Monday, February 23, 2015

102ਵੀਂ ਭਾਰਤੀ ਸਾਇੰਸ ਕਾਂਗਰਸ: ਮਿਥਿਹਾਸ ਦੀ ਸਾਇੰਸ ਉੱਤੇ ਸਵਾਰੀ

102ਵੀਂ ਭਾਰਤੀ ਸਾਇੰਸ ਕਾਂਗਰਸ:
ਮਿਥਿਹਾਸ ਦੀ ਸਾਇੰਸ ਉੱਤੇ ਸਵਾਰੀ
-ਸੁਖਰਾਜ
ਭਾਰਤੀ ਸਾਇੰਸ ਕਾਂਗਰਸ ਐਸੋਸੀਏਸ਼ਨ ਭਾਰਤ ਦੀ ਇੱਕ ਪ੍ਰਮੁੱਖ ਵਿਗਿਆਨਕ ਜਥੇਬੰਦੀ ਹੈ। ਇਹ 1914 ਵਿੱਚ ਕਲਕੱਤੇ ਵਿੱਚ ਸ਼ੁਰੂ ਹੋਈ। ਇਸ ਦੀ ਹਰ ਸਾਲ ਜਨਵਰੀ ਦੇ ਪਹਿਲੇ ਹਫਤੇ ਮੀਟਿੰਗ ਹੁੰਦੀ ਹੈ। ਹੁਣ 30000 ਤੋਂ ਵੱਧ  ਭਾਰਤੀ ਸਾਇੰਸਦਾਨ ਇਸਦੇ ਮੈਂਬਰ ਹਨ।
ਹੋਰਨਾਂ ਗੱਲਾਂ ਤੋਂ ਇਲਾਵਾ ਇਸ ਜਥੇਬੰਦੀ ਦਾ ਮੰਤਵ ਭਾਰਤ ਵਿੱਚ ਸਾਇੰਸ ਦੇ ਕਾਜ਼ ਦਾ ਵਧਾਰਾ ਤੇ ਤਰੱਕੀ ਕਰਨਾ ਮਿਥਿਆ ਗਿਆ ਸੀ। 99 ਸਾਲ ਪਹਿਲਾਂ ਮਦਰਾਸ ਵਿੱਚ ਹੋਈ ਇਸਦੀ ਦੂਜੀ ਕਾਂਗਰਸ (ਮੀਟਿੰਗ) ਵਿੱਚ, ਭਾਰਤੀ ਸਾਇੰਸ ਦੀ ਤਰੱਕੀ ਦਾ ਰਸਤਾ ਉਲੀਕਣ ਲਈ, ਵਹਿਮਾਂ-ਭਰਮਾਂ ਅਤੇ ਜਹਾਲਤ ਵਿਰੁੱਧ ਲੜਨਾ, ਪ੍ਰਮੁੱਖ ਏਜੰਡਾ ਰੱਖਿਆ ਗਿਆ ਸੀ।
ਇਸ ਜਨਵਰੀ (2015) ਦੇ ਪਹਿਲੇ ਹਫਤੇ ਬੰਬਈ ਯੂਨੀਵਰਸਿਟੀ ਵਿੱਚ 102ਵੀਂ ਭਾਰਤੀ ਸਾਇੰਸ ਕਾਂਗਰਸ ਹੋਈ। ਆਪਣੇ ਇਤਿਹਾਸ ਵਿੱਚ ਪਹਿਲੀ ਵਾਰੀ, ਇਸ ਕਾਂਗਰਸ ਵਿੱਚ ਇੱਕ ਚਿੰਤਾਜਨਕ ਅਤੇ ਵਿਲੱਖਣ ਵਰਤਾਰਾ ਵਾਪਰਿਆ। ਇਸ ਕਾਂਗਰਸ ਦੀ ਇੱਕ ਬੈਠਕ ਵਿੱਚ ਮੋਦੀ ਹਕੂਮਤ ਦੀ ਸ਼ਹਿ ਅਤੇ ਸਰਪ੍ਰਸਤੀ ਸਦਕਾ ਮਿਥਿਹਾਸ ਨੇ ਸਾਇੰਸ ਉੱਤੇ ਸਵਾਰੀ ਕਰਕੇ ਇਸਦੀ ਲਗਾਮ ਆਪਣੇ ਹੱਥ ਲੈ ਲਈ। ''ਭਾਰਤ ਵਿੱਚ ਸਾਇੰਸ ਦੇ ਕਾਜ ਦੇ ਵਧਾਰੇ ਅਤੇ ਤਰੱਕੀ ਦੇ ਮੰਤਵ'' ਅਤੇ ''ਵਹਿਮਾਂ-ਭਰਮਾਂ ਅਤੇ ਜਹਾਲਤ ਵਿਰੁੱਧ ਲੜਾਈ'' ਦੇ ਪ੍ਰਮੁੱਖ ਏਜੰਡੇ ਦੀ ਮਿੱਟੀ ਪਲੀਤ ਕੀਤੀ ਗਈ। ਇਸ ਮੰਤਵ ਤੋਂ ਐਨ ਉਲਟ ਵਹਿਮਾਂ-ਭਰਮਾਂ ਅਤੇ ਜਹਾਲਤ ਦਾ ਪਸਾਰਾ ਕਰਨ ਦਾ ਜ਼ੋਰਦਾਰ ਯਤਨ ਕੀਤਾ ਗਿਆ।
ਜਦੋਂ ਦੇਸ਼ ਦੇ ਚੋਟੀ ਦੇ ਸਾਇੰਸਦਾਨ ਬੋਲਦੇ ਹਨ ਤਾਂ ਸਿਆਸੀ ਲੀਡਰ ਸੁਣਦੇ ਹਨ ਅਤੇ ਉਹਨਾਂ ਨੂੰ ਸੁਣਨਾ ਚਾਹੀਦਾ ਹੈ। ਇਸ ਕਾਂਗਰਸ ਵਿੱਚ ਉਲਟੀ ਗੰਗਾ ਵਹਿ ਤੁਰੀ। ਇਸ ਕਾਂਗਰਸ ਵਿੱਚ ਹਾਜ਼ਰ ਕੇਂਦਰੀ ਵਜ਼ੀਰ, ਹੱਥ ਆਈ ਨਕਲੀ ਹਲਦੀ ਦੀ ਗੰਢੀ ਦੇ ਸਿਰ ਉੱਤੇ ਪੰਸਾਰੀ ਬਣ ਬੈਠੇ। ਉਹ ਭਾਰਤੀ ਸਾਇੰਸ ਦੇ ਇਤਿਹਾਸ ਬਾਰੇ ਆਪਣਾ 'ਗਿਆਨ' ਵੰਡ ਰਹੇ ਸਨ ਤੇ ਉੱਥੇ ਹਾਜ਼ਰ, ਵਿਚਾਰੇ ਸਾਇਸੰਦਾਨਾਂ ਨੂੰ ਸੁਣਨਾ ਪੈ ਰਿਹਾ ਸੀ।
ਮਿਥਿਹਾਸ ਉੱਤੇ ਸਾਇੰਸ ਦਾ ਮੁਲੰਮਾ
ਇਸ ਕਾਂਗਰਸ ਦੀ ਇੱਕ ਬੈਠਕ ਪ੍ਰਾਚੀਨ ਭਾਰਤੀ ਵਿਗਿਆਨ ਦੇ ਵਿਸ਼ੇ ਬਾਰੇ ਸੀ। ਇਸ ਵਿੱਚ ਪਾਇਲਟ ਸਿਖਲਾਈ ਕੇਂਦਰ ਦੇ ਸੇਵਾ-ਮੁਕਤ ਪ੍ਰਿੰਸੀਪਲ ਆਨੰਦ ਬੋਦਾਸ ਨੇ ਅਤੇ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਸਕੂਲ ਅਤੇ ਜੂਨੀਅਨ ਕਾਲਜ ਦੇ ਪ੍ਰੋਫੈਸਰ ਅਮੀਆ ਯਾਦਵ ਨੇ ਇੱਕ ਪਰਚਾ ਪੇਸ਼ ਕੀਤਾ, ਜਿਸ ਦਾ ਸਿਰਲੇਖ ਸੀ ''ਪ੍ਰਾਚੀਨ ਭਾਰਤੀ ਹਵਾਬਾਜ਼ੀ ਤਕਨੀਕ''।
ਇਸ ਪਰਚੇ ਵਿੱਚ ਇਹ ਦਾਅਵਾ ਕੀਤਾ ਗਿਆ: ''ਰਾਈਟ ਭਰਾਵਾਂ ਵੱਲੋਂ ਆਪਣਾ ਹਵਾਈ ਜਹਾਜ਼ ਬਣਾਉਣ ਤੋਂ ਕਈ ਸਦੀਆਂ ਪਹਿਲਾਂ ਮਹਾਂਰਿਸ਼ੀ ਭਾਰਦਵਾਜ ਨੇ ਆਪਣੇ ਗਰੰਥ ਵਿਮਾਨ ਸ਼ਾਸ਼ਤਰ ਵਿੱਚ ਹਵਾਈ ਜਹਾਜ਼ ਬਣਾਉਣ ਅਤੇ ਉਡਾਉਣ ਦੀ ਸਾਇੰਸ ਨੂੰ ਦਰਜ ਕੀਤਾ ਸੀ। ਪ੍ਰਾਚੀਨ ਭਾਰਤ ਵਿੱਚ ਹਵਾਬਾਜ਼ੀ ਦੀ ਟੈਕਨਾਲੋਜੀ ਮਿਥਿਹਾਸ ਦੀ ਕਹਾਣੀ ਨਹੀਂ ਹੈ। ਪਰ ਇਹ ਸੰਪੂਰਨ ਇਤਿਹਾਸਕ ਦਸਤਾਵੇਜ਼ ਹੈ, ਜਿਸ ਵਿੱਚ ਤਕਨੀਕ ਵਿਸਤਾਰ ਅਤੇ ਵਿਸ਼ੇਸ਼ ਚੀਜ਼ਾਂ ਦਾ ਬਿਰਤਾਂਤ ਦਿੱਤਾ ਹੋਇਆ ਹੈ। ਪ੍ਰਾਚੀਨ ਸੰਸਕ੍ਰਿਤੀ ਸਹਿਤ ਉਡਣੀਆਂ ਮਸ਼ੀਨਾਂ, ਵਿਮਾਨ ਦੇ ਵਰਨਣ ਨਾਲ ਭਰਪੂਰ ਹੈ।
ਬਹੁਤ ਸਾਰੇ ਲੱਭੇ ਗਏ ਦਸਤਾਵੇਜ਼ਾਂ ਤੋਂ ਇਹ ਪ੍ਰਤੱਖ ਹੈ ਕਿ ਪ੍ਰਾਚੀਨ ਸੰਤਾਂ, ਅਗਾਸਤਈਆਂ ਅਤੇ ਭਾਰਦਵਾਜ ਨੇ ਹਵਾਈ ਜਹਾਜ਼ ਬਣਾਉਣ ਦੇ ਹੁਨਰ ਤੇ ਕਾਰੀਗਰੀ ਨੂੰ ਵਿਕਸਤ ਕੀਤਾ ਸੀ। ਹਵਾਬਾਜ਼ੀ ਵਿਗਿਆਨ ਜਾਂ ਵਿਮਾਨ ਕਾ ਸਾਸ਼ਤਰ, ਭਾਰਦਵਾਜ ਦੇ ਯੰਤਰ ਸਰਵੱਸਵ ਦਾ ਹਿੱਸਾ ਹੈ। ਇਸ ਨੂੰ ਬਰੀਹਦ ਵਿਮਾਨ ਸ਼ਾਸ਼ਤਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ।
ਪ੍ਰਾਚੀਨ ਭਾਰਤੀ ਜਹਾਜ਼ ਨਾ ਸਿਰਫ ਸੂਰਜ ਮੰਡਲ ਦੇ ਅੱਡ ਅੱਡ ਗ੍ਰਹਿਆਂ ਉੱਤੇ ਜਾ ਸਕਦੇ ਸਨ, ਸਗੋਂ ਖੱਬੇ ਸੱਜੇ ਅਤੇ ਪਿੱਛੇ ਨੂੰ ਵੀ ਉੱਡ ਸਕਦੇ ਸਨ। ''ਇਹਨਾਂ ਜਹਾਜ਼ਾਂ ਦਾ ਬੁਨਿਆਦੀ ਢਾਂਚਾ 60*60 ਫੁੱਟ ਦਾ ਹੁੰਦਾ ਸੀ ਅਤੇ ਕੁਛ ਮਾਮਲਿਆਂ ਵਿੱਚ 200 ਫੁੱਟ ਦਾ। ਉਹ ਜੰਬੋ ਜਹਾਜ਼ ਸਨ।'' ''ਇਹਨਾਂ ਪ੍ਰਾਚੀਨ ਜਹਾਜ਼ਾਂ ਦੇ 40 ਇੰਜਣ ਹੁੰਦੇ ਸਨÎ। ਅੱਜ ਦੀ ਹਵਾਬਾਜ਼ੀ ਸਾਇੰਸ ਤਾਂ ਹਵਾ ਸੜ੍ਹਾਕਣ (ਐਗਜਾਸਟ) ਦੇ ਲਚਕਦਾਰ ਸਿਸਟਮ ਬਾਰੇ ਵੀ ਨਹੀਂ ਜਾਣਦੀ।''
ਪ੍ਰਾਚੀਨ ਭਾਰਤੀ ਰਾਡਾਰ ਸਿਸਟਮ ਨੂੰ ''ਰੂਪੀਕਰਨ ਰਹੱਸਿਆ'' ਆਖਿਆ ਜਾਂਦਾ ਸੀ। ਇਸ ਸਿਸਟਮ ਵਿੱਚ ਦਰਸ਼ਕ ਸਾਹਮਣੇ ਹਵਾਈ ਜਹਾਜ਼ ਦੀ ਸ਼ਕਲ ਪੇਸ਼ ਹੋ ਜਾਂਦੀ ਸੀ। ਭਾਰਦਵਾਜ ਦੀ ਕਿਤਾਬ ਵਿੱਚ ਪਾਇਲਟਾਂ ਦੀ ਖੁਰਾਕ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਸੰਤ ਭਾਰਦਵਾਜ ਦੇ ਗਰੰਥ ਵਿੱਚ ਲੜਾਕੇ ਹਵਾਈ ਜਹਾਜ਼ ਬਣਾਉਣ ਦਾ ਵੀ ਵਰਨਣ ਕੀਤਾ ਗਿਆ ਹੈ। ਇਸ ਵਿੱਚ ਜਹਾਜ਼ ਬਣਾਉਣ ਲਈ ਮਿਸ਼ਰਤ ਧਾਤ ਅਤੇ ਹਵਾਈ ਜਹਾਜ਼ਾਂ ਵਿੱਚ ਸਫਰ ਕਰਨ ਵਾਲਿਆਂ ਲਈ ਵਿਸ਼ਾਣੂੰ-ਰੋਧਕ ਪਾਣੀ-ਰੋਧਕ ਅਤੇ ਝਟਕਿਆਂ ਤੋਂ ਬਚਾਉਣ ਯੋਗ ਪਹਿਰਾਵਾ ਤਿਆਰ ਕਰਨ ਦਾ ਵੀ ਵਰਨਣ ਹੈ। ਪਾਇਲਟਾਂ ਦੇ ਪਹਿਰਾਵੇ ਨੂੰ ਤਿਆਰ ਕਰਨ ਵੇਲੇ ਭਾਰਦਵਾਜ ਨੇ ਅੱਡ ਅੱਡ ਹਵਾ ਮੰਡਲਾਂ ਵਿੱਚ ਹੋਣ ਵਾਲੀਆਂ ਮੌਸਮੀ ਤਬਦੀਲੀਆਂ ਨੂੰ ਵੀ ਧਿਆਨ ਵਿੱਚ ਰੱਖਿਆ ਹੈ। ਉਸਨੇ 25 ਕਿਸਮਾਂ ਦੇ ਵਿਸ਼ਾਣੂੰਆਂ (ਵਾਇਰਸਾਂ) ਦਾ ਜ਼ਿਕਰ ਕੀਤਾ ਹੈ, ਜਿਹੜੇ ਮਨੁੱਖੀ ਚਮੜੀ, ਹੱਡੀਆਂ ਅਤੇ ਸਰੀਰ ਉੱਤੇ ਹਮਲਾ ਕਰ ਸਕਦੇ ਹਨ।
ਬੋਦਾਸ ਨੇ ਕਿਹਾ, ''ਹਵਾਈ ਜਹਾਜ਼ ਬਣਾਉਣ ਲਈ ਹੁਣ ਸਾਨੂੰ ਮਿਸ਼ਰਤ ਧਾਤਾਂ ਵਿਦੇਸ਼ਾਂ ਵਿੱਚੋਂ ਮੰਗਵਾਉਣੀਆਂ ਪੈਂਦੀਆਂ ਹਨ। ਨੌਜਵਾਨ ਪੀੜ੍ਹੀ ਨੂੰ, ਮਹਾਂਰਿਸ਼ੀ ਭਾਰਦਵਾਜ ਦੇ ਗਰੰਥ, ਵਿਮਾਨ ਸੰਹਿਤਾ, ਵਿੱਚ ਜ਼ਿਕਰ ਕੀਤੀਆਂ, ਮਿਸ਼ਰਤ ਧਾਤਾਂ ਦਾ ਅਧਿਐਨ ਕਰਨਾ ਚਾਹੀਦਾ ਹੈ ਅਤੇ ਇਹਨਾਂ ਧਾਤਾਂ ਨੂੰ ਇੱਥੇ ਬਣਾਉਣਾ ਚਾਹੀਦਾ ਹੈ।''
ਪਾਠਕ ਸੱਜਣੋਂ! ਅਜੇ ਕੁੱਝ ਹੋਰ ਹੈਰਾਨ (ਅਤੇ ਪ੍ਰੇਸ਼ਾਨ) ਹੋਣ ਲਈ ਤਿਆਰ ਰਹੋ। ਇਸ ਕਾਂਗਰਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਪ੍ਰਾਚੀਨ ਛੁਰੀਆਂ ਐਨੀਆਂ ਤਿੱਖੀਆਂ ਸਨ, ਜੋ ਇੱਕ ਵਾਲ ਨੂੰ ਵੀ ਚੀਰ ਸਕਦੀਆਂ ਸਨ। ਅਤੇ ਗਊ ਦੇ ਗੋਹੇ ਵਿੱਚੋਂ 24 ਕੈਰਟ ਦਾ ਸ਼ੁੱਧ ਸੋਨਾ ਬਣਾਇਆ ਜਾ ਸਕਦਾ ਸੀ। ਇਸੇ ਕਾਨਫਰੰਸ ਵਿੱਚ ਪੇਸ਼ ਕੀਤੇ ਇੱਕ ਹੋਰ ਪਰਚੇ ਵਿੱਚ ਦਾਅਵਾ ਕੀਤਾ ਗਿਆ ਕਿ ''ਪ੍ਰਾਚੀਨ'' ਭਾਰਤੀਆਂ ਨੇ ਅਪ੍ਰੇਸ਼ਨ ਕਰਨ ਵਾਸਤੇ 20 ਕਿਸਮ ਦੇ ਤਿੱਖੇ ਅਤੇ 101 ਕਿਸਮ ਦੇ ਖੁੰਢੇ ਔਜਾਰ ਵਿਕਸਤ ਕੀਤੇ ਸਨ, ਜਿਹੜੇ ਬਹੁਤਾ ਕਰਕੇ ਅੱਜ ਦੇ ਅਪ੍ਰੇਸ਼ਨ ਕਰਨ ਵਾਲੇ ਔਜ਼ਾਰਾਂ ਵਰਗੇ ਹੀ ਸਨ। ਅਤੇ ਇੱਕ ਹੋਰ ਪਰਚੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ''ਪ੍ਰਾਚੀਨ ਭਾਰਤੀ ਵਿਗਿਆਨੀਆਂ ਨੂੰ ਭਾਰਤੀ ਬਨਸਪਤੀ ਵਿਗਿਆਨ ਦਾ ਚੋਖਾ ਗਿਆਨ ਸੀ ਅਤੇ ਉਹ ਇਹਨਾਂ ਨੂੰ ਬਣਾਉਣ ਵਿੱਚ ਇਸ ਗਿਆਨ ਦੀ ਅਸਰਦਾਰ ਵਰਤੋਂ ਕਰਦੇ ਸਨ।''
ਵਜ਼ੀਰਾਂ ਨੇ ਵੀ ਸਾਇੰਸਦਾਨਾਂ ਨੂੰ
'ਗਿਆਨ' ਵਰਤਾਇਆ
ਸਹੀ ਅਰਥਾਂ ਵਿੱਚ ਹਰ ਕੌਮੀ ਸਰਕਾਰ ਦਾ ਇਹ ਫਰਜ਼ ਬਣਦਾ ਹੈ ਕਿ ਅੱਡ ਅੱਡ ਕਿਸਮ ਦੇ ਗਿਆਨ-ਵਿਗਿਆਨ ਦੇ ਖੇਤਰਾਂ ਵਿੱਚ ਸਦੀਆਂ ਦੇ ਤਜਰਬੇ ਵਿੱਚੋਂ ਹਾਸਲ ਹੋਏ ਵਿਰਾਸਤੀ ਸਰਮਾਏ ਨੂੰ ਸਾਂਭਿਆ ਅਤੇ ਵਿਕਸਤ ਕੀਤਾ ਜਾਵੇ। ਜਿਵੇਂ ਸਮਾਜਵਾਦੀ ਚੀਨ ਨੇ ਸਿਹਤ-ਵਿਗਿਆਨ ਦੇ ਖੇਤਰ ਵਿੱਚ ਆਕੂਪੰਚਰ ਇਲਾਜ-ਪ੍ਰਣਾਲੀ ਨੂੰ ਵਿਕਸਤ ਕਰਕੇ ਨਵੀਆਂ ਸਿਖਰਾਂ ਉੱਤੇ ਪਹੁੰਚਾਇਆ ਹੈ। ਇਸਦੇ ਮੁਕਾਬਲੇ ਸਾਡੇ ਮੁਲਕ ਦੀ ਆਯੁਰਵੈਦਿਕ ਇਲਾਜ ਪ੍ਰਣਾਲੀ ਸਾਂਭਣ ਅਤੇ ਵਿਕਸਤ ਕਰਨ ਪੱਖੋਂ ਸਹਿਕ ਸਹਿਕ ਕੇ ਦਮ ਤੋੜ ਰਹੀ ਹੈ। ਭਾਰਤ ਵਿੱਚ ਸਮੁੱਚੇ ਤੌਰ 'ਤੇ ਖੋਜ ਅਤੇ ਵਿਕਾਸ ਉੱਤੇ ਬਹੁਤ ਹੀ ਨਿਗੂਣਾ ਖਰਚਾ ਕੀਤਾ ਜਾ ਰਿਹਾ ਹੈ। ਇਹ ਬੱਜਟ ਸਾਡੀ ਕੁੱਲ ਘਰੇਲੂ ਪੈਦਾਵਾਰ (ਜੀ.ਡੀ.ਪੀ.) ਦਾ ਸਿਰਫ 0.88 ਫੀਸਦੀ (ਯਾਨੀ 100 ਰੁਪਏ ਦੀ ਘਰੇਲੂ ਪੇਦਾਵਾਰ ਵਿੱਚੋਂ ਸਿਰਫ 0.88 ਪੈਸੇ) ਹੈ, ਜਦੋਂ ਕਿ ਅਮਰੀਕਾ ਆਪਣੀ ਸਮੁੱਚੀ ਘਰੇਲੂ ਪੈਦਾਵਾਰ ਦਾ 2.74 ਫੀਸਦੀ ਅਤੇ ਚੀਨ ਲੱਗਭੱਗ 2 ਫੀਸਦੀ ਖਰਚ ਕਰਦਾ ਹੈ। ਹਾਲਾਂ ਕਿ ਇਹਨਾਂ ਦੀ ਘਰੇਲੂ ਪੈਦਾਵਾਰ ਸਾਡੇ ਮੁਲਕ ਦੀ ਪੈਦਾਵਾਰ ਨਾਲੋਂ ਕਈ ਕਈ ਗੁਣਾਂ ਵੱਡੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਕਾਂਗਰਸ ਦਾ ਉਦਘਾਟਨ ਕੀਤਾ। ਸਾਇੰਸ ਅਤੇ ਤਕਨਾਲੋਜੀ ਦੇ ਕੇਂਦਰੀ ਵਜ਼ੀਰ ਡਾ. ਹਰਸ਼ ਵਰਧਨ ਅਤੇ ਕੇਂਦਰੀ ਵਜ਼ੀਰ ਪ੍ਰਕਾਸ਼ ਜਾਵੜੇਕਰ ਨੇ ਅੱਡ ਅੱਡ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ। ਅਜਿਹੇ ਸਮਾਗਮ ਦੇ ਮੌਕੇ ਉੱਤੇ ਇਹਨਾਂ ਤੋਂ, ਖਾਸ ਕਰਕੇ ਪ੍ਰਧਾਨ ਮੰਤਰੀ ਅਤੇ ਸਾਇੰਸ ਅਤੇ ਤਕਨਾਲੋਜੀ ਦੇ ਵਜ਼ੀਰ ਤੋਂ ਇਹ ਆਸ ਕੀਤੀ ਜਾਂਦੀ ਸੀ ਕਿ ਖੋਜ ਅਤੇ ਵਿਕਾਸ ਲਈ ਸਾਡੇ ਦੇਸ਼ ਦੇ ਨਿਗੂਣੇ ਬੱਜਟ ਵਿੱਚ ਵੱਡਾ ਵਾਧਾ ਕਰਨ ਦਾ ਐਲਾਨ ਕਰਦੇ। ਖੋਜੀ ਮਾਹਰਾਂ ਅਤੇ ਸਾਇੰਸਦਾਨਾਂ ਲਈ ਲੋੜੀਂਦੀਆਂ ਸਹੂਲਤਾਂ ਦੇਣ ਦਾ ਐਲਾਨ ਕਰਦੇ। ਪਰ ਉਹਨਾਂ ਨੇ ਅਖੌਤੀ ਭਾਰਤੀ ਪ੍ਰਾਚੀਨ ਸਾਇੰਸ ਦੀ ਤਰੱਕੀ ਉੱਤੇ ਕੱਛਾਂ ਵਜਾ ਕੇ ਕਾਂਗਰਸ ਵਿੱਚ ਸ਼ਾਮਲ ਸਾਇੰਸਦਾਨਾਂ ਨੂੰ ਹੈਰਾਨ-ਪ੍ਰੇਸ਼ਾਨ ਕਰਨ ਦੇ ਇਲਾਵਾ ਹੋਰ ਕੁੱਝ ਨਹੀਂ ਕੀਤਾ।
ਡਾ. ਹਰਸ਼ ਵਰਧਨ ਨੇ ਕਾਂਗਰਸ ਨੂੰ ਦੱਸਿਆ, ''ਸਾਡੇ ਸਾਇੰਸਦਾਨਾਂ ਨੇ ਪਾਈਥਾਗੋਰਸ ਥਿਊਰਮ ਦੀ ਖੋਜ ਕੀਤੀ, ਪਰ ..ਅਸੀਂ ਇਸਦਾ ਸਿਹਰਾ ਯੂਨਾਨੀਆਂ ਨੂੰ ਦਿੱਤਾ। ਅਸੀਂ ਸਾਰੇ ਜਾਣਦੇ ਹਾਂ ਕਿ ਸਾਨੂੰ ਅਰਬਾਂ ਤੋਂ ਕਿਤੇ ਪਹਿਲਾਂ 'ਬੀਜ-ਗਣਿਤ'' ਗਿਆਨ ਸੀ, ਪਰ ਅਸੀਂ ਬਹੁਤ ਹੀ ਨਿਰਸਵਾਰਥ ਭਾਵ ਨਾਲ ਇਸ ਨੂੰ ਅਲਜਬਰਾ ਕਹਿਣ ਦੀ ਆਗਿਆ ਦਿੱਤੀ.. ..ਅਸੀਂ ਆਪਣੇ ਸਾਰੇ ਗਿਆਨ ਨੂੰ ਬਹੁਤ ਹੀ ਗੈਰ ਸੁਆਰਥੀ ਭਾਵਨਾ ਨਾਲ ਹੋਰਨਾਂ ਨਾਲ ਸਾਂਝਾ ਕੀਤਾ। ਇਹ ਗਿਆਨ ਭਾਵੇਂ ਸੂਰਜ ਮੰਡਲ, ਦਵਾ ਦਾਰੂ, ਰਸਾਇਣ ਵਿਗਿਆਨ ਜਾਂ ਧਰਤ-ਵਿਗਿਆਨ ਨਾਲ ਸਬੰਧਤ ਸੀ। ਕੇਂਦਰੀ ਵਜ਼ੀਰ ਪ੍ਰਕਾਸ਼ ਜਾਵੜੇਕਰ ਨੇ ਕਿਹਾ, ''ਕਾਂਗਰਸ ਵਿੱਚ ਜੁੜੇ ਵਿਗਿਆਨਕ ਭਾਈਚਾਰੇ ਨੂੰ ਸੰਸਕ੍ਰਿਤ ਵਿਚਲੀ ਸਰੋਤ ਸਮੱਗਰੀ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਨੂੰ ਮਨੁੱਖਤਾ ਦੀ ਖੁਸ਼ਹਾਲੀ ਵਾਸਤੇ ਵਰਤਣਾ ਚਾਹੀਦਾ ਹੈ। ਪਾਠਕਾਂ ਨੂੰ, ਇਸ ਕਾਂਗਰਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੀ ਉਹ ਟਿੱਪਣੀ ਚੇਤੇ ਹੋਵੇਗੀ ਜਿਸ ਵਿੱਚ ਉਸਨੇ ਹਾਥੀ ਦਾ ਸਿਰ ਵੱਢ ਕੇ ਗਨੇਸ਼ ਦੀ ਧੜ ਉੱਤੇ ਜੜਨ ਦੀ ਉਦਾਹਰਨ ਦੇ ਕੇ ਇਹ ਦਿਖਾਉਣ ਦਾ ਯਤਨ ਕੀਤਾ ਸੀ ਕਿ ਦੇਖੋ ਪ੍ਰਾਚੀਨ ਭਾਰਤ ਵਿੱਚ ਪਲਾਸਟਿਕ ਸਰਜਰੀ ਕਿੰਨੀ ਬੁਲੰਦੀਆਂ ਉੱਤੇ ਸੀ।
ਸਾਇੰਸਦਾਨਾਂ ਦੀ ਹੈਰਾਨੀ ਅਤੇ ਅਸਹਿਮਤੀ
ਇਸ ਕਾਂਗਰਸ ਵਿੱਚ ਹੋਇਆ ਇਹ ਸਾਰਾ ਕੁੱਝ ਇਸ ਵਿੱਚ ਹਾਜ਼ਰ ਸਾਇੰਸਾਦਾਨਾਂ ਦੇ ਕਿਆਸ ਤੋਂ ਕਿਤੇ ਬਾਹਰਾ ਸੀ। ਕੁਦਰਤੀ ਹੀ, ਇਸਨੇ ਉਹਨਾਂ ਨੂੰ ਨਿਰਾਸ਼ ਵੀ ਕੀਤਾ ਅਤੇ ਚਿੰਤਤ ਵੀ।
ਪ੍ਰਸਿੱਧ ਤਾਰਾ-ਵਿਗਿਆਨੀ ਨਾਰਲੀਕਰ ਨੇ ਟਾਈਮਜ਼ ਆਫ ਇੰਡੀਆ (6 ਜਨਵਰੀ 2015) ਨੂੰ ਦੱਸਿਆ ਕਿ ਪ੍ਰਾਚੀਨ ਭਾਰਤੀ ਸਾਇੰਸ ਉੱਤੇ ਮਾਣ ਕਰਨਾ ਚੰਗੀ ਗੱਲ ਹੈ, ਪਰ ਸਾਇੰਸਦਾਨਾਂ ਨੂੰ ਅਜਿਹੀਆਂ ਚੀਜ਼ਾਂ ਬਾਰੇ ਦਾਅਵੇ ਨਹੀਂ ਕਰਨੇ ਚਾਹੀਦੇ, ਜਿਹਨਾਂ ਦਾ ਉਹਨਾਂ ਕੋਲ ਸਬੂਤ ਨਹੀਂ ਹੈ। ਉਸਨੇ ਕਿਹਾ ਕਿ 'ਵੇਦਾਂਗ ਜਿਓਤਸ' ਵਿੱਚ  ਪਾਈਥਾਗੋਰਸ ਵਰਗੀ ਥਿਊਰਮ ਦਾ ਜ਼ਿਕਰ ਹੈ, ਪਰ ਉਸਦਾ ਸਬੂਤ ਕੋਈ ਨਹੀਂ ਹੈ ਜਾਂ ਇਹ ਕਿਵੇਂ ਵਿਕਸਤ ਹੋਈ। ਇਸੇ ਤਰ੍ਹਾਂ ਇਹ ਕਹਿਣਾ ਨਿਰਆਧਾਰ ਹੈ ਕਿ ਮਹਾਂਭਾਰਤ ਵਿੱਚ ਜ਼ਿਕਰ-ਅਧੀਨ ਆਇਆ ਬ੍ਰਹਮ ਅਸਤਰ ਇੱਕ ਪ੍ਰਮਾਣੂੰ ਹਥਿਆਰ ਸੀ ਜਾਂ ਰਮਾਇਣ ਵਿੱਚ ਜ਼ਿਕਰ ਅਧੀਨ ਆਇਆ ਪੁਸ਼ਪਕ ਵਿਮਾਨ ਪ੍ਰਾਚੀਨ ਸਮਿਆਂ ਵਿੱਚ ਹਵਾਬਾਜ਼ੀ-ਵਿਗਿਆਨ ਦਾ ਸਬੂਤ ਸਨ। ਭਾਰਤੀ ਸਾਇਸੰਦਾਰਨ 'ਐਟਮ'' ਜਾਂ 'ਅਣੂੰ' ਬਾਰੇ ਜ਼ਰੂਰ ਜਾਣਦੇ ਸਨ, ਪਰ ਇਸ ਤੋਂ ਅੱਗੇ ਨਹੀਂ। ਉਸ ਸਮੇਂ ਪ੍ਰਮਾਣੂੰ ਹਥਿਆਰ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਪ੍ਰਮਾਣੂੰ ਵਿਗਿਆਨ ਦਾ ਗਿਆਨ ਇਹ ਮੰਗ ਕਰਦਾ ਹੈ ਕਿ ਪਹਿਲਾਂ ਬਿਜਲਈ ਚੁੰਬਕੀਅਤ ਬਾਰੇ ਗਿਆਨ ਜ਼ਰੂਰ ਹੋਵੇ ਪਰ ਇਸ ਦੇ ਹੋਣ ਦਾ ਕੋਈ ਸਬੂਤ ਨਹੀਂ ਹੈ।''
''ਅਸੀਂ ਹਰ ਪਿੰਡ ਨੂੰ ਟੂਟੀਆਂ ਦਾ ਪਾਣੀ ਅਤੇ ਬਿਜਲੀ ਦੇਣ ਦੀਆਂ'' ਗੱਲਾਂ ਕਰਦੇ ਹਾਂ ਕਿਉਂਕਿ ਇਸ ਕਿਸਮ ਦੀਆਂ ਤਕਨਾਲੋਜੀਆਂ ਮੌਜੂਦ ਹਨ। ਮਹਾਂਭਾਰਤ ਵੇਲੇ ਸਭ ਤੋਂ ਅਮੀਰ ਅਤੇ ਤਾਕਤਵਰ ਕੌਰਵਾਂ ਦੇ ਮਹਿਲ ਵਿੱਚ ਬਿਜਲੀ ਅਤੇ ਟੂਟੀਆਂ ਦਾ ਪਾਣੀ ਨਹੀਂ ਸੀ ਅਤੇ ਉਹਨਾਂ ਸਮਿਆਂ ਬਾਰੇ ਦਾਅਵੇ ਕਰਨ ਲੱਗਿਆਂ ਇਸ ਹਕੀਕਤ ਨੂੰ ਗਿਣਤੀ ਵਿੱਚ ਰੱਖਣਾ ਚਾਹੀਦਾ ਹੈ।''
ਨਾਰੀਕਰ ਨੇ ਕਿਹਾ ਕਿ ਪ੍ਰਾਚੀਨ ਭਾਰਤੀ ਸਾਇੰਸ ਬਾਰੇ ਅਜੀਬੋ ਗਰੀਬ ਅਤੇ ਬੇਤੁਕੇ ਦਾਅਵੇ ਇਸਦੀ ਇੱਜਤ ਨੂੰ ਘਟਾਉਂਦੇ ਹਨ।
ਅਮਰੀਕਾ ਤੋਂ ਆਏ ਇੱਕ ਭਾਰਤੀ ਸਾਇੰਸਦਾਨ ਜੋ ਇਸ ਸੈਸ਼ਨ ਵਿੱਚ ਹਾਜ਼ਰ ਸੀ, ਟਾਈਮਜ਼ ਆਫ ਇੰਡੀਆ ਨੂੰ ਦੱਸਿਆ: ''ਗਿਆਨ ਹਮੇਸ਼ਾਂ ਵਧਦਾ ਰਹਿੰਦਾ ਹੈ। ਇਹ ਕਦੇ ਵੀ ਰੁਕਦਾ ਨਹੀਂ। ਸੋ ਜੇ ਇਹ ਸਾਰਾ ਗਿਆਨ ਪਿਛਲੇ ਸਮੇਂ ਹਾਸਲ ਸੀ, ਮੈਂ ਇਹ ਜਾਨਣਾ ਚਾਹੁੰਦਾ ਹਾਂ ਕਿ ਇਹ ਰੁਕ ਕਿੱਥੇ ਗਿਆ? ਇਹ ਵਧਣ ਵਿੱਚ ਫੇਲ੍ਹ ਕਿਉਂ ਹੋਇਆ? ਕੋਈ ਵਧਾਰਾ ਕਿਉਂ ਨਹੀਂ ਹੋਇਆ। ਇਹ ਕਦੋਂ ਰੁਕਿਆ?
ਹਰਸ਼ ਵਰਧਨ ਦੀ ਟਿੱਪਣੀ ਬਾਰੇ ਬੰਬਈ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਟਾਈਮਜ਼ ਆਫ ਇੰਡੀਆ ਕੋਲ ਕਿਹਾ: ''ਅਸੀਂ ਜਾਣਦੇ ਹਾਂ ਕਿ ਭਾਰਤੀਆਂ ਨੇ ਗਣਿਤ ਵਿਗਿਆਨ ਨੂੰ ਦੇਣ ਦਿੱਤੀ ਹੈ। ਪਰ ਫਿਰ ਵੀ ਜੋ ਉਸਨੇ ਕਿਹਾ, ਸੁਣ ਕੇ ਮੈਂ ਹੈਰਾਨ ਹੋਇਆ ਹਾਂ। ਹੋ ਸਕਦਾ ਹੈ ਗਣਿਤ ਵਿਗਿਆਨ ਬਾਰੇ ਜਿਸ ਢੰਗ ਨਾਲ ਉਹ ਸੋਚਦਾ ਹੈ, ਉਹ ਉਸ ਤੋਂ ਵੱਖਰਾ ਹੋਵੇ, ਜਿਵੇਂ ਅਸੀਂ ਗਣਿਤਾ-ਵਿਗਿਆਨੀ (ਅਕੈਡਮੀਸ਼ੀਅਨ) ਸੋਚਦੇ ਹਾਂ।''
ਡਾ. ਮੰਜੁਲ ਭਾਰਗਵ, ਫੀਲਡ ਮੈਡਲ ਨਾਉਂ ਦਾ ਇਨਾਮ ਜਿੱਤਣ ਵਾਲਾ ਭਾਰਤੀ ਮੂਲ ਦਾ ਪਹਿਲਾ ਗਣਿਤਾ-ਵਿਗਿਆਨੀ ਹੈ। ਇਸ ਨੇ ਇਸ ਕਾਂਗਰਸ ਦੀ ਇੱਕ ਬੈਠਕ ਨੂੰ ਸੰਬੋਧਨ ਕੀਤਾ। ਉਸਨੇ ਇੰਡੀਅਨ ਐਕਸਪ੍ਰੈਸ (ਜੂਨ 8, 2015) ਨੂੰ ਦੱਸਿਆ ਕਿ ਵਿਗਿਆਨਕ ਯੋਗਤਾ ਪੱਖੋਂ ਸ਼ਕੀਆ ਪੇਸ਼ਕਾਰੀਆਂ ਨੂੰ ਅਜਿਹੇ ਸਮਾਗਮਾਂ ਦੀ ਬਦਨਾਮੀ ਕਰਨ ਖਾਤਰ ਨਹੀਂ ਵਰਤਿਆ ਜਾਣਾ ਚਾਹੀਦਾ। ''ਐਹੋ ਜਿਹਿਆਂ ਨੂੰ ਸਾਇੰਸਦਾਨਾਂ, ਵਿਦਿਆਰਥੀਆਂ ਅਤੇ ਮੀਡੀਆ ਦਾ ਧਿਆਨ ਨਹੀਂ ਖਿੱਚਣਾ ਚਾਹੀਦਾ।''
ਦੂਸਰੇ ਸਾਇੰਸਦਾਨਾਂ ਨੇ ਵੀ, ਜਿਹਨਾਂ ਨੇ ਇਸ ਕਾਂਗਰਸ ਵਿੱਚ ਹਾਜ਼ਰੀ ਭਰੀ, ਕਿਹਾ ਕਿ ਇਸ ਵਾਦ-ਵਿਵਾਦ ਨੇ ਇਸ ਵਿੱਚ ਪੇਸ਼ ਕੀਤੇ ਚੰਗੇ ਕੰਮ ਨੂੰ ਖੂੰਜੇ ਲਾ ਦਿੱਤਾ। ਸਾਇੰਸੀ ਵਿਦਿਆ ਲਈ ਹੋਮੀ ਭਾਬਾ ਕੇਂਦਰ ਵਿੱਚ ਤਾਰਾ-ਵਿਗਿਆਨ ਉਲੰਪੀਐਡ ਦੇ ਕੌਮੀ ਕੋਆਰਡੀਨੇਟਰ, ਮੇਆਂਕ ਵਾਹੀਆ ਨੇ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਐਹੋ ਜਿਹਾ ਮਾਮੂਲੀ ਮਸਲਾ ਕਾਂਗਰਸ ਉੱਤੇ ਛਾ ਗਿਆ ਜਿਸ ਦੀਆਂ ਕਮਾਲ ਦੀਆਂ ਬੈਠਕਾਂ ਹੋਈਆਂ।
ਪੂਨੇ ਦੇ ਵਿਗਿਆਨਕ ਵਿਦਿਆ ਅਤੇ ਖੋਜ ਦੀ ਭਾਰਤੀ ਸੰਸਥਾ ਦੇ ਐਸੋਸੀਏਟ ਪ੍ਰੋਫੈਸਰ ਅਤੇ ਸਾਇੰਸਦਾਨ ਡਾ. ਪ੍ਰਸ਼ਾਦ ਸੁਬਰਾਮਨੀਅਨ ਨੇ ਕਿਹਾ ਕਿ ''ਇੱਕ ਸਾਇਸੰਦਾਨ ਵਜੋਂ ਮੈਂ ਉਦਾਸੀ ਮਹਿਸੂਸ ਕਰਦਾ ਹਾਂ ਕਿ ਦੂਜੇ ਇੱਕ ਸੈਸ਼ਨ ਦੀ ਵਜਾਹ ਕਰਕੇ ਦੂਸਰੇ ਐਨੇ ਹੀ ਮਹੱਤਵਪੂਰਨ ਸੈਸ਼ਨ ਖੂੰਜੇ ਲਾ ਦਿੱਤੇ ਗਏ।
ਸਿਆਸੀ-ਵਿਚਾਰਧਾਰਕ ਅਰਥ ਸੰਭਾਵਨਾਵਾਂ
ਭਾਜਪਾ ਹਾਕਮਾਂ ਵੱਲੋਂ ਭਾਰਤੀ ਸਾਇੰਸਦਾਨਾਂ ਨੂੰ ਗੁੰਮਰਾਹ ਕਰਨ ਦੀਆਂ ਕੁੱਢਰ ਕੋਸ਼ਿਸ਼ਾਂ ਦੀਆਂ ਅਰਥ-ਸੰਭਾਵਨਾਵਾਂ ਸਾਇੰਸ ਦੇ ਖੇਤਰ ਨਾਲੋਂ ਵੀ ਵੱਧ ਸਿਆਸੀ ਅਤੇ ਵਿਚਾਰਧਾਰਕ ਖੇਤਰ ਵਿੱਚ ਹਨ।
ਅੱਜ ਦੀਆਂ ਹਾਲਤਾਂ ਵਿੱਚ ਚੱਲਦੇ ਸਿਆਸੀ ਅਤੇ ਵਿਚਾਰਧਾਰਕ ਭੇੜ ਵਿੱਚ ਜੇਤੂ ਰਹਿਣ ਦੇ ਸੁਆਰਥੀ ਹਿੱਤ ਕੁੱਝ ਧਿਰਾਂ ਦੇ, ਬੀਤੇ ਬਾਰੇ ਵਿਚਾਰਾਂ ਨੂੰ ਤਹਿ ਕਰਦੇ ਹਨ। ਕਿਸੇ ਦੇਸ਼ ਦੇ ਇਤਿਹਾਸ ਨੂੰ ਘੋਖਣ-ਪੜਤਾਲਣ ਦਾ ਮੂਲ ਮਕਸਦ ਦੇਸ਼ ਦੇ ਅੱਜ ਨੂੰ ਸੁਆਰਨ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਨੂੰ ਯਕੀਨੀ ਬਣਾਉਣ ਵਾਲੀ, ਭਵਿੱਖ ਦੀ ਦਿਸ਼ਾ ਤਹਿ ਕਰਨਾ ਹੈ। ਦੇਸ਼ ਦੇ ਅੱਜ ਅਤੇ ਦੇਸ਼ ਦੇ ਭਲਕ ਦਾ ਅਰਥ ਹੈ, ਵਸੋਂ ਦੀ ਵੱਡੀ ਬਹੁਗਿਣਤੀ ਯਾਨੀ ਆਮ ਲੋਕਾਂ, ਖਾਸ ਕਰਕੇ ਕਿਰਤੀ ਲੋਕਾਂ ਦਾ ਅੱਜ ਅਤੇ ਭਲਕ। ਇਸ ਅੱਜ ਵਿੱਚ ਅਤੇ ਭਲਕ ਵਿੱਚ ਆਮ ਲੋਕਾਂ ਦੇ ਹਿੱਤਾਂ ਦੀ ਰਾਖੀ ਅਤੇ ਵਧਾਰਾ ਕਰਨ ਦਾ ਮਕਸਦ ਇਹ ਮੰਗ ਕਰਦਾ ਹੈ ਕਿ ਦੇਸ਼ ਦੇ ਇਤਿਹਾਸ ਨੂੰ ਵਿਗਿਆਨਕ ਨਜ਼ਰੀਏ ਨਾਲ ਘੋਖਿਆ-ਪੜਤਾਲਿਆ ਜਾਵੇ।
ਇਸ ਵਿਗਿਆਨਕ ਘੋਖ-ਪੜਤਾਲ ਦਾ ਮਤਲਬ ਹੈ, ਤੱਥਾਂ ਵਿੱਚੋਂ ਸਚਾਈ ਲੱਭਣਾ। ਅਸਲੀ ਸਚਾਈ ਲੱਭਣ ਲਈ, ਨਾ ਕਿਸੇ ਤੱਥ ਨੂੰ ਵਧਵੀਂ/ਘਟਵੀਂ ਮਹੱਤਤਾ ਦੇਣੀ, ਨਾ ਕਿਸੇ ਤੱਥ ਨੂੰ ਨਜ਼ਰਅੰਦਾਜ਼ ਕਰਨਾ ਅਤੇ ਨਾ ਹੀ ਝੂਠੇ ਤੱਥ ਘੜਨਾ। ਪਰ ਦੇਸ਼ ਦੀਆਂ ਦੇਸ਼-ਵਿਰੋਧੀ ਅਤੇ ਲੋਕ-ਵਿਰੋਧੀ ਧਿਰਾਂ ਨੂੰ ਇਹ ਵਿਗਿਆਨਕ ਨਜ਼ਰੀਆ ਰਾਸ ਨਹੀਂ ਆਉਂਦਾ।
ਅੱਜ ਭਾਜਪਾ ਦੀ ਮੋਦੀ ਮਾਰਕਾ ਹਕੂਮਤ, ਹਿੰਦੂ-ਫਿਰਕਾਪ੍ਰਸਤ ਅਤੇ ਮੂਲਵਾਦੀ ਤਾਕਤਾਂ ਨੂੰ ਮਜਬੂਤ ਕਰਨ ਉੱਤੇ ਤੁਲੀ ਹੋਈ ਹੈ। ਦੇਸ਼ ਨੂੰ, ਇੱਕ ਹਿੰਦੂ ਰਾਸ਼ਟਰ ਯਾਨੀ ਹਿੰਦੂ ਫਿਰਕੂ ਫਾਸਿਸ਼ਟ ਮੁਲਕ ਬਣਾਉਣ ਦੀ ਦਿਸ਼ਾ ਵਿੱਚ ਲਿਜਾਣਾ ਚਾਹੁੰਦੀ ਹੈ। ਇਹ ਕੋਸ਼ਿਸ਼ਾਂ ਕਈ ਪਾਸਿਆਂ ਤੋਂ ਹੋ ਰਹੀਆਂ ਹਨ। ਕਿਤੇ ਲਵ-ਜਹਾਦ ਦਾ ਸਟੰਟ ਰਚਾਇਆ ਜਾ ਰਿਹਾ ਹੈ। ਕਿਤੇ ਘਰ ਵਾਪਸੀ ਦੇ ਨਾਂ ਥੱਲੇ ਗੈਰ-ਹਿੰਦੂਆਂ ਨੂੰ ਲਾਲਚ ਦੇ ਕੇ ਜਾਂ ਡਰਾ ਕੇ ਹਿੰਦੂ ਸਜਾਇਆ ਜਾ ਰਿਹਾ ਹੈ। ਕਿਤੇ ਕਿਸੇ ਪਾਰਲੀਮੈਂਟ ਮੈਂਬਰ ਵੱਲੋਂ ਧਾਰਮਿਕ ਘੱਟ ਗਿਣਤੀਆਂ ਦੇ ਮੁਕਾਬਲੇ ਵਿੱਚ ਹਿੰਦੂਆਂ ਦੀ ਵਸੋਂ ਵਧਾਉਣ ਲਈ ਹਿੰਦੂ ਇਸਤਰੀਆਂ ਨੂੰ ਚਾਰ-ਚਾਰ ਬੱਚੇ ਜੰਮਣ ਦੇ ਪ੍ਰਵਚਨ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਆਰ.ਐਸ.ਐਸ. ਅਤੇ ਬਜਰੰਗ ਦਲ ਵਰਗੀਆਂ ਫਿਰਕੂ ਫਾਸ਼ੀ ਜਥੇਬੰਦੀਆਂ ਦੀਆਂ ਸਰਗਰਮੀਆਂ ਇੱਕਦਮ ਤੇਜ ਹੋ ਗਈਆਂ ਹਨ। ਭਾਜਪਾ, ਅਕਾਲੀ ਦਲ ਨੂੰ ਪਾਸੇ ਕਰਕੇ ਨਿਰੋਲ ਆਪਣੀ ਸਰਕਾਰ ਬਣਾਉਣ ਦੇ ਸੁਪਨੇ ਪਾਲਣ ਲੱਗੀ ਹੈ।
ਹੁਣ ਤੋਂ ਪਹਿਲਾਂ ਵੀ ਭਾਜਪਾ, ਵਿਦਿਆ ਅਤੇ ਇਤਿਹਾਸਕਾਰੀ ਦੇ ਖੇਤਰ ਵਿੱਚ ਹਿੰਦੂ ਫਿਰਕਾਪ੍ਰਸਤ ਵਿਅਕਤੀਆਂ ਨੂੰ ਭਰਤੀ ਕਰਕੇ ਸਕੂਲਾਂ-ਕਾਲਜਾਂ ਦੇ ਸਿਲੇਬਸ ਵਿੱਚ ਹਿੰਦੂ ਦਾਰਮਿਕ ਗਰੰਥਾਂ ਨੂੰ ਸ਼ਾਮਲ ਕਰਕੇ ਇਹਨਾਂ ਖੇਤਰਾਂ ਦਾ ਭਗਵਾਂਕਰਨ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਆਈ ਹੈ। ਭਾਜਪਾ ਆਗੂ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਭਗਵਾਕਰਨ ਦੇ ਦੋਸ਼ਾਂ ਦਾ ਖੰਡਨ ਕਰਦੇ ਰਹੇ ਹਨ। ਹੁਣ ਮੋਦੀ ਸਰਕਾਰ ਬਣਨ ਤੋਂ ਬਾਅਦ, ਇਸ ਸਰਕਾਰ ਵਿਚਲੇ ਹਿੰਦੂ ਫਿਰਕਾਪ੍ਰਸਤਾਂ ਦੇ ਹੌਸਲੇ ਐਨੇ ਵਧ ਗਏ ਹਨ ਕਿ ਉਹ ਭਗਵੇਂਕਰਨ ਦੇ ਫਿਰਕਾਪ੍ਰਸਤ ਇਰਾਦਿਆਂ ਦਾ ਸ਼ਰੇਆਮ ਐਲਾਨ ਕਰ ਰਹੇ ਹਨ।
ਅਖਬਾਰੀ ਖਬਰਾਂ (ਪੰਜਾਬੀ ਟ੍ਰਿਬਿਊਨ, 19 ਜਨਵਰੀ 2015) ਮੁਤਾਬਕ ਹਰਿਆਣਾ ਦੇ ਸਿੱਖਿਆ ਮੰਤਰੀ ਰਾਮ ਵਿਲਾਸ ਸ਼ਰਮਾ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਪੂਰੀ ਤਰ੍ਹਾਂ ਭਗਵਾਂਕਰਨ ਕਰਨਾ ਚਾਹੁੰਦੀ ਹੈ ਤੇ ਅਜਿਹਾ ਕਰਨ ਵਿੱਚ ਕੁੱਝ ਵੀ ਗਲਤ ਨਹੀਂ, ਇੱਥੇ (ਕੁਰਕਸ਼ੇਤਰ) ਸ੍ਰੀਪਦ ਭਗਵਤ ਗੀਤਾ ਸੀਨੀਅਰ ਸਕੈਂਡਰੀ ਸਕੂਲ ਵਿੱਚ 'ਸਿਕਸ਼ਕ ਸਨਮਾਨ ਸਮਾਰੋਹ' ਵਿੱਚ ਉਹਨਾਂ ਕਿਹਾ, ''ਭਗਵਾਂ ਕਿਸੇ ਹਾਲਤ ਗਲਤ ਚੀਜ਼ ਦਾ ਨਾਮ ਨਹੀਂ ਹੈ। ਜਦੋਂ ਸੂਰਜ ਚੜ੍ਹਦਾ ਤੇ ਡੁੱਬਦਾ ਹੈ ਤਾਂ ਅਸਮਾਨ ਦਾ ਰੰਗ ਵੀ ਕੇਸਰੀ ਹੋ ਜਾਂਦਾ ਹੈ। ਜਿਹੜੇ ਲੋਕ ਰੱਬ ਨੂੰ ਸਮਰਪਤ ਹੋ ਜਾਂਦੇ ਹਨ, ਉਹ ਭਗਵਾਂ ਪਹਿਨ ਲੈਂਦੇ ਹਨ ਤੇ ਸਾਡੇ ਤਾਂ ਤਰੰਗੇ ਵਿੱਚ ਸਭ ਤੋਂ ਉੱਪਰ ਕੇਸਰੀ ਰੰਗ ਹੈ।'' ਉਹਨਾਂ ਹਰਿਆਣਾ ਸਰਕਾਰ ਵੱਲੋਂ 'ਭਗਵਤ ਗੀਤਾ ਨੂੰ ਸਕੂਲਾਂ ਦੇ ਪਾਠਕਰਮ ਵਿੱਚ ਸ਼ਾਮਲ ਕਰਨ ਦੇ ਫੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਕਿਹਾ ਹੈ ਕਿ ਦੁਨੀਆਂ ਭਰ ਦੇ ਲੋਕਾਂ ਨੇ ਇਸ ਫੈਸਲੇ ਦੀ ਪ੍ਰਸੰਸਾ ਕੀਤੀ ਹੈ। ਕੁੱਝ ਲੋਕ ਇਸ ਫੈਸਲੇ ਦਾ ਇਹ ਕਹਿ ਕੇ ਵਿਰੋਧ ਕਰ ਰਹੇ ਹਨ ਕਿ ਸਰਕਾਰ ਸਿੱਖਿਆ ਦਾ ਭਗਵਾਂਕਰਨ ਕਰ ਰਹੀ ਹੈ। ਉਹਨਾਂ ਕਿਹਾ ਕਿ ''ਇਹ ਸਿਰਫ ਸ਼ੁਰੂਆਤ ਹੈ। ਅਸੀਂ ਤਾਂ ਪੂਰੀ ਤਰ੍ਹਾਂ ਭਗਵਾਂਕਰਨ ਕਰਨਾ ਚਾਹੁੰਦੇ ਹਾਂ ਤੇ ਇਹ ਗਲਤ ਨਹੀਂ ਹੈ।''
ਦੇਸ਼ ਦੀ ਸਿਆਸਤ ਅਤੇ ਸਭਿਆਚਾਰ ਦੇ ਭਗਵਾਂਕਰਨ (ਹਿੰਦੂ ਫਿਰਕਾਪ੍ਰਸਤ ਰੰਗ ਵਿੱਚ ਰੰਗਣ) ਦੇ ਮਕਸਦ ਨੂੰ ਪੂਰਾ ਕਰਨ ਲਈ ਭਾਜਪਾ ਹਾਕਮ ਦੇਸ਼ ਦੇ ਇਤਿਹਾਸ ਦਾ ਭਗਵਾਂਕਰਨ ਕਰਦੇ ਆ ਰਹੇ ਹਨ। ਉਹ ਪ੍ਰਾਚੀਨ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਅਤੇ ਪ੍ਰਾਚੀਨ ਭਾਰਤੀ ਸਭਿਆਚਾਰ ਨੂੰ ਹਿੰਦੂ ਸਭਿਆਚਾਰ ਵਜੋਂ ਪੇਸ਼ ਕਰਦੇ ਆ ਰਹੇ ਹਨ। ਇਹਨਾਂ ਕੋਸ਼ਿਸ਼ਾਂ ਦੇ ਅੰਗ ਵਜੋਂ ਹੀ ਹੁਣ ਉਹਨਾਂ ਦੇ ਭਾਰਤੀ ਪ੍ਰਾਚੀਨ ਸਾਇੰਸ ਦੇ ਇਤਿਹਾਸ ਦੇ ਭਗਵਾਕਰਨ ਦੀ ਕੋਸ਼ਿਸ਼ ਕੀਤੀ ਹੈ। ਯਾਨੀ ਸੰਸਕ੍ਰਿਤ ਦੇ ਗਰੰਥਾਂ ਵਿਚਲੇ ਵਿਗਿਆਨ ਗੱਪਾਂ ਨੂੰ ਭਾਰਤੀ ਪ੍ਰਾਚੀਨ ਸਾਇੰਸ ਦੇ ਅਸਲੀ ਇਤਿਹਾਸ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਹੈ।
ਭਾਜਪਾ ਹਾਕਮਾਂ ਵੱਲੋਂ ਦੇਸ਼ ਦੀ ਸਿਆਸਤ, ਵਿਚਾਰਧਾਰਾ ਅਤੇ ਇਤਿਹਾਸ ਉੱਤੇ ਬੋਲੇ ਇਸ ਹਿੰਦੂ-ਫਿਰਕਾਪ੍ਰਸਤ ਹੱਲੇ ਦੇ ਇੱਕ ਅੰਗ ਵਜੋਂ ਭਾਰਤੀ ਸਾਇੰਸ ਦੇ ਇਤਿਹਾਸ ਉੱਤੇ ਬੋਲਿਆ ਤਾਜ਼ਾ ਹਿੰਦੂ ਫਿਰਕਾਪ੍ਰਸਤ ਹੱਲਾ ਸਭਨਾਂ ਲੋਕ-ਪੱਖੀ ਤਾਕਤਾਂ ਲਈ ਇੱਕ ਗੰਭੀਰ ਗੌਰ-ਫਿਕਰ ਦਾ ਮਾਮਲਾ ਹੈ।
੦-੦

No comments:

Post a Comment