆਂ ਦੀ ਅਤੇ ਦੂਜੀ, ਘਾਟਾਂ ਦੀ ਮਦ। ਇੱਕ-ਦੋ ਵਿੱਚ ਵੰਡਿਆ ਜਾਂਦਾ ਹੈ- ਇਹ ਸਰਬਵਿਆਪੀ ਵਰਤਾਰਾ ਹੈ, ਅਤੇ ਇਹ ਦਵੰਧਵਾਦ ਹੈ। 0-0
(ਕਾਮਰੇਡ ਮਾਓ ਵੱਲੋਂ ਨਵੰਬਰ 18, 1957 ਵਿੱਚ ਕਮਿਊਨਿਸਟਾਂ ਅਤੇ ਮਜ਼ਦੂਰਾਂ ਦੀਆਂ ਪਾਰਟੀਆਂ ਦੀ ਮਾਸਕੋ ਮੀਟਿੰਗ ਲਈ ਕੀਤੀ ਤਕਰੀਰ ਦਾ ਇੱਕ ਛਾਂਟਵਾਂ ਹਿੱਸਾ- ਚੋਣਵੀਂ ਰਚਨਾ ਗਰੰਥ 5, ਸਫਾ 514)

No comments:

Post a Comment