Friday, August 8, 2025

ਲੈਂਡ ਪੂਲਿੰਗ ਨੀਤੀ ਖਿਲਾਫ਼ ਕਿਸਾਨ ਸੰਘਰਸ਼

 ਲੈਂਡ ਪੂਲਿੰਗ ਨੀਤੀ ਖਿਲਾਫ਼ ਕਿਸਾਨ ਸੰਘਰਸ਼ 
ਮੌਕਾਪ੍ਰਸਤ ਵੋਟ ਪਾਰਟੀਆਂ ਨੂੰ ਦੂਰ ਰੱਖਣ ਦੀ ਲੋੜ ਕਿਉਂ !

ਪੰਜਾਬ ਦੇ ਕਿਸਾਨ ਸੰਘਰਸ਼ਾਂ ਦੀਆਂ ਅਹਿਮ ਪ੍ਰਾਪਤੀਆਂ 'ਚ ਹੋਰਨਾਂ ਨੀਤੀਆਂ ਦੇ ਨਾਲ ਨਾਲ ਇਸ ਨੀਤੀ ਦਾ ਅਹਿਮ ਰੋਲ ਬਣਿਆ ਹੈ ਕਿ ਹਾਕਮ ਜਮਾਤੀ ਮੌਕਾਪ੍ਰਸਤ ਵੋਟ ਪਾਰਟੀਆਂ ਨੂੰ ਇਹਨਾਂ ਸੰਘਰਸ਼ਾਂ ਤੋਂ ਦੂਰ ਰੱਖਿਆ ਗਿਆ ਹੈ। 3 ਖੇਤੀ ਕਨੂੰਨਾਂ ਖਿਲਾਫ਼ ਲੜੇ ਗਏ ਇਤਿਹਾਸਿਕ ਕਿਸਾਨ ਸੰਘਰਸ਼ ਮੌਕੇ ਵੀ ਕਿਸਾਨੀ ਦੀ ਏਕਤਾ ਕਾਇਮ ਰਹਿਣ ਵਿੱਚ ਹੋਰਨਾਂ ਗੱਲਾਂ ਦੇ ਨਾਲ ਨਾਲ ਇਸ ਪੱਖ ਦੀ ਅਹਿਮ ਭੂਮਿਕਾ ਸੀ ਕਿ ਮੌਕਾਪ੍ਰਸਤ ਵੋਟ ਪਾਰਟੀਆਂ ਨੂੰ ਕਿਸਾਨੀ ਸੰਘਰਸ਼ ਦੇ ਲਾਗੇ ਨਹੀਂ ਫਟਕਣ ਦਿੱਤਾ ਗਿਆ ਸੀ। ਮੌਕਾਪ੍ਰਸਤ ਵੋਟ ਸਿਆਸਤਦਾਨਾਂ ਤੇ ਪਾਰਟੀਆਂ ਦੀ ਦੂਰੀ ਬਣਾ ਕੇ ਰੱਖਣ ਦੀ ਇਸ ਨੀਤੀ ਨੇ ਨਾ ਕਿਸਾਨ ਸੰਘਰਸ਼ ਨੂੰ ਮੰਤਵਾਂ ਤੋਂ ਭਟਕਣ ਦਿੱਤਾ ਸੀ, ਨਾ ਏਕੇ 'ਚ ਦਰਾੜ ਪੈਣ ਦਿੱਤੀ ਸੀ ਤੇ ਨਾ ਸੰਘਰਸ਼ ਦੇ ਨਿਸ਼ਾਨਿਆਂ ਬਾਰੇ ਹਕੂਮਤ ਨੂੰ ਸਮਾਜ ਅੰਦਰ ਭਰਮਾਂ ਦਾ ਸੰਚਾਰ ਕਰਨ ਦਿੱਤਾ ਸੀ। ਇਹਨਾਂ ਪਾਰਟੀਆਂ ਨੂੰ ਲੋਕ ਸੰਘਰਸ਼ਾਂ ਤੋਂ ਪਾਸੇ ਰੱਖਣ ਦੀ ਇਹ ਨੀਤੀ ਦਹਾਕਿਆਂ ਦੀ ਚੇਤਨ ਪਹਿਰੇਦਾਰੀ ਤੇ ਅਮਲ ਦਾ ਸਿੱਟਾ ਸੀ ਜਿਸਨੇ ਇਤਿਹਾਸਕ ਕਿਸਾਨ ਸੰਘਰਸ਼ ਦੌਰਾਨ ਪੂਰੇ ਜਲੌਅ 'ਤੇ ਆ ਕੇ ਇਸ ਪਹੁੰਚ ਦੀ ਸਾਰਥਿਕਤਾ ਸਿੱਧ ਕੀਤੀ ਸੀ। ਇਹ ਨੀਤੀ ਕਿਸਾਨ ਸੰਘਰਸ਼ਾਂ 'ਚ ਹੀ ਨਹੀਂ ਸਗੋਂ ਸੂਬੇ ਦੇ ਹੋਰਨਾਂ ਲੋਕ ਸੰਘਰਸ਼ਾਂ ਦੀ ਸਫਲਤਾ 'ਚ ਵੀ ਪਰਖੀ ਪਰਤਿਆਈ ਨੀਤੀ ਹੈ।

   ਹੁਣ ਕਿਸਾਨ ਸੰਘਰਸ਼ ਦੇ ਪਲੇਟਫਾਰਮਾਂ 'ਤੇ ਇਹਨਾਂ ਪਾਰਟੀਆਂ ਦੀ ਆਮਦ ਪੱਖੋਂ ਮੱਧਮ ਪੈ ਰਹੀ ਚੌਕਸੀ ਫਿਕਰਮੰਦੀ ਵਾਲ਼ੀ ਹੈ। ਲੈਂਡ ਪੂਲਿੰਗ ਨੀਤੀ ਖਿਲਾਫ ਬੱਝ ਰਹੇ ਸੰਘਰਸ਼ ਦੇ ਪੈੜੇ ਵੇਲੇ ਇਨਾਂ ਵੋਟ ਮਦਾਰੀਆਂ ਤੋਂ ਬੇਹੱਦ ਚੌਕਸ ਰਹਿਣ ਦੀ ਲੋੜ ਹੈ। 2027 'ਚ ਪੰਜਾਬ ਦੀ ਹਕੂਮਤੀ ਗੱਦੀ ਤੱਕ ਪੁੱਜਣ ਲਈ ਲਲਚਾਏ ਹੋਏ ਇਹ ਵੋਟ ਸਿਆਸਤਦਾਨ ਹੁਣ ਤਾਂ ਲੋਕਾਂ ਦੀਆਂ ਜ਼ਮੀਨਾਂ ਬਚਾਉਣ ਲਈ ਮਰ ਮਿਟਣ ਦੇ ਦਾਅਵੇ ਕਰਨਗੇ ਪਰ ਸੰਘਰਸ਼ ਲੜਨਾ ਤਾਂ ਦੂਰ ਇਹ ਤਾਂ ਲੜੇ ਜਾ ਰਹੇ ਸੰਘਰਸ਼ਾਂ ਨੂੰ ਖਿੰਡਾਉਣ ਦੀ ਭੂਮਿਕਾ ਨਿਭਾਉਣ ਵਾਲੇ ਹਨ। ਕਿਸਾਨਾਂ ਦੇ ਸੰਘਰਸ਼ਾਂ ਨੂੰ ਇਹਨਾਂ ਪਾਰਟੀਆਂ ਦੀ "ਸਹਾਇਤਾ" ਦੀ ਜ਼ਰੂਰਤ ਨਹੀਂ ਹੈ ਸਗੋਂ ਇਨ੍ਹਾਂ ਤੋਂ ਸੰਘਰਸ਼ਾਂ ਦੀ ਰਾਖੀ ਕਰਨ ਦੀ ਜ਼ਰੂਰਤ ਹੈ। ਇਹ ਪਾਰਟੀਆਂ ਇਹਨਾਂ ਸੰਘਰਸ਼ਾਂ ਦੇ ਸਹਿਯੋਗ 'ਚ ਨਹੀਂ ਸਗੋਂ ਖੁਦ ਇਹਨਾਂ ਸੰਘਰਸ਼ਾਂ ਦੇ ਨਿਸ਼ਾਨਿਆਂ 'ਚ ਸ਼ੁਮਾਰ ਹਨ। ਹਕੂਮਤੀ ਪਾਰਟੀ ਖਿਲਾਫ ਸੰਘਰਸ਼ ਕਰਨ ਦੇ ਨਾਲ ਨਾਲ ਇਹਨਾਂ ਮੌਕਾਪ੍ਰਸਤ ਵੋਟ ਪਾਰਟੀਆਂ ਦਾ ਪਰਦਾਫਾਸ਼ ਕਰਨਾ ਵੀ ਕਿਸਾਨ ਸੰਘਰਸ਼ਾਂ ਦੇ ਅਹਿਮ ਕਾਰਜਾਂ 'ਚ ਸ਼ੁਮਾਰ ਹੈ।

ਜਿੱਥੋਂ ਤੱਕ ਇਹਨਾਂ ਵੋਟ ਪਾਰਟੀਆਂ ਦੇ ਆਪਸੀ ਵਿਰੋਧਾਂ ਦਾ ਲਾਹਾ ਲੈਣ ਦਾ ਤੁਅਲੱਕ ਹੈ, ਮੌਜੂਦਾ ਦੌਰ ਅੰਦਰ ਇਹ ਲਾਹਾ ਸੀਮਤ ਹੀ ਲਿਆ ਜਾ ਸਕਦਾ ਹੈ ਕਿਉਂਕਿ ਇਹਨਾਂ ਦੇ ਹਕੀਕਤ ਵਿੱਚ ਕੋਈ ਵਿਰੋਧ ਈ ਨਹੀਂ ਹਨ। ਇਹਨਾਂ ਸਭਨਾਂ ਪਾਰਟੀਆਂ ਦੀ ਲੈਂਡ ਪੂਲਿੰਗ ਨੀਤੀ ਘੜਨ ਵਾਲੀਆਂ ਕਾਰਪੋਰੇਟ ਜਗਤ ਦੀਆਂ ਨੀਤੀਆਂ ਅਤੇ ਫੁਰਮਾਨਾਂ 'ਤੇ ਸਹਿਮਤੀ ਹੈ।  ਇਹ ਸਾਰੇ ਸੰਸਾਰ ਕਾਰਪੋਰੇਟ ਜਗਤ ਦੇ ਸੇਵਾਦਾਰ ਤੇ ਜੀ-ਹਜ਼ੂਰੀਏ ਹਨ। ਇਹ ਖ਼ੁਦ ਆਪੋ ਆਪਣੇ ਰਾਜ ਵੇਲੇ ਇਹੀ ਅਮਲ ਲਾਗੂ ਕਰਦੀਆਂ ਹਨ ਅਤੇ ਸੱਤਾ 'ਤੇ ਕਾਬਜ਼ ਹੋਣ ਲਈ ਕਾਰਪੋਰੇਟ ਜਗਤ ਨੂੰ ਅਜਿਹਾ ਕਰ ਸਕਣ ਦੇ ਭਰੋਸੇ ਵੀ ਬੰਨ੍ਹਾਉਂਦੀਆਂ ਹਨ। ਅਜਿਹੇ ਅਮਲ ਤੇ ਕਿਰਦਾਰ ਦੇ ਰਹਿੰਦਿਆਂ ਇਹਨਾਂ ਤੋਂ ਕੀ ਤਵੱਕੋ ਕੀਤੀ ਜਾ ਸਕਦੀ ਹੈ। ਉਂਝ ਵੀ ਇਹਨਾਂ ਪਾਰਟੀਆਂ ਦੀ ਹਾਲਤ ਇਹ ਹੈ ਕਿ ਇਹ ਲੋਕ ਮੁੱਦਿਆਂ 'ਤੇ ਖੁਦ ਲਾਮਬੰਦੀ ਤੋਂ ਕੰਨੀ ਕਤਰਾਉਂਦੀਆਂ ਹਨ। ਇਹਨਾਂ ਦੀ ਵੱਧ ਤੋਂ ਵੱਧ ਸਰਗਰਮੀ ਲਾਮਬੰਦ ਹੋਏ ਲੋਕਾਂ 'ਚ ਜਾ ਕੇ ਸਿਆਸੀ ਰੋਟੀਆਂ ਸੇਕਣ ਤੱਕ ਸੀਮਤ ਹੁੰਦੀ ਹੈ। ਇਸ ਲਈ ਇਹ ਕਿਸੇ ਰਸਮੀ ਧਰਨੇ ਪ੍ਰਦਰਸ਼ਨ ਤੱਕ ਸੀਮਤ ਹੁੰਦੀਆਂ ਹਨ। ਸੰਘਰਸ਼ ਲਈ ਇਹ ਲਾਹਾ ਲੈਣ ਦੇ ਭਰਮ ਹੇਠ ਇਹਨਾਂ ਦੀ ਆਪਸੀ ਕੁੱਕੜ ਖੋਹੀ ਦਾ ਮੰਚ ਕਿਸਾਨ ਸੰਘਰਸ਼ ਨਹੀਂ ਬਣਨ ਦਿੱਤੇ ਜਾਣੇ ਚਾਹੀਦੇ।

ਇਨ੍ਹਾਂ ਦੇ ਵਿਰੋਧਾਂ ਦਾ ਸੰਘਰਸ਼ਾਂ ਖਾਤਰ ਲਾਹਾ ਲੈਣ ਦਾ ਅਜੇ ਇਹੋ ਢੰਗ ਸੰਭਵ ਹੈ ਕਿ ਲੋਕਾਂ ਦੇ ਸੰਘਰਸ਼ ਤੇ ਜਨਤਕ ਲਾਮਬੰਦੀ ਦੇ ਦਬਾਅ ਅੱਗੇ ਇਹ ਖੁਦ ਬੋਲਣ ਤੇ ਆਪਣੇ ਮੰਚ ਤੋਂ ਸਰਗਰਮੀ ਕਰਨ ਲਈ ਮਜ਼ਬੂਰ ਹੋਣ। ਪਰ ਅਜਿਹਾ ਕਰਦੇ ਸਮੇਂ ਸੰਘਰਸ਼ ਕਰਦੀ ਕਿਸਾਨੀ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਉਹਨਾਂ ਦੇ ਕਦਮ ਇਹਨਾਂ ਪਾਰਟੀਆਂ ਦੀ ਪੜਤ ਬਣਾਉਣ ਵਾਲੇ ਨਹੀਂ ਸਗੋਂ ਖੋਰਨ ਵਾਲੇ ਹੋਣੇ ਚਾਹੀਦੇ ਹਨ। ਕਿਸਾਨ ਲੀਡਰਸ਼ਿਪਾਂ ਨੂੰ ਇਸ ਪੱਖੋਂ ਸੁਚੇਤ ਰਹਿਣ ਦੀ ਲੋੜ ਹੈ ਕਿ ਇਹਨਾਂ ਨਾਲ ਸਾਂਝੀਆਂ ਮੀਟਿੰਗਾਂ/ ਸਰਗਰਮੀਆਂ ਵਰਗੇ ਕਦਮ ਲੋਕਾਂ 'ਚ ਇਹਨਾਂ ਬਾਰੇ ਹੋਰ ਭਰਮਾਂ ਦਾ ਸੰਚਾਰ ਕਰਨ ਦਾ ਸਾਧਨ ਬਣ ਸਕਦੇ ਹਨ। ਜਦ ਕਿ ਲੋਕਾਂ ਨੂੰ ਅਜਿਹੇ ਭਰਮਾਂ ਤੋਂ ਮੁਕਤ ਕਰਨਾ ਕਿਸਾਨ ਸੰਘਰਸ਼ ਦੇ ਟੀਚਿਆਂ 'ਚ ਸ਼ੁਮਾਰ ਹੈ। ਲੋਕਾਂ ਦੀ ਅਜਿਹੀ ਭਰਮ ਮੁਕਤੀ ਰਾਹੀਂ ਹੀ ਕਿਸਾਨ ਸੰਘਰਸ਼ ਹੋਰ ਵਧੇਰੇ ਮਜ਼ਬੂਤੀ ਨਾਲ ਅਗਲੇ ਪੱਧਰਾਂ ਵੱਲ ਜਾਣਗੇ। ਲੋਕਾਂ ਦੀ ਇਹਨਾਂ ਪਾਰਟੀਆਂ ਤੋਂ ਟੇਕ ਮੁਕਾਉਣਾ ਅਤੇ ਲੋਕਾਂ ਦਾ ਆਪਣੀ ਜਥੇਬੰਦ ਤਾਕਤ ਅੰਦਰ ਭਰੋਸਾ ਡੂੰਘਾ ਕਰਨਾ ਲੋਕਾਂ ਦੀ ਲਹਿਰ ਦਾ ਅਹਿਮ ਕਾਰਜ ਹੈ। ਸੰਘਰਸ਼ਾਂ ਦੀ ਲੀਡਰਸ਼ਿਪ ਦੇ ਕਦਮਾਂ ਤੇ ਇਸ ਮੰਤਵ ਦੀ ਮੋਹਰ ਛਾਪ ਜ਼ਰੂਰੀ ਹੈ। 

ਇਹਨਾਂ ਦੇ ਵਿਰੋਧਾਂ ਦਾ ਲਾਹਾ ਲੈਣ ਦੇ ਚੱਕਰ 'ਚ ਇਹਨਾਂ ਵੱਲੋਂ ਕਿਸਾਨ ਸੰਘਰਸ਼ ਦੀ ਸੌੜੇ ਸਿਆਸੀ ਹਿੱਤਾਂ ਲਈ ਵਰਤੋਂ ਕਰ ਲਏ ਜਾਣ ਪੱਖੋਂ ਜ਼ਿਆਦਾ ਫਿਕਰਮੰਦ ਰਹਿਣ ਦੀ ਲੋੜ ਹੈ। ਲੋਕ ਮਨਾਂ ਅੰਦਰ ਇਹਨਾਂ ਪਾਰਟੀਆਂ ਦੀ ਵਿਚਾਰਧਾਰਾ ਤੇ ਸਿਆਸਤ ਦਾ ਛੱਪਾ ਮੌਜੂਦ ਹੈ। ਲੋਕਾਂ ਦੀ ਇਹਨਾਂ 'ਤੇ ਮੁਥਾਜਗੀ ਹੈ। ਇਹਨਾਂ ਦੇ ਵਿਸ਼ਾਲ ਤਾਣੇ ਬਾਣੇ ਹਨ। ਲੋਕ ਮਨਾਂ 'ਤੇ ਮੌਜੂਦ ਇਹਨਾਂ ਦਾ ਛੱਪਾ ਹੀ ਇਹਨਾਂ ਨੂੰ ਸੰਘਰਸ਼ਾਂ ਦਾ ਸੌਖਿਆਂ ਹੀ ਲਾਹਾ ਲੈਣ ਦੇ ਯੋਗ ਬਣਾਉਂਦਾ ਹੈ। ਲੋਕਾਂ ਦੀਆਂ ਜਥੇਬੰਦੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝੀ ਸਰਗਰਮੀ ਇਹਨਾਂ ਲਈ ਆਪਣੀ ਪੈਂਠ ਤੇ ਪੜਤ ਬਣਾਉਣ ਦਾ ਰਾਹ ਖੋਲ੍ਹਦੀ ਹੈ। ਲੋਕਾਂ ਦੇ ਨੱਕੋਂ ਬੁੱਲ੍ਹੋਂ ਲਹਿ ਰਹੀਆਂ ਪਾਰਟੀਆਂ ਲਈ ਤਾਂ ਜਥੇਬੰਦੀਆਂ ਨਾਲ ਦਿਖਣ ਦਾ ਅਜਿਹਾ ਮੌਕਾ ਇਹਨਾਂ ਲਈ ਆਕਸੀਜਨ ਦਾ ਕੰਮ ਕਰਦਾ ਹੈ।

ਸਮੁੱਚੀ ਪਹੁੰਚ ਦਾ ਸਾਰ ਤੱਤ ਇਹ ਹੈ ਕਿ ਜਿਹੜੀਆਂ ਪਾਰਟੀਆਂ ਲੋਕਾਂ ਦੇ ਸੰਘਰਸ਼ ਨਿਸ਼ਾਨਿਆਂ 'ਚ ਸ਼ੁਮਾਰ ਹਨ, ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਸਾਂਝੀ ਸਰਗਰਮੀ ਲੋਕਾਂ ਦੇ ਸੰਘਰਸ਼ਾਂ ਨੂੰ ਵਾਰਾ ਨਹੀਂ ਖਾਂਦੀ। ਸਗੋਂ ਸੰਘਰਸ਼ ਐਕਸ਼ਨ ਤੇ ਸੰਘਰਸ਼ ਵਿਉਂਤਾਂ ਅਜਿਹੇ ਹੋਣੇ ਚਾਹੀਦੇ ਹਨ ਜਿਹੜੇ ਹਕੂਮਤ 'ਤੇ ਦਬਾਅ ਪਾਉਣ ਦੇ ਨਾਲ ਨਾਲ ਇਹਨਾਂ ਵੋਟ ਪਾਰਟੀਆਂ ਤੇ ਸਿਆਸਤਦਾਨਾਂ ਦੇ ਪਰਦਾਚਾਕ ਦਾ ਜ਼ਰੀਆ ਵੀ ਬਣਦੇ ਹੋਣ, ਇਹਨਾਂ ਪਾਰਟੀਆਂ ਤੋਂ ਸੰਘਰਸ਼ਾਂ ਦੀ ਰਾਖੀ ਵੀ ਕਰਦੇ ਹੋਣ। ਆਪਣੀ ਜਥੇਬੰਦ ਤਾਕਤ ਅਤੇ ਸੰਘਰਸ਼ ਅੰਦਰ ਲੋਕਾਂ ਦਾ ਭਰੋਸਾ ਹੋਰ ਡੂੰਘਾ ਕਰਦੇ ਹੋਣ।

                          --0--


No comments:

Post a Comment