Friday, April 7, 2023

ਲੋਕ-ਪੱਖੀ ਵਿੱਦਿਅਕ ਢਾਂਚਾ ਉਸਾਰਨ ਲਈ ਸੰਘਰਸ਼ ਕਰੋ

 


ਲੋਕ-ਪੱਖੀ ਵਿੱਦਿਅਕ ਢਾਂਚਾ ਉਸਾਰਨ ਲਈ ਸੰਘਰਸ਼ ਕਰੋ

 ਨਵੀਆਂ ਆਰਥਿਕ ਨੀਤੀਆਂ ਲਾਗੂ ਹੋਣ ਦੇ ਦੌਰ ਤੋਂ ਹੀ ਸਿੱਖਿਆ ਖੇਤਰ ਨੂੰ ਵੀ ਨਿੱਜੀਕਰਨ ਤੇ ਵਪਾਰੀਕਰਨ ਦੀਆਂ ਲੀਹਾਂ ’ਤੇ ਢਾਲਣ ਦਾ ਅਮਲ ਚੱਲਿਆ ਹੋਇਆ ਹੈ। ਇਹਨਾਂ ਨੀਤੀਆਂ ਦੇ ਲਾਗੂ ਹੋਣ ਦੇ ਤਿੰਨ ਦਹਾਕਿਆਂ ਦੇ ਅਰਸੇ ’ਚ ਸਿੱਖਿਆ ਖੇਤਰ ਅੰਦਰ ਵੱਡੇ ਕਾਰੋਬਾਰੀਆਂ ਤੇ ਵਪਾਰੀਆਂ ਦੀ ਡੂੰਘੀ ਘੁਸਪੈਠ ਹੋ ਚੁੱਕੀ ਹੈ। ਰਹਿੰਦੀਆਂ ਕਸਰਾਂ ਪੂਰੀਆਂ ਕਰਨ ਲਈ ਮੋਦੀ ਹਕੂਮਤ ਨੇ ਨਵੀਂ ਸਿੱਖਿਆ ਨੀਤੀ ਘੜੀ ਹੈ ਤਾਂ ਜੋ ਆਰਥਿਕ ਸੁਧਾਰਾਂ ਦੇ ਦੂਜੇ ਗੇੜ ਦੇ ਹਮਲੇ ਨਾਲ ਸਿੱਖਿਆ ਖੇਤਰ ਦੀ ਤਾਲ ਮਿਲਾਈ ਜਾ ਸਕੇ। ਪਹਿਲਾਂ ਨਵ-ਉਦਾਰਵਾਦੀ ਨੀਤੀਆਂ ਦੇ ਦੌਰ ਦੀ ਸ਼ੁਰੂਆਤ ਵੇਲੇ 1986 ’ਚ ਨਵੀਂ ਸਿੱਖਿਆ ਨੀਤੀ ਲਿਆਉਣ ਰਾਹੀਂ ਪਹਿਲੇ ਵਿੱਦਿਅਕ ਢਾਂਚੇ ਅੰਦਰ ਵਪਾਰੀਕਰਨ ਦਾ ਤਰਕ ਦਾਖਲ ਕੀਤਾ ਗਿਆ ਸੀ ਤੇ ਖੁੱਲ੍ਹੀ ਮੰਡੀ ਦੀਆਂ ਲੋੜਾਂ ਦੇ ਹਿਸਾਬ ਨਾਲ ਸਿੱਖਿਆ ਖੇਤਰ ’ਚ ਤਬਦੀਲੀਆਂ ਕੀਤੀਆਂ ਗਈਆਂ ਸਨ। ਇਹਨਾਂ ਤਬਦੀਲੀਆਂ ਨਾਲ ਦੇਸ਼ ਦੇ ਵਿੱਦਿਅਕ ਢਾਂਚੇ ਨੇ ਸਾਮਰਾਜੀ ਪੂੰਜੀ ਦੀਆਂ ਲੋੜਾਂ ਅਨੁਸਾਰ  ਆਪਣਾ ਰੋਲ ਨਿਭਾਇਆ ਹੈ। ਹੁਣ ਏਸੇ ਅਮਲ ਨੂੰ ਹੋਰ ਅੱਗੇ ਵਧਾਉਣ ਲਈ ਅਤੇ ਰਾਜ ਪ੍ਰਬੰਧ ਅੰਦਰ ਹੋਰ ਪਿਛਾਖੜੀ ਤਬਦੀਲੀਆਂ ਕਰਨ ਲਈ ਵਿੱਦਿਅਕ ਢਾਂਚੇ ਦੀ ਭੂਮਿਕਾ ’ਚ ਵੀ ਹੋਰ ਪਿਛਾਖੜੀ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ। ਵਿੱਦਿਅਕ ਖੇਤਰ ’ਚ ਨਾ ਸਿਰਫ ਵਪਾਰੀਕਰਨ ਦੀਆਂ ਲੋੜਾਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਸਗੋਂ ਸਮੁੱਚੇ ਵਿੱਦਿਅਕ ਢਾਂਚੇ ਨੂੰ ਪਿਛਾਖੜੀ ਲੀਹਾਂ ’ਤੇ ਚਲਾਉਣ ਦੇ ਪ੍ਰੋਜੈਕਟ ਘੜੇ ਜਾ ਰਹੇ ਹਨ। ਦੇਸ਼ ਅੰਦਰ ਅਗਾਂਹਵਧੂ ਲੋਕ ਲਹਿਰਾਂ ਦੇ ਪ੍ਰਭਾਵ ਅਧੀਨ ਲੋਕ-ਪੱਖੀ ਬੁੱਧੀਜੀਵੀਆਂ ਦੀ ਵੱਡੀ ਗਿਣਤੀ ਅਕੈਡਮਿਕ ਖੇਤਰਾਂ ’ਚ ਆਪਣੀ ਦਖਲਅੰਦਾਜ਼ੀ ਕਰਦੀ ਰਹੀ ਹੈ ਤੇ ਇਸ ਲੋਕ ਦੋਖੀ ਵਿੱਦਿਅਕ ਢਾਂਚੇ ਦੇ ਅੰਦਰ ਵੀ ਅਗਾਂਹਵਧੂ ਧਰਮ-ਨਿਰਲੇਪ ਤੇ ਜਮਹੂਰੀ ਕਦਰਾਂ ਦੇ ਪਸਾਰ ਲਈ ਯਤਨਸ਼ੀਲ ਰਹਿੰਦੀ ਰਹੀ ਹੈ। ਕਿਸੇ ਦੌਰ ’ਚ ਭਾਰਤੀ ਹਾਕਮ ਜਮਾਤਾਂ ਵੱਲੋਂ ਵਿਗਿਆਨਕ, ਧਰਮ ਨਿਰਪੱਖਤਾ, ਸਮਾਜਵਾਦ, ਜਮਹੂਰੀਅਤ ਜਿਹੀਆਂ ਕਦਰਾਂ ’ਤੇ ਖੜ੍ਹਨ ਦੇ ਦਾਅਵੇ ਕੀਤੇ ਜਾਂਦੇ ਸਨ। ਚਾਹੇ ਉਹ ਦਾਅਵੇ ਨਕਲੀ ਸਨ ਤੇ ਦਿਖਾਵੇ ਲਈ ਵੀ ਕੀਤੇ ਜਾਂਦੇ ਸਨ, ਪਰ ਉਹ ਦਿਖਾਵਾ ਵੀ ਰਾਜ-ਪ੍ਰਬੰਧ ਦੀ ਇਹ ਮਜ਼ਬੂਰੀ ਬਣਾਉਂਦਾ ਸੀ ਕਿ ਉਹ ਵਿੱਦਿਅਕ ਢਾਂਚੇ ਅੰਦਰ ਅਜਿਹੀਆਂ ਕਦਰਾਂ ਦੇ ਸੰਚਾਰ ਲਈ ਹੋ ਰਹੇ ਯਤਨਾਂ ਨਾਲ ਸਿੱਧੇ ਟਕਰਾਅ ’ਚ ਨਾ ਆਉਣ, ਸਗੋਂ ਇਹਨਾਂ ਨੂੰ ਹੱਲਾਸ਼ੇਰੀ ਦਾ ਦਿਖਾਵਾ ਕਰਨ ਤੇ ਦਿਖਾਵੇ ਲਈ ਕੁੱਝ ਨਾ ਕੁੱਝ ਕਰਨ, ਚਾਹੇ ਉਹ ਸਤਹੀ ਹੀ ਹੋਵੇ। ਸਾਡੇ ਵਿੱਦਿਅਕ ਪ੍ਰਬੰਧ ਅੰਦਰ ਉਦਾਰਵਾਦੀ ਨੀਤੀਆਂ ਦੇ ਵਪਾਰਕ ਤਰਕ ਦੀ ਸਿੱਧੀ ਦਖਲਅੰਦਾਜ਼ੀ ਤੋਂ ਪਹਿਲਾਂ ਲੋਕ ਪੱਖੀ ਨਜ਼ਰੀਏ ਤੋਂ ਕੁੱਝ ਨਾ ਕੁੱਝ ਯਤਨ ਜੁਟਾਏ ਜਾਣ ਦੀਆਂ ਗੁੰਜਾਇਸ਼ਾਂ ਹਾਸਲ ਸਨ (ਚਾਹੇ ਉਹ ਸਤਹੀ ਤੇ ਪੇਤਲੇ ਹੀ ਹੋ ਸਕਦੇ ਸਨ) । ਯੂਨੀਵਰਸਿਟੀਆਂ ਤੇ ਹੋਰ ਉੱਚ ਅਕਾਦਮਿਕ ਅਦਾਰਿਆਂ ’ਚ ਵਿਗਿਆਨਕ ਤੇ ਜਮਹੂਰੀ ਪਹੁੰਚ ਅਨੁਸਾਰ ਵਿਅਕਤੀਗਤ ਪੱਧਰ ’ਤੇ ਅਜਿਹੇ ਯਤਨ ਹੁੰਦੇ ਰਹਿੰਦੇ ਸਨ ਤੇ ਅਜਿਹੇ ਯਤਨ ਜੁਟਾਉਂਦੇ ਰਹਿਣ ਲਈ ਕੁੱਝ ਨਾ ਕੁੱਝ ਥਾਂ ਹਾਸਲ ਸੀ, ਪਰ ਨਵ-ਉਦਾਰਵਾਦੀ ਨੀਤੀਆਂ ਦੇ ਦੌਰ ’ਚ ਇਹ ਥਾਂ ਹੋਰ ਵੀ ਸੁੰਗੜਦੀ ਚਲੀ ਗਈ ਹੈ ਤੇ ਉਹ ਬਚੀ-ਖੁਚੀ ਥਾਂ ਨੂੰ ਮੋਦੀ ਹਕੂਮਤ ਬੁਰੀ ਤਰ੍ਹਾਂ ਮੇਸਣ ’ਤੇ ਲੱਗੀ ਹੋਈ ਹੈ। ਵਿੱਦਿਅਕ ਢਾਂਚੇ ਦੀਆਂ ਵੱਖ ਵੱਖ ਸੰਸਥਾਵਾਂ ’ਚ ਵਿਗਿਆਨਕ, ਜਮਹੂਰੀ ਤੇ ਅਗਾਂਹਵਧੂ ਹਲਕਿਆਂ ਦੀ ਮੌਜੂਦਗੀ ਇਸ ਹਕੂਮਤ ਨੂੰ ਡਾਢੀ ਰੜਕਦੀ ਵੀ ਹੈ ਤੇ ਇਸ ਹਿੱਸੇ  ਨੂੰ  ਵਿੱਦਿਅਕ ਸੰਸਥਾਵਾਂ ’ਚੋਂ ਪੂਰੀ  ਤਰ੍ਹਾਂ ਖਾਰਜ ਕਰ ਦੇਣ ਲਈ ਹਕੂਮਤ ਹਰ ਤਰ੍ਹਾਂ ਦੇ ਕਦਮ ਲੈ ਰਹੀ ਹੈ। ਇਹਦੀ ਇੱਕ ਉਦਾਹਰਣ ਵਜੋਂ ਦੇਖਿਆ ਜਾ ਸਕਦਾ ਹੈ ਕਿ ਸਮਾਜਿਕ, ਸੱਭਿਆਚਾਰਕ ਖੇਤਰਾਂ ’ਚ ਜਾਂ ਤਾਂ ਯੂਨਵਰਸਿਟੀਆਂ ਵੱਲੋਂ ਖੋਜ ਪ੍ਰੋਜੈਕਟ ਬੰਦ ਕੀਤੇ ਜਾ ਰਹੇ ਹਨ, ਕਰਨ ਵਾਲਿਆਂ ਨੂੰ ਨਿਰ-ਉਤਸ਼ਾਹਤ ਕੀਤਾ ਜਾ ਰਿਹਾ ਹੈ ਤੇ ਜਾਂ ਫਿਰ ਜਿਹੜਾ ਕਾਰਜ ਹੋ ਵੀ ਰਿਹਾ ਹੈ ਉਹ ਕਿਸੇ  ਵੀ ਲੋਕ-ਪੱਖੀ ਨੁਕਤਾ- ਨਜ਼ਰ ਦੀ ਥਾਂ ਭਾਰਤੀ ਲੁਟੇਰੀਆਂ ਜਮਾਤਾਂ ਦੇ ਹਿੱਤਾਂ ਦੀ ਸੇਵਾ ’ਚ ਝੋਕਿਆ ਜਾ ਰਿਹਾ ਹੈ। ਸਮਾਜ ਦੇ ਕਿਰਤੀ ਹਿੱਸਿਆਂ, ਸਮਾਜਿਕ ਤੌਰ ’ਤੇ ਪਛੜੇ ਹਿੱਸਿਆਂ ਤੇ ਇਹਨਾਂ ਹਿੱਸਿਆਂ ਦੇ ਹੱਕੀ ਸਰੋਕਾਰਾਂ ਦੀ ਥਾਂ, ਇਹਨਾਂ ਖੋਜ ਕਾਰਜਾਂ ’ਚੋਂ ਮਨਫੀ ਹੁੰਦੀ ਜਾ ਰਹੀ ਹੈ। ਯੂਨੀਵਰਸਿਟੀਆਂ ਤੇ ਹੋਰ ਪੋ੍ਰਜੈਕਟਾਂ ਦਾ ਉਦੇਸ਼  ਕਾਰਪੋਰੇਟ ਜਗਤ ਦੇ ਮੁਨਾਫ਼ਾਖੋਰੀ ਕਾਰੋਬਾਰਾਂ ਲਈ ਸਮਾਜੀ ਸਿਆਸੀ ਚੇਤਨਾ ਰਹਿਤ ਤਕਨੀਕੀ ਕਾਮੇ ਪੈਦਾ ਕਰਨਾ ਬਣਾਇਆ ਜਾ ਰਿਹਾ ਹੈ। 

ਮੌਜੂਦਾ ਦੌਰ ਭਾਰਤੀ ਵਿੱਦਿਅਕ ਢਾਂਚੇ ਨੂੰ ਹੋਰ ਵਧੇਰੇ ਪਿਛਾਖੜੀ ਲੀਹਾਂ ’ਤੇ ਢਾਲਣ ਦੇ ਕਦਮ ਤੇਜ਼ੀ ਨਾਲ ਲਏ ਜਾਣ ਦਾ ਦੌਰ ਹੈ। ਇਸ ਦੇ ਲੋਕ-ਪੱਖੀ, ਵਿਗਿਆਨਕ ਤੇ ਜਮਹੂਰੀ ਸਰੋਕਾਰਾਂ ਦੇ ਰਸਮੀ ਐਲਾਨਾਂ ਤੋਂ ਵੀ ਮੁਕੰਮਲ ਤੋੜ-ਵਿਛੋੜੇ ਦਾ ਦੌਰ ਹੈ। ਇਹਦੀ ਸ਼ਕਲ ਚਾਹੇ ਨਵੀਂ ਸਿੱਖਿਆ ਨੀਤੀ ਦੇ ਨਵੇਂ ਉਦੇਸ਼ਾਂ ਰਾਹੀਂ ਘੜੀ ਜਾਵੇ ਤੇ ਚਾਹੇ ਅਣਚਾਹੇ ਢੰਗ ਨਾਲ ਹੀ ਲਗਾਤਾਰ ਇਸ ਪਹੁੰਚ ਨੂੰ ਲਾਗੂ ਕੀਤਾ ਜਾਵੇ। ਇਹਨਾਂ ਸਭਨਾਂ ਕਦਮਾਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਹਰ ਤਰ੍ਹਾਂ ਦੇ ਪਿਛਾਖੜੀ ਵਿਚਾਰਾਂ, ਅੰਧ-ਵਿਸ਼ਵਾਸ਼ਾਂ, ਗੈਰ-ਜਮਹੂਰੀ ਕਦਰਾਂ-ਕੀਮਤਾਂ ਤੇ ਗੈਰ-ਵਿਗਿਆਨਕ ਪਹੁੰਚਾਂ ਦੇ ਪਸਾਰੇ ਦੇ ਸਾਧਨ ਵਜੋਂ ਵਿੱਦਿਅਕ ਢਾਂਚੇ ’ਚ ਤਬਦੀਲੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਵਿਰੋਧ ਨੇ ਨਾਲ ਨਾਲ  ਅਸਲ ਬਦਲ ਉਭਾਰਨ ਲਈ ਲੋਕ-ਪੱਖੀ ਬੁਨਿਆਦੀ ਤਬਦੀਲੀਆਂ ਕਰਨ ਦੀ ਲੋੜ ਉਭਾਰਨੀ ਚਾਹੀਦੀ ਹੈ। 


ਲੋਕ-ਵਿਰੋਧੀ ਪਿਛਾਖੜੀ ਕਦਮਾਂ ਨੂੰ ਰੱਦ ਕਰਨ ਅਤੇ ਲੋਕ-ਪੱਖੀ ਕਦਮ ਲੈਣ ਦੀਆਂ ਮੰਗਾਂ ਨੌਜਵਾਨਾਂ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਾਂਝੇ ਤੌਰ ’ਤੇ ਉਭਾਰਨੀਆਂ ਚਾਹੀਦੀਆਂ ਹਨ। ਖਾਸ ਕਰਕੇ ਨਵੀਂ ਸਿੱਖਿਆ ਨੀਤੀ ਦੇ ਹਵਾਲੇ ਨਾਲ ਇਹ ਚਰਚਾ ਕਰਨੀ ਚਾਹੀਦੀ ਹੈ ਕਿ ਸਿੱਖਿਆ ਨੀਤੀ ਦਾ ਉਦੇਸ਼ ਕੀ ਹੋਣਾ ਚਾਹੀਦਾ ਹੈ ਤੇ ਕਿੰਨ੍ਹਾਂ ਲੀਹਾਂ ’ਤੇ ਉਸਰਨਾ ਚਾਹੀਦਾ ਹੈ। 

ਇਹ ਉਭਾਰਨਾ ਚਾਹੀਦਾ ਹੈ ਕਿ ਕਿਸੇ ਲੋਕ-ਪੱਖੀ ਵਿੱਦਿਅਕ ਨੀਤੀ ਦਾ ਉਦੇਸ਼ ਕੌਮੀ ਵਿਕਾਸ ਦੀਆਂ ਲੋੜਾਂ ਨਾਲ ਸੁਮੇਲਿਆ ਜਾਣਾ ਚਾਹੀਦਾ ਹੈ। ਸਿੱਖਿਆ ਅਮਲ ਦਾ ਤੱਤ ਵਿਦਿਆਰਥੀਆਂ ਅੰਦਰ ਜਗਿਆਸੂ ਰੁਚੀਆਂ ਪ੍ਰਫੁੱਲਤ ਕਰਨ, ਸਮਾਜਿਕ ਚੇਤਨਾ ਤੇ ਜੁੰਮੇਵਾਰੀ ਦਾ ਅਹਿਸਾਸ ਪੈਦਾ ਕਰਨ ਤੇ ਉਹਨਾਂ ਨੂੰ ਉਤਮ ਨਾਗਰਿਕਾਂ ਵਜੋਂ ਢਾਲਣ ਦਾ  ਹੋਣਾ ਚਾਹੀਦਾ ਹੈ। ਵਿੱਦਿਅਕ ਜੀਵਨ ਅੰਦਰ ਸਤਿਕਾਰ ਅਤੇ ਬਾਰਬਰੀ ’ਤੇ ਆਧਾਰਤ ਜਮਹੂਰੀ ਕਦਰਾਂ-ਕੀਮਤਾਂ ਲਾਗੂ ਹੋਣੀਆਂ ਚਾਹੀਦੀਆਂ ਹਨ। ਵਿਦਿਆਰਥੀਆਂ ਦਾ ਮੌਜੂਦਾ ਨਾਕਸ ਪ੍ਰੀਖਿਆ ਪ੍ਰਣਾਲੀ ਤੋਂ ਖਹਿੜਾ ਛੁਡਾ ਕੇ  ਉਹਦੀ ਯੋਗਤਾ ਤੇ ਵਿਕਾਸ ਦਾ ਪੈਮਾਨਾ ਉਸ ਦੇ ਸਰਵਪੱਖੀ ਵਿਕਾਸ, ਉਸ ਦੀ ਸਮਾਜਿਕ ਚੇਤਨਾ ਤੇ ਵਿੱਦਿਅਕ ਜੀਵਨ ਦੇ ਸਮੁੱਚੇ ਵਿਹਾਰ ਨੂੰ ਬਣਾਉਣ ਵਾਲੀ ਮੁਲਾਂਕਣ ਪ੍ਰਣਾਲੀ ਉਸਾਰਨੀ ਚਾਹੀਦੀ ਹੈ। ਵਿੱਦਿਅਕ ਢਾਂਚੇ ਵੱਲੋਂ ਦਿਮਾਗੀ ਤੇ ਸਰੀਰਕ ਮਿਹਨਤ ਦਰਮਿਆਨ ਖੜ੍ਹੀ ਕੀਤੀ ਵਿੱਥ ਦਾ ਖਾਤਮਾ ਕਰਨ ਤੇ ਇਹਨਾਂ ਦਾ ਢੱੁਕਵਾਂ ਸੰਯੋਗ ਕਰਨਾ ਹੀ ਕਿਸੇ ਲੋਕ-ਪੱਖੀ ਵਿੱਦਿਅਕ ਨੀਤੀ ਦਾ ਉਦੇਸ਼ ਹੋਣਾ ਚਾਹੀਦਾ ਹੈ। ਵਿੱਦਿਅਕ ਢਾਂਚੇ ਦਾ ਉਦੇਸ਼ ਮਾਂ-ਬੋਲੀ ਤੇ ਵਿਦਿਆਰਥੀ ਦਾ ਰਿਸ਼ਤਾ ਹੋਰ ਗੂੜ੍ਹਾ ਕਰਨ ਦਾ ਹੋਣਾ ਚਾਹੀਦਾ ਹੈ। ਪੜ੍ਹਾਈ ਮਾਂ-ਬੋਲੀ ’ਚ ਹੋਣੀ ਚਾਹੀਦੀ ਹੈ ਤੇ ਕਿਸੇ ਹੋਰ ਭਾਸ਼ਾ ’ਚ ਲਾਜ਼ਮੀ ਨਹੀਂ ਹੋਣੀ ਚਾਹੀਦੀ। ਵਿੱਦਿਅਕ ਜੀਵਨ ’ਚੋਂ ਧਰਮ ਦੇ ਸਥਾਨ ਨੂੰ ਮਨਫੀ ਕੀਤਾ ਜਾਣਾ ਚਾਹੀਦਾ ਹੈ ਤੇ ਸਿਲੇਬਸਾਂ ’ਚੋਂ ਫਿਰਕੂ ਅੰਸ਼ਾਂ ਨੂੰ ਖਾਰਜ ਕਰਨਾ ਚਾਹੀਦਾ ਹੈ। ਬੋਝਲ ਤੇ ਅਕਾਊ ਸਿਲੇਬਸ ਰੱਦ ਕਰਨੇ ਚਾਹੀਦੇ ਹਨ।  ਵਿਦਿਆਰਥੀਆਂ ਦੀਆਂ ਸੁੱਤੀਆਂ ਕਲਾਂ ਨੂੰ ਜਗਾਉਣ ਵਾਲੇ ਤੇ ਉਹਨਾਂ ਦੀ ਸਖ਼ਸ਼ੀਅਤ ਨੂੰ ਮਾਂਜਣ ਸੰਵਾਰਨ ਵਾਲੇ ਸਿਲੇਬਸ ਹੋਣੇ ਚਾਹੀਦੇ ਹਨ। ਵਿੱਦਿਅਕ ਢਾਂਚੇ ’ਚ ਪ੍ਰਬੰਧਕੀ ਢਾਂਚੇ ਦੀ ਬੇਮੇਚੀ ਅਹਿਮੀਅਤ ਖਤਮ ਕਰਕੇ ਵਿਦਿਆਰਥੀ, ਅਧਿਆਪਕਾਂ ਤੇ ਕਰਮਚਾਰੀਆਂ ਦਾ ਪੁਗਾਊ ਦਖਲ ਬਣਨਾ ਚਾਹੀਦਾ ਹੈ। ਵਿੱਦਿਅਕ ਨੀਤੀ ਦਾ ਉਦੇਸ਼ ਕਿਰਤੀ ਲੋਕਾਂ ਦੇ ਵਿਸ਼ਾਲ ਹਿੱਸਿਆਂ ਤੱਕ ਵਿੱਦਿਆ ਦੇ ਪਸਾਰੇ ਲਈ ਮੁਲਕ ਦੇ ਸੋਮੇ ਜੁਟਾਉਣ ਦਾ ਹੋਣਾ ਚਾਹੀਦਾ ਹੈ। ਇਸ ਨੂੰ ਰੁਜ਼ਗਾਰ-ਮੁਖੀ ਲੀਹਾਂ ’ਤੇ ਉਸਾਰਨਾ ਚਾਹੀਦਾ ਹੈ। 

ਵਿੱਦਿਅਕ ਢਾਂਚੇ ਨੂੰ ਵਿਗਿਆਨਕ, ਜਮਹੂਰੀ ਤੇ ਅਗਾਂਹਵਧੂ ਕਦਰਾਂ ਦੀਆਂ ਲੀਹਾਂ ’ਤੇ ਉਸਾਰਨਾ ਚਾਹੀਦਾ ਹੈ। ਦੇਸ਼ ਦੇ ਸਾਮਰਾਜ ਵਿਰੋਧੀ ਸੰਘਰਸ਼ਾਂ ਦੇ ਇਤਿਹਾਸ ਅਤੇ ਜਾਗੀਰਦਾਰੀ ਵਿਰੋਧੀ ਬਗਾਵਤਾਂ ਦੇ ਸੰਘਰਸ਼ਾਂ ਦੇ ਇਤਿਹਾਸ ਦੀ ਜਾਣਕਾਰੀ ਦਾ ਸੰਚਾਰ ਕਰਨਾ ਚਾਹੀਦਾ ਹੈ। ਜਗੀਰੂ ਕਦਰਾਂ-ਕੀਮਤਾਂ ਨੂੰ ਵਿਦਿਆਰਥੀ ਮਨਾਂ ’ਚੋਂ ਖਾਰਜ ਕਰਨਾ ਅਤੇ ਵਿਗਿਆਨਕ ਜਮਹੂਰੀ ਚੇਤਨਾ ਦਾ ਸੰਚਾਰ ਕਰਨਾ ਸਿੱਖਿਆ ਦੇ ਪ੍ਰਮੁੱਖ ਉਦੇਸ਼ਾਂ ’ਚ ਸ਼ੁਮਾਰ ਹੋਣਾ ਚਾਹੀਦਾ ਹੈ। ਇਹ ਅਜਿਹਾ ਚੌਖਟਾ ਹੈ ਜਿਸ ਵਿਚੋਂ ਬਦਲਵੇਂ  ਲੋਕ ਪੱਖੀ ਵਿੱਦਿਅਕ ਢਾਂਚੇ ਦੀ ਉਸਾਰੀ ਦੇ ਮੁੱਦਿਆਂ ਨੂੰ  ਠੋਸ ਰੂਪ ਵਿੱਚ ਟਿੱਕਿਆ ਜਾ ਸਕਦਾ ਹੈ ਤੇ ਉਭਾਰਿਆ ਜਾ ਸਕਦਾ ਹੈ। ਲੋਕ-ਪੱਖੀ ਜਮਹੂਰੀ ਰਾਜ ਪ੍ਰਬੰਧ ਦੀ ਉਸਾਰੀ ਦੇ ਕਾਰਜ ਦੇ ਅੰਗ ਵਜੋਂ ਅਜਿਹੇ ਵਿੱਦਿਅਕ ਢਾਂਚੇ ਦੀ ਉਸਾਰੀ ਲਈ ਜੱਦੋਜਹਿਦ ਸਭਨਾਂ ਕਿਰਤੀ ਲੋਕਾਂ ਦੀ ਸਾਂਝੀ ਜੱਦੋਜਹਿਦ ਬਣਦੀ ਹੈ। ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਪਣੇ ਰੋਜ਼-ਮਰ੍ਹਾ ਦੇ ਸੰਘਰਸ਼ਾਂ ਨੂੰ ਅਜਿਹੇ ਵਿੱਦਿਅਕ ਢਾਂਚੇ ਦੀ ਉਸਾਰੀ ਦੇ ਮੁੱਦਿਆਂ ਨਾਲ ਸੁਮੇਲਣਾ ਚਾਹੀਦਾ ਹੈ।   

No comments:

Post a Comment