Friday, November 10, 2023

ਵਿਦਿਆਰਥੀ ਮਨਾਂ ’ਚ ਜਗਦੀ ਮੋਗਾ ਘੋਲ ਦੇ ਸ਼ਹੀਦਾਂ ਦੀ ਯਾਦ

 ਵਿਦਿਆਰਥੀ ਮਨਾਂ ’ਚ ਜਗਦੀ ਮੋਗਾ ਘੋਲ ਦੇ ਸ਼ਹੀਦਾਂ ਦੀ ਯਾਦ

5 ਅਕਤੂਬਰ 1972 ਨੂੰ ਰੀਗਲ ਸਿਨੇਮਾ ਮਾਲਕਾਂ ਦੀ ਗੁੰਡਾਗਰਦੀ ਦੇ ਖਿਲਾਫ਼ ਮੋਗਾ ਵਿਖੇ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ’ਤੇ ਪੁਲਿਸ ਫਾਇਰਿੰਗ ਕੀਤੀ ਗਈ ਜਿਸਦੇ ਵਿੱਚ ਦੋ ਵਿਦਿਆਰਥੀ ਸਵਰਨ ਤੇ ਹਰਜੀਤ ਸਮੇਤ ਇੱਕ ਰਿਕਸ਼ਾ ਚਾਲਕ ਤੇ ਇੱਕ ਸਵਰਨੋ ਨਾਂ ਦੀ ਕੁੜੀ ਸ਼ਹੀਦ ਹੋ ਗਈ ਸੀ, ਇਸਨੂੰ ਮੋਗਾ ਗੋਲ਼ੀ ਕਾਂਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਘਟਨਾ ਨੂੰ ਪੰਜਾਬ ਦੀ ਇਨਕਲਾਬੀ ਨੌਜਵਾਨ ਵਿਦਿਆਰਥੀ ਲਹਿਰ ਦੇ ਇਤਿਹਾਸ ਦੀ ਮਹਾਨ ਘਟਨਾ ਮੰਨਿਆ ਗਿਆ ਹੈ ਇਸ ਕਰਕੇ ਇਸਨੂੰ ਮਹਾਨ ਮੋਗਾ ਘੋਲ਼ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਜਿਸ ਸਮੇਂ ਪੰਜਾਬ ’ਚ ਇਹ ਘਟਨਾ ਵਾਪਰੀ ਉਸ ਸਮੇਂ ਮੁਲਕ ਦੇ ਸਮਾਜਿਕ ਸਿਆਸੀ ਦਿ੍ਰਸ਼ ’ਤੇ ਭਿਆਨਕ ਸੰਨਾਟਾ ਛਾਇਆ ਹੋਇਆ ਸੀ ਕਿਉਂਕਿ 1967 ਦੇ ਵਿੱਚ ਪੱਛਮੀ ਬੰਗਾਲ ਦੇ ਨਕਸਲਬਾੜੀ ਇਲਾਕੇ ’ਚੋਂ ਉੱਠੀ ਕਿਸਾਨ ਬਗ਼ਾਵਤ ਨੇ ਮੁਲਕ ਦੀ ਜਵਾਨੀ ਨੂੰ ਇਨਕਲਾਬੀ ਝੰਜੋੜਾ ਦਿੱਤਾ ਸੀ ਤੇ ਇਨਕਲਾਬੀ ਆਦਰਸ਼ਾਂ ਨੂੰ ਪ੍ਰਣਾਏ ਨੌਜਵਾਨ ਭਗਤ ਸਿੰਘ ਦੇ ਸੁਪਨਿਆਂ ਵਾਲਾ ਰਾਜ ਤੇ ਸਮਾਜ ਬਣਾਉਣ ਲਈ ਇਸ ਲਹਿਰ ’ਚ ਕੁੱਦ ਪਏ ਸਨ। ਹਕੂਮਤਾਂ ਨੂੰ ਇਸ ਲਹਿਰ ਦਾ ਫੈਲਣਾ ਤੇ ਨੌਜਵਾਨਾਂ ਦਾ ਭਗਤ ਸਿੰਘ ਦੇ ਰਾਹ ’ਤੇ ਤੁਰਨਾ ਕਿੱਥੇ ਰਾਸ ਆਉਣਾ ਸੀ। ਉਸ ਸਮੇਂ ਕੇਂਦਰੀ ਸੱਤਾ ’ਤੇ ਕਾਬਜ਼ ਕਾਂਗਰਸ ਸਰਕਾਰ ਨੇ ਪੁਲਿਸ ਦੇ ਪਟੇ ਖੋਲ੍ਹ ਦਿੱਤੇ, ਪੁਲਿਸ ਮੁਲਾਜ਼ਮਾਂ ਨੂੰ ਖੁਦ ਹੀ ਜੱਜ ਤੇ ਜਲਾਦ ਬਣਨ ਦੇ ਅਖਤਿਆਰ ਦੇ ਦਿੱਤੇ ਗਏ ਤੇ ਫਿਰ 1967 ਤੋਂ 1970 ਤੱਕ ਇਨਕਲਾਬੀ ਨੌਜਵਾਨਾਂ ਦੇ ਚੁਣ ਚੁਣ ਕੇ ਪੁਲਿਸ ਮੁਕਾਬਲੇ ਬਣਾਏ ਗਏ, ਸਭ ਜਮਹੂਰੀ ਆਵਾਜ਼ਾਂ ਕੁਚਲ ਦਿੱਤੀਆਂ ਗਈਆਂ। ਲੋਕਾਂ ਨੂੰ ਜਥੇਬੰਦ ਕਰਨਾ, ਇਨਕਲਾਬ ਦੀ ਗੱਲ ਕਰਨਾ, ਦਹਿਸ਼ਤਗਰਦ ਕਾਰਵਾਈ ਬਣ ਗਿਆ। ਅਜਿਹੇ ਮਹੌਲ ’ਚ ਮੋਗਾ ਗੋਲ਼ੀ ਕਾਂਡ ਵਾਪਰਿਆ। ਮੋਗਾ ਘੋਲ਼ ਨੇ ਪੰਜਾਬ ਦੇ ਲੋਕਾਂ ਦੇ ਮਨਾਂ ’ਚ ਪੁਲਸੀਆ ਜ਼ਬਰ ਦੇ ਖਿਲਾਫ਼ ਮੌਜੂਦ ਰੋਹ ਨੂੰ ਸਹੀ ਦਿਸ਼ਾ ਦਿੱਤੀ। ਮੋਗਾ ਘੋਲ਼ ਤੋਂ ਬਾਅਦ ਲੋਕਾਂ ਵੱਲੋਂ ਥਾਂ ਥਾਂ ਇਕੱਠੇ ਹੋ ਕੇ ਸਰਕਾਰੀ ਜਬਰ ਦਾ ਜਵਾਬ ਦਿੱਤਾ ਜਾਣ ਲੱਗਿਆ। ਲੋਕਾਂ ਨੇ ਆਪਣੇ ਹੱਕਾਂ ਲਈ ਸੰਘਰਸ਼ਾਂ ਦੇ ਅਖਾੜੇ ਮੱਲ ਲਏ। ਮੋਗਾ ਸੰਗਰਾਮ ’ਚੋਂ ਜਵਾਨ ਹੋ ਕੇ ਨਿੱਕਲੀਆਂ ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਲੋਕਾਂ ਦੀਆਂ ਹਰਮਨ ਪਿਆਰੀਆਂ ਜਥੇਬੰਦੀਆਂ ਬਣ ਗਈਆਂ।

ਇਸ ਵਾਰ ਪੰਜਾਬ ਦੇ ਵਿਦਿਆਰਥੀਆਂ, ਨੌਜਵਾਨਾਂ ਵੱਲੋਂ ਵੱਖ ਵੱਖ ਢੰਗਾਂ ਨਾਲ ਮੋਗਾ ਘੋਲ਼ ਦੀ 51ਵੀਂ ਵਰੇ੍ਹ ਗੰਢ ਮਨਾਈ ਗਈ। ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਵੱਲੋਂ ਮੋਗਾ ਗੋਲ਼ੀ ਕਾਂਡ ਨੂੰ ਸਮਰਪਿਤ ਦੋ ਕਾਰਕੁਨ ਇਕੱਤਰਤਾਵਾਂ ਕੀਤੀਆਂ ਗਈਆਂ। ਇਹ ਇਕੱਤਰਤਾਵਾਂ ਮੂਨਕ ਤੇ ਬਠਿੰਡਾ ਟੀਚਰਜ਼ ਹੋਮ ਵਿਖੇ ਹੋਈਆਂ। ਇਨ੍ਹਾਂ ਦੇ ਵਿੱਚ ਵੱਖ ਵੱਖ ਕਾਲਜਾਂ ਦੇ ਵਿਦਿਆਰਥੀ ਕਾਰਕੁਨ ਸ਼ਾਮਲ ਹੋਏ।

 ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ ਯਾਦ ’ਚ ਰੀਗਲ ਸਿਨੇਮਾ ਮੋਗਾ ਵਿਖੇ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿੱਚ ਮੋਗਾ ਤੇ ਇਸਦੇ ਨਾਲ ਲੱਗਦੇ ਜ਼ਿਲ੍ਹਿਆਂ ਤੋਂ ਵਿਦਿਆਰਥੀ ਪਹੁੰਚੇ। ਪਹਿਲਾਂ ਸ਼ਹੀਦੀ ਯਾਦਗਾਰ ’ਤੇ ਇਕੱਠੇ ਹੋ ਕੇ ਵਿਦਿਆਰਥੀ ਆਗੂਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਝੰਡਾ ਲਹਿਰਾਇਆ ਗਿਆ ਤੇ ਮੋਗਾ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਗਰਜਵੇਂ ਨਾਅਰਿਆਂ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ।

ਇਸ ਤੋਂ ਬਾਅਦ ਸ਼ਹੀਦੀ ਯਾਦਗਾਰ ’ਤੇ ਰੈਲੀ ਕੀਤੀ ਗਈ ਜਿਸਨੂੰ ਪੀ ਐੱਸ ਯੂ ਦੇ ਵੱਖ ਵੱਖ ਵਿਦਿਆਰਥੀ ਆਗੂਆਂ ਤੇ ਇਸ ਮੌਕੇ ਇਕੱਤਰਤਾ ’ਚ ਸ਼ਾਮਲ ਹੋਣ ਲਈ ਪਹੁੰਚੇ ਨੌਜਵਾਨ ਭਾਰਤ ਸਭਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਭਾਸ਼ਣਾਂ ਰਾਹੀਂ ਮੋਗਾ ਗੋਲੀ ਕਾਂਡ ’ਚੋਂ ਜਵਾਨ ਹੋ ਕੇ ਪੰਜਾਬ ਭਰ ’ਚ ਫੈਲੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਸ਼ਾਨਾਮੱਤਾ ਇਤਿਹਾਸ ਬਾਰੇ ਚਰਚਾ ਕਰਦਿਆਂ ਇਸ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਜਥੇਬੰਦ ਹੋਣ ਤੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ।

ਇਸ ਮੌਕੇ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੋਗਾ ਗੋਲ਼ੀ ਕਾਂਡ ਦੇ ਸ਼ਹੀਦਾਂ ਦੀ ਯਾਦਗਾਰ ਨੂੰ ਵਿਰਾਸਤੀ ਰੁਤਬਾ ਦੇ ਕੇ ਇਸਦੀ ਸਾਂਭ ਸੰਭਾਲ ਕੀਤੀ ਜਾਵੇ ਤੇ ਫਿਰੋਜ਼ਪੁਰ ਵਿਖੇ ਤੂੜੀ ਬਜ਼ਾਰ ’ਚ ਸਥਿਤ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਵਿਰਾਸਤੀ ਸਥਾਨ ਨੂੰ ਵੀ ਸਾਂਭਿਆ ਜਾਵੇ।  

No comments:

Post a Comment