Sunday, December 7, 2014

ਚੀਨੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਇਨਕਲਾਬੀ ਕਿਸਾਨ ਲਹਿਰ ਨੇ 
ਵਹਿਮਾਂ-ਭਰਮਾਂ, ਅੰਧ-ਵਿਸ਼ਵਾਸ਼ਾਂ ਅਤੇ ਦੇਵੀ-ਦੇਵਤਿਆਂ ਨਾਲ ਕਿਵੇਂ ਨਜਿੱਠਿਆ?

(ਕਾਮਰੇਡ ਮਾਓ ਦੀ ਲਿਖਤ 'ਹੁਨਾਨ ਵਿੱਚ ਕਿਸਾਨ ਲਹਿਰ ਦੀ ਜਾਂਚ-ਪੜਤਾਲ ਬਾਰੇ' ਇੱਕ ਰਿਪੋਰਟ, ਗਰੰਥ ਪਹਿਲਾ, ਸਫਾ 23, ਵਿੱਚੋਂ)
ਚੀਨ ਵਿੱਚ ਇੱਕ ਮਰਦ ਆਮ ਤੌਰ 'ਤੇ ਅਧਿਕਾਰ ਸ਼ਕਤੀਆਂ ਦੇ ਤਿੰਨ ਸਿਸਟਮਾਂ ਦੇ ਗਲਬੇ ਹੇਠ ਹੈ; (1) ਕੌਮੀ, ਸੂਬਾਈ ਅਤੇ ਕਾਊਂਟੀ ਸਰਕਾਰ ਤੋਂ ਲੈ ਕੇ ਸ਼ਹਿਰਾਂ ਦੀ ਸਰਕਾਰ ਤੱਕ ਦਾ ਰਾਜਕੀ ਢਾਂਚਾ (ਸਿਆਸੀ ਅਧਿਕਾਰ ਸ਼ਕਤੀ।) ਚੀਨ ਵਿੱਚ ਸੂਬੇ ਤੋਂ ਹੇਠਲੀ ਰਾਜ-ਪ੍ਰਬੰਧਕੀ ਇਕਾਈ ਨੂੰ ਕਾਊਂਟੀ ਕਿਹਾ ਜਾਂਦਾ ਸੀ; (2) ਪਿਤਾ-ਪੁਰਖੀ ਵੱਡ-ਵਡੇਰਿਆਂ ਦੇ ਕੇਂਦਰੀ ਮੰਦਰ ਅਤੇ ਇਸਦੀਆਂ ਸ਼ਾਖਾਂ ਦੇ ਮੰਦਰਾਂ ਤੋਂ ਲੈਕੇ ਪਰਿਵਾਰ ਦੇ ਮੁਖੀ ਤੱਕ, ਵੰਸ਼ ਸਿਸਟਮ (ਵੰਸ਼ਕੀ ਅਧਿਕਾਰ ਸ਼ਕਤੀ); (3) ਨਰਕ ਦੇ ਰਾਜੇ ਤੋਂ ਲੈ ਕੇ ਸ਼ਹਿਰ ਅਤੇ ਪਿੰਡ ਪੱਧਰ ਦੇ, ਪਤਾਲ ਨਾਲ ਸਬੰਧਤ ਦੇਵਤਿਆਂ ਅਤੇ ਆਕਾਸ਼ ਨਾਲ ਸਬੰਧਤ ਰੂਹਾਂ ਦਾ ਅਗੰਮੀ ਸਿਸਟਮ (ਧਾਰਮਿਕ ਅਧਿਕਾਰ ਸ਼ਕਤੀ) ਜਿੱਥੋਂ ਤੱਕ ਇਸਤਰੀਆਂ ਦਾ ਸਬੰਧ ਹੈ, ਇਹਨਾਂ ਤਿੰਨ ਕਿਸਮ ਦੀਆਂ ਅਧਿਕਾਰ ਸ਼ਕਤੀਆਂ ਦੇ ਸਿਸਟਮਾਂ ਤੋਂ ਇਲਾਵਾ ਉਹ ਮਰਦਾਂ ਦੇ ਗਲਬੇ ਹੇਠ ਵੀ ਹਨ (ਪਤੀ ਦੀ ਅਧਿਕਾਰ ਸ਼ਕਤੀ)। ਇਹ ਚਾਰ ਅਧਿਕਾਰ ਸ਼ਕਤੀਆਂ ਸਮੁੱਚੇ ਜਾਗੀਰੂ-ਪਿਤਾ ਪ੍ਰਧਾਨ ਸਿਸਟਮ ਅਤੇ ਵਿਚਾਰਧਾਰਾ ਦਾ ਮੂਰਤ-ਰੂਪ ਹਨ। ਇਹ ਚੀਨੀ ਲੋਕਾਂ ਖਾਸ ਕਰ ਕਿਸਾਨਾਂ ਨੂੰ ਨੂੜ ਕੇ ਰੱਖਣ ਵਾਲੇ ਚਾਰ ਮੋਟੇ ਸੰਗਲ ਹਨ। ਜਾਗੀਰਦਾਰਾਂ ਦੀ ਸਿਆਸੀ ਅਧਿਕਾਰ-ਸ਼ਕਤੀ, ਅਧਿਕਾਰ-ਸ਼ਕਤੀ ਦੇ ਦੂਜੇ ਸਿਸਟਮਾਂ ਦੀ ਰੀੜ੍ਹ ਦੀ ਹੱਡੀ ਹੈ। ਇਸਦੇ ਉਲਟਾਏ ਜਾਣ ਨਾਲ, ਵੰਸ਼-ਅਧਿਕਾਰ ਸ਼ਕਤੀ, ਧਾਰਮਿਕ ਅਧਿਕਾਰ ਸ਼ਕਤੀ ਅਤੇ ਪਤੀ ਦੀ ਅਧਿਕਾਰ ਸ਼ਕਤੀ, ਡਿਗੂੰ ਡਿਗੂੰ ਕਰਨ ਲੱਗ ਜਾਂਦੀਆਂ ਹਨ। 
ਜਿੱਥੇ ਕਿਸਾਨ ਯੂਨੀਅਨਾਂ ਤਾਕਤਵਰ ਹਨ, ਵੰਸ਼ ਲੀਡਰ ਅਤੇ ਮੰਦਰਾਂ ਦੀਆਂ ਗੋਲਕਾਂ ਦੇ ਪ੍ਰਬੰਧਕ ਵੰਸ਼-ਲੜੀ ਦੇ ਹੇਠਲੇ ਦਰਜ਼ੇ ਨਾਲ ਸਬੰਧਤ ਲੋਕਾਂ 'ਤੇ ਜਬਰ ਨਹੀਂ ਕਰ ਸਕਦੇ। ਹੁਣ ਕੋਈ ਵੀ ਜ਼ੁਲਮੀ ਸਰੀਰਕ ਸਜ਼ਾਵਾਂ ਦੇਣ ਅਤੇ ਮੌਤ ਦੀ ਸਜ਼ਾ ਦੇਣ ਦੀ ਜੁਅਰਤ ਨਹੀਂ ਕਰ ਸਕਦਾ, ਜਿਵੇਂ ਕਿ ਪਹਿਲਾਂ ਪਿਤਾ ਪੁਰਖੀ ਵੱਡ-ਵਡੇਰਿਆਂ ਦੇ ਮੰਦਰਾਂ ਵਿੱਚ ਕੋਰੜੇ ਮਾਰਨ, ਜਿਉਂਦਿਆਂ ਨੂੰ ਡੁਬੋ ਦੇਣ ਜਾਂ ਦਫਨਾ ਦੇਣ ਵਰਗੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਵੱਡ-ਵਡੇਰਿਆਂ ਦੇ ਮੰਦਰਾਂ ਵਿੱਚ ਹੋਣ ਵਾਲੀਆਂ ਦਾਅਵਤਾਂ ਵਿੱਚ ਇਸਤਰੀਆਂ ਅਤੇ ਗਰੀਬਾਂ ਲਈ ਮਨਾਹੀ ਦਾ ਪੁਰਾਣਾ ਨਿਯਮ ਵੀ ਤੋੜ ਦਿੱਤਾ ਗਿਆ ਹੈ। 
ਹੈਂਗਸੈਨ ਕਾਊਂਟੀ ਵਿੱਚ ਪੈਕਿਊ ਨਾਮ ਦੇ ਸਥਾਨ ਉੱਤੇ ਇਸਤਰੀਆਂ ਨੇ ਇੱਕ ਤਕੜਾ ਇਕੱਠ ਕਰਕੇ ਆਪਣੇ ਵੱਡ-ਵਡੇਰਿਆਂ ਦੇ ਮੰਦਰ ਉੱਤੇ ਧਾਵਾ ਬੋਲ ਦਿੱਤਾ। ਜਚ ਕੇ ਬੈਠ ਗਈਆਂ ਅਤੇ ਖਾਣ-ਪੀਣ ਵਿੱਚ ਸ਼ਾਮਲ ਹੋ ਗਈਆਂ। ਜਦੋਂ ਕਿ ਡਰਦੇ ਵੰਸ਼-ਚੌਧਰੀਆਂ ਨੂੰ ਉਹਨਾਂ ਨੂੰ ਮਨ-ਮਰਜ਼ੀ ਕਰ ਲੈਣ ਦੇਣ ਲਈ ਮਜਬੂਰ ਹੋਣਾ ਪਿਆ। ਇੱਕ ਹੋਰ ਸਥਾਨ ਉੱਤੇ ਜਿੱਥੇ ਮੰਦਰ ਵਿੱਚ ਹੋਣ ਵਾਲੀਆਂ ਦਾਅਵਤਾਂ ਵਿੱਚੋਂ ਗਰੀਬ ਕਿਸਾਨਾਂ ਨੂੰ ਬਾਹਰ ਰੱਖਿਆ ਜਾਂਦਾ ਸੀ, ਕਿਸਾਨਾਂ ਦਾ ਗੁਫਲਾ ਅੰਦਰ ਜਾ ਵੜਿਆ ਅਤੇ ਐਨ ਰੱਜ ਕੇ ਖਾਧਾ-ਪੀਤਾ। ਸਥਾਨਕ ਜ਼ਾਲਮ, ਬੁਰੇ ਸ਼ਰੀਫਜ਼ਾਦੇ ਅਤੇ ਲੰਮੇ ਚੋਲਿਆਂ ਵਾਲੇ ਭਲੇਮਾਣਸ ਡਰਦੇ ਮਾਰੇ ਪੱਤੇ-ਲੀਹ ਹੋ ਗਏ। 
ਕਿਸਾਨ ਲਹਿਰ ਦੀ ਤਰੱਕੀ ਹੁੰਦਿਆਂ ਹੀ ਹਰ ਥਾਂ ਥਾਰਮਿਕ ਅਧਿਕਾਰ ਸ਼ਕਤੀ ਡਿਗੂੰ ਡਿਗੂੰ ਕਰਨ ਲੱਗ ਜਾਂਦੀ ਹੈ। ਕਈ ਥਾਵਾਂ ਉੱਤੇ ਕਿਸਾਨ ਯੂਨੀਅਨਾਂ ਨੇ ਮੰਦਰਾਂ ਉੱਤੇ ਕਬਜ਼ੇ ਕਰਕੇ ਉਥੇ ਆਪਣੇ ਦਫਤਰ ਬਣਾ ਲਏ ਹਨ। ਹਰ ਥਾਂ ਇਹ ਯੂਨੀਅਨਾਂ ਕਿਸਾਨਾਂ ਦੇ ਸਕੂਲ ਸ਼ੁਰੂ ਕਰਨ ਲਈ ਅਤੇ ਆਪਣੇ ਖਰਚੇ ਚਲਾਉਣ ਲਈ ਮੰਦਰਾਂ ਦੀ ਜਾਇਦਾਦ ਨੂੰ ਕੁਰਕ ਕਰ ਲੈਣ ਲਈ ਕਹਿੰਦੀਆਂ ਹਨ। ਇਸ ਨੂੰ ਉਹ 'ਵਹਿਮਾਂ-ਭਰਮਾਂ ਕੋਲੋਂ ਜਨਤਕ ਮਾਲੀਆ'' ਵਸੂਲ ਕਰਨਾ ਕਹਿੰਦੀਆਂ ਹਨ। ਲਿਲਿੰਗ ਕਾਊਂਟੀ ਵਿੱਚ ਵਹਿਮ-ਭਰਮਾਂ ਦੀਆਂ ਰਸਮਾਂ ਉੱਤੇ ਪਾਬੰਦੀ ਲਾਉਣ ਅਤੇ ਮੂਰਤੀਆਂ ਨੂੰ ਤੋੜਨ-ਭੰਨਣ ਦਾ ਰਿਵਾਜ ਹੀ ਬਣ ਗਿਆ ਹੈ। 
ਉੱਤਰੀ ਸੂਬਿਆਂ ਵਿੱਚ ਕਿਸਾਨ ਯੂਨੀਅਨਾਂ ਨੇ ਮਹਾਂਮਾਰੀ ਦੇ ਦੇਵਤੇ ਨੂੰ ਨਿਹਾਲ ਕਰਨ ਲਈ ਕੱਢੇ ਜਾਂਦੇ ਧੂਪ-ਧੁਖਾਊ ਜਲੂਸਾਂ ਉੱਤੇ ਪਾਬੰਦੀ ਲਾ ਦਿੱਤੀ ਹੈ। ਲੂਕਾਓ ਵਿੱਚ ਫਿਊਪੋਲਿੰਗ ਦੇ ਸਥਾਨ ਉੱਤੇ ਤਾਓ ਦੇ ਮੰਦਰ ਵਿੱਚ ਬਹੁਤ ਸਾਰੀਆਂ ਮੂਰਤੀਆਂ ਸਨ ਪਰ ਜਦੋਂ ਕੌਮਿਨਤਾਂਗ ਦੇ ਜ਼ਿਲ੍ਹਾ ਹੈੱਡਕੁਆਟਰ ਲਈ ਇੱਕ ਹੋਰ ਕਮਰੇ ਦੀ ਲੋੜ ਪਈ, ਇਹਨਾਂ ਸਾਰੀਆਂ ਛੋਟੀਆਂ-ਵੱਡੀਆਂ ਮੂਰਤੀਆਂ ਨੂੰ ਇਕੱਠਾ ਕਰਕੇ ਇੱਕ ਖੂੰਜੇ ਵਿੱਚ ਢੇਰੀ ਲਾ ਦਿੱਤੀ ਗਈ ਅਤੇ ਕਿਸੇ ਕਿਸਾਨ ਨੇ ਕੋਈ ਇਤਰਾਜ਼ ਨਹੀਂ ਕੀਤਾ (ਕੌਮਿਨਤਾਂਗ ਪਾਰਟੀ, ਇੱਕ ਅਰਸੇ ਤੱਕ ਜਦੋਂ ਸੁਨਯੱਤ ਸੇਨ ਦੀ ਅਗਵਾਈ ਹੇਠ ਸੀ, ਅਗਾਂਹਵਧੂ ਰੋਲ ਅਦਾ ਕਰ ਰਹੀ ਸੀ, ਚੀਨੀ ਕਮਿਊਨਿਸਟ ਪਾਰਟੀ ਅਤੇ ਸੋਵੀਅਤ ਯੂਨੀਅਨ ਨਾਲ ਭਰਾਤਰੀ ਸਬੰਧਾਂ ਦੀ ਵਕਾਲਤ ਕਰਦੀ ਸੀ। ਬਾਅਦ ਵਿੱਚ ਜਦੋਂ ਚਿਆਂਗ ਕਾਈ ਸ਼ੈੱਕ ਨੇ ਇਸਦੀ ਲੀਡਰਸ਼ਿੱਪ ਹਥਿਆ ਲਈ ਇਹ ਇੱਕ ਉਲਟ ਇਨਕਲਾਬੀ ਪਾਰਟੀ ਵਿੱਚ ਬਦਲ ਗਈ- ਅਨੁਵਾਦਕ) ਉਸ ਵੇਲੇ ਤੋਂ ਲੈ ਕੇ ਪਰਿਵਾਰ ਵਿੱਚ ਮੌਤ ਹੋਣ ਵੇਲੇ, ਬਹੁਤ ਹੀ ਕਦੇ-ਕਦਾਈਂ ਦੇਵਤਿਆਂ ਨੂੰ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਹਨ, ਧਾਰਮਿਕ ਰਸਮਾਂ ਕੀਤੀਆਂ ਜਾਂਦੀਆਂ ਹਨ ਅਤੇ ਪਵਿੱਤਰ ਜੋਤਾਂ ਜਗਾਈਆਂ ਜਾਂਦੀਆਂ ਹਨ। ਕਿਉਂਕਿ ਇਹਨਾਂ ਗੱਲਾਂ ਵਾਸਤੇ ਕਿਸਾਨ ਯੂਨੀਅਨ ਦਾ ਚੇਅਰਮੈਨ ਸਨ ਸੀਓ-ਸ਼ਾਨ ਪਹਿਲਕਦਮੀ ਕਰਦਾ ਹੁੰਦਾ ਸੀ। ਹੁਣ ਸਥਾਨਕ ਤਾਓ ਪੁਜਾਰੀ ਉਸਨੂੰ ਨਫਰਤ ਕਰਦੇ ਹਨ। 
ਉੱਤਰੀ ਤੀਜੇ ਜ਼ਿਲ੍ਹੇ ਵਿੱਚ ਲੁੰਗਫੈਂਗ ਦੇ ਸਥਾਨ 'ਤੇ ਸਾਧਣੀਆਂ ਦੇ ਆਸ਼ਰਮ ਵਿੱਚ ਕਿਸਾਨਾਂ ਨੇ ਅਤੇ ਪ੍ਰਾਇਮਰੀ ਸਕੂਲ ਦੇ ਮਾਸਟਰਾਂ ਨੇ ਲੱਕੜ ਦੀਆਂ ਮੂਰਤੀਆਂ ਨੂੰ ਵੱਢ-ਟੁੱਕ ਦਿੱਤਾ ਅਤੇ ਉਹਨਾਂ ਨੇ ਅਸਲ ਵਿੱਚ ਇਸ ਲੱਕੜ ਨੂੰ ਮੀਟ ਰਿੰਨ੍ਹਣ ਵਾਸਤੇ ਵਰਤ ਲਿਆ। ਦੱਖਣੀ ਜ਼ਿਲ੍ਹੇ ਵਿੱਚ ਤੁੰਗਫੂ ਦੇ ਸਾਦੂ-ਆਸ਼ਰਮ ਵਿੱਚ, ਵਿਦਿਆਰਥੀਆਂ ਤੇ ਕਿਸਾਨਾਂ ਨੇ ਇਕੱਠੇ ਹੋ ਕੇ 30 ਤੋਂ ਵੱਧ ਮੂਰਤੀਆਂ ਮਚਾ ਦਿੱਤੀਆਂ। ਸਿਰਫ ਭਗਵਾਨ ਪਾਓ ਦੀਆਂ ਦੋ ਚੋਟੀਆਂ ਤਸਵੀਰਾਂ ਇੱਕ ਬੁੱਢੇ ਕਿਸਾਨ ਨੇ ਇਹ ਕਹਿੰਦਿਆਂ ਖੋਹ ਲਈਆਂ, ''ਪਾਪ ਨਾ ਕਰੋ।''
ਜਿੱਥੇ ਕਿਸਾਨ ਯੂਨੀਅਨਾਂ ਦੀ ਤਾਕਤ ਭਾਰੂ ਹੈ, ਉੱਥੇ ਸਿਰਫ ਬੁੱਢੇ ਕਿਸਾਨ ਅਤੇ ਇਸਤਰੀਆਂ ਦੇਵਤਿਆਂ ਵਿੱਚ ਵਿਸ਼ਵਾਸ਼ ਰੱਖਦੇ ਹਨ। ਨੌਜਵਾਨ ਕਿਸਾਨ ਹੁਣ ਇਉਂ ਨਹੀਂ ਕਰਦੇ। ਯੂਨੀਅਨਾਂ ਉੱਤੇ ਨੌਜਵਾਨਾਂ ਦਾ ਕੰਟਰੋਲ ਹੋਣ ਵੇਲੇ ਤੋਂ ਲੈ ਕੇ ਧਾਰਮਿਕ ਅਧਿਕਾਰ-ਸ਼ਕਤੀ ਨੂੰ ਉਲਟਾਉਣ ਅਤੇ ਵਹਿਮਾਂ-ਭਰਮਾਂ ਨੂੰ ਖਤਮ ਕਰਨ ਦਾ ਕੰਮ ਹਰ ਥਾਂ ਚੱਲ ਰਿਹਾ ਹੈ। 
ਤਾਂ ਵੀ, ਇਸ ਵੇਲੇ ਕਿਸਾਨ, ਜਾਗੀਰਦਾਰਾਂ ਦੀ ਸਿਆਸੀ ਅਧਿਕਾਰ-ਸ਼ਕਤੀ ਨੂੰ ਤਬਾਹ ਕਰਨ ਉੱਤੇ ਆਪਣਾ ਤਾਣ ਕੇਂਦਰਤ ਕਰ ਰਹੇ ਹਨ। ਜਿੱਥੇ ਜਿੱਥੇ ਇਹ ਅਧਿਕਾਰ ਸ਼ਕਤੀ ਪੂਰੀ ਤਰ੍ਹਾਂ ਤਬਾਹ ਕੀਤੀ ਜਾ ਚੁੱਕੀ ਹੈ, ਉਹ ਵੰਸ਼, ਦੇਵਤਿਆਂ ਅਤੇ ਮਰਦਾਵੇਂ ਗਲਬੇ ਦੇ ਦੂਜੇ ਤਿੰਨ ਖੇਤਰਾਂ ਵਿੱਚ ਆਪਣੇ ਹਮਲੇ ਦੀ ਦਾਬ ਵਧਾ ਰਹੇ ਹਨ। ਪਰ ਇਹ ਹਮਲੇ ਅਜੇ ਸ਼ੁਰੂ ਹੀ ਹੋਏ ਹਨ। ਅਤੇ ਜਿੰਨਾ ਚਿਰ ਕਿਸਾਨ ਆਰਥਿਕ ਘੋਲਾਂ ਵਿੱਚ ਮੁਕੰਮਲ ਜਿੱਤ ਹਾਸਲ ਨਹੀਂ ਕਰ ਲੈਂਦੇ ਓਨਾ ਚਿਰ ਇਹਨਾਂ ਸਾਰੀਆਂ, ਤਿੰਨਾਂ ਅਧਿਕਾਰ ਸ਼ਕਤੀਆਂ ਨੂੰ ਮੁਕੰਮਲ ਤੌਰ 'ਤੇ ਉਲਟਾਇਆ ਨਹੀਂ ਜਾ ਸਕਦਾ। ਇਸ ਲਈ ਸਾਡਾ ਇਸ ਵੇਲੇ ਦਾ ਕਾਰਜ, ਸਿਆਸੀ ਘੋਲਾਂ ਵਿੱਚ ਆਪਣੀਆਂ ਸਭ ਤੋਂ ਵੱਧ ਕੋਸ਼ਿਸ਼ਾਂ ਜੁਟਾਉਣ ਵਾਸਤੇ ਕਿਸਾਨਾਂ ਦੀ ਅਗਵਾਈ ਕਰਨਾ ਹੈ, ਤਾਂ ਜੋ ਜਾਗੀਰਦਾਰਾਂ ਦੀ ਅਧਿਕਾਰ ਸ਼ਕਤੀ ਨੂੰ ਮੁਕੰਮਲ ਤੌਰ 'ਤੇ ਉਲਟਾਇਆ ਜਾ ਸਕੇ। ਇਸ ਤੋਂ ਤੁਰੰਤ ਮਗਰੋਂ ਆਰਥਿਕ ਘੋਲ ਵੀ ਚੱਲਣੇ ਚਾਹੀਦੇ ਹਨ ਤਾਂ ਜੋ ਗਰੀਬ ਕਿਸਾਨਾਂ ਦੀ ਜ਼ਮੀਨੀ ਸਮੱਸਿਆ ਅਤੇ ਦੂਜੀਆਂ ਆਰਥਿਕ ਸਮੱਸਿਆਵਾਂ ਨੂੰ ਬੁਨਿਆਦੀ ਤੌਰ 'ਤੇ ਹੱਲ ਕੀਤਾ ਜਾ ਸਕੇ। ਜਿੱਥੋਂ ਤੱਕ ਵੰਸ਼-ਸਿਸਟਮ, ਵਹਿਮ-ਭਰਮ ਅਤੇ ਮਰਦਾਂ ਅਤੇ ਇਸਤਰੀਆਂ ਵਿੱਚ ਨਾ-ਬਰਾਬਰੀ ਦਾ ਸਬੰਧ ਹੈ ਸਿਆਸੀ ਅਤੇ ਆਰਥਿਕ ਘੋਲਾਂ ਦੀ ਜਿੱਤ ਦੇ ਸੁਭਾਵਕ ਨਤੀਜੇ ਵਜੋਂ ਹੀ ਇਹਨਾਂ ਦੇ ਖਾਤਮੇ ਦੀ ਵਾਰੀ ਆ ਜਾਵੇਗੀ। ਜੇ ਇਹਨਾਂ ਚੀਜ਼ਾਂ ਦੇ ਖਾਤਮੇ ਲਈ ਮਨਆਏ ਢੰਗ ਨਾਲ, ਅਤੇ ਸਮੇਂ ਤੋਂ ਪਹਿਲਾਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤਾਂ ਸਥਾਨਕ ਜ਼ਾਲਮ ਅਤੇ ਬੁਰੇ-ਸ਼ਰੀਫਜ਼ਾਦੇ ਅਜਿਹਾ ਉਲਟ-ਇਨਕਲਾਬੀ ਪ੍ਰਚਾਰ ਕਰਨ ਦਾ ਬਹਾਨਾ ਲੱਭ ਲੈਣਗੇ, ਜਿਵੇਂ ਕਿ ''ਕਿਸਾਨ ਯੂਨੀਅਨਾਂ ਵੱਡ ਵਡੇਰਿਆਂ ਵਾਸਤੇ ਕੋਈ ਆਸਥਾ ਨਹੀਂ ਰੱਖਦੀਆਂ'' ਅਤੇ ''ਕਿਸਾਨ ਯੂਨੀਅਨਾਂ ਈਸ਼ਵਰ-ਨਿੰਦਕ ਹਨ ਅਤੇ ਧਰਮ ਨੂੰ ਤਬਾਹ ਕਰ ਰਹੀਆਂ ਹਨ'' ਅਤੇ ਕਿਸਾਨ ਯੂਨੀਅਨਾਂ ਪਤਨੀਆਂ ਨੂੰ ਸਾਂਝੀਆਂ ਕਰਨ ਦੇ ਹੱਕ ਵਿੱਚ ਹਨ।'' ਇਹ ਸਾਰਾ ਕੁੱਝ ਉਹ ਕਿਸਾਨ ਯੂਨੀਅਨ ਨੂੰ ਢਾਹ ਲਾਉਣ ਵਾਸਤੇ ਕਰਨਗੇ। ਹੂਨਾਨ ਵਿੱਚ ਸਿਆਂਗ ਸਿਆਂਗ ਵਿਖੇ ਅਤੇ ਹਿਊਪੇਹ ਵਿੱਚ ਯਾਂਗ ਸਿਨ ਵਿਖੇ ਹੁਣੇ ਹੁਣੇ ਵਾਪਰੀਆਂ ਘਟਨਾਵਾਂ ਇਸਦੀਆਂ ਉਦਾਹਰਨਾਂ ਹਨ, ਜਿੱਥੇ ਮੂਰਤੀਆਂ ਤੋੜਨ ਦਾ ਕੁੱਝ ਕਿਸਾਨਾਂ ਵੱਲੋਂ ਕੀਤੇ ਵਿਰੋਧ ਦਾ ਜਾਗੀਰਦਾਰਾਂ ਨੇ ਫਾਇਦਾ ਉਠਾਇਆ। 
ਕਿਸਾਨਾਂ ਨੇ ਆਪ ਹੀ ਮੂਰਤੀਆਂ ਬਣਾਈਆਂ ਹਨ, ਜਦੋਂ ਸਮਾਂ ਆਇਆ ਉਹ ਆਪਣੇ ਹੱਥਾਂ ਨਾਲ ਹੀ ਇਹਨਾਂ ਨੂੰ ਪਾਸੇ ਸੁੱਟ ਦੇਣਗੇ। ਕਿਸੇ ਹੋਰ ਨੂੰ, ਸਮੇਂ ਤੋਂ ਪਹਿਲਾਂ ਉਹਨਾਂ ਲਈ ਇਹ ਕੰਮ ਕਰਨ ਦੀ ਕੋਈ ਲੋੜ ਨਹੀਂ। ਅਜਿਹੇ ਮਾਮਲਿਆਂ ਵਿੱਚ ਕਮਿਊਨਿਸਟ ਪਾਰਟੀ ਦੀ ਪ੍ਰਚਾਰ ਨੀਤੀ ਇਹ ਹੋਣੀ ਚਾਹੀਦੀ ਹੈ, ''ਕਮਾਨ ਦੀ ਰੱਸੀ ਖਿੱਚੋ ਤੀਰ ਨਾ ਚਲਾਓ, ਸਿਰਫ ਹਰਕਤ ਕਰਨ ਦਾ ਸੰਕੇਤ ਦਿਓ।'' ਜਿਵੇਂ ਤੀਰ-ਅੰਦਾਜ਼ੀ ਦਾ ਮਾਹਰ ਉਸਤਾਦ, ਵਿਖਾਵੇ ਖਾਤਰ ਸੁਝਾਊ ਇਸ਼ਾਰੇ ਮਾਤਰ ਕਮਾਨ ਦੀ ਰੱਸੀ ਖਿੱਚਦਾ ਹੈ, ਪਰ ਤੀਰ ਨਹੀਂ ਚਲਾਉਂਦਾ। ਇੱਥੇ ਨੁਕਤਾ ਇਹ ਹੈ ਕਿ ਕਿਸਾਨਾਂ ਵੱਲੋਂ ਪੂਰੀ ਸਿਆਸੀ ਚੇਤਨਾ ਹਾਸਲ ਕਰਨ ਵਿੱਚ ਤਾਂ ਕਮਿਊਨਿਸਟਾਂ ਨੂੰ ਉਹਨਾਂ ਦੀ  ਅਗਵਾਈ ਕਰਨੀ ਚਾਹੀਦੀ ਹੈ ਪਰ ਵਹਿਮਾਂ-ਭਰਮਾਂ ਅਤੇ ਦੂਜੀਆਂ ਬੁਰੀਆਂ ਰਸਮਾਂ ਨੂੰ ਖਤਮ ਕਰਨ ਦੇ ਮਾਮਲੇ ਨੂੰ ਕਿਸਾਨਾਂ ਦੀ ਆਪਣੀ ਪਹਿਲਕਦਮੀ ਉੱਤੇ ਛੱਡਣਾ ਚਾਹੀਦਾ ਹੈ। 

No comments:

Post a Comment