Sunday, November 7, 2021

ਮੱਪਿਲਾ ਬਗਾਵਤ : ਸੰਗਰਾਮੀ ਲੋਕ ਇਤਿਹਾਸ ਦੀ ਮਨਚਾਹੀ ਪੇਸ਼ਕਾਰੀ ਦੀਆਂ ਕੋਸ਼ਿਸ਼ਾਂ

   ਸੰਗਰਾਮੀ ਲੋਕ ਇਤਿਹਾਸ ਦੀ ਮਨਚਾਹੀ ਪੇਸ਼ਕਾਰੀ ਦੀਆਂ ਕੋਸ਼ਿਸ਼ਾਂ

ਮੱਪਿਲਾ ਬਗਾਵਤ ਦੇ ਹਥਿਆਰਬੰਦ ਆਗੂ ਲੋਕ ਚੇਤਿਆਂ ’ਚੋਂ ਨਹੀਂ ਮਿਟਣਗੇ..

                                                                                     

 ਕਿਸੇ ਕੌਮ ਦੇ ਯੋਧਿਆਂ ਵੱਲੋਂ ਆਪਣੇ ਲਹੂ ਸੰਗ ਲਿਖਿਆ ਇਤਿਹਾਸ ਉਥੋਂ ਦੇ ਲੋਕਾਂ ਦਾ ਸਰਮਾਇਆ ਹੁੰਦਾ ਹੈ। ਉਹਨਾਂ ਦੀ ਘਾਲਣਾ ਬੀਤੇ ਦਾ ਮਾਣ ਤੇ ਭਵਿੱਖ ਦੀ ਪ੍ਰੇਰਨਾ ਬਣ ਕੇ ਲੋਕਾਂ ਦੇ ਅੰਗ ਸੰਗ ਧੜਕਦੀ ਹੈ। ਉਨਾਂ ਦੀ ਯਾਦ ਸਥਾਪਤੀ ਖਿਲਾਫ ਭਿੜਨ ਲਈ,ਸਾਂਝੀ ਹੋਣੀ ਬਦਲਣ ਲਈ ਨਿੱਤਰ ਪੈਣ ਲਈ ਤੇ ਆਪਣੇ ਅਕੀਦੇ ਲਈ ਪੁੱਗ ਜਾਣ ਲਈ ਰਾਹ ਦਰਸਾਵਾ ਹੁੰਦੀ ਹੈ। ਜਦੋਂ ਕਿਸੇ ਵਿਅਕਤੀ ਦੇ ਮੂੰਹੋਂ ਸੁਤੇ ਸਿੱਧ ਹੀ ਅਜੇਹੇ ਸ਼ਬਦ ਨਿਕਲਦੇ ਹਨ ਕਿ ਹੁਣ ਪੰਗਾ ਪੰਜਾਬੀ ਕੌਮ ਨਾਲ ਪੈ ਗਿਆ’’ ਤਾਂ ਅਜੇਹੇ ਦਾਅਵੇ ਪਿੱਛੇ ਕੌਮੀ ਸ਼ਹੀਦਾਂ ਦੀ ਕਰਨੀ ਦਾ ਫ਼ਖਰ ਵੀ ਹੁੰਦਾ ਹੈ ਅਤੇ ਆਪ ਉਸ ਕਰਨੀ ਨੂੰ ਬੁਲੰਦ ਰੱਖਣ ਦਾ ਜਜ਼ਬਾ ਵੀ ਹੁੰਦਾ ਹੈ। ਇਸ ਕਰ ਕੇ ਆਪਣੀ ਵਿਰਾਸਤ ਨਾਲ ਜੋੜਦੀਆਂ ਇਹ ਯਾਦਾਂ ਜਿੱਥੇ ਲੋਕ ਲਹਿਰਾਂ ਦੀ ਧੜਕਣ ਹੁੰਦੀਆਂ ਹਨ, ਉਥੇ ਸਥਾਪਤੀ ਦੇ ਅੱਖ ਦਾ ਰੋੜ ਵੀ ਹੁੰਦੀਆਂ ਹਨ। ਜਦੋਂ ਲੋਕ ਸੰਘਰਸ਼ਾਂ ਤੇ ਜੋਬਨ ਆਉਂਦਾ ਹੈ ਤਾਂ ਇੱਕ ਪਾਸੇ ਕਿਸੇ ਵੀ ਹੋਰ ਮੌਕੇ ਨਾਲੋਂ ਵਧ ਕੇ ਲੋਕ ਇਸ ਵਿਰਾਸਤ ਨੂੰ ਮੁੜ ਜਿਉਂਦਾ ਕਰਦੇ ਹਨ, ਇਸ ਨਾਲ ਟੁੰਬੇ ਜਾਂਦੇ ਹਨ ਅਤੇ ਇਸ ਨੂੰ ਹੋਰ ਭਰਪੂਰ ਕਰਨ ਤੁਰਦੇ ਹਨ। ਦੂਜੇ ਪਾਸੇ ਲੋਕ ਦੋਖੀ ਹਾਕਮਾਂ ਦੀ ਇਸ ਵਿਰਾਸਤ ਨੂੰ ਮੇਟਣ, ਧੁੰਦਲਾਉਣ ਦੀ ਲੋੜ ਹੋਰ ਵੀ ਵਧ ਜਾਂਦੀ ਹੈ। ਇਹੋ ਕੁਝ ਮੋਦੀ ਹਕੂਮਤ ਪਿਛਲੇ ਅਰਸੇ ਵਿੱਚ ਕਰ ਰਹੀ ਹੈ।

       ਮੌਜੂਦਾ ਸਮਾਂ ਉਹ ਹੈ ਜਦੋਂ ਭਾਰਤ ਦੇ ਕਿਰਤੀ ਲੋਕਾਂ ਅੰਦਰ ਤਬਦੀਲੀ ਦੀ ਤਾਂਘ ਬਹੁਤ ਤਿੱਖੀ ਹੋਈ ਹੈ ਅਤੇ ਜਗੀਰੂ ਸਾਮਰਾਜੀ ਲੁੱਟ ਖਿਲਾਫ ਉਨ੍ਹਾਂ ਅੰਦਰ ਹਿਲਜੁਲ ਵਧੀ ਹੈ। ਲੋਕ ਥਾਂ ਪਰ ਥਾਂ ਸੰਘਰਸ਼ ਅਖਾੜਿਆਂ ਵਿੱਚ ਨਿੱਤਰੇ ਹੋਏ ਹਨ। ਤੇ ਇਸੇ ਸਮੇਂ ਦੌਰਾਨ ਹਾਕਮ ਜਮਾਤਾਂ ਨੇ ਲੋਕਾਂ ਦੀ ਵਿਰਾਸਤ ਧੁੰਦਲਾਉਣ ਅਤੇ ਇਸ ਦੀ ਮਨ ਇੱਛਤ ਰੂਪ ਬਦਲੀ ਕਰਨ ਦੀਆਂ ਅਨੇਕਾਂ ਪਾਸਿਆਂ ਤੋਂ ਕੋਸ਼ਿਸ਼ਾਂ ਕੀਤੀਆਂ ਹਨ।

      ਅਜਿਹੀ ਇੱਕ ਕੋਸ਼ਿਸ਼ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ਦੇ ਨਾਂ ਹੇਠ ਇਸ ਦੀ ਹਕੀਕੀ ਤਸਵੀਰ ਬਦਲ ਦੇਣ  ਦੇ ਅਮਲ ਵਿੱਚੋਂ ਵੀ ਦੇਖੀ ਜਾ ਸਕਦੀ ਹੈ। ਪਹਿਲਾਂ ਜਲ੍ਹਿਆਂਵਾਲਾ ਬਾਗ ਕੌਮੀ ਸਮਾਰਕ ਐਕਟ 1951ਵਿੱਚ ਸੋਧਾਂ ਕਰਕੇ ਇਸ ਦੇ ਟਰੱਸਟ ਉਪਰ ਮੋਦੀ ਹਕੂਮਤ ਵੱਲੋਂ ਆਪਣਾ ਕੰਟਰੋਲ ਵਧਾਇਆ ਗਿਆ। ਫਿਰ ਇਸ ਵੱਲੋਂ ਨਵੀਨੀਕਰਨ ਦੇ ਨਾਂ ਹੇਠ ਬਾਗ਼ ਦੇ ਚੱਪੇ ਚੱਪੇ ’ਤੇ ਉੱਕਰੀਆਂ  ਸਾਮਰਾਜੀ ਵਹਿਸ਼ਤ ਦੀਆਂ ਨਿਸ਼ਾਨੀਆਂ ਮੇਸ ਦਿੱਤੀਆਂ ਗਈਆਂ ਅਤੇ ਇਸ ਨੂੰ ਇੱਕ ਨਿਰਜਿੰਦ ਟੂਰਿਸਟ ਜਗਾਹ  ਵਿੱਚ ਬਦਲਣ ਦੀ ਘਾੜਤ ਘੜੀ ਗਈ। ਇਨ੍ਹਾਂ ਨਿਸ਼ਾਨੀਆਂ ਨੂੰ ਵੇਖਦੇ ਲੋਕ ਉਨ੍ਹਾਂ ਘੜੀਆਂ ਨੂੰ ਜਿਊਂਦੇ ਸਨ ਜੋ ਘੜੀਆਂ ਸਾਮਰਾਜ ਦੇ ਖ਼ਿਲਾਫ਼ ਲੜ ਰਹੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੇ ਹੰਢਾਈਆਂ ਸਨ। ਇਹ ਨਿਸ਼ਾਨੀਆਂ ਲੋਕਾਂ ਦੇ ਵਲਵਲਿਆਂ ਨੂੰ ਹਲੂਣਦੀਆਂ ਸਨ,ਇਸ ਬਾਗ ਦੀ ਮਿੱਟੀ ਵਿੱਚ ਖੂਨ ਡੋਲ ਗਏ ਸ਼ਹੀਦਾਂ ਨਾਲ ਜੋੜਦੀਆਂ ਸਨਇਨਾਂ ਨੂੰ ਮਿਟਾ ਕੇ ਮੋਦੀ ਹਕੂਮਤ ਵੱਲੋਂ ਲੋਕਾਂ ਨੂੰ ਇਨ੍ਹਾਂ ਵਲਵਲਿਆਂ ਤੋਂ ਅਭਿੱਜ ਰੱਖਣ  ਕੋਸ਼ਿਸ਼ ਕੀਤੀ ਗਈ ਹੈ।

           ਇਤਿਹਾਸ ਦੀ ਰੂਪ ਬਦਲੀ ਦੀ ਇੱਕ ਹੋਰ ਕੋਸ਼ਿਸ਼ ਸਾਵਰਕਰ ਵਰਗੇ ਕੌਮੀ ਗ਼ੱਦਾਰਾਂ ਨੂੰ ਮੋਦੀ ਹਕੂਮਤ ਵੱਲੋਂ ਕੌਮੀ ਨਾਇਕਾਂ ਵਜੋਂ ਪੇਸ਼ ਕੀਤੇ ਜਾਣ  ਰਾਹੀਂ ਹੋ ਰਹੀ ਹੈ। ਦੇਸ਼ ਭਗਤ ਵਿਰਾਸਤ ਦਾ ਦਾਅਵਾ ਕਰਨ ਪੱਖੋਂ ਭਾਜਪਾ ਦੀ ਝੋਲੀ ਖਾਲੀ ਹੈ। ਸਗੋਂ ਕੌਮੀ ਮੁਕਤੀ ਲਹਿਰ ਵਿੱਚ ਜਨ ਸੰਘ ਦਾ ਪਿਛੋਕੜ ਸਾਮਰਾਜ ਭਗਤੀ ਅਤੇ ਲੋਕ ਗਦਾਰੀ ਦਾ ਹੀ ਰਿਹਾ ਹੈ। ਪਰ ਇਹ ਪੂਰੀ ਬੇਸ਼ਰਮੀ ਨਾਲ ਹੈੱਡਗੇਵਾਰ, ਗੋਲਵਾਲਕਰ ਤੋਂ  ਲੈ ਕੇ ਅੰਗਰੇਜ਼ਾਂ ਨੂੰ ਲਿਖਤੀ ਮੁਆਫੀਨਾਮਾ ਦੇ ਕੇ ਤੇ ਉਨ੍ਹਾਂ ਦੀ ਸੇਵਾ ਕਰਨ ਦਾ ਵਚਨ ਦੇ ਕੇ ਅੰਡੇਮਾਨ ਜੇਲ੍ਹ ਵਿੱਚੋਂ ਬਾਹਰ ਆਏ ਸਾਵਰਕਰ ਤੱਕ ਸਭਨਾਂ ਨੂੰ ਦੇਸ਼ ਭਗਤਾਂ ਵਜੋਂ ਪੇਸ਼ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ।

       ਇਸ ਦਿਸ਼ਾ ਵਿਚ ਮੋਦੀ ਹਕੂਮਤ ਵੱਲੋਂ ਇੱਕ ਹੋਰ ਵੱਡੀ ਕੋਸ਼ਿਸ਼ ਭਾਰਤ ਦੇ ਕੌਮੀ ਸ਼ਹੀਦਾਂ ਦੀ ਲਿਸਟ ਵਿੱਚੋਂ ਚੋਣਵੇਂ ਨਾਂਵਾਂ ਨੂੰ ਬਾਹਰ ਕਰਕੇ ਕੀਤੀ ਗਈ ਹੈ। ਇਤਿਹਾਸਕ ਖੋਜ ਸਬੰਧੀ ਭਾਰਤੀ ਕੌਂਸਲ(ਆਈ ਸੀ ਐਚ ਆਰ) ਵੱਲੋਂ ਭਾਰਤ ਦੇ ਆਜਾਦੀ ਸੰਘਰਸ਼ ਦੇ ਸ਼ਹੀਦਾਂ ਦੀ ਡਿਕਸ਼ਨਰੀ ਵਿੱਚੋਂ 387 ਨਾਵਾਂ ਨੂੰ ਬਾਹਰ ਕਰਨ ਦਾ ਅਮਲ ਚਲਾਇਆ ਗਿਆ ਹੈ। ਇਸ ਡਿਕਸ਼ਨਰੀ ਵਿੱਚ 13500 ਸ਼ਹੀਦਾਂ ਦੇ ਨਾਮ ਹਨ, ਜਿਨ੍ਹਾਂ ਵਿਚ ਜਲ੍ਹਿਆਂਵਾਲਾ ਬਾਗ ਕਤਲੇਆਮ,1857ਦੇ ਗ਼ਦਰ, ਭਾਰਤ ਛੱਡੋ ਲਹਿਰ, ਜਗੀਰਦਾਰੀ ਖਿਲਾਫ ਕਿਸਾਨ ਅੰਦੋਲਨਾਂ,ਆਦਿਵਾਸੀ ਸੰਘਰਸ਼ਾਂ,ਜਗੀਰੂ ਰਿਆਸਤਾਂ ਖ਼ਿਲਾਫ਼ ਲੋਕ ਉਭਾਰਾਂ,ਇੰਡੀਅਨ ਨੈਸ਼ਨਲ ਆਰਮੀ ਅਤੇ ਰਾਇਲ ਭਾਰਤੀ ਨੇਵੀ ਦੀ ਬਗਾਵਤ ਆਦਿ ਦੇ ਸ਼ਹੀਦਾਂ ਦੇ ਨਾਮ ਦਰਜ ਹਨ। ਨਾਵਾਂ ਦੀ ਇਸ ਪਹਿਲੀ ਸੂਚੀ ਰਾਹੀਂ ਮੋਦੀ ਹਕੂਮਤ ਵੱਲੋਂ ਇਸ ਲਿਸਟ ਵਿੱਚੋਂ ਆਪਣੇ ਗ਼ੈਰ ਪਸੰਦੀਦਾ ਸ਼ਹੀਦਾਂ ਨੂੰ ਖਾਰਜ ਕਰਨ ਦਾ ਅਮਲ ਤੋਰ ਲਿਆ ਗਿਆ ਹੈ।

        ਇਸ ਡਿਕਸ਼ਨਰੀ ਵਿੱਚੋਂ ਖਾਰਜ ਕੀਤੇ ਜਾਣ ਵਾਲੇ ਨਾਵਾਂ ਵਿਚੋਂ ਦੋ ਨਾਂ ਉੱਘੜਵੇਂ ਹਨ। ਇਹ ਮੱਪਿਲਾ ਬਗਾਵਤ ਦੇ ਆਗੂਆਂ ਵਾਰਿਅਨ ਕੁਨਾਥੂ ਕੁਨਾਹਹਮਦ ਹਾਜੀ ਅਤੇ ਅਲੀ ਮੁਸਾਲਿਅਰ ਦੇ ਹਨ। ਇਹ ਬਗਾਵਤ 1921 ਵਿੱਚ ਮਾਲਾਬਾਰ ਇਲਾਕੇ ਦੀ ਬਗਾਵਤ ਹੈ। ਮਾਲਾਬਾਰ ਭਾਰਤ ਦਾ ਦੱਖਣ ਪੱਛਮੀ ਇਲਾਕਾ ਹੈ, ਜਿਸ ਵਿੱਚ ਮੁੱਖ ਤੌਰ ’ਤੇ ਕੇਰਲਾ ਦੇ ਜ਼ਿਲ੍ਹੇ ਹਨ ਅਤੇ ਕੁਝ ਹਿੱਸਾ ਕਰਨਾਟਕ ਅਤੇ ਗੋਆ ਦਾ ਵੀ ਹੈ। ਇਹ ਖੇਤਰ ਬਰਤਾਨਵੀ ਸਾਮਰਾਜ ਦੇ ਰਾਜ ਦੌਰਾਨ ਅਨੇਕਾਂ ਕਿਸਾਨ ਹਲਚਲਾਂ ਦੀ ਭੂਮੀ ਰਿਹਾ ਹੈ। 1921 ਦੀ ਮੱਪਿਲਾ ਬਗਾਵਤ ਇਨ੍ਹਾਂ ਹਲਚਲਾਂ ਦੀ ਸਿਖਰ ਸੀ।  ਹਕੀਕਤ ਵਿੱਚ ਅੰਗਰੇਜ਼ ਸਾਮਰਾਜ ਦੀ ਅਧੀਨਗੀ ਵਾਲੇ ਅਰਸੇ ਦੌਰਾਨ ਪੂਰੇ ਹਿੰਦੋਸਤਾਨ ਵਿਚ ਅਤੇ ਖਾਸ ਕਰ ਦੱਖਣ ਪੱਛਮੀ ਇਲਾਕੇ ਵਿੱਚ ਥਾਂ ਥਾਂ ’ਤੇ ਸਾਮਰਾਜ ਅਤੇ ਜਗੀਰਦਾਰੀ ਵਿਰੋਧੀ ਲੋਕ ਬਗਾਵਤਾਂ ਉੱਠਦੀਆਂ ਰਹੀਆਂ ਹਨ ਜਿਨ੍ਹਾਂ ਨੂੰ ਭਾਰਤੀ ਹਕੂਮਤ ਵੱਲੋਂ ਜਾਣਬੁੱਝ ਕੇ ਅਣਗੌਲਿਆਂ ਕੀਤਾ ਗਿਆ ਹੈ ਅਤੇ ਜਿਨ੍ਹਾਂ ਦੀਆਂ ਗੌਰਵਮਈ ਗਾਥਾਵਾਂ ਤੋਂ  ਲੋਕਾਂ ਨੂੰ ਪਾਸੇ ਰੱਖਿਆ ਗਿਆ ਹੈ। ਮੱਪਿਲਾ ਬਗਾਵਤ ਵੀ ਅਜਿਹੀ ਇੱਕ ਬਗਾਵਤ ਸੀ, ਜਿਸ ਵਿਚ ਗਰੀਬ ਮੁਸਲਮਾਨ ਕਿਸਾਨ ਵੱਡੇ ਜਗੀਰਦਾਰਾਂ ਅਤੇ ਅੰਗਰੇਜ਼ ਹਕੂਮਤ ਖ਼ਿਲਾਫ਼ ਉੱਠ ਖੜ੍ਹੇ ਸਨ। ਇਹ ਵੱਡੇ ਜਗੀਰਦਾਰ ਮੁੱਖ ਤੌਰ ’ਤੇ ਨਾਇਰ ਅਤੇ ਨੰਬੂਦਰੀ ਬ੍ਰਾਹਮਣ ਸਨ।ਅੰਗਰੇਜ਼ ਇਨ੍ਹਾਂ ਜਗੀਰਦਾਰਾਂ ਦੀ ਪਿੱਠ ’ਤੇ ਸਨ।  ਗਰੀਬ ਮੁਸਲਮਾਨਾਂ ਅਤੇ ਹਿੰਦੂ ਜਗੀਰਦਾਰਾਂ ਵਿਚਲੀ ਇਸ ਵਿਰੋਧਤਾਈ ਨੂੰ ਅੰਗਰੇਜ਼ ਹਕੂਮਤ ਵੱਲੋਂ ਇਸ ਬਗਾਵਤ ਨੂੰ ਧਾਰਮਿਕ ਰੰਗਤ ਦੇਣ ਖਾਤਰ ਵਰਤਿਆ ਗਿਆ। ਇਸੇ ਸਾਮਰਾਜੀ ਵਿਰਸੇ ਨੂੰ ਜਾਰੀ ਰੱਖਦੇ ਹੋਏ ਮੋਦੀ ਹਕੂਮਤ ਵੱਲੋਂ ਹੁਣ ਇਸ ਬਗਾਵਤ ਨੂੰ ਧਾਰਮਿਕ ਰੰਗਤ ਦਿੰਦੇ ਹੋਏ ਇਸ ਦੇ ਆਗੂਆਂ ਨੂੰ ਲਿਸਟ ਵਿੱਚੋਂ ਬਾਹਰ ਕੀਤਾ ਗਿਆ ਹੈ।

           ਹਕੀਕਤ ਵਿੱਚ ਮਾਲਾਬਾਰ ਇਲਾਕੇ ਦੇ ਜਗੀਰਦਾਰ ਜਿਨ੍ਹਾਂ ਨੂੰ ਜਨਮੀ ਕਿਹਾ ਜਾਂਦਾ ਸੀ,ਜ਼ਮੀਨ ਮਾਲਕੀ ਦੀ ਪੌੜੀ ਵਿੱਚ ਸਭ ਤੋਂ ਉਪਰਲੇ ਡੰਡੇ ’ਤੇ ਸਨ। ਇਸ ਜ਼ਮੀਨ ਦੇ ਹੇਠਲੇ ਡੰਡਿਆਂ ਉਪਰ ਉਹ ਮੁਜਾਰੇ ਸਨ ਜਿਨ੍ਹਾਂ ਨੂੰ ਜਨਮੀ ਆਪਣੀ ਜ਼ਮੀਨ ਲੀਜ਼ ਉੱਪਰ ਦਿੰਦੇ ਸਨ। ਪਰ ਇਨ੍ਹਾਂ ਮੁਜ਼ਾਰਿਆਂ ਤੋਂ ਵੀ ਹੇਠਾਂ ਇੱਕ ਤਬਕਾ ਜ਼ਮੀਨ ਹਿੱਸੇ ’ਤੇ ਲੈ ਕੇ ਵਾਹੀ ਕਰਨ ਵਾਲੇ ਬਟਾਈਦਾਰਾਂ ਦਾ ਸੀ, ਜਿਨ੍ਹਾਂ ਨੂੰ ਸਾਲ ਭਰ ਲਈ ਜ਼ਮੀਨ ਹਿੱਸਾ ਪੱਤੀ ’ਤੇ ਖੇਤੀ ਕਰਨ ਲਈ ਦਿੱਤੀ ਜਾਂਦੀ ਸੀ। ਭਾਵੇਂ ਕਿ ਇਹ ਬਟਾਈਦਾਰ ਫਸਲ ਦੇ ਇੱਕ ਤਿਹਾਈ ਹਿੱਸੇ ਦੇ ਹੱਕਦਾਰ ਸਨ, ਪਰ ਹਕੀਕਤ ਵਿੱਚ ਉਹਨਾਂ ਪੱਲੇ ਜਾਂ ਤਾਂ ਉੱਕਾ ਹੀ ਕੁਝ ਨਹੀਂ ਪੈਂਦਾ ਸੀ ਜਾਂ ਬਹੁਤ ਨਿਗੂਣਾ ਹਿੱਸਾ ਮਿਲਦਾ ਸੀ ਕਿਉਂਕਿ ਉਪਜ ਦਾ ਵੱਡਾ ਹਿੱਸਾ ਪੌੜੀ ਦੇ ਉਪਰਲੇ ਡੰਡਿਆਂ ਉਪਰ ਹੀ ਖਪ ਜਾਂਦਾ ਸੀ। ਇਹ ਬਦਕਿਸਮਤ ਬਟਾਈਦਾਰ ਮੁੱਖ ਤੌਰ ’ਤੇ ਮੁਸਲਮਾਨ ਸਨ। ਜਨਮੀ ਪ੍ਰਬੰਧ ਵਿਚ ਜਗੀਰਦਾਰ ਮੁਜ਼ਾਰਿਆਂ ਨੂੰ ਬੇਦਖਲ ਨਹੀਂ ਕਰ ਸਕਦੇ ਸਨ, ਪਰ ਅੰਗਰੇਜ਼ਾਂ ਨੇ ਮਾਲਕੀ ਦਾ ਇੱਕ ਨਵਾਂ ਪ੍ਰਬੰਧ ਲਿਆਂਦਾ ਜਿਸ ਵਿੱਚ ਉਨ੍ਹਾਂ ਨੇ ਲਗਾਨ ਵਧਾਉਣ ਅਤੇ ਮੁਜ਼ਾਰਿਆਂ ਦੀ ਬੇਦਖ਼ਲੀ ਕਰਨ ਦੀ ਵਿਵਸਥਾ ਕੀਤੀ। ਇਸ ਪ੍ਰਬੰਧ ਨਾਲ ਜ਼ਮੀਨ ਦੀ ਲੀਜ਼ ਦੀਆਂ ਕੀਮਤਾਂ ਬਹੁਤ ਵਧ ਗਈਆਂ ਅਤੇ ਕੋਰਟਾਂ, ਮੈਜਿਸਟ੍ਰੇਟਾਂ, ਕਾਂਸਟੇਬਲਾਂ ਤੇ ਹਥਿਆਰਬੰਦ ਸਿਪਾਹੀਆਂ ਦੀ ਮਦਦ ਨਾਲ ਵੱਡੀ ਪੱਧਰ ’ਤੇ ਬੇਦਖਲੀਆਂ ਹੋਣ ਲੱਗੀਆਂ। ਇਸ ਨਾਲ ਮੁਜ਼ਾਰਿਆਂ ਦੀ ਹਾਲਤ ਵੀ ਬੇਹੱਦ ਮੰਦੀ ਹੋ ਗਈ, ਪਰ ਸਭ ਤੋਂ ਬਦਤਰ ਹਾਲਤ ਬਟਾਈਦਾਰਾਂ ਦੀ ਸੀ। ਇਸ ਹਾਲਤ ਨੇ ਅਨੇਕਾਂ ਝੜਪਾਂ ਦੀ ਲੜੀ ਛੇੜ ਦਿੱਤੀ।

          ਵਾਰਿਅਨ ਕੁਥਾਪੂ ਹਾਜੀ ਦੀ ਅਗਵਾਈ ਵਿੱਚ ਜਗੀਰਦਾਰਾਂ ’ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੀ ਜਾਇਦਾਦ ਜਬਤ ਕਰ ਲਈ ਗਈ। ਛੇਤੀ ਹੀ ਅੰਗਰੇਜ਼ ਫ਼ੌਜ ਜਗੀਰਦਾਰਾਂ ਦੀ ਮਦਦ ਲਈ ਆ ਗਈ, ਪਰ ਹਾਜੀ ਦੇ ਲੋਕਾਂ ਨੇ ਉਸ ਨੂੰ ਗੰਭੀਰ ਹਰਜਾ ਪਹੁੰਚਾਇਆ। ਭਾਵੇਂ ਕਿ ਹੋਰ ਛੋਟੀਆਂ ਜਾਤਾਂ ਦੇ ਕਿਸਾਨ ਵੀ ਪੀੜਤਾਂ ਵਿੱਚ ਸਾਮਲ ਸਨ, ਪਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਅਫਵਾਹਾਂ ਨੇ ਅਸਰ ਕੀਤਾ ਅਤੇ ਮੁਸਲਿਮ ਬਟਾਈਦਾਰ ਵੱਡੀ ਪੱਧਰ ’ਤੇ ਲਾਮਬੰਦ ਹੋ ਗਏ। ਅਲੀ ਮੁਸਾਲਿਅਰ ਦੀ ਅਗਵਾਈ ਵਿੱਚ ਉਨ੍ਹਾਂ ਨੇ ਤਿਰੁਰੰਗਾਦੀ ਵਿਖੇ ਬਰਤਾਨਵੀ ਸਿਆਸੀ ਫ਼ੌਜੀ ਚੌਕੀ ਉੱਤੇ ਕਬਜਾ ਕਰ ਲਿਆ ਜਿੱਥੇ ਕੋਰਟ,ਪੁਲਸ ਸਟੇਸ਼ਨ, ਰਜਿਸਟਰਾਰ ਦਾ ਦਫਤਰ ਅਤੇ ਡਾਕ ਸੇਵਾਵਾਂ ਸਥਿਤ ਸਨ। ਕੁਲੈਕਟਰ ਦੇ ਹੁਕਮਾਂ ’ਤੇ ਪੁਲੀਸ ਨੇ ਇਸ ਭੀੜ ਉੱਤੇ ਗੋਲੀ ਚਲਾ ਦਿੱਤੀ। ਭੜਕੀ ਹੋਈ ਭੀੜ ਨੇ   ਕੁਝ ਪੁਲਸੀਆਂ ਨੂੰ ਮਾਰ ਮੁਕਾਇਆ ਅਤੇ ਕੁਲੈਕਟਰ ਨੂੰ ਆਪਣੇ ਅਮਲੇ ਫੈਲੇ ਸਮੇਤ ਭੱਜਣਾ ਪਿਆ। ਬਾਗੀਆਂ ਨੇ ਟੈਲੀਗ੍ਰਾਫ਼ ਸਾਮਾਨ ਦੀ ਭੰਨਤੋੜ ਕੀਤੀ, ਰੇਲਵੇ ਸਟੇਸ਼ਨ ਉਖਾੜ ਸੁੱਟੇ ਅਤੇ ਸੜਕਾਂ ਜਾਮ ਕਰ ਦਿੱਤੀਆਂ। ਇਸ ਤੋਂ ਵੀ ਅੱਗੇ ਉਨ੍ਹਾਂ ਨੇ ਮੈਜਿਸਟ੍ਰੇਟ ਦੀ ਸੀਟ ਸਾਂਭ ਲਈ ਅਤੇ ਸਵਰਾਜ ਦਾ ਐਲਾਨ ਕਰ ਦਿੱਤਾ। ਇਹ ਬਗ਼ਾਵਤ ਮੱਲਾਪੁਰਮ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਫੈਲ ਗਈ। ਬਰਤਾਨਵੀ ਬਲਾਂ ਨੂੰ ਮੱਲਾਪੁਰਮ ਤੋਂ ਪਿੱਛੇ ਹਟਣ ਲਈ ਮਜਬੂਰ ਹੋਣਾ ਪਿਆ। ਮੈਜਿਸਟ੍ਰੇਟ ਸਮੇਤ ਕਈ ਬਰਤਾਨਵੀ ਅਧਿਕਾਰੀ ਬਾਗੀਆਂ ਵੱਲੋਂ  ਹਿਰਾਸਤ ਵਿੱਚ ਲੈ ਲਏ ਗਏ।

       ਕੋਜੀਕੋਡ ਤੋਂ 22 ਬੱਸਾਂ ਅਤੇ 25 ਸਾਈਕਲਾਂ ਉੱਪਰ ਸਵਾਰ ਬਰਤਾਨਵੀ ਬਲ ਇਸ ਸਥਿਤੀ ਨਾਲ ਸਿੱਝਣ ਲਈ ਰਵਾਨਾ ਹੋਏ। 21 ਅਗਸਤ ਨੂੰ ਪਹਿਲੀ ਝੜਪ ਹੋਈ।24 ਤਰੀਕ ਨੂੰ ਪੂਕਕੋਟੁਰ ਵਿਖੇ ਕੈਪਟਨ ਮੈਕਐਨਰੌਏ ਦੀ ਅਗਵਾਈ ਹੇਠਲੀ ਬਰਤਾਨਵੀ ਫੌਜ ਅਤੇ ਵਾਰਿਅਨ ਹਾਜੀ ਦੀ ਅਗਵਾਈ ਹੇਠਲੇ ਬਾਗੀਆਂ ਵਿਚਕਾਰ ਵੱਡੀ ਲੜਾਈ ਹੋਈ। ਬਾਗੀਆਂ ਨੇ ਇਰਾਨਾਦ ਅਤੇ ਵੇਲੁਵਾਨਾਦ ਦੇ ਇਲਾਕੇ ਵੀ28 ਅਗਸਤ ਤੱਕ ਆਜ਼ਾਦ ਕਰਵਾ ਲਏ। ਹਾਜੀ ਨੇ ਇਸ ਜਿੱਤੇ ਹੋਏ ਇਲਾਕੇ ਨੂੰ ਮਲਿਆਲਮ ਰਾਜਿਅਮ ਦਾ ਨਾਂ ਦਿੱਤਾ ਅਤੇ ਇਸ ਅੰਦਰ ਛੇ ਮਹੀਨੇ ਤੱਕ ਸਮਾਨੰਤਰ ਸਰਕਾਰ ਚਲਾਈ।

      ਇਸ ਆਗੂ ਨੂੰ ਬਰਤਾਨਵੀ ਹਕੂਮਤ ਵੱਲੋਂ ਮੌਤ ਦੀ ਸਜਾ ਸੁਣਾਈ ਗਈ ਅਤੇ  20 ਜਨਵਰੀ1922 ਨੂੰ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਉਸ ਦੇ ਸਰੀਰ ਨੂੰ ਉਸ ਦੀ ਸਮਾਨੰਤਰ ਸਰਕਾਰ ਦੇ ਸਾਰੇ ਦਸਤਾਵੇਜ਼ਾਂ ਸਮੇਤ ਜਲਾ ਦਿੱਤਾ ਗਿਆ। ਅਲੀ ਮੁਸਾਲਿਅਰ ਸਮੇਤ ਬਗਾਵਤ ਦੇ ਹੋਰਨਾਂ ਆਗੂਆਂ ਨੂੰ ਵੀ ਮੌਤ ਦੀ ਸਜਾ ਦਿੱਤੀ ਗਈ। ਇਸ ਤਰ੍ਹਾਂ ਜਗੀਰਦਾਰੀ ਅਤੇ ਅੰਗਰੇਜ਼ ਹਕੂਮਤ ਖ਼ਿਲਾਫ਼ ਇਸ ਸ਼ਾਨਾਮੱਤੇ ਵਿਦਰੋਹ ਦਾ ਅੰਤ ਹੋਇਆ।

      ਗਰੀਬ ਕਾਸ਼ਤਕਾਰਾਂ ਦਾ ਇਹ ਵਿਰੋਧ ਹਿੰਦੂ ਜਾਤੀ ਦੇ ਖ਼ਿਲਾਫ਼ ਨਹੀਂ ਬਲਕਿ ਜਗੀਰਦਾਰ ਜਮਾਤ ਦੇ ਖ਼ਿਲਾਫ਼ ਸੀ। ਪਰ ਅੰਗਰੇਜ਼ ਬਸਤੀਵਾਦੀਆਂ ਨੇ ਇਹਨੂੰ ਹਿੰਦੂ ਮੁਸਲਮਾਨ ਲਕੀਰਾਂ ਹੋਰ ਗੂੜ੍ਹੀਆਂ ਕਰਨ ਲਈ ਵਰਤਿਆ। ਹੁਣ ਉਨ੍ਹਾਂ ਦੀ ਵਾਰਸ ਮੋਦੀ ਹਕੂਮਤ ਇਸ ਲੋਕ ਬਗ਼ਾਵਤ ਨੂੰ ਇਸਲਾਮਿਕ ਸਟੇਟ ਬਣਾਉਣ ਦੀ ਨਾਕਾਮ ਕੋਸ਼ਿਸ਼ਕਹਿ ਕੇ ਭਾਰਤ ਦੇ ਆਜ਼ਾਦੀ ਸੰਗ੍ਰਾਮ ਵਿੱਚੋਂ ਖ਼ਾਰਜ ਕਰ ਰਹੀ ਹੈ। ਇਸ ਦੇ ਨਾਇਕਾਂ ਨੂੰ ਸ਼ਹੀਦਾਂ ਦੀ ਲਿਸਟ ਵਿੱਚੋਂ ਬਾਹਰ ਕੱਢ ਰਹੀ ਹੈ। ਜਗੀਰਦਾਰਾਂ ਅਤੇ ਸਾਮਰਾਜੀਆਂ ਦੀਆਂ ਝੋਲੀ ਚੁੱਕ ਹਕੂਮਤਾਂ ਤੋਂ ਇਹੋ ਆਸ ਹੀ ਕੀਤੀ ਜਾ ਸਕਦੀ ਹੈ। ਪਰ ਅਜੇ ਵੀ ਜਗੀਰਦਾਰੀ ਅਤੇ ਸਾਮਰਾਜ ਦੇ ਜੂਲੇ ਹੇਠ ਪਿਸ ਰਹੇ ਭਾਰਤੀ ਲੋਕਾਂ ਲਈ ਇਹ ਵਿਰਾਸਤ ਬੇਹੱਦ ਅਮੁੱਲੀ ਹੈ। ਸਾਮਰਾਜੀਆਂ ਦੇ ਝੋਲੀ ਚੁੱਕਾਂ ਵੱਲੋਂ ਨਿਰਧਾਰਤ ਲਿਸਟਾਂ ਵਿੱਚੋਂ ਖਾਰਜ ਹੋਏ ਇਹ ਨਾਮ ਲੋਕਾਂ ਦੇ ਚੇਤਿਆਂ ਅਤੇ ਗਾਥਾਵਾਂ ਵਿੱਚ ਜਿਉਂਦੇ ਰਹਿਣਗੇ ਅਤੇ ਜਿਉਂ ਜਿਉਂ ਸਾਡੇ ਮੁਲਕ ਦੀ ਧਰਤੀ ਉੱਪਰ ਜਗੀਰਦਾਰੀ ਅਤੇ ਸਾਮਰਾਜੀ ਵਿਰੋਧੀ ਸੰਘਰਸ਼ਾਂ ਦੇ ਅਖਾੜੇ ਹੋਰ ਬੁਲੰਦੀਆਂ ਛੂੰਹਦੇ ਜਾਣਗੇ ਤਿਉਂ ਤਿਉਂ ਇਨ੍ਹਾਂ ਨਾਂਵਾਂ ਦੀ ਲਿਸ਼ਕ ਹੋਰ ਵਧਦੀ ਜਾਵੇਗੀ। 

No comments:

Post a Comment