ਬੇਜ਼ਮੀਨੇ ਮਜ਼ਦੂਰਾਂ ਦੀ ਦਰਦ ਕਹਾਣੀਇਹੋ ਜੀਣ ਹਮਾਰਾ....
-ਹਰਮੇਸ਼ ਮਾਲੜੀ
ਬੇਜ਼ਮੀਨੇ ਮਜ਼ਦੂਰ ਜਾਂ ਸਾਧਨਹੀਣ ਲੋਕ , ਇਹ ਸ਼ਬਦ ਭਾਰਤ / ਪੰਜਾਬ ਦੇ ਅਰਧ ਜਾਗੀਰੂ ਪੈਦਾਵਾਰੀ ਰਿਸ਼ਤਿਆਂ 'ਚੋਂ ਉਪਜਿਆ ਨਾਂਅ ਹੈ ਜੋ ਜਮਾਤੀ ਭਾਵ ਵਾਲਾ ਹੈ।ਇਸ ਸ਼ਬਦ ਦੀ ਵਰਤੋਂ ਮਜ਼ਦੂਰਾਂ ਦੇ ਹੱਕਾਂ ਹਿੱਤਾਂ ਲਈ ਲੜਨ ਵਾਲੇ ਲੋਕ ਹੀ ਕਰਦੇ ਹਨ ,ਉਂਝ ਜਾਤਪਾਤੀ ਸਮਾਜਿਕ ਸੰਰਚਨਾ ਦੇ ਹਿਸਾਬ , ਅਖੌਤੀ ਉੱਚ ਜਾਤਾਂ ਵਾਲੇ ਜਾਂ ਸਾਧਨ ਸੰਪੰਨ ਲੋਕ ਤਾਂ ਇਹਨਾਂ ਲੋਕਾਂ ਨੂੰ ਇਹਨਾਂ ਦੀਆਂ ਅਖੌਤੀ ਨੀਵੀਆਂ ਜਾਤਾਂ ਦੇ ਨਾਂ ਨਾਲ ਹੀ ਸੰਬੋਧਿਤ ਹੁੰਦੇ ਹਨ ਜੋ ਕਿ ਆਪਣੇ ਆਪ ਵਿੱਚ ਹੀ ਪੀੜਾਦਾਇਕ ਹੈ, ...ਇਹਨਾਂ ਕਮਾਉ ਲੋਕਾਂ ਦੀ ਪੀੜ ਕੋਈ ਇਕ ਥੋੜੋਂ ਆ ! ...ਦੁੱਖ ਹੀ ਦੁੱਖ ਹਨ, ਦੁੱਖਾਂ ਦੀ ਇਹ ਕਹਾਣੀ ਸਦੀਆਂ ਦੇ ਪੰਨਿਆਂ 'ਤੇ ਫੈਲਰੀ ਹੋਈ ਹੈ ਜਿਸ ਨੂੰ ਚੰਦ ਕੁ ਸਫਿਆਂ 'ਤੇ ਬਿਆਨ ਕਰਨਾ ਸੰਭਵ ਨਹੀਂ ਹੈ। .. ਇਸਨੂੰ ਲਿਖਣ ਲਈ ਤਾਂ 'ਮਣਾਂਮੂੰਹੀ ' ਕਾਗਜ਼ ਵੀ ਥੋੜ੍ਹੇ ਹਨ । ਪਰ ਗੱਲ ਕਿਤਿਓਂ ਤਾਂ ਸ਼ੁਰੂ ਕਰਨੀ ਪੈਣੀ ਹੈ, ਤੋ ਲਓ ਇਸ ਦਰਦ ਕਹਾਣੀ ਨੂੰ ਵਰਤਮਾਨ ਤੋਂ ਸ਼ੁਰੂ ਕਰਦੇ ਹਾਂ, ਮੇਰੇ ਇਕ ਗੀਤ ਦੀ ਸਚਾਈ , ਇਹਨਾਂ ਦਰਦ ਪਰੁੰਨੇ ਲੋਕਾਂ ਦੀ ਜ਼ਿੰਦਗੀ ਦਾ ਸਾਰ ਅੰਸ਼ ਇਉਂ ਬਿਆਨ ਕਰਦੀ ਹੈ..
" ਜੂਠੇ ਭਾਂਡੇ ਵਰਗੀ ਜ਼ਿੰਦਗੀ
ਜੂਠ 'ਤੇ ਕਰੇ ਗੁਜ਼ਾਰਾ
ਜੂਠ 'ਤੇ ਭਿਣਖ਼ਣ ਮੱਖੀਆਂ ਜੀਕਣ
ਇਹੋ ਜੀਣ ਹਮਾਰਾ "
....ਤੋ ਬੇਜ਼ਮੀਨੇ/ਸਾਧਨਹੀਣ ਲੋਕਾਂ ਦੀ ਇਹ ਕਹਾਣੀ, ਸਦੀਆਂ ਦਾ ਸਫ਼ਰ ਤਹਿ ਕਰਦਿਆਂ ਵਰਤਮਾਨ ਵਿੱਚ ਪਹੁੰਚ ਕੇ, ਉੱਕਤ ਸਤਰਾਂ ਰਾਹੀਂ ਸਾਡੇ ਰੂਬਰੂ ਹੈ.. ਇਹ ਸਤਰਾਂ ਨਿਰਾਪੁਰਾ ਖ਼ਿਆਲੀ ਤੁਸੱਵਰ ਨਹੀਂ ਹਨ , ' ਜਿਉਂਦੇ ਜਾਗਦੇ ' ਕਰੋੜਾਂ ਲੋਕਾਂ ਦੇ ਜੀਵਨ ਦੀ ਅਸਲ /ਹਕੀਕੀ ਤਸਵੀਰ ਹਨ , ਮਾਂ ਦੀ ਕੁੱਖੋਂ ਜਨਮ ਲੈਂਦਿਆਂ ਹੀ ਜਿਨ੍ਹਾਂ ਨੂੰ ਮਾਂ ਬਾਪ ਦੇ ਹੌਕੇ ਸੁਣਨੇ ਪੈਂਦੇ ਹੋਣ ਅਤੇ ਤਮਾਮ ਹਯਾਤੀ ਦੁਸ਼ਵਾਰੀਆਂ 'ਚ ਬੀਤਦੀ ਹੋਵੇ , ਉਹਨਾ ਦੇ ਬਚਪਨ ਦਾ ਚਿਤਰਨ ਕਰਦਿਆਂ ਗੀਤ ਦਾ ਅੰਤਰਾ ਗੱਲ ਅੱਗੇ ਤੋਰਦਾ ਹੈ।
" ਜੰਮੇ ਤਾਂ ਕਰਜ਼ੇ ਦੀ ਗੁੜ੍ਹਤੀ ਮਾਂ ਸੀ ਮੂੰਹ ਨੂੰ ਲਾਈ ,
ਬਾਪੂ ਦੀ ਗ਼ੁਰਬਤ ਨੇ ਵੰਡੀ ਹੌਕਿਆਂ ਦੀ ਮਠਿਆਈ ,
ਫੱਟੀ ਬਸਤੇ ਦੀ ਥਾਂ ਸਿਰ 'ਤੇ ਚੱਕਿਆ ਟੋਕਰਾ ਭਾਰਾ ,
ਇਹੋ ਜੀਣ ਹਮਾਰਾ........"
ਸਾਧਨਹੀਣ ਲੋਕਾਂ ਦਾ , ਜੇ ਵਰਤਮਾਨ ਇਹ ਹੈ ਤਾਂ ਬੀਤਿਆ ਸਮਾਂ ਕਿਹੋ ਜਿਹਾ ਹੋਵੇਗਾ? ਯਕੀਨਣ ਇਹ ਪੜ੍ਹ/ਸੁਣ ਕੇ " ਰੂਹ " ਕੰਬ ਜਾਂਦੀ ਹੈ !... ਤੇ ਇਹ ਜ਼ਹਾਲਤ ਕੋਈ ਮਹੀਨਿਆਂ ਜਾਂ ਸਾਲਾਂ ਤੱਕ ਨਹੀਂ, ਬਲਕਿ ਸਦੀਆਂ ਤੋਂ ਹੰਢਾਉਂਦੇ ਆ ਰਹੇ ਲੋਕਾਂ ਨਾਲ , ਭਲਾ ਬੀਤੇ 'ਚ ਕੀ ਕੀ ਬੀਤੀ ਹੋਵੇਗੀ!! ਜ਼ਰਾ ਸੋਚ ਕੇ ਦੇਖੋ !!!... ਪਿੰਡਾਂ ਸ਼ਹਿਰਾਂ ਤੋਂ ਅਲੱਗ ਬਸਤੀਆਂ, ਜਿਉਂਦੇ ਰਹਿਣ ਲਈ ਮਰੇ ਪਸ਼ੂਆਂ ਦਾ ਮਾਸ ਖਾਣ ਤੋਂ ਲੈਕੇ ਬੇਹਾ ਬਾਸਿਆ ਜੋਂ ਵੀ ਮਿਲ ਗਿਆ ਨਿਗਲ਼ ਲਿਆ, ਕੋਈ ਹੱਕ ਹਕੂਕ ਨਹੀਂ.. ਜਿਹਨਾਂ ਨੂੰ ਇਸ ਗੱਲ ਪਿੱਛੇ ਕਤਲ ਕਰ ਦਿੱਤਾ ਜਾਂਦਾ ਹੋਵੇ ਬਈ ਕਿਸੇ ਉੱਚ ਜਾਤੀ ਦੇ ਬੰਦੇ ਨਾਲ ਖਹਿ ਗਏ ਜਾਂ ਉਹਨਾਂ 'ਤੇ ਇਹਨਾਂ ਦਾ ਪਰਛਾਵਾਂ ਪੈ ਗਿਆ ! ਉਫ਼!!.. ਆਖ਼ਿਰ ਅਜਿਹਾ ਕੀ ਗੁਨਾਹ ਕੀਤਾ ਸੀ ਇਹਨਾਂ ਲੋਕਾਂ ਨੇ ਜੀਹਦੀ ਵਜ੍ਹਾ ਕਰਕੇ ਇਹਨਾਂ ਨੂੰ ਅੱਤ ਦੇ ਤ੍ਰਿਸਕਾਰ ਵੱਲ ਧੱਕਿਆ ਗਿਆ ?
ਕੀ ਇਹ ਲੋਕ ਕਿਸੇ ਹੋਰ ਗ੍ਰਹਿ ਦੇ ਬਦਸ਼ਕਲ ਲੋਕ ਸਨ ? ਜਾਂ ਇੰਨੇ ਹੀ ਲਿੱਸੇ/ ਕਮਜ਼ੋਰ ਸਨ ? ਜਾਂ ਕੋਈ ਅਪਰਾਧੀ ਬਿਰਤੀਆਂ ਵਾਲੇ ਸਨ ਬਈ ਇਹ ਇਸੇ ਵਿਵਹਾਰ ਦੇ ਹੱਕਦਾਰ ਸਨ?
ਅਸਲ ਵਿੱਚ ਅਜਿਹੀ ਕੋਈ ਗੱਲ ਨਹੀਂ ਸੀ , ਇਸਦੀ ਵਿਆਖਿਆ ਅੱਗੇ ਜਾਕੇ ਕਰਦੇ ਹਾਂ, ਪਹਿਲਾਂ ਇਸ ਦਰਦ ਕਹਾਣੀ ਦੀ "ਜਨਮ ਕੁੰਡਲੀ " ਫਰੋਲ ਲਈਏ ..ਇਸ ਸਾਰੀ ਅਮਾਨਵੀ ਵਿਵਸਥਾ ਲਈ ਮਨੂਵਾਦੀ/ ਬ੍ਰਾਹਮਣਵਾਦੀ ਵਿਚਾਰਧਾਰਾ ਜ਼ਿੰਮੇਵਾਰ ਹੈ। ਸਦੀਆਂ ਪਹਿਲਾਂ ਭਾਰਤੀ ਸਮਾਜ ਅੰਦਰ , ਉੱਕਤ ਵਿਚਾਰਧਾਰਾ ਵਲੋਂ ਵਰਣਿਤ ; ਵਰਣ ਵਿਵਸਥਾ ਨੇ ਸਮਾਜ ਨੂੰ ਚਾਰ ਭਾਗਾਂ ਵਿਚ ਵੰਡ ਦਿੱਤਾ, ਇਸ ਵੰਡ ਵਿੱਚ ਪੈਦਾਵਾਰੀ ਸ਼ਕਤੀਆਂ (ਕਮਾਊ ਲੋਕਾਂ) ਨੂੰ ਹੇਠਲਾ ਦਰਜਾ ਦਿੱਤਾ ਗਿਆ , ਇਸ ਤੋਂ ਵੀ ਅਗਾਂਹ ਪੈਦਾਵਾਰੀ ਸ਼ਕਤੀਆਂ ਦੇ ਹੀ ਇੱਕ ਹਿੱਸੇ (ਅੱਜ ਦੇ ਬੇਜ਼ਮੀਨੇ ਮਜ਼ਦੂਰ /ਸਾਧਨਹੀਣ ਲੋਕ) ਨੂੰ ਇਸ ਵਰਣ ਵੰਡ ਤੋਂ ਵੀ ਬਾਹਰ ਰੱਖਕੇ ਅਵਰਣ ਕਿਹਾ ਗਿਆ,ਜਾਣੀ ਇਸ ਲੋਕ ਸਮੂਹ ਨੂੰ ਸਮਾਜ ਦਾ ਹਿੱਸਾ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਤੇ ਇਹਨਾਂ ਲੋਕਾਂ ਨੂੰ "ਪਾਪਜੋਨੀ" ਵਰਗੇ ਘ੍ਰਿਣਾਯੋਗ ਲਕਬਾਂ ਨਾਲ ਸੰਬੋਧਿਤ ਹੋਇਆ ਗਿਆ। ਬ੍ਰਾਹਮਣਵਾਦੀਆਂ ਵਲੋਂ ਜਿਹੜਾ ਸਮਾਜਿਕ ਤੌਰ 'ਤੇ ਇਹਨਾਂ ਦਾ ਨਾਮ ਕਰਨ ਕੀਤਾ ਗਿਆ, ਉਹ ਸ਼ਬਦ ਸੀ "ਅਛੂਤ" ਭਾਵ ਕਿ ਜਿਹਨਾਂ ਨੂੰ ਛੂਹਿਆ ਨਹੀਂ ਜਾ ਸਕਦਾ। ਅਗਰ ਕਿਤੇ ਇਹ ਅਛੂਤ ਉੱਪਰਲੇ ਵਰਣਾਂ ਨਾਲ ਛੂਹ ਜਾਣ ਤਾਂ ਉਹ ਭਿੱਟ ਜਾਂਦੇ ਸਨ ਤੇ ਅਛੂਤਾਂ ਲਈ ਕਿਆਮਤ ਆ ਜਾਂਦੀ ਸੀ। ਇਸ ਅਮਾਨਵੀ ਵਿਵਸਥਾ ਨੇ ਇਸ ਹਿੱਸੇ ਨੂੰ ਸਭ ਤਰ੍ਹਾਂ ਦੇ ਪੈਦਾਵਾਰੀ ਸਾਧਨਾਂ ਤੋਂ ਵਾਂਝੇ ਕਰ ਦਿੱਤਾ ਤੇ ਕਿਸੇ ਵੀ ਕਿਸਮ ਦਾ ਹਥਿਆਰ ਰੱਖਣ ਦੀ ਮਨਾਹੀ ਕਰ ਦਿੱਤੀ (ਤਾਂ ਕਿ ਇਹ ਲੋਕ ਬਗ਼ਾਵਤ ਨਾ ਕਰ ਦੇਣ ) ਮੱਝ- ਗਾਂ ਵਰਗਾ ਦੁਧਾਰੂ ਪਸ਼ੂ ਪਾਲਣ ਦੀ ਮਨਾਹੀ ਕੀਤੀ ਗਈ, ਘੋੜੇ ਦੀ ਸਵਾਰੀ ਨਹੀਂ ਕਰ ਸਕਦੇ, ਗਿਆਨ ਹਾਸਲ ਕਰਨ ਦੀ ਤਾਂ ਏਨੀ ਸਖ਼ਤ ਮਨਾਹੀ ਸੀ ਕਿ ਚੋਰੀ ਛਿਪੇ ਗਿਆਨ ਹਾਸਿਲ ਕਰਨ 'ਤੇ , ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ। ਮਨਾਹੀ ਦੀ ਉਲੰਘਣਾ ਹੋਣ 'ਤੇ ਰੂਹ ਕੰਬਾਉ ਸਜ਼ਾਵਾਂ ਸਨ । ਕਰੀਬ ਦੋ ਹਜ਼ਾਰ ਸਾਲ ਪਹਿਲਾਂ ਸ਼ੁਰੂ ਹੋਈ ਇਹ ਅਮਾਨਵੀ ਵਿਵਸਥਾ ਸਦੀਆਂ ਤੱਕ ਸਾਧਨਹੀਣਾਂ ਨੇ ਆਪਣੇ ਪਿੰਡੇ 'ਤੇ ਹੰਢਾਈ ਹੈ। .. ਬੇਸ਼ੱਕ ਹੁਣ ਸੰਵਿਧਾਨਕ ਤੌਰ 'ਤੇ ਉਕਤ ਮਨੂਵਾਦੀ ਵਿਚਾਰਧਾਰਾ/ ਵਿਵਸਥਾ ਬੇਮਾਅਨਾ ਹੈ, ਬਲਕਿ ਅਜਿਹੇ ਲਕਬ ਅਤੇ ਵਿਵਹਾਰ ਸਜ਼ਾ ਯਾਫਤਾ ਹਨ ਪਰ ਕੌੜੀ ਸਚਾਈ ਇਹੋ ਹੈ ਕਿ ਹੁਣ ਵੀ ਸਮਾਜ ਅੰਦਰ ਇਹ ਵਿਵਸਥਾ ਗੁੱਝੇ ਤੇ ਜ਼ਾਹਰਾ ਰੂਪਾਂ ਵਿੱਚ ਜਾਰੀ ਰਹਿ ਰਹੀ ਹੈ। ਕਿਉਂ ਜੋਂ ਆਪਣੀ ਵਿਚਾਰਧਾਰਾ ਨੂੰ ਜਿੰਦਾ ਰੱਖਣ ਲਈ ਮਨੂਵਾਦੀਆਂ ਨੇ ਬੇਅੰਤ ਕਿੱਸੇ ਕਹਾਣੀਆਂ ਘੜ ਰੱਖੇ ਹਨ ਅਤੇ ਰਾਜਭਾਗ 'ਤੇ ਕਬਜ਼ਾ (ਕਰਕੇ) ਹੋਣ ਕਾਰਨ ਵੀ ਉਨ੍ਹਾਂ ਆਪਣੀ ਵਿਚਾਰਧਾਰਾ ਨੂੰ ਕਾਇਮ ਰੱਖਿਆ, ਭਾਵੇਂ ਕਿ ਸਮੇਂ ਸਮੇਂ ਇਸਨੂੰ ਚਣੌਤੀਆਂ ਵੀ ਮਿਲਦੀਆਂ ਰਹੀਆਂ।
ਹੁਣ ਗੱਲ ਕਰਦੇ ਹਾਂ ਪਹਿਲੇ ਸਵਾਲ ਦੀ , ਕਿ ਆਖਰ ਕਿਉਂ ਸਮਾਜ ਦੇ ਇਕ ਹਿੱਸੇ ਨੂੰ ਏਨਾ ਪਿੱਛੇ ਧੱਕ ਦਿੱਤਾ ਗਿਆ, ਕੀ ਉਹ ਏਨੇ ਹੀ ਕਮਜ਼ੋਰ ਸਨ ਬਈ ਇਹ ਇਸੇ ਵਿਵਹਾਰ ਦੇ ਹੱਕਦਾਰ ਸਨ?
ਸਾਡੇ ਕੋਲ ਕੋਈ ਠੋਸ ਇਤਿਹਾਸਕ ਪ੍ਰਮਾਣ ਤਾਂ ਨਹੀਂ ਹਨ ਕਿ ਅਸੀਂ ਇਹਨਾਂ ਲੋਕਾਂ ਦੇ ਬੀਤੇ ਨੂੰ, ਵੇਰਵਿਆਂ ਸਹਿਤ ਸਾਂਝਾਂ ਕਰ ਸਕੀਏ ਪਰ ਇਸ ਸੱਚਾਈ ਨੂੰ ਕੋਈ ਝੁਠਲਾਅ ਨਹੀਂ ਸਕਦਾ ਕਿ, ਜੇਕਰ ਇਹ ਲੋਕ , ਇਸ ਭੁਗੋਲਿਕ ਖਿੱਤੇ ਅੰਦਰ ਹਜ਼ਾਰਾਂ ਸਾਲਾਂ ਤੋਂ ਰਹਿ ਰਹੇ ਹਨ ਤੇ ਅੱਜ ਵੀ " ਜਿਉਂਦੇ ਜਾਗਦੇ" ਹਨ ਅਤੇ ਆਪਣੀਆਂ ਅਗਲੀਆਂ ਨਸਲਾਂ ਨੂੰ ਅੱਗੇ ਵਧਾ ਰਹੇ ਹਨ ਤਾਂ ਯਕੀਨਣ ਇਹਨਾਂ ਅੰਦਰ ਉਹ ਸਾਰੇ ਗੁਣ ਮੌਜੂਦ ਸਨ ਜੋ ਮਨੁੱਖੀ ਨਸਲ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਸਨ ,ਮਸਲਨ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਨਾ, ਦੂਜੇ ਕਬੀਲਿਆਂ ਨਾਲ ਯੁੱਧ ਕਰਨੇ , ਸ਼ਿਕਾਰ ਕਰਨਾ ਤੇ ਅੰਨ੍ਹ ਉਗਾਉਣ ਦੀ ਮੁਹਾਰਤ ਹੋਣਾ, ਗਰਮੀ ਸਰਦੀ ਤੋਂ ਬਚਾਅ ਦੇ ਉਪਾਅ ਕਰਨੇ ਅਤੇ ਆਪਣੀ ਔਲਾਦ ਨੂੰ ਪਾਲਣਾ ਤੇ ਮੋਹ ਕਰਨਾ , ਵਰਗੇ ਮਾਨਵੀ ਸਰੋਕਾਰਾਂ ਦਾ ਹੋਣਾ, ਸੰਗੀਤ, ਨ੍ਰਿਤ ਵਰਗੇ ਕੋਮਲ ਭਾਵਾਂ ਦਾ ਹੋਣਾ ਆਦਿ , ਜੇਕਰ ਇਹ ਸਾਰੇ ਗੁਣ ਇਹਨਾਂ ਲੋਕਾਂ ਵਿਚ ਨਾ ਹੁੰਦੇ ਤਾਂ ਯਕੀਨਣ ਇਸ ਭੁਗੋਲਿਕ ਖਿੱਤੇ 'ਚੋਂ ਇਹਨਾਂ ਦਾ ਨਾਮੋ ਨਿਸ਼ਾਨ ਕਦੋਂ ਦਾ ਮਿੱਟ ਗਿਆ ਹੁੰਦਾ।
...............................
" ਗੁਰੂ ਘਰਾਂ ਵਿੱਚ ਵੱਖਰੀ ਪੰਗਤ ਬੈਠੇ ਗੁਰ ਕੇ ਬੇਟੇ
ਕੋਈ ਧਰਮ ਵੀ ਅਪਣਾਵੇ ਨਾ ਇਹ ਕਿਸ ਰੱਬ ਦੇ ਬੇਟੇ
ਸਭ ਧਰਮਾਂ ਵਿੱਚ ਚੌਥਾ ਦਰਜਾ ਮਿਲਿਆ ਨਾ ਛੁਟਕਾਰਾ
ਇਹੋ ਜੀਣ ਹਮਾਰਾ....."
ਮੱਧ ਕਾਲ ਵਿਚ ਭਗਤੀ ਲਹਿਰ ਦੇ ਸੰਤਾਂ ਨੇ ਬੜੀ ਦਲੇਰੀ ਨਾਲ, ਆਪਣੇ ਭਗਤੀ ਭਾਵ ਵਾਲੇ ਅੰਦਾਜ਼ ਨਾਲ ਜਾਤਪਾਤ ਦਾ ਜ਼ੋਰਦਾਰ ਖੰਡਨ ਕੀਤਾ। ਸਿੱਖ ਗੁਰੂ ਸਾਹਿਬਾਨ ਨੇ ਵੀ ਜ਼ੋਰਦਾਰ ਢੰਗ ਨਾਲ ਖੰਡਨ ਕਰਕੇ ਇਸ ਜਾਤਪਾਤੀ ਵਿਵਸਥਾ ਨੂੰ ਨਿੰਦਿਆ ਵੀ ਤੇ ਇਸ ਨੂੰ ਖੋਰਨ ਦਾ ਯਤਨ ਵੀ ਕੀਤਾ ਪਰ ਸੰਤਾਂ ਮਹਾਪੁਰਸ਼ਾਂ ਦੇ "ਇਕੱਲੇ " ਪ੍ਰਚਾਰ ਕਰਨ ਨਾਲ ਇਹ ਜਾਤਪਾਤੀ ਵਿਵਸਥਾ ਟੁੱਟ ਨਾ ਸਕੀ ਪਰ ਇਹਨਾਂ ਯਤਨਾਂ ਨੇ ਪੀੜਤ ਲੋਕਾਂ ਦੇ ਮਨਾਂ ਨੂੰ ਕੁਝ ਧਰਵਾਸਾ ਜ਼ਰੂਰ ਬਨਾਇਆ ਤੇ ਇਉਂ ਚਾਹੇ ਬਹੁਤ ਥੋੜ੍ਹੇ ਸਹੀ , ਜ਼ਾਤ ਪਾਤ ਵਿਰੁੱਧ ਵਿਚਾਰਾਂ ਦੇ ਨਵੇਂ ਬੀਜ ਪੁੰਗਰਨੇ ਸ਼ੁਰੂ ਹੋ ਗਏ।
..................................
ਆਜ਼ਾਦੀ ਦੇ ਪੌਣੀ ਸਦੀ ਪਾਰ ਕਰਨ ਤੋਂ ਬਾਅਦ ਵੀ ਇਹ ਲੋਕ ਜਾਇਦਾਦ ਹੀਣ ਹੀ ਹਨ । ਸਰਕਾਰਾਂ ਵਲੋਂ ਆਟਾ ਦਾਲ ਵਰਗੀਆਂ ਸਕੀਮਾਂ ਲਿਆਉਣਾ, ਘੱਟੋ ਘੱਟ ਸੌ ਦਿਨ ਦਾ ਰੁਜ਼ਗਾਰ ਦੇਣ ਲਈ ਮਗਨਰੇਗਾ ਕਾਨੂੰਨ ਬਣਾਉਣਾ ਜਾਂ ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਛੋਟੀਆਂ ਮੋਟੀਆਂ ਹੋਰ "ਰਾਹਤ ਸਹੂਲਤਾਂ " ਦੇਣਾ ,ਸਾਫ ਤੌਰ 'ਤੇ ਇਹ ਇਕਬਾਲ ਕਰਨਾ ਹੈ ਕਿ ਅੱਜ ਵੀ ਬੇਜ਼ਮੀਨੇ ਲੋਕ ਮੰਦੇਹਾਲੀਂ ਹਨ ਅਤੇ ਆਪਣੇ ਜੀਵਨ ਨਿਰਬਾਹ ਲਈ ਉਹਨਾਂ ਕੋਲ ਕੋਈ ਠੋਸ ਵਸੀਲਾ ਨਹੀਂ ਹੈ। ਇਸ ਮੂੰਹ ਬੋਲਦੀ ਹਕੀਕਤ ਨੂੰ ਇਥੋਂ ਦੇਖਿਆ ਜਾ ਸਕਦਾ ਕਿ ਸਾਡੇ ਸਮਿਆਂ 'ਚ ਗਰੀਬਾਂ ਤੋਂ ਹੇਠਾਂ ਵੀ ਗਰੀਬ ਹਨ ( ਬੀ ਪੀ ਐੱਲ )ਜਿਹਨਾਂ ਨੂੰ ਗ਼ਰੀਬੀ ਰੇਖਾ ਤੋਂ ਹੇਠਾਂ ਵਾਲਾ ਹਿੱਸਾ ਕਿਹਾ ਜਾਂਦਾ ਹੈ। ਨਿਸ਼ਚਿਤ ਤੌਰ 'ਤੇ ਇਹ ਲੋਕ ਬੇਜ਼ਮੀਨੇ/ਸਾਧਨਹੀਣ ਲੋਕ ਹੀ ਹਨ , ਸਰਕਾਰਾਂ ਦੇ ਦਾਵਿਆਂ ਦੇ ਉਲਟ ਬੇਜ਼ਮੀਨਿਆਂ ਦੀ ਮੌਜੂਦਾ ਹਾਲਤ ਨੂੰ ਗੀਤ ਦਾ ਅਗਲਾ ਅੰਤਰਾ ਇਉਂ ਬਿਆਨ ਕਰਦਾ ਹੈ
" ਮੁੱਕ ਗਏ ਪਿੰਡਾਂ ਵਿੱਚੋਂ ਮਿਲੇ ਨਾ ਸ਼ਹਿਰ ਦਿਹਾੜੀ ,
ਬਿਜਲੀ ਪਾਣੀ ਬੰਦ ਕਰਾਂਗੇ ਹੁਕਮ ਹੋਇਆ ਸਰਕਾਰੀ,
ਸੌ ਦਿਨ ਦਾ ਰੁਜ਼ਗਾਰ ਵੀ ਐਂਵੇਂ ਨਿਕਲਿਆ ਝੂਠਾ ਲਾਰਾ,
ਇਹੋ ਜੀਣ ਹਮਾਰਾ...."
ਹਾਲਾਂਕਿ ਮੌਜੂਦਾ ਸਮੇਂ ਵਿੱਚ ਇਹ ਲੋਕ ਭਾਰਤੀ/ਪੰਜਾਬੀ ਅਰਥ ਵਿਵਸਥਾ 'ਚ ਆਪਣਾ ਭਰਪੂਰ ਯੋਗਦਾਨ ਪਾ ਰਹੇ ਹਨ ,ਇਹ ਕੋਈ ਨਿਰਾਪੁਰਾ ਸਰਕਾਰੀ ਰਾਹਤ'ਤੇ ਨਹੀਂ ਬੈਠੇ , ਪਰ ਰੁਜ਼ਗਾਰ ਦਾ ਕੋਈ ਪੱਕਾ ਵਸੀਲਾ ਨਾ ਹੋਣਾ , ਉਹਨਾਂ ਨੂੰ ਜ਼ਮੀਨ ਮਾਲਕ ਪੇਂਡੂ ਧਨਾਂਢਾਂ 'ਤੇ ਨਿਰਭਰ ਹੋਣ ਲਈ ਮਜਬੂਰ ਕਰਦਾ ਹੈ। ਅਖੌਤੀ ਰਾਹਤ ਸਹੂਲਤਾਂ ਵੀ ਇਹਨਾਂ ਪੇਂਡੂ ਧਨਾਂਢਾਂ ਦੀ ਮਰਜ਼ੀ 'ਤੇ ਹੀ ਨਿਰਭਰ ਕਰਦੀਆਂ , ਕਿਉਂਕਿ ਰਾਜ ਕਰਦੀਆਂ ਸਿਆਸੀ ਪਾਰਟੀਆਂ ਦੇ ਪਿੰਡਾਂ ਅੰਦਰ ਇਹੋ ਧਨਾਂਢ ਲੋਕ ਮੁਖੀ ਹੁੰਦੇ ਹਨ ਜਾਂ ਇਉਂ ਕਹਿ ਲਵੋ ਕਿ ਪਿੰਡਾਂ ਅੰਦਰ ਅਸਲ ਸਰਕਾਰ ਇਹਨਾਂ ਧਨਾਂਢਾਂ ਦੀ ਹੀ ਹੁੰਦੀ ਹੈ। ਜਿਸ ਕਾਰਨ ਇਹਨਾਂ ਦਾ ਜਾਗੀਰੂ ਦਾਬਾ ਬਰਕਰਾਰ ਰਹਿ ਰਿਹਾ ਹੈ। ਇਹ ਦਾਬਾ ਤਦੇ ਹੀ ਟੁੱਟ ਸਕਦਾ ਹੈ ਜੇਕਰ ਜ਼ਮੀਨਾਂ ਦੀ ਮੁੜ ਵੰਡ ਹੋਵੇ। ਪਰ ਹਾਕਮ ਜਮਾਤਾਂ ਜਿਹੜੀਆਂ ਇਹਨਾਂ ਪੇਂਡੂ ਧਨਾਂਢਾਂ/ਜਗੀਰਦਾਰਾਂ ਅਤੇ ਵੱਡੇ ਸਰਮਾਏਦਾਰਾਂ ਦੀਆਂ ਨੁਮਾਇੰਦਾ ਹਨ ਉਹ ਕਦੇ ਅਜਿਹਾ ਨਹੀਂ ਚਾਹੁੰਦੀਆਂ ਭਾਵੇਂ ਕਿ ਲੋਕ ਲਹਿਰਾਂ ਦੇ ਦਬਾਅ ਕਾਰਨ ਉਨ੍ਹਾਂ ਨੂੰ 1972 'ਚ ਜ਼ਮੀਨ ਹੱਦਬੰਦੀ ਕਾਨੂੰਨ ਬਣਾਉਣਾ ਪਿਆ ਪਰ ਇਹ ਹਕੀਕਤ ਹੈ ਕਿ ਜ਼ਮੀਨ ਦੀ ਕਾਣੀ ਵੰਡ ਉਸੇ ਤਰ੍ਹਾਂ ਬਰਕਰਾਰ ਰਹਿ ਰਹੀ ਹੈ ਇਸੇ ਕਰਕੇ ਹਾਕਮਾਂ ਦੇ ਬਦਲਣ ਨਾਲ, ਬੇਸ਼ੱਕ ਉਨ੍ਹਾਂ ਦੀਆਂ ਸਿਆਸੀ ਪਾਰਟੀਆਂ ਦੇ ਨਾਂ ਅਲੱਗ ਅਲੱਗ ਹੋਣ ਜਾਂ ਉਹਨਾਂ ਦੇ ਧਰਮ ਅਲੱਗ ਅਲੱਗ ਹੋਣ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ । ਮੌਜੂਦਾ ਸਮੇਂ ਹਾਕਮ ਜਮਾਤਾਂ ਇਸੇ ਮਨਸ਼ਾ ਨਾਲ ਕੰਮ ਕਰ ਰਹੀਆਂ ਹਨ । ਪੰਜਾਬ ਦੀ ਉਦਾਹਰਣ ਸਾਡੇ ਸਾਹਮਣੇ ਹੈ,
ਜੇਕਰ, ਮਜ਼ਦੂਰ / ਮਜ਼ਦੂਰ ਜਥੇਬੰਦੀਆਂ ਪੰਚਾਇਤੀ ਜ਼ਮੀਨ 'ਚੋਂ ਆਪਣੇ ਹਿੱਸੇ ਦੀ (ਕਾਨੂੰਨੀ) ਜ਼ਮੀਨ ਦੀ ਮੰਗ ਕਰਦੀਆਂ ਹਨ ਤਾਂ ਰਾਜਭਾਗ , ਪੇਂਡੂ ਧਨਾਂਢਾਂ ਦੀ ਪਿੱਠ 'ਤੇ ਆ ਖੜ੍ਹਦਾ ਹੈ , ਮਜ਼ਦੂਰਾਂ ਨੂੰ ਜਨਤਕ ਤੌਰ 'ਤੇ ਕੁੱਟ ਕੁਟਾਪਾ , ਝੂਠੇ ਪਰਚੇ ਤੇ ਜੇਲ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਵੇਂ ਹੀ ਪੰਚਾਇਤੀ ਜ਼ਮੀਨ 'ਚੋਂ ਰਿਹਾਇਸ਼ ਲਈ ਪਲਾਟਾਂ ਦੀ ਮੰਗ ਕਰਨ ਵੇਲੇ ਹੁੰਦਾ ਹੈ। ਬੇਜ਼ਮੀਨਿਆਂ ਨੂੰ, ਜ਼ਮੀਨਾਂ ਵਾਲੇ ਅਹਿਸਾਸ ਕਰਵਾਉਂਦੇ ਹਨ ਕਿ ਇਹ ਜ਼ਮੀਨਾਂ ਸਾਡੀਆਂ ਹਨ ।
ਬੇਜ਼ਮੀਨਿਆਂ ਦਾ ਵੱਡਾ ਹਿੱਸਾ ਅਜੇ ਗ਼ੈਰ ਜਥੇਬੰਦ ਅਤੇ ਗੈਰ ਚੇਤਨ ਹੋਣ ਕਾਰਨ ਇਸ ਹੋਣੀ ਨੂੰ ਸਵੀਕਾਰੀ ਬੈਠਾ ਹੈ ਪਰ ' ਆਪਣੀ ਜ਼ਮੀਨ ਹੋਵੇ ' ਦੀ ਤਾਂਘ ਵੀ ਉਨ੍ਹਾਂ ਅੰਦਰੋਂ ਮਰਦੀ ਨਹੀਂ। ਕਿਉਂਕਿ ਜ਼ਮੀਨਾਂ ਸਮਾਜਿਕ ਰੁਤਬੇ ਦਾ ਕਾਰਨ ਵੀ ਹਨ, ਉਪਜੀਵਕਾ ਦਾ ਪੱਕਾ ਵਸੀਲਾ ਵੀ ਹਨ।
ਇਤਿਹਾਸਕ ਤੌਰ 'ਤੇ ਇਹ ਬੜਾ ਜ਼ਾਹਰਾ ਤੱਥ ਹੈ ਕਿ ਵਰਣ ਵੰਡ 'ਚ ਜਿਨ੍ਹਾਂ ਨੂੰ ਸ਼ੂਦਰ ਕਿਹਾ ਗਿਆ ਸੀ ਪਰ ਖੇਤੀ ਕਾਸ਼ਤ ਦੀ ਉਹਨਾਂ ਨੂੰ ਇਜਾਜ਼ਤ ਸੀ ,ਸਮਾਂ ਪਾਕੇ ਜਦੋਂ ਇਹਨਾਂ ਸ਼ੂਦਰਾਂ ਨੂੰ ਜ਼ਮੀਨਾਂ ਦੀ ਮਾਲਕੀ ਮਿਲ ਗਈ ਤਾਂ ਉਨ੍ਹਾਂ ਦਾ ਸਮਾਜਿਕ ਰੁਤਬਾ ਵੀ ਬਦਲ ਗਿਆ ਤੇ ਉਹ ਅਖੌਤੀ ਉੱਚ ਜਾਤਾਂ ਵਾਲੇ ਬਣ ਗਏ...ਇਹ ਹੈ ਜ਼ਮੀਨ ਦੀ ਤਾਕਤ!
ਇਸ ਲਈ ਜ਼ਮੀਨ ਦਾ ਸਵਾਲ ਬੇਜ਼ਮੀਨਿਆਂ ਲਈ ਅਤੀ ਮਹੱਤਵਪੂਰਨ ਹੈ। ਇਸ ਦੀ ਪ੍ਰਾਪਤੀ ਤੋਂ ਬਿਨਾਂ ਉਹਨਾਂ ਦੀ ਸਮਾਜਿਕ ਬੇ-ਵੁੱਕਤੀ ਖ਼ਤਮ ਨਹੀਂ ਹੋ ਸਕਦੀ। ਪਰ ਇਸਦੀ ਪ੍ਰਾਪਤੀ ਲਈ ਜਾਨ ਹੂਲਵੇਂ ਸੰਘਰਸ਼ ਦੀ ਜ਼ਰੂਰਤ ਹੈ ਤੇ ਇਸ ਸੰਘਰਸ਼ ਨੂੰ ਜਿੱਤ ਤੱਕ ਪਹੁੰਚਾਉਣ ਲਈ ਠੀਕ ਦਿਸ਼ਾ ਅਖਤਿਆਰ ਕਰਨੀ ਵੀ ਓਨੀ ਹੀ ਮਹੱਤਵਪੂਰਨ ਹੈ। ਇਹ ਸਭ ਕਿਉਂ?
ਮੋਟੇ ਤੌਰ 'ਤੇ ਆਪਾਂ ਪੰਜਾਬ ਦੇ ਪ੍ਰਸੰਗ ਵਿੱਚ ਗੱਲ ਕਰਦੇ ਹਾਂ, ਪੰਜਾਬ ਅੰਦਰ; ਮੁਲਕ ਦੇ ਦੂਜੇ ਸੂਬਿਆਂ ਦੇ ਮੁਬਾਕਲੇ ਬੇਜ਼ਮੀਨਿਆਂ ( ਮੁੱਖ ਤੌਰ 'ਤੇ ਦਲਿਤ ਭਾਈਚਾਰਾ ) ਦੀ ਵਸੋਂ ਵਧੇਰੇ ਹੈ (ਪੰਜਾਬ ਦੀ ਆਬਾਦੀ ਫੀਸਦੀ ਦੇ ਹਿਸਾਬ ਨਾਲ) ਦਲਿਤ ਵਸੋਂ ਵਧੇਰੇ ਕਰਕੇ ਪਿੰਡਾਂ ਅੰਦਰ ਹੀ ਹੈ ਤੇ ਜ਼ਮੀਨ ਮਾਲਕ ਜੱਟ ਕਿਸਾਨੀ ਵੀ , ਸੁਤੇ ਸਿੱਧ ਦੋਂਹਾਂ ਕਿਰਤੀ ਵਰਗਾਂ ਦਰਮਿਆਨ ਟਕਰਾਅ ਵੀ ਹੈ ਤੇ ਸਹਿਯੋਗ/ ਭਰੱਪਾ ਵੀ, ਇਹ ਸਮਝਣ /ਪਰਖ਼ਣ ਦੀ ਲੋੜ ਹੈ ਕਿ ਟਕਰਾਅ ਕਿਸਦੇ ਨਾਲ ਹੈ ਤੇ ਭਰੱਪਾ ਕਿਸ ਨਾਲ....।
ਇਸ ਸਵਾਲ ਨੂੰ ਜ਼ਮੀਨੀਂ ਬੰਦੋਬਸਤ ਦੇ ਕੁਝ ਇਤਿਹਾਸਕ ਤੱਥਾਂ ਤੋਂ ਸਮਝਣਾ ਲਾਹੇਵੰਦ ਰਹੇਗਾ, ਮੱਧਯੁਗੀ ਜ਼ਮੀਨੀ ਬੰਦੋਬਸਤ ਇਸ ਤਰ੍ਹਾਂ ਹੁੰਦਾ ਸੀ ਕਿ ਰਾਜਾ ਹੀ ਜ਼ਮੀਨ ਦਾ ਆਹਲਾ ਮਾਲਕ ਹੁੰਦਾ ਸੀ ਤੇ ਕਾਸ਼ਤਕਾਰ ਅਦਨਾ ਮਾਲਕ, ਅੱਗੋਂ ਰਾਜੇ ਨੇ ਇਹ ਜ਼ਮੀਨਾਂ ਜਾਗੀਰਦਾਰਾਂ ਨੂੰ ਦਿੱਤੀਆਂ ਹੁੰਦੀਆਂ ਸਨ, ਅਸਲ ਵਿੱਚ ਰਾਜੇ ਦਾ ਵਫ਼ਾਦਾਰ ਜਾਗੀਰਦਾਰ ਹੀ ਜ਼ਮੀਨ ਦਾ ਮਾਲਕ ਹੁੰਦਾ ਸੀ ਕਿਉਂਕਿ ਰਾਜੇ ਨੂੰ ਤਾਂ ਨਿਸਚਿਤ ਲਗਾਨ ਚਾਹੀਦਾ ਹੁੰਦਾ ਸੀ ਜੋ ਜਾਗੀਰਦਾਰ ਮੁਜਾਰਿਆਂ ਤੋਂ ਉਗਰਾਹ ਕੇ ਦੇ ਦਿੰਦਾ ਸੀ। ਅਦਨੇ ਮਾਲਕ , ਭਾਵ ਮੁਜਾਰੇ , ਛੋਟੇ ਛੋਟੇ ਜ਼ਮੀਨੀ ਟੋਟਿਆਂ 'ਤੇ ਖੇਤੀ ਕਰਕੇ ਮੁਸ਼ਕਿਲ ਨਾਲ ਆਪਣਾ ਪਰਿਵਾਰ ਪਾਲਦੇ ਸਨ। ਉਸ ਵਕਤ ਖੇਤੀ ਕੋਈ ਆਸਾਨ ਕੰਮ ਨਹੀਂ ਸੀ, ਖੇਤੀ ਮੀਂਹਾਂ/ ਬਾਰਸ਼ਾਂ 'ਤੇ ਨਿਰਭਰ ਸੀ ਤੇ ਸਾਰਾ ਕੰਮ ਹੱਥੀਂ ਕਰਨਾ ਪੈਂਦਾ ਸੀ। ਬੇਹਤਰ ਖੇਤੀ ਲਈ ਸਿੰਚਾਈ ਬੰਦੋਬਸਤ ਨੂੰ ਯਕੀਨੀ ਬਣਾਉਣ ਵਾਸਤੇ ਜਾਂ ਤਾਂ ਦਰਿਆਵਾਂ 'ਚੋਂ ਨਹਿਰਾਂ ਕੱਢਣ ਦੀ ਲੋੜ ਸੀ ਜਾਂ ਖੂਹਾਂ ਰਾਹੀਂ ਸਿੰਜਾਈ ਹੋ ਸਕਦੀ ਸੀ ਪਰ ਇਹ ਕੰਮ ਮੁਜਾਰੇ/ਕਿਸਾਨ ਦੇ ਵਸ ਦੀ ਗੱਲ ਨਹੀਂ ਸੀ ਕਿਉਂਕਿ ਉਸਦੀ ਵਾਫਰ ਕਿਰਤ ਤਾਂ ਜਾਗੀਰਦਾਰ ਲੈ ਜਾਂਦਾ ਸੀ ਤੇ ਜਾਗੀਰਦਾਰ ਦੀ ਇਹ ਕੋਈ ਦਿਲਚਸਪੀ ਨਹੀਂ ਸੀ , ਅੱਲਬਤਾ ਮੁਜਾਰੇ ਮੀਂਹਾਂ ਆਧਾਰਿਤ ਖੇਤੀ ਕਰਨ ਲਈ ਹੀ ਮਜ਼ਬੂਰ ਸਨ। ਮੁਲਕ ਦੇ ਕਈ ਸੂਬਿਆਂ ਅੰਦਰ ਅਜੇ ਵੀ ਪਾਣੀ ਖੁਣੋਂ ਖੇਤੀ ਦਾ ਇਹੋ ਹਾਲ ਹੈ। ਪੰਜਾਬ ਅੰਦਰ ਵੀ ਪੀਣ ਵਾਲੇ ਪਾਣੀ ਲਈ ਤਾਂ ਚਾਹੇ ਖੂਹਾਂ ਦੀ ਵਰਤੋਂ ਬਹੁਤ ਸਮੇਂ ਤੋਂ ਹੋ ਰਹੀ ਹੈ ਪਰ ਖੇਤਾਂ ਨੂੰ ਸਿੰਜਣ ਲਈ ਹਲਟਾਂ ਦੀ ਵਰਤੋਂ ਸੌ ਸਵਾ ਸੌ ਸਾਲ ਪਹਿਲਾਂ ਹੀ ਹੋਣ ਲੱਗੀ ਖਾਸ ਕਰ ਉਦੋਂ ਜਦੋਂ ਮੁਜਾਰੇ ਆਪ ਜ਼ਮੀਨਾਂ ਦੇ ਮਾਲਕ ਬਣੇ। ਮਰਹੂਮ ਲਾਲ ਚੰਦ ਯਮਲਾ ਜੱਟ ਦਾ ਲਿਖਿਆ ਤੇ ਗਾਇਆ ਗੀਤ ਉਸ ਵਕਤ ਦੇ ਹਾਲਾਤ ਦੀ ਬਿਆਨੀ ਕਰਦਾ ਹੈ।
" ਖੇਤਾਂ ਦਾ ਰਾਜਾ ਤੜਫਦਾ ਡਿੱਠਾ ਹਮੇਸ਼ਾ ਆਬ ਨੂੰ,
ਝੋਈਆਂ 'ਚੋਂ ਝੱਟੇ ਝੱਟ ਕੇ ਬੀਜਾਂਗਾ ਕੀ ਗੁਲਾਬ ਨੂੰ,
ਸੋਕੇ ਨੇ ਲੱਕ ਤੋੜਿਆ ਨਾ ਜਾਣ ਸਾਂਗਾਂ ਝੱਲੀਆਂ
ਆਉਣ ਕੂੰਜਾਂ ਦੇਣ ਬੱਚੇ ਨਦੀ ਨਾਂਵਣ ਚੱਲੀਆਂ "
ਇਸ ਸੋਕੇ ਮਾਰੀ ਹਾਲਤ, ਜੋ ਦੂਜੇ/ਚੌਥੇ ਸਾਲ ਬਣੀ ਹੀ ਰਹਿੰਦੀ ਸੀ ਉਸ ਸਮੇਂ , ਮੁਜਾਰਿਆਂ ਦੀ ਹਾਲਤ ਇਹ ਹੁੰਦੀ ਸੀ।
" ਚੀਣਾਂ ਸਵਾਂਕੀ ਸੁੱਕ ਗਏ
ਮੱਢਲ ਤੇ ਉਹ ਵੱਟ ਕੰਗਣਾ,
ਅੰਨ੍ਹ ਬਾਝੋਂ ਜਾਪਦਾ ਹੁਣ ਸਾਲ ਔਖਾ ਲੰਘਣਾ,
ਔੜ ਮੱਕੀ ਮਾਰ ਗਈ,
ਚੱਬਾਂਗੇ ਕਿੱਥੋਂ ਛੱਲੀਆਂ
ਆਉਣ ਕੂੰਜਾਂ....."
ਮੁਜਾਰੇ ਕਿਸਾਨ,ਜੋ ਅੱਜ ਦੇ ਮਾਲਕ ਕਿਸਾਨ ਹਨ (ਜਿਹਨਾਂ ਦੀ ਜਾਤੀ ਜੱਟ, ਕੰਬੋਜ ਜਾਂ ਹੋਰ ਵੀ ਹੋ ਸਕਦੀ ਹੈ) ਅੰਗਰੇਜ਼ਾਂ ਦੇ ਪੰਜਾਬ 'ਤੇ ਕਬਜ਼ੇ ਤੋਂ ਬਾਅਦ ਹੀ ਜ਼ਮੀਨਾਂ ਦੇ ਮਾਲਕ ਬਣੇ ਪਰ ਇਥੇ ਜਿਹੜੀ ਘਰੋੜ ਕੇ ਕਹਿਣ ਵਾਲੀ ਗੱਲ ਹੈ ਉਹ ਇਹ ਕਿ ਅੰਗਰੇਜ਼ਾਂ ਨੇ ਇਹਨਾਂ ਮੁਜਾਰਿਆਂ ਨੂੰ ਉਨ੍ਹਾਂ ਹੀ ਛੋਟੇ ਛੋਟੇ ਜ਼ਮੀਨੀ ਟੋਟਿਆਂ ਦੀ ਮਾਲਕੀ ਦਿੱਤੀ ਜਿਹਨਾਂ 'ਤੇ ਉਹ ਖੇਤੀ ਕਰਦੇ ਸਨ ਜਾਂ ਪੱਛਮੀ ਪੰਜਾਬ ਵਿੱਚ ਦਰਿਆਵਾਂ ਵਿਚਕਾਰਲੇ ਹਿੱਸੇ, ਜਿਹਨਾਂ ਨੂੰ ਬਾਰ (ਜੰਗਲ) ਦੇ ਇਲਾਕੇ ਕਹਿੰਦੇ ਸਨ, ਉਥੇ ਨਹਿਰੀ ਕਲੋਨੀਆਂ ਵਸਾਈਆਂ ਤੇ ਖਾਸਕਰ ਕੇਂਦਰੀ ਪੰਜਾਬ ਦੇ ਘੱਟ ਜ਼ਮੀਨਾਂ ਵਾਲੇ ਇਲਾਕਿਆਂ ਵਿੱਚੋਂ ਕਿਸਾਨਾਂ ਨੂੰ ਇੱਥੇ ਵਸਾਇਆ (ਇਸ ਪਿੱਛੇ ਅੰਗਰੇਜ਼ਾਂ ਦੇ ਆਪਣੇ ਵਪਾਰਕ ਹਿੱਤ ਸਨ) ਪਰ ਵੱਡੇ ਜ਼ਮੀਨੀ ਟੋਟੇ ਉਹਨਾਂ ਆਪਣੇ ਟੋਡੀਆਂ ਨੂੰ ਦਿੱਤੇ ਜਾਂ ਉਹਨਾਂ ਹੀ ਜਾਗੀਰਦਾਰਾਂ ਨੂੰ , ਜਿਹੜੇ ਪਹਿਲਾਂ ਹੀ ਵੱਡੀਆਂ ਜਗੀਰਾਂ ਦੇ ਮਾਲਕ ਸਨ, ਨਾਲ ਦੀ ਨਾਲ ਅੰਗਰੇਜ਼ਾਂ ਨੇ ਉਹਨਾਂ ਸਰਦਾਰਾਂ ਦੀਆਂ ਜ਼ਮੀਨਾਂ ਜ਼ਬਤ ਵੀ ਕੀਤੀਆਂ ਜਿਹਨਾਂ ਦੀ ਵਫ਼ਾਦਾਰੀ 'ਤੇ ਉਨ੍ਹਾਂ ਨੂੰ ਸ਼ੱਕ ਸੀ।
ਇਸੇ ਤਰ੍ਹਾਂ ਸਤਲੁਜ ਦਰਿਆ ਤੋਂ ਪਾਰਲਾ (ਮਾਲਵੇ ਦਾ ਖਿੱਤਾ) ਜਿਥੇ 1952 ਤੋਂ ਬਾਅਦ, ਮੁਜਾਰੇ ਮਾਲਕ ਬਣੇ, ਉੱਥੇ ਵੀ ਉਨ੍ਹਾਂ ਨੂੰ ਉਹੀ ਛੋਟੇ ਜ਼ਮੀਨੀ ਟੋਟੇ ਮਿਲੇ ਜਿਨ੍ਹਾਂ 'ਤੇ ਉਹ ਖੇਤੀ ਕਰਦੇ ਸਨ।
ਇਹ ਹਕੀਕਤ ਦਰਸਾਉਂਦੀ ਹੈ ਕਿ, ਪੁਰਾਣੇ ਜਾਗੀਰਦਾਰ ਅਤੇ ਅੰਗਰੇਜ਼ਾਂ ਦੇ ਵਫ਼ਾਦਾਰ ਨਵੇਂ ਜਾਗੀਰਦਾਰ ਅਤੇ ਅੰਗਰੇਜ਼ਾਂ ਦੇ ਟੋਡੀਆਂ ਕੋਲ ਹੀ ਵੱਡੀਆਂ ਜਾਗੀਰਾਂ ਹਨ।
ਨੈਸ਼ਨਲ ਸੈਂਪਲ ਸਰਵੇ (1980) ਦੀ ਰਿਪੋਰਟ ਵੀ ਇਹੋ ਕਹਿੰਦੀ ਹੈ ਕਿ ਵੱਡੇ ਤੇ ਦਰਮਿਆਨੇ ਜਾਗੀਰਦਾਰਾਂ ਕੋਲ (ਜਿਹਨਾਂ ਦੀ ਗਿਣਤੀ 25 ਫੀਸਦੀ ਹੈ )ਪਰ ਉਨ੍ਹਾਂ ਕੋਲ ਜ਼ਮੀਨ ਦੀ ਮਾਲਕੀ 75 ਫ਼ੀਸਦੀ ਹੈ , ਜਦਕਿ 75 ਫੀਸਦੀ ਕਿਸਾਨਾਂ ਕੋਲ 25 ਫੀਸਦ ਜ਼ਮੀਨਾਂ ਦੀ ਮਾਲਕੀ ਹੈ ।
ਇਸ ਕਰਕੇ ਬੇਜ਼ਮੀਨਿਆਂ ਦੇ ਹਿੱਸੇ ਦੀ ਜ਼ਮੀਨ ਨੂੰ ਤਾਂ 75 ਫ਼ੀਸਦੀ ਮਾਲਕੀ ਵਾਲੇ ਕਬਜ਼ਾਈ ਬੈਠੇ ਹਨ । ਇਸ ਕਰਕੇ ਜ਼ਮੀਨ ਦੀ ਪ੍ਰਾਪਤੀ ਲਈ ਸੰਘਰਸ਼ ਦੌਰਾਨ ਇਹਨਾਂ ਤੱਥਾਂ ਤੇ ਹਕੀਕਤਾਂ ਨੂੰ ਨਜ਼ਰਅੰਦਾਜ਼ ਕਰਨਾ ਸੰਘਰਸ਼ ਨੂੰ ਗ਼ਲਤ ਦਿਸ਼ਾ ਵੱਲ ਲੈ ਜਾਵੇਗਾ।
(ਲੰਮੀ ਲਿਖਤ 'ਚੋਂ ਸੰਖੇਪ)
No comments:
Post a Comment