Friday, November 10, 2023

ਕਾਮਰੇਡ ਠਾਣਾ ਸਿੰਘ ਦੀ ਕਰਨੀ ਦਾ ਮਹੱਤਵ

 ਕਾਮਰੇਡ ਠਾਣਾ ਸਿੰਘ ਦੀ  ਕਰਨੀ ਦਾ ਮਹੱਤਵ

(ਸ਼ਰਧਾਂਜਲੀ ਸਮਾਗਮ ਵਿੱਚ ਜਸਪਾਲ ਜੱਸੀ ਦੀ ਲੰਮੀ ਤਕਰੀਰ ਦਾ ਇੱਕ ਅੰਸ਼) 

ਜਦੋਂ ਅੱਜ ਉਹਨਾਂ ਦੇ ਕਰਨੀ ਦੇ ਮਹੱਤਵ ਦੀ ਗੱਲ ਚੱਲਦੀ ਹੈ ਅਸੀਂ ਕਹਿੰਦੇ ਹਾਂ ਕਿ ਉਹ ਮਾਰਕਸਵਾਦ, ਲੈਨਿਨਵਾਦ ਤੇ ਮਾਓ ਵਿਚਾਰਧਾਰਾ ’ਤੇ ਪਹਿਰਾ ਦੇਣ ’ਚ ਕਾਮਯਾਬ ਰਹੇ। ਸਾਥੀਆਂ ਨੇ ਜ਼ਿਕਰ ਕੀਤਾ ਹੈ, ਉਹਨਾਂ ਨੇ ਗਲਤ ਰੁਝਾਨਾਂ ਨਾਲੋਂ ਨਿਖੇੜਾ ਕੀਤਾ, ਪਰ ਇਹ ਨਿਖੇੜਾ ਕਰਨ ’ਚ ਕਾਮਯਾਬੀ ਕਿਸ ਗੱਲ ਕਰਕੇ ਮਿਲਦੀ ਸੀ। ਇਹਦੇ ’ਚ ਇੱਕ ਬਹੁਤ ਵੱਡੀ ਮਹੱਤਵਪੂਰਨ ਗੱਲ ਸੀ ਸਿਧਾਂਤ ਨੂੰ ਸਮਝਣਾ, ਸਿਧਾਂਤ ਨੂੰ ਅਮਲ ਨਾਲ ਜੋੜਨਾ ਤੇ ਇਸਤੋਂ ਅਗਲੀ ਗੱਲ ਸੀ ਕਿ ਦਬਾਅ ਕਬੂਲ ਨਾ ਕਰਨਾ। ਬਹੁਤ ਸਾਰੇ ਲੋਕ ਜਦੋਂ  ਅਸੀਂ ਇਹ ਸੋਚਦੇ ਹਾਂ ਕਿ ਕੋਈ ਕਮਿਊਨਿਸਟ ਇਨਕਲਾਬੀ ਰਾਹ ’ਤੇ ਚੱਲਿਆ। ਇੱਕ ਸਮੇਂ ਬਾਅਦ ਉਹ ਕਿਸੇ ਹੋਰ ਪਾਰਟੀ ਦੀ ਹਮਾਇਤ ਕਰਨ ਲੱਗ ਪਿਆ, ਕਿਸੇ ਹੋਰ ਕੈਂਪ  ’ਚ ਚਲਿਆ ਗਿਆ ਜਾਂ ਉਹਨੇ ਵੱਖਰੀ ਲਾਈਨ ਅਖਤਿਆਰ ਕਰ ਲਈ। ਉਹਨੂੰ ਹੋ ਕੀ ਜਾਂਦੈ? ਇਹ ਗੱਲ ਵਾਪਰਦੀ ਕਿਵੇਂ ਐ? ਵਾਪਰਦੀ ਗੱਲ ਇਹ ਹੈ ਕਿ ਜੋ ਕੁੱਝ ਸਮਾਜ ’ਚ ਹੁੰਦਾ ਹੈ ਉਹਦਾ ਪਰਛਾਵਾਂ ਕਮਿਊਨਿਸਟ ਇਨਕਲਾਬੀਆਂ ਦੀ ਸੋਚ ’ਤੇ ਪੈਂਦਾ ਹੈ। ਜਦੋਂ ਸਮਾਜਕ ਘਟਨਾਵਾਂ ਚੱਲ ਰਹੀਆਂ ਹੁੰਦੀਆਂ ਨੇ ਤਾਂ ਉਹਨਾਂ ਦੇ ਕਮਿਊਨਿਸਟ ਪਾਰਟੀ ਦੇ ਅੰਦਰ ਵੀ ਅਸਰ ਪੈਣੇ ਸ਼ੁਰੂ ਹੋ ਜਾਂਦੇ ਨੇ। ਜੈ ਪ੍ਰਕਾਸ਼ ਨਰਾਇਣ ਦੀ ਜਦੋਂ ਲਹਿਰ ਚੱਲੀ, ਬਿਹਾਰ ’ਚ, ਗੁਜਰਾਤ ’ਚ ਬਹੁਤ ਵੱਡੇ ਵਿਦਿਆਰਥੀਆਂ ਦੇ ਹਜ਼ੂਮ ਜੇ.ਪੀ. ਦੀ ਅਗਵਾਈ ਦੇ ਵਿੱਚ। ਵਿਦਿਆਰਥੀ ਸੁਚੇਤ ਨਹੀਂ ਸੀ ਕਿ ਸਾਡਾ ਭਵਿੱਖ ਕੀ ਹੈ? ਅਸੀਂ ਕਰਨਾ ਕੀ ਹੈ? ਨਵਾਂ ਸਮਾਜ ਕਿਹੋ ਜਿਹਾ ਹੋਵੇਗਾ? ਪਰ ਉਹਨਾਂ ਨੂੰ ਇੱਕ ਅੰਨ੍ਹੀ ਸ਼ਕਤੀ ਦੇ ਤੌਰ ’ਤੇ ਜੈ ਪ੍ਰਕਾਸ਼ ਨਰਾਇਣ ਨੇ ਤੇ ਵਿਰੋਧੀ ਪਾਰਟੀਆਂ ਨੇ ਵਰਤਣ ਦੀ ਕੋਸ਼ਿਸ਼ ਕੀਤੀ। ਉਹ ਉਭਾਰ ਇਨ੍ਹਾਂ ਵੱਡਾ ਸੀ, ਉਹਦਾ ਵੇਗ ਇਨ੍ਹਾਂ ਵੱਡਾ ਸੀ, ਇਸ ਵੇਗ ਨੇ, ਇਸ ਉਭਾਰ ਨੇ ਕਈ ਕਮਿਊਨਿਸਟ ਇਨਕਲਾਬੀ ਹਿੱਸਿਆਂ ਦੀਆਂ, ਨਕਸਲਬਾੜੀ ਦੇ ਕਈ ਹਿੱਸਿਆਂ ਦੀਆਂ ਇਹਦੇ ਨਾਲ ਅੱਖਾਂ ਚੁੰਧਿਆਈਆਂ ਗਈਆਂ। ਉਹਨਾਂ ਨੂੰ ਲੱਗਣ ਲੱਗ ਪਿਆ ਜੈ ਪ੍ਰਕਾਸ਼ ਨਰਾਇਣ ਦੀ ਲਹਿਰ ’ਚ ਸ਼ਾਮਲ ਹੋਈਏ। ਸ਼ਾਇਦ ਅਸੀਂ ਇਸ ਲਹਿਰ ’ਚ ਜਾ ਕੇ, ਇਹਨੂੰ ਕ੍ਰਾਂਤੀਕਾਰੀ ਬਣਾ ਕੇ ਆਪਣੇ ਵੱਲ ਖਿੱਚ ਲਵਾਂਗੇ। ਪਰ ਉਸ ਗੱਲ ਦਾ ਸਿੱਟਾ ਕੀ ਹੋਇਆ। ਐਮਰਜੈਂਸੀ ਤੋਂ ਬਾਅਦ ਜਨਤਾ ਪਾਰਟੀ ਦੀ ਸਰਕਾਰ ਗੱਦੀ ’ਤੇ ਆਈ। ਉਹ ਜੈ ਪ੍ਰਕਾਸ ਨਰਾਇਣ ਦੀ ਹਮਾਇਤ ਕਰਦੇ ਸੀ। ਉਹ ਇਹ ਕਰਦੇ-ਕਰਦੇ ਜਨਤਾ ਪਾਰਟੀ ਦੀ ਸਰਕਾਰ ਦੀ ਹਮਾਇਤ ਕਰਨ ਤੱਕ ਪਹੁੰਚ ਗਏ। ਉਹ ਚੱਲੇ ਇਹ ਕਹਿ ਕੇ ਸੀ ਅਸੀਂ ਜੈ ਪ੍ਰਕਾਸ਼ ਨਰਾਇਣ ਦੀ ਅਗਵਾਈ ਹੇਠਲੇ ਨੌਜਵਾਨਾਂ ਨੂੰ ਕ੍ਰਾਂਤੀਕਾਰੀ ਬਣਾਵਾਂਗੇ। ਪਰ ਉਹ ਖੁਦ ਉਸ ਪਿਛਾਂਹਖਿੱਚੂ ਹਕੂਮਤ ਦੀ ਹਮਾਇਤ ’ਤੇ ਪਹੁੰਚੇ ਤੇ ਉਸ ਦਾ ਹਿੱਸਾ ਬਣ ਗਏ। .......ਕਈ ਕਮਿਊਨਿਸਟ ਇਨਕਲਾਬੀ ਹਿੱਸਿਆਂ ਨੂੰ ਲੱਗਿਆ ਅਸੀਂ  ਜੇ ਇਸ ਲਹਿਰ ’ਚ ਤੁਰ ਪਈਏ ਤਾਂ ਸ਼ਾਇਦ ਅਸੀਂ ਕ੍ਰਾਂਤੀ ਛੇਤੀ ਕਰ ਸਕਦੇ ਹਾਂ। ਉਹ ਕਹਿੰਦੇ ਸੀ, ਭੁਲੇਖਾ ਉਹਨਾਂ ਨੂੰ ਇਹ ਵੀ ਸੀ ਕਿ ਅਸੀਂ ਤਾਂ ਇਹ ਧਾਰਮਿਕ ਝੰਡੇ ਨੂੰ ਲਾਲ ਝੰਡੇ ’ਚ ਬਦਲ ਦੇਵਾਂਗੇ। ਪਰ ਵਾਪਰਿਆ ਇਹ ਕਿ ਉਹ ਲਹਿਰ ਜਿਹੜੇ ਹਿੱਸੇ ਉਸ ਰਾਹ ਤੁਰੇ ਸੀ। ਅਜਮੇਰ ਸਿੰਘ ਵਰਗੇ ਜਿਹੜੇ ਅੱਜਕੱਲ੍ਹ ਕਮਿਊਨਿਸਟ ਤੇ ਸਾਰਾ ਕੁੱਝ ਛੱਡ ਕੇ ਅੱਜ ਆਪਣੇ ਆਪ ਨੂੰ ਇੱਕ ਫਿਰਕਾਪ੍ਰਸਤ ਬੁੱਧੀਜੀਵੀ ’ਚ ਤਬਦੀਲੀ ਹੋ ਚੁੱਕਿਆ ਵਿਅਕਤੀ ਹੈ। ਉਹ ਗਿਆ ਸੀ ਲਹਿਰ ਨੂੰ ਆਪਣੇ ਵੱਲ ਤੋਰਨ, ਹੋ ਕੇ ਰਹਿ ਗਿਆ ਉਸ ਲਹਿਰ ਦਾ। ਸੋ ਇਸ ਪੱਖੋਂ ਜਿਹੜੇ ਰੁਝਾਨ ਆਉਂਦੇ ਨੇ, ਜਿਹੜੀਆਂ ਭਟਕਣਾ ਆਉਂਦੀਆਂ ਨੇ, ਉਹਨਾਂ ਅੱਗੇ ਖੜ੍ਹਨ ਦੀ ਜਿਹੜੀ ਸਮਰੱਥਾ, ਮਜ਼ਦੂਰ ਜਮਾਤ ਪ੍ਰਤੀ ਵਫ਼ਾਦਾਰ ਹੋਣਾ, ਕਿਸਾਨਾਂ ਪ੍ਰਤੀ ਵਫ਼ਾਦਾਰ ਹੋਣਾ। ਇਸ ਸੋਚ ’ਤੇ ਜਿਹੜੀ ਡੂੰਘਾਈ ਹੈ ਉਹਨੇ ਕਾਮਰੇਡ ਹਰਭਜਨ ਸਿੰਘ ਸੋਹੀ, ਕਾਮਰੇਡ ਠਾਣਾ ਸਿੰਘ ਹੋਰਾਂ ਦੀ ਇਸ ਗੱਲ ’ਚ ਮੱਦਦ ਕੀਤੀ ਕਿ ਸਹੀ ਰਾਹ ’ਤੇ ਕਿਵੇਂ ਤੁਰਿਆ ਜਾ ਸਕਦਾ ਹੈ। ਕਾਮਰੇਡਾਂ ਨੇ ਜ਼ਿਕਰ ਕੀਤਾ ਕਿ ਚੀਨ ਦੀ ਧਰਤੀ ’ਤੇ ਜਿਹੜੀ ਉੱਥੋਂ ਦੀ ਲੀਡਰਸ਼ਿਪ ਸੀ ਉਲਟ ਗਈ। ਉਹ ਮਾਓ ਜ਼ੇ-ਤੁੰਗ ਦੇ ਰਸਤੇ ’ਤੇ ਤੁਰਨ ਵਾਲੀ ਲੀਡਰਸ਼ਿਪ ਨਹੀਂ ਸੀ। ਉਹ ਲੀਡਰਸ਼ਿਪ ਤਬਦੀਲ ਹੋ ਗਈ। ਉਸ ਵੇਲੇ ਇਸ ਗੱਲ ਤੋਂ ਇਲਾਵਾ ਉਸਨੂੰ ਪਛਾਣਿਆ ਕਿਵੇਂ ਜਾਵੇ, ਉਹ ਲੀਡਰਸ਼ਿਪ ਕਰ ਕੀ ਰਹੀ ਹੈ? ਇੱਕ ਤਾਂ ਇਹ ਸੀ ਕਿ ਉਸਦੀ ਪਛਾਣ ਕੋਈ ਕਿੰਨੀ ਗਹਿਰਾਈ ਨਾਲ ਕਰ ਸਕਦਾ। ਇੱਕ ਹੋਰ ਗੱਲ ਨੇ ਬਹੁਤ ਵੱਡਾ ਰੋਲ ਅਦਾ ਕੀਤਾ। ਜਿਹੜੇ ਕਈ ਲੋਕ ਗਲਤ ਲੀਡਰਸ਼ਿਪ ਨਾਲ ਚੱਲ ਪਏ ਉਹ ਰੋਲ ਇਸ ਗੱਲ ਨੇ ਅਦਾ ਕੀਤਾ ਕਿ ਉਹਨਾਂ ਨੂੰ ਲੱਗਦਾ ਸੀ ਕਿ ਐਡੀ ਵੱਡੀ ਇਨਕਲਾਬ ਕਰਨ ਵਾਲੀ ਪਾਰਟੀ, ਕ੍ਰਾਂਤੀ ਕਰਨ ਵਾਲੀ ਪਾਰਟੀ, ਸਮਾਜ ਬਦਲ ਦੇਣ ਵਾਲੀ ਪਾਰਟੀ ਜਿਸਦੀ ਸਾਰੇ ਸੰਸਾਰ ’ਚ ਅਗਵਾਈ ਸਥਾਪਤ ਹੋਈ ਹੋਈ ਹੈ। ਅਸੀਂ ਉਸ ਪਾਰਟੀ ਨਾਲ ਮੱਥਾ ਕਿਵੇਂ ਲਾਵਾਂਗੇ, ਅਸੀਂ ਕਿਵੇ ਸੋਚ ਸਕਦੇ ਹਾਂ ਕਿ ਚੀਨ ਸਮਾਜਵਾਦੀ ਨਹੀਂ ਰਿਹਾ, ਅਸੀਂ ਰਹਿ ਕੀ ਗਏ? ਜਿਹੜਾ ਇਹ ਹੌਂਸਲਾ, ਸੱਚਾਈ ਕਿੰਨੀ ਵੀ ਕੌੜੀ ਹੋਵੇ, ਤੁਹਾਡੇ ਵਾਸਤੇ ਕਿੰਨੀ  ਵੀ ਔਖੀ ਹਾਲਤ ਪੈਦਾ ਹੋ ਗਈ ਹੋਵੇ। ਉਦੋਂ ਇਸ ਗੱਲ ਨੂੰ ਪਛਾਣਨਾ ਬਈ ਹੋ ਤਾਂ ਆਹ ਚੁੱਕਿਐ। ਹੁਣ ਨਵੇਂ ਸਿਰਿਓਂ ਤੁਰਨਾ ਪਊ, ਆਪਣੇ ਸਿਦਕ ਦੇ ਸਿਰ ’ਤੇ, ਸਮਝ  ਦੇ ਸਿਰ ’ਤੇ ਤੁਰਨਾ ਪਵੇਗਾ। ਆਪਣੀ ਸਮਝ ਨੂੰ, ਆਪਣੀ ਲਿਆਕਤ ਨੂੰ ਵਰਤ ਕੇ ਅੱਗੇ ਤੁਰਨਾ ਪਵੇਗਾ। ਇਹ ਜਿਗਰਾ ਕਰ ਸਕਣਾ ਭਾਰਤ ਦੇ ਇਨਕਲਾਬੀ ਕਮਿਊਨਿਸਟਾਂ ਦੀ ਕਮਜ਼ੋਰੀ ਰਹੀ ਹੈ। ਜਦੋਂ ਇਸ ਤੋਂ ਪਹਿਲਾਂ ਸੋਵੀਅਤ ਯੂਨੀਅਨ ਦੀ ਲੀਡਰਸ਼ਿਪ  ਸੀ ਜਿਹੜੀ ਉੱਥੇ ਖਰੁਸ਼ਚੋਵ ਦੀ ਲੀਡਰਸ਼ਿਪ ਆਈ। ਉਦੋਂ ਵੀ ਇਹ ਸਮੱਸਿਆ ਬਣੀ ਕਿ ਇਨੀਂ ਵੱਡੀ ਰੂਸ ਦੀ ਪਾਰਟੀ ਉਹਨੇ ਤਾਂ ਕ੍ਰਾਂਤੀ ਕੀਤੀ ਹੈ। ਜੇ ਉਹੀ ਇਹ ਕਹਿੰਦੀ ਹੈ ਅਸੀਂ ਉਸ ਤੋਂ ਵੱਡੇ ਤਾਂ ਨਹੀਂ ਹੋ ਗਏ, ਅਸੀਂ ਕੀ ਕਰਾਂਗੇ। ਪਰ ਜਿਹੜੀ ਇਹ ਹਿੰਮਤ ਹੈ, ਇਹ ਪਹਿਚਾਨਣਾ ਕਿ ਵੱਡੀਆਂ ਪਾਰਟੀਆਂ ਵੀ ਤਿਲ੍ਹਕ ਸਕਦੀਆਂ ਨੇ, ਗਲਤ ਰਾਹ ’ਤੇ ਜਾ ਸਕਦੀਆਂ ਨੇ, ਤੁਸੀਂ ਅੱਖਾਂ ਮੀਚ ਕੇ ਫਾਲੋ ਨਹੀਂ ਕਰਨਾ, ਅੱਖਾਂ ਮੀਚ ਕੇ ਵੱਡੀਆਂ ਪਾਰਟੀਆਂ ਦੇ ਪੈਰ ਚਿੰਨ੍ਹਾਂ ’ਤੇ ਨਹੀਂ ਚੱਲਣਾ। ਤੁਸੀਂ ਆਪਣੀ ਸੋਚ ਤੋਂ ਕੰਮ ਲੈਣਾ। ਇਸ ਕਰਕੇ ਠਾਣਾ ਸਿੰਘ ਨੇ, ਹਰਭਜਨ ਸੋਹੀ ਨੇ ਇਹ ਨੀ ਦੇਖਿਆ ਬਈ ਰੂਸ ਦੀ ਪਾਰਟੀ ਕੀ ਹੈ, ਚੀਨ ਦੀ ਪਾਰਟੀ ਕੀ ਹੈ? ਉਹਨਾਂ ਦੇਖਿਆ ਕਿ ਮਾਰਕਸਵਾਦ ਕੀ ਕਹਿੰਦੈ? ਲੈਨਿਨਵਾਦ ਕੀ ਕਹਿਦੈ ? ਮਾਓ ਵਿਚਾਰਧਾਰਾ ਕੀ ਕਹਿੰਦੀ ਹੈ? ਇਹਦੇ ’ਚੋਂ ਸਾਡੇ ਵਾਸਤੇ ਕਿਹੜੇ ਰਾਹ, ਕਿਹੜੇ ਨਤੀਜੇ ਨਿਕਲਦੇ ਨੇ। ਸੋ ਇਸ ਕਿਸਮ ਦਾ ਉਹਨਾਂ ਦਾ ਦਿ੍ਰਸ਼ਟੀਕੋਣ ਹੋਣ ਕਰਕੇ ਇਹਦਾ ਇੱਕ ਬਹੁਤ ਵੱਡਾ ਰੋਲ ਸੀ। ਦੂਜੀ ਗੱਲ ਇਹ ਹੈ ਕਿ ਉਹਨਾਂ ਨੇ ਕਮਿਊਨਿਸਟ ਕਾਰਕੁਨਾਂ ਨੂੰ ਵਿਕਸਿਤ ਕਰਨ ’ਚ, ਉਹਨਾਂ ਨੂੰ ਅੱਗੇ ਲਿਜਾਣ ’ਚ, ਉਹਨਾਂ ਦੇ ਇਨਕਲਾਬੀ ਜੀਵਨ ਦੀ ਰਾਖੀ ਕਰਨ ’ਚ ਕਾਮਰੇਡ ਠਾਣਾ ਸਿੰਘ ਦਾ ਬਹੁਤ ਵੱਡਾ ਸਰੋਕਾਰ ਸੀ। ਇਨਕਲਾਬੀ ਜ਼ਿੰਦਗੀ ’ਚ ਤੁਰਨਾ ਸੌਖਾ ਨਹੀਂ ਹੁੰਦਾ। ਜਦੋਂ ਅਸੀਂ ਜਾਂਦੇ ਹਾਂ ਇਨਕਲਾਬ ਕਰਨ, ਅਸੀਂ ਘਰਾਂ ’ਚੋਂ ਵੀ ਜਾਂਦੇ ਹਾਂ। ਕਈ ਸੁਪਨੇ ਅਸੀਂ ਅਜੇ ਛੱਡੇ ਨਹੀਂ ਹੁੰਦੇ। ਅਸੀਂ ਤੁਰ ਪੈਂਦੇ ਹਾਂ ਪਰ ਪਿੱਛੇ ਦੀਆਂ ਕਈ ਗੱਲਾਂ ਪਈਆਂ ਹੁੰਦੀਆਂ ਨੇ ਜਿਵੇਂ ਉਹ ਕਹਿੰਦੇ ਨੇ ਜੋਗਾ ਸਿੰਘ ਨੇ ਜਦੋਂ ਗੁਰੂ ਗੋਬਿੰਦ ਸਿੰਘ ਦਾ ਸੱਦਾ ਆਇਆ ਤਿੰਨ ਲਾਵਾਂ ਲਈਆਂ ਸਨ। ਚੌਥੀ ਲਾਂਵ ਨਹੀਂ ਸੀ ਲਈ ਪਰ ਉਹ ਗੁਰੂ ਦਾ ਹੁਕਮ ਸੁਣ ਤੁਰ ਪਿਆ ਸੀ। ਪਰ ਉਹ ਇਹਨਾਂ ਸਾਰੀਆਂ ਲਾਲਸਾਵਾਂ ਨੂੰ ਪੂਰੀ ਤਰ੍ਹਾਂ ਛੱਡ ਕੇ ਨਹੀਂ ਸੀ ਤੁਰਿਆ। ਇਸਦੇ ਬਾਵਜੂਦ ਜਿਸਨੂੰ ਕੁਰਬਾਨੀ ਕਰਨ ਵਾਲਾ ਇੱਕ ਯੋਧਾ ਗਿਣਿਆ ਗਿਆ ਉਹ ਆਪਣੇ ਰਸਤੇ ਤੋਂ ਥਿੜਕਿਆ ਉਸਨੂੰ ਗੁਰੂ ਗੋਬਿੰਦ ਸਿੰਘ ਨੇ ਸੰਭਾਲਿਆ। ਠਾਣਾ ਸਿੰਘ ਨੇ ਕਿੰਨੇ ਕਾਰਕੁੰਨ ਨੇ ਜਿਹਨਾਂ ਨੇ ਇਨਕਲਾਬੀ ਰਾਹ ’ਤੇ ਜਾਂਦਿਆਂ ਨੇ ਜਦੋਂ ਉਹਦੇ ’ਚ ਉਤਰਾਅ ਚੜ੍ਹਾਅ ਆਉਂਦੇ ਨੇ ਉਦੋਂ ਉਹਨਾਂ ਨੂੰ ਸੰਭਾਲਿਆ। ਕਈ ਲੋਕ ਇਨਕਲਾਬੀ ਜ਼ਿੰਦਗੀ ਛੱਡ ਜਾਂਦੇ, ਜੇ ਠਾਣਾ ਸਿੰਘ ਨੇ ਉਹਨਾਂ ਨੂੰ ਬਹੁਤ ਜ਼ੋਰ ਲਾ ਕੇ ਬਚਾਇਆ ਨਾ ਹੁੰਦਾ। ਇੱਕ ਬੁੱਝਦੇ ਹੋਏ ਦੀਵੇ ਨੂੰ ਤੇਲ ਪਾ ਕੇ ਮੁੜ ਕੇ ਲਟ-ਲਟ ਬਲਣ ਲਾ ਦੇਣਾ ਇਹ ਯੋਗਤਾ ਕਾਮਰੇਡ ਠਾਣਾ ਸਿੰਘ ਦੇ ਅੰਦਰ ਸੀ। ਉਹਨਾਂ ਦੇ ਬਹੁਤ ਤਿੱਖੇ ਸਵਾਲ ਹੁੰਦੇ ਸੀ। ਹੁਣ, ਉਹ ਇਹ ਕਹਿੰਦੇ ਸੀ ਕਿ ਜਦੋਂ ਉਸਨੂੰ ਕੋਈ ਕਹਿੰਦਾ ਮੈਨੂੰ ਇਹ ਪਾਰਟੀ ਠੀਕ ਨਹੀਂ ਲੱਗਦੀ, ਇਹ ਪਾਰਟੀ ਗਲਤ ਲੱਗਦੀ ਹੈ, ਮੈਨੂੰ ਲਾਈਨਾਂ ਨੀ ਠੀਕ ਲੱਗਦੀਆਂ। ਮੈਂ  ਫੇਰ ਕੀ ਕਰਾਂ? ਉਹ ਕਹਿੰਦੇ ਲਾਈਨਾਂ ਬਾਰੇ ਸੋਚੀਂ ਮਗਰੋਂ ਪਹਿਲਾਂ ਸੋਚ ਜ਼ਿੰਦਗੀ ਕਿਵੇਂ ਜਿਊਂਣੀ ਐਂ? ਜੇ ਤੇਰਾ ਘਰ ਹੋਵੇ ਤੇ ਘਰ ਛੱਤੀ ਸੌ ਸਮੱਸਿਆਵਾਂ ਹੋਣ, ਤੂੰ ਉਹਨਾਂ ਸਮੱਸਿਆਵਾਂ ਕਰਕੇ ਘਰ ਛੱਡ ਕੇ ਭੱਜੇਗਾਂ ਕਿ ਸੋਚੇਂਗਾ ਵੀ ਇੱਥੇ ਰਹਿ ਕੇ ਮੈਂ ਇਹਨਾਂ ਨੂੰ ਹੱਲ ਕਰਨਾ ਹੈ। ਤੂੰ ਆਪਣੇ ਘਰ ਨੂੰ ਘਰ ਸਮਝਦੈਂ ਕਿ ਕਮਿਊਨਿਸਟ ਲਹਿਰ ਨੂੰ ਆਪਣਾ ਘਰ ਸਮਝਦੈਂ, ਪਹਿਲਾਂ ਇਹ ਫੈਸਲਾ ਕਰ। ਇਸ ਤੋਂ ਬਾਅਦ ਅਗਲੀ ਗੱਲ ਹੈ ਕਿ ਫਿਰ ਕੀ ਠੀਕ ਹੈ ਤੇ ਕੀ ਗਲਤ ਹੈ? ਜੋ ਗਲਤ ਹੈ ਉਸਨੂੰ ਠੀਕ ਕਰ ਲਵਾਂਗੇ। ਜਿਹੜੇ ਰਸਤੇ ਨਹੀਂ ਪਤਾ ਉਹ ਲੱਭ ਲਵਾਂਗੇ। ਜਿਹੜੀ ਗੱਲ ’ਚ ਅੱਜ ਅਣਜਾਣ ਆ, ਜਾਣੀ ਜਾਣ ਹੋ ਜਾਵਾਂਗੇ। ਗੱਲਾਂ ਚੱਲਦੀਆਂ ਨੇ ਕਮਿਊਨਿਸਟ ਲਹਿਰ ਦੇ ਭਵਿੱਖ ਬਾਰੇ, ਕਹਿੰਦੇ ਨੇ, ਕਈ ਵਾਰ ਸਵਾਲ ਉੱਠਦੇ ਨੇ ਸੌ ਸਾਲ ਲੰਘ ਗਏ, ਪੰਜਾਹ ਸਾਲ ਲੰਘ ਗਏ। ਅਜੇ ਇਨਕਲਾਬ ਤਾਂ ਹੋਇਆ ਨਹੀਂ। ਗੱਲ ਇਹ ਹੈ ਇਤਿਹਾਸ ਅੱਗੇ ਕਿਵੇਂ ਜਾਂਦਾ ਹੈ? ਕੋਈ ਵੀ ਗੱਲਾਂ ਦਿਨਾਂ ’ਚ ਨਹੀਂ ਬਦਲਦੀਆਂ, ਯੁੱਗ ਬਦਲਣ ਨੂੰ ਸਦੀਆਂ ਲੱਗੀਆਂ ਨੇ। ਜਿਹੜਾ ਜਾਇਦਾਦ ਪ੍ਰਧਾਨ ਸਮਾਜ ਹੈ ਇਹ ਹਜ਼ਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਹੈ। ਜਿਹੜਾ ਸਮਾਜਵਾਦੀ ਕਮਿਊਨਿਸਟ ਸਮਾਜ ਹੈ ਸੌ-ਡੇਢ ਸੌ ਸਾਲ ਦੀਆਂ ਉਮਰਾਂ ਨੇ ਜਦੋਂ ਇਹ ਵਿਚਾਰ ਆਇਆ। ਇਸ ਵਿਚਾਰ ਨੇ ਆਪਣੇ ਪੈਰ ਜਮਾਉਣੇ ਨੇ। ਜਗੀਰਦਾਰਾਂ ਦੇ ਮੁਕਾਬਲੇ ਦੁਨੀਆਂ ’ਚ ਡੈਮੋਕਰੇਸੀ ਦੇ ਪੈਰ ਜੰਮਣ ਨੂੰ ਕਿੰਨੀਆਂ ਸਦੀਆਂ ਲੱਗੀਆਂ ਨੇ। ਕਦੇ ਡੈਮੋਕਰੇਸੀ ਆ ਗਈ ਕਦੇ ਫਿਰ ਰਾਜਾਸ਼ਾਹੀ ਆ ਗਈ ਕਦੇ ਫਿਰ ਡੈਮੋਕਰੇਸੀ ਆ ਗਈ । ਇਹ ਵਾਪਰਦਾ ਰਿਹਾ ਹੈ। ਸਮਾਜ ਇਸੇ ਤਰ੍ਹਾਂ ਅੱਗੇ ਜਾਂਦਾ ਹੈ। ਤੁਹਾਨੂੰ ਉਸ ਗੱਲ ’ਤੇ ਅਮਲ ਕਰਦੇ ਰਹਿਣਾ ਪੈਂਦਾ ਹੈ, ਤੁਰਦੇ ਰਹਿਣਾ ਪੈਂਦਾ ਹੈ। --0--  

No comments:

Post a Comment