Wednesday, May 10, 2023

ਪਹਿਲਵਾਨ ਕੁੜੀਆਂ ਦੀ ਸੰਘਰਸ਼ ਲਲਕਾਰ...

 ਪਹਿਲਵਾਨ ਕੁੜੀਆਂ ਦੀ ਸੰਘਰਸ਼ ਲਲਕਾਰ...

ਮਰਦਾਵੀਂ ਧੌਂਸ ਤੇ ਉੱਸਰੀ ਸੱਤਾ ਨਾਲ ਲੱਗਿਆ ਮੱਥਾ  

ਪਹਿਲਵਾਨ ਕੁੜੀਆਂ ਦੇ ਸੰਘਰਸ਼ ਨੇ ਮੁਲਕ ਅੰਦਰ ਔਰਤਾਂ ਦੀ ਸਥਿਤੀ ਨੂੰ ਮੁੜ ਤੋਂ ਸਮਾਜ ਸਾਹਮਣੇ ਰੱਖਿਆ ਹੈ। ਇਹ ਪਹਿਲੀ ਵਾਰ ਨਹੀਂ ਹੈ, ਇਹ ਕਈ ਵਾਰ ਵਾਪਰਦਾ ਹੈ ਕਿ ਔਰਤਾਂ ਨਾਲ ਜ਼ੁਲਮਾਂ ਦੀਆਂ ਕੁੱਝ ਘਟਨਾਵਾਂ ਵੱਖ ਵੱਖ ਕਾਰਨਾਂ ਕਰਕੇ ਉੱਭਰਵਾਂ ਮੁੱਦਾ ਬਣ ਜਾਂਦੀਆਂ ਹਨ ਜਦਕਿ ਰੋਜ਼ ਦਾ ਇਹ ਦਸਤੂਰ ਆਮ ਤੌਰ ਤੇ ਬਹੁਤ ਸੁਭਾਵਕ ਜਾਪਦੇ ਵਰਤਾਰੇ ਵਾਂਗ ਚੱਲਦਾ ਰਹਿੰਦਾ ਹੈ। ਔਰਤਾਂ ਦਾ ਜਿਨਸੀ ਸੋਸ਼ਣ, ਬਲਾਤਕਾਰ ਤੇ ਕਈ ਤਰ੍ਹਾਂ ਦੇ ਦੁਰਵਿਹਾਰ ਦੀਆਂ ਰੋਜ਼ਾਨਾਂ ਘਟਨਾਵਾਂ ਸਾਡੇ ਦੇਸ਼ ਦੇ ਸਮਾਜ ਦੀ ਘਿਨਾਉਣੀ ਹਕੀਕਤ ਹਨਇਹ ਹਕੀਕਤ ਕਦੇ ਨਾ ਕਦੇ ਕੋਈ ਰਾਹ ਬਣਾ ਕੇ, ਤਿੱਖੀ ਚੀਕ ਜਾਂ ਗਰਜ਼ ਦੇ ਰੂਪ ਚ ਹੀ ਸਮਾਜ ਨੂੰ ਸੁਣਾਈ ਦਿੰਦੀ ਹੈ। ਉਂਝ ਅਜਿਹੀਆਂ ਬੇਅੰਤ ਚੀਕਾਂ ਤਾਂ ਇਸ ਜਬਰਾਂ ਗਰੱਸੇ, ਵਿਤਕਰਿਆਂ ਭਰਪੂਰ ਤੇ ਨਾ-ਬਰਾਬਰੀ ਵਾਲੇ ਔਰਤ ਵਿਰੋਧੀ ਸਮਾਜ ਅੰਦਰ ਹਰ ਵੇਲੇ ਮੌਜੂਦ ਹਨ ਪਰ ਸਮੂਹਿਕ ਤੌਰ ਤੇ ਸਮਾਜ ਨੂੰ ਕਦੇ ਹੀ ਸੁਣਾਈ ਦਿੰਦੀਆਂ ਹਨ। ਜਾਂ ਤਾਂ ਸਿਰੇ ਦੇ ਜ਼ਾਲਮਾਨਾ ਤਰੀਕਿਆਂ ਦੇ ਖਾਸ ਤਰੀਕੇ ਨਾਲ ਉੱਘੜ ਆਉਣ ਰਾਹੀਂ ਜਾਂ ਫੇਰ ਇਹਨਾਂ ਕੁੜੀਆਂ ਵਾਂਗ ਕਿਸੇ ਪੀੜੜ ਵੱਲੋਂ ਨੰਗੇ ਧੜ ਡਟ ਜਾਣ ਰਾਹੀਂ। ਬਹੁਤ ਵਾਰ ਤਾਂ ਸਮਾਜ ਅੰਦਰ ਜਮਹੂਰੀ ਤੇ ਇਨਸਾਫ਼ ਪਸੰਦ ਲੋਕਾਂ ਦੇ ਹੰਭਲੇ ਹੀ ਸਮਾਜ ਦਾ ਕੁਝ ਨਾ ਕੁਝ ਧਿਆਨ ਦਵਾ ਪਾਉਂਦੇ ਹਨ। ਕਈ ਵੰਨਗੀਆਂ ਦੀ ਗ਼ੈਰ ਬਰਾਬਰੀ ਤੇ ਟਿਕੀ ਜਾਬਰ ਰਾਜ ਸੱਤਾ ਨੂੰ ਇਹ ਕਦੇ ਸੁਣਾਈ ਨਹੀਂ ਦਿੰਦੀਆਂ।

  ਕੁਸ਼ਤੀ ਸੰਘ ਦੇ ਪ੍ਰਧਾਨ ਖਿਲਾਫ਼ ਪਹਿਲਵਾਨ ਕੁੜੀਆਂ ਵੱਲੋਂ ਇਨਸਾਫ਼ ਦੇ ਹੱਕ ਲਈ ਉਠਾਈ ਆਵਾਜ਼ ਨੇ ਦਰਸਾਇਆ ਹੈ ਕਿ ਜੇਕਰ ਮੁਲਕ ਦੀਆਂ ਨਾਮੀ ਖਿਡਾਰਨਾਂ ਨੂੰ ਵੀ ਅਜਿਹੀ ਹਾਲਤ ਚੋਂ ਗੁਜ਼ਰਨਾ ਪੈਂਦਾ ਹੈ ਤਾਂ ਸਮਾਜਿਕ ਤਾਣੇ-ਬਾਣੇ ਦੀ ਹੇਠਲੀ ਕੰਨੀ ਤੇ ਵਿਚਰਨ ਵਾਲੀਆਂ ਔਰਤਾਂ ਲਈ ਹਾਲਤ ਕਿਹੋ ਜਿਹੀ ਹੈ। ਸਾਡੇ ਸਮਾਜ ਚ ਔਰਤਾਂ ਨੂੰ ਘਰਾਂ ਤੋਂ ਲੈ ਕੇ ਕੰਮ ਕਾਜ ਦੀਆਂ ਥਾਵਾਂ ਤੇ ਮਰਦਾਵੇਂ ਦਾਬੇ, ਧੌਂਸ ਤੇ ਜਿਨਸੀ ਹਿੰਸਾ ਦਾ ਵਿਆਪਕ ਸਾਹਮਣਾ ਹੈ। ਇਹ ਜਿੰਨਾ ਕਿਆਸਿਆ ਜਾਵੇ, ਥੋੜ੍ਹਾ ਹੈ। ਕੁੱਝ ਕੁ ਜੁਰਅੱਤਮੰਦ ਔਰਤਾਂ ਇਸ ਖਿਲਾਫ਼ ਆਵਾਜ਼ ਉਠਾ ਲੈਂਦੀਆਂ ਹਨ, ਜਦ ਕਿ ਵੱਡਾ ਹਿੱਸਾ ਏਸੇ ਨੂੰ ਹੋਣੀ ਮੰਨ ਕੇ ਸਭ ਸਹਿਣ ਕਰ ਲੈਣ ਦੀ ਬੇਵਸੀ ਚੋਂ ਗੁਜ਼ਰਦਾ ਹੈ। ਕਿਉਂ ੁਕਿ ਇਸ ਵਰਤਾਰੇ ਖਿਲਾਫ਼ ਆਵਾਜ਼ ਉਠਾਉਣ ਦਾ ਅਮਲ ਉਸ ਹਾਲਤ ਜਿੰਨਾਂ ਹੀ ਪੀੜਦਾਇਕ ਹੁੰਦਾ ਹੈ, ਹਮੇਸ਼ਾ ਲਈ ਸਮਾਜ ਦੀਆਂ ਨਜ਼ਰਾਂ ਗੈਰ-ਸਮਾਜੀਤੇ ਹੋਰ ਪਤਾ ਨਹੀਂ ਕੀ ਕੀ ਹੋ ਜਾਣਾ ਹੁੰਦਾ ਹੈ ਜਾਂ ਸਦਾ ਲਈ ਸਮਾਜ ਦੇ ਸਵਾਲਾਂ ਹੇਠ ਆ ਕੇ ਜ਼ਿੰਦਗੀ ਨੂੰ ਦੁੱਭਰਕਰ ਲੈਣਾ ਹੁੰਦਾ ਹੈ। ਇਸ ਅਗਲੀ ਜ਼ਲਾਲਤ ਤੋਂ ਡਰ ਕੇ ਕੁੜੀਆਂ ਉਸੇ ਨੂੰ ਹੋਣੀ ਮੰਨਣ ਦੀ ਬੇਵਸੀ ਚ ਗਰੱਸੀਆਂ ਰਹਿੰਦੀਆਂ ਹਨ। ਜਿਸ ਢੰਗ ਨਾਲ ਤੇ ਜਿੰਨੀ ਦ੍ਰਿੜਤਾ ਨਾਲ ਪਹਿਲਵਾਨ ਕੁੜੀਆਂ ਨੇ ਇਉਂੁ ਸੰਘਰਸ਼ ਦਾ ਬਿਗਲ ਵਜਾਇਆ ਹੈ, ਇਹ ਔਰਤਾਂ ਤੇ ਜ਼ੁਲਮਾਂ ਖਿਲਾਫ਼ ਸੰਘਰਸ਼ ਕਰਨ ਦੇ ਵਿਚਾਰ ਨੂੰ ਵੱਡਾ ਹੌਂਸਲਾ ਤੇ ਤਕੜਾਈ ਦੇਣ ਵਾਲਾ ਹੈ। ਮਰਦਾਵੇਂ ਦਾਬੇ ਤੇ ਧੌਂਸ ਨੂੰ ਮਾਰੀ ਗਈ ਇਹ ਸੰਘਰਸ਼ ਲਲਕਾਰ, ਜਿਹੜੀ ਇਸ ਰਾਜ ਸੱਤਾ ਦੀਆਂ ਨੀਹਾਂ ਚ ਰਚੀ ਹੋਈ ਹੈ ਤੇ ਜਿਸ ਲਈ ਮੋੜਵੇਂ ਤੌਰ ਤੇ ਰਾਜ ਸੱਤਾ ਢੋਈ ਹੋ ਬਣ ਕੇ ਬਹੁੜਦੀ ਹੈ, ਬਹੁਤ ਮਹੱਤਵਪੂਰਨ ਹੈ। ਇਹ ਮਰਦਾਵੇਂ ਜਗੀਰੂ ਹੰਕਾਰ ਤੇ ਵਿਹਾਰ ਅਤੇ ਗਲਾਇਆ ਗਿਆ ਮੱਥਾ ਹੈ। ਇਸ ਜੁਰਅੱਤ ਨੂੰ ਉਚਿਅੁੰਡਾਗਰਦੀ ਦੀ ਸਿਆਸਤ ਦੇ ਜ਼ੋਰ ਤੇ ਖੜ੍ਹੀ ਸੱਤਾ ਨਾਲ ਲਾਇਆ ਜਾਣਾ ਚਾਹੀਦਾ ਹੈ।

  ਸਮਾਜ ਤੇ ਰਾਜ ਦੀਆਂ ਵੱਖ ਵੱਖ ਪੱਧਰਾਂ ਦੀਆਂ ਸੰਸਥਾਵਾਂ ਚ ਔਰਤਾਂ ਨਾਲ ਇਹ ਵਿਹਾਰ ਵੱਧ-ਘੱਟ ਪੱਧਰਾਂ ਤੇ ਆਮ ਰੂਪ ਚ ਹੀ ਮੌਜੂਦ ਹੈ। ਮਰਦਾਵੀਂ ਧੌਂਸ ਤੇ ਦਾਬੇ ਦਾ ਕਹਿਰ ਤੇ ਜਿਨਸੀ ਸ਼ੋਸ਼ਣ ਰਾਹੀਂ ਇਸ ਦਾ ਕਰੂਰ ਪ੍ਰਗਟਾਵਾ ਮੁਕਾਬਲਤਨ ਬਰਾਬਰੀ ਵਾਲੇ ਜਾਪਦੇ ਵਿਕਸਤ ਖੇਤਰਾਂ ਚ ਵੀ ਉਵੇਂ ਜਿਵੇਂ ਹੀ ਦਿਖਦਾ ਹੈ, ਬੱਸ ਕਈ ਵਾਰ ਸ਼ਕਲ ਬਦਲੀ ਹੀ ਹੁੰਦੀ ਹੈ, ਜਿਨ੍ਹਾਂ ਖੇਤਰਾਂ ਚੋਂ ਵੱਡੀਆਂ ਉਪਲੱਬਧੀਆਂ ਹਾਸਲ ਕਰਨ ਦੀ ਦੌੜ ਜਿਆਦਾ ਤੇਜ਼ ਹੁੰਦੀ ਹੈ , ਉੱਥੇ ਕੁੜੀਆਂ ਲਈ ਹਾਲਤ ਹੋਰ ਵੀ ਜ਼ਿਆਦਾ ਜ਼ਾਲਮ ਹੋ ਕੇ ਟੱਕਰਦੀ ਹੈ। ਖੇਡਾਂ ਦਾ ਖੇਤਰ ਤੇ ਫਿਲਮਾਂ ਦਾ ਖੇਤਰ ਅਜਿਹੇ ਹੀ ਹਨ ਜਿੱਥੇ ਨਾਮੀ ਹਸਤੀਆਂ ਨੂੰ ਵੀ ਅਜਿਹੇ ਮਰਦਾਵੇਂ ਕਹਿਰ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਦਕਿ ਇਹਨਾਂ ਖੇਤਰਾਂ ਚ ਮੁੱਢਲੇ ਪੈਰ ਟਿਕਾਉਣ ਦੀਆਂ ਉਮੀਦਾਂ ਲੈ ਕੇ ਆਉਂਦੀਆਂ ਕੁੜੀਆਂ ਲਈ ਅਜਿਹੇ ਵਿਹਾਰ ਦਾ ਸਾਹਮਣਾ ਪੈਰ ਪੈਰ ਤੇ ਹੁੰਦਾ ਹੈ। ਪਹਿਲਵਾਨ ਕੁੜੀਆਂ ਦੇ ਵਗਦੇ ਹੰਝੂਆਂ ਨੇ ਸਮਾਜ ਨੂੰ ਦਿਖਾਇਆ ਹੈ ਕਿ ਬਾਕੀ ਦੇ ਸਮਾਜ ਵਾਂਗ ਖੇਡਾਂ ਦਾ ਖੇਤਰ ਵੀ ਕੋਈ ਸਿਹਤਮੰਦ ਖੇਤਰ ਨਹੀਂ ਹੈ, ਉਹ ਵੀ ਸਮਾਜ ਦੀਆਂ ਅਜਿਹੀਆਂ ਬਿਮਾਰੀਆਂ ਦੀ ਲਪੇਟ ਵਿੱਚ ਜਕੜਿਆ ਹੋਇਆ ਹੈ।

  ਪਹਿਲਵਾਨ ਕੁੜੀਆਂ ਵੱਲੋਂ ਉਠਾਈ ਗਈ ਇਹ ਆਵਾਜ਼ ਤੇ ਇਹਦੇ ਪ੍ਰਤੀ ਮੋਦੀ ਹਕੂਮਤ ਦਾ ਵਤੀਰਾ, ਇਸ ਜ਼ੁਲਮ ਪ੍ਰਤੀ ਰਾਜ ਦੇ ਰਵੱਈਏ ਦਾ ਸੁਭਾਵਿਕ ਇਜ਼ਹਾਰ ਹੈ ਜਿੱਥੇ ਸਮਾਜਿਕ ਤੌਰ ਤੇ ਦਬਾਏ ਹੋਏ ਹਿੱਸਿਆਂ ਨੂੰ ਇਨਸਾਫ਼ ਦੇ ਹੱਕ ਲਈ ਬਹੁਤ ਹੀ ਕਠਿਨ ਸੰਘਰਸ਼ ਚੋਂ ਗੁਜ਼ਰਨਾ ਪੈਂਦਾ ਹੈ। ਰਾਜਕੀ ਸੰਸਥਾਵਾਂ ਦੀ ਬੇਲਾਗਤਾ ਤੋਂ ਲੈ ਕੇ ਮੋੜਵੇਂ ਕਹਿਰ ਤੱਕ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲਾਂ ਆਮ ਤੌਰ ਤੇ ਅਜਿਹੇ ਮਾਮਲਿਆਂ ਨੂੰ ਦਬਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਪੀੜਤ ਔਰਤਾਂ ਵੱਲੋਂ ਇਨਸਾਫ਼ ਦੇ ਹੱਕ ਲਈ ਡਟਣ ਦੀ ਸੂਰਤ ਚ ਸਬਕ ਸਿਖਾਉਣ ਤੱਕ ਜਾਇਆ ਜਾਂਦਾ ਹੈ। ਇਸ ਹਕੂਮਤ ਤੋਂ ਇਨਸਾਫ਼ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ ਜਿਸਨੇ ਅਜਿਹੇ ਵਿਅਕਤੀ ਨੂੰ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ ਹੋਇਆ ਹੈ, ਜਿਸਦਾ ਅਪਰਾਧਿਕ ਰਿਕਾਰਡ ਹਰ ਸਧਾਰਨ ਵਿਅਕਤੀ ਨੂੰ ਹੈਰਾਨ ਕਰ ਦਿੰਦਾ ਹੈ।

ਖੇਡ ਸੰਸਥਾਵਾਂ ਚਿਰਾਂ ਤੋਂ ਹੀ ਹਾਕਮ ਜਮਾਤੀ ਸਿਆਸਤ ਦਾ ਅਖਾੜਾ ਬਣੀਆਂ ਹੋਈਆਂ ਹਨ ਤੇ ਹਾਕਮ ਜਮਾਤੀ ਸਿਆਸਤਦਾਨ ਸਿੱਧੇ ਤੌਰ ਤੇ  ਹੀ ਇਹਨਾਂ ਤੇ ਕਾਬਜ਼ ਹਨ। ਹਾਕਮ ਜਮਾਤੀ ਸਿਆਸਤ ਦੀਆਂ ਉਹ ਸਾਰੀਆਂ ਅਲਾਮਤਾਂ ਖੇਡ ਸੰਸਥਾਵਾਂ ਚ ਵੀ ਜਾਹਿਰ ਹੁੰਦੀਆਂ ਹਨ। ਇਹ ਪ੍ਰਧਾਨ ਅਜਿਹਾ ਹੀ ਗੁੰਡਾ ਅਨਸਰ ਹੈ ਜਿਹੜਾ ਸਿਆਸਤ ਦੀਆਂ ਪੌੜੀਆਂ ਏਸੇ ਗੁੰਡਾਗਰਦੀ ਦੇ ਜ਼ੋਰ ਚੜਿ੍ਹ੍ਹਆ ਹੈ ਤੇ ਭਾਜਪਾਈ ਹਕੂਮਤ ਦੇ ਪਾਲਤੂ ਅਨਸਰ ਵਜੋਂ ਸਰਗਰਮ ਹੈ। ਅਜਿਹੇ ਵਿਅਕਤੀ ਦਾ ਪ੍ਰਧਾਨ ਬਣਨਾ ਆਪਣੇ ਆਪ ਚ ਹੀ ਖੇਡ ਸੰਸਥਾਵਾਂ ਦੇ ਮਹੌਲ ਨੂੰ ਦਰਸਾਉਦਾ ਹੈ ਤੇ ਖਿਡਾਰੀਆਂ-ਖਿਡਾਰਨਾਂ ਦੀ ਹੋਣੀ ਨੂੰ ਦਿਖਾਉਂੁਦਾ ਹੈ।

  ਸੰਸਾਰ ਖੇਡ ਮੰਚਾਂ ਤੇ ਮੁਲਕ ਦੀ ਨੁਮਾਇੰਦਗੀ ਕਰਨ ਵਾਲੀਆਂ ਤੇ ਮੈਡਲ ਜਿੱਤਣ ਵਾਲੀਆਂ ਕੁੜੀਆਂ ਨੂੰ ਵੀ ਤਿੰਨ ਮਹੀਨੇ ਬਾਅਦ ਦੁਬਾਰਾ ਆ ਕੇ ਜੰਤਰ-ਮੰਤਰ ਧਰਨੇ ਤੇ ਬੈਠਣਾ ਪਿਆ ਹੈ ਤੇ ਹਰ ਉਸੇ ਹੱਥਕੰਡੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਹੜਾ ਵੀ ਸਮਾਜ ਦੇ ਦਬਾਏ ਹਿੱਸਿਆਂ ਨੂੰ ਇਨਸਾਫ਼ ਦੀ ਪ੍ਰਾਪਤੀ ਲਈ ਸੰਘਰਸ਼ ਦੌਰਾਨ ਕਰਨਾ ਪੈਂਦਾ ਹੈ। ਇਹਨਾਂ ਸਭ ਦੁਸ਼ਵਾਰੀਆਂ ਦੇ ਬਾਵਜੂਦ ਅਜਿਹੀਆਂ ਬੇ-ਇਨਸਾਫ਼ੀਆਂ ਖਿਲਾਫ਼ ਹੋਣ ਵਾਲੇ ਸੰਘਰਸ਼ ਹੀ ਕੁੜੀਆਂ ਤੇ ਹੁੰਦੇ ਜਬਰ ਦੇ ਡੂੰਘੇ ਜ਼ਖਮਾਂ ਦੀ ਮੱਲ੍ਹਮ ਬਣਦੇ ਹਨ ਤੇ ਔਰਤਾਂ ਦੀ ਮਾਣ-ਸਨਮਾਨ ਭਰੀ ਜ਼ਿੰਦਗੀ ਗੁਜ਼ਾਰਨ ਦੀਆਂ ਉਮੀਦਾਂ ਨੂੰ ਕਾਇਮ ਰੱਖਦੇ ਹਨ। ਪੀ. ਟੀ. ਊਸ਼ਾ ਦਾ ਭਾਰਤੀ ਸਮਾਜ ਦੀ ਇੱਜ਼ਤ ਦਾ ਫਿਕਰ ਸਥਾਪਤੀ ਦੀ ਉਸੇ ਮਰਦਾਵੀਂ ਸੋਚਣੀ ਦਾ ਹੀ ਹਥਿਆਰ ਹੈ ਜਿਸਦੀ ਵਰਤੋਂ ਇਸ ਜਿਨਸੀ ਸੋਸ਼ਣ ਦੇ ਮਾਮਲਿਆਂ ਨੂੰ ਦਬਾਉਣ ਲਈ ਕੀਤੀ ਜਾਂਦੀ ਹੈ। ਜਿਹੜੀ ਸੋਚ ਸਥਾਪਤੀ ਦੀ ਰਗ ਰਗ ਵਿਚ ਵਸੀ ਹੋਈ ਹੈ ਤੇ ਹਰ ਪੱਧਰ ਦੇ ਅਦਾਰਿਆਂ ਤੇ ਕਾਬਜ਼ ਹੈ। ਇਸ ਅਦਾਰੇ ਦੀ ਮੁਖੀ ਭਾਵੇਂ ਔਰਤ ਹੀ ਕਿਉਂ ਨਾ ਹੋਵੇ, ਉਹਦਾ ਅਮਲ ਇਸ ਔਰਤ ਵਿਰੋਧੀ ਸਮਾਜੀ ਢਾਂਚੇ ਅੰਦਰ ਮਰਦਾਵੀਂ ਧੌਂਸ ਦਾ ਹੀ ਅੰਗ ਹੋ ਨਿੱਬੜਦਾ ਹੈ।

  ਇਸ ਆਵਾਜ਼ ਦਾ ਉੱਠਣਾ ਭਾਰਤੀ ਸਮਾਜ, ਰਾਜ, ਇਸਦੀਆਂ ਸੰਸਥਾਵਾਂ ਤੇ ਸਮਾਜਿਕ ਤਾਣੇ-ਬਾਣੇ ਚ ਔਰਤ ਦੀ ਹਾਲਤ ਨੂੰ ਦੁਨੀਆਂ ਸਾਹਮਣੇ ਪੇਸ਼ ਕਰ  ਰਿਹਾ ਹੈ ਤੇ ਉਸ ਅਖੌਤੀ ਰਾਸ਼ਟਰ ਗੌਰਵ ਨੂੰ ਲੀਰੋ ਲੀਰ ਕਰ ਰਿਹਾ ਹੈ ਜਿਹੜਾ ਔਰਤਾਂ ਨੂੰ ਸਿਰੇ ਦੇ ਜਾਬਰ , ਵਿਤਕਰੇ ਭਰਪੂਰ ਤੇ ਹਿੰਸਕ ਮਹੌਲ ਚ ਜਿਉਣ ਲਈ ਮਜ਼ਬੂਰ ਕਰਦਾ ਹੈ। ਇਹ ਅਖੌਤੀ ਰਾਸ਼ਟਰ ਗੌਰਵ ਔਰਤਾਂ, ਦਲਿਤਾਂ, ਆਦਿਵਾਸੀਆਂ, ਦਬਾਈਆਂ ਕੌਮੀਅਤਾਂ ਤੇ ਸਮਾਜ ਦੇ ਹਾਸ਼ੀਏ ਤੇ ਜਿਉਂੁਦੇ ਕਿਰਤੀ ਲੋਕਾਂ ਦੀਆਂ ਉਮੰਗਾਂ ਨੂੰ ਕੁਚਲ ਕੇ ਹੀ ਉਸਰਦਾ ਹੈ। ਰਾਸ਼ਟਰ ਦਾ ਗੌਰਵ ਸਿਰਫ਼ ਤਮਗਿਆਂ ਨਾਲ ਹੀ ਨਹੀਂ ਬਣਦਾ, ਇਹ ਸਮਾਜਿਕ ਤੇ ਘਰੇਲੂ ਜ਼ਿੰਦਗੀ ਚ ਔਰਤਾਂ ਦੀ ਬਰਾਬਰੀ, ਮਾਣ-ਸਨਮਾਨ ਤੇ ਸੁਰੱਖਿਆ ਮਈ ਮਹੌਲ ਨਾਲ ਬਣਦਾ ਹੈ ਤੇ ਇਹ ਮਹੌਲ ਹੀ ਹੈ ਜਿਹੜਾ ਜ਼ਿੰਦਗੀ ਚ ਮੱਲਾਂ ਮਾਰਨ ਦੀ ਜਾਮਨੀ ਕਰਦਾ ਹੈ। ਇਹ ਅਖੌਤੀ ਰਾਸ਼ਟਰੀ ਗੌਰਵ ਦੇ ਨਾਂ ਦਾ ਮਰਦਾਵਾਂ ਹੰਕਾਰ ਤੇ ਇਹਦਾ ਸਿਖਰਲਾ ਰੁਤਬਾ ਹੀ ਹੈ ਜਿਹੜਾ ਅਨੇਕਾਂ ਕੁੜੀਆਂ ਦੇ ਅਰਮਾਨਾਂ ਨੂੰ ਖਿੜਨ ਤੋਂ ਪਹਿਲਾਂ ਹੀ ਮਸਲ ਦਿੰਦਾ ਹੈਇਹਦੇ ਰਹਿੰਦਿਆਂ ਕਿਹੜੇ ਤਮਗਿਆਂ ਦੀਆਂ ਉਮੀਦਾਂ ਕੀਤੀਆਂ ਜਾਂਦੀਆਂ ਹਨ।

ਇਸ ਸੰਘਰਸ਼ ਨੇ ਭਾਰਤੀ ਜਨਤਾ ਪਾਰਟੀ ਦੀ ਹਕੂਮਤ ਦੇ ਘੋਰ ਪਿਛਾਖੜੀ ਕਿਰਦਾਰ ਦੀ ਹਕੀਕਤ ਨੂੰ ਉਘਾੜਿਆ ਹੈ ਜੋ ਅਜਿਹੇ ਘੋਰ ਅਨਿਆਈੰ ਵਰਤਾਰੇ ਨੂੰ ਦਬਾਉਣ ਚ ਮਸ਼ਰੂਫ ਹੈ ਤੇ ਹਰ ਪੱਧਰ ਤੇ ਜਾ ਕੇ ਆਪਣੇ ਪਾਲਤੂ ਗੰੁਡਾ ਅਨਸਰਾਂ ਦੀ ਢੋਈ ਬਣ ਰਹੀ ਹੈ। ਭਾਰਤੀ ਜਨਤਾ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦੇ ਜਮਹੂਰੀ ਸਰੋਕਾਰਾਂ ਨੂੰ ਦਰੜ ਦੇਣ ਦੀ ਵਿਸ਼ੇਸ਼ ਤਾਕਤ ਆਪਣੀਆਂ ਪਿਛਾਖੜੀ ਲਾਮਬੰਦੀਆਂ ਤੋਂ ਹਾਸਲ ਹੁੰਦੀ ਹੈ, ਘੋਰ ਪਿਛਾਖੜੀ ਸੰਸਕਾਰਾਂ ਚ ਗ੍ਰਸੇ ਵੋਟ ਬੈਂਕ ਦੀ ਹਾਸਲ ਸਹੂਲਤ ਉਸਨੂੰ ਹਰ ਹੱਕੀ ਆਵਾਜ਼ ਨੂੰ ਬੇ-ਪ੍ਰਵਾਹ ਹੋ ਕੇ ਦਬਾਉਣ ਦਾ ਭਰੋਸਾ ਦਿੰਦੀ ਹੈ।

 ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਗਿਰਫਤਾਰ ਕਰਨ, ਅਹੁਦੇ ਤੋਂ ਫੌਰੀ ਬਰਖਾਸਤ ਕਰਨ ਤੇ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਲਈ ਇਹ ਸੰਘਰਸ਼ ਸਭਨਾਂ ਜਮਹੂਰੀ ਤੇ ਇਨਸਾਫ਼ ਪਸੰਦ ਲੋਕਾਂ ਦੀ ਹਮਾਇਤ ਦਾ ਹੱਕਦਾਰ ਹੈ। ਨਾਲ ਹੀ ਇਸ ਸੰਘਰਸ਼ ਦਾ ਮੌਕਾ ਸਮਾਜ ਅੰਦਰ ਔਰਤਾਂ ਨੂੰ ਵਸਤੂ ਸਮਝੇ ਜਾਣ ਦੇ ਘੋਰ ਪਿਛਾਖੜੀ ਸੱਭਿਆਚਾਰਕ ਸੰਸਕਾਰਾਂ ਖਿਲਾਫ਼ ਤੇ ਇਸਦੀ ਪਾਲਣਾ-ਪੋਸਣਾ ਕਰਨ ਵਾਲੇ ਰਾਜਕੀ ਢਾਂਚੇ ਖਿਲਾਫ਼ ਰੋਸ ਦੀ ਧਾਰ ਨੂੰ ਸੇਧਤ ਕਰਨ ਦਾ ਮੌਕਾ ਬਣਨਾ ਚਾਹੀਦਾ ਹੈ। ਔਰਤਾਂ ਨਾਲ ਹਰ ਤਰ੍ਹਾਂ ਦੀ ਵਿਤਕਰੇਬਾਜੀ, ਨਾ-ਬਰਾਬਰੀ ਤੇ ਮਾਨਸਿਕ ਸਰੀਰਕ ਸੋਸ਼ਣ ਦੇ ਅੰਤ ਅਤੇ ਕੰਮਕਾਜੀ ਥਾਵਾਂ ਸਮੇਤ ਹਰ ਖੇਤਰ ਵਿੱਚ ਸੁਰੱਖਿਅਤ ਮਹੌਲ ਦੀ ਜਾਮਨੀ ਲਈ ਔਰਤ ਮੁਕਤੀ ਲਹਿਰ ਦੀ ਲੋੜ ਉਭਾਰਨੀ ਚਾਹੀਦੀ ਹੈ। ਜਮਹੂਰੀ ਤੇ ਇਨਕਲਾਬੀ ਸ਼ਕਤੀਆਂ ਨੂੰ ਇਸ ਮੌਕੇ ਪਹਿਲਵਾਨ ਕੁੜੀਆਂ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕਰਨ ਦੇ ਨਾਲ ਨਾਲ ਔਰਤ ਖਿਲਾਫ਼ ਜਬਰ, ਦਾਬੇ ਤੇ ਵਿਤਕਰਿਆਂ ਦੇ ਖਾਤਮੇ ਲਈ ਲੋਕਾਂ ਦੀ ਜਮਹੂਰੀ ਸੰਘਰਸ਼ ਲਹਿਰ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਉੱਚਾ ਕਰਨਾ ਚਾਹੀਦਾ ਹੈ।  

No comments:

Post a Comment