Friday, November 10, 2023

ਵਿਦਿਆਰਥੀ ਖੁਦਕੁਸ਼ੀਆਂ: ਸਿੱਖਿਆ ਪ੍ਰਬੰਧ ਵੱਲੋਂ ਕੀਤੇ ਜਾ ਰਹੇ ਕਤਲ

        ਵਿਦਿਆਰਥੀ ਖੁਦਕੁਸ਼ੀਆਂ: ਸਿੱਖਿਆ ਪ੍ਰਬੰਧ ਵੱਲੋਂ ਕੀਤੇ ਜਾ ਰਹੇ ਕਤਲ

    ਬੀਤੇ 14 ਅਕਤੂਬਰ ਨੂੰ ਪੰਜਾਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਨੇ ਆਪਣੇ ਹੋਸਟਲ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਹ ਵਿਦਿਆਰਥੀ ਐਮ.ਟੈਕ. ਕਰਨ ਉਪਰੰਤ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਤੇ ਨਾਲ ਹੀ ਪੀ.ਸੀ.ਐਸ. ਦੇ ਇਮਤਿਹਾਨ ਦੀ ਤਿਆਰੀ ਵੀ ਕਰ ਰਿਹਾ ਸੀ। ਪੀ.ਸੀ.ਐਸ. ਦੀ ਪ੍ਰੀਖਿਆ ਵਿੱਚੋਂ ਕਈ ਵਾਰ ਅਸਫ਼ਲ ਹੋਣ ਕਾਰਨ ਉਸ ਨੇ ਇਹ ਕਦਮ ਚੁੱਕਿਆ। ਖੁਦਕੁਸ਼ੀ ਕਰਨ ਤੋਂ ਪਹਿਲਾਂ ਉਸਨੇ ਆਪਣੇ ਮਾਪਿਆਂ ਨੂੰ ਫੋਨ ਕਰਕੇ ਆਪਣੇ ਫਾਹਾ ਲੈਣ ਦੀ ਜਾਣਕਾਰੀ ਦਿੱਤੀ ਤੇ ਨਾਲ ਹੀ ਖੁਦਕੁਸ਼ੀ ਨੋਟ ਵੀ ਛੱਡਿਆ ਜਿਹਦੇ ਵਿੱਚ ਉਸਨੇ ਕਿਹਾ ਕਿ ਉਹ ਹੁਣ ਹੋਰ ਯਤਨ ਨਹੀਂ ਕਰ ਸਕਦਾ। ਵਿਦਿਆਰਥੀ ਖੁਦਕੁਸ਼ੀ ਦੀ ਇਹ ਦਿਲ ਕੰਬਾਊ ਘਟਨਾ ਕੋਈ ਕੱਲੀ ਕਹਿਰੀ ਘਟਨਾ ਨਹੀਂ ਹੈ, ਸਗੋਂ ਸਾਡੇ ਮੁਲਕ ਅੰਦਰ ਹਰ ਸਾਲ 13089 ਵਿਦਿਆਰਥੀ ਖੁਦਕੁਸ਼ੀ ਕਰਦੇ ਹਨ ਜਿਸ ਦੀ ਔਸਤ 37 ਵਿਦਿਆਰਥੀ ਪ੍ਰਤੀ ਦਿਨ ਬਣਦੀ ਹੈ। ਇਹ ਗਿਣਤੀ ਭਾਰਤ ਵਿੱਚ ਹੁੰਦੀਆਂ ਖੁਦਕੁਸ਼ੀਆਂ ਦਾ 8 ਫੀਸਦੀ ਬਣਦੀ ਹੈ। ਵਿਦਿਆਰਥੀਆਂ ਵਿੱਚ ਖੁਦਕੁਸ਼ੀਆਂ ਦਾ ਇਹ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ, ਜਿਵੇਂ ਕਿ 2011 ਵਿੱਚ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 7696 ਸੀ ਤੇ 2021 ਵਿੱਚ 13 ਹਜ਼ਾਰ ਤੋਂ ਟੱਪ ਗਈ ਹੈ, ਭਾਵ ਇਸ ਵਿੱਚ 70 ਫੀਸਦੀ ਵਾਧਾ ਹੋਇਆ ਹੈ। ਏਨੇ ਵੱਡੇ ਪੱਧਰ ’ਤੇ ਹੋ ਰਹੀਆਂ ਵਿਦਿਆਰਥੀ ਖੁਦਕੁਸ਼ੀਆਂ ਭਾਰਤ ਦੇ ਮੂਲੋਂ ਹੀ ਵਿਦਿਆਰਥੀ ਵਿਰੋਧੀ ਵਿੱਦਿਅਕ ਢਾਂਚੇ ਅਤੇ ਸਰਕਾਰਾਂ ਵੱਲੋਂ ਸਿੱਖਿਆ ਤੇ ਰੁਜ਼ਗਾਰ ਦੇ ਖੇਤਰ ਵਿੱਚ ਲਾਗੂ ਕੀਤੀਆਂ ਜਾ ਰਹੀਆਂ ਨਿਜੀਕਰਨ ਤੇ ਵਪਾਰੀਕਰਨ ਦੀਆਂ ਨੀਤੀਆਂ ਕਾਰਨ ਵਾਪਰ ਰਹੀਆਂ ਹਨ।

  ਸਰਕਾਰਾਂ ਵੱਲੋਂ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਕਾਰਨ ਸਰਕਾਰੀ ਤੇ ਪੱਕੇ ਸਨਮਾਨ ਜਨਕ ਰੁਜ਼ਗਾਰ ਦੇ ਮੌਕੇ ਬੁਰੀ ਤਰ੍ਹਾਂ ਸੁੰਗੜ ਗਏ ਹਨ। ਸਰਕਾਰੀ ਰੁਜ਼ਗਾਰ ਆਈ.ਏ.ਐਸ., ਪੀ.ਸੀ.ਐਸ., ਡਾਕਟਰੀ ਤੇ ਇੰਜੀਨੀਅਰਿੰਗ ਦੇ ਕੁਝ ਖਾਸ ਖੇਤਰਾਂ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਭਾਰਤ ਵਿੱਚ ਹਰ ਸਾਲ ਢਾਈ ਕਰੋੜ ਦੇ ਲਗਭਗ ਨੌਜਵਾਨ ਰੁਜ਼ਗਾਰ ਹਾਸਲ ਕਰਨ ਵਾਲਿਆਂ ਦੀ ਲਾਈਨ ਵਿੱਚ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿੱਚੋਂ ਸਿਰਫ 50 ਲੱਖ ਹੀ ਸਨਮਾਨਜਨਕ ਰੁਜ਼ਗਾਰ ਹਾਸਲ ਕਰ ਪਾਉਂਦੇ ਹਨ, ਭਾਵ ਹਰ ਸਾਲ ਦੋ ਕਰੋੜ ਨੌਜਵਾਨ ਬੇਰੁਜ਼ਗਾਰੀ, ਅਰਧ- ਰੁਜ਼ਗਾਰੀ ਜਾਂ ਮਾੜੀਆਂ ਹਾਲਤਾਂ ’ਚ ਪ੍ਰਾਈਵੇਟ ਕੰਪਨੀਆਂ ਲਈ ਕੰਮ ਕਰਨ ਲਈ ਸਰਾਪੇ ਜਾਂਦੇ ਹਨ। ਸਿੱਟੇ ਵਜੋਂ ਸੀਮਤ ਸਰਕਾਰੀ ਰੁਜ਼ਗਾਰ ਨੂੰ ਹਾਸਲ ਕਰਨ ਲਈ ਗਲ ਵੱਢਵੀਂ ਮੁਕਾਬਲੇਬਾਜ਼ੀ ਸ਼ੁਰੂ ਹੋਈ ਹੈ। ਰੁਜ਼ਗਾਰ ਦੇ ਇਹਨਾਂ ਖੇਤਰਾਂ ’ਚ ਦਾਖ਼ਲ ਹੋਣ ਲਈ ਹੁੰਦੇ ਮੁਕਾਬਲੇ ਦੇ ਟੈਸਟਾਂ ਅਤੇ ਕੋਰਸਾਂ ਵਿੱਚ ਅੱਗੇ ਆਉਣ ਲਈ ਵਿਦਿਆਰਥੀਆਂ ਵਿੱਚ ਜ਼ੋਰਦਾਰ ਮੁਕਾਬਲਾ ਪੈਦਾ ਹੋਇਆ ਹੈ।  ਉੱਚ ਤਕਨੀਕੀ ਸਿੱਖਿਆ ਸੰਸਥਾਵਾਂ ਜਿਵੇਂ ਆਈ.ਆਈ.ਟੀ., ਆਈ. ਆਈ. ਐਮ. ਜਾਂ ਏਮਜ਼ ਵਰਗੀਆਂ ਸੰਸਥਾਵਾਂ  ’ਚ ਦਾਖਲੇ ਲਈ ਹੁੰਦੀਆਂ ਜੇ.ਈ.ਈ. ਤੇ ਐਨ. ਈ. ਈ.ਟੀ. (ਨੀਟ) ਵਰਗੀਆਂ ਪ੍ਰੀਖਿਆਵਾਂ ਵਿੱਚ ਹਰ ਸਾਲ ਲੱਖਾਂ ਵਿਦਿਆਰਥੀ ਆਪਣੀ ਕਿਸਮਤ ਅਜ਼ਮਾਉਂਦੇ ਹਨ। ਉਦਾਹਰਨ ਵਜੋਂ, ਇਸ ਸਾਲ ਡਾਕਟਰੀ ਦੀ ਸਿੱਖਿਆ ਵਾਸਤੇ ਲਏ ਗਏ ਟੈਸਟ ਨੀਟ ਵਿੱਚ ਕੁੱਲ 20 ਲੱਖ ਤੋਂ ਵੀ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਜਦੋਂ ਕਿ ਇਹਦੇ ਲਈ ਸਰਕਾਰੀ ਸੀਟਾਂ ਕੇਵਲ 40 ਹਜ਼ਾਰ ਹਨ, ਭਾਵ ਹਰ ਇੱਕ ਸੀਟ ਦੇ ਮੁਕਾਬਲੇ ਲਈ 50 ਤੋਂ ਵੱਧ ਵਿਦਿਆਰਥੀ। ਏਨੇ ਗਹਿ-ਗੱਚ ਮੁਕਾਬਲੇ ’ਚੋਂ ਅੱਗੇ ਨਿੱਕਲਣ ਤੇ ਇਨ੍ਹਾਂ ਟੈਸਟਾਂ ’ਚ ਉਪਰਲੇ ਰੈਂਕਾਂ ’ਚ ਆਉਣ ਵਾਸਤੇ ਵੱਡੇ ਪੱਧਰ ’ਤੇ ਟਿਊਸ਼ਨਾਂ ਤੇ ਕੋਚਿੰਗ ਸੈਂਟਰਾਂ ਦਾ ਸਹਾਰਾ ਲਿਆ ਜਾਂਦਾ ਹੈ। ਇਹਨਾਂ ਸੰਸਥਾਵਾਂ ’ਚ ਦਾਖਲੇ ਲਈ ਮੁਕਾਬਲੇਬਾਜ਼ੀ ਤੇ ਕੋਚਿੰਗ ਸੈਂਟਰਾਂ ਦੇ ਰੋਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ਵਿੱਚ ਇਹਨਾ ਕੋਚਿੰਗ ਸੈਂਟਰਾਂ ਤੋਂ ਹੋਣ ਵਾਲੀ ਆਮਦਨ 134 ਲੱਖ ਕਰੋੜ ਰੁਪਏ ਤੋਂ ਵੀ ਵੱਧ ਹੈ। ਆਈ. ਆਈ. ਟੀਜ਼ ਵਿੱਚ ਦਾਖਲੇ ਲਈ ਜਾਂਦੀ ਜੇ. ਈ.ਈ. ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਮਸ਼ਹੂਰ ਰਾਜਸਥਾਨ ਦੇ ਸ਼ਹਿਰ ਕੋਟਾ ’ਚ ਹੀ ਸਾਲਾਨਾ 12 ਹਜ਼ਾਰ ਕਰੋੜ ਦਾ ਕੋਚਿੰਗ ਕਾਰੋਬਾਰ ਹੁੰਦਾ ਹੈ।

     ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੀ ਵੱਡੀ ਗਿਣਤੀ ਇਨ੍ਹਾਂ ਕੋਚਿੰਗ ਸੈਂਟਰਾਂ ਨਾਲ ਸੰਬੰਧਿਤ  ਹੈ। ਉਦਾਹਰਨ ਵਜੋਂ ਇਸ ਸਾਲ ਇਕੱਲੇ ਕੋਟਾ ਸ਼ਹਿਰ ਵਿੱਚ ਹੀ ਦੋ ਦਰਜਨ ਤੋਂ ਉਪਰ ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਇਹ ਵਿਦਿਆਰਥੀ ਕਿਸੇ ਵੀ ਤਰ੍ਹਾਂ ਕਮਜ਼ੋਰ ਜਾਂ ਨਲਾਇਕ ਨਹੀਂ, ਸਗੋਂ ਬੇਹਦ ਹੁਸ਼ਿਆਰ ਵਿਦਿਆਰਥੀ ਹੁੰਦੇ ਹਨ। ਮਸਲਨ ਕੋਟਾ ਸ਼ਹਿਰ ਵਿੱਚ ਕੋਚਿੰਗ ਦੇਣ ਵਾਲੇ ਸੈਂਟਰਾਂ ਵਿੱਚ 97 ਫੀਸਦੀ ਤੋਂ ਘੱਟ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਦਾਖਲਾ ਹੀ ਨਹੀਂ ਦਿੱਤਾ ਜਾਂਦਾ। ਸੋ ਜਿਹੜੇ ਵਿਦਿਆਰਥੀ ਇੰਨੇ ਜਿਆਦਾ ਨੰਬਰ ਲੈ ਕੇ ਇਹਨਾਂ ਸੈਂਟਰਾਂ ਵਿਚ ਦਾਖਲ ਹੁੰਦੇ ਹਨ ਉਹ ਕਿਸੇ ਵੀ ਤਰ੍ਹਾਂ ਪੜ੍ਹਾਈ ਵਿੱਚ ਕਮਜ਼ੋਰ ਨਹੀਂ ਹੋ ਸਕਦੇ। ਅਸਲ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਸਿਲੇਬਸ ਤੇ ਤਰੀਕਾਕਾਰ ਹੀ ਇਨਾਂ ਬੋਝਲ, ਅਕਾਊ ਤੇ ਮਾਨਸਿਕ ਪਰੇਸ਼ਾਨੀ ਪੈਦਾ ਕਰਨ ਵਾਲਾ ਹੈ ਕਿ ਇਹ ਵਿਦਿਆਰਥੀਆਂ ਦੀ ਜਾਨ ਦਾ ਖੌਅ ਬਣ ਜਾਂਦਾ ਹੈ।

 ਇਹਨਾਂ ਇਮਤਿਹਾਨਾਂ ਦਾ ਸਿਲੇਬਸ ਅਤੇ ਤਰੀਕਾਕਾਰ ਕਿਸੇ ਵੀ ਤਰ੍ਹਾਂ ਨਾਲ ਵਿਦਿਆਰਥੀਆਂ ਨੂੰ ਗਿਆਨ ਦੇਣ ਜਾਂ ਗਿਆਨ ਵਿੱਚ ਵਾਧਾ ਕਰਨ ਦੀ ਬਜਾਏ ਮਹਿਜ਼ ਰੱਟਾ ਲਾਉਣ ਜਾਂ ਘੋਟਾ ਲਾਉਣ ਦੀ ਯੋਗਤਾ ਦੀ ਪਰਖ ਕਰਦਾ ਹੈ। ਇਹਨਾਂ ਕੋਚਿੰਗ ਸੈਂਟਰਾਂ ’ਚ ਪੜ੍ਹਨ ਵਾਲੇ ਵਿਦਿਆਰਥੀ  ਸਾਲ ਦਰ ਸਾਲ  ਘਰ ਤੋਂ ਦੂਰ ਰਹਿਕੇ ਹਰ ਰੋਜ਼ 15-16 ਘੰਟੇ ਰੱਟਾ ਮਾਰਨ ਦੀ ਪ੍ਰੈਕਟਿਸ ਕਰਦੇ ਹਨ ਤੇ ਜੋ ਇਹਦੇ ਵਿੱਚ ਸਫ਼ਲ ਨਹੀਂ ਹੋ ਪਾਉਂਦੇ ਉਹਨਾਂ ਲਈ ਮਹਿੰਗੀਆਂ ਫੀਸਾਂ, ਇਮਤਿਹਾਨਾਂ ਵਿੱਚ ਫੇਲ੍ਹ ਹੋ ਜਾਣ ਦਾ ਡਰ ਤੇ ਰੱਟੇ ਵਾਲੀ ਪੜ੍ਹਾਈ ਦਾ ਦਬਾਅ ਉਨ੍ਹਾਂ ਦੇ ਮਾਨਸਿਕ ਉਤਪੀੜਨ ਦਾ ਕਾਰਨ ਬਣਦਾ ਹੈ। ਇਸੇ ਦਬਾਅ ’ਚੋਂ ਹੀ ਕਈ ਵਿਦਿਆਰਥੀ ਖੁਦਕੁਸ਼ੀ ਦਾ ਰਾਹ ਫੜਦੇ ਹਨ। ਕੋਟਾ ਵਿੱਚ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਕਮਰਿਆਂ ’ਚੋਂ ਮਿਲੇ ਨੋਟ ਇਹੀ ਦੱਸਦੇ ਹਨ ਕਿ ਉਹ ਅਕਾਊ ਪੜ੍ਹਾਈ ਦਾ ਬੋਝ ਨਹੀਂ ਝੱਲ ਪਾਏ। ਕੋਟਾ ਵਿੱਚ ਇੱਕ ਰਾਧਾ ਕਿ੍ਰਸ਼ਨ ਮੰਦਰ ਹੈ ਜਿਸ ਦੀਆਂ ਕੰਧਾਂ ਨੂੰ ਹਰ ਤਿੰਨ ਮਹੀਨੇ ਬਾਅਦ ਰੰਗ ਕਰਵਾਉਣਾ ਪੈਂਦਾ ਹੈ ਕਿਉਂਕਿ ਉਸ ਦੀਆਂ ਕੰਧਾਂ ਵਿਦਿਆਰਥੀਆਂ ਦੁਆਰਾ ਪਾਸ ਹੋਣ ਲਈ ਕੀਤੀਆਂ ਪ੍ਰਾਰਥਨਾਵਾਂ ਨਾਲ ਭਰ ਜਾਂਦੀਆਂ ਹਨ। ਵਿਦਿਆਰਥੀਆਂ ਦੀ ਇਸ ਮਾਨਸਿਕ ਪਰੇਸ਼ਾਨੀ ਦਾ ਹੱਲ ਕੱਢਣ ਦੀ ਬਜਾਏ ਰਾਜਸਥਾਨ ਸਰਕਾਰ ਵੱਲੋਂ ਹਾਸੋਹੀਣੇ ਢੰਗ ਨਾਲ ਇਹ ਫਰਮਾਨ ਜਾਰੀ ਕੀਤਾ ਗਿਆ ਹੈ ਕਿ ਇਹਨਾਂ ਕੋਚਿੰਗ ਸੈਂਟਰਾਂ ’ਚ ਪੜ੍ਹਦੇ ਬੱਚਿਆਂ ਦੇ ਕਮਰਿਆਂ ’ਚ ਸਪਿ੍ਰੰਗ ਵਾਲੇ ਪੱਖੇ ਲਾਏ ਜਾਣ ਤਾਂ ਕਿ ਉਹ ਪੱਖਿਆਂ ਨਾਲ ਫਾਹਾ ਨਾ ਲੈ ਸਕਣ। ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦਾ ਇੱਕ ਹੋਰ ਹਿੱਸਾ ਉਹ ਹੈ ਜੋ ਉੱਚ ਸਿੱਖਿਆ ਸੰਸਥਾਵਾਂ ਜਿਵੇਂ ਕਿ ਆਈ.ਆਈ.ਟੀਜ ਤੇ ਆਈ.ਆਈ.ਐਮ. ਦੇ ਵਿੱਚ ਪੜ੍ਹਦੇ ਹਨ। ਇਹਨਾਂ ਵਿਦਿਆਰਥੀਆਂ ਦੀ ਖੁਦਕੁਸ਼ੀ ਦਾ ਕਾਰਨ ਜਿੱਥੇ ਪੜ੍ਹਾਈ ਦਾ ਬਹੁਤ ਜ਼ਿਆਦਾ ਬੋਝਲ ਹੋਣਾ ਹੈ ਉੱਥੇ ਨਾਲ ਹੀ ਜਾਤਪਾਤੀ ਦਾਬਾ ਵੀ ਰੋਲ ਅਦਾ ਕਰਦਾ ਹੈ। ਕੁਝ ਸਾਲ ਪਹਿਲਾਂ ਵਾਪਰੀ ਰੋਹਿਤ ਬੇਮੁਲਾ ਦੀ ਖੁਦਕੁਸ਼ੀ ਦੀ ਘਟਨਾ ਇਸ ਜਾਤਪਾਤੀ ਦਾਬੇ ਦਾ ਪ੍ਰਤੱਖ ਸਬੂਤ ਹੈ। ਦਿੱਲੀ ਦੀ ਇੱਕ ਵਿਦਿਆਰਥਣ ਇਸ਼ੀਤਾ ਮਹਿਰਾ ਜੋ ਆਪ ਡਿਪਰੈਸ਼ਨ ਦਾ ਸ਼ਿਕਾਰ ਰਹੀ ਤੇ ਖੁਦਕੁਸ਼ੀ ਦੇ ਖਿਆਲਾਂ ਨਾਲ ਲੜਦੀ ਰਹੀ ਹੈ ਆਖਦੀ ਹੈ, “ਹੇਠਲੀਆਂ ਜਾਤੀਆਂ ਦੇ ਵਿਦਿਆਰਥੀ ਕਲਾਸਾਂ ਵਿੱਚ ਵੱਖਰੇ  ਤੂੜੇ ਜਾਂਦੇ ਹਨ। ਉਹ ਮਗਰਲੇ ਬੈਂਚਾਂ ਤੇ ਬੈਠਦੇ ਹਨ ਤੇ ਅਧਿਆਪਕਾਂ ਦੁਆਰਾ ਉਹਨਾਂ ਨਾਲ ਬੁਰਾ ਵਿਹਾਰ ਕੀਤਾ ਜਾਂਦਾ ਹੈ।’’ ਜੇਕਰ “ਇਹ ਵਿਦਿਆਰਥੀ ਵਿਦਿਅਕ ਢਾਂਚੇ ਬਾਰੇ ਸਵਾਲ ਉਠਾਉਂਦੇ ਹਨ ਤਾਂ ਅਧਿਆਪਕਾਂ ਦੁਆਰਾ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ। ਉਹਨਾਂ ਦੀ ਅੰਗਰੇਜ਼ੀ ’ਚ ਘੱਟ ਮੁਹਾਰਤ, ਘੱਟ ਨੰਬਰਾਂ, ਨੀਵੀਂ ਜਾਤੀ ਹੋਣ ਕਾਰਨ ਤੇ ਕਲਾਸ ਵਿੱਚ ਘੱਟ ਨੰਬਰ ਲੈਣ ਕਾਰਨ ਉਹਨਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ।’’ ਇਸੇ ਕਾਰਨ ਹੈ ਕਿ 2014 ਤੋਂ 2021 ਤੱਕ ਇਹਨਾਂ ਸੰਸਥਾਵਾਂ ’ਚ 122 ਦੇ ਕਰੀਬ ਖੁਦਕੁਸ਼ੀਆਂ ਹੋਈਆਂ ਉਹਨਾਂ ਵਿੱਚੋਂ 68 ਐਸ. ਸੀ. ਜਾਂ ਐਸ.ਟੀ. ਜਾਤੀਆਂ ਨਾਲ ਸੰਬੰਧਿਤ ਸਨ।

 ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚੋਂ ਅਸਫਲ ਰਹਿਣ ਵਾਲੇ ਵਿਦਿਆਰਥੀ ਵੀ ਵੱਡੀ ਗਿਣਤੀ ਬਣਦੇ ਹਨ ਜਿਹੜੇ ਖੁਦਕੁਸ਼ੀ ਦਾ ਰਾਹ ਫੜਦੇ ਹਨ। ਬਾਰਵੀਂ ਜਮਾਤ ਵਿੱਚੋ ਫੇਲ ਹੋ ਜਾਣ ’ਤੇ ਅਤੇ ਅਗਲੀ ਪ੍ਰੀਖਿਆ ਤੱਕ ਇੱਕ ਸਾਲ ਬਰਬਾਦ ਹੋ ਜਾਣ ਦੇ ਬੋਝ ਹੇਠ ਛੋਟੀ ਉਮਰ ਦੇ ਕਈ ਬੱਚੇ ਇਹ ਰਾਹ ਫੜਦੇ ਹਨ। ਤਾਮਿਲਨਾਡੂ ਭਾਰਤ ਦਾ ਇੱਕੋ ਇੱਕ ਸੂਬਾ ਹੈ ਜਿਸਨੇ 2005 ਵਿੱਚ ਬਾਰਵੀਂ ਦੀ ਸਪਲੀਮੈਂਟਰੀ ਪ੍ਰੀਖਿਆ ਭਾਵ ਮੁੱਖ ਪ੍ਰੀਖਿਆ ਤੋਂ ਕੁਝ ਮਹੀਨਿਆਂ ਬਾਅਦ ਦੁਬਾਰਾ ਪ੍ਰੀਖਿਆ ਲੈਣ ਦਾ ਸਿਸਟਮ ਸ਼ੁਰੂ ਕੀਤਾ ਤਾਂ ਉੱਥੇ ਖੁਦਕੁਸ਼ੀਆਂ ਦੀ ਦਰ ਵਿੱਚ ਇਕਦਮ ਗਿਰਾਵਟ ਆਈ ਤੇ ਇਹ ਸਲਾਨਾ 407 ਤੋਂ 102 ’ਤੇ ਆ ਗਈ।

   ਵਿਦਿਆਰਥੀ ਖੁਦਕੁਸ਼ੀਆਂ ਨਾਲ ਸੰਬੰਧਿਤ ਇਹ ਤੱਥ ਦਰਸਾਉਂਦੇ ਹਨ ਕਿ ਭਾਰਤੀ ਸਿੱਖਿਆ ਤੰਤਰ ਹੀ ਅਸਲ ਵਿੱਚ ਵਿਦਿਆਰਥੀਆਂ ਦੀ ਖੁਦਕੁਸ਼ੀਆਂ ਲਈ ਜੁੰਮੇਵਾਰ ਹੈ। ਇਹਨਾਂ ਨੂੰ ਅਸਲ ਵਿੱਚ ਖੁਦਕੁਸ਼ੀਆਂ ਕਹਿਣ ਦੀ ਬਜਾਏ ਸਿੱਖਿਆ ਢਾਂਚੇ ਵੱਲੋਂ ਕੀਤੇ ਗਏ ਕਤਲ ਕਹਿਣਾ ਚਾਹੀਦਾ ਹੈ। ਵਿਦਿਆਰਥੀ ਵਿਰੋਧੀ ਰੱਟਾ ਲਾਊ ਬੋਝਲ ਸਿਲੇਬਸਾਂ, ਅਕਾਊ ਪੜ੍ਹਾਈ, ਰੁਜ਼ਗਾਰ ਦੇ ਸੁੰਗੜੇ ਮੌਕਿਆਂ ਕਾਰਨ ਗਲਵੱਢਵਾਂ ਮੁਕਾਬਲਾ ਤੇ ਜਾਤਪਾਤੀ ਦਾਬਾ ਪ੍ਰਮੁੱਖ ਕਾਰਨ ਬਣਦੇ ਹਨ ਜਿਨ੍ਹਾਂ ਕਾਰਨ ਮੁਲਕ ਦੀ ਜਵਾਨੀ ਤੇ ਭਵਿੱਖ ਹਨੇਰੇ ਖੂਹ ਵਿੱਚ ਧੱਕਿਆ ਜਾ ਰਿਹਾ ਹੈ ਤੇ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ। ਇਸ  ਦਾ ਹੱਲ ਇਸ ਸਿੱਖਿਆ ਢਾਂਚੇ ਨੂੰ ਪੂਰੀ ਤਰ੍ਹਾਂ ਬਦਲ ਕੇ ਅਤੇ ਨਿੱਜੀਕਰਨ ਵਪਾਰੀਕਰਨ ਦੀਆਂ ਨੀਤੀਆਂ ਨੂੰ ਨੱਥ ਮਾਰ ਕੇ ਤੇ ਰੁਜ਼ਗਾਰ ਦੇ ਅਥਾਹ ਮੌਕੇ ਪੈਦਾ ਕਰਕੇ ਹੀ ਕੀਤਾ ਜਾ ਸਕਦਾ ਹੈ।

---0---  

No comments:

Post a Comment