Saturday, October 5, 2019

ਕਾਮਰੇਡ ਅਜੀਤ ਸਿੰਘ ਨਹੀਂ ਰਹੇ




ਕਾਮਰੇਡ ਅਜੀਤ ਸਿੰਘ ਨਹੀਂ ਰਹੇ
ਅੰਮ੍ਰਿਤਸਰ ਸ਼ਹਿਰ 'ਚ ਵਸਦੇ ਕਾਮਰੇਡ ਅਜੀਤ ਸਿੰਘ ਸਾਈਲੈਂਟ ਹਾਰਟ ਅਟੈਕ ਦੀ ਵਜਾਹ ਕਰਕੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।
ਇਸੇ ਸ਼ਹਿਰ ਦੇ ਨੇੜਲੇ ਪਿੰਡ ਦੇ ਗਰੀਬ ਕਿਸਾਨ ਪਰਿਵਾਰ 'ਚ ਜਨਮੇ ਅਜੀਤ ਸਿੰਘ ਨੂੰ ਸ਼ੁਰੂ ਤੋਂ ਹੀ ਗਰੀਬੀ ਦਾ ਅਹਿਸਾਸ ਸੀ ਅਤੇ ਸਖ਼ਤ ਸਰੀਰਕ ਕੰਮ ਕਰਨ ਦਾ ਹੱਡੀਂ ਹੰਢਾਇਆ ਤਜ਼ਰਬਾ ਵੀ।
ਸਕੂਲੀ ਪੜ੍ਹਾਈ ਤੋਂ ਤੁਰੰਤ ਬਾਅਦ ਹੀ ਉਹ ਆਪਣੇ ਹਮਜੋਲੀਆਂ ਸਮੇਤ ਨਕਸਲਬਾੜੀ ਲਹਿਰ ਦੇ ਪ੍ਰਭਾਵ ਹੇਠ ਆ ਗਏ। ਮਸ਼ੀਨਾਂ ਦੇ ਪੁਰਜ਼ੇ ਬਣੇ ਸਨਅਤੀ ਮਜ਼ਦੂਰਾਂ ਦੀ ਮੁਸ਼ੱਕਤੀ ਤੇ ਤਰਸਯੋਗ ਜ਼ਿੰਦਗੀ ਨੂੰ ਨੇੜਿਓਂ ਤੱਕਣ ਲਈ ਖੁਦ ਫੈਕਟਰੀ ਮਜ਼ਦੂਰ ਬਣੇ।
ਚੜ੍ਹਦੀ ਜਵਾਨੀ ਵੇਲੇ, ਇਨਕਲਾਬੀ ਜਨਤਕ ਲੀਹ ਦੇ ਪੈਰੋਕਾਰਾਂ ਨਾਲ ਜੁੜਕੇ ਉਹਨਾਂ ਨੇ ਆਪਣੇ ਇਲਾਕੇ 'ਚ ਨੌਜਵਾਨ ਭਾਰਤ ਸਭਾ ਕਾਇਮ ਕਰਨ ਤੇ ਜਥੇਬੰਦ ਕਰਨ 'ਚ ਗਿਣਨਯੋਗ ਰੋਲ ਨਿਭਾਇਆ। ਇਨਕਲਾਬੀ ਜਮਹੂਰੀ ਲਹਿਰ ਉੱਤੇ ਝੁੱਲਦੇ ਝੱਖੜਾਂ ਦੌਰਾਨ ਚਾਹੇ ਸੱਤਰਵਿਆਂ ਦਾ ਕਮਿਊਨਿਸਟ ਇਨਕਲਾਬੀਆਂ ਦੇ ਝੂਠੇ ਪੁਲੀਸ ਮੁਕਾਬਲਿਆਂ ਦਾ ਦੌਰ ਹੋਵੇ, ਚਾਹੇ ਐਮਰਜੰਸੀ ਵਰਗੇ ਲੋਕਾਂ ਦੇ ਨਾਮਨਿਹਾਦ ਪਏ ਡਾਕੇ ਦੇ ਦਿਨ ਹੋਣ, ਉਹਨਾਂ ਆਵਦੇ ਵਿਤ ਮੂਜਬ ਲੋਕ ਹੱਕਾਂ ਲਈ ਪਹਿਰੇਦਾਰੀ ਦਾ ਪਰਚਮ ਬੁਲੰਦ ਰੱਖਿਆ।
ਸਾਦਾ ਜ਼ਿੰਦਗੀ ਜਿਉਣ ਵਾਲੇ ਇਸ ਸਾਥੀ ਨੇ ਗੁਜ਼ਰ-ਬਸਰ ਲਈ ਇੱਕ ਛੋਟਾ ਕਾਰਖਾਨਾ ਲਾ ਰੱਖਿਆ ਸੀ ਜਿਸ ਦੇ ਉਹ ਖੁਦ ਹੀ ਇੱਕੋ-ਇੱਕ ਮਜ਼ਦੂਰ ਵੀ ਸਨ।
ਅੱਜ ਕੱਲ੍ਹਉਹ ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਅਤੇ ਲੋਕ ਮੋਰਚਾ ਪੰਜਾਬ ਦੇ ਸਥਾਨਕ ਆਗੂ ਵਜੋਂ ਇਨਕਲਾਬੀ ਲਹਿਰ 'ਚ ਯੋਗਦਾਨ ਪਾ ਰਹੇ ਸਨ। ਉਹਨਾਂ ਦੇ ਵਿਛੋੜੇ ਨਾਲ ਪਿਆ ਘਾਟਾ ਇਨਕਲਾਬੀ ਜਮਹੂਰੀ ਲਹਿਰ ਨੂੰ ਸਦਾ ਰੜਕਦਾ ਰਹੇਗਾ।
ਅਦਾਰਾ ਸੁਰਖ਼ ਲੀਹ ਕਾਮਰੇਡ ਅਜੀਤ ਸਿੰਘ ਦੀ ਇਨਕਲਾਬੀ ਘਾਲਣਾ ਨੂੰ ਸਲਾਮ ਕਰਦਾ ਹੈ।


No comments:

Post a Comment