Friday, November 10, 2023

ਵਿਗਿਆਨ ਨੂੰ ਮਿਥਿਹਾਸ ਦੀ ਪੁੱਠ ਚਾੜ੍ਹਦੀ ਮੋਦੀ ਸਰਕਾਰ

ਵਿਗਿਆਨ ਨੂੰ ਮਿਥਿਹਾਸ ਦੀ ਪੁੱਠ ਚਾੜ੍ਹਦੀ ਮੋਦੀ ਸਰਕਾਰ         

            ਸਿੱਖਿਆ ਤੇ ਖੋਜ ਕੌਮੀ ਕੌਂਸਲ (ਐਨ. ਸੀ. ਈ.ਆਰ. ਟੀ.) ਵੱਲੋਂ ਚੰਦਰਯਾਨ 3 ਬਾਰੇ ਸਕੂਲੀ ਵਿਦਿਆਰਥੀਆਂ ਲਈ ਸੁਝਾਈ ਗਈ ਪੜ੍ਹਨ ਸਮੱਗਰੀ ਨੇ ‘ਵਿਗਿਆਨ ਦੇ ਮਿਥਿਹਾਸ’ ਨਾਲ ਮਿਲਗੋਭਾ ਕਰਨ ਕਾਰਨ ਤਰਕਸ਼ੀਲ ਤੇ ਸਿੱਖਿਆ ਮਾਹਿਰਾਂ ਦੇ ਮਨਾਂ ਵਿੱਚ ਰੋਸ ਜਗਿਆ ਹੈ।           

              ਉਹ ਇਸ ਗੱਲੋਂ ਵੀ ਖਫ਼ਾ ਹਨ ਕਿ ਇਸ ਸਮੱਗਰੀ ਵਿੱਚ ਭਾਰਤੀ ਪੁਲਾੜ ਸੰਸਥਾ (ਇਸਰੋ) ਅਤੇ ਵਿਗਿਆਨੀਆਂ ਦੇ ਯੋਗਦਾਨ ਦੇ ਮੁਕਾਬਲੇ ਪ੍ਰਧਾਨ ਮੰਤਰੀ ਮੋਦੀ ਦਾ ਜ਼ਿਆਦਾ ਮਹਿਮਾਗਾਨ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਵੀ ਹੈ ਕਿ 17 ਸਫਿਆਂ ਦੀ ਇਸ ਲਿਖਤ ਵਿਚ ਹਰ ਥਾਂ ਇੰਡੀਆ ਦੀ ਜਗ੍ਹਾ ਭਾਰਤ ਸ਼ਬਦ ਵਰਤਿਆ ਗਿਆ ਹੈ।   

ਮਸਲਾ ਕੀ ਹੈ?   

        

  ਐਨ.ਆਰ. ਈ. ਆਰ.ਟੀ. ਵੱਲੋਂ ਚੰਦਰਯਾਨ 3 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਕੂਲੀ ਬੱਚਿਆਂ ਲਈ ਇੱਕ ਛੋਟੀ ਲਿਖਤ ਜਾਰੀ ਕੀਤੀ ਗਈ ਹੈ ਜਿਸ ਨੂੰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੱਲੋਂ 17 ਅਕਤੂਬਰ ਨੂੰ ਇਸਰੋ ਦੇ ਚੇਅਰਮੈਨ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ ਹੈ। ਇਸ ਸਮੱਗਰੀ ਦੀ ਭੂਮਿਕਾ ਵਿੱਚ ਐਨ.ਸੀ.ਈ.ਆਰ.ਟੀ. ਨੇ ਪ੍ਰਧਾਨ ਮੰਤਰੀ ਦੀ ਉਸ ਟਿੱਪਣੀ ਨੂੰ ਵਾਰ ਵਾਰ ਧੁਮਾਇਆ ਹੈ, ਜਿੱਥੇ ਉਸਨੇ ਕਿਹਾ ਸੀ ਕਿ “ਕੀ ਵਿਗਿਆਨਿਕ ਪ੍ਰਾਪਤੀਆਂ ਸਿਰਫ਼ ਹੁਣੇ ਵਾਪਰ ਰਹੀਆਂ ਹਨ? ਕੀ ਇਹ ਭੂਤਕਾਲ ਵਿੱਚ ਵੀ ਵਾਪਰੀਆਂ ਸਨ? ਕੀ ਲੋਕਾਂ ਨੂੰ ਭੂਤਕਾਲ ਬਾਰੇ ਨਹੀਂ ਸੋਚਣਾ ਚਾਹੀਦਾ?’’ ਉਸ ਨੇ ਅੱਗੇ ਵਿਆਖਿਆ ਕੀਤੀ “ਸਾਹਿਤ ਸਾਨੂੰ ਦੱਸਦਾ ਹੈ ਕਿ ਵਿਗਿਆਨ ਦੀਆਂ ਜੜ੍ਹਾਂ ਵਿਮਾਨਾ ਸ਼ਾਸਤਰ ਵਰਗੇ ਗ੍ਰੰਥਾਂ ਰਾਹੀਂ ਸਾਡੇ ਭੂਤਕਾਲ ਵਿੱਚ ਖੋਜੀਆਂ ਜਾ ਸਕਦੀਆਂ ਹਨ। ਹਵਾਬਾਜ਼ੀ ਦਾ ਇਹ ਵਿਗਿਆਨਕ ਗ੍ਰੰਥ ਦੱਸਦਾ ਹੈ ਕਿ ਸਾਡੇ ਦੇਸ਼ ਵਿੱਚ ਉੱਡਣ ਵਾਲੇ ਵਾਹਨਾਂ ਦੀ ਬਹੁਤ ਪਹਿਲਾਂ ਜਾਣਕਾਰੀ ਮੌਜੂਦ ਸੀ। ( ਇਸ ਕਿਤਾਬ ਵਿੱਚ ਮਸ਼ੀਨੀ ਇੰਜਣਾਂ ਦੇ ਬਣਾਉਣ ਅਤੇ ਕੰਮ ਕਰਨ ਅਤੇ ਦਿਸ਼ਾ ਸੂਚਕ ਯੰਤਰਾਂ ਬਾਰੇ ਦਿਮਾਗ਼ ਨੂੰ ਚਕਰਾਉਣ ਵਾਲੀ ਜਾਣਕਾਰੀ ਮੌਜੂਦ ਹੈ)         

         ਇਹ ਪੜ੍ਹਨ ਸਮੱਗਰੀ ਅੱਗੇ ਇਸ ਮਿਥਿਹਾਸਕ ਕਹਾਣੀ ਦਾ ਜ਼ਿਕਰ ਕਰਦੀ ਹੈ ਕਿ “ਸਾਡੇ ਵੇਦਾਂ ਜਿਹੜੇ ਕਿ ਸਭ ਤੋਂ ਪੁਰਾਤਨ ਭਾਰਤੀ ਗ੍ਰੰਥ ਹਨ ਉਹਨਾਂ ਵਿੱਚ ਬਹੁਤ ਸਾਰੇ ਦੇਵਤਿਆਂ ਦੇ ਪਹੀਆਂ ਵਾਲੇ ਰਥਾਂ ਦਾ ਜ਼ਿਕਰ ਹੈ, ਜਿੰਨ੍ਹਾਂ ਨੂੰ ਜਾਨਵਰ ਚਲਾਉਂਦੇ ਸਨ ਪਰ ਜਿਹੜੇ ਉੱਡ ਵੀ ਸਕਦੇ ਸਨ।’’ ਸਿੱਖਿਆ ਸ਼ਾਸਤਰੀਆਂ ਤੇ ਵਿਦਿਆਰਥੀ ਜਥੇਬੰਦੀਆਂ ਨੇ ਇਸ ਪੜ੍ਹਨ ਸਮੱਗਰੀ ਦੀ ਆਲੋਚਨਾ ਕੀਤੀ ਹੈ ਤੇ ਕਿਹਾ ਹੈ ਕਿ ਕੇਂਦਰ ਸਰਕਾਰ  ਸਕੂਲੀ ਵਿਦਿਆਰਥੀਆਂ ਵਿੱਚ ਵਿਗਿਆਨਿਕ ਸੋਝੀ ਪੈਦਾ ਕਰਨ ਦੀ ਬਜਾਏ  ਐਨ. ਸੀ. ਈ. ਆਰ. ਟੀ. ਰਾਹੀਂ ਆਪਣੀ “ਭਗਵਾਂ ਵਿਚਾਰਧਾਰਾ’’ ਨੂੰ “ਮਿਥਿਹਾਸ ਅਤੇ ਵਿਗਿਆਨ’’ ਦੇ ਮਿਲਗੋਭੇ ਰਾਹੀਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।         

          “ਦਾ ਹਿੰਦੂ’’ ਨਾਲ ਗੱਲ ਕਰਦਿਆਂ ਸਿੱਖਿਆ ਵਿਕਾਸ ਸਾਸ਼ਤਰੀ ਨਿਰੰਜਨਰਾਧਿਆ ਵੀ. ਪੀ. ਨੇ ਕਿਹਾ ਕਿ “ਇਸ ਪੜ੍ਹਨ ਸਮੱਗਰੀ ਵਿੱਚ ਪ੍ਰਧਾਨ ਮੰਤਰੀ ਵੱਲੋਂ ਅੱਜ ਦੀਆਂ ਵਿਗਿਆਨਿਕ ਪ੍ਰਾਪਤੀਆਂ ਨੂੰ ਵੇਦਾਂ ਅਤੇ ਵਿਮਾਨਾ ਸ਼ਾਸਤਰ ਦਾ ਸਿੱਟਾ ਕਿਹਾ ਗਿਆ ਹੈ। ਜੇ ਸੱਚਮੁੱਚ ਹੀ ਵੇਦਾਂ ਅਤੇ ਭਾਰਤੀ ਮਿਥਿਹਾਸ ਵਿੱਚ ਵਿਗਿਆਨਕ ਆਧਾਰ ’ਤੇ ਤਕਨਾਲੋਜੀ ਪੁਰਾਤਨ ਸਮਿਆਂ ’ਚ ਹੀ ਮੌਜੂਦ ਸੀ ਤਾਂ ਕਿਉਂ ਨਹੀਂ ਅਸੀਂ ਵਿਮਾਣਾ ਸ਼ਾਸਤਰ ਵਿੱਚ ਦਰਸਾਈ ਪੁਰਾਤਨ ਗਿਆਨ ਦੇ ਆਧਾਰ ’ਤੇ ਹੀ ਪੁਲਾੜ ਵਾਹਨ ਬਣਾਉਂਦੇ?   ਸਾਨੂੰ ਭਵਿੱਖ ਵੱਲ ਦੇਖਣ ਦੀ ਲੋੜ ਹੈ ਅਤੇ ਤਰਕਸ਼ੀਲ ਤੇ ਵਿਗਿਆਨਿਕ ਸੋਝੀ ਤੇ ਆਲੋਚਨਾਤਮਕ ਸਮਝ ਵਿਕਸਿਤ ਕਰਨ ਦੀ ਲੋੜ ਹੈ।’’            

           ਕਰਨਾਟਕਾ ਦੀ ਵਿਦਿਆਰਥੀ ਜਥੇਬੰਦੀ ਏ.ਆਈ.ਡੀ.ਐਸ.ਓ. ਦੇ ਜਨਰਲ ਸਕੱਤਰ ਅਜੇ ਕਾਮਤ ਨੇ ਕਿਹਾ,“ਇਸ ਤਰ੍ਹਾਂ ਦੇ ਗੈਰ ਵਿਗਿਆਨਿਕ ਤਰਕ ਅਸਲ ਵਿੱਚ ਸਾਡੇ ਦੇਸ਼ ਵਿੱਚ ਚੱਲ ਰਹੇ ਵਿਗਿਆਨਿਕ ਅਧਿਐਨ ਦੀ ਤਬਾਹੀ ਹਨ। ਇਹ ਵਿਦਿਆਰਥੀਆਂ ਦੀ ਵਿਗਿਆਨਿਕ ਭਾਵਨਾ ਤੇ ਤਰਕਸ਼ੀਲ ਸੋਚਣੀ ਨੂੰ ਤਬਾਹ ਕਰਦੀ ਹੈ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਐਨ. ਸੀ. ਈ.  ਆਰ. ਟੀ. ਨੂੰ ਇਹ ਪੜ੍ਹਨ ਸਮੱਗਰੀ ਵਾਪਸ ਲੈਣੀ ਚਾਹੀਦੀ ਹੈ।’

 (“ਦਾ ਹਿੰਦੂ’’ ਦੀ ਖ਼ਬਰ ਦਾ ਅਨੁਵਾਦ)         

No comments:

Post a Comment