Monday, February 23, 2015

ਪ੍ਰਾਚੀਨ ਭਾਰਤੀ ਸਭਿਅਤਾ ਬਾਰੇ

ਪ੍ਰਾਚੀਨ ਭਾਰਤੀ ਸਭਿਅਤਾ ਬਾਰੇ
-ਰਾਜੇਸ਼ ਪਰਿਆਦਰਸ਼ੀ
ਭਾਰਤ ਉਹ ਸਭਿਅਤਾ ਹੈ, ਜਿੱਥੇ ਲੋਕ ਸ਼ਾਮ ਢਲੇ ਪੱਤੀਆਂ ਨਹੀਂ ਤੋੜਦੇ ਅਤੇ ਉਹੀ, ਵਿਧਵਾ ਨੂੰ ਜਿਉਂਦਿਆਂ ਸਾੜਨ ਤੋਂ ਵੀ ਨਹੀਂ ਝਿਜਕਦੇ। ਭਾਰਤੀ ਸਭਿਅਤਾ ਮਹਾਨ ਨਹੀਂ, ਵਿਸ਼ਾਲ ਹੈ, ਜੋ ਪੁਰਾਣੀ ਅਤੇ ਤਹਿਦਾਰ ਹੈ, ਜਿਸ ਵਿੱਚ ਚੰਗਿਆਈਆਂ ਅਤੇ ਬੁਰਾਈਆਂ ਦੋਵੇਂ ਭਰੂਪਰ ਹਨ।
ਧਰਮਵੀਰ ਭਾਰਤੀ ਹੁਣ ਨਹੀਂ ਹਨ, ਜਿਹਨਾਂ ਨੇ ਤਿੰਨ ਦਹਾਕੇ ਪਹਿਲਾਂ ਇਹ ਗੱਲ ਕਹੀ ਸੀ। ਤੱਥਾਂ ਨੂੰ ਤਿਲਾਂਜਲੀ ਦੇ ਕੇ, ਕਲਪਨਾ ਦੇ ਪੈਟਰੋਲ ਨਾਲ ਪੁਸ਼ਪਕ ਜਹਾਜ ਉਡਾਉਣ ਦੇ ਇਸ ਮੌਸਮ ਵਿੱਚ ਭਾਰਤੀ ਸਭਿਅਤਾ ਸੰਸਕ੍ਰਿਤੀ ਉੱਤੇ ਸੰਤੁਲਤ ਚਰਚਾ ਦੀ ਕੋਈ ਗੁੰਜਾਇਸ਼ ਨਹੀਂ ਦਿਸ ਰਹੀ।
ਮੁਗਲਾਂ ਹੱਥੋਂ ਹਾਰ ਦੀ ਹਾਹਾਕਾਰ ਅਤੇ 'ਵਿਸ਼ਵਗੁਰੂ' ਹੋਣ ਦੀ ਜੈ ਜੈਕਾਰ ਤੋਂ ਪਰ੍ਹੇ ਕਿਤੇ ਇੱਕ ਵਿਸਾਲ-ਵਿਰਾਟ ਭਾਰਤੀ ਸਭਿਅਤਾ ਹੈ, ਜੋ ਕਈ ਅਰਥਾਂ ਵਿੱਚ ਮਹਾਨ ਹੈ ਅਤੇ ਦੂਜੇ ਕਈ ਪੱਧਰਾਂ ਉੱਤੇ ਮਹਾਂ ਗਿਰੀ ਹੋਈ ਵੀ, ਠੀਕ ਉਸੇ ਤਰ੍ਹਾਂ ਜਿਵੇਂ ਯੂਨਾਨੀ, ਸੀਰੀਆਈ, ਚੀਨੀ ਜਾਂ ਕੀ ਹੋਰ ਪ੍ਰਾਚੀਨ ਸਭਿਅਤਾ।
ਪਤੰਜਲੀ ਦੇ ਅਸ਼ਟਾਂਗ ਯੋਗ, ਪਾਨਿਨੀ ਦੇ ਅਸ਼ਟ ਧਿਆਈ, ਭਾਸਕਰ ਦੀ ਲੀਲਾਵਤੀ, ਸ਼ੁਸ਼ਰਤ ਦੀ ਸਲਯ ਸੰਹਿਤਾ (ਉਪਰੇਸ਼ਨ ਕਰਨ ਦੀ ਕਲਾ- ਅਨੁਵਾਦਕ) ਆਰੀਆ ਭੱਟ ਦੇ ਆਰੀ ਭਟੀਯ ਅਤੇ ਕਣਾਦ ਦੇ ਵੈਸ਼ੇਸ਼ਿਕ ਵਰਗੇ ਗਰੰਥ ਬਿਨਾ ਸ਼ੱਕ ਮਹਾਨ ਹਨ ਅਤੇ ਹਾਂ, ਸਿਫ਼ਰ ਵੀ ਭਾਰਤ ਨੇ ਹੀ ਦਿੱਤੀ ਹੈ। ਇਹ ਸਿੱਧਮ-ਸਿੱਧ ਹੋ ਗਿਆ, ਮੰਨ ਲਿਆ ਗਿਆ।
ਪਰ ਦੁਨੀਆਂ ਦਾ ਸਮੁੱਚਾ ਗਿਆਨ ਇਹੋ ਸੀ, ਦੁਨੀਆਂ ਦੀਆਂ ਸਾਰੀਆਂ ਭਾਸਾਵਾਂ ਸੰਸਕ੍ਰਿਤੀ ਵਿੱਚੋਂ ਉਪਜੀਆਂ ਹਨ, ਜਦੋਂ ਸਾਡੇ ਰਿਸ਼ੀਆਂ ਨੇ ਐਨੀ ਵਿਗਿਆਨਕ ਤਰੱਕੀ ਕਰ ਲਈ ਸੀ ਕਿ ਫਲ ਖਵਾ ਕੇ ਪੁੱਤਰ ਰਤਨ ਦੇ ਰਹੇ ਸਨ ਤਾਂ ਸਾਰੇ ਸੰਸਾਰ ਵਿੱਚ ਅੰਧਕਾਰ ਸੀ, ਅਜਿਹੇ ਦਾਅਵੇ ਭਾਰਤ ਨੂੰ ਸਨਮਾਨ ਦਾ ਨਹੀਂ, ਮਜਾਕ ਦਾ ਪਾਤਰ ਬਣਾਉਂਦੇ ਹਨ।
ਕਾਗਜ, ਬਰੂਦ, ਲਿਖਣ-ਕਲਾ, ਪਹੀਆ ਅਤੇ ਕੰਪਾਸ ਵਰਗੀਆਂ ਚੀਜ਼ਾਂ ਦੇਣ ਵਾਲੀਆਂ ਚੀਨੀ, ਸੀਰੀਆਈ, ਮੈਸੋਪੋਟੇਮੀਆ ਸਭਿਆਤਾਵਾਂ ਭਾਰਤ ਦੀ ਨਕਲ ਕਰ ਰਹੀਆਂ ਸਨ, ਅੰਗਰੇਜ਼ਾਂ-ਮੁਗਲਾਂ ਨੇ ਪ੍ਰਾਚੀਨ ਭਾਰਤ ਦਾ ਜਾਂ ਸਾਰਾ ਗਿਆਨ ਚੋਰੀ ਕਰ ਲਿਆ ਜਾਂ ਨਸ਼ਟ ਕਰ ਦਿੱਤਾ, ਐਹੋ ਜਿਹੀ ਸਿੱਧੜ ਵਿਆਖਿਆ ਨੂੰ ਮੰਨਣ ਵਾਲੇ ਨਾ ਤਾਂ ਭਾਰਤ ਦੇ ਯੋਗਦਾਨ ਬਾਰੇ ਜਾਣਦੇ ਹਨ ਨਾ ਬਾਕੀ ਦੁਨੀਆਂ ਦੇ ਕਰੀਬ 2300 ਸਾਲ ਪਹਿਲਾਂ ਹਜ਼ਾਰਾਂ ਕਿਲੋਮੀਟਰ ਦੂਰ ਮਕਦੂਨੀਆਂ ਦਾ ਸਕੰਦਰ ਐਨੀ ਵੱਡੀ ਫੌਜ ਲੈ ਕੇ ਭਾਰਤ ਪਹੁੰਚਿਆ ਸੀ ਤਾਂ ਉਹਦੇ ਕੋਲ ਸ਼ਸ਼ਤਰ ਗਿਆਨ, ਸ਼ਾਸ਼ਤਰ ਗਿਆਨ, ਦਿਸ਼ਾ-ਗਿਆਨ, ਯੁੱਧ-ਗਿਆਨ, ਸਫਰ-ਸਾਧਨ ਗਿਆਨ, ਇਹ ਸਭ ਤਾਂ ਹੋਣਗੇ ਹੀ। ਅਤੇ ਇਹਦੇ ਵਾਸਤੇ ਉਹ 'ਵਿਸ਼ਵਗੁਰੂ' ਤੋਂ ਗਿਆਨ ਪਰਾਪਤ ਕਰਨ ਦਾ ਇੰਤਜ਼ਾਰ ਨਹੀਂ ਕਰ ਰਿਹਾ ਸੀ।
ਸਭਿਆਤਾਵਾਂ ਵਿੱਚ ਲੈਣ-ਦੇਣ
ਅੰਗਰੇਜ਼ਾਂ ਤੇ ਮੁਗਲਾਂ ਨੇ ਪ੍ਰਾਚੀਨ ਭਾਰਤੀ ਸਭਿਅਤਾ ਨੂੰ ਜ਼ਰੂਰ ਨੁਕਸਾਨ ਪਹੁੰਚਾਇਆ, ਓਵੇਂ ਹੀ ਜਿਵੇਂ ਰੋਮਨਾਂ ਜਾਂ ਯੂਨਾਨੀਆਂ ਨੇ ਦਹਾਕਿਆਂ ਦੀ ਗਿਣਤੀ ਵਿੱਚ ਦੂਸਰੀਆਂ ਸਭਿਆਤਾਵਾਂ ਨੂੰ।
ਜਦੋਂ ਭਾਰਤ ਦੇ ਵੈਸ਼ਨੂੰ ਰਾਜੇ ਕੰਬੋਡੀਆ ਅਤੇ ਇੰਡੋਨੇਸ਼ੀਆ ਵਰਗੇ ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਵਿਸ਼ਾਲ ਮੰਦਰ ਬਣਵਾ ਰਹੇ ਸਨ ਤਾਂ ਕੀ ਉਥੋਂ ਕੋਈ ਸਭਿਅਤਾ ਹੀ ਨਹੀਂ ਸੀ, ਜੋ ਦਬਾਈ ਢਹਾਈ ਹੋਊਗੀ?
ਸਭਿਆਤਾਵਾਂ ਹਮੇਸ਼ਾਂ ਇੱਕ ਦੂਜੀ ਤੋਂ ਸਿੱਖਦੀਆਂ ਹਨ। ਇੱਕ ਦੂਜੀ ਨੂੰ ਜਜ਼ਬ ਕਰਦੀ ਹੈ। ਘੁਲ-ਮਿਲ ਜਾਂਦੀ ਹੈ ਅਤੇ ਟਕਰਾਉਂਦੀ ਵੀ ਨਸ਼ਟ-ਤਬਾਹ ਵੀ ਹੁੰਦੀ ਹੈ। ਭਾਰਤ ਨਾਲ ਵੀ ਅਜਿਹਾ ਹੀ ਹੋਇਆ ਹੈ। ਇਸ ਵਿੱਚ ਕੋਈ ਅਜੂਬਾ ਨਹੀਂ ਹੈ। ਨਾ ਹੀ ਇਹ ਸਮੁੱਚੇ ਭਾਰਤੀ ਪ੍ਰਾਚੀਨ ਗਿਆਨ-ਵਿਗਿਆਨ ਦੇ ਲੁਪਤ ਹੋ ਜਾਣ ਦੀ ਦਰਦ-ਕਹਾਣੀ ਹੈ। ਜੋ ਆਇਆ ਉਹ ਕੁਛ ਲੈ ਗਿਆ, ਕੁੱਝ ਛੱਡ ਗਿਆ, ਕੁਛ ਤੋੜ ਗਿਆ, ਕੁੱਝ ਜੋੜ ਗਿਆ।
ਮਾਣ ਕਰੋ ਪ੍ਰੰਤੂ.....
ਪ੍ਰਾਚੀਨ ਭਾਰਤ ਦੀ ਸਿਆਣਪ ਉੱਤੇ ਮਾਣ ਕਰਨਾ ਕੋਈ ਬੁਰਾਈ ਨਹੀਂ। ਪੂਰੀ ਦੁਨੀਆਂ ਦੇ ਲੋਕ ਆਪਣੇ ਪੁਰਖਿਆਂ ਦਾ ਆਦਰ ਕਰਦੇ ਹਨ।  ਉਹਨਾਂ ਦੀ ਮਹਾਨਤਾ ਦੀਆਂ ਕਹਾਵਤਾਂ ਬਣਾਉਂਦੇ ਹਨ, ਉਹਨਾਂ ਦੀਆਂ ਬੁਰਾਈਆਂ ਨੂੰ ਢਕਦੇ ਹਨ। ਇਹ ਸਾਰਾ ਤੁਛ ਸਹਿਜ-ਸੁਭਾਵਕ ਹੈ।
ਯੂਰਪ ਵਿੱਚ ਰਹਿਣ ਵਾਲੇ ਬਹੁਤ ਸਾਰੇ ਮੁਸਲਮਾਨ ਪਹਿਲੀ ਵਿਹਲ ਮਿਲਣ ਵੇਲੇ ਸਪੇਨ ਦਾ ਗਰੇਨਾਡਾ ਸ਼ਹਿਰ ਦੇਖਣ ਜਾਂਦੇ ਹਨ, ਜਿੱਥੇ ਅਲ-ਗਰਨਾਡ ਕਹਿ ਕੇ ਆਪਣੀ ਛਾਤੀ ਫੁਲਾਉਂਦੇ ਹਨ, ਦੇਖੋ! ਅਸੀਂ ਕਿਵੇਂ ਅਰਬ ਤੋਂ ਚੱਲ ਕੇ ਯੂਰਪ ਉੱਤੇ ਛਾ ਗਏ ਸਾਂ।
ਮਾਣ ਕਰਨ ਵਿੱਚ ਕੋਈ ਬੁਰਾਈ ਨਹੀਂ ਹੈ, ਪਰ ਇੱਥੇ ਮਾਣ ਤਾਂ ਗੋਬਰ-ਗਊ ਮੂਤਰ ਅਤੇ ਪੁਸ਼ਪਕ ਜਹਾਜ ਤੋਂ ਅੱਗੇ ਵਧਦਾ ਨਹੀਂ ਦਿਸ ਰਿਹਾ।
ਪ੍ਰਾਚੀਨ ਭਾਰਤੀ ਵਿਦਿਆ ਦਾ ਡਿਜ਼ੀਟਲ ਦੌਰ ਵਿੱਚ ਕੀ ਇਸਤੇਮਾਲ ਹੋ ਸਕਦਾ ਹੈ, ਇਸ ਉੱਤੇ ਕੋਈ ਕੰਮ ਹੁੰਦਾ ਨਹੀਂ ਦਿਸ ਰਿਹਾ। ਗਰਿਆਸਰਨ ਅਤੇ ਮੈਕਸਮੂਲਰ ਤੋਂ ਬਿਨਾ ਦੁਨੀਆਂ ਨੂੰ ਭਾਰਤ ਦੀ ਮਹੱਤਤਾ ਸਮਝ ਨਹੀਂ ਆਈ।
ਸਰਕਾਰ ਜੇ ਗੰਭੀਰ ਹੈ ਤਾਂ ਉਸ ਨੂੰ ਕੌਮਾਂਤਰੀ ਪੱਧਰ ਉੱਤੇ ਪ੍ਰਮਾਣਤ ਵਿਗਿਆਨੀਆਂ ਦੀ ਟੀਮ ਬਣਾਉਣੀ ਚਾਹੀਦੀ ਹੈ, ਉਸ ਨੂੰ ਬੱਜਟ ਦੇਣਾ ਚਾਹੀਦਾ ਹੈ, ਉਹਨਾਂ ਦੇ ਨਿਸ਼ਾਨੇ ਤਹਿ ਕਰਨੇ ਚਾਹੀਦੇ ਹਨ ਨਾ ਕਿ ਵਿਗਿਆਨ ਕਾਨਫਰੰਸ ਵਰਗੇ ਮੰਚ ਨੂੰ ਕੋਰੀ ਗੱਪਬਾਜ਼ੀ ਦਾ ਅੱਡਾ ਬਣਨ ਦੇਣਾ ਚਾਹੀਦਾ ਹੈ।
ਅੱਜ ਵੀ ''ਭਾਰਤ ਦੀ ਕਲਾਸੀਕਲ ਲਾਇਬਰੇਰੀ'' ਕਰੋੜਾਂ ਡਾਲਰ ਖਰਚ ਕਰਕੇ ਹਾਰਵਰਡ ਯੂਨੀਵਰਸਿਟੀ ਵਿੱਚ ਬਣ ਰਹੀ ਹੈ, ਇਲਾਹਾਬਾਦ ਜਾਂ ਬਨਾਰਸ ਵਿੱਚ ਨਹੀਂ।
(ਬੀ.ਬੀ.ਸੀ. ਹਿੰਦੀ, 13 ਜਨਵਰੀ 2015)

No comments:

Post a Comment