Saturday, November 6, 2021

ਪੰਜਾਬੀ ਟਿ੍ਰਬਿਊਨ ਦੇ ਸੰਪਾਦਕ ਸਵਰਾਜਬੀਰ ਖਿਲਾਫ ਗੁੰਮਰਾਹਕਰੂ ਪ੍ਰਚਾਰ ਦੀ ਨਿੰਦਾ

 

ਪੰਜਾਬੀ ਟਿ੍ਰਬਿਊਨ ਦੇ ਸੰਪਾਦਕ ਸਵਰਾਜਬੀਰ ਖਿਲਾਫ ਗੁੰਮਰਾਹਕਰੂ ਪ੍ਰਚਾਰ ਦੀ ਨਿੰਦਾ

 

 ਬੀ ਕੇ ਯੂ ਏਕਤਾ (ਉਗਰਾਹਾਂ) ਨੇ ਕਿਸਾਨ ਸੰਘਰਸ਼ ਦੇ ਦੋਖੀ ਇੱਕ  ਵਿਅਕਤੀ ਵੱਲੋਂ ਪੰਜਾਬੀ ਟਿ੍ਰਬਿਊਨ ਦੇ ਸੰਪਾਦਕ ਸਵਰਾਜਬੀਰ ਖਿਲਾਫ ਤੁਅੱਸਬੀ ਇਲਜ਼ਾਮਬਾਜੀ ਵਾਲੇ ਗੁੰਮਰਾਹਕਰੂ ਪ੍ਰਚਾਰ  ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ  ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬੀ ਟਿ੍ਬਿਊਨ ਦੇ ਸੰਪਾਦਕ ਵਜੋਂ ਸਵਰਾਜਬੀਰ ਨੇ ਇੱਕ  ਲੋਕ ਹਿਤੈਸ਼ੀ,  ਜਮਹੂਰੀ ਤੇ ਧਰਮ ਨਿਰਪੱਖ ਪੱਤਰਕਾਰਤਾ ਦੀ ਮਿਸਾਲ ਕਾਇਮ ਕੀਤੀ ਹੈ। ਅਖਬਾਰ ਵਿਚਲੀਆਂ ਉਨ੍ਹਾਂ ਦੀਆਂ ਸੰਪਾਦਕੀ ਟਿੱਪਣੀਆਂ ਤੇ ਲਿਖਤਾਂ ਨੇ ਕਿਸਾਨ ਸੰਘਰਸ਼ ਦੇ ਸਰੋਕਾਰਾਂ ਨੂੰ ਬਹੁਤ ਸਪੱਸ਼ਟਤਾ ਨਾਲ ਲੋਕਾਂ ਤੱਕ ਪਹੁੰਚਾਇਆ ਹੈ। ਸੰਘਰਸ਼ ਦੇ ਨਰੋਏ ਪਹਿਲੂਆਂ ਨੂੰ ਉਚਿਆਇਆ ਹੈ ਤੇ ਵੇਲੇ ਸਿਰ ਇਸ ਦੀਆਂ ਸੀਮਤਾਈਆਂ ਤੇ ਉਂਗਲ ਧਰੀ ਹੈ। ਸਭ ਤੋਂ ਵਧ ਕੇ ਉਨ੍ਹਾਂ ਨੇ ਮੋਦੀ ਸਰਕਾਰ ਅਤੇ ਸੰਘਰਸ਼ ਦੋਖੀ ਤਾਕਤਾਂ ਵੱਲੋਂ ਸੰਘਰਸ਼ ਖ਼ਿਲਾਫ਼ ਰਚੀਆਂ ਜਾ ਰਹੀਆਂ ਸਾਜ਼ਿਸ਼ਾਂ ਤੋਂ ਕਿਸਾਨਾਂ ਤੇ ਹਮਾਇਤੀ ਲੋਕਾਂ ਨੂੰ ਸੁਚੇਤ ਕੀਤਾ ਹੈ। ਉਨ੍ਹਾਂ ਦੀ ਸੰਪਾਦਕੀ ਹੇਠ ਪੰਜਾਬੀ ਟਿ੍ਬਿਊਨ ਨੇ ਕਿਸਾਨ ਸੰਘਰਸ਼ ਅੰਦਰ ਬਹੁਤ ਸ਼ਾਨਦਾਰ ਭੂਮਿਕਾ ਅਦਾ ਕੀਤੀ ਹੈ। ਉਹ ਪੰਜਾਬ ਦੇ ਉਨ੍ਹਾੰ ਲੋਕ ਪੱਖੀ ਬੁੱਧੀਜੀਵੀਆਂ ਅਤੇ ਸਾਹਿਤਕਾਰਾਂ ’ਚ ਸ਼ੁਮਾਰ ਹਨ ਜਿਨ੍ਹਾੰ ਦੀ ਕਲਮ ਨੇ ਹਮੇਸ਼ਾ ਲੋਕਾਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਈ ਹੈ।

ਮੋਦੀ ਹਕੂਮਤ ਦੀ ਸ਼ਹਿ ’ਤੇ ਲਾਲ ਕਿਲੇ ਉੱਪਰ ਧਾਰਮਿਕ ਝੰਡਾ ਝੁਲਾ ਕੇ ਕਿਸਾਨ ਸੰਘਰਸ਼ ਨੂੰ ਆਪਣੇ ਸੌੜੇ ਸਿਆਸੀ ਤੇ ਫਿਰਕੂ ਮਕਸਦਾਂ ਲਈ ਵਰਤਣਾ ਚਾਹੁੰਦੇ ਇਸ ਵਿਅਕਤੀ ਨੂੰ ਸਭ ਤੋਂ ਵੱਧ ਤਕਲੀਫ ਸਵਰਾਜਬੀਰ ਵੱਲੋਂ ਧਰਮ ਨਿਰਪੱਖ ਪੈਂਤੜੇ ਤੋਂ ਖੜ੍ਹ ਕੇ ਕਿਸਾਨ ਸੰਘਰਸ਼ ਦੀ ਕੀਤੀ ਗਈ ਹਮਾਇਤ ਦੀ ਹੈ। ਸਵਰਾਜਬੀਰ ਨੇ ਆਪਣੀਆਂ ਲਿਖਤਾਂ ਵਿਚ ਗੁਰਬਾਣੀ ਦੇ ਹਵਾਲਿਆਂ ਨਾਲ ਸਿੱਖ ਧਰਮ ਦੀਆਂ ਜਮਹੂਰੀ ਰਵਾਇਤਾਂ ਨੂੰ ਉਭਾਰਦਿਆਂ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਖਿਲਾਫ ਆਵਾਜ਼ ਉਠਾਈ ਹੈ। ਕਿਸਾਨ ਮੋਰਚੇ ਅੰਦਰ ਖੌਰੂ ਪਾਊ ਭੜਕਾਊ ਅਨਸਰਾਂ ਦਾ ਬਹੁਤ ਵੇਲੇ ਸਿਰ ਪਰਦਾਚਾਕ ਕੀਤਾ ਹੈ। ਕਿਸਾਨ ਸੰਘਰਸ਼ ਨੂੰ ਧਰਮ ਨਿਰਲੇਪ ਰੱਖਣ ਦੀ ਇਹ ਪਹੁੰਚ ਹੀ ਉਸ ਨੂੰ ਸਭ ਤੋਂ ਵੱਧ ਰੜਕਦੀ ਹੈ ਕਿਉਂਕਿ ਇਹ ਪਹੁੰਚ ਉਸ ਵਰਗੀਆਂ ਮੌਕਾਪ੍ਰਸਤ ਤਾਕਤਾਂ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੰਦੀ। ਇਸੇ ਬੌਖਲਾਹਟ ਵਿਚ ਉਹ ਸਵਰਾਜਬੀਰ ਉੱਪਰ ਸਟੇਟ ਦੀ ਬੋਲੀ ਬੋਲਣ’’ ਦੇ ਬੇ-ਸਿਰ ਪੈਰ ਇਲਜ਼ਾਮ ਲਾ ਰਿਹਾ ਹੈ। ਇਹ ਲੋਕ ਜਾਣਦੇ ਹਨ ਕਿ ਕੌਣ ਰਾਜ ਸੱਤਾ ਦੇ ਹੱਥਾਂ ’ਚ ਖੇਡਦਾ ਹੈ,ਕੌਣ  ਰਾਜ ਸੱਤਾ ’ਤੇ ਬੈਠਣ ਦੇ ਜੁਗਾੜ ਕਰਨ ਵਿੱਚ ਰੁੱਝਿਆ ਹੋਇਆ ਹੈ ਤੇ ਕੌਣ ਲੋਕਾਂ ਦੇ ਹਿੱਤਾਂ ਨਾਲ ਵਫ਼ਾਦਾਰੀ ਨਿਭਾ ਰਿਹਾ ਹੈ। ਭਾਜਪਾਈ ਹਕੂਮਤ ਦੇ ਹੱਥਾਂ ’ਚ ਖੇਡ ਕੇ ਕਿਸਾਨ ਸੰਘਰਸ਼ ਨਾਲ ਵੈਰ ਕਮਾਉਣ ਦਾ ਉਸ ਦਾ ਅਮਲ ਅਜੇ ਕਿਸਾਨਾਂ ਦੇ ਮਨ ’ਚ ਸੱਜਰਾ ਹੈ।

 ਕਿਸਾਨ ਲਹਿਰ ਆਪਣੇ ਸਭਨਾਂ ਸੱਚੇ ਹਮਾਇਤੀਆਂ ਤੇ ਹਿਤੈਸ਼ੀਆਂ ਦੇ ਨਾਲ ਡਟ ਕੇ ਖੜ੍ਹਦੀ ਆ ਰਹੀ ਹੈ ਤੇ ਹਮੇਸ਼ਾ ਖੜ੍ਹੇਗੀ। ਤੇ ਨਾ ਹੀ ਉਨ੍ਹਾਂ ਦੇ ਅਦਾਰੇ ਨੂੰ ਅਜਿਹੀਆਂ ਬੇਸਿਰ ਪੈਰ ਸ਼ਿਕਾਇਤਾਂ ਉਨ੍ਹਾਂ ਦੀ ਕਲਮ ਦੀ ਜੁਬਾਨਬੰਦੀ ਕਰ ਸਕਦੀਆਂ ਹਨ। ਸਾਡਾ ਡੂੰਘਾ ਵਿਸ਼ਵਾਸ਼ ਹੈ  ਕਿ ਪੰਜਾਬੀ ਸਾਹਿਤਕਾਰਾਂ ਤੇ ਕਲਮਕਾਰਾਂ ਦੀ ਕਿਰਤੀ ਲੋਕਾਂ ਨਾਲ ਗੂੜ੍ਹੀ ਵਫਾ ਅਜਿਹੀ ਭਟਕਾਊ ਬਿਆਨਬਾਜ਼ੀ ਨਾਲ ਥਿੜਕਣ ਵਾਲੀ ਨਹੀਂ ਹੈ। ਅਜਿਹੀ ਬਿਆਨਬਾਜੀ ਕਿਸਾਨ ਸੰਘਰਸ਼ ਦੇ ਦੋਖੀ ਵਜੋਂ ਉਸ ਵਿਆਕਤੀ ਦੀ ਪਛਾਣ ਨੂੰ ਹੋਰ ਗੂੜ੍ਹੀ ਕਰ ਰਹੀ ਹੈ।

ਵੱਲੋਂ : ਸੂਬਾ ਕਮੇਟੀ, ਬੀ ਕੇ ਯੂ ਏਕਤਾ (ਉਗਰਾਹਾਂ)

No comments:

Post a Comment