Sunday, November 7, 2021

ਫਿਰਕੂ ਝਗੜੇ- ਰਾਜ ਤੇ ਧਰਮ ਦੀ ਜੋਟੀ ਵਾਲੇ ਪਛੜੇ ਸਮਾਜਾਂ ਦੀ ਹੋਣੀ

 ਫਿਰਕੂ ਝਗੜੇ- ਰਾਜ ਤੇ ਧਰਮ ਦੀ ਜੋਟੀ ਵਾਲੇ ਪਛੜੇ ਸਮਾਜਾਂ ਦੀ ਹੋਣੀ

                            

          ਇਸ ਮਹੀਨੇ ਬੰਗਲਾ ਦੇਸ਼ ਅੰਦਰ ਦੁਰਗਾ ਪੂਜਾ ਮੌਕੇ ਕਈ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਕਿਉਕਿ ਇਹ ਅਫਵਾਹ ਫੈਲ ਗਈ ਸੀ ਕਿ ਪੂਜਾ ਦੇ ਇੱਕ ਪੰਡਾਲ ’ਚ ਕੁਰਾਨ ਦੇ ਪੱਤਰੇ ਪਾੜੇ ਗਏ ਹਨ। ਇਸ ਦਾ ਸਿੱਟਾ 5 ਲੋਕਾਂ ਦੀ ਮੌਤ ਤੇ ਕਈ ਥਾਵਾਂ ’ਤੇ ਅੱਗਜ਼ਨੀ ਦੀਆਂ ਘਟਨਾਵਾਂ ’ਚ ਨਿੱਕਲਿਆ। ਭਾਰਤੀ ਉਪ-ਮਹਾਂਦੀਪ ਦੇ ਇਸ ਖਿੱਤੇ ’ਚ ਇਹ ਘਟਨਾ ਕੋਈ ਅਲੋਕਾਰੀ ਵਰਤਾਰਾ ਨਹੀਂ ਹੈ। ਇਹ ਸੁਭਾਵਕ  ਵਾਂਗ ਹੋ ਗਿਆ ਵਰਤਾਰਾ ਹੈ ਕਿ ਇਸ ਉੱਪ-ਮਹਾਂਦੀਪ ਦੇ ਸਭਨਾਂ ਦੇਸ਼ਾਂ ’ਚ ਕੋਈ ਨਾ ਕੋਈ ਅਜਿਹੀ ਅਫਵਾਹ ਫੈਲਦੀ ਹੈ ਤੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਕਿਸੇ ਨਾ ਕਿਸੇ ਧਰਮ ਨੂੰ ਖਤਰਾ ਪੈਦਾ ਹੁੰਦਾ ਹੈ, ਕਿਸੇ ਬਹੁਗਿਣਤੀ ਧਰਮ ਵਾਲਿਆਂ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਹਨ, ਕਿਸੇ ਧਾਰਮਿਕ ਰਵਾਇਤ ਦੀ ਉਲੰਘਣਾ ਹੋ ਜਾਂਦੀ ਹੈ ਜਾਂ ਕਿਸੇ ਗੁਰੂ ਦਾ ਅਪਮਾਨ ਹੋ ਜਾਂਦਾ ਹੈ, ਤਾਂ ਧਾਰਮਿਕ ਘੱਟ-ਗਿਣਤੀਆਂ ਦੇ ਕਤਲੇਆਮ ਨਾਲ ਇਹ ਭਾਵਨਾਵਾਂ ਸ਼ਾਂਤ ਹੁੰਦੀਆਂ ਹਨ। ਅਜੇ ਤੱਕ ਮੀਆਂਮਾਰ ਦੇ ਰੋਹਿੰਗੀਆ ਭਾਈਚਾਰੇ ਦੇ ਲੋਕ ਕਤਲੇਆਮ ਦੀਆਂ ਪੀੜਾਂ ’ਚ ਦਰ-ਦਰ ਭਟਕ ਰਹੇ ਹਨ। ਸਾਡੇ ਆਪਣੇ ਦੇਸ਼ ਅੰਦਰ ਗਊ ਦੇ ਮਾਰਨ ਦੀ ਅਫਵਾਹ ਚੰਗੇ ਭਲੇ ਕਿਰਤੀ ਵਿਅਕਤੀ ਦੀ ਜਾਨ ਲੈ ਸਕਦੀ ਹੈ। ਸਿੰਘੂ ਬਾਰਡਰ ਤੇ ਨਿਹੰਗ ਸਿੰਘਾਂ ਵੱਲੋਂ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਤੇ ਵਹਿਸ਼ੀਪੁਣੇ ਦੀ ਨੁਮਾਇਸ਼ ਲਾ ਕੇ ਕੀਤਾ ਗਿਆ ਕਤਲ ਵੀ ਇਹਨਾਂ ਵਰਤਾਰਿਆਂ ਦਾ ਹੀ ਹਿੱਸਾ ਸੀ ਜੋ ਸਾਡੇ ਸਮਾਜ ਅੰਦਰ ਵਾਪਰ ਰਹੇ ਹਨ। ਚਾਹੇ ਇਹ ਗਿਣੀ-ਮਿਥੀ ਹਕੂਮਤੀ  ਸਾਜਿਸ਼ ਦਾ ਹਿੱਸਾ ਸੀ, ਪਰ ਇਹਦੀ ਤਾਕਤ ਵੀ ਸਮਾਜ ਅੰਦਰ ਪਨਪਦੇ ਅਜਿਹੇ ਰੁਝਾਨਾਂ ਦੇ ਜੋਰ ’ਤੇ ਹੀ ਰਚੀ ਜਾ ਸਕਦੀ ਹੈ ਜਿੱਥੇ ਕਿਸੇ ਧਾਰਮਿਕ ਅਕੀਦੇ ਦੀ ਆਂਚ ਦੇ ਬਦਲੇ ਅਜਿਹਾ ਕਤਲ ਵਾਜਬ ਸਮਝਿਆ ਜਾਂਦਾ ਹੈ। ਜੇਕਰ ਨਿਹੰਗਾਂ ਦੇ ਭਾਜਪਾ ਸਰਕਾਰ ਨਾਲ ਸੰਬੰਧਾਂ ਬਾਰੇ ਜਾਣਕਾਰੀਆਂ ਉਜਾਗਰ ਨਾ ਹੁੰਦੀਆਂ ਤੇ  ਉਹ ਇਹ ਜਚਾਉਣ ’ਚ ਕਾਮਯਾਬ ਹੋ ਜਾਂਦੇ ਕਿ ਲਖਬੀਰ ਸਿੰਘ ਨਾਂ ਦਾ ਵਿਅਕਤੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਯਤਨ ਕਰ ਰਿਹਾ ਸੀ ਤਾਂ ਬਹੁਤ ਵੱਡੇ ਹਿੱਸੇ ਨੂੰ ਇਹ ਵਹਿਸ਼ੀ ਕਾਰਾ ਵਾਜਬ ਲੱਗਣਾ ਸੀ। ਹੁਣ ਵੀ ਫਿਰਕੂ ਤੇ ਮੌਕਾਪ੍ਰਸਤ ਜਨੂੰਨੀ ਅਨਸਰਾਂ ਨੇ ਇਸ ਨੂੰ ਵਾਜਬ ਠਹਿਰਾਉਣ ਤੇ ਉਚਿਆਉਣ ਦਾ ਯਤਨ ਕੀਤਾ ਹੈ। ਇਸ ਮਧਯੁੱਗੀ ਜਾਲਮ ਕਾਰਵਾਈ ਨੂੰ ਇਨਸਾਫ ਦਾ ਤਕਾਜ਼ਾ ਬਣਾ ਕੇ ਪੇਸ਼ ਕੀਤਾ ਹੈ।

          ਸਾਡੇ ਮੁਲਕ ਦੇ ਆਲੇ-ਦੁਆਲੇ ਦੇ ਕਈ ਮੁਲਕਾਂ ’ਚ ਅਜਿਹੀ ਧਾਰਮਿਕ ਕੱਟੜਤਾ ਤੇ ਕਰੂਰਤਾ ਦਾ ਪਨਪਣਾ ਇਹਨਾਂ ਦੇਸ਼ਾਂ ਦੇ ਸਮਾਜਾਂ ਦਾ ਅਜੇ ਵੀ ਪਛੜੇ ਹੋਣਾ ਹੈ। ਇਸ ਪਛੜੇਵੇਂ ਨੂੰ ਸਾਮਰਾਜੀ ਤਾਕਤਾਂ ਤੇ ਉਹਨਾਂ ਦੀਆਂ ਦਲਾਲ ਹਾਕਮ ਜਮਾਤਾਂ ਆਪਣੇ ਰਾਜਾਂ ਦੀ ਸੇਵਾ ’ਚ ਰੱਜ ਕੇ ਵਰਤ ਰਹੀਆਂ ਹਨ। ਧਾਰਮਿਕ ਵਿਸ਼ਵਾਸ਼ਾਂ ਨੂੰ ਹੋਰ ਡੂੰਘੇ ਕਰਨ, ਵਿਗਿਆਨਕ ਚੇਤਨਾ ਦਾ ਪਸਾਰਾ ਰੋਕਣ, ਧਾਰਮਿਕ ਵਖਰੇਵਿਆਂ/ਝਗੜਿਆਂ ਨੂੰ ਹਵਾ ਦੇਣ ’ਚ ਸਾਮਰਾਜੀ ਤਾਕਤਾਂ ਤੇ ਉਹਨਾਂ ਦੇ ਪਿੱਠੂ ਦੇਸੀ ਹਾਕਮਾਂ ਦਾ ਬਹੁਤ ਵੱਡਾ ਰੋਲ ਹੈ। ਪਰ ਅਜਿਹਾ ਨਹੀਂ ਹੈ ਕਿ ਇਹ ਸਭ ਉਹਨਾਂ ਨੇ ਹੀ  ਪੈਦਾ ਕੀਤਾ ਹੈ। ਉਹਨਾਂ ਨੇ ਤਾਂ ਇਸ ਨੂੰ ਹੋਰ ਡੂੰਘਾ ਕੀਤਾ ਹੈ। ਇਹਨਾਂ ਮੁਲਕਾਂ ’ਚ ਫਿਰਕੂ ਪਾੜਿਆਂ ਨੂੰ ਪੱਕੇ ਤੌਰ ’ਤੇ ਹੀ ਸੇਹ ਦੇ ਤੱਕਲਿਆਂ ਵਾਂਗ ਗੱਡ ਦਿੱਤਾ ਹੈ ਤੇ ਮੌਕਾ-ਦਰ-ਮੌਕਾ ਹਵਾ ਦਿੱਤੀ ਜਾਂਦੀ ਹੈ। ਇਹਨਾਂ ਮੁਲਕਾਂ ’ਚ ਬਸਤੀਵਾਦ ਦੇ ਦੌਰ ਤੋਂ ਪਹਿਲਾਂ ਧਾਰਮਿਕ ਕੱਟੜਤਾ ਆਮ ਵਰਤਾਰਾ ਨਹੀਂ ਸੀ। ਚਾਹੇ ਰਾਜਿਆਂ ਵੱਲੋਂ ਵੀ ਧਰਮ ਦਾ ਆਸਰਾ ਲੈ ਕੇ ਰਾਜ ਕੀਤਾ ਜਾਂਦਾ ਸੀ ਪਰ ਧਾਰਮਿਕ ਦੰਗੇ ਤੇ ਕਤਲੇਆਮ ਇਉਂ ਆਮ ਵਰਤਾਰਾ ਨਹੀਂ ਸੀ। ਇਹ ਸਮਾਜਕ ਪਛੜੇਵੇਂ ਦਾ ਉਹ ਸਮਾਜਿਕ ਪਹਿਲੂ ਹੈ ਜਿਸ ਨੂੰ ਕਾਇਮ ਰੱਖਣ ’ਚ ਸਾਮਰਾਜੀ ਰਜ਼ਾ ਨਾਲ ਚਲਦੇ ਇਹਨਾਂ ਰਾਜਾਂ ਦਾ ਵੱਡਾ ਹਿੱਤ ਹੈ। ਇਹਨਾਂ ਸਭਨਾਂ ਰਾਜਾਂ ’ਚ ਸਿਆਸਤ ਧਰਮ ਦੇ ਆਸਰੇ ਚਲਦੀ ਹੈ ਕਿਉਂਕਿ ਸਮਾਜਕ ਜੀਵਨ ਅੰਦਰ ਧਾਰਮਿਕ ਰਹੁ-ਰੀਤਾਂ, ਰਿਵਾਜਾਂ, ਅਕੀਦਿਆਂ ਦਾ ਬਹੁਤ ਬੋਲਬਾਲਾ ਹੈ। ਸਮਾਜ ਅੰਦਰ ਵਿਗਿਆਨਕ ਤੇ ਜਮਹੂਰੀ ਚੇਤਨਾ ਦਾ ਵਿਕਾਸ ਨਹੀਂ ਹੋ ਸਕਿਆ, ਕਿਉਂਕਿ ਸਾਮਰਾਜੀਆਂ ਨੇ ਆਪਣੀ ਬਸਤੀਵਾਦੀ ਲੁੱਟ ਲਈ ਇਸ ਵਿਕਾਸ ਨੂੰ ਰੋਕ ਦਿੱਤਾ। ਭਾਵ ਕਿ ਇਹਨਾਂ ਸਮਾਜਾਂ ਅੰਦਰ ਜਗੀਰਦਾਰੀ ਤੋਂ ਅੱਗੇ ਸਰਮਾਏਦਾਰਾ ਵਿਕਾਸ ਅਮਲ ਨੂੰ ਸਾਮਰਾਜੀ ਦਖਲ ਨੇ ਬੰਨ੍ਹ ਮਾਰ ਦਿੱਤਾ। ਇਹ ਸਰਮਾਏਦਾਰੀ ਵਿਕਾਸ ਹੀ ਹੈ ਜਿਹੜਾ ਇਹਨਾਂ ਪਛੜੇ ਸਮਾਜਾਂ ’ਚ ਜਮਹੂਰੀਅਤ ਤੇ ਵਿਗਿਆਨਕ ਚੇਤਨਾ ਦੇ ਪਸਾਰੇ ਦਾ ਅਮਲ ਛੇੜਦਾ ਹੈ। ਇਸ ਵਿਕਾਸ ਨਾਲ ਹੀ ਸਮਾਜਿਕ ਜੀਵਨ ਅੰਦਰ ਧਰਮ ਦਾ ਦਖਲ ਬੇਹੱਦ ਸੀਮਤ ਹੁੰਦਾ ਹੈ ਜਿਵੇਂ ਪਹਿਲਾਂ ਯੂਰਪੀ ਸਮਾਜਾਂ ਅੰਦਰ ਵਾਪਰਿਆ ਜਾਂ ਸਮਾਜਵਾਦੀ ਦੇਸ਼ਾਂ ਅੰਦਰ ਹੋਇਆ। ਧਰਮ ਨਾਲੋਂ ਅਲੱਗ ਕਰ ਦਿੱਤਾ ਗਿਆ।

          ਸਾਡੇ ਆਪਣੇ ਮੁਲਕ ਅੰਦਰ ਪਿਛਲੇ ਕਈ ਦਹਾਕਿਆਂ ਤੋਂ ਮੁਸਲਮਾਨ ਧਾਰਮਿਕ ਘੱਟ-ਗਿਣਤੀ ਭਾਈਚਾਰੇ ਨੂੰ ਆਮ ਕਰਕੇ ਫਿਰਕੂ ਪਾਲਾਬੰਦੀਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਿੰਦੂ-ਮੁਸਲਿਮ ਪਾਟਕਾਂ ਦੀ ਸਿਆਸਤ ਦਾ ਬੋਲਬਾਲਾ ਵਧਦਾ ਆ ਰਿਹਾ ਹੈ। ਸਾਮਰਾਜੀ ਸੰਸਾਰੀਕਰਨ ਦੀਆਂ ਨੀਤੀਆਂ ਦੇ ਦੌਰ ’ਚ ਹਾਕਮਾਂ ਨੂੰ ਇਸ ਵੰਡ-ਪਾਊ ਸਿਆਸਤ ਦੀ ਜ਼ਰੂਰਤ ਹੋਰ ਜ਼ਿਆਦਾ ਮਹਿਸੂਸ ਹੁੰਦੀ ਹੈ। ਨਵੀਆਂ ਆਰਥਿਕ ਨੀਤੀਆਂ ’ਤੇ ਸਭਨਾਂ ਦੀ ਸਹਿਮਤੀ ਹੋਣ ਕਾਰਨ ਆਪਸੀ ਸ਼ਰੀਕਾ ਭੇੜ ਲਈ ਫਿਰਕੂ ਮੁੱਦਿਆਂ ’ਤੇ ਟੇਕ ਵਧਦੀ ਜਾਂਦੀ ਹੈ। 2014 ’ਚ ਸੱਤਾ ’ਤੇ ਬੈਠੀ ਮੋਦੀ ਜੁੰਡਲੀ ਨੇ ਮੁਸਲਮਾਨ ਭਾਈਚਾਰੇ ਨੂੰ ਵਿਸ਼ੇਸ਼ ਕਰਕੇ ਫਿਰਕੂ ਪਾਲਾਬੰਦੀਆਂ ਦਾ ਨਿਸ਼ਾਨਾ ਬਣਾਇਆ ਹੈ। ਇਸ ਦਾ ਸਿੱਟਾ ਇਹ ਨਿੱਕਲਿਆ ਹੈ ਕਿ ਆਸ-ਪਾਸ ਵਸਦੇ ਮੁਸਲਿਮ ਬਹੁ-ਗਿਣਤੀ ਵਾਲੇ ਦੇਸ਼ਾਂ ਅੰਦਰ ਭਾਰਤੀ ਹਿੰਦੂਆਂ ਪ੍ਰਤੀ ਨਫਰਤ ਦਾ ਪਸਾਰਾ ਹੋਇਆ ਹੈ ਤੇ ਉਥੋਂ ਦੇ ਸਿਆਸਤਦਾਨਾਂ ਨੇ ਇਸ ਨੂੰ ਹਵਾ ਦਿੱਤੀ ਹੈ। ਇਸ ਦਾ ਸਿੱਟਾ ਇਹਨਾਂ ਮੁਲਕਾਂ ਅੰਦਰ ਘੱਟ-ਗਿਣਤੀ ਹਿੰਦੂ ਭਾਈਚਾਰੇ ਖਿਲਾਫ ਫਿਰਕੂ ਪਾਲਾਬੰਦੀਆਂ ’ਚ ਨਿੱਕਲ ਰਿਹਾ ਹੈ। ਹਿੰਦੂ ਧਾਰਮਿਕ ਘੱਟ-ਗਿਣਤੀ ਭਾਈਚਾਰੇ ਤੇ ਫਿਰਕੂ ਹਮਲਿਆਂ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ। ਫਿਰਕੂ ਜ਼ਹਿਰ ਪਸਾਰੇ ਦਾ ਇਹ ਚੱਕਰ ਬਹੁਤ ਵਸੀਹ ਪੱਧਰ ’ਤੇ ਚਲਦਾ ਰਹਿੰਦਾ ਹੈ। ਆਸ-ਪਾਸ ਦੇ ਮੁਲਕਾਂ ’ਚ ਹਿੰਦੂ ਭਾਈਚਾਰੇ ਖਿਲਾਫ ਹਮਲਿਆਂ ਦੀਆਂ ਇਹਨਾਂ ਘਟਨਵਾਂ ਨੂੰ ਹੀ ਮੋਦੀ ਸਰਕਾਰ ਨੇ ਸੀ ਏ ਏ ਕਾਨੂੰਨ ਦੀ ਵਜਾਹਤ ’ਚ ਜਚਾਉਣ ਲਈ ਵਰਤਿਆ ਹੈ। ਇਉ ਫਿਰਕੂ ਤਣਾਅ ਦੇ ਇਸ ਪਸਰਦੇ ਮਹੌਲ ਦਾ ਲਾਹਾ ਇਹਨਾਂ ਮੁਲਕਾਂ ਦੀਆਂ ਹਾਕਮ ਜੁੰਡਲੀਆਂ ਆਪਣੇ ਹਿੱਤਾਂ ਦੇ ਵਧਾਰੇ ਲਈ ਲੈਂਦੀਆਂ ਹਨ। ਇੱਕ ਮੁਲਕ ਅੰਦਰ ਵਧਦੇ ਫਿਰਕੂ ਪਾੜਿਆਂ ਦਾ ਅਸਰ ਦੂਸਰੇ ਮੁਲਕਾਂ ਤੱਕ ਜਾਂਦਾ ਹੈ।  ਰਾਜ ਅੰਦਰ ਧਰਮ ਦੀ ਸਿੱਧੀ ਦਖਲ ਅੰਦਾਜੀ ਕਾਰਨ ਹੀ ਇਹਨਾਂ ਦੇਸ਼ਾਂ ’ਚ ਨਾਸਤਿਕ ਲੋਕਾਂ ਲਈ ਵੀ ਸਭ ਤੋਂ ਮੁਸ਼ਕਲ ਹਾਲਾਤ ਬਣਦੇ ਹਨ ਕਿਉਕਿ ਨਾ ਤਾਂ ਸਮਾਜ ਅੰਦਰ ਤੇ ਨਾ ਹੀ ਰਾਜ ਤੰਤਰ ਦੇ ਅੰਦਰ ਉਹਨਾਂ ਨੂੰ ਕੋਈ ਪ੍ਰਵਾਨਗੀ ਮਿਲਦੀ ਹੈ। ਉਹਨਾਂ ਨੂੰ ਜਬਰਨ ਸਮਜਿਕ ਰਹੁ-ਰੀਤਾਂ ਤੇ ਅਕੀਦਿਆਂ ਦੇ ਪੇਸ਼ ਪੈਣਾ ਪੈਂਦਾ ਹੈ ਤੇ  ਉਹਨਾਂ ਦੀ ਗੈਰ-ਧਾਰਮਿਕ ਰਹਿਣ ਦੀ ਜਮਹੂਰੀ ਰਜ਼ਾ ਨੂੰ ਬੁਰੀ ਤਰ੍ਹਾਂ ਕੁਚਲਿਆ ਜਾਂਦਾ ਹੈ।

          ਇਸ ਫਿਰਕੂ ਤੇ ਪਾਟਕਪਾਊ ਮਹੌਲ ਤੋਂ ਛੁਟਕਾਰਾ ਇਹਨਾਂ ਮੁਲਕਾਂ ਦੇ ਸਮਾਜਾਂ ਦੇ ਜਮਹੂਰੀਕਰਨ ਨਾਲ ਜੁੜਿਆ ਹੋਇਆ ਹੈ। ਜਮਹੂਰੀਕਰਨ ਨੂੰ ਬੰਨ੍ਹ ਸਾਮਰਾਜੀ ਦਾਬੇ ਤੇ ਗੁਲਾਮੀ ਨੇ ਮਾਰਿਆ ਹੋਇਆ ਹੈ ਜਿਹੜਾ ਨਾ ਸਿਰਫ ਇਹਨਾਂ ਮੁਲਕਾਂ ਨੂੰ ਪਛੜੇਵੇਂ ’ਚ ਰੱਖਣ ਲਈ ਜਿੰਮੇਵਾਰ ਹੈ ਸਗੋਂ ਇਹਨਾਂ  ਸਮਾਜਾਂ ਅੰਦਰ ਫਿਰਕੂ ਜ਼ਹਿਰ ਦਾ ਪਸਾਰਾ ਕਰਦਾ ਆ ਰਿਹਾ ਹੈ। ਇਸ ਲਈ ਕੌਮੀ ਜਮਹੂਰੀ ਇਨਕਲਾਬਾਂ ਤੋਂ ਬਿਨਾਂ ਇਹਨਾਂ ਮੁਲਕਾਂ ਦੇ ਲੋਕਾਂ ਦਾ ਅਜਿਹੇ ਕਰੂਰ ਜੁਲਮਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਧਾਰਮਿਕ ਝਗੜਿਆਂ ਤੇ ਧਰਮ ਦੇ ਨਾਂ ਤੇ ਵਰ੍ਹਦੇ ਕਹਿਰਾਂ ਤੋਂ ਨਿਜਾਤ ਪਾਉਣਾ ਚਾਹੁੰਦੇ ਹਰ ਧਰਮ-ਨਿਰਪੱਖ ਤੇ ਅਮਨ-ਪਸੰਦ ਵਿਅਕਤੀ ਦਾ ਹਿੱਤ ਹੈ ਕਿ ਉਹ ਇਹਨਾਂ ਸਮਾਜਾਂ ਅੰਦਰ ਸਾਮਰਾਜ ਵਿਰੋਧੀ ਜਮਹੂਰੀ ਇਨਕਲਾਬਾਂ ਦੀ ਸੇਵਾ ਵਿਚ ਹਿੱਸਾ ਪਾਵੇ।  

No comments:

Post a Comment