Friday, April 7, 2023

ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਕ੍ਰਿਸ਼ਮੇ

 ਇਤਿਹਾਸ ਦੇ ਪੰਨਿਆਂ ਤੋਂ 

ਸਿੱਖਿਆ ਦੇ ਖੇਤਰ ਵਿੱਚ ਇਨਕਲਾਬੀ ਕ੍ਰਿਸ਼ਮੇ

ਗਦਰੀ ਬਾਬਿਆਂ, ਸ਼ਹੀਦ ਭਗਤ ਸਿੰਘ ਤੇ ਸਾਥੀਆਂ, ਕਿਰਤੀ ਪਾਰਟੀ ਸਮੇਤ ਭਾਰਤ ਦੀਆਂ ਕੌਮੀ ਮੁਕਤੀ ਖਾਤਰ ਸੰਘਰਸ਼ਸ਼ੀਲ ਇਨਕਲਾਬੀ ਸ਼ਕਤੀਆਂ ਨੇ ਜਿਸ ਤਰ੍ਹਾਂ ਦੇ ਭਾਰਤ ਦੀ ਆਜ਼ਾਦੀ ਦੀ ਕਲਪਣਾ ਕੀਤੀ ਸੀ, ਉਹ ਆਜ਼ਾਦੀ ਭਾਰਤੀ ਲੋਕਾਂ ਨੂੰ ਹਾਸਲ ਨਹੀਂ ਹੋ ਸਕੀ। ਜਿਸ ਦੀ ਵਜ੍ਹਾ ਕਰਕੇ ਭਾਰਤੀ ਲੋਕ ਹੋਰਨਾਂ ਖੇਤਰਾਂ ਸਮੇਤ ਵਿੱਦਿਆ ਦੇ ਖੇਤਰ ਵਿੱਚ ਵੀ ਉਹਨਾਂ ਦੇਸ਼ਾਂ ਦੇ ਮੁਕਾਬਲੇ ਬਹੁਤ ਪਛੜੇ ਹੋਏ ਹਨ, ਜਿੱਥੇ ਸਾਮਰਾਜ, ਜਗੀਰਦਾਰੀ ਅਤੇ ਇਹਨਾਂ ਦੀ ਸੇਵਾਦਾਰ ਸਰਮਾਏਦਾਰਾਂ ਦੇ ਰਾਜ ਨੂੰ ਖਤਮ ਕਰ ਦਿੱਤਾ ਗਿਆ ਸੀ ਅਤੇ ਹਕੀਕੀ ਅਰਥਾਂ ਵਿੱਚ ਲੋਕਾਂ ਦਾ ਰਾਜ ਕਾਇਮ ਕੀਤਾ ਸੀ। ਰੂਸ, ਚੀਨ, ਵੀਅਤਨਾਮ ਅਤੇ ਕਿਊਬਾ ਵਰਗੇ ਦੇਸ਼ਾਂ ਨੇ ਸਿੱਖਿਆ ਦੇ ਖੇਤਰ ਵਿੱਚ 25-30 ਕੁ ਸਾਲਾਂ ਦੇ ਅਰਸੇ ਵਿੱਚ ਕਿੰਨੀਂ  ਤਰੱਕੀ ਕੀਤੀ ਸੀ। ਅੱਗੇ ਅਸੀਂ ਉਨ੍ਹਾਂ ਦਾ ਤੁਲਨਾਤਮਕ ਅਧਿਐਨ ਪੇਸ਼ ਕਰ ਰਹੇ ਹਾਂ। 

    ਸੋਵੀਅਤ ਯੂਨੀਅਨ ਨੇ ਵਿੱਦਿਆ ਦੇ ਖੇਤਰ ਵਿੱਚ ਉੱਤਮਤਾ ਹਾਸਲ ਕੀਤੀ 

ਸੋਵੀਅਤ ਯੂਨੀਅਨ ਵਿੱਚ 1917 ਦੇ ਅਕਤੂਬਰ ਇਨਕਲਾਬ ਤੋਂ ਪਿੱਛੋਂ ਜਿੱਥੇ ਮਜ਼ਦੂਰਾਂ-ਕਿਸਾਨਾਂ ਅਤੇ ਹੋਰਨਾਂ ਕਿਰਤੀ-ਕਮਾਊ ਲੋਕਾਂ ਦੇ ਜ਼ਿੰਦਗੀ ਦੇ ਖੇਤਰ ਵਿੱਚ ਚੌਤਰਫਾ ਵਿਕਾਸ ਹੋਇਆ, ਉੱਥੇ ਸਿੱਖਿਆ ਦੇ ਖੇਤਰ ਵਿੱਚ ਪਹਿਲੇ 20 ਕੁ ਸਾਲਾਂ ਵਿੱਚ ਜੋ ਤਰੱਕੀ ਹੋਈ ਉਸ ਬਾਰੇ ਬਾਲਸ਼ਵਿਕ ਪਾਰਟੀ ਦੇ ਇਤਿਹਾਸ ਵਿੱਚ ਇਉਂ ਦਰਸਾਇਆ ਗਿਆ ਹੈ :

‘‘ਹਰ ਇੱਕ ਲਈ ਲਾਜ਼ਮੀ ਵਿੱਦਿਆ ਦੇ ਕਾਨੂੰਨ ਅਤੇ ਬਹੁਤ ਸਾਰੇ ਨਵੇਂ ਸਕੂਲ ਖੋਲ੍ਹੇ ਜਾਣ ਕਰਕੇ ਲੋਕਾਂ ਦੀ ਸੱਭਿਆਚਾਰਕ ਤਰੱਕੀ ਬੜੀ ਤੇਜ਼ੀ ਨਾਲ ਹੋਈ। 1914 ਵਿੱਚ ਮੁਢਲੇ ਅਤੇ ਦਰਮਿਆਨੇ ( ਪ੍ਰਾਇਮਰੀ ਅਤੇ ਮਿਡਲ) ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ 80 ਲੱਖ ਸੀ। ਹੁਣ 1936-37 ਵਿੱਚ 2 ਕਰੋੜ 80 ਲੱਖ ਹੋ ਗਈ ਹੈ। ਇਸ ਸਮੇਂ ਵਿੱਚ ਕਾਲਜ ਦੇ ਵਿਦਿਆਰਥੀਆਂ ਦੀ ਗਿਣਤੀ 1ਲੱਖ 12 ਹਜ਼ਾਰ ਤੋਂ ਵਧ ਕੇ 5 ਲੱਖ 42 ਹਜ਼ਾਰ ਹੋ ਗਈ। ’’

17ਵੀਂ  ਪਾਰਟੀ ਕਾਂਗਰਸ ਦੀ ਰਿਪੋਰਟ ’ਚ ਸੋਵੀਅਤ ਯੂਨੀਅਨ ਦੇ ਆਗੂ ਸਟਾਲਿਨ ਨੇ ਦੱਸਿਆ ਕਿ : 

1933 ਵਿੱਚ ਸੋਵੀਅਤ ਸੰਘ ਦੀ ਆਬਾਦੀ 16 ਕਰੋੜ 80 ਲੱਖ ਸੀ। ਸਭਨਾਂ ਲਈ ਲਾਜ਼ਮੀ ਤੇ ਮੁਫ਼ਤ ਵਿੱਦਿਆ ਹੋਣ ਕਰਕੇ 2 ਕਰੋੜ 64 ਲੱਖ 19 ਹਜ਼ਾਰ ਬੱਚੇ ਸਕੂਲਾਂ-ਕਾਲਜਾਂ ਵਿੱਚ ਪੜ੍ਹਦੇ ਸਨ, ਜਿੰਨ੍ਹਾਂ ਵਿੱਚ 1 ਕਰੋੜ 91 ਲੱਖ 63 ਹਜ਼ਾਰ ਬੱਚੇ ਪਹਿਲੇ ਤੋਂ ਸੱਤਵੀਂ ਤੱਕ, 66 ਲੱਖ 74 ਹਜ਼ਾਰ ਅੱਠਵੀਂ ਤੋਂ ਦਸਵੀਂ ਤੱਕ ਅਤੇ 4 ਲੱਖ 91 ਹਜ਼ਾਰ ਵਿਦਿਆਰਥੀ ਉੱਚ ਸਿੱਖਿਆ ਹਾਸਲ ਕਰ ਰਹੇ ਸਨ। 

1914 ਵਿੱਚ ਜਿੱਥੇ 91 ਉੱਚ ਸਿੱਖਿਆ ਸੰਸਥਾਵਾਂ ਸਨ, ਉਥੇ 1933 ਵਿੱਚ ਇਹਨਾਂ ਦੀ ਗਿਣਤੀ 600 ਹੋ ਗਈ। 

1929 ਵਿੱਚ ਵਿਗਿਆਨਕ ਖੋਜ ਸੰਸਥਾਵਾਂ ਦੀ ਗਿਣਤੀ 400 ਸੀ, ਉਹ 1933 ਵਿੱਚ 840 ਹੋ ਗਈ। 

1929 ਵਿੱਚ ਅਖ਼ਬਾਰਾਂ ਦੀ ਗਿਣਤੀ 1 ਕਰੋੜ 25 ਲੱਖ ਤੋਂ ਵਧ ਕੇ 1933 ਵਿੱਚ 3 ਕਰੋੜ 65 ਲੱਖ ਹੋ ਗਈ। 

1933 ਵਿੱਚ ਮਜ਼ਦੂਰਾਂ ਵਿੱਚ ਕੰਮ ਕਰਨ ਵਾਲੇ ਉੱਚ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਦੀ ਗਿਣਤੀ 51.4%, ਕਿਸਾਨਾਂ ਵਿੱਚ ਕੰਮ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 16.5% ਸੀ, ਜਦੋਂ ਕਿ ਜਰਮਨੀ ਵਿੱਚ ਇਹ ਕ੍ਰਮਵਾਰ 3.2% ਅਤੇ 2.4% ਹੀ ਸੀ। 

1954 ਵਿੱਚ ਛਪੇ ‘ਸੌ ਸਵਾਲ ਸੌ ਜਵਾਬ’ ਨਾਮੀ ਇੱਕ ਪੈਂਫਲਿਟ ਵਿੱਚ

ਸਿੱਖਿਆ ਨਾਲ ਸਬੰਧਤ ਹੋਰ ਜਾਣਕਾਰੀ ਇਸ ਤਰ੍ਹਾਂ ਦਿੱਤੀ ਗਈ ਸੀ

1954 ਵਿੱਚ ਜਦੋਂ ਸੋਵੀਅਤ ਯੂਨੀਅਨ ਦੀ ਆਬਾਦੀ 20 ਕਰੋੜ ਸੀ ਤਾਂ 

ਸਾਰੇ ਹੀ ਬੱਚੇ ਸਕੂਲ ਜਾਂਦੇ ਸਨ। 

ਆਮ ਅਤੇ ਵਿਸ਼ੇਸ਼ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 7 ਕਰੋੜ 80 ਲੱਖ ਸੀ। 

ਸੋਵੀਅਤ ਸੰਘ ਵਿੱਚ 2 ਲੱਖ 20 ਹਜ਼ਾਰ ਸਕੂਲ ਚਲਾਏ ਜਾ ਰਹੇ ਸਨ। 

ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ 16 ਲੱਖ ਤੋਂ ਉੱਪਰ ਸੀ। 

1952 ਵਿੱਚ ਸੋਵੀਅਤ ਸੰਘ ਵਿੱਚ 4 ਲੱਖ ਤੋਂ ਵੱਧ ਮਜ਼ਦੂਰਾਂ ਕਿਸਾਨਾਂ ਅਤੇ ਹੋਰਨਾਂ ਕਿੱਤਿਆਂ ਵਿੱਚ ਕੰਮ ਕਰਦੇ ਲੋਕਾਂ ਨੇ ਪੱਤਰ-ਵਿਹਾਰ ਰਾਹੀਂ ਕਾਲਜ ਦੀ ਪੜ੍ਹਾਈ ਹਾਸਲ ਕੀਤੀ। 

ਇਨਕਲਾਬ ਤੋਂ ਪਹਿਲਾਂ ਰੂਸ ਵਿੱਚ 10 ਵਿਅਕਤੀਆਂ ਪਿੱਛੇ 7 ਕਿਤਾਬਾਂ ਛਪਦੀਆਂ ਸਨ। 1953 ਵਿੱਚ ਇਹਨਾਂ ਦੀ ਗਿਣਤੀ 10 ਪਿੱਛੇ 40 ਹੋ ਗਈ ਸੀ। 

1913 ਵਿੱਚ ਜਿੱਥੇ ਹਰ ਕਿਤਾਬ ਦੀਆਂ ਕਾਪੀਆਂ ਦੀ ਔਸਤ ਗਿਣਤੀ 3300 ਹੁੰਦੀ ਸੀ, ਉਥੇ ਇਨਕਲਾਬ ਤੋਂ ਪਿੱਛੋਂ 1953 ਵਿੱਚ ਵਧ ਕੇ 20000 ਕਾਪੀਆਂ ਹੋ ਗਈ। 

1954 ਵਿੱਚ ਪੁਸ਼ਕਿਨ ਦੀਆਂ ਰਚਨਾਵਾਂ ਦੀਆਂ 6 ਕਰੋੜ ਕਾਪੀਆਂ 80 ਭਾਸ਼ਾਵਾਂ ਵਿੱਚ ਛਾਪੀਆਂ ਗਈਆਂ। ਗੋਗੋਲ ਦੀਆਂ ਰਚਨਾਵਾਂ ਦੀਆਂ 2 ਕਰੋੜ ਕਾਪੀਆਂ 38 ਭਾਸ਼ਾਵਾਂ ਵਿੱਚ, ਟਾਲਸਟਾਏ ਦੀਆਂ ਰਚਨਾਵਾਂ 5 ਕਰੋੜ ਕਾਪੀਆਂ 75 ਭਾਸ਼ਾਵਾਂ ਵਿੱਚ, ਗੋਰਕੀ ਦੀਆਂ ਰਚਨਾਵਾਂ ਦੀਆਂ 7 ਕਰੋੜ 20 ਲੱਖ ਕਾਪੀਆਂ 71 ਭਾਸ਼ਾਵਾਂ ਵਿੱਚ, ਸ਼ੋਲੋਖੋਵ ਦੇ ਨਾਵਲਾਂ ਦੀਆਂ 1 ਕਰੋੜ 80 ਲੱਖ ਕਾਪੀਆਂ 53 ਭਾਸ਼ਾਵਾਂ ਵਿੱਚ ਛਾਪੀਆਂ ਗਈਆਂ ਸਨ। ਇਸੇ ਤਰ੍ਹਾਂ ਹਿਊਗੋ ਦੀਆਂ ਰਚਨਾਵਾਂ ਦੀਆਂ 72 ਲੱਖ 81 ਹਜ਼ਾਰ 44 ਭਾਸ਼ਾਵਾਂ ਵਿੱਚ, ਸ਼ੈਕਸਪੀਅਰ ਦੀਆਂ 23 ਲੱਖ 50 ਹਜ਼ਾਰ 25 ਭਾਸ਼ਾਵਾਂ ਵਿੱਚ, ਵੇਲ ਤੇ ਕਿਪਲਿੰਗ ਦੀਆਂ 30-30 ਲੱਖ ਕਾਪੀਆਂ, ਹੇਨ ਦੀਆਂ 14 ਲੱਖ ਕਾਪੀਆਂ ਛਪੀਆਂ ਸਨ। 

1914 ਵਿੱਚ 12 ਹਜ਼ਾਰ 5 ਸੌ ਲਾਇਬ੍ਰੇਰੀਆਂ ਸਨ, ਜਦੋਂ ਕਿ 1954 ਵਿੱਚ ਇਨ੍ਹਾਂ ਦੀ ਗਿਣਤੀ 3 ਲੱਖ 80 ਹਜ਼ਾਰ ਸੀ। 

1954 ਵਿੱਚ ਸੋਵੀਅਤ ਯੂਨੀਅਨ ਵਿੱਚ 7800 ਰੋਜ਼ਾਨਾ ਅਖ਼ਬਾਰਾਂ ਅਤੇ 1500 ਮੈਗਜ਼ੀਨ-ਰਸਾਲੇ ਛਪਦੇ ਸਨ। ਅਖ਼ਬਾਰਾਂ ਦੀ ਰੋਜ਼ਾਨਾ ਗਿਣਤੀ 4 ਕਰੋੜ 40 ਲੱਖ ਸੀ ਜੋ ਕਿ 1913 ਦੇ ਮੁਕਾਬਲੇ 14 ਗੁਣਾ ਵਧੇਰੇ ਸੀ।

1958 ਦੀ ਮਰਦਮਸ਼ੁਮਾਰੀ ਅਨੁਸਾਰ, ਸੋਵੀਅਤ ਯੂਨੀਅਨ ਵਿੱਚ ਕੌਮੀ ਅਰਥਚਾਰੇ ਵਿੱਚ ਜੁਟੇ ਸੈਕੰਡਰੀ ਅਤੇ ਉਚੇਰੀ ਵਿੱਦਿਆ ਪ੍ਰਾਪਤ ਮਾਹਰਾਂ ਵਿੱਚ 50% ਤੋਂ ਵੱਧ ਔਰਤਾਂ ਸਨ। 

              ਵੀਅਤਨਾਮ ਨੇ ਅਮਰੀਕਾ ਖਿਲਾਫ਼ ਜੰਗ ਲੜਦੇ ਹੋਏ ਵੀ ਵਿੱਦਿਆ ਦੇ ਖੇਤਰ ਵਿੱਚ ਮੱਲਾਂ ਮਾਰੀਆਂ 

1945 ’ਚ ਇਨਕਲਾਬ ਤੋਂ ਪਹਿਲਾਂ ਵੀਅਤਨਾਮ ਵਿੱਚ 95% ਲੋਕ ਅਨਪੜ੍ਹ ਸਨ,ਜਦੋਂ ਕਿ ਇਨਕਲਾਬ ਤੋਂ 15 ਸਾਲ ਬਾਅਦ 1960 ਵਿੱਚ ਵੀਅਤਨਾਮ ਦੀ ਆਬਾਦੀ 2.5 ਕਰੋੜ ਸੀ। 

     ਸਿੱਖਿਆ ਦੇ ਖੇਤਰ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਹੋਇਆ ਵਾਧਾ  

ਸੰਸਥਾ                                                                        1939 ਵਿੱਚ ਸਮੁੱਚੇ            1959-60 ’ਚ ਸਿਰਫ਼

                                    ਹਿੰਦ-ਚੀਨੀ ’ਚ ਗਿਣਤੀ     ਸਿਰਫ਼ ਉੱਤਰੀ ਵੀਅਤਨਾਮ ’ਚ                                                                                ਗਿਣਤੀ

ਯੂਨੀਵਰਸਿਟੀਆਂ ’ਚ                                                                    582             8518

ਤਕਨੀਕੀ  ਸੰਸਥਾਵਾਂ                                                                   438              18100

ਆਮ-ਵਿਦਿਆ ਵਾਲੇ

 ਸਕੂਲਾਂ ’ਚ                                                                      540000            1522200

ਹਸਪਤਾਲ                                                                                 54 138

ਡਾਕਟਰ                                                                              86 292

ਪੇਂਡੂ ਸਿਹਤ ਕੇਂਦਰ                                                                 138 1500

ਨਰਸਾਂ                                                                          968 6020

ਇਸ ਅਰਸੇ ਦੌਰਾਨ ਭਾਵੇਂ ਵੀਅਤਨਾਮ ਅਮਰੀਕਾ ਦੇ ਜਾਬਰ ਹੱਲੇ ਦਾ ਸਾਹਮਣਾ ਕਰਦਾ ਆ ਰਿਹਾ ਸੀ ਪਰ ਫੇਰ ਵੀ ਆਮ ਵਿੱਦਿਆ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 3.5 ਗੁਣਾ, ਉੱਚ ਅਤੇ ਕਿੱਤਾਕਾਰੀ ਸੰਸਥਾਵਾਂ ਦੇ ਵਿਦਿਆਰਥੀਆਂ ਵਿੱਚ 2.5ਗੁਣਾ ਵਾਧਾ ਹੋਇਆ। ਘੱਟ ਗਿਣਤੀ ਕੌਮੀਅਤਾਂ ਅਤੇ ਲੋਕਾਂ ਲਈ ਨਵੀਂ ਲਿੱਪੀ ਘੜੀ ਗਈ। 70-80 ਸਾਲਾਂ ਦੀ ਉਮਰ ਤੱਕ ਦੇ ਬਜ਼ੁਰਗਾਂ ਨੂੰ ਬਾਲਗ ਵਿੱਦਿਆ ਦਿੱਤੀ ਜਾਣ ਲੱਗੀ ਤੇ ਖਾਣ-ਪੀਣ, ਰਹਿਣ-ਸਹਿਣ ਆਦਿ ਨਾਲ ਸੰਬੰਧਤ ਸਿਖਲਾਈ ਦਿੱਤੀ ਗਈ। 

1968 ਤੱਕ ਉੱਤਰੀ ਵੀਅਤਨਾਮ ਵਿੱਚ 12000 ਸਕੂਲ ਸਨ। ਹਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਸੀ। ਸਕੂਲ ਜਾਣ ਵਾਲਿਆਂ ਦੀ ਗਿਣਤੀ 60 ਲੱਖ ਨੂੰ ਜਾ ਢੁੱਕੀ ਸੀ, ਜਿਹਨਾਂ ਵਿੱਚ 10 ਲੱਖ ਦੇ ਕਰੀਬ ਮਜ਼ਦੂਰ-ਕਿਸਾਨ ਅਤੇ ਹੋਰ ਲੋਕਾਈ ਆਪਣੇ ਕੰਮ-ਕਾਰ ਕਰਦੇ ਹੋਏ ਨਾਲ ਦੀ ਨਾਲ ਪੜ੍ਹਾਈ ਜਾਰੀ ਰੱਖ ਰਹੇ ਸਨ। 

ਚੀਨ ਨੇ 20 ਸਾਲਾਂ ਵਿੱਚ 30 ਕਰੋੜ ਨੂੰ ਸਿੱਖਿਆ ਦਿੱਤੀ

ਇਨਕਲਾਬ ਤੋਂ 20 ਸਾਲ ਪਹਿਲਾਂ ਚੀਨ ਵਿੱਚ 80% ਲੋਕ ਅਨਪੜ੍ਹ ਸਨ। 1949 ਵਿੱਚ ਇਨਕਲਾਬ ਤੋਂ ਪਹਿਲਾ ਅਨਪੜ੍ਹਾਂ ਦੀ ਗਿਣਤੀ 90% ਤੱਕ ਜਾ ਪਹੁੰਚੀ ਸੀ। ਇਨਕਲਾਬ ਤੋਂ ਪਿੱਛੋਂ ਚੀਨ ਨੇ ਜਿੱਥੇ ਆਪਣੀ ਤਬਾਹ ਹੋਈ ਆਰਥਿਕਤਾ ਨੂੰ ਪੈਰਾਂ ਸਿਰ ਖੜ੍ਹੇ ਕੀਤਾ, ਜ਼ਮੀਨ ਹਲਵਾਹਕਾਂ ਨੂੰ ਵੰਡੀ, ਸਾਮਰਾਜੀ ਤੇ ਉਹਨਾਂ ਦੇ ਟੋਡੀਆਂ ਦੀਆਂ ਜ਼ਮੀਨਾਂ- ਜਾਇਦਾਦਾਂ ਨੂੰ ਜਬਤ ਕੀਤਾ ਤਾਂ ਦੇਸ਼ ਤਰੱਕੀ ਦੀਆਂ ਮੰਜ਼ਲਾਂ ਤਹਿ ਕਰਨ ਲੱਗਾ। ਫੇਰ ਚੀਨੀ ਹਕੂਮਤ ਨੇ ਲੋਕਾਂ ਵਿੱਚ ਵਿੱਦਿਆ ਫੈਲਾਉਣ ’ਤੇ ਜ਼ੋਰ ਲਾਇਆ, ਜਿਸ ਸਦਕਾ 20 ਕੁ ਸਾਲਾਂ ਦੇ ਅਰਸੇ ਵਿੱਚ 30 ਕਰੋੜ ਲੋਕਾਂਨੂੰ ਮੁਢਲੀ ਵਿੱਦਿਆ ਦੇ ਕੇ ਸਾਖਰਤਾ ਦਰ 66% ਤੱਕ ਪਹੁੰਚਾ ਦਿੱਤੀ। 

ਇਨਕਲਾਬ ਦੇ ਪਹਿਲੇ ਦਹਾਕੇ ਵਿੱਚ ਪ੍ਰਾਇਮਰੀ ਸਕੂਲਾ ਵਿੱਚ ਸਾਲਾਨਾ ਭਰਤੀ 4 ਗੁਣਾ ਵਧ ਗਈ, ਮਿਡਲ ਸਕੂਲਾਂ ਵਿੱਚ ਇਹ ਵਾਧਾ 10 ਗੁਣਾ ਅਤੇ ਉੱਚ ਸਿੱਖਿਆ ਵਿੱਚ 7 ਗੁਣਾ ਸੀ। ਇਸ ਅਰਸੇ ਦੌਰਾਨ 2 ਲੱਖ ਤੋਂ ਉੱਪਰ ਇੰਜਨੀਅਰ ਪੈਦਾ ਕੀਤੇ ਗਏ। 1958-59 ਦੇ ਸੈਸ਼ਨ ਦੌਰਾਨ 35% ਵਿਦਿਆਰਥੀ ਅਧਿਆਪਨ ਦੇ ਕਿੱਤੇ ’ਚ, 31% ਇੰਜਨੀਅਰਿੰਗ ’ਚ, 6ਤੋਂ 9% ਖੇਤੀ ਅਤੇ ਜੰਗਲਾਤ ਵਿਭਾਗ ’ਚ, 10% ਡਾਕਟਰੀ ਅਤੇ .5% ਫਾਈਨ-ਆਰਟ ’ਚ ਪੜ੍ਹਾਈ ਕਰ ਰਹੇ ਸਨ। ਇਸ ਅਰਸੇ ਵਿੱਚ 50% ਵਿਦਿਆਰਥੀ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਵਿੱਚੋਂ ਆਏ ਹੋਏ ਸਨ। 

ਸੰਸਾਰ ਬੈਂਕ ਦੀ ਵਿਕਾਸਸ਼ੀਲ ਦੇਸ਼ਾਂ ਦੇ ਕੀਤੇ ਅਧਿਐਨ ਦੀ ਇੱਕ ਰਿਪੋਰਟ ਮੁਤਾਬਕ 

 ਉਨ੍ਹਾਂ ਦੇ ਵਿੱਦਿਅਕ ਮਿਆਰ ਹੇਠ ਲਿਖੇ ਅਨੁਸਾਰ ਸਨ

 ਦੇਸ਼            ਪ੍ਰਾਇਮਰੀ ਸਕੂਲ ਸੈਕੰਡਰੀ ਸਕੂਲ         ਬਾਲਗ ਵਿੱਦਿਆ

ਚੀਨ                  93%                51%                        66%

ਭਾਰਤ               64%                 28%                       36%

ਹੋਰ ਵਿਕਾਸਸ਼ੀਲ ਦੇਸ਼  62%                 26%                       51%

                        ਸਕੁੂਲੀ ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਵਾਧਾ

ਸਾਲ                    ਪ੍ਰਾਇਮਰੀ            ਸੈਕੰਡਰੀ              ਉੱਚ-ਵਿੱਦਿਆ

1949                 7 ਕਰੋੜ              40 ਲੱਖ            1ਲੱਖ 85 ਹਜ਼ਾਰ 

1980              30 ਕਰੋੜ 5 ਲੱਖ     5 ਕਰੋੜ 10 ਲੱਖ      3 ਲੱਖ 

ਸਿੱਖਿਆ ਦੇ ਖੇਤਰ ’ਚ  ਕਿਊਬਾ ਦਾ ਕੋਈ ਸਾਨੀ ਨਹੀਂ                                                                                                   

 ਇਸ ਸਮੇਂ ਕਿਊਬਾ ਦੀ ਆਬਾਦੀ 1 ਕਰੋੜ 10 ਲੱਖ ਹੈ। ਇਨਕਲਾਬ ਤੋਂ ਪਹਿਲਾਂ 1959 ਵਿੱਚ 71 ਲੱਖ ਦੀ ਆਬਾਦੀ ਵਿੱਚੋਂ 1.5 ਲੱਖ ਹੀ ਮਸਾਂ ਪੰਜਵੀਂ ਪਾਸ ਸਨ, ਜਦੋਂ ਹੁਣ 6 ਲੱਖ  ਤਾਂ ਗਰੈਜੂਏਟ ਹੀ ਹਨ ਅਤੇ 3 ਲੱਖ ਅਧਿਆਪਕ ਤੇ ਪ੍ਰੋਫੈਸਰ ਹਨ। ਸਭਨਾਂ ਲਈ ਮੁਫ਼ਤ ਵਿੱਦਿਆ ਹੈ। ਨੌਜਵਾਨਾਂ, ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਇਨਕਲਾਬ ਦੇ ਪਹਿਲੇ ਦੋ ਸਾਲਾਂ ਵਿੱਚ ਹੀ 10 ਲੱਖ ਲੋਕਾਂ ਨੂੰ ਪੜ੍ਹਨਾ-ਲਿਖਣਾ ਸਿਖਾਇਆ ਗਿਆ ਸੀ। ਇਸ ਸਮੇਂ ਕਿਊਬਾ ਵਿੱਚ 21 ਮੈਡੀਕਲ ਕਾਲਜ ਹਨ। 64000 ਡਾਕਟਰ ਹਨ ਤੇ 176 ਲੋਕਾਂ ਦੀ ਖਾਤਰ ਇੱਕ ਡਾਕਟਰ ਮੁਹੱਈਆ ਹੈ, ਜਿੰਨ੍ਹਾਂ ਕਰਕੇ ਸਿਹਤ ਸੇਵਾਵਾਂ ਸੰਸਾਰ ਭਰ ’ਚ ਸਭਨਾਂ ਦੇਸ਼ਾ ਨਾਲੋਂ ਅੱਵਲ ਹਨ। ਕਿਊਬਾ ਵਿੱਚ ਸੈਕੰਡਰੀ ਸਕੂਲਾਂ ਵਿੱਚ 95 % ਬੱਚੇ ਦਾਖਲ ਹੁੰਦੇ ਹਨ। ਇਸ ਸਮੇਂ ਕਿਊਬਾ ਵਿੱਚ 30 ਹਜ਼ਾਰ ਸਰੀਰਕ ਸਿੱਖਿਆ ਦੇ ਅਧਿਆਪਕ ਹਨ। ਬੱਚਿਆ ਦੀ ਸ਼ੁਰੂ ਤੋਂ ਹੀ ਚੰਗੀ ਸਰੀਰਕ ਸਿੱਖਿਆ ਅਤੇ ਸਿਖਲਾਈ ਦਾ ਨਤੀਜਾ ਹੈ ਕਿ ਅੱਜ ਵਸੋਂ ਦੇ ਹਿਸਾਬ ਨਾਲ ਕਿਊਬਾ ਸੰਸਾਰ ਪੱਧਰ ਦੀਆਂ ਖੇਡਾਂ  ਵਿੱਚ ਮੈਡਲ ਜਿੱਤਣ ਵਾਲਾ ਪਹਿਲੇ ਨੰਬਰ ’ਤੇ ਆਇਆ ਹੋਇਆ ਦੇਸ਼ ਹੈ। ਇਸ ਸਮੇਂ ਕਿਊਬਾ ਵਿੱਚ ਕੋਈ ਵੀ ਅਨਪੜ੍ਹ ਨਹੀਂ ਹੈ। ਸਾਰੇ ਹੀ ਬੱਚੇ ਸਕੂਲਾਂ ਵਿੱਚ ਜਾਂਦੇ ਹਨ।

16 ਸਤੰਬਰ 2002 ਨੂੰ ਕਿਊਬਾ ਦੇ ਰਾਸ਼ਟਰਪਤੀ  ਫੀਡਲ ਕਾਸਟਰੋ ਨੇ ਕੌਮਾਂਤਰੀ ਸੰਸਥਾਵਾਂ ਤੋਂ ਹਾਸਲ  ਅੰਕੜਿਆਂ ਤੋਂ ਵੇਰਵੇ ਦਿੱਤੇ ਹਨ ਜਿਹਨਾਂ ਅਨੁਸਾਰ ਦੁਨੀਆਂ ਵਿੱਚ ਸਭ ਤੋਂ ਵੱਧ ਸਾਖਰਤਾ ਹਾਸਲ ਕਰਨ ਵਾਲੇ ਦੇਸ਼ਾਂ ਵਿੱਚ ਕਿਊਬਾ ਦਾ ਨੰਬਰ ਸਭ ਤੋਂ ਉੱਪਰ ਹੈ।

(ਮੁਕਤੀ ਮਾਰਗ ਦੀ 2003 ਦੀ ਫਾਇਲ ’ਚੋਂ)

No comments:

Post a Comment