Friday, November 10, 2023

ਫਲਸਤੀਨੀ ਲੋਕਾਂ ਖਿਲਾਫ਼ ਇਜ਼ਰਾਇਲੀ ਜੰਗ ਦਾ ਇੱਕ ਹੋਰ ਦੌਰ

 ਫਲਸਤੀਨੀ ਲੋਕਾਂ ਖਿਲਾਫ਼ ਇਜ਼ਰਾਇਲੀ ਜੰਗ ਦਾ ਇੱਕ ਹੋਰ ਦੌਰ


ਆਪਣੀ ਮਾਤ ਭੂਮੀ ਨੂੰ ਹਾਸਲ ਕਰਨ ਲਈ ਜੂਝ ਰਹੇ ਫਲਸਤੀਨੀ ਲੋਕ ਇੱਕ ਵਾਰ ਫਿਰ ਭਿਆਨਕ ਤੇ ਵੱਡੇ ਪੈਮਾਨੇ ਦੇ ਹਮਲੇ ਹੇਠ ਹਨ। ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਤੇ ਬੋਲੇ ਖੂੰਖਾਰ ਹਮਲੇ ਨੂੰ ਲਗਭਗ ਤਿੰਨ ਹਫਤੇ ਬੀਤ ਚੁੱਕੇ ਹਨ। 7 ਅਕਤੂਬਰ ਨੂੰ ਹਮਾਸ ਲੜਾਕੂਆਂ ਵੱਲੋਂ ਇਜ਼ਰਾਈਲ ਦੇ ਸਮੁੱਚੇ ਜਸੂਸੀ ਤੇ ਉੱਚ ਤਕਨੀਕ ਅਧਾਰਿਤ ਰੱਖਿਆ ਤਾਣੇ-ਬਾਣੇ ਨੂੰ ਜਬਰਦਸਤ ਚਕਮਾ ਦੇ ਕੇ ਕੀਤੇ ਹਮਲੇ ਨੇ, ਇਜ਼ਰਾਈਲੀ ਫਾਸ਼ੀ ਹਕੂਮਤ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ। ਇਜ਼ਰਾਈਲ ਦੀ ਸਖਤ ਸੁਰੱਖਿਆ ਘੇਰਾਬੰਦੀ ਤੋੜ ਕੇ, ਹਮਾਸ ਲੜਾਕੇ ਅੰਦਰ ਤੱਕ ਘੁਸੇ ਤੇ ਇਜ਼ਰਾਈਲੀ ਕਮਾਂਡਰਾਂ ਸਮੇਤ ਕਿੰਨੇ ਹੀ ਲੋਕਾਂ ਨੂੰ ਬੰਧਕ ਬਣਾ ਲਿਆ। ਹਮਾਸ ਲੜਾਕਿਆਂ ਦੀ ਇਸ ਕਾਰਵਾਈ ਨੇ ਇਜ਼ਰਾਈਲ ਦੀ ਖੂੰਖਾਰ ਫੌਜੀ ਤਾਕਤ ਨੂੰ ਇੱਕ ਵਾਰ ਬੇਵਸੀ ਦਾ ਅਹਿਸਾਸ ਕਰਵਾ ਦਿੱਤਾ ਤੇ ਫਲਸਤੀਨੀ ਲੋਕ ਟਾਕਰੇ ਦੇ ਜਿਉਂਦੇ ਹੋਣ ਦਾ ਮੁੜ ਤੋਂ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਖੂੰਖਾਰ ਇਜ਼ਰਾਈਲੀ ਰਾਜ ਨੇ ਹਮੇਸ਼ਾਂ ਵਾਂਗ ਗਾਜ਼ਾ ਪੱਟੀ ਦਾ ਮਲੀਆਮੇਟ ਕਰ ਦੇਣ ਦਾ ਐਲਾਨ ਕਰਦਿਆਂ ਅਜਿਹਾ ਹਮਲਾ ਵਿੱਢ ਦਿੱਤਾ ਹੈ ਜਿਹੜਾ ਹੁਣ ਤੱਕ ਦੇ ਸਭਨਾਂ ਹਮਲਿਆਂ ਤੋਂ ਭਿਆਨਕ ਕਿਹਾ ਜਾ ਰਿਹਾ ਹੈ। ਇਸ ਹਮਲੇ ਲਈ 3 ਲੱਖ 60 ਹਜ਼ਾਰ ਦੇ ਲਗਭਗ ਫੌਜ ਨੂੰ ਤਿਆਰ ਕੀਤਾ ਗਿਆ ਹੈ।। ਇਜ਼ਰਾਇਲੀ ਰਾਜ ਦੀ ਦਰਿੰਦਗੀ ਨੂੰ ਇੱਕ ਵਾਰ ਫਿਰ ਦੁਨੀਆਂ ਦੇਖ ਰਹੀ ਹੈ। ਰੋਜ਼-ਰੋਜ਼ ਇਜ਼ਰਾਈਲੀ ਬੰਬਾਂ ਨਾਲ ਮਰਦੇ ਫਲਸਤੀਨੀ ਬੱਚਿਆਂ, ਬਜ਼ਰੁਗਾਂ ਦੀਆਂ ਲਾਸ਼ਾਂ ਤੇ ਜਖ਼ਮੀਆਂ ਦੀਆਂ ਚੀਕਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਦੁਨੀਆਂ ਭਰ ’ਚ ਘੁੰਮ ਰਹੀਆਂ ਹਨ ਤੇ ਇਸ ਕਹਿਰ ਨਾਲ ਦੁਨੀਆਂ ਦੇ ਹਰ ਕੋਨੇ ’ਚ ਵਸਦੇ ਮਨੁੱਖੀ ਹਿਰਦੇ ਵਲੂੰਧਰੇ ਜਾ ਰਹੇ ਹਨ। ਇਜ਼ਰਾਈਲੀ ਰਾਜ ਵੱਲੋਂ ਗਾਜ਼ਾ ਪੱਟੀ ’ਚ ਦਾਖਲ ਹੋ ਕੇ ਹਮਲੇ ਕਰਨ ਦੇ ਕਦਮ ਲੈਣ ਤੋਂ ਪਹਿਲਾਂ ਬਹੁਤ ਹੀ ਭਿਆਨਕ ਬੰਬਾਰੀ ਕੀਤੀ ਗਈ ਹੈ। ਜਿਸ ਰਾਹੀਂ ਸੰਘਣੀ ਆਬਾਦੀ ਦੀਆਂ ਥਾਵਾਂ ਹਸਪਤਾਲਾਂ ਤੇ ਸ਼ਰਨਾਰਥੀ ਕੈਂਪਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਹੁਣ ਤੱਕ 10 ਹਜ਼ਾਰ ਦੇ ਕਰੀਬ ਲੋਕ ਮਾਰੇ ਜਾਣ ਦੀਆਂ ਰਿਪੋਰਟਾਂ ਹਨ ਜਿੰਨਾਂ ’ਚ 9 ਹਜ਼ਾਰ ਤੋਂ ਜ਼ਿਆਦਾ ਗਾਜ਼ਾ ਪੱਟੀ ਦੇ ਵਾਸੀ ਹਨ। ਹਮਾਸ ਅਨੁਸਾਰ ਮਰਨ ਵਾਲਿਆਂ ’ਚ 40 ਫੀਸਦੀ ਬੱਚੇ ਹਨ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ’ਚ ਪਾਣੀ, ਬਿਜਲੀ ਤੇ ਹੋਰ ਬੁਨਿਆਦੀ ਲੋੜਾਂ ਦੇ ਸਮਾਨ ਨੂੰ ਰੋਕ ਕੇ, ਲੱਖਾਂ ਲੋਕਾਂ ਨੂੰ ਘੋਰ ਸੰਕਟ ’ਚ ਧੱਕ ਦਿੱਤਾ ਹੈ। ਕੌਮਾਂਤਰੀ ਸਹਾਇਤਾ ਨੂੰ ਵੀ ਸੀਮਤ ਰੂਪ ’ਚ ਹੀ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਕੌਮਾਂਤਰੀ ਦਬਾਅ ਮਗਰੋਂ ਹੀ ਕੁੱਝ ਟਰੱਕ ਲੰਘਣ ਦੀ ਪ੍ਰਵਾਨਗੀ ਦਿੱਤੀ ਗਈ ਸੀ। ਇਜ਼ਰਾਈਲ ਦੀ ਫੌਜ ਵੱਲੋਂ ਚਿੱਟਾ ਫਾਸਫੋਰਸ ਨਾਂ ਦਾ ਜ਼ਹਿਰੀਲਾ ਪਦਾਰਥ ਹਮਲੇ ਲਈ ਵਰਤਣ ਦੀਆਂ ਖਬਰਾਂ ਵੀ ਹਨ। ਇਹ ਰਸਾਇਣ ਚਮੜੀ ਨੂੰ ਸਾੜ ਦੇਣ ਨਾਲ ਲੋਕਾਂ ਨੂੰ ਤਿੱਖੀ ਤਕਲੀਫ ਦਿੰਦਾ ਹੈ। ਇਜ਼ਰਾਈਲ ਵੱਲੋਂ ਇੱਕ ਵਾਰ ਫਿਰ ਗਾਜ਼ਾ ਪੱਟੀ ’ਤੇ ਮਣਾਂ-ਮੂੰਹੀ ਬਾਰੂਦ ਸੁੱਟਿਆ ਜਾ ਰਿਹਾ ਹੈ। ਜ਼ਮੀਨੀ ਹਮਲਾ ਸ਼ੁਰੂ ਕਰਨ ਤੋਂ ਪਹਿਲਾਂ ਇਜ਼ਰਾਈਲ ਵੱਲੋਂ ਗਾਜਾ ਪੱਟੀ ਦਾ ਦੱਖਣੀ ਪਾਸਾ ਖਾਲੀ ਕਰਕੇ ਲੋਕਾਂ ਨੂੰ ਉੱਤਰੀ ਪਾਸੇ ਜਾਣ ਲਈ ਕਿਹਾ ਜਾ ਰਿਹਾ ਸੀ ਜਦਕਿ ਮਗਰੋਂ ਉੱਤਰੀ ਪਾਸੇ ਵੀ ਉਵੇਂ ਹੀ ਬੰਬਾਰੀ ਕੀਤੀ ਗਈ ਹੈ। ਦੱਖਣੀ ਪਾਸਾ ਖਾਲੀ ਕਰਨ ਦੇ ਐਲਾਨਾ ਨੂੰ ਕੌਮਾਂਤਰੀ ਪ੍ਰੈਸ ਹਲਕਿਆਂ ’ਚ ਇਸ ਖੇਤਰ ’ਚ ਵੀ ਇਜਰਾਇਲੀ ਕਬਜ਼ੇ ਦੀਆਂ ਵਿਉਂਤਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। 14 ਲੱਖ ਤੋਂ ਉੱਪਰ ਲੋਕਾਂ ਨੂੰ ਆਪਣੇ ਘਰਾਂ  ਤੋਂ ਉਜੜਨਾ ਪਿਆ ਹੈ। 124 ਦੇਸ਼ਾਂ ਵੱਲੋਂ ਜੰਗਬੰਦੀ ਦੇ ਮਤੇ ਅਤੇ ਸ਼ਾਂਤੀ ਬਹਾਲੀ ਦੀ ਪੇਸ਼ਕਸ਼ ਦੇ ਬਾਵਜੂਦ ਇਜ਼ਰਾਇਲ ਨੇ ਇਸ ਖੂਨੀ ਹਮਲੇ ਨੂੰ ਰੋਕਣ ਤੋਂ ਨਾਂਹ ਕਰ ਦਿੱਤੀ ਹੈ। 10000 ਤੋਂ ਉੱਪਰ ਮੌਤਾਂ, 20000 ਤੋਂ ਵਧੇਰੇ ਜਖ਼ਮੀ, ਮਲਬੇ ਹੇਠ ਦੱਬੀਆਂ ਅਣਗਿਣਤ ਲਾਸ਼ਾਂ, ਬਿਜਲੀ, ਪਾਣੀ, ਦਵਾਈਆਂ ਤੇ ਭੋਜਨ ਤੋਂ ਬਗੈਰ ਤੜਪਦੀ ਲੋਕਾਈ, ਸੰਚਾਰ ਠੱਪ ਹੋਣ ਸਦਕਾ ਸਹਾਇਤਾ ਖੁਣੋਂ ਮਰਦੇ ਲੋਕ, ਤਹਿਸ-ਨਹਿਸ ਹੋਏ ਸ਼ਹਿਰ, ਇਸ ਤ੍ਰਾਸਦੀ ਦਾ ਸਮੁੱਚਾ ਬਿਆਨ ਨਹੀਂ  ਹੈ।

ਇਸ ਭਿਆਨਕ ਹਮਲੇ ਸਮੇਂ ਅਮਰੀਕੀ ਸਾਮਰਾਜੀਏ ਪੂਰੀ ਤਰ੍ਹਾਂ ਇਜ਼ਰਾਇਲੀ ਹਾਕਮਾਂ ਦੀ ਪਿੱਠ ’ਤੇ ਹਨ। ਬਾਇਡਨ ਸਮੇਤ ਅਮਰੀਕੀ ਮੰਤਰੀਆਂ ਨੇ ਇਜ਼ਰਾਈਲ ਪੁੱਜ ਕੇ, ਇਜ਼ਰਾਈਲੀ ਹਾਕਮਾਂ ਨੂੰ ਫਲਸਤੀਨੀ ਲੋਕਾਂ ਦੇ ਕਤਲੇਆਮ ਲਈ ਸਿੱਧੀ ਹੱਲਾਸ਼ੇਰੀ ਦਿੱਤੀ ਹੈ। ਹਰ ਤਰ੍ਹਾਂ ਦੀ ਫੌਜੀ ਤੇ ਆਰਥਿਕ ਸਹਾਇਤਾ ਦੇ ਐਲਾਨ ਕੀਤੇ ਹਨ। ਅਮਰੀਕਾ ਨੇ ਆਪਣੇ ਦੋ ਸਮੁੰਦਰੀ ਜੰਗੀ ਜਹਾਜ਼ ਇਜ਼ਰਾਈਲੀ ਸਮੁੰਦਰੀ ਖੇਤਰਾਂ ’ਚ ਭੇਜ ਦਿੱਤੇ ਹਨ। ਅਮਰੀਕੀ ਫੌਜੀ ਤੇ ਤਕਨੀਕੀ ਮਾਹਰ ਗਾਜ਼ਾ ਪੱਟੀ ’ਤੇ ਸਿੱਧੇ ਫੌਜੀ ਹਮਲੇ ਦੀ ਨਿਗਰਾਨੀ ਤੇ ਸਹਾਇਤਾ ਲਈ ਤਾਇਨਾਤ ਕੀਤੇ ਗਏ ਹਨ। ਅਮਰੀਕੀ ਰੱਖਿਆ ਮੰਤਰੀ ਅਸਟਿਨ ਰੋਜ਼ ਵਾਂਗ ਹਾਲਤ ਦਾ ਜਾਇਜ਼ਾ ਲੈ ਰਿਹਾ ਹੈ। ਬਾਇਡਨ ਤੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਰਬ ਖੇਤਰ ’ਚੋਂ ਇਜ਼ਰਾਈਲ ਲਈ ਹਮਾਇਤ ਜੁਟਾਉਣ ਖਾਤਰ ਭੱਜ ਦੌੜ ਕਰ ਰਹੇ ਹਨ। ਹਰ ਤਰ੍ਹਾਂ ਦੇ ਸਾਜੋ ਸਮਾਨ ਦੀ ਸਹਾਇਤਾ ਦੇ ਨਾਲ-ਨਾਲ ਅਮਰੀਕੀ ਫੌਜੀਆਂ ਨੂੰ ਵੀ ਤਿਆਰ ਰਹਿਣ ਦਾ ਸੱਦਾ ਦਿੱਤਾ ਗਿਆ ਹੈ। ਇਉਂ ਹੀ ਅਮਰੀਕੀ ਸਾਮਰਾਜੀ ਧੜੇ ਨਾਲ ਜੁੜੇ ਬਾਕੀ ਸਾਮਰਾਜੀ ਮੁਲਕਾਂ ਦੇ ਨੁਮਾਇੰਦੇ ਵੀ ਇਜ਼ਰਾਈਲ ਪੁੱਜ ਕੇ ਇਜ਼ਰਾਈਲੀ ਲੋਕਾਂ ਦੀ ਮੌਤ ’ਤੇ ਅੱਥਰੂ ਵਹਾ ਰਹੇ ਹਨ ਤੇ ‘ਸੰਕਟ ਦੀ ਘੜੀ’ ਇਜ਼ਰਾਈਲ ਨਾਲ ਖੜ੍ਹੇ ਹੋਣ ਦਾ ਐਲਾਨ ਕਰ ਰਹੇ ਹਨ। ਇੰਗਲੈਂਡ ਤੇ ਫਰਾਂਸ ਦੇ ਲੀਡਰਾਂ ਨੇ ਇਜ਼ਰਾਈਲ ਦੇ ਦੌਰੇ ਕੀਤੇ ਹਨ ਤੇ ਹਰ ਤਰ੍ਹਾਂ ਦੀ ਸਹਾਇਤਾ ਦੇ ਭਰੋਸੇ ਦਿੱਤੇ ਹਨ। ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਜੰਗ-ਬੰਦੀ ਤੇ ਸ਼ਾਂਤੀ ਕਾਇਮ ਕਰਨ ਦੇ ਮਤਿਆਂ ਨੂੰ ਵੀਟੋ ਕਰਕੇ ਇਜ਼ਰਾਇਲ ਨੂੰ ਹਮਲੇ ਜਾਰੀ ਰੱਖਣ ਦੀ ਢੋਈ ਦੇਣ ਦਾ ਯਤਨ ਕੀਤਾ ਹੈ ਤੇ ਦੁਨੀਆਂ ’ਚੋਂ ਦਹਿਸ਼ਤਗਰਦੀ ਦੇ ਖਾਤਮੇ ਦਾ ਪੁਰਾਣਾ ਰਾਗ ਅਲਾਪਿਆ ਹੈ। ਰੂਸ ਤੇ ਚੀਨ ਦੇ ਹਾਕਮਾਂ ਨੇ ਚਾਹੇ ਫਲਸਤੀਨ ਦੇ ਹਮਲਿਆਂ ਦੀ ਨਿੰਦਾ ਕੀਤੀ ਹੈ, ਪਰ ਉਹ ਵੀ ਚੋਣਵੀਂ ਬਿਆਨਬਾਜ਼ੀ ਕਰ ਰਹੇ ਹਨ। ਹਮਾਸ ਦੀ ਨਿੰਦਾ ਕਰਦਿਆਂ ਫਲਸਤੀਨੀ ਲੋਕਾਂ ਦੀਆਂ ਮੌਤਾਂ ਦੀ ਨਿੰਦਾ ਕਰ ਰਹੇ ਹਨ। ਉਹਨਾਂ ਦੀਆਂ ਆਪਣੀਆਂ ਸਾਮਰਾਜੀ/ਪਸਾਰਵਾਦੀ ਜ਼ਰੂਰਤਾਂ ਦੀਆਂ ਗਿਣਤੀਆਂ ਹਰਕਤਸ਼ੀਲ ਹਨ। ਹਮੇਸ਼ਾ ਵਾਂਗ ਹੀ ਸਾਮਰਾਜੀ ਤਾਕਤਾਂ ਇਸ ਮਸਲੇ ਨੂੰ ਆਪੋ ਆਪਣੇ ਹਿੱਤਾਂ ਅਨੁਸਾਰ ਸੰਬੋਧਿਤ ਹੋ ਰਹੀਆਂ ਹਨ। ਤਿੱਖੇ ਹੋ ਚੁੱਕੇ ਅੰਤਰ ਸਾਮਰਾਜੀ ਵਿਰੋਧਾਂ ਦਰਮਿਆਨ ਅਰਬ ਜਗਤ ’ਚ ਨਵੇਂ ਸਮੀਕਰਨ ਬਣ ਰਹੇ ਹਨ ਤੇ ਕੁੱਝ ਪੱਖਾਂ ਤੋਂ ਹੁਣ ਅਮਰੀਕਾ-ਇਜ਼ਰਾਈਲ ਖ਼ਿਲਾਫ਼ ਟਾਕਰੇ ਦੇ ਰਾਹ ਪਈਆਂ ਸ਼ਕਤੀਆਂ ਲਈ ਹਾਲਤ ’ਚ ਗੁੰਜਾਇਸ਼ਾਂ ਵਧੀਆਂ ਹਨ।

ਇਜ਼ਰਾਈਲ ਦੀ ਨੰਗੀ ਚਿੱਟੀ ਦਹਿਸ਼ਤਗਰਦੀ ਦੇ ਚੱਲਦਿਆਂ ਸਾਮਰਾਜੀਆਂ ਦੀ ਆਪਣੀ ਸੰਸਥਾ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਕਹਿਣਾ  ਪਿਆ ਹੈ ਕਿ ਹਮਾਸ ਦਾ ਹਮਲਾ ਕਿਸੇ ਖਲਾਅ ’ਚ ਨਹੀਂ ਹੋਇਆ, ਸਗੋਂ ਇਹ ਦਹਾਕਿਆਂ ਦੇ ਇਜ਼ਰਾਈਲੀ ਜ਼ੁਲਮਾਂ ਦਾ ਸਿੱਟਾ ਹੈ। ਉਸਨੇ ਹਮਾਸ ਦੇ ਹਮਲਿਆਂ ਦੀ ਨਿਖੇਧੀ ਕੀਤੀ ਤੇ ਨਾਲ ਹੀ ਕਿਹਾ ਕਿ ਇਸਦੀ ਸਜ਼ਾ ਫਲਸਤੀਨੀ ਲੋਕਾਂ ਨੂੰ ਨਹੀਂ ਦਿੱਤੀ ਜਾ ਸਕਦੀ। ਸੰਯੁਕਤ ਰਾਸ਼ਟਰ ਆਗੂ ਦੇ ਅਜਿਹੇ ਬਿਆਨ ’ਤੇ ਇਜ਼ਰਾਇਲੀ ਹਾਕਮ ਤੜਫ ਉੱਠੇ ਹਨ ਤੇ ਇਸਨੂੰ ਦਹਿਸ਼ਤਗਰਦੀ ਦੀ ਹਮਾਇਤ ਕਰਾਰ ਦੇ ਰਹੇ ਹਨ।  ਚਾਹੇ ਇਜ਼ਰਾਇਲੀ ਹਾਕਮਾ ਵੱਲੋਂ ਫਲਸਤੀਨੀ ਟਾਕਰੇ ਨੂੰ ਕੁਚਲ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ ਪਰ ਨਾਲ ਹੀ ਇਹ ਹਕੀਕਤ ਵੀ ਜ਼ਾਹਰ ਹੋ ਰਹੀ ਹੈ ਕਿ ਇਜ਼ਰਾਇਲੀ ਹਾਕਮ ਗਾਜ਼ਾ ਪੱਟੀ ਦੇ ਧੁਰ ਅੰਦਰ ਤੱਕ ਜਾ ਕੇ ਮਾਰ ਕਰਨ ਪੱਖੋਂ ਹਿਚਕਚਾਹਟ ਦਿਖਾ ਰਹੇ ਹਨ। ਇਸ ਹਿਚਕਾਹਟ ’ਚ ਜਿੱਥੇ ਇੱਕ ਪਾਸੇ ਫਲਸਤੀਨੀ ਟਾਕਰਾ ਸ਼ਕਤੀਆਂ ਦੀ ਸਮਰੱਥਾ ਤੇ ਲੋਕਾਂ ਦੇ ਰੋਹ ਦਾ ਦਖਲ ਹੈ ਉੱਥੇ ਸੰਸਾਰ ਭਰ’ਚ ਇਜ਼ਰਾਇਲ ਤੇ ਅਮਰੀਕੀ ਸਾਮਰਾਜੀਆਂ ਦੇ ਤਿੱਖੇ ਹੋਏ ਨਿਖੇੜੇ ਦਾ ਅੰਸ਼ ਵੀ ਸ਼ਾਮਲ ਹੈ।

ਇਜ਼ਰਾਇਲ ਤੇ ਅਮਰੀਕੀ ਹਾਕਮਾਂ ਦਾ ਇਹ ਜਾਬਰ ਵਿਹਾਰ ਦੁਨੀਆਂ ਭਰ ਦੇ ਮਿਹਨਤਕਸ਼ ਤੇ ਇਨਸਾਫਪਸੰਦ ਲੋਕਾਂ ’ਚ ਰੋਹ ਦੀਆਂ ਤਰੰਗਾਂ ਛੇੜ ਰਿਹਾ ਹੈ। ਇਜ਼ਰਾਇਲੀ ਹਮਲੇ ਖ਼ਿਲਾਫ਼ ਦੁਨੀਆਂ ਭਰ ’ਚ ਪ੍ਰਦਰਸ਼ਨ ਹੋ ਰਹੇ ਹਨ ਤੇ ਫਲਸਤੀਨੀ ਕਾਜ਼ ਦੀ ਹਮਾਇਤ ਹੋ ਰਹੀ ਹੈ। ਅਮਰੀਕਾ ਦੇ ਅੰਦਰੋਂ ਯਹੂਦੀ ਲੋਕਾਂ ਵੱਲੋਂ ਜੰਗ ਖ਼ਿਲਾਫ਼ ਪ੍ਰਦਰਸ਼ਨ ਹੋਇਆ ਤੇ ਇਜ਼ਰਾਈਲ ਨੂੰ ਹਮਲਾ ਬੰਦ ਕਰਨ ਲਈ ਕਿਹਾ ਹੈ। ਯੂਰਪ ਦੇ ਦੇਸ਼ਾਂ ’ਚ ਤੇ ਅਰਬ ਦੇਸ਼ਾਂ ’ਚ ਵੀ ਇਜ਼ਰਾਈਲ ਖ਼ਿਲਾਫ਼ ਤੇ ਫਲਸਤੀਨੀ ਲੋਕਾਂ ਦੇ ਹੱਕ ’ਚ ਵੱਡੇ ਮੁਜ਼ਾਹਰੇ ਹੋਏ ਹਨ। ਅਮਰੀਕੀ ਸਾਮਰਾਜੀਆਂ ਦੀਆਂ ਜੰਗਬਾਜ਼ ਨੀਤੀਆਂ ਦੀ ਘੋਰ ਨਿੰਦਾ ਹੋ ਰਹੀ ਹੈ। ਦੁਨੀਆਂ ਭਰ ’ਚ ਫਲਸਤੀਨੀ ਕੌਮੀ ਟਾਕਰਾ ਜਿੰਦਾਬਾਦ ਕਿਹਾ ਜਾ ਰਿਹਾ ਹੈ। ਅਮਰੀਕੀ ਸਾਮਰਾਜ ਖਿਲਾਫ ਦੁਨੀਆਂ ਭਰ ’ਚ  ਰੋਹ ਦੇ ਝਲਕਾਰੇ ਦਿਖ ਰਹੇ ਹਨ। 

ਇਜ਼ਰਾਈਲ ਵੱਲੋਂ ਧੱਕੇ ਨਾਲ ਫਲਸਤੀਨੀ ਕੌਮ ਨੂੰ ਉਜਾੜ ਕੇ ਕੀਤੀ ਸਥਾਪਨਾ ਦੇ 75-80 ਸਾਲਾਂ ਦੇ ਅਰਸੇ ’ਚ ਫਲਸਤੀਨੀ ਲੋਕਾਂ ਦੇ ਦੁੱਖਾਂ ਦੀ ਕਹਾਣੀ ਬਹੁਤ ਲੰਮੀ ਹੈ। ਫਲਸਤੀਨੀ ਲੋਕਾਂ ਦਾ ਸਿਦਕੀ ਟਾਕਰਾ ਮਿਸਾਲੀ ਹੈ, ਇਸ ਟਾਕਰੇ ਦੇ ਜਜ਼ਬੇ ਦੀਆਂ ਬੇਅੰਤ ਕਹਾਣੀਆਂ ਹਨ। ਪਿਛਲੇ 15 ਸਾਲਾਂ ’ਚ ਹੀ ਫਲਸਤੀਨੀ ਲੋਕਾਂ ਤੇ ਇਜ਼ਰਾਈਲ ਦਰਮਿਆਨ 5 ਜੰਗਾਂ ਲੜੀਆਂ ਗਈਆਂ ਹਨ। ਇਹ ਟੱਕਰ ਬਹੁਤ ਬੇਮੇਚੀ ਹੈ, ਇੱਕ ਪਾਸੇ ਦੁਨੀਆਂ ਭਰ ਦੀਆਂ ਉੱਚਤਮ ਫੌਜੀ ਤੇ ਜੰਗੀ ਸਮਾਨ/ਤਕਨੀਕ ਨਾਲ ਲੈਸ ਇਜ਼ਰਾਈਲੀ ਰਾਜ ਹੈ ਤੇ ਜਿਸਦੀ ਪਿੱਠ ’ਤੇ ਸੰਸਾਰ ਸਾਮਰਾਜੀ ਤਾਕਤਾਂ ਹਨ। ਦੂਜੇ ਪਾਸੇ ਗੁਰਬਤ ਦੇ ਝੰਬੇ ਤੇ ਵੱਡੀ ਜੇਲ੍ਹ ਵਰਗੀ ਕੈਦ ’ਚ ਰਹਿ ਰਹੇ ਲੋਕ ਹਨ ਜਿੰਨ੍ਹਾਂ ਕੋਲ ਆਪਣੀ ਧਰਤੀ ਦੀ ਰਾਖੀ ਲਈ ਜੂਝਣ ਦਾ ਜਜ਼ਬਾ ਹੈ। ਜਿੰਨ੍ਹਾਂ ਦੀ ਆਰਥਿਕਤਾ ਤੇ ਜੀਵਨ ਦੀਆਂ ਬੁਨਿਆਦੀ ਲੋੜਾਂ ਦਾ ਢਾਂਚਾ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਪਰ ਇਸ ਸਭ ਦੇ ਬਾਵਜੂਦ ਫਲਸਤੀਨੀ ਲੋਕਾਂ ਦੀ ਨਾਬਰੀ ਦੀ ਭਾਵਨਾ ਤੇ ਟਾਕਰੇ ਦੀ ਸ਼ਕਤੀ ਨੂੰ ਮੱਧਮ ਨਹੀਂ ਪਾਇਆ ਜਾ ਸਕਿਆ। ਫਲਸਤੀਨੀ ਲੋਕਾਂ ਦੀਆਂ ਟਾਕਰਾ ਸ਼ਕਤੀਆਂ ਕੁਚਲੀਆਂ ਨਹੀਂ ਜਾ ਸਕੀਆਂ। ਹਰ ਵਾਰ ਇਜ਼ਰਾਈਲ ਵੱਲੋਂ ਹਮਾਸ ਨੂੰ ਕੁਚਲ ਦੇਣ ਤੇ ਉਸਦੀ ਫੌਜੀ ਸਮਰੱਥਾ ਤਬਾਹ ਕਰ ਦੇਣ ਦੇ ਐਲਾਨ ਕਰਕੇ ਹਮਲਾ ਵਿੱਢਿਆ ਜਾਂਦਾ ਹੈ ਪਰ ਆਖਰ ਨੂੰ ਹਮਾਸ ਦੇ ਲੜਾਕੇ ਉਵੇਂ ਜਿਵੇਂ ਧੌਣ ਅਕੜਾਈ ਖੜ੍ਹੇ ਦਿਖਦੇ ਹਨ। ਇਸ ਵਾਰ ਵੀ ਇਜ਼ਰਾਈਲ ਅਜਿਹੇ ਹੀ ਐਲਾਨ ਕਰ ਰਿਹਾ ਹੈ ਪਰ ਫਲਸਤੀਨੀ ਲੋਕਾਂ ਦੀ ਨਾਬਰੀ ਨੂੰ ਦੁਨੀਆਂ ਫਿਰ ਦੇਖ ਰਹੀ ਹੈ ਜੋ ਜ਼ਾਲਮ ਵਿਹਾਰ ਇਜ਼ਰਾਈਲ ਤੇ ਅਮਰੀਕੀ ਸਾਮਰਾਜੀਏ ਜ਼ਾਹਰ ਕਰ ਰਹੇ ਹਨ, ਇਸਨੇ ਅਜੇ ਹੋਰ ਫਲਸਤੀਨੀ ਲੋਕਾਂ ਦੀਆਂ ਜ਼ਿੰਦਗੀਆਂ ਲੈਣੀਆਂ ਹਨ ਪਰ ਇਹ ਵੀ ਤੈਅ ਹੈ ਕਿ ਇਹ ਜਾਲਮ ਵਿਹਾਰ ਫਲਸਤੀਨੀ ਲੋਕਾਂ ਨੂੰ ਬੇਦਿਲੀ ’ਚ ਨਹੀਂ ਸੁੱਟ ਸਕਦਾ। ਆਪਣੀ ਮਾਤ ਭੂਮੀ ਲਈ ਜੂਝ ਰਹੇ ਫਲਸਤੀਨੀ ਲੋਕਾਂ ਦੀ ਸ਼ਾਨਾਮੱਤੀ ਕੌਮੀ ਜਦੋਜਹਿਦ ਨੂੰ ਕੁਚਲ ਨਹੀਂ ਸਕਦਾ।

ਇਹ ਦਿਨ ਦੁਨੀਆਂ ਭਰ ਦੇ ਜਮਹੂਰੀ ਲੋਕਾਂ ਵੱਲੋਂ ਪੂਰੀ ਦਿ੍ਰੜਤਾ ਨਾਲ ਅਮਰੀਕੀ ਸਾਮਰਾਜੀਆਂ ਤੇ ਇਜ਼ਰਾਈਲੀ ਰਾਜ ਖ਼ਿਲਾਫ਼ ਡਟਣ ਤੇ ਫਲਸਤੀਨੀ ਲੋਕਾਂ ਦੇ ਕੌਮੀ ਟਾਕਰੇ ਦੀ ਹਮਾਇਤ ਕਰਨ ਵਾਲੀ ਜ਼ੋਰਦਾਰ ਸਰਗਰਮੀ ਦੇ ਦਿਨ ਹਨ। ਇਸਨੂੰ ਕਿਸੇ ਧਾਰਮਿਕ ਟਕਰਾਅ ਵਜੋਂ ਪੇਸ਼ ਕਰਨ ਦੀਆਂ ਸਾਮਰਾਜੀ ਚਾਲਾਂ ਦਾ ਪਰਦਾਫਾਸ਼ ਕਰਦਿਆਂ ਫਲਸਤੀਨੀ ਕੌਮੀ ਟਾਕਰੇ ਦੀ ਸ਼ਾਨਾਮੱਤੀ ਭਾਵਨਾ ਨੂੰ ਬੁਲੰਦ ਕਰਨ ਦੇ ਦਿਨ ਹਨ। ਸੰਸਾਰ ਸਾਮਰਾਜਵਾਦ ਖ਼ਿਲਾਫ਼ ਦੁਨੀਆਂ ਭਰ ਦੇ ਲੋਕਾਂ ਦੀ ਜੱਦੋਜਹਿਦ ਦੀ ਸਾਂਝ ਨੂੰ ਉਭਾਰਨ ਦੀ ਸਰਗਰਮੀ ਦੇ ਦਿਨ ਹਨ। ਦੁਨੀਆਂ ਭਰ ’ਚੋਂ ਇਸ ਸਰਗਰਮੀ ਦੀ ਗੂੰਜ ਸੁਣਾਈ ਦੇ ਰਹੀ ਹੈ। ਦੁਨੀਆਂ ਭਰ ’ਚੋਂ ਫਲਸਤੀਨੀ ਕੌਮ ਦੀ ਮਾਤ ਭੂਮੀ ਦੇ ਹੱਕ ਦੀ ਹਮਾਇਤ ਵਿੱਚ, ਇਸ ਲਈ ਹੋ ਰਹੀ ਜਦੋਜਹਿਦ ਦੀ ਹਮਾਇਤ ਦੇ ਹੱਕ ਵਿੱਚ , ਇਜ਼ਰਾਈਲੀ ਰਾਜ ਦੇ ਮੌਜੂਦਾ ਹਮਲੇ ਦੇ ਖਿਲਾਫ ਤੇ ਜਾਬਰ ਇਜ਼ਰਾਈਲੀ ਰਾਜ ਦੀ ਫਾਸ਼ੀ ਜਾਬਰ ਨੀਤੀ ਖਿਲਾਫ ਅਤੇ ਅਮਰੀਕੀ ਸਾਮਰਾਜ ਦੀਆਂ ਲੋਕਾਂ ਖਿਲਾਫ ਜੰਗੀ ਨੀਤੀਆਂ ਖਿਲਾਫ ਆਵਾਜ਼ ਉੱਠ ਰਹੀ ਹੈ।

                     ---0---

   

No comments:

Post a Comment