Thursday, April 26, 2018

ਯੂ. ਪੀ. ’ਚ ਪੁਲਿਸ ਮੁਕਾਬਲਿਆਂ ਦੀ ਹਨ੍ਹੇਰੀ ਦਲਿਤ ਅਤੇ ਮੁਸਲਿਮ ਅਬਾਦੀ ਨਿਸ਼ਾਨਾ




ਯੂ. ਪੀ. ਚ ਪੁਲਿਸ ਮੁਕਾਬਲਿਆਂ ਦੀ ਹਨ੍ਹੇਰੀ
ਦਲਿਤ ਅਤੇ ਮੁਸਲਿਮ ਅਬਾਦੀ ਨਿਸ਼ਾਨਾ
ਮਾਰਚ 2017 ਵਿਚ ਯੋਗੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਗੁਜਰਾਤ ਦੀ ਤਰਜ਼ ਤੇ ਯੂ ਪੀ, ਭਾਜਪਾ ਦੀ ਸਿਆਸਤ ਦੇ ਨਮੂਨੇ ਵਜੋਂ ਸਥਾਪਤ ਹੋ ਰਿਹਾ ਹੈ ਇਸ ਸਮੇਂ ਦੌਰਾਨ ਨਾ ਸਿਰਫ ਵੱਡੇ ਘਰਾਣਿਆਂ ਅਤੇ ਸਾਮਰਾਜੀਆਂ ਨਾਲ 1045 ਸਮਝੌਤੇ ਸਹੀਬੰਦ ਹੋਏ ਹਨ, ਫਿਰਕੂ ਫਸਾਦ ਨਿਰੰਤਰ ਜਾਰੀ ਹਨ, ਸਗੋਂ 1200 ਤੋਂ ੳੱੁਪਰ ਪੁਲਿਸ ਮੁਕਾਬਲਿਆਂ ਦੌਰਾਨ 49 ਵਿਅਕਤੀ ਮਾਰੇ ਗਏ ਹਨ ਜਿਨ੍ਹਾਂ ਮੁਕਾਬਲਿਆਂ ਦੇ ਫਰਜ਼ੀ ਹੋਣ ਬਾਰੇ ਅਨੇਕਾਂ ਪਾਸਿਓਂ ਆਵਾਜ਼ ੳੱੁਠੀ ਹੈ ਨਾਲ ਹੀ ਇਹਨਾਂ ਵਿਅਕਤੀਆਂ ਦੀ ਬਹੁਗਿਣਤੀ ਦਲਿਤਾਂ ਅਤੇ ਮੁਸਲਮਾਨਾਂ ਨਾਲ ਸਬੰਧਤ ਹੋਣ ਬਾਰੇ ਵੀ ਸੁਆਲ ਉੱਠੇ ਹਨ
ਮੁਜਰਮਾਂ ਨੂੰ ਠੱਲ੍ਹ ਪਾਉਣ ਦੇ ਨਾਂ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਮਾਰੇ ਗਏ ਲੋਕਾਂ ਦੇ ਪੀੜਤ ਪਰਿਵਾਰਾਂ ਅਨੁਸਾਰ ਇਹ ਮੁਕਾਬਲੇ ਪੂਰੀ ਤਰ੍ਹਾਂ ਝੂਠੇ ਹਨ ਕਾਇਰਾਨਾ ਸ਼ਹਿਰ ਨੇੜੇ ਭੂਰਾ ਪਿੰਡ ਦੇ ਨੌਸ਼ਾਦ ਨੂੰ ਉਸ ਦੇ ਪਿਤਾ ਕੋਲ ਖੜ੍ਹੇ ਨੂੰ ਅਗਵਾ ਕੀਤਾ ਗਿਆ ਅਤੇ 29 ਜੁਲਾਈ 2017 ਨੂੰ ਉਸ ਨੂੰ ਮੁਕਾਬਲਾ ਦਿਖਾ ਕੇ ਮਾਰ ਦਿੱਤਾ ਗਿਆ 3 ਅਗਸਤ ਨੂੰ ਪਰਿਵਾਰ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਕਾਇਤ ਕਰਨ ਤੋਂ ਅਗਲੇ ਹੀ ਦਿਨ ਪੁਲਿਸ ਵੱਲੋਂ ਨੌਸ਼ਾਦ ਦੇ ਭਰਾ ਅਤੇ ਚਾਚੇ ਉਪਰ ਸਮੂਹਕ ਬਲਾਤਕਾਰ ਦਾ ਕੇਸ ਪਾ ਦਿੱਤਾ ਗਿਆ ਇਹੋ ਕੁੱਝ ਉਸਦੇ ਨਾਲ ਮਾਰੇ ਗਏ ਉਸ ਦੇ ਦੋਸਤ ਸਰਵਰ ਦੇ ਪਰਿਵਾਰ ਨਾਲ ਵਾਪਰਿਆ ਜਦੋਂ ਸਰਵਰ ਦੇ ਚਚੇਰੇ ਭਰਾ ਵੱਲੋਂ ਇਸ ਸਬੰਧੀ ਸ਼ਕਾਇਤ ਕੀਤੀ ਗਈ ਤਾਂ ਉਸ ਦੇ ਪਰਿਵਾਰ ਉੱਪਰ ਵੀ ਗੈਂਗ ਰੇਪ ਦਾ ਕੇਸ ਪਾ ਦਿੱਤਾ ਗਿਆ ਦਰਅਸਲ ਸਰਵਰ ਅਤੇ ਨੌਸ਼ਾਦ ਦੀ ਗੱਲਬਾਤ ਦੀ ਇਕ ਆਡੀਓ ਕਲਿਪ ਵੀ ਸਾਹਮਣੇ ਆਈ ਹੈ ਜਿਸ ਵਿਚ ਸਰਵਰ ਦੋਨਾਂ ਦਾ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਜਾਹਰ ਕਰਕੇ ਨੌਸ਼ਾਦ ਨੂੰ ਆਤਮ ਸਮਰਪਣ ਲਈ ਕਹਿ ਰਿਹਾ ਹੈ ਤੇ ਨੌਸ਼ਾਦ ਈਦ ਤੋਂ ਬਾਅਦ ਆਤਮ ਸਮਰਪਣ ਦੀ ਗੱਲ ਕਰ ਰਿਹਾ ਹੈ
ਬਾਗਪਤ ਦੇ ਚਿਰਚਿਤਾ ਪਿੰਡ ਦੇ ਕਿਸਾਨ ਕਰਮ ਸਿੰਘ ਦੇ ਲੜਕੇ ਸੁਮਿਤ ਦੇ ਮੁਕਾਬਲੇ ਬਾਰੇ ਪੁਲਿਸ ਵੱਲੋਂ ਕਿਹਾ ਗਿਆ ਕਿ ੳਸ ਨੇ ਕਾਰ ਚਲਾਉਦੇ ਹੋਇਆਂ ਪੁਲਿਸ ੳੱੁਪਰ ਗੋਲੀਆਂ ਚਲਾਈਆਂ, ਜਦੋਂ ਕਿ ਉਸਦੇ ਪਰਿਵਾਰ ਅਨੁਸਾਰ ਸੁਮਿਤ ਨੂੰ ਕਾਰ ਚਲਾਉਣੀ ਨਹੀਂ ਆਉਦੀ ਸੀ ਪਰਿਵਾਰ ਵੱਲੋਂ ਇਸ ਸਬੰਧੀ ਸ਼ਕਾਇਤ ਕਰਨ ਉਪਰੰਤ ਸੁਮਿਤ ਦੇ ਭਰਾ ਅਤੇ ਦੋ ਚਚੇਰੇ ਭਰਾਵਾਂ ਤੇ ਗੈਂਗ ਰੇਪ ਦਾ ਕੇਸ ਪਾ ਦਿੱਤਾ ਗਿਆ ਪੁਲਿਸ ਨੇ ਇੱਕ ਵਾਰ ਫੋਨ ਕਰਕੇ ਕਰਮ ਸਿੰਘ ਤੋਂ ਸੁਮਿਤ ਨੂੰ ਛੱਡਣ ਬਦਲੇ 3.5 ਲੱਖ ਫਿਰੌਤੀ ਦੀ ਵੀ ਮੰਗ ਕੀਤੀ ਪਰ ਜਦੋਂ ਪਰਿਵਾਰ ਇਹ ਰਕਮ ਲੈਕੇ ਪੁੱਜਾ ਤਾਂ ਪੁਲਿਸ ਨੇ ਕਿਹਾ ਕਿ ਹੁਣ ਗੱਲ ਦੂਰ ਨਿੱਕਲ ਚੁੱਕੀ ਹੈ ਇਸ ਤੋਂ ਬਾਅਦ ਸੁਮਿਤ ਦੇ ਪੁਲਿਸ ਮੁਕਾਬਲੇ ਵਿਚ ਮਾਰੇ ਜਾਣ ਦੀ ਖਬਰ ਆਈ
ਲੰਘੀ 15 ਫਰਵਰੀ ਨੂੰ ਯੋਗੀ ਨੇ ਯੂ ਪੀ ਵਿਧਾਨ ਸਭ ਵਿਚ ਬਿਆਨ ਦਿੱਤਾ ਕਿ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ 1200 ਮੁਕਾਬਲਿਆਂ ਅੰਦਰ 40 ਅਪਰਾਧੀ ਮਾਰੇ ਗਏ ਹਨ ਅਤੇ ਅਜਿਹੇ ਮੁਕਾਬਲੇ ਭਵਿੱਖ ਵਿਚ ਵੀ ਜਾਰੀ ਰਹਿਣਗੇ ਯੋਗੀ ਅਨੁਸਾਰ ਯੂ ਪੀ ਸਰਕਾਰ ਮੁਜ਼ਰਮਾਂ, ਦੇਸ਼ ਵਿਰੋਧੀਆਂ ਅਤੇ ਗੈਰਸਮਾਜਕ ਵਿਅਕਤੀਆਂ ਖਿਲਾਫ ਆਪਣੀ ਲੜਾਈ ਜਾਰੀ ਰੱਖੇਗੀ
ਯੂ ਪੀ ਦਾ ਪੁਲਿਸ ਮੁਖੀ ਓਮ ਪ੍ਰਕਾਸ਼ ਸਿੰਘ ਇਹਨਾਂ ਮੁਕਾਬਲਿਆਂ ਬਾਰੇ ਬੋਲਣ ਲੱਗਿਆਂ ਆਪਣੀ ਸਮਾਜਕ ਦਿੱਖ ਦੀ ਵੀ ਪ੍ਰਵਾਹ ਨਹੀਂ ਕਰਦਾ ਉਸ ਅਨੁਸਾਰ ਪਿਛਲੀਆਂ ਹਕੂਮਤਾਂ ਨੇ ( ਦਲਿਤਾਂ, ਮੁਸਲਮਾਨਾਂ)  ਕੁੱਝ ਹਿੱਸਿਆਂ ਦੀਆਂ ਵਾਗਾਂ ਖੁੱਲ੍ਹੀਆਂ ਛੱਡੀਆਂ ਹੋਈਆਂ ਸਨ ਤੇ ਇਹਨਾਂ ਨਾਲ ਸਿੱਝਣ ਦਾ ਇਹੀ ਤਰੀਕਾ ਹੈ ਹਕੀਕਤ ਵਿਚ ਯੂਪੀ ਅੰਦਰ ਅਜਿਹੇ ਮੁਕਾਬਲੇ ਬਣਾ ਕੇ ਤਰੱਕੀਆਂ ਅਤੇ ਮੈਡਲ ਹਾਸਲ ਕਰਨ ਦੀ ਦੌੜ ਲੱਗੀ ਹੋਈ ਹੈ ਲੰਘੀ 17 ਅਪ੍ਰੈਲ ਨੂੰ ਇਕ ਵਿਅਕਤੀ ਨੂੰ ਫਰਜ਼ੀ ਮੁਕਾਬਲੇ ਤੋਂ ਬਚਣ ਲਈ ਭਾਜਪਾ ਦੇ ਐਮ ਐਲ ਏ ਅਤੇ ਜਿਲ੍ਹਾ ਪ੍ਰਧਾਨ ਕੋਲ ਜਾਣ ਦੀ ਸਲਾਹ ਦੇਣ ਵਾਲੇ ਐਸ ਐਚ ਓ ਸੁਨੀਤ ਕੁਮਾਰ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਤੇ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ
ਇਨ੍ਹਾਂ ਕੇਸਾਂ ਅੰਦਰ ਹਿੳੂਮਨ ਰਾਈਟਸ ਕਮਿਸ਼ਨ ਵੀ ਮੂਕ ਦਰਸ਼ਕ ਰਿਹਾ ਹੈ ਜਾਂ ਵੱਧ ਤੋਂ ਵੱਧ ਪੀੜਤ ਪਰਿਵਾਰਾਂ ਨੂੰ ਮੁਆਵਜੇ ਦੀ ਗੱਲ ਕੀਤੀ ਗਈ ਹੈ ਪਰ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਮੈਜਿਸਟਰੇਟੀ ਜਾਂਚ ਜਾਂ ਤਾਂ ਕੀਤੀ ਹੀ ਨਹੀਂ ਜਾਂਦੀ ਜਾਂ ਫਰਜ਼ੀ ਹੁੰਦੀ ਹੈ ਲੱਗਭੱਗ ਸਾਰੇ ਕੇਸਾਂ ਅੰਦਰ ਮਾਰੇ ਗਏ ਵਿਅਕਤੀਆਂ ਖਿਲਾਫ ਹੀ ਐਫ ਆਈ ਆਰ ਦਰਜ ਹੁੰਦੀ ਹੈ ਦਰਅਸਲ ਇਹ ਮੁਕਾਬਲੇ ਸਟੇਟ ਦੀ ਨੀਤੀ ਦਾ ਹਿੱਸਾ ਬਣ ਚੁੱਕੇ ਹਨ
ਮੁਜਰਮਾਂ ਨੂੰ ਕਰੜੇ ਹੱਥੀਂ ਲੈਣ ਦਾ ਪਖੰਡ ਕਰ ਰਹੀ ਯੋਗੀ ਸਰਕਾਰ ਨੂੰ 2013 ਦੇ ਮੁਜੱਫਰਨਗਰ ਦੰਗਿਆਂ ਦੇ ਦੋਸ਼ੀਆਂ ਖਿਲਾਫ ਦਰਜ 131 ਕੇਸ ਵਾਪਸ ਲੈਣ ਦੀ ਤਿਆਰੀ ਕਰ ਰਹੀ ਹੈ ਇਹਨਾਂ ਦੰਗਿਆਂ ਅੰਦਰ ਘੱਟੋ ਘੱਟ 60 ਮੁਸਲਮਾਨਾਂ ਨੂੰ ਹਿੰਦੂ ਸ਼ਾਵਨਵਾਦੀਆਂ ਨੇ ਮਾਰ ਮੁਕਾਇਆ ਸੀ ਅਤੇ ਵੱਡੀ ਪੱਧਰ ਤੇ ਉਨ੍ਹਾਂ ਦੇ ਘਰਾਂ ਅਤੇ ਜਾਇਦਾਦ ਦੀ ਸਾੜ ਫੂਕ ਕੀਤੀ ਸੀ ਸਰਕਾਰ ਵਿਚ ਸ਼ਾਮਲ ਕਈ ਵੱਡੇ ਭਾਜਪਾ ਨੇਤਾ ਇਹਨਾਂ ਕੇਸਾਂ ਵਿਚ ਮੁਜ਼ਰਮ ਹਨ ਇਹਨਾਂ ਕੇਸਾਂ ਅੰਦਰ ਪੁਲਿਸ ਦਾ ਰੋਲ ਸ਼ੁਰੂ ਤੋਂ ਇਕਪਾਸੜ ਰਿਹਾ ਹੈ ਐਫ ਆਈ ਆਰ ਦਰਜ ਕਰਨ ਤੋਂ ਲੈ ਕੇ , ਛਾਣਬੀਣ ਕਰਨ , ਅਦਾਲਤ ਵਿਚ ਬਿਆਨ ਦੇਣ ਅਤੇ ਕਾਰਵਾਈ ਕਰਨ ਵਿਚ ਇਹ ਰੋਲ ਇਕਪਾਸੜ ਝਲਕਿਆ ਹੈ ਕਈ ਕੇਸਾਂ ਵਿਚ ਪੁਲਿਸ ਨੇ ਪੀੜਤਾਂ ਵੱਲੋਂ ਲਿਖਾਏ ਦੋਸ਼ੀਆਂ ਦੇ ਨਾਮ ਬਦਲੇ ਹਨ ਹੋਰਨਾਂ ਵਿਚ ਐਫ ਆਈ ਆਰ ਦਰਜ ਕਰਨ ਵੇਲੇ ਪੁਲਿਸ ਨੇ ਇਕ ਜਣੇ ਦੀ ਥਾਂ ਪੂਰੇ ਦੇ ਪੂਰੇ ਪਿੰਡ ਨੂੰ ਕਤਲ ਦਾ ਦੋਸ਼ੀ ਲਿਖਿਆ ਹੈ ਇਹਨਾਂ ਦੰਗਿਆਂ ਨਾਲ ਸਬੰਧਤ ਦੋ ਕਤਲ ਕੇਸਾਂ ਵਿਚ ਇਕ ਟਰਾਇਲ ਕੋਰਟ ਸਾਰੇ ਦੋਸ਼ੀਆਂ ਨੂੰ ਬਰੀ ਕਰ ਚੁੱਕੀ ਹੈ ਕਿਉਕਿ ਸਰਕਾਰੀ ਧਿਰ ਜੁਰਮ ਅੰਦਰ ਉਨ੍ਹਾਂ ਦਾ ਰੋਲ ਸਾਬਤ ਨਹੀਂ ਕਰ ਸਕੀ ਹੁਣ ਯੋਗੀ ਸਰਕਾਰ ਵੱਲੋਂ ਯਕਲਖਤ 131 ਕੇਸਾਂ ਨੂੰ ਵਾਪਸ ਲੈ ਕੇ ਦੋਸ਼ੀਆਂ ਨੂੰ ਹਰ ਪ੍ਰਕਾਰ ਦੇੇ ਅਦਾਲਤੀ ਖਲਜਗਣ ਚੋਂ ਕੱਢਿਆ ਜਾ ਰਿਹਾ ਹੈ ਤੇ ਪੀੜਤਾਂ ਨੂੰ ਠੁੱਠ ਦਿਖਾਇਆ ਜਾ ਰਿਹਾ ਹੈ ਇੱਕ ਮੁੰਡਾ ਜੀਹਦੇ ਮਾਪੇ ਇਹਨਾਂ ਦੰਗਿਆਂ ਚ ਮਾਰੇ ਗਏ ਸਨ ਇੱਕ ਅਖਬਾਰ ਨੂੰ ਸੁਆਲ ਕਰਦਾ ਹੈ, ‘‘ਕੀ ਉਨ੍ਹਾਂ ਨੂੰ ਕਿਸੇ ਨੇ ਨਹੀਂ ਮਾਰਿਆ?’’ ਇਹਨਾਂ ਕੇਸਾਂ ਦੀ ਵਾਪਸੀ ਹਿੰਦੂ ਅੱਤਵਾਦ ਨੂੰ ਸਰਕਾਰੀ ਸ਼ਹਿ ਹੈ ਨਾਲ ਹੀ ਸਰਕਾਰ ਵਿਚ ਬੈਠੇ ਯੋਗੀ ਨੇ ਆਪਣੇ ਖਿਲਾਫ ਦਰਜ 22 ਸਾਲ ਪੁਰਾਣੇ ਕੇਸ ਵਿਚੋਂ ਆਪਣੇ ਆਪ ਨੂੰ ਤੇ ਹੋਰਨਾਂ ਭਾਜਪਾ ਆਗੂਆਂ ਨੂੰ ਬਰੀ ਕਰਦਿਆਂ ਦਸੰਬਰ ਮਹੀਨੇ ਵਿਚ ਗੋਰਖਪੁਰ ਦੇ ਸੀ ਜੇ ਐਮ ਨੂੰ ਲਿਖਿਆ ਹੈ ਕਿ ਸਰਕਾਰ ਇਹ ਕੇਸ ਵਾਪਸ ਲੈ ਰਹੀ ਹੈ ਇਹੋ ਜਿਹੇ 20000 ਕੇਸ ਯੋਗੀ ਸਰਕਾਰ ਨੇ ਵਾਪਸ ਲੈਣੇ ਹਨ ਜਿਹੜੇ ਉਸ ਅਨੁਸਾਰ ਸਿਆਸੀ ਸ਼ਰੀਕੇਬਾਜੀ ਤਹਿਤ ਦਰਜ ਕੀਤੇ ਗਏ ਹਨ
ਝੂਠੇ ਪੁਲਿਸ ਮੁਕਾਬਲੇ ਭਾਰਤ ਅੰਦਰ ਇੱਕ ਪਰਖਿਆ ਪਰਤਿਆਇਆ ਹਥਿਆਰ ਹੈ, ਜਿਸ ਦੀ ਵਰਤੋਂ ਸਾਰੀਆਂ ਹਕੂਮਤਾਂ ਕਰਦੀਆਂ ਆਈਆਂ ਹਨ ਪਹਿਲਾਂ ਨਕਸਲਬਾੜੀ ਦੌਰ ਅੰਦਰ ਤੇ ਫਿਰ ਪੰਜਾਬ ਵਿਚ ਖਾਲਿਸਤਾਨੀ ਦੌਰ ਅੰਦਰ ਇਸ ਦੀ ਵਿਆਪਕ ਵਰਤੋਂ ਹੋਈ ਹੈ ਹੁਣ ਮੱਧ ਭਾਰਤ ਵਿਚ ਮਾਓਵਾਦੀਆਂ ਖਿਲਾਫ ਨਿਸ਼ੰਗ ਵਰਤੋਂ ਜਾਰੀ ਹੈ ਇਸੇ ਹਥਿਆਰ ਨੂੰ ਯੋਗੀ ਸਰਕਾਰ ਨੇ ਮੁਜ਼ਰਮਾਂ ਨੇ ਨਾਂ ਹੇਠ, ਆਉਣ ਵਾਲੇ ਸਮੇਂ ਵਿਚ, ਉਨ੍ਹਾਂ ਖਿਲਾਫ ਸੇਧਤ ਕਰਨਾ ਹੈ, ਜੋ ਉਸ ਅਨੁਸਾਰ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਹਨ ਝੂਠੇ ਪੁਲਿਸ ਮੁਕਾਬਲੇ ਭਾਰਤੀ ਜਮਹੂਰੀਅਤ ਤੇ ਲੱਗੀ ਅਜਿਹੀ ਝਾਲਰ ਹੈ ਜੋ ਵਾਰ-ਵਾਰ ਲਹਿਰਾਉਂਦੀ ਰਹਿੰਦੀ ਹੈ ਤੇ ਇਸਦੇ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਹੋਣ ਦੇ ਦੰਭ ਨੂੰ ਉਘਾੜਦੀ ਰਹਿੰਦੀ ਹੈ

No comments:

Post a Comment