Monday, February 23, 2015

ਢੰਡਾਰੀ ਖੁਰਦ ਕਾਂਡ: ਨਿਆਂ ਨਾ ਮਿਲਣ 'ਤੇ ਸੰਘਰਸ਼ ਦੀ ਚੇਤਾਵਨੀ

ਢੰਡਾਰੀ ਖੁਰਦ ਕਾਂਡ: ਨਿਆਂ ਨਾ ਮਿਲਣ 'ਤੇ ਸੰਘਰਸ਼ ਦੀ ਚੇਤਾਵਨੀ
ਢੰਡਾਰੀ ਖੁਰਦ (ਲੁਧਿਆਣਾ) ਦੀ ਸਹਿਨਾਜ਼ ਖਾਤੂਨ ਦੇ ਅਗਵਾ, ਬਲਾਤਕਾਰ, ਕੁੱਟਮਾਰ ਤੇ ਸਾੜ ਕੇ ਮਾਰਨ ਦੇ ਹੌਲਨਾਕ ਕਾਂਡ ਖਿਲਾਫ ਲੜੇ ਗਏ ਸੰਘਰਸ਼ ਦੇ ਬਲ 'ਤੇ ਸਾਰੇ ਦੋਸ਼ੀ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕੇ ਹੋਏ ਹਨ। ਦੋਸ਼ੀ ਪੁਲਸ ਅਧਿਕਾਰੀ (ਸਬੰਧਤ ਪੁਲਸ ਚੌਕੀ/ਥਾਣੇ) ਨੌਕਰੀ ਤੋਂ ਸਸਪੈਂਡ ਹਨ। ਉਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਨੂੰ ਲੋਕ ਘੋਲ ਦੇ ਦਬਾਅ ਸਦਕਾ ਸਮੁੱਚੇ ਹੌਲਨਾਕ ਕਾਂਡ ਦੀ ਨਿਰਪੱਖ, ਉੱਚ ਪੱਧਰੀ ਨਿਆਇਕ ਜਾਂਚ ਕਰਕੇ ਪੁਲਸ-ਸਿਆਸੀ-ਗੁੰਡਾ ਗੱਠਜੋੜ ਦੇ ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ, ਪੀੜਤ ਪਰਿਵਾਰ ਨੂੰ ਯੋਗ ਮੁਆਵਜਾ ਦੇਣ ਦੇ ਐਲਾਨ ਕਰਨੇ ਪਏ। ਪ੍ਰੰਤੂ ਅੱਜ ਤੱਕ ਪੁਲਸ-ਪ੍ਰਸ਼ਾਸਨ ਤੇ ਸਰਕਾਰ ਵੱਲੋਂ ਜਾਣ-ਬੁੱਝ ਕੇ ਗੰਭੀਰ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ। ਇੱਥੋਂ ਤੱਕ ਕਿ ਪੁਲਸ ਵੱਲੋਂ ਦਰਜ਼ ਤਿੰਨ ਐਫ.ਆਈ.ਆਰ. (215/14, 333/14, 366/14) ਮ੍ਰਿਤਕ ਸ਼ਹਿਨਾਜ਼ ਅਤੇ ਉਸਦੇ ਪਿਤਾ ਦੇ ਬਿਆਨ ਦਰਜ ਹੋਣ ਦੇ ਬਾਵਜੂਦ ਵੀ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਨਹੀਂ ਕੀਤੀ ਗਈ। ਜਦ ਕਿ ਪਹਿਲੀ ਤੇ ਦੂਜੀ ਐਫ.ਆਈ.ਆਰ. ਦਰਜ ਹੋਈ ਨੂੰ ਤਿੰਨ ਮਹੀਨੇ ਹੋ ਗਏ ਹਨ ਅਤੇ ਤੀਜੀ ਨੂੰ ਦੋ ਮਹੀਨੇ ਹੋ ਗਏ ਹਨ। ਜਦੋਂ ਕਿ ਪ੍ਰਸ਼ਾਸਨ ਨੇ 10 ਦਿਨਾਂ ਦੇ ਅੰਦਰ ਅੰਦਰ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕਰਨ ਦਾ ਵਾਅਦਾ ਕੀਤਾ ਸੀ। ਪੁਲਸ-ਸਿਆਸੀ-ਗੁੰਡਾ ਗੱਠਜੋੜ ਦੀ ਜਾਂਚ ਕਰਨ ਤੇ ਸਜ਼ਾਵਾਂ ਦੇਣ ਤੇ ਪੀੜਤ ਪਰਿਵਾਰ ਨੂੰ ਮੁਆਵਜੇ ਦਾ ਅਜੇ ਨਾਂ-ਨਿਸ਼ਾਨ ਵੀ ਨਹੀਂ।
ਪੁਲਸ-ਪ੍ਰਸ਼ਾਸਨ ਤੇ ਸਰਕਾਰ ਦੇ ਲੋਕ ਵਿਰੋਧੀ ਰਵੱਈਏ ਖਿਲਾਫ ਪੀੜਤ ਪਰਿਵਾਰ, ਢੰਡਾਰੀ ਬਲਾਤਕਾਰ ਅਤੇ ਕਤਲ ਕਾਂਡ ਵਿਰੋਧੀ ਸੰਘਰਸ਼ ਕਮੇਟੀ, ਦੋਵੇਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨਾਂ, (ਹਰਜਿੰਦਰ ਸਿੰਘ-ਵਿਜੈ ਨਰਾਇਣ) ਆਦਿ ਅਨੇਕਾਂ ਜਥੇਬੰਦੀਆਂ ਦਾ ਸਾਂਝਾ ਜਨਤਕ ਵਫਦ 31 ਜਨਵਰੀ ਨੂੰ ਪੁਲਸ ਕਮਿਸ਼ਨਰ ਤੇ ਐਸ.ਡੀ.ਐਮ. ਪੂਰਬੀ (ਲੁਧਿਆਣਾ) ਨੂੰ ਮਿਲਿਆ ਤੇ ਮੰਗ ਕੀਤੀ ਕਿ ਤਿੰਨੇ ਚਾਰਜਸ਼ੀਟਾਂ ਤੁਰੰਤ ਦਾਖਲ ਕੀਤੀਆਂ ਜਾਣ, ਸਾਰਾ ਮਾਮਲਾ ਫਾਸਟ ਟਰੈਕ ਕੋਰਟ ਵਿੱਚ ਵਿਚਾਰਿਆ ਜਾਵੇ। ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਸ ਮਾਮਲੇ ਵਿੱਚ ਦੋਸ਼ੀ ਪੁਲਸ ਅਧਿਕਾਰੀਆਂ 'ਤੇ ਵੀ ਅਪਰਾਧਿਕ ਮਾਮਲੇ ਦਰਜ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਪੀੜਤ ਪਰਿਵਾਰ ਨੂੰ ਬਣਦਾ ਯੋਗ ਮੁਆਵਜਾ ਦਿੱਤਾ ਜਾਵੇ। ਇਸਦੇ ਨਾਲ ਹੀ ਮਾਮਲੇ ਨੂੰ ਲਟਕਾਉਣ ਅਤੇ ਇਨਸਾਫ ਨਾ ਮਿਲਣ 'ਤੇ ਇੱਕਜੁੱਟ ਸੰਘਰਸ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ।
-ਹਰਜਿੰਦਰ ਸਿੰਘ

No comments:

Post a Comment