Friday, August 8, 2025

ਇਰਾਨ-ਇਜ਼ਰਾਇਲ ਟਕਰਾਅ-ਇਰਾਨੀ ਨਾਬਰੀ ਮੂਹਰੇ ਅਮਰੀਕਾ-ਇਜ਼ਰਾਇਲ ਮਨਸੂਬਿਆਂ ਨੂੰ ਨਮੋਸ਼ੀ

 ਇਰਾਨ-ਇਜ਼ਰਾਇਲ ਟਕਰਾਅ-
ਇਰਾਨੀ ਨਾਬਰੀ ਮੂਹਰੇ ਅਮਰੀਕਾ-ਇਜ਼ਰਾਇਲ ਮਨਸੂਬਿਆਂ ਨੂੰ ਨਮੋਸ਼ੀ

ਜੂਨ ਮਹੀਨੇ ਇਜ਼ਰਾਇਲ ਵੱਲੋਂ ਇਰਾਨ 'ਤੇ ਕੀਤੇ ਹਵਾਈ ਹਮਲਿਆਂ ਮਗਰੋਂ ਦੋਹਾਂ ਮੁਲਕਾਂ 'ਚ ਸ਼ੁਰੂ ਹੋਈ ਹਵਾਈ ਜੰਗ 12 ਦਿਨਾਂ ਮਗਰੋਂ ਟਰੰਪ ਦੇ ਜੰਗਬੰਦੀ ਐਲਾਨ ਨਾਲ ਰੁਕ ਗਈ। ਟਰੰਪ ਨੇ ਵੀ ਢੀਠਤਾਈ ਦੀ ਨੁਮਾਇਸ਼ ਲਾਉਂਦਿਆਂ ਇਉਂ ਪੇਸ਼ਕਾਰੀ ਕੀਤੀ ਜਿਵੇਂ ਉਹ ਇਸ ਜੰਗ ਦੌਰਾਨ ਦੌਹਾਂ ਪਾਸਿਆਂ ਦਾ ਵਿਚੋਲਾ ਹੋਵੇ ਤੇ ਦੋਹਾਂ 'ਚ ਜੰਗ ਬੰਦੀ ਕਰਵਾ ਰਿਹਾ ਹੋਵੇ ਜਦਕਿ ਉਹ ਖੁਦ ਹਮਲਾਵਰ ਧਿਰ 'ਚ ਸੀ, ਅਮਰੀਕਾ ਨੇ ਖੁਦ ਹਮਲੇ ਕੀਤੇ ਅਤੇ ਇਜ਼ਰਾਇਲ ਨਾਲ ਖੜ੍ਹਿਆ। ਆਪਣੀ ਬੇਵਸੀ 'ਤੇ ਪਰਦਾ ਪਾਉਣ ਦਾ ਇੱਕ ਦਿਲਚਸਪ ਤਰੀਕਾ ਸੀ ਕਿ ਜਦੋਂ ਦਾਲ ਨਾ ਗਲੀ ਤਾਂ ਫਿਰ ਜੰਗਬੰਦੀ ਕਰਵਾ ਲਈ। ਇਰਾਨ ਦੀ ਪੁਜ਼ੀਸਨ ਸਪੱਸ਼ਟ ਸੀ ਕਿ ਹਮਲਿਆਂ ਦੀ ਸ਼ੁਰੂਆਤ ਇਜ਼ਰਾਇਲ ਵੱਲੋਂ ਕੀਤੀ ਗਈ ਸੀ ਅਤੇ ਉਸ ਵੱਲੋਂ ਹਮਲੇ ਰੋਕੇ ਜਾਣ ਮਗਰੋਂ ਉਹ ਵੀ ਹਮਲਾ ਨਹੀਂ ਕਰੇਗਾ। ਇਉਂ ਇਸ 12 ਦਿਨਾਂ ਦੀ ਹਵਾਈ ਜੰਗ 'ਚ ਅਮਰੀਕਾ-ਇਜ਼ਰਾਇਲ ਪੱਲੇ ਨਮੋਸ਼ੀ ਪਈ ਹੈ ਤੇ ਇਰਾਨ ਨੂੰ ਜਰਕਾਉਣ ਦੇ ਮਨਸੂਬੇ ਪੂਰੇ ਨਹੀਂ ਹੋ ਸਕੇ। 

ਇਰਾਨ ਦਹਾਕਿਆਂ ਤੋਂ ਮੱਧ ਪੂਰਬ ਅੰਦਰ ਅਮਰੀਕੀ ਧੌਂਸ ਤੋਂ ਨਾਬਰ ਤੁਰਿਆ ਆ ਰਿਹਾ ਹੈ। 1979 ਦੇ 'ਇਸਲਾਮਿਕ ਇਨਕਲਾਬ' ਵੇਲੇ ਤੋਂ ਹੀ ਉਹ ਅਮਰੀਕੀ ਸਾਮਰਾਜੀਆਂ ਦੀ ਈਨ ਮੰਨਣ ਤੋਂ ਇਨਕਾਰੀ ਹੈ। ਇਜ਼ਰਾਇਲੀ ਰਾਜ ਮੱਧ ਪੂਰਬ ਅੰਦਰ ਪੱਕੀ ਅਮਰੀਕੀ ਫੌਜੀ ਚੌਂਕੀ ਹੈ ਤੇ ਇਸ ਖਿੱਤੇ ਦੇ ਮੁਲਕਾਂ 'ਤੇ ਦਾਬਾ ਪਾਉਣ ਰਾਹੀਂ ਅਮਰੀਕੀ ਚੌਧਰ ਬਣਾਈ ਰੱਖਣ ਦਾ ਸਾਧਨ ਹੈ। ਇਸ ਪ੍ਰਸੰਗ 'ਚ ਇਰਾਨ-ਇਜ਼ਰਾਇਲ ਟਕਰਾਅ ਦਹਾਕਿਆਂ ਪੁਰਾਣਾ ਹੈ।  ਫ਼ਲਸਤੀਨ ਮੁੱਦੇ 'ਤੇ ਇਰਾਨੀ ਰਾਜ ਫ਼ਲਸੀਤੀਨਾ ਲੋਕਾਂ ਦੇ ਸੰਘਰਸ਼ ਦੀ ਹਮਾਇਤ ਕਰਦਾ ਹੈ। ਫ਼ਲਸਤੀਨੀ ਕੌਮੀ ਟਾਕਰਾ ਸ਼ਕਤੀਆਂ ਨੂੰ ਸਹਾਇਤਾ ਦਿੰਦਾ ਹੈ। ਯਮਨ ਦੇ ਹਾਉਤੀ ਵਿਦਰੋਹੀ, ਹਿਜ਼ਬੁੱਲਾ, ਹਮਾਸ ਵਰਗੀਆਂ ਅਮਰੀਕੀ ਸਾਮਰਾਜ ਵਿਰੋਧੀ ਟਾਕਰਾ ਸ਼ਕਤੀਆਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ। ਅਮਰੀਕੀ ਸਾਮਰਾਜ ਤੇ ਇਜ਼ਰਾਇਲ ਦੇ ਖ਼ਿਲਾਫ਼ ਜੂਝਦੀਆਂ ਅਰਬ ਜਗਤ ਦੀਆਂ ਟਾਕਰਾ ਸ਼ਕਤੀਆਂ ਲਈ ਇਰਾਨੀ ਰਾਜ ਇੱਕ ਪ੍ਰਮੁੱਖ ਢੋਈ ਹੈ। ਇਸ ਲਈ ਇਰਾਨ ਵੀ ਇਜ਼ਰਾਇਲ ਦੇ ਨਿਸ਼ਾਨੇ 'ਤੇ ਹੈ। ਅਕਤੂਬਰ 2023 'ਚ ਇਜ਼ਰਾਇਲ ਵੱਲੋਂ ਗਾਜ਼ਾ 'ਤੇ ਬੋਲੇ ਹੋਏ ਭਿਆਨਕ ਹੱਲੇ ਮਗਰੋਂ ਇਹ ਟਕਰਾਅ ਹੋਰ ਤਿੱਖਾ ਵੀ ਹੋਇਆ ਹੈ ਤੇ ਦੋਹਾਂ ਮੁਲਕਾਂ 'ਚ ਹਵਾਈ ਝੜਪਾਂ ਪਹਿਲਾਂ ਵੀ ਹੋਈਆਂ ਹਨ। ਇਜ਼ਰਾਇਲ ਲਗਾਤਾਰ ਇਰਾਨ ਖ਼ਿਲਾਫ਼ ਹਮਲਾਵਰ ਰਹਿ ਰਿਹਾ ਹੈ। ਤੇ ਉਸਨੂੰ ਗੋਡਿਆ ਪਰਨੇ ਕਰਕੇ ਇਰਾਨੀ ਵਿਰੋਧ ਦੀ ਚੁਣੌਤੀ ਖਤਮ ਕਰਨੀ ਚਾਹੁੰਦਾ ਹੈ। ਗਾਜ਼ਾ ਦੀ ਜੰਗ ਕਾਰਨ ਬਣੇ ਹਾਲਾਤਾਂ ਨੂੰ  ਨੇਤਨਯਾਹੂ ਨੇ ਮੌਕੇ ਵਜੋਂ ਵਰਤਣਾ ਚਾਹਿਆ ਹੈ।

ਇਜ਼ਰਾਇਲ ਨੇ ਇਰਾਨ 'ਤੇ ਹਮਲਾ ਕਰਨ ਵੇਲੇ ਉਸਦਾ ਪ੍ਰਮਾਣੂ ਪ੍ਰੋਗਰਾਮ ਤਬਾਹ ਕਰਨ ਅਤੇ ਹਕੂਮਤ ਦਾ ਤਖਤਾ ਪਲਟ ਦੇਣ ਦੇ ਐਲਾਨ ਕੀਤੇ ਸਨ ਤੇ ਫਿਰ ਹਮਲਿਆਂ ਦੌਰਾਨ ਵੀ ਪ੍ਰਮੁੱਖ ਇਰਾਨੀ ਆਗੂ ਖੇਮੇਨੀ ਨੂੰ ਵੀ ਕਤਲ ਕਰ ਦੇਣ ਦਾ ਐਲਾਨ ਕੀਤਾ ਸੀ। ਇਰਾਨ 'ਤੇ ਅਚਨਚੇਤ ਹੋਏ ਹਮਲਿਆਂ ਵੇਲੇ ਇਜ਼ਰਾਇਲੀ ਜਸੂਸੀ ਏਜੰਸੀ ਮੌਸਾਦ ਨੇ ਇਰਾਨ ਅੰਦਰੋਂ ਹੀ ਘਾਤ ਲਾ ਕੇ ਉਸਦੇ ਫੌਜੀ ਜਰਨੈਲ ਤੇ ਕਈ ਪ੍ਰਮਾਣੂ ਵਿਗਿਆਨੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਹਮਲੇ 'ਚ ਅਮਰੀਕਾ ਪੂਰੀ ਤਰ੍ਹਾਂ ਇਜ਼ਰਾਇਲ ਦੇ ਨਾਲ ਸੀ। ਇਹਨਾਂ ਹਮਲਿਆਂ ਨੇ ਇਰਾਨ ਦੇ ਰੱਖਿਆ ਢਾਂਚੇ ਨੂੰ ਵੀ ਭਾਰੀ ਸੱਟ ਮਾਰੀ। ਇਸ ਹਮਲੇ ਨੇ ਇੱਕ ਵਾਰ ਤਾਂ ਇਰਾਨੀ ਰਾਜ ਨੂੰ ਝਟਕਾ ਦਿੱਤਾ ਤੇ ਉਸਨੂੰ ਆਪਣੇ ਵਿਗਿਆਨੀਆਂ ਤੇ ਜਰਨੈਲਾਂ ਦੀਆਂ ਜਾਨਾਂ ਗਵਾਉਣੀਆਂ ਪਈਆਂ। ਪਰ ਇਰਾਨ ਨੇ ਝੱਟਪੱਟ ਕਾਰਵਾਈ ਕਰਦਿਆਂ ਇਰਾਨ ਅੰਦਰਲੇ ਮੌਸਾਦ ਦੇ ਏਜੰਟਾਂ ਨੂੰ ਵੱਡੀ ਗਿਣਤੀ 'ਚ ਗ੍ਰਿਫਤਾਰ ਕੀਤਾ। 

ਹਮਲਾ ਕਰਨ ਵੇਲੇ ਇਜ਼ਰਾਇਲ ਦੇ ਐਲਾਨੇ ਮਕਸਦਾਂ ਪਿੱਛੇ ਇਹੀ ਗਿਣਤੀ ਸੀ ਕਿ ਹਮਾਸ, ਹਿਜ਼ਬੁੱਲਾ ਤੇ ਹਾਊਤੀ ਬਾਗ਼ੀ ਪਹਿਲਾਂ ਨਾਲੋਂ ਕਮਜ਼ੋਰ ਹੋਏ ਹਨ ਕਿਉਂਕਿ ਇਜ਼ਰਾਇਲੀ ਫੌਜੀ ਹਮਲਿਆਂ ਨੇ ਇਹਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਪਿਛਲੇ ਵਰ੍ਹੇ ਇਜ਼ਰਾਇਲ ਦੇ ਹਮਲਿਆਂ ਨੇ ਇਰਾਨ ਦੇ ਹਵਾਈ ਰੱਖਿਆ ਢਾਂਚੇ ਨੂੰ ਕਮਜ਼ੋਰ ਕੀਤਾ ਹੋਈਆ ਸੀ। ਨੇਤਨਯਾਹੂ ਦੀ ਘਰੇਲੂ ਸਿਆਸਤ ਅੰਦਰ ਪਤਲੀ ਪੈ ਰਹੀ ਸਥਿਤੀ ਨੇ ਵੀ ਉਸਨੂੰ ਅਜਿਹੀ ਜ਼ਰੂਰਤ ਪੈਦਾ ਕੀਤੀ ਤਾਂ ਕਿ ਇਸ ਹਮਲੇ ਰਾਹੀਂ ਮੁਲਕ ਅੰਦਰ ਪੈਰ ਜਮਏ ਜਾ ਸਕਣ। ਇਸ ਲਈ ਹੁਣ ਇਸ ਮੌਕੇ ਇਰਾਨ ਨੂੰ ਹਮਲੇ ਰਾਹੀਂ ਗੋਡਿਆਂ ਪਰਨੇ ਕੀਤਾ ਜਾਵੇ ਤੇ ਅਮਰੀਕੀ ਸਾਮਰਾਜ ਵਿਰੋਧੀ ਟਾਕਰਾ ਸ਼ਕਤੀਆਂ ਦਾ ਲੱਕ ਤੋੜਿਆ ਜਾਵੇ ਪਰ ਇਜ਼ਰਾਇਲ ਤੇ ਅਮਰੀਕਾ ਇਹਨਾਂ ਮੰਤਵਾਂ 'ਚ ਕਾਮਯਾਬ ਨਹੀਂ ਹੋ ਸਕੇ। ਸਗੋਂ ਇਹ ਹਮਲਾਵਰ ਕਾਰਵਾਈ ਉਲਟੀ ਪੈ ਗਈ ਤੇ ਇਸਨੇ ਇਜ਼ਰਾਇਲੀ ਰਾਜ ਦੀਆਂ ਕਮਜ਼ੋਰੀਆਂ ਨੂੰ ਨਸ਼ਰ ਕਰ ਦਿੱਤਾ, ਤੇ ਅਰਬ ਖਿੱਤੇ ਅੰਦਰ ਅਜਿੱਤ ਫੌਜੀ ਤਾਕਤ ਵਜੋਂ ਸਿਰਜੇ ਹੋਏ ਪ੍ਰਭਾਵ ਨੂੰ ਸੱਟ ਮਾਰ ਦਿੱਤੀ ਤੇ ਇਰਾਨ ਦੀ ਅਮਰੀਕੀ ਸਾਮਰਾਜੀ ਧੌਂਸ ਖਿਲਾਫ਼ ਦ੍ਰਿੜਤਾ ਤੇ ਟਾਕਰਾ ਸਮਰੱਥਾ ਨੂੰ ਉਭਾਰ ਕੇ ਦਿਖਾ ਦਿੱਤਾ। ਇਜ਼ਰਾਇਲ ਲਈ ਪ੍ਰਮਾਣੂ ਪ੍ਰੋਗਰਾਮ ਤਬਾਹ ਕਰਨ ਦਾ ਤਾਂ ਬਹਾਨਾ ਸੀ ਅਸਲ ਮਕਸਦ ਤਾਂ ਇਰਾਨ ਨੂੰ ਹਰਾ ਕੇ, ਈਨ ਮਨਾ ਕੇ, ਇਸ ਖਿੱਤੇ 'ਚ ਅਮਰੀਕੀ ਇਜ਼ਰਾਇਲੀ ਚੌਧਰ ਨੂੰ ਪੱਕਿਆਂ ਕਰਨਾ ਸੀ। 

ਟਰੰਪ ਤੇ ਨੇਤਨਯਾਹੂ ਨੇ ਇਹ ਪ੍ਰਚਾਰਿਆ ਸੀ ਕਿ ਇਰਾਨ ਪ੍ਰਮਾਣੂ ਬੰਬ ਬਣਾਉਣ ਦੇ ਨੇੜੇ ਪਹੁੰਚ ਚੁੱਕਿਆ ਹੈ। ਟਰੰਪ ਨੇ ਇੱਕ ਪਾਸੇ ਇਰਾਨ ਨਾਲ ਪ੍ਰਮਾਣੂ ਸਮਝੌਤੇ ਬਾਰੇ ਗੱਲਬਾਤ ਚਲਾਈ ਸੀ। ਇਹ ਸਮਝੌਤਾ ਟਰੰਪ ਨੇ ਆਪਣੀ ਪਿਛਲੀ ਸਰਕਾਰ ਦੌਰਾਨ ਇੱਕ ਪਾਸੜ ਤੌਰ 'ਤੇ ਹੀ ਰੱਦ ਕਰ ਦਿੱਤਾ ਸੀ ਤੇ ਹੁਣ ਇੱਕ ਪਾਸੇ ਇਰਾਨ ਨਾਲ ਪ੍ਰਮਾਣੂ ਪ੍ਰੋਗਰਾਮ ਬਾਰੇ ਗੱਲ ਚਲਾਈ ਜਾ ਰਹੀ ਸੀ ਜਦਕਿ ਦੂਜੇ ਪਾਸੇ ਇਜ਼ਰਾਇਲ ਵੱਲੋਂ ਹਮਲਾ ਕਰ ਦਿੱਤਾ ਗਿਆ। ਇਸ ਕਾਰਵਾਈ ਨੂੰ ਕਈ ਕੌਮਾਂਤਰੀ ਵਿਸ਼ਲੇਸ਼ਕਾਂ ਨੇ ਬਾਂਹ ਮਰੋੜ ਕੇ ਸਮਝੌਤੇ ਦੀਆਂ ਸ਼ਰਤਾਂ ਮਨਾਉਣ ਦੀ ਕਾਰਵਾਈ ਕਰਾਰ ਦਿੱਤਾ ਸੀ।  ਉਂਝ ਨੇਤਨਯਾਹੂ ਪਹਿਲਾਂ ਤੋਂ ਇਹ ਨਹੀਂ ਚਾਹੁੰਦਾ ਸੀ ਕਿ ਅਜਿਹਾ ਸਮਝੌਤਾ ਹੋਏ। ਇਰਾਨ ਸ਼ੁਰੂ ਤੋਂ ਇਹ ਦਾਅਵਾ ਕਰਦਾ ਆ ਰਿਹਾ ਸੀ ਕਿ ਉਸਦਾ ਪ੍ਰਮਾਣੂ ਪ੍ਰੋਗਰਾਮ ਸਿਵਲੀਅਨਾਂ ਊਰਜਾ ਜ਼ਰੂਰਤਾਂ ਲਈ ਹੈ ਤੇ ਉਹ ਪ੍ਰਮਾਣੂ ਬੰਬ ਨਹੀਂ ਬਣਾ ਰਿਹਾ। ਕੌਮਾਂਤਰੀ ਪ੍ਰਮਾਣੂ ਏਜੰਸੀ ਵੀ ਅਜਿਹੇ ਕੋਈ ਸਬੂਤ ਨਹੀਂ ਦੇ ਸਕੀ ਸੀ। ਅਮਰੀਕੀ ਸੂਹੀਆ ਏਜੰਸੀਆਂ ਦੀ ਮੁੱਖੀ ਗਬਾਰਡ ਨੇ ਵੀ ਕਿਹਾ ਸੀ ਇਰਾਨ ਪ੍ਰਮਾਣੂ ਬੰਬ ਬਣਾਉਣ ਵੱਲ ਨਹੀਂ ਜਾ ਰਿਹਾ ਪਰ ਅਮਰੀਕੀ ਸਾਮਰਾਜੀ ਹੁਕਮਰਾਨਾਂ ਨੂੰ ਇਸਦੀ ਕੋਈ ਪ੍ਰਵਾਹ ਨਹੀਂ ਸੀ। ਉਹਨਾਂ ਨੂੰ ਇਰਾਨ 'ਤੇ ਹਮਲੇ ਲਈ ਕਿਸੇ ਅਜਿਹੇ ਬਹਾਨੇ ਦਾ ਪਰਦਾ ਪਾਉਣ ਦੀ ਜ਼ਰੂਰਤ ਵੀ ਨਹੀਂ ਲੱਗੀ। ਟਰੰਪ ਨੇ ਸ਼ਰੇਆਮ ਕਿਹਾ ਕਿ ਤੁਲਸੀ ਗਬਾਰਡ ਕੀ ਕਹਿੰਦੀ ਹੈ, ਉਸਨੂੰ ਕੋਈ ਪ੍ਰਵਾਹ ਨਹੀਂ। ਇਸ ਵਿਹਾਰ ਨੇ ਜ਼ਾਹਰ ਕੀਤਾ ਕਿ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਇੱਕ ਰਸਮੀ ਜਿਹਾ ਬਹਾਨਾ ਸੀ, ਹਕੀਕਤ 'ਚ ਤਾਂ ਫੌਜੀ ਹਮਲੇ ਰਾਹੀਂ ਇਰਾਨ ਨੂੰ ਆਪਣੀ ਈਨ ਮੰਨਵਾਉਣਾ ਤੇ ਇਸ ਖਿੱਤੇ ਅੰਦਰ ਆਪਣੇ ਯੁੱਧਨੀਤਿਕ ਸਾਮਰਾਜੀ ਹਿਤਾਂ ਦਾ ਵਧਾਰਾ ਕਰਨਾ ਸੀ। ਇਰਾਨ ਨੂੰ ਦਬਾ ਕੇ, ਆਪਣੀ ਸਾਮਰਾਜੀ ਦਬਸ਼ ਦੀ ਸਥਿਤੀ ਨੂੰ ਮਜ਼ਬੂਤ ਕਰਨਾ ਸੀ। ਕਈ ਵਿਸ਼ਲੇਸ਼ਕਾ ਨੇ ਇਉਂ ਵੀ ਟਿੱਪਣੀ ਕੀਤੀ ਹੈ ਕਿ ਨੇਤਨਯਾਹੂ ਨੇ ਟਰੰਪ ਨੂੰ ਇਰਾਨੀ ਰਾਜ ਵੱਲੋਂ ਪ੍ਰਮਾਣੂ ਬੰਬ ਬਣਾਏ ਜਾਣ ਦੀਆਂ ਸੰਭਾਵਨਾਵਾਂ ਬਾਰੇ ਕਾਇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਟਰੰਪ ਨੇ ਅਮਰੀਕੀ ਏਜੰਸੀਆਂ ਦੀ ਥਾਂ ਇਜ਼ਰਾਇਲੀ ਦਾਅਵਿਆਂ ਨੂੰ ਜ਼ਿਆਦਾ ਮਹੱਤਵ ਦਿੱਤਾ ਸੀ । ਚਾਹੇ ਕਿਸੇ ਤਰ੍ਹਾਂ ਵੀ ਹੋਵੇ, ਮਸਲਾ ਤਾਂ ਸਾਮਰਾਜੀ ਦਾਬੇ ਦਾ ਹੀ ਸੀ।

ਪਰ ਹਮਲੇ ਦੀ ਉਧੇੜ ਨਾਲ ਵਾਪਰਿਆ ਉਲਟਾ। ਇਜ਼ਰਾਇਲੀ ਹਮਲੇ ਮਗਰੋਂ ਕੀਤੇ ਮੋੜਵੇਂ ਇਰਾਨੀ ਹਮਲੇ ਨੇ ਇਜ਼ਰਾਇਲ ਨੂੰ ਜ਼ੋਰਦਾਰ ਝਟਕਾ ਦਿੱਤਾ। ਇਜ਼ਰਾਇਲ ਨੂੰ ਇਰਾਨ ਤੋਂ ਮੋੜਵੇਂ ਹਮਲੇ ਦੀ ਉਮੀਦ ਨਹੀਂ ਸੀ। ਉਸਨੇ ਇਰਾਨ ਨੂੰ ਬਹੁਤ ਘਟਾ ਕੇ ਅੰਗਿਆ ਸੀ। ਇਰਾਨ ਦੀਆਂ ਮਿਜ਼ਾਇਲਾਂ ਨੂੰ ਇਜ਼ਰਾਇਲੀ ਰੱਖਿਆ ਪ੍ਰਣਾਲੀ ਪੂਰੀ ਤਰ੍ਹਾਂ ਡੱਕ ਨਾ ਸਕੀ ਤੇ ਇਹਨਾਂ ਨੇ ਤੇਲ-ਅਵੀਵ ਅੰਦਰ ਕਾਫ਼ੀ ਨੁਕਸਾਨ ਕੀਤਾ। ਹਾਇਫਾ ਬੰਦਰਗਾਹ ਤਬਾਹ ਕੀਤੀ ਤੇ ਹੋਰਨਾਂ ਥਾਵਾਂ 'ਤੇ ਨੁਕਸਾਨ ਹੋਇਆ। ਅਰਬ ਜਗਤ ਅੰਦਰ ਥਾਂ-ਥਾਂ ਮਿਜ਼ਾਇਲਾਂ, ਡਰੋਨ ਤੇ ਹਵਾਈ ਬੰਬਾਰੀ ਰਾਹੀਂ ਤਬਾਹੀ ਮਚਾਉਣ ਦੇ ਸ਼ੌਕੀਨ ਤੁਰੇ ਆ ਰਹੇ ਇਜ਼ਰਾਇਲੀ ਹਾਕਮਾਂ ਤੋਂ ਦੋ ਦਿਨ ਇਹ ਹਮਲੇ ਨਾ ਝੱਲੇ ਗਏ ਤੇ ਝੱਟ ਦੁਹਾਈ ਪਾਉਣੀ ਸ਼ੁਰੂ ਕਰ ਦਿੱਤੀ। ਲੱਖਾਂ ਲੋਕ ਘਰ ਛੱਡ ਕੇ ਬਾਹਰ ਜਾ ਕੇ ਪਨਾਹ ਲਈ ਗਏ। ਇਹਨਾਂ ਬਾਲਸਟਿਕ ਮਿਜ਼ਾਇਲਾਂ ਨੂੰ ਰੋਕਣ 'ਚ ਇਜ਼ਰਾਇਲੀ ਰੱਖਿਆ ਪ੍ਰਣਾਲੀਆਂ ਦੀਆਂ ਗੰਭੀਰ ਕਮਜ਼ੋਰੀਆਂ ਉਜਾਗਰ ਹੋ ਗਈਆਂ। ਇਜ਼ਰਾਇਲੀ ਖੁਫ਼ੀਆ ਪ੍ਰਣਾਲੀ ਵੀ ਇਰਾਨੀ ਹਮਲੇ ਦੀ ਮਾਰ ਹੇਠ ਆ ਗਈ। ਇਜ਼ਰਾਇਲ ਨੂੰ ਇਹਨਾਂ ਹਮਲਿਆਂ 'ਚ ਤਿੰਨ ਬਿਲੀਅਨ ਡਾਲਰ ਦਾ ਨੁਕਸਾਨ ਹੋਇਆ।ਇਜ਼ਰਾਇਲ ਦੀ ਇਸ ਦੁਹਾਈ ਕਾਰਨ ਹੀ ਅਮਰੀਕਾ ਨੂੰ ਬੀ-2 ਬੰਬਾਰ ਜ਼ਹਾਜਾਂ ਨਾਲ ਦਾਖ਼ਲ ਹੋਣਾ ਪਿਆ ਹਲਾਂਕਿ ਟਰੰਪ ਨੇ ਦੋ ਹਫਤੇ ਦਾ ਸਮਾਂ ਕਿਹਾ ਸੀ ਪਰ ਉਸਨੂੰ ਦੋ ਦਿਨ ਬਾਅਦ ਹੀ ਦਖ਼ਲ ਦੇਣਾ ਪਿਆ। ਅਮਰੀਕਾ ਨੇ ਚੱਟਾਨਾਂ ਤੋੜ ਦੇਣ ਵਾਲੇ ਵਿਸ਼ੇਸ਼ ਬੰਬ ਇਰਾਨ ਦੇ ਪ੍ਰਮਾਣੂ ਟਿਕਾਣਿਆਂ 'ਤੇ ਸੁੱਟੇ। ਇਹਨਾਂ ਦੀ ਸਫ਼ਲਤਾ ਬਾਰੇ ਵੀ ਟਰੰਪ ਦੇ ਦਾਅਵੇ ਝੂਠੇ ਸਾਬਿਤ ਹੋਏ। ਟਰੰਪ ਤੇ ਅਮਰੀਕੀ ਪ੍ਰਸ਼ਾਸ਼ਨ ਨੇ ਦਾਅਵਾ ਕੀਤਾ ਕਿ ਇਰਾਨ ਦਾ ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ। ਪਰ ਫਿਰ ਅਮਰੀਕੀ ਰਾਸ਼ਟਰਪਤੀ ਤੇ ਰੱਖਿਆ ਮੰਤਰੀ ਦੇ ਬਿਆਨਾਂ ਨੇ ਇਸ ਤਬਾਹੀ ਤੋਂ ਪਿੱਛੇ ਮੁੜਦਿਆਂ ਨੁਕਸਾਨ ਦੀ ਗੱਲ ਕੀਤੀ। ਇਰਾਨ ਨੇ ਕਿਹਾ ਕਿ ਉਸਨੇ ਸੋਧਿਆ ਹੋਇਆ ਯੂਰੇਨੀਅਮ, ਕਾਮੇ ਤੇ ਮਸ਼ੀਨਰੀ ਕਿਸੇ ਸੁਰੱਖਿਅਤ ਥਾਂ ਤਬਦੀਲ ਕਰ ਦਿੱਤੇ ਸਨ। ਫਿਰ ਮਗਰੋਂ ਤਾਂ ਅਮਰੀਕੀ ਖੁਫੀਆ ਏਜੰਸੀਆਂ ਦੀ ਰਿਪੋਰਟ ਨੂੰ ਹੀ ਸੀ.ਐਨ.ਐਨ. ਵਰਗੇ ਚੈਨਲਾਂ ਨੇ ਨਸ਼ਰ ਕਰ ਦਿੱਤਾ ਜਿਸ ਵਿੱਚ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਦੇ ਕਿਸੇ ਵੀ ਤਰ੍ਹਾਂ ਨਾ ਨੁਕਸਾਨੇ ਜਾਣ ਦੀ ਗੱਲ ਕਹੀ ਗਈ ਹੈ। ਉਸਦੇ ਜ਼ਿਆਦਾ ਤੋਂ ਜ਼ਿਆਦਾ ਮਹੀਨਾ ਪੱਛੜ ਜਾਣ ਦਾ ਅਨੁਮਾਨ ਲਾਇਆ ਗਿਆ ਹੈ। ਕੁੱਲ ਮਿਲਾ ਕੇ, ਅਮਰੀਕੀ ਬੰਬ ਚੱਟਾਨਾਂ 'ਚ ਕੁੱਝ ਫੁੱਟ ਡੂੰਘੇ ਟੋਏ ਹੀ ਪਾ ਸਕੇ ਤੇ ਪ੍ਰਮਾਣੂ ਪ੍ਰੋਗਰਾਮ ਟਿਕਾਣੇ ਦੇ ਬਾਹਰੀ ਦੁਆਰਾਂ ਨੂੰ ਕੁੱਝ ਨੁਕਸਾਨ ਪਹੁੰਚਿਆ ਜਿਸਨੂੰ ਠੀਕ ਕਰ ਲਿਆ ਜਾਵੇਗਾ। ਇਸ ਹਾਲਤ 'ਚ ਇਜ਼ਰਾਇਲ ਲਈ ਜੰਗਬੰਦੀ ਤੋਂ ਬਿਨਾਂ ਕੋਈ ਰਾਹ ਨਹੀਂ ਸੀ। ਇਸਦੀ ਪੁਸ਼ਟੀ ਇੱਕ ਸਾਬਕਾ ਅਮਰੀਕੀ ਫੌਜੀ ਅਧਿਕਾਰੀ ਨੇ ਵੀ ਕੀਤੀ ਕਿ ਇਜ਼ਰਾਇਲ ਬੁਰੀ ਤਰ੍ਹਾਂ ਘਿਰ ਗਿਆ ਸੀ ਤੇ ਸੰਕਟ 'ਚ ਸੀ। ਇਸ ਲਈ ਅਮਰੀਕਾ ਨੇ ਜੰਗਬੰਦੀ ਕਰਨ 'ਚ ਹੀ ਬੇਹਤਰੀ ਸਮਝੀ। ਇਸ ਹਾਲਤ ਨੇ ਇਰਾਨ ਅੰਦਰ ਲੋਕਾਂ 'ਚ ਉਤਸ਼ਾਹੀ ਤਰੰਗਾਂ ਛੇੜੀਆਂ। ਲੋਕਾਂ ਨੇ ਤਹਿਰਾਨ ਦੀਆਂ ਸੜਕਾਂ 'ਤੇ ਜਿੱਤ ਦੇ ਜਸ਼ਨ ਮਨਾਏ। ਇਰਾਨ ਵੱਲੋਂ ਕੁਵੈਤ 'ਚ ਤੇ ਇਰਾਕ 'ਚ ਅਮਰੀਕੀ ਫੌਜੀ ਟਿਕਾਣਿਆਂ 'ਤੇ ਕੀਤੇ ਗਏ ਮੋੜਵੇਂ ਹਮਲੇ ਵੀ ਸਧਾਰਨ ਘਟਨਾ ਨਹੀਂ ਸੀ ਸਗੋਂ ਇਹ ਅਮਰੀਕੀ ਹਮਲਿਆਂ ਦੇ ਜਵਾਬ 'ਚ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਜੁਅਰਤਮੰਦ ਇਰਾਨੀ ਕਾਰਵਾਈ ਸੀ। ਇਹਨਾਂ ਹਮਲਿਆਂ ਦਾ ਫੌਜੀ ਅਰਥ ਤੋਂ ਜ਼ਿਆਦਾ ਸਿਆਸੀ ਅਰਥ ਸੀ। ਇਹ ਅਮਰੀਕੀ ਸਾਮਰਾਜੀ ਧੌਂਸ ਨੂੰ ਸਿੱਧੀ ਵੰਗਾਰ ਸੀ ਤੇ ਅਮਰੀਕੀ ਸਾਮਰਾਜੀਆਂ ਨੇ ਇਉਂ ਜਰ ਲਈ ਜਿਵੇਂ  ਭਾਰਤੀ ਹੁਕਮਰਾਨਾਂ ਦੇ ਕਹਿਣ ਵਾਂਗ ਇਹ 'ਨਿਊ..ਨਾਰਮਲ' ਹੋਵੇ। 

ਇਸ ਜੰਗ ਨੇ ਫਿਰ ਦਰਸਾਇਆ ਹੈ ਕਿ ਅਮਰੀਕੀ ਸਾਮਰਾਜੀਏ ਤੇ ਉਸਦਾ ਪਾਲਤੂ ਇਜ਼ਰਾਇਲ ਮੱਧ ਪੂਰਬ ਅੰਦਰ ਨਿਖੇੜੇ ਦੀ ਹਾਲਤ 'ਚ ਹਨ। ਅਮਰੀਕੀ ਸਾਮਰਾਜ ਦੀ ਅਜਿਹੀ ਸਥਿਤੀ ਨਹੀਂ ਹੈ ਕਿ ਉਹ ਲੰਬੀ ਜੰਗ 'ਚ ਉਲਝ ਸਕੇ। ਉਸਨੂੰ ਅਜੇ ਅਫਗਾਨਿਸਤਾਨ ਦੀ ਲੰਮੀ ਜੰਗ 'ਚ ਹੋਈ ਹਾਰ ਸਤਾ ਰਹੀ ਹੈ। ਇਰਾਨ ਅਫਗਾਨਿਸਤਾਨ ਨਾਲੋਂ ਕਿਤੇ ਬੇਹਤਰ ਹਾਲਤ 'ਚ ਹੈ ਤੇ ਮੁਕਾਬਲਤਨ ਸਥਿਰ ਰਾਜ ਤੇ ਫੌਜੀ ਸਮਰੱਥਾ ਵਾਲੀ ਤਾਕਤ ਹੈ। ਉਸ ਨਾਲ ਕਿਸੇ ਲੰਮੀ ਜੰਗ 'ਚ ਉਲਝਣ ਤੋਂ ਅਮਰੀਕੀ ਘਬਰਾਹਟ ਸਾਫ਼ ਜ਼ਾਹਿਰ ਹੋ ਰਹੀ ਸੀ। ਇਸ ਵੇਲੇ ਅੰਤਰ ਸਾਮਰਾਜੀ ਵਿਰੋਧਤਾਈ ਦਾ ਪ੍ਰਛਾਵਾਂ ਵੀ ਇਹਨਾਂ ਘਟਨਾਵਾਂ 'ਤੇ ਦਿਖਾਈ ਦਿੱਤਾ ਹੈ। ਇਰਾਨ ਰੂਸ-ਚੀਨ, ਸਾਮਰਾਜੀ ਖੇਮੇ ਦਾ ਸੰਗੀ ਮੁਲਕ ਹੈ ਤੇ ਆਪਣੀ ਨਾਬਰੀ ਪੁਗਾਉਣ ਲਈ ਇਹਨਾਂ ਮੁਲਕਾਂ ਤੋਂ ਸਹਾਇਤਾ ਦੀ ਤਵੱਕੋਂ ਰੱਖਦਾ ਹੈ। ਰੂਸ ਤੇ ਚੀਨ ਖੁੱਲ੍ਹ ਕੇ ਇਰਾਨ ਦੀ ਮੱਦਦ 'ਤੇ ਨਹੀਂ ਆਏ ਚਾਹੇ ਉਹਨਾਂ ਦੇ ਸਾਮਰਾਜੀ ਤੇ ਪਸਾਰਵਾਦੀ ਹਿਤਾਂ ਲਈ ਇਰਾਨ ਦਾ ਅਮਰੀਕਾ ਖ਼ਿਲਾਫ਼ ਖੜ੍ਹੇ ਰਹਿਣਾ ਮਹੱਤਵਪੂਰਨ ਹੈ। ਇਸ ਲਈ ਉਹਨਾਂ ਵੱਲੋਂ ਲੁਕਵੀਂ ਕੂਟਨੀਤਿਕ ਹਮਾਇਤ ਹੀ ਕੀਤੀ ਗਈ ਹੈ। ਚੀਨ ਤਾਂ ਉਂਝ ਵੀ ਜੰਗੀ ਉਲਝਾਅ ਤੋਂ ਬਚ ਕੇ ਚੱਲ ਰਿਹਾ ਹੈ ਤੇ ਹੋਰਨਾਂ ਢੰਗਾਂ ਰਾਹੀਂ ਆਲੇ ਦੁਆਲੇ 'ਚ ਆਪਣੇ ਪ੍ਰਭਾਵ ਦਾ ਪਸਾਰਾ ਕਰ ਰਿਹਾ ਹੈ। ਵਪਾਰਕ ਸੰਧੀਆਂ ਤੇ ਹੋਰਨਾਂ ਸਹਾਇਤਾ ਢੰਗਾਂ 'ਤੇ ਉਸਦੀ ਜ਼ਿਆਦਾ ਟੇਕ ਹੈ। ਮੱਧ ਪੂਰਬ ਅੰਦਰ ਵੀ ਉਹ ਕੱਟੜ ਵਿਰੋਧੀ ਮੁਲਕਾਂ ਦੀਆਂ ਸੰਧੀਆਂ ਕਰਵਾਉਣ ਦੀ ਕਵਾਇਦ 'ਚ ਹੈ ਤੇ ਯੂਰਪ ਤੱਕ ਪ੍ਰਭਾਵ ਦੇ ਪਸਾਰੇ ਲਈ ਯਤਨਸ਼ੀਲ ਹੈ। ਰੂਸ ਵੀ ਅਜੇ ਯੂਕਰੇਨ ਜੰਗ 'ਚ ਉਲਝਿਆ ਹੋਣ ਕਰਕੇ ਜ਼ਿਆਦਾ ਕੁੱਝ ਕਰਨ ਦੀ ਸਥਿੱਤੀ 'ਚ ਨਹੀਂ ਹੈ। ਮੱਧ-ਪੂਰਬ ਅੰਦਰ ਉਸਦੇ ਹਿਤ ਚਾਹੇ ਬਹੁਤ ਮਹੱਤਵਪੂਰਨ ਹਨ ਪਰ ਨਾਲ ਹੀ ਉਹ ਅਮਰੀਕੀ ਰਾਸ਼ਟਰਪਤੀ ਟਰੰਪ ਨਾਲ ਸੁਰ ਮਿਲਾ ਕੇ ਚੱਲਣ ਰਾਹੀਂ, ਯੂਰਪੀ ਤਾਕਤਾਂ ਨਾਲ ਭੇੜ 'ਚ ਮਜ਼ਬੂਤੀ ਚਾਹੁੰਦਾ ਹੈ। ਯੂਕੇਰਨ ਜੰਗ 'ਚੋਂ ਨਿਕਲਣਾ ਉਸਦੀ ਲੋੜ ਬਣੀ ਹੋਈ ਹੈ ਤੇ ਇਸ ਮਾਮਲੇ 'ਚ ਉਸਦੀ ਟੇਕ ਟਰੰਪ ਪ੍ਰਸ਼ਾਸ਼ਨ 'ਤੇ ਵੀ ਹੈ। ਉਸਦਾ ਖੁਦ ਦਾ ਜੰਗੀ ਉਲਝਾਅ ਉਸਨੂੰ ਸੀਰੀਆ ਅੰਦਰ ਅਸਦ ਦੀ ਹਕੂਮਤ ਬਚਾਉਣ 'ਚ ਮੱਦਦ ਕਰਨ ਤੋਂ ਰੋਕਦਾ ਰਿਹਾ ਹੈ ਤੇ ਅਸਦ ਸਰਕਾਰ ਦਾ ਤਖ਼ਤਾ ਉਲਟਾ ਦਿੱਤਾ ਗਿਆ। ਅਰਬ-ਬਹਾਰ ਵੇਲੇ ਇਹ ਰੂਸ ਹੀ ਸੀ ਜਿਸਨੇ ਫੌਜਾਂ ਭੇਜ ਕੇ ਅਸਦ ਦੇ ਰਾਜ ਨੂੰ ਬਚਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ। ਪਰ ਹੁਣ ਰੂਸ ਨੇ ਇਰਾਨ ਮਾਮਲੇ 'ਚ ਵੀ ਸਿੱਧੇ ਉਲਝਾਅ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ। ਪਰ ਇਸਦੇ ਬਾਵਜੂਦ ਅਮਰੀਕਾ ਤੇ ਇਜ਼ਰਾਇਲ ਇਹ ਜਾਣਦੇ ਹਨ ਕਿ ਇੱਕ ਹੱਦ ਤੋਂ ਬਾਅਦ ਰੂਸ ਨੂੰ ਦਖ਼ਲ ਦੇਣਾ ਪਵੇਗਾ ਤਾਂ ਕਿ ਉਹ ਇਰਾਨ ਰਾਹੀਂ ਇਸ ਖੇਤਰ ਅੰਦਰ ਆਪਣੇ ਸਾਮਰਾਜੀ ਹਿਤਾਂ ਦੀ ਰੱਖਿਆ ਕਰ ਸਕੇ। ਇਰਾਨ ਨੇ ਹਥਿਆਰਾਂ ਲਈ ਰੂਸ ਚੀਨ ਖੇਮੇ ਦੀ ਮੱਦਦ ਲਈ ਹੈ। ਅਮਰੀਕਾ ਰੂਸ ਨਾਲ ਏਸ ਖਿੱਤੇ 'ਚ ਸਿੱਧੇ ਟਕਰਾਅ 'ਚ ਪੈਣ ਤੋਂ ਟਲ ਰਿਹਾ ਹੈ। 

ਅਮਰੀਕੀ ਸਾਮਰਾਜੀਆਂ ਲਈ ਅਮਰੀਕਾ ਅੰਦਰੋਂ ਹੋਏ ਹਮਲੇ ਦੇ ਵਿਰੋਧ ਨੇ ਵੀ ਅਮਰੀਕੀ ਹੱਥ ਰੋਕਣ 'ਚ ਹਿੱਸਾ ਪਾਇਆ ਹੈ। ਸੱਤਾ 'ਚ ਆਉਣ ਤੋਂ ਪਹਿਲਾਂ ਟਰੰਪ ਦੀ ਪੇਸ਼ਕਾਰੀ ਜੰਗਾਂ 'ਚ ਨਾ ਉਲਝਣ ਦੀ ਸੀ ਤੇ ਅਮਰੀਕੀ ਲੋਕਾਂ ਦੇ ਟੈਕਸਾਂ ਨੂੰ ਜੰਗਾਂ 'ਚ ਨਾ ਝੋਕਣ ਦੀ ਸੀ ਪਰ ਹੁਣ ਉਸਨੂੰ ਉਸੇ ਰਾਹ ਹੀ ਤੁਰਨਾ ਪੈ ਰਿਹਾ ਹੈ ਕਿਉਂਕਿ ਅਮਰੀਕੀ ਸਰਮਾਏਦਾਰੀ ਦੇ ਸਾਮਰਾਜੀ ਹਿੱਤ ਇਹੀ ਮੰਗ ਕਰਦੇ ਹਨ। ਇਸ ਹਾਲਤ 'ਚ ਅਮਰੀਕਾ ਅੰਦਰੋਂ ਲੋਕਾਂ ਦਾ ਜ਼ੋਰਦਾਰ ਵਿਰੋਧ ਹੈ ਤੇ ਅਮਰੀਕੀ ਲੋਕ ਕਿਸੇ ਵੀ ਅਜਿਹੀ ਜੰਗ 'ਚ ਅਮਰੀਕੀ ਫੌਜਾਂ 'ਤੇ ਪੈਸਾ ਝੋਕੇ ਜਾਣ ਦੇ ਖ਼ਿਲਾਫ਼ ਹਨ ਤੇ ਉਹ ਖੁੱਲ੍ਹ ਕੇ ਸੜਕਾਂ 'ਤੇ ਆਏ ਹਨ। ਟਰੰਪ ਦੀ ਪਾਰਟੀ ਅੰਦਰੋਂ ਵੀ ਅਜਿਹੇ ਹਮਲੇ ਨਾਲ ਮੁਕੰਮਲ ਸਹਿਮਤੀ ਨਹੀਂ ਸੀ। ਟਰੰਪ ਇਸ ਹਾਲਤ ਨੂੰ ਨਜ਼ਰ-ਅੰਦਾਜ਼ ਕਰਕੇ ਜ਼ਿਆਦਾ ਅੱਗੇ ਨਹੀਂ ਵਧ ਸਕਦਾ ਸੀ ਤੇ ਉਸਨੂੰ ਜਲਦ ਹੀ ਰੁਕਣਾ ਪੈ ਗਿਆ। ਹੁਣ ਤਾਂ ਟਰੰਪ ਨੇ ਸੱਤਾ ਬਦਲਣ ਦੀਆਂ ਗੱਲਾਂ ਵੀ ਛੱਡ ਦਿੱਤੀਆਂ ਹਨ।

ਮੱਧ ਪੂਰਬ 'ਚ 12 ਦਿਨ ਚੱਲੀ ਇਸ ਹਵਾਈ ਹਮਲਿਆਂ ਦੀ ਜੰਗ ਨੇ ਦਰਸਾ ਦਿੱਤਾ ਹੈ ਕਿ ਮੱਧ ਪੂਰਬ ਅੰਦਰ ਅਮਰੀਕੀ ਸਾਮਰਾਜੀ ਚੌਧਰ ਪੁਗਾਉਣੀ ਸੌਖਾ ਕਾਰਜ  ਨਹੀਂ ਹੈ। ਅਮਰੀਕੀ ਸਾਮਰਾਜੀਆਂ ਦੀ ਮਨਮਰਜੀ ਇਉਂ ਨਹੀਂ ਪੁੱਗ ਸਕਦੀ ਕਿ ਉਹ ਕਿਸੇ ਵੀ ਮੁਲਕ ਦੀ ਮਰਜੀ ਬਾਂਹ ਮਰੋੜ ਕੇ, ਕੋਈ ਵੀ ਸਮਝੌਤਾ ਕਰਵਾ ਲੈਣ। ਫ਼ਲਸਤੀਨੀ ਲੋਕਾਂ ਖ਼ਿਲਾਫ਼ ਪੌਣੇ ਦੋ ਸਾਲ ਤੋਂ ਹੋ ਰਿਹਾ ਇਜ਼ਰਾਇਲੀ ਹਮਲਾ ਵੀ ਅਮਰੀਕਾ ਵਿਰੋਧੀ ਟਾਕਰਾ ਸ਼ਕਤੀਆਂ ਨੂੰ ਪਸਤ ਨਹੀਂ ਕਰ ਸਕਿਆ ਤੇ ਇਰਾਨ ਦੀ ਅਜਿਹੀ ਨਾਬਰੀ ਅਮਰੀਕੀ ਸਾਮਰਾਜ ਲਈ ਹੋਰ ਵੀ ਤਿੱਖੀ ਹੋ ਗਈ ਚੁਣੌਤੀ ਦੇ ਰੂਪ 'ਚ ਕਾਇਮ ਹੈ। ਅਮਰੀਕਾ-ਇਜ਼ਰਾਇਲ ਹੋਰ ਜ਼ਿਆਦਾ ਨਿਖੇੜੇ ਦੀ ਹਾਲਤ 'ਚ ਗਏ ਹਨ ਤੇ ਕਿਤੋਂ ਵੀ ਉਹਨਾਂ ਨੂੰ ਹਮਾਇਤ ਹਾਸਿਲ ਨਹੀਂ ਹੋਈ। ਯੂਰਪ ਵਾਲੇ ਨਾਟੋ ਸਹਿਯੋਗੀ ਵੀ ਇਜ਼ਰਾਇਲ ਨਾਲ ਖੜਨੋਂ ਟਲਦੇ ਦਿਖੇ। ਇਸ ਨਤੀਜੇ ਨੇ ਦਰਸਾਇਆ ਕਿ ਅਮਰੀਕੀ ਸਾਮਰਾਜ ਲਈ ਹੁਣ ਇਰਾਕ ਜਾਂ ਅਫਗਨਿਸਤਾਨ ਵਾਂਗ ਇਰਾਨ ਨੂੰ ਕੁਚਲਣਾ ਸੰਭਵ ਨਹੀਂ ਹੈ। ਇਜ਼ਰਾਇਲ ਅੰਦਰ ਫੈਲੀ ਘਬਰਾਹਟ ਤੇ ਲੋਕਾਂ 'ਚ ਫੈਲੀ ਬੇਚੈਨੀ ਨੇ ਦਰਸਾਇਆ ਕਿ ਉਹ ਫੌਜੀ ਹੱਲਿਆਂ ਨੂੰ ਸਹਿਣ ਪੱਖੋਂ ਮਜ਼ਬੂਤ ਹਾਲਤ 'ਚ ਨਹੀਂ ਹੈ। ਇਜ਼ਰਾਇਲ ਦੀ ਅਜਿਹੀ ਹਾਲਤ ਨੇ ਅਮਰੀਕਾ ਇਜ਼ਰਾਇਲ ਖ਼ਿਲਾਫ਼ ਜੂਝਦੇ ਇਸ ਖਿੱਤੇ ਦੇ ਲੋਕਾਂ ਤੇ ਉਹਨਾਂ ਦੀਆਂ ਟਾਕਰਾ ਸ਼ਕਤੀਆਂ ਨੂੰ ਹੋਰ ਹੌਂਸਲਾ ਦੇਣਾ ਹੈ, ਜੂਝਣ ਦੇ ਜਜ਼ਬੇ ਦਾ ਹੋਰ ਸੰਚਾਰ ਕਰਨਾ ਹੈ ਤੇ ਉਤਸ਼ਾਹ ਦੇਣਾ ਹੈ। ਉਹਨਾਂ ਦੀ ਟਾਕਰਾ ਸਮਰੱਥਾ ਨੂੰ ਹੋਰ ਜਰਬਾਂ ਦੇਣੀਆਂ ਹਨ। ਇਸ ਘਟਨਾਕ੍ਰਮ ਨੇ ਦਰਸਾਇਆ ਹੈ ਕਿ ਸਾਮਰਾਜੀ ਮਹਾਂਸ਼ਕਤੀ ਵਜੋਂ ਅਮਰੀਕੀ ਚੌਧਰ ਦੇ ਦਿਨ ਪੁੱਗਣੇ ਸ਼ੁਰੂ ਹੋ ਚੁੱਕੇ ਹਨ ਤੇ ਸੰਸਾਰ ਘਟਨਾਵਾਂ 'ਚ ਮਨਚਾਹਿਆ ਦਖਲ ਦੇਣ ਦੀ ਉਸਦੀ ਸਮਰੱਥਾ ਦਿਨੋਂ ਦਿਨ ਖੁਰ ਰਹੀ ਹੈ ਤੇ ਬਿਨਾਂ ਕੁੱਝ ਹਾਸਿਲ ਕੀਤੇ ਜੰਗਬੰਦੀ ਵਰਗੇ ਕੌੜੇ ਘੁੱਟ ਭਰਨ ਰਾਹੀਂ ਇਹ ਬੇਵੱਸੀ ਸਪੱਸ਼ਟ ਜ਼ਾਹਿਰ ਹੋ ਰਹੀ ਹੈ। 

ਇਰਾਨ ਦੀ ਅਜਿਹੀ ਨਾਬਰੀ ਤੇ ਅਮਰੀਕੀ ਇਜ਼ਰਾਇਲੀ ਮੁਹਿੰਮ ਦੀ ਅਸਫਲਤਾ ਦੇ ਇਸ ਖਿੱਤੇ ਅੰਦਰ ਡੂੰਘੇ ਤੇ ਦੂਰ-ਰਸ ਨਤੀਜੇ ਹੋਣੇ ਹਨ। ਇਰਾਨੀ ਰਾਜ ਦਾ ਪੱਕੇ ਪੈਂਰੀ ਹੋ ਕੇ, ਅਮਰੀਕੀ ਟਾਕਰੇ ਦਾ ਪੈਂਤੜਾ ਹੋਰ ਮਜ਼ਬੂਤ ਹੋਣਾ ਹੈ। ਅਰਬ ਜਗਤ ਅੰਦਰ ਅਮਰੀਕੀ ਸਾਮਰਾਜ ਵਿਰੋਧੀ ਉਮੰਗਾਂ ਨੂੰ ਹੋਰ ਹੁਲਾਰਾ ਮਿਲਣਾ ਹੈ ਤੇ ਇਸਨੇ ਕਈ ਮੁਲਕਾਂ ਦੀਆਂ ਹਕੂਮਤਾਂ ਨੂੰ ਅਮਰੀਕੀ ਅਧੀਨਗੀ ਖ਼ਿਲਾਫ਼ ਉਜ਼ਰ ਕਰਨ ਦਾ ਰਾਹ ਦੇਣਾ ਹੈ। ਇਹ ਘਟਨਾਕ੍ਰਮ ਦਰਸਾ ਰਿਹਾ ਹੈ ਕਿ ਇਸ ਖਿੱਤੇ 'ਚ ਅਮਰੀਕੀ ਸਾਮਰਾਜੀ ਹਿੱਤਾਂ ਦਾ ਅੱਗੇ ਵਧਾਰਾ ਸੁਖਾਲਾ ਕਾਰਜ ਨਹੀਂ ਹੈ।    --0--

No comments:

Post a Comment