Friday, April 7, 2023

ਅਜੋਕੀ ਸਿੱਖਿਆ ਪ੍ਰਣਾਲੀ ਦੀ ਪਹੁੰਚ ਮੁਲਕ ਦੇ ਆਜ਼ਾਦਾਨਾ ਵਿਕਾਸ ਦੇ ਜੜੀਂ ਤੇਲ

 ਅਜੋਕੀ ਸਿੱਖਿਆ ਪ੍ਰਣਾਲੀ ਦੀ ਪਹੁੰਚ
ਮੁਲਕ ਦੇ ਆਜ਼ਾਦਾਨਾ ਵਿਕਾਸ ਦੇ ਜੜੀਂ ਤੇਲ

ਸਿੱਖਿਆ ਦਾ ਵਪਾਰੀਕਰਨ, ਸੰਸਾਰੀਕਰਨ ਦੇ ਨਾਂ ਥੱਲੇ ਸਾਡੇ ਮੁਲਕ ਦੀ ਆਰਥਿਕਤਾ ਨੂੰ ਸਾਮਰਾਜੀ ਮੁਲਕਾਂ ਦੀ ਆਰਥਿਕਤਾ ਨਾਲ ਟੋਚਨ ਕਰਨ ਦੀ ਚਾਲ ਹੈ ਤਾਂ ਜੋ ਉਹ ਸਾਡੇ ਕੁਦਰਤੀ ਸੋਮਿਆਂ, ਕੌਮੀ ਧਨ-ਦੌਲਤ ਅਤੇ ਮਨੁੱਖਾ-ਸ਼ਕਤੀ ਦੀ ਭਰਵੀਂ ਲੁੱਟ ਕਰਕੇ ਆਪ ਮਾਲਾ-ਮਾਲ ਹੋ ਸਕਣ। ਸਾਡੀਆਂ ਐਕਸਪੋਰਟ ਪ੍ਰੋਮੋਸ਼ਨ ਜ਼ੋਨਾਂ, ਸਾਫਟਵੇਅਰ ਪਾਰਕ ਅਤੇ ਕਿੰਨੀਆਂ ਹੀ ਹੋਰ ਸਨਅਤਾਂ ਸਾਮਰਾਜੀ ਕੰਪਨੀਆਂ ਤੋਂ ਮਿਲਣ ਵਾਲੇ ਕੰਮ ਦੇ ਠੇਕਿਆਂ ਤੇ ਆਰਡਰਾਂ’ਤੇ ਨਿਰਭਰ ਹਨ। ਜਿੰਨੇ ਕੰਪਿਊਟਰ ਮਾਹਰਾਂ ਨੂੰ ਅਸੀਂ ਟਰੇਨਿੰਗ ਦੇ ਰਹੇ ਹਾਂ ਉਹਨਾਂ ਨੂੰ ਸਾਡੀ ਆਰਥਿਕਤਾ ਵਿੱਚ ਕੰਮ ਮਿਲਣ ਦੀ ਕੋਈ ਸੰਭਾਵਨਾ ਨਹੀਂ। ਉਹਨਾਂ ਦਾ ਰੁਜ਼ਗਾਰ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਵਿਦੇਸ਼ੀ ਕੰਪਨੀਆਂ ਉਹਨਾਂ ਵਿੱਚੋਂ ਕਿੰਨੀਆਂ ਨੂੰ ਕੰਮ ਦੇਣ ਲਈ ਤਿਆਰ ਹਨ। ਇੱਕ ਨਿੱਕਾ ਜਿਹਾ ਝਟਕਾ ਸਾਡੀ ਆਰਥਿਕਤਾ ਨੂੰ ਡਾਵਾਂਡੋਲ ਕਰ ਦਿੰਦਾ ਹੈ। ਅਮਰੀਕਾ ਦੇ ਸੰਸਾਰ ਵਪਾਰ ਕੇਂਦਰ ’ਤੇ ਹੋਏ ਆਤਮਘਾਤੀ ਹਮਲੇ ਦੇ ਨਤੀਜੇ ਵਜੋਂ ਸਾਡੇ ਕਿੰਨੇ ਹੀ ਕੰਪਿਊਟਰ ਮਾਹਰ ਬੰਗਲੌਰ, ਹੈਦਰਾਬਾਦ, ਦਿੱਲੀ ਅਤੇ ਬੰਬਈ  ਦੀਆਂ ਸੜਕਾਂ ’ਤੇ ਧੂੜ ਫੱਕਣ ਲਈ ਮਜ਼ਬੂਰ ਹੋ ਗਏ। ਏਸੇ ਤਰ੍ਹਾਂ ਸਾਮਰਾਜੀ ਕੰਪਨੀਆਂ ਆਪਣਾ ਕੁੱਝ ਮਾਲ ਸਾਡੇ ਮੁਲਕ ਵਿੱਚੋਂ ਬਣਵਾਉਂਦੀਆਂ ਹਨ। ਇਹ ਕਰਨ ਨਾਲ ਉਹ ਸਾਡੇ ਕੁਦਰਤੀ ਵਸੀਲਿਆਂ ਅਤੇ ਮਨੁੱਖਾ ਸ਼ਕਤੀ ਨੂੰ ਸਸਤੀਆਂ ਕੀਮਤਾਂ ’ਤੇ ਵਰਤ ਕੇ ਅੰਨ੍ਹੇ ਮੁਨਾਫੇ ਕਮਾਉਂਦੀਆਂ ਹਨ। ਮਿਸਾਲ ਵਜੋਂ ਜੁੱਤੇ ਬਣਾਉਣ ਦੀ ਸਨਅਤ ਵਿੱਚ ਪੱਛਮੀ ਯੂਰਪ ਅਤੇ ਅਮਰੀਕਾ  ਦੇ ਮਜ਼ਦੂਰਾਂ-ਕਾਰੀਗਰਾਂ ਨੂੰ ਲਗਭਗ 9 ਡਾਲਰ ਪ੍ਰਤੀ ਘੰਟਾ ਤਨਖਾਹ ਦੇਣੀ ਪੈਂਦੀ ਹੈ ਅਤੇ ਦੱਖਣੀ ਕੋਰੀਆ ਵਰਗੇ ਮੁਲਕਾਂ ਵਿੱਚ 6 ਡਾਲਰ ਪ੍ਰਤੀ ਘੰਟਾ। ਪਰ ਬੰਗਲਾਦੇਸ਼, ਫਿਲਪਾਈਨਜ਼, ਟ੍ਰਿਨੀਡਾਡ ਅਤੇ ਟੋਬਾਗੋ ਵਰਗੇ ਮੁਲਕਾਂ ਵਿੱਚ ਇਹਨਾਂ ਦੀ ਮਜ਼ਦੂਰੀ ਇੱਕ ਡਾਲਰ ਪ੍ਰਤੀ ਘੰਟਾ ਤੋਂ ਘੱਟ ਹੈ। ਭਾਰਤ ਵਿੱਚ ਜੁੱਤੇ ਬਣਾਉਣ ਦੀ ਸਨਅਤ ਵਿੱਚ ਲੱਗੇ ਮਜ਼ਦੂਰਾਂ-ਕਾਰੀਗਰਾਂ ਦੀ ਮਜ਼ਦੂਰੀ 25 ਸੈਂਟ (ਇੱਕ ਡਾਲਰ ਦਾ ਚੌਥਾ ਹਿੱਸਾ) ਤੋਂ ਵੀ ਘੱਟ ਹੈ। ਇਸ ਲਈ ਰੀਬੋਕ, ਨਾਈਕ ਅਤੇ ਆਡੀਡਾਸ ਵਰਗੀਆਂ ਕੰਪਨੀਆਂ ਨੇ ਆਪਣਾ ਮਾਲ ਭਾਰਤ ਵਿੱਚੋਂ ਬਣਵਾਉਣਾ ਸ਼ੁਰੂ ਕਰ ਦਿੱਤਾ ਹੈ। ਜੇ ਕੱਲ੍ਹ ਨੂੰ ਉਹਨਾਂ ਨੂੰ ਕਿਸੇ ਹੋਰ ਮੁਲਕ ਵਿੱਚੋਂ ਮਾਲ ਤਿਆਰ ਕਰਵਾਉਣਾ ਹੋਰ ਸਸਤਾ ਪਵੇ ਤਾਂ ਉਹ ਭਾਰਤ ਨੂੰ ਛੱਡ ਕੇ ਉੱਧਰ ਚਲੀਆਂ ਜਾਣਗੀਆਂ। ਏਹੋ ਗੱਲ ਬਹੁਕੌਮੀ ਕੰਪਨੀਆਂ ਵੱਲੋਂ ਭਾਰਤ ਵਿੱਚ ਆਪਣੇ ਸੇਵਾ ਕੇਂਦਰਾਂ ਵਜੋਂ ਖੋਲ੍ਹੇ ਜਾਂਦੇ ‘‘ਕਾਲ ਸੈਂਟਰਾਂ’’ ’ਤੇ ਢੁੱਕਦੀ  ਹੈ। ਕੁਦਰਤੀ ਹੈ ਕਿ ਇਸ ਕਿਸਮ ਦੀਆਂ ਸਨਅਤਾਂ ਸਾਡੇ ਮੁਲਕ ਦੇ ਸਥਾਈ ਅਤੇ ਆਜ਼ਾਦਾਨਾ ਵਿਕਾਸ ਦਾ ਅਧਾਰ ਨਹੀਂ  ਬਣ ਸਕਦੀਆਂ। ਇਹ ਤਾਂ ਸਿਰਫ ਸਾਮਰਾਜੀਆਂ ਦੇ ਹਿੱਤਾਂ ਨੂੰ ਪੁੂਰਨ ਦਾ ਸਾਧਨ ਹਨ। ਮੁਲਕ ਦੇ ਆਜ਼ਾਦ ਸਨਅਤੀ ਵਿਕਾਸ ਲਈ ਲੋੜ ਇੱਥੇ ਕਿਰਤ ਸੰਘਣੀ ਤਕਨੀਕ ’ਤੇ ਅਧਾਰਤ, ਬਹੁਗਿਣਤੀ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਸਨਅਤਾਂ ਲਾਉਣ ਅਤੇ ਉਹਨਾਂ ਖਾਤਰ ਢੁੱਕਵੀਂ  ਤਕਨੀਕੀ  ਅਤੇ ਹੁਨਰੀ ਸਿਖਲਾਈ ਦੇਣ ਦੀ ਹੈ। ਪਰ ਸਿੱਖਿਆ ਦੇ ਵਪਾਰੀਕਰਨ ਕਾਰਨ, ਉੱਚੇ ਮੁਨਾਫਿਆਂ ਦੀ ਲਾਲਸਾ ਤਹਿਤ ਉੱਚ-ਸਿੱਖਿਆ ਅਤੇ ਕਿੱਤਾ-ਸਿਖਲਾਈ ਦੇ ਜੋ ਅਦਾਰੇ ਖੁੱਲ੍ਹ ਰਹੇ ਹਨ, ਉਹਨਾਂ ਦਾ ਮਕਸਦ ਰੁਜ਼ਗਾਰ ਦੀ ਮੰਡੀ ਵਿੱਚ ਆਈ  ਮੰਦੀ ਦਾ ਭਰਪੂਰ ਫਾਇਦਾ ਉਠਾਉਣਾ ਹੈ। ਉਹਨਾਂ ਦਾ ਮਕਸਦ ਸਿਰਫ ਸਾਮਰਾਜੀ ਲੁੱਟ ਦੀ ਦੈਂਤਾਕਾਰ ਮਸ਼ੀਨ ਲਈ ਢੁੱਕਵੇਂ ਕਲ-ਪੁਰਜੇ ਤਿਆਰ ਕਰਨਾ ਹੈ, ਦੇਸ਼ ਭਗਤੀ ਅਤੇ ਸਮਾਜਕ ਸਰੋਕਾਰਾਂ ਨਾਲ ਲੈਸ ਸੂਝਵਾਨ ਅਤੇੇ ਸੰਵੇਦਨਸ਼ੀਲ ਸ਼ਹਿਰੀ ਤਿਆਰ ਕਰਨਾ ਨਹੀਂ । ਇਸ ਤਰ੍ਹਾਂ ਦੇ ਵਾਤਾਵਰਨ ਵਿੱਚ ਨਾ ਸਿਰਫ ਮੁਲਕ ਦਾ ਆਜ਼ਾਦਾਨਾ ਆਰਥਿਕ ਵਿਕਾਸ, ਸਗੋਂ ਅਗਾਂਹਵਧੂ ਸਮਾਜਕ ਵਿਕਾਸ ਵੀ ਰੁਕ ਜਾਵੇਗਾ।   

No comments:

Post a Comment