Monday, February 23, 2015

ਗੁਰਮੇਲ ਸਿੰਘ ਦੀ ਮੌਤ 'ਤੇ ਸ਼ੋਕ ਸੰਦੇਸ਼

ਗੁਰਮੇਲ ਸਿੰਘ ਦੀ ਮੌਤ 'ਤੇ ਸ਼ੋਕ ਸੰਦੇਸ਼
ਕਮਿਊਨਿਸਟ ਲਹਿਰ ਦਾ ਖ਼ੈਰ-ਖੁਆਹ ਅਤੇ ਮੁਸ਼ਕਲ ਘੜੀਆਂ ਵਿੱਚ ਇਨਕਲਾਬੀ ਲਹਿਰ ਸੰਗ ਖੜ੍ਹਦਾ ਰਿਹਾ ਗੁਰਮੇਲ ਸਿੰਘ ਘੁਡਾਣੀ ਕਲਾਂ, ਹੁਣ ਸਾਡੇ ਵਿਚਕਾਰ ਨਹੀਂ ਰਿਹਾ। ਉਹ ਖਾਲਿਸਤਾਨੀ ਦਹਿਸ਼ਤਗਰਦਾਂ ਹੱਥੋਂ ਸ਼ਹੀਦ ਹੋਏ ਕਾਮਰੇਡ ਨਿਧਾਨ ਸਿੰਘ ਘੁਡਾਣੀ ਕਲਾਂ ਦਾ ਸਪੁੱਤਰ ਸੀ ਅਤੇ ਸੁਰਖ਼ ਰੇਖਾ ਦੇ ਪ੍ਰਕਾਸ਼ਕ ਸਾਥੀ ਨਾਜ਼ਰ ਸਿੰਘ ਬੋਪਾਰਾਏ ਦਾ ਵੱਡਾ ਭਰਾ ਸੀ। 29 ਜਨਵਰੀ 2015 ਨੂੰ ਉਸਨੂੰ ਸ਼ਰਧਾਂਜਲੀ ਅਰਪਣ ਕਰਨ ਲਈ ਘੁਡਾਣੀ ਕਲਾਂ ਵਿਖੇ ਇੱਕ ਵੱਡੀ ਜਨਤਕ ਇਕੱਤਰਤਾ ਹੋਈ, ਜਿਸ ਨੂੰ ਘੁਡਾਣੀ ਕਲਾਂ ਪਿੰਡ ਦੇ ਮਾਸਟਰ ਗੁਰਦੇਵ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਸੰਬੋਧਨ ਕੀਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਗੁਰਮੇਲ ਸਿੰਘ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਲੋਕ ਲਹਿਰ ਵਿੱਚ ਪਾਏ ਪ੍ਰਸੰਸਾਯੋਗ ਯੋਗਦਾਨ ਨੂੰ ਚਿਤਾਰਿਆ ਗਿਆ।
ਗੁਰਮੇਲ ਸਿੰਘ ਇਨਕਲਾਬੀ ਕਾਜ਼ ਨੂੰ ਪ੍ਰਣਾਏ ਇੱਕ ਪਿਓ ਦਾ ਪੁੱਤਰ ਅਤੇ ਭਰਾਵਾਂ ਦਾ ਮਹਿਜ਼ ਭਰਾ ਹੀ ਨਹੀਂ ਸੀ, ਸਗੋਂ ਉਹਨਾਂ ਦੇ ਇਨਕਲਾਬੀ ਕਾਜ਼ ਦਾ ਕਦਰਦਾਨ ਵੀ ਸੀ। ਘਰ ਦੀ ਗਰੀਬੀ ਕਾਰਨ ਉਸ ਨੂੰ ਭਾਵੇਂ ਸਕੂਲ ਜਾਣ ਦਾ ਮੌਕਾ ਨਸੀਬ ਨਹੀਂ ਸੀ ਹੋਇਆ, ਪਰ ਉਸਨੇ ਆਪਣੇ ਪਰਿਵਾਰ ਦਾ ਅਸਰ ਕਬੂਲਦਿਆਂ ਪੜ੍ਹਨ ਵਿੱਚ ਆਪਣੀ ਲਗਨ ਨੂੰ ਬਣਾਈ ਰੱਖਿਆ। ਸੁਰਖ਼ ਰੇਖਾ ਪੇਪਰ ਸਮੇਤ ਉਹ ਬਹੁਵੰਨਗੀ ਦਾ ਸਾਹਿਤ ਪੜ੍ਹਨ ਵਿੱਚ ਰੁਚੀ ਰੱਖਦਾ ਸੀ। ਉਸ ਵੱਲੋਂ ਇੱਕ ਪਾਸੇ ਘਰ ਦੀ ਕਮਜ਼ੋਰ ਮਾਲੀ ਹਾਲਤ ਨੂੰ ਠੁੰਮ੍ਹਣਾ ਦੇਣ ਲਈ ਘਰ ਤੋਂ ਦੂਰ-ਦੁਰਾਡੇ ਟਰੱਕ ਡਰਾਇਵਰੀ ਤੱਕ ਕਰਨ ਦੀ ਮੁਸ਼ੱਕਤ ਵੀ ਕਰਨੀ ਪਈ, ਦੂਜੇ ਪਾਸੇ ਇਨਕਲਾਬੀ ਲਹਿਰ ਦੇ ਕੋਈ ਨਾ ਕੋਈ ਕੰਮ ਆਉਣ ਲਈ ਵੀ ਅਹੁਲਦਾ ਰਿਹਾ। ਇਸੇ ਕਰਕੇ ਉਸ ਵੱਲੋਂ ਮੁਸ਼ਕਲ ਘੜੀਆਂ ਵਿੱਚ ਇਨਕਲਾਬੀ ਲਹਿਰ ਦੇ ਪੱਖ ਵਿੱਚ ਖੜ੍ਹਨ ਦੀ ਤਤਪਰਤਾ ਦਿਖਾਈ ਗਈ। ਉਸ ਵੱਲੋਂ ਦੋ-ਮੂੰਹੀ ਦਹਿਸ਼ਤਗਰਦੀ (ਖਾਲਿਸਤਾਨੀ ਦਹਿਸ਼ਤਗਰਦੀ ਅਤੇ ਹਕੂਮਤੀ ਦਹਿਸ਼ਤਗਰਦੀ) ਦੇ ਦੌਰ ਵਿੱਚ ਆਪਣੇ ਪਰਿਵਾਰ 'ਤੇ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਵਾਰ ਵਾਰ ਹਮਲਾ ਕਰਨ ਦੇ ਯਤਨਾਂ ਦਾ ਟਾਕਰਾ ਕਰਨ ਵਿੱਚ ਦਲੇਰਾਨਾ ਰੋਲ ਨਿਭਾਇਆ ਗਿਆ ਅਤੇ ਇਨਕਲਾਬੀ ਲਹਿਰ ਦੇ ਕਾਰਕੁੰਨਾਂ ਦੀ ਰਾਖੀ ਲਈ ਲਾਈ ਜਿੰਮੇਵਾਰੀ ਨੂੰ ਵੀ ਮੂਹਰੇ ਹੋ ਕੇ ਕਬੂਲਿਆ ਗਿਆ। ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਸ ਵੱਲੋਂ ਆਪਣੇ ਪਿਤਾ ਕਮਿਊਨਿਸਟ ਸ਼ਹੀਦ ਨਿਧਾਨ ਸਿੰਘ ਦੀ ਜੂਝਣਹਾਰ ਰਵਾਇਤ 'ਤੇ ਪਹਿਰਾ ਦਿੱਤਾ ਗਿਆ।
ਅਦਾਰਾ ਸੁਰਖ਼ ਰੇਖਾ ਗੁਰਮੇਲ ਸਿੰਘ ਦੀ 62 ਸਾਲ ਦੀ ਉਮਰ ਵਿੱਚ ਹੋਈ ਬੇਵਕਤੀ ਮੌਤ 'ਤੇ ਸ਼ੋਕ ਦਾ ਇਜ਼ਹਾਰ ਕਰਦਾ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਅਤੇ ਸੰਗੀਆਂ-ਸਾਥੀਆਂ ਦੇ ਦੁੱਖ ਵਿੱਚ ਸ਼ਰੀਕ ਹੁੰਦਾ ਹੈ।

No comments:

Post a Comment