Thursday, July 4, 2019

ਸੂਲਾਂ ’ਤੇ ਨੱਚਦੇ ਪੈਰ ਨਿਆਮਗਿਰੀ ਦੇ ਲੋਕਾਂ ਦੇ ਸੰਘਰਸ਼ ਦੀ ਦਾਸਤਾਂ


ਸੂਲਾਂ ਤੇ ਨੱਚਦੇ ਪੈਰਨਿਆਮਗਿਰੀ ਦੇ ਲੋਕਾਂ ਦੇ ਸੰਘਰਸ਼ ਦੀ ਦਾਸਤਾਂ

ਅਪ੍ਰੈਲ 2019 ਦਾ ਦਿਨ ਸੀ। ਉੜੀਸਾ, ਆਂਧਰਾ, ਪੱਛਮੀ ਬੰਗਾਲ ਅਤੇ ਹੋਰ ਰਾਜਾਂ ਵਿਚ ਤੂਫਾਨ ਫਾਨੀਦੇ ਆਉਣ ਦੀ ਭਵਿੱਖਬਾਣੀ ਹੋ ਚੁੱਕੀ ਸੀ। ਅੱਤ ਦੀ ਗਰਮੀ ਸੀ। ਸਵੇਰੇ 9-10 ਵਜੇ ਵੀ ਪਾਰਾ 46-47 ਡਿਗਰੀ ਤੱਕ ਪਹੁੰਚ ਗਿਆ ਸੀ। ਅਸੀਂ ਕਾਲਾ ਹਾਂਡੀ ਜਿਲ੍ਹੇ ਦੇ ਸਦਰ ਮੁਕਾਮ ਭਿਵਾਨੀ ਪਟਨਾ ਸ਼ਹਿਰ ਦੇ ਇੱਕ ਹੋਟਲ ਚ ਬੈਠੇ ਨਿਆਮਗਿਰੀ ਸੁਰੱਖਿਆ ਸੰਮਤੀ ਦੇ ਆਗੂ ਲਿੰਗ ਰਾਜ ਆਜ਼ਾਦ ਨੂੰ ਮਿਲ ਕੇ ਆਉਣ ਅਤੇ ਉਸ ਤੋਂ ਨਿਆਮਗਿਰੀ ਦੇ ਲੋਕਾਂ ਦੇ ਸੰਘਰਸ਼ ਬਾਰੇ ਜਾਣਕਾਰੀ ਲੈਣ ਦੀਆਂ ਵਿਉਤਾਂ ਬਣਾ ਰਹੇ ਸਾਂ। ਲਗਦਾ ਸੀ ਇੰਨੀਂ ਗਰਮੀ 40-50 ਕਿਲੋਮੀਟਰ ਦਾ ਸਫਰ ਮੁਸ਼ਕਲ ਹੋਵੇਗਾ। ਇਸੇ ਦੌਰਾਨ ਪਤਾ ਲੱਗਾ ਕਿ ਲਿੰਗਰਾਜ ਆਜ਼ਾਦ ਖੁਦ ਚੱਲ ਕੇ ਸਾਡੇ ਕੋਲ ਆ ਰਹੇ ਹਨ। ਥੋੜ੍ਹੀ ਸ਼ਰਮਿੰਦਗੀ ਵੀ ਹੋਈ ਕਿ ਬਜ਼ੁਰਗ ਲੋਕ ਆਗੂ ਨੂੰ ਖਾਹ-ਮਖਾਹ ਕਸ਼ਟ ਦਿੱਤਾ। ਥੋੜ੍ਹੇ ਸਮੇਂ ਵਿਚ ਹੀ ਚਿੱਟਾ ਕੁੜਤਾ ਪਜਾਮਾ ਪਹਿਨੀ, ਪ੍ਰਭਾਵਸ਼ਾਲੀ ਚਿਹਰੇ ਵਾਲਾ ਅਤੇ ਊਰਜਾ ਨਾਲ ਓਤ-ਪੋਤ, ਅੱਕ ਦੀ ਗਰਮ ਲੂ ਨਾਲ ਜੂਝਦਾ ਹੋਇਆ ਲਿੰਗਰਾਜ, ਮੋਟਰਸਾਈਕਲ ਤੇ ਸਾਡੇ ਕੋਲ ਆ ਪਹੁੰਚਿਆ। ਉੜੀਸਾ ਦੀ ਗਣਤੰਤਰਿਕ ਅਧਿਕਾਰ ਸੁਰਕਸ਼ਾ ਸੰਮਤੀ ਦੇ ਆਗੂਆਂ ਨੇ, ਜੋ ਸਾਡੇ ਮੇਜ਼ਬਾਨ ਸਨ, ਉਨ੍ਹਾਂ ਨਾਲ ਸਾਡੀ ਜਾਣ ਪਹਿਚਾਣ ਕਰਵਾਈ । ਉਹ ਸਾਨੂੰ ਬਹੁਤ ਗਰਮਜੋਸ਼ੀ ਨਾਲ ਮਿਲਿਆ। ਗੱਲਬਾਤ ਸ਼ੁਰੂ ਕਰਨ ਲਈ ਕਿਸੇ ਨੇ ਵੀ ਚਾਹ ਪਾਣੀ ਦੀ ਉਡੀਕ ਨਹੀਂ ਕੀਤੀ।

ਬੇਮੇਚੀ ਟੱਕਰ, ਲੋਕ ਤਾਕਤ ਤੇ ਟੇਕ

ਨਿਆਮਗਿਰੀ ਦੇ ਲੋਕਾਂ ਦਾ ਸੰਘਰਸ਼ ਅਸਲ ਚ ਬਹੁਤ ਬੇਮੇਚੀ ਟੱਕਰ ਸੀ। ਇੱਕ ਪਾਸੇ ਦੁਨੀਆਂ ਦੀਆਂ ਵੱਡੀਆਂ ਅਤੇ ਖੂੰਖਾਰ ਖਣਨ ਕੰਪਨੀਆਂ, ਜੋ ਇਕ ਪਾਸੇ ਵੇਦਾਂਤਾ ਜਿਸ ਦੇ ਸ਼ੇਅਰ ਲੰਦਨ ਅਤੇ ਮੁੰਬਈ ਦੀਆਂ ਸਟਾਕ ਐਕਸਚੇਂਜਾਂ ਵਿਚ ਵੇਚੇ ਜਾਂਦੇ ਹਨ; ਜਿਸ ਵਿਚ ਚਰਚ ਆਫ ਇੰਗਲੈਂਡ ਅਤੇ ਕਈ ਦੇਸ਼ਾਂ ਦੀਆਂ ਪੈਨਸ਼ਨ ਫੰਡ ਸੰਸਥਾਵਾਂ ਨੇ ਪੂੰਜੀ ਲਾਈ ਹੋਈ ਹੈ; ਜਿਸ ਦਾ ਖਣਨ ਦਾ ਕਾਰੋਬਾਰ ਕਈ ਦੇਸ਼ਾਂ ਚ ਫੈਲਿਆ ਹੋਇਆ ਹੈ; ਜਿਸ ਨੇ ਆਪਣੀ ਵਿੱਤੀ ਸ਼ਕਤੀ ਰਾਹੀਂ ਕਈ ਦੇਸ਼ਾਂ ਦੇ ਹਾਕਮਾਂ, ਪੁਲਿਸ ਅਤੇ ਖੂੰਖਾਰ ਗੁੰਡਾ ਗ੍ਰੋਹਾਂ ਨੂੰ ਆਪਣੀ ਮੁੱਠੀ ਚ ਕੀਤਾ ਹੋਇਆ ਹੈ; ਜਿਸ ਨੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਅਤੇ ਵਾਤਾਵਰਨ ਪ੍ਰਦੂਸ਼ਨ ਦੀ ਕਦੇ ਕੋਈ ਪ੍ਰਵਾਹ ਨਹੀਂ ਕੀਤੀ; ਜੋ ਗੁੰਡੇ ਅਤੇ ਪੁਲਿਸ ਬਲਾਂ ਦੇ ਜੋਰ ਆਪਣੇ ਵਿਰੁੱਧ ਉੱਠੀਆਂ ਲੋਕ ਲਹਿਰਾਂ ਨੂੰ ਪੂਰੀ ਦਰਿੰਦਗੀ ਨਾਲ ਕੁਚਲਦੀ ਹੈ (ਜਿਵੇਂ ਹਾਲ ਹੀ ਵਿਚ ਤਾਮਿਲਨਾਡੂ ਦੇ ਸ਼ਹਿਰ ਟੂਟੀਕਰੋਨ ਵਿਚ); ਜਿਹੜੀ ਲੋਕ ਆਗੂਆਂ ਨੂੰ ਖਰੀਦਣ ਲਈ ਕਰੋੜਾਂ ਕਰੋੜ ਖਰਚਣ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ,ਅਤੇ ਦੂਜੇ ਪਾਸੇ ਸਨ ਮੁੱਠੀ ਭਰ ਡੌਂਗਰੀਆ ਕੌਂਧ ਆਦਿਵਾਸੀ ਲੋਕ ਜਿਨ੍ਹਾਂ ਦੀ ਕੁੱਲ ਆਬਾਦੀ ਸਾਲ 2001 ਦੀ ਮਰਦਮਸ਼ੁਮਾਰੀ ਅਨੁਸਾਰ 8000 ਤੋਂ ਵੀ ਘੱਟ ਹੈ, ਜੀਹਦੇ ਵਿਚ ਅੱਧ ਤੋਂ ਵੱਧ ਗਿਣਤੀ ਔਰਤਾਂ ਦੀ ਹੈ। ਵੱਡੀ ਗਿਣਤੀ ਲੋਕ ਅਨਪੜ੍ਹ ਹਨ, ਕੋਈ ਵੀ ਵਿਅਕਤੀ ਸਰਕਾਰੀ ਨੌਕਰੀ ਤੇ ਨਹੀਂ ਲੱਗਿਆ ਅਤੇ ਨਾ ਹੀ ਕੋਈ ਸਨਅਤਕਾਰ ਹੈ। ਜਿਹਨਾਂ ਦੇ ਪਿੰਡਾਂ ਚ ਨਾ ਕੋਈ ਸਕੂਲ ਹੈ, ਨਾ ਹਸਪਤਾਲ, ਨਾ ਹੀ ਕੋਈ ਸੜਕ ਹੈ ਅਤੇ ਨਾ ਹੀ ਬੱਸ ਸੇਵਾ। ਇਸ ਲੜਾਈ ਚ ਇਕ ਪਾਸੇ ਚਿੜੀਆਂ ਸਨ ਤੇ ਦੂਜੇ ਪਾਸੇ ਖੂੰਖਾਰ ਬਾਜ, ਇੱਕ ਪਾਸੇ ਦੀਵਾ ਸੀ ਦੂਜੇ ਪਾਸੇ ਤੂਫਾਨ, ਇਕ ਪਾਸੇ ਜੁਗਨੂੰ ਸੀ ਦੂਜੇ ਪਾਸੇ ਸ਼ਾਹ ਕਾਲੀਆਂ ਰਾਤਾਂ। ਪਰ ਸੰਘਰਸ਼ ਦੌਰਾਨ ਚਿੜੀਆਂ ਨੇ ਬਾਜਾਂ ਦੀਆਂ ਧੌਣਾਂ ਪੱਟੀਆਂ, ਦੀਵੇ ਭਾਂਬੜ ਬਣ ਕੇ ਬਲੇ ਅਤੇ ਜੁਗਨੂੰ ਸੂਰਜਾਂ ਵਾਗੂੰ ਰੋਸ਼ਨੀ ਦੇ ਪੁੰਜ ਬਣੇ।
ਨਿਆਮਗਿਰੀ ਸੰਘਰਸ਼ ਸੰਮਤੀ ਦੇ ਆਗੂਆਂ ਨੂੰ ਲੋਕਾਂ ਦੀ ਸਮੂਹਕ ਤਾਕਤ ਤੇ ਅਟੱਲ ਵਿਸ਼ਵਾਸ਼ ਸੀ। ਇਸ ਤਾਕਤ ਦੇ ਜੋਰ ਉਹਨਾਂ ਨੇ ਸਥਾਨਕ, ਕੌਮੀ ਅਤੇ ਕੌਮਾਂਤਰੀ ਲੋਕਾਂ, ਸਮਾਜ ਸੇਵੀ ਸੰਸਥਾਵਾਂ, ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ, ਵਾਤਵਰਨ ਪ੍ਰੇਮੀਆਂ, ਲੇਖਕਾਂ, ਪੱਤਰਕਾਰਾਂ, ਫਿਲਮਕਾਰਾਂ ਅਤੇ ਸਮਾਜ ਵਿਗਿਆਨੀਆਂ ਨੂੰ ਲਾਮਬੰਦ ਕੀਤਾ। ਅਨੇਕਾਂ ਵਾਤਾਵਰਨ ਪ੍ਰੇਮੀਆਂ, ਵਿਗਿਆਨੀਆਂ , ਖੋਜਾਰਥੀਆਂ ਅਤੇ ਲੇਖਕਾਂ ਨੇ ਨਿਆਮਗਿਰੀ ਚ ਮਹੀਨਿਆਂ ਬੱਧੀ ਰਹਿ ਕੇ ਇਥੋਂ ਦੇ ਲੋਕਾਂ ਦੇ ਸੰਘਰਸ਼ ਨੂੰ ਨੇੜਿਉ ਦੇਖਿਆ, ਉਹਨਾਂ ਦੀਆਂ ਸਮਸਿਆਵਾਂ ਨੂੰ ਸਮਝਿਆ, ਉਹਨਾਂ ਬਾਰੇ ਫਿਲਮਾਂ ਬਣਾਈਆਂ, ਦੁਨੀਆਂ ਭਰ ਦੇ ਅਖਬਾਰਾਂ ਅਤੇ ਪੱਤਰਕਾਵਾਂ ਚ ਲੇਖ ਲਿਖੇ, ਇਥੋਂ ਦੀ ਬਨਸਪਤੀ, ਜੀਵ ਜੰਤੂ, ਪਾਣੀ ਦੇ ਕੁਦਰਤੀ ਸੋਮਿਆਂ, ਫੁੱਲਾਂ-ਫਲਾਂ, ਵਾਤਾਵਰਨ ਆਦਿ ਬਾਰੇ ਅਤੇ ਖਣਨ ਕਾਰਨ ਇਹਨਾਂ ਤੇ ਪੈਣ ਵਾਲੇ ਦੁਰਪ੍ਰਭਾਵਾਂ ਤੇ ਗਹਿਰ ਗੰਭੀਰ ਖੋਜਾਂ ਕੀਤੀਆਂ ਅਤੇ ਨਿਆਮਗਿਰੀ ਦੇ ਸੰਘਰਸ਼ਸ਼ੀਲ ਲੋਕਾਂ ਨੂੰ ਵਾਜਬੀਅਤ ਪ੍ਰਦਾਨ ਕੀਤੀ। ਸਰਵਾਈਵਲ ਇੰਟਰਨੈਸ਼ਨਲ ਅਤੇ ਅਮਨੈਸਟੀ ਇੰਟਰਨੈਸ਼ਨਲ ਵਰਗੀਆਂ ਕੌਮਾਂਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਨਵਉਦਾਰਵਾਦੀ ਨੀਤੀਆਂ ਤਹਿਤ ਕਾਰਪੋਰੇਟਾਂ ਲਈ ਅੰਨ੍ਹੇਂ ਮੁਨਾਫਿਆਂ ਦੀ ਜਾਮਨੀ ਕਰਨ ਵਾਲੇ ‘‘ਵਿਕਾਸ’’ ’ਤੇ ਦੁਨੀਆਂ ਭਰ ਚ ਸੁਆਲ ਖੜ੍ਹੇ ਕੀਤੇ ਅਤੇ ਆਦਿਵਾਸੀਆਂ ਦੇ ਅਸਲੀ ਵਿਕਾਸ ਦਾ ਇਕ ਨਵਾਂ ਮਾਡਲ ਪੇਸ਼ ਕੀਤਾ।

ਸ਼ਾਨਦਾਰ ਸੰਘਰਸ਼ੀ ਸਫਰ-ਚੁਣੌਤੀਆਂ ਭਰੀ ਸ਼ੁਰੂਆਤ

ਲਿੰਗਰਾਜ ਆਜ਼ਾਦ ਨੇ ਸਾਨੂੰ ਨਿਆਮਗਿਰੀ ਸੁਰੱਖਿਆ ਸੰਮਤੀ ਦੇ ਸ਼ਾਨਦਾਰ ਸੰਘਰਸ਼ੀ ਸਫਰ ਤੇ ਚਾਨਣਾ ਪਾਇਆ। ਲੱਗਭੱਗ 250 ਕਿਲੋਮੀਟਰ ਤੱਕ ਫੈਲੀਆਂ ਨਿਆਮਗਿਰੀ ਪਹਾੜੀਆਂ ਦੀ ਉੱਪਰਲੀ ਲੱਗਭੱਗ 15 ਮੀਟਰ ਤਹਿ 7 ਕਰੋੜ 30 ਲੱਖ ਟਨ ਬਾਕਸਾਈਟ ਦੇ ਭੰਡਾਰ ਹਨ। ਬਾਕਸਾਈਟ ਨੂੰ ਐਲੂਮੀਨੀਅਮ ਪੈਦਾ ਕਰਨ ਲਈ ਕੱਚੇ ਮਾਲ ਵਜੋਂ ਵਰਤਿਆ ਜਾਂਦਾ ਹੈ। ਦੁਨੀਆਂ ਭਰ ਦੀਆਂ ਮਹੱਤਵਪੂਰਨ ਸਨਅਤਾਂ ਜਿਵੇਂ ਹਵਾਈ ਜਹਾਜ਼ ਅਤੇ ਜੰਗੀ ਸਾਜੋਸਮਾਨ ਬਨਾਉਣ ਚ ਐਲੂਮੀਨੀਅਮ ਦੀ ਭਾਰੀ ਮੰਗ ਹੈ, ਮੁਨਾਫਾ ਵੀ ਮੋਟਾ ਹੈ। ਅੰਨਂ੍ਹੇ ਮੁਨਾਫੇ ਦੀ ਹਵਸ ਵੇਦਾਂਤਾ ਨੂੰ ਬਾਕਸਾਈਟ ਨਾਲ ਮਾਲਾ-ਮਾਲ ਨਿਆਮਗਿਰੀ ਦੀਆਂ ਪਹਾੜੀਆਂ ਚ ਖਿੱਚ ਲਿਆਈ। ਲੋਕ ਦਸਦੇ ਹਨ ਕਿ ਬਰਤਾਨਵੀ ਸਾਮਰਾਜੀਆਂ ਦਾ ਅਹਿਲਕਾਰ ਲਾਰਡ ਕਲਾਈਵ ਵੀ ਇਕ ਵਾਰੀ ਇਥੋਂ ਬਾਕਸਾਈਟ ਕੱਢਣ ਦੀਆਂ ਸਕੀਮਾਂ ਬਣਾ ਕੇ ਆਇਆ ਸੀ। ਪਰ ਆਦਿਵਾਸੀਆਂ ਦੇ ਰੋਹ ਕਾਰਨ ਉਹ ਖੁਰਦਾ ਤੋਂ ਅੱਗੇ ਨਹੀਂ ਆ ਸਕਿਆ, ਉਹਨੂੰ ਇਥੋਂ ਲੁਕ ਕੇ ਮੁੜਨਾ ਪਿਆ ਸੀ। ਸਾਲ 2003 ’ਚ ਵੇਦਾਂਤਾ ਗਰੁੱਪ ਦੀ ਕੰਪਨੀ ਸਟਰਲਾਈਟ ਇੰਡੀਆ ਲਿਮਿਟਿਡਅਤੇ ਉੜੀਸਾ ਸਰਕਾਰ ਨੇ ਇੱਕ ਸਮਝੌਤਾ ਕਲਮਬੰਦ ਕੀਤਾ ਜਿਸ ਅਨੁਸਾਰ ਵੇਦਾਂਤਾ ਕੰਪਨੀ ਨੇ ਉੜੀਸਾ ਖਣਨ ਕਾਰਪੋਰੇਸ਼ਨ ਨਾਲ ਮਿਲ ਕੇ ਨਿਆਮਗਿਰੀ ਦੀਆਂ ਪਹਾੜੀਆਂ ਚੋਂ ਹਰ ਸਾਲ 30 ਲੱਖ ਟਨ ਬਾਕਸਾਈਟ ਖਣਨ ਕਰਕੇ ਕੱਢਣਾ ਸੀ। ਇਸ ਤੋਂ ਇਲਾਵਾ 10 ਲੱਖ ਟਨ ਸਾਲਾਨਾ ਦੀ ਸਮਰੱਥਾ ਵਾਲੀ ਐਲੂਮੀਨਾ ਰਿਫਾਈਨਰੀ ਅਤੇ 75 ਮੈਗਾਵਾਟ ਸਮਰੱਥਾ ਦਾ ਆਪਣੀ ਵਰਤੋਂ ਲਈ ਬਿਜਲੀਘਰ ਉਸਾਰਨਾ ਸੀ।
ਇਸ ਸਮਝੌਤੇ ਦੀ ਭਿਣਕ ਲੱਗਦਿਆਂ ਹੀ ਲੋਕਾਂ ਵੱਲੋਂ ਇਸ ਖਣਨ ਪ੍ਰੋਜੈਕਟ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਉਨ੍ਹਾਂ ਨੇ ਮਿਲ ਕੇ ਨਿਆਮਗਿਰੀ ਸੁਰੱਖਿਆ ਸੰਮਤੀ ਜਥੇਬੰਦ ਕਰ ਲਈ, ਜਿਸ ਦੇ ਆਗੂਆਂ ਚੋਂ ਇਕ ਲਿੰਗਰਾਜ ਆਜ਼ਾਦ ਸੀ। ਆਜ਼ਾਦ ਰਾਮ ਮਨੋਹਰ ਲੋਹੀਆ ਅਤੇ ਮਹਾਤਮਾਂ ਗਾਂਧੀ ਤੋਂ ਪ੍ਰਭਾਵਤ ਸੀ। ਇਸ ਵਿਰੋਧ ਦਾ ਕੇਂਦਰਬਿੰਦੂ ਡੌਂਗਰੀਆ ਕੌਂਧ ਆਦਿਵਾਸੀ ਸਨ ਜਿਹਨਾਂ ਦੀ ਹੋਂਦ ਹੀ ਇਸ ਖਣਜ ਪ੍ਰੋਜੈਕਟ ਨੇ ਖਤਰੇ ਮੂੰਹ ਪਾ ਦਿੱਤੀ ਸੀ।
ਇੱਕ ਪਾਸੇ ਇਹ ਜਥੇਬੰਦੀ ਖਣਨ ਦੇ ਵਿਰੋਧ ਚ ਰੋਸ ਪ੍ਰਦਰਸ਼ਨ, ਧਰਨੇ ਆਦਿ ਕਰ ਰਹੀ ਸੀ ਉੱਧਰ ਵੇਦਾਂਤਾ ਦੇ ਅਧਿਕਾਰੀ ਆਪਣੇ ਸੁਰੱਖਿਆ ਕਰਮਚਾਰੀਆਂ ਰਾਹੀਂ ਲੋਕਾਂ ਨੂੰ ਨਿਆਮਗਿਰੀ ਸੁਰੱਖਿਆ ਸੰਮਤੀ ਦੇ ਆਗੂਆਂ ਖਿਲਾਫ ਭੜਕਾ ਰਹੇ ਸਨ। ਉਹਨਾਂ ਨੂੰ ਵਿਕਾਸ ਵਿਰੋਧੀ ਦੱਸ ਰਹੇ ਸਨ। ਲੋਕਾਂ ਨੂੰ ਆਪਣੇ ਵੱਲ ਕਰਨ ਲਈ ਕੰਪਨੀ ਭਾਰੀ ਮੁਆਵਜਾ, ਮੁੜ-ਵਸੇਬਾ, ਰਿਹਾਇਸ਼ੀ ਮਕਾਨ ਅਤੇ ਨੌਕਰੀਆਂ, ਕੰਮਾਂ ਦੇ ਠੇਕੇ ਆਦਿ ਦੇ ਲਾਲਚ ਦੇ ਰਹੀ ਸੀ। ਮਈ 2003 ’ਚ ਜਦੋਂ ਲਿੰਗਰਾਜ ਆਜ਼ਾਦ ਇੱਕ ਰੋਸ ਪ੍ਰਦਰਸ਼ਨ ਦੇ ਸਿਲਸਿਲੇ ਚ ਲਾਂਜੀਗੜ੍ਹ ਚ ਘੁੰਮ ਰਿਹਾ ਸੀ ਤਾਂ ਕੰਪਨੀ ਦੇ ਗੁੰਡਿਆਂ ਨੇ ਭਾਰੀ ਗਿਣਤੀ ਚ ਇਕੱਠੇ ਹੋ ਕੇ ਉਸ ਨੂੰ ਘੇਰ ਲਿਆ। ਉਹਨਾਂ ਨੇ ਆਜ਼ਾਦ ਨੂੰ ਸ਼ਰੇਬਾਜ਼ਾਰ ਬੁਰੀ ਤਰ੍ਹਾਂ ਕੁੱਟਿਆ, ਉਹਦੇ ਉੱਤੇ ਥੁੱਕਿਆ ਅਤੇ ਪਿਸ਼ਾਬ ਕੀਤਾ ਅਤੇ ਬੁਰੀ ਤਰ੍ਹਾਂ ਜਨਤਕ ਤੌਰ ਤੇ ਜ਼ਲੀਲ ਕੀਤਾ। ਇਸ ਤੋਂ ਬਾਅਦ ਉਸ ਨੂੰ ਫੜਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਵੇਦਾਂਤਾ ਦੇ ਇਸ਼ਾਰੇ ਤੇ ਲਿੰਗਰਾਜ ਖਿਲਾਫ ਦੰਗਾ ਫਸਾਦ ਕਰਨ ਦਾ ਮੁਕੱਦਮਾ ਦਰਜ ਕਰ ਲਿਆ।
ਆਦਿਵਾਸੀ ਲੋਕਾਂ ਨੇ ਉਸ ਦੀ ਗਿ੍ਰਫਤਾਰੀ ਦੇ ਵਿਰੋਧ ਵਿਚ ਅਤੇ ਉਸ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼ਹਿਰ ਵਿਚ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ। ਡੌਂਗਰੀਆ ਕੌਂਧ ਆਮ ਤੌਰ ਤੇ ਜੰਗਲਾਂ ਵਿਚ ਘੁੰਮਦੇ ਸਮੇਂ ਮੋਢੇ ਤੇ ਟਾਕੂਆ ਰਖਦੇ ਹਨ ਅਤੇ ਤਿੰਨ ਚਾਰ ਹੋਰ ਛੋਟੇ ਛੋਟੇ ਹਥਿਆਰਾਂ ਨਾਲ ਲੈਸ ਹੁੰਦੇ ਹਨ, ਜਿਨ੍ਹਾਂ ਦੀ ਲੋੜ ਪੈਣ ਤੇ ਉਹ ਆਸਾਨੀ ਨਾਲ ਵਰਤੋਂ ਕਰ ਸਕਦੇ ਹਨ। ਪਰ ਲਿੰਗ ਰਾਜ ਆਜ਼ਾਦ ਨੇ ਮਹਾਤਮਾ ਗਾਂਧੀ ਦੀ ਅਹਿੰਸਾ ਦੀ ਨੀਤੀ ਦੇ ਪ੍ਰਭਾਵ ਹੇਠ ਆਦਿਵਾਸੀਆਂ ਨੂੰ ‘‘ਸ਼ਾਂਤੀ ਪੂਰਵਕ’’ ਅਤੇ ‘‘ਅਹਿੰਸਕ’’ ਹੋ ਕੇ ਪ੍ਰਦਰਸ਼ਨ ਕਰਨ ਲਈ ਕਿਹਾ। ਇਸ ਪ੍ਰਦਰਸ਼ਨ ਚ ਲੱਗਭੱਗ 800 ਮਰਦ-ਔਰਤਾਂ ਆਪਣੇ ਰਵਾਇਤੀ ਹਥਿਆਰਾਂ ਤੋਂ ਬਿਨਾਂ ‘‘ਸ਼ਾਂਤੀ ਪੂਰਵਕ’’ ਸ਼ਾਮਲ ਹੋਏ। ਇਹਨਾਂ ਚੋਂ ਬਹੁਤੇ ਸਾਈਕਲਾਂ ਤੇ ਆਏ ਸਨ। ਉਧਰ ਕੰਪਨੀ ਦੇ ਗੁੰਡੇ ਪੂਰੀ ਤਰ੍ਹਾਂ ਤਿਆਰ ਸਨ। ਉਹ ਬੇਸ ਬਾਲਾਂ ਕਿਟ ਦੇ ਬੈਟ ਅਤੇ ਡਾਂਗਾਂ ਨਾਲ ਲੈਸ ਸਨ। ਉਹਨਾਂ ਨੇ ਪ੍ਰਦਸ਼ਨਕਾਰੀਆਂ ਨੂੰ ਚਾਰੇ ਪਾਸਿਉ ਘੇਰ ਕੇ ਬੁਰੀ ਤਰ੍ਹਾਂ ਕੁੱਟਿਆ। ਸਭ ਤੋਂ ਵੱਧ ਜਬਰ ਔਰਤਾਂ ਤੇ ਕੀਤਾ ਗਿਆ। ਸਾਰੇ ਸਾਈਕਲ ਭੰਨ ਦਿੱਤੇ ਗਏ। ਕਈ ਕਿਲੋਮੀਟਰ ਦੂਰ ਤੱਕ ਉਹ ਪ੍ਰਦਰਸ਼ਨਕਾਰੀਆਂ ਨੂੰ ਕੁੱਟ ਕੇ ਪਿੱਛੇ ਧੱਕਦੇ ਗਏ। ਅਨੇਕਾਂ ਪ੍ਰਦਰਸ਼ਨਕਾਰੀਆਂ ਦੇ ਸਿਰ ਫਟ ਗਏ, ਲੱਤਾਂ ਬਾਹਾਂ ਟੁੱਟ ਗਈਆਂ ਅਤੇ ਸਾਰਾ ਸਰੀਰ ਲਹੂ ਲੁਹਾਣ ਹੋ ਗਿਆ।
ਲਿੰਗਰਾਜ ਆਜ਼ਾਦ ਦਸਦੇ ਹਨ ਕਿ ਇਸ ਘਟਨਾ ਨੇ ਉਸ ਨੂੰ ਮਹਾਤਾਮਾ ਗਾਂਧੀ ਦੀ ਸ਼ਾਂਤੀ ਅਤੇ ਅਹਿੰਸਾ ਦੀ ਨੀਤੀ ਅਤੇ ਤਸ਼ੱਦਦ ਝੱਲ ਕੇ ਜਾਬਰਾਂ ਦੀ ਆਤਮਾ ਨੂੰ ਝੰਜੋੜਨ ਦੇ ਸੰਕਲਪ ਨੂੰ ਮੁੜ ਵਿਚਾਰਨ ਤੇ ਮਜਬੂਰ ਕੀਤਾ। ਉਸ ਨੂੰ ਲੱਗਿਆ ਕਿ ਆਦਿਵਾਸੀਆਂ ਤੋਂ ਉਹਨਾਂ ਦੇ ਰਵਾਇਤੀ ਹਥਿਆਰ ਰਖਵਾਉਣੇ ਉਸ ਦਾ ਗਲਤ ਕਦਮ ਸੀ। ਇਸ ਕੌੜੇ ਤਜਰਬੇ ਤੋਂ ਬਾਅਦ ਨਿਆਮਗਿਰੀ ਸੁਰੱਖਿਆ ਸੰਮਿਤੀ ਨੇ ਫੈਸਲਾ ਕੀਤਾ ਕਿ ਆਦਿਵਾਸੀ ਆਪਣੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਰੋਸ-ਪ੍ਰਦਰਸ਼ਨਾਂ ਚ ਸ਼ਾਮਲ ਹੋਣਗੇ, ਪਹਿਲਾਂ ਕਦੀ ਵੀ ਹਿੰਸਾ ਨਹੀਂ ਕਰਨਗੇ ਪਰ ਵੇਦਾਂਤਾ ਕੰਪਨੀ ਦੇ ਗੁੰਡਿਆਂ ਦੀ ਹਿੰਸਾ ਦਾ ਮੂੰਹ-ਤੋੜ ਜਵਾਬ ਦੇਣਗੇ। ਇਸ ਤੋਂ ਬਾਅਦ ਜਦੋਂ ਡੌਂਗਰੀਆਂ ਕੌਂਧ ਲੋਕਾਂ ਨੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਪ੍ਰਦਰਸ਼ਨ ਕੀਤਾ ਤਾਂ ਪੁਲਸ ਜਾਂ ਵੇਦਾਂਤਾ ਦੇ ਗੁੰਡੇ ਉਹਨਾਂ ਦੇ ਨਜ਼ਦੀਕ ਢੁੱਕੇ ਵੀ ਨਹੀਂ। ਇਸ ਦਿਨ ਨੂੰ ਹੁਣ ਇਹ ਜਥੇਬੰਦੀ ਹਰ ਸਾਲ ਕਰਾਂਤੀ ਦਿਵਸਵਜੋਂ ਮਨਾਉਦੀ ਹੈ।

ਸਰਕਾਰੀ ਜਬਰ ਦਾ ਕੁਹਾੜਾ

ਨਿਆਮਗਿਰੀ ਸੁਰੱਖਿਆ ਸੰਮਿਤੀ ਨੇ ਜਿਉ ਹੀ ਵੇਦਾਂਤਾ ਦੇ ਖਣਨ ਪੋ੍ਰਜੈਕਟ ਦਾ ਵਿਰੋਧ ਸ਼ੁਰੂ ਕੀਤਾ, ਸਰਕਾਰ ਨੇ ਇਸਦੇ ਆਗੂਆਂ ਅਤੇ ਕਾਰਕੁੰਨਾਂ ਦੇ ਖਿਲਾਫ ਜਬਰ ਦਾ ਕੁਹਾੜਾ ਤੇਜ ਕਰ ਦਿੱਤਾ। ਕੁੱਝ ਸਾਲ ਪਹਿਲਾਂ ਕੇਂਦਰੀ ਗ੍ਰਹਿ ਵਿਭਾਗ ਨੇ ਇਕ ਅਧਿਸੂਚਨਾ ਜਾਰੀ ਕਰਕੇ ਇਸ ਜਥੇਬੰਦੀ ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੀ ਫਰੰਟ ਜਥੇਬੰਦੀ ਹੋਣ ਦਾ ਲੇਬਲ ਚਿਪਕਾ ਦਿੱਤਾ। ਇਸ ਜਥੇਬੰਦੀ ਦੇ ਕਾਰਕੁੰਨਾਂ ਅਤੇ ਆਗੂਆਂ ਨੂੰ ‘‘ਮਾਓਵਾਦੀ’’ ਕਹਿ ਕੇ ਗਿ੍ਰਫਤਾਰ ਕੀਤਾ ਗਿਆ ਅਤੇ ਥਾਣਿਆਂ ਚ ਲਿਜਾ ਕੇ ਉਹਨਾਂ ਤੇ ਤਸ਼ੱਦਦ ਢਾਹਿਆ ਗਿਆ। ਲੱਖ ਪਦਰ ਪਿੰਡ ਦੇ ਲਾਡੋ ਸਿਕੋਕਾ ਜੋ ਨਿਆਮਗਿਰੀ ਸੰਘਰਸ਼ ਸੰਮਤੀ ਦਾ ਕੌਮੀ ਪੱਧਰ ਦਾ ਆਗੂ ਹੈ, ਨੂੰ ਉਸ ਸਮੇਂ ਗਿ੍ਰਫਤਾਰ ਕਰ ਲਿਆ ਗਿਆ ਜਦੋਂ ਉਹ ਸ਼ਹਿਰ ਵਿਚ ਫਲ ਵੇਚਣ ਗਿਆ ਸੀ। ਉਸ ਨੂੰ ਮਨੀਗੁੜਾ ਠਾਣੇ ਵਿਚ ਲਿਜਾ ਕੇ ਅੰਤਾਂ ਦਾ ਜਬਰ ਢਾਹਿਆ ਗਿਆ। ਉਸ ਦੇ ਗੁੱਟ ਤੋੜ ਦਿੱਤੇ ਗਏ। ਚਾਹੇ ਪੁਲਸ ਨੇ ਇਸ ਸਭ ਕਾਸੇ ਲਈ ਬਹਾਨਾ ਮਾਓਵਾਦੀਆਂਨਾਲ ਉਹਨਾਂ ਦੇ ਸਬੰਧਾਂ ਦੀ ਛਾਣਬੀਣ ਕਰਨਾ ਦੱਸਿਆ, ਪਰ ਅਸਲ ਵਿਚ ਪੁਲਸ ਦਾ ਮਕਸਦ ਆਦਿਵਾਸੀਆਂ ਵੱਲੋਂ ਰਾਏਗੜ੍ਹ ਚ ਖਣਨ ਵਿਰੋਧੀ ਰੈਲੀ ਨੂੰ ਰੋਕਣਾ ਸੀ ਜਿਸ ਦਾ ਸੱਦਾ ਨਿਆਮਗਿਰੀ ਸੁਰੱਖਿਆ ਸੰਮਿਤੀ ਨੇ ਦਿੱਤਾ ਸੀ। ਇਸੇ ਤਰ੍ਹਾਂ ਬਾਅਦ ਵਿਚ ਵੀ ਵੱਖ ਵੱਖ ਰੋਸ ਪ੍ਰਦਰਸ਼ਨਾਂ ਸਮੇਂ ਲਾਡੋ ਸ਼ਿਕੋਕਾ ਨੂੰ ਗਿ੍ਰਫਤਾਰ ਕੀਤਾ ਜਾਂਦਾ ਰਿਹਾ। 27 ਫਰਵਰੀ 2017 ਨੂੰ ਡਾਂਗਾ ਮਾਟੀ ਪਿੰਡ ਦੇ ਨੇੜੇ ਸੀ. ਆਰ. ਪੀ. ਐਫ. ਨੇ ਇਕ ਆਦਿਵਾਸੀ ਨੌਜਵਾਨ-ਮਾਂਡਾ ਕਡਿਰਕਾ ਨੂੰ ਝੂਠੇ ਪੁਲਸ ਮੁਕਾਬਲੇ ਵਿਚ ਮਾਰ ਮੁਕਾਇਆ। ਲੋਕਾਂ ਦੇ ਦਬਾਅ ਸਦਕਾ ਚਾਹੇ ਇਸ ਘਟਨਾ ਸਬੰਧੀ ਪੁਲਸ ਨੇ ਐਫ ਆਈ ਆਰ ਦਰਜ ਕਰ ਲਈ ਪਰ ਦੋਸ਼ੀ ਮੁਲਾਜ਼ਮਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਤੱਕ ਮਿ੍ਰਤਕ ਨੌਜਵਾਨ ਦੇ ਪਰਿਵਾਰ ਨੂੰ ਵਾਰ ਵਾਰ ਮੰਗਣ ਦੇ ਬਾਵਜੂਦ ਨਾ ਤਾਂ ਐਫ ਆਈ ਆਰ ਦੀ ਨਕਲ ਦਿੱਤੀ ਗਈ ਤੇ ਨਾ ਹੀ ਉਸ ਦੀ ਪੋਸਟ ਮਾਰਟਮ ਰਿਪੋਰਟ। ਸਰਕਾਰ ਨੇ ਨਿਆਮਗਿਰੀ ਦੀਆਂ ਪਹਾੜੀਆਂ ਦੇ ਆਲੇ ਦੁਆਲੇ ਸੀ ਆਰ ਪੀ ਐਫ ਦੇ ਕੈਂਪ ਸਥਾਪਤ ਕਰ ਦਿਤੇ ਜੋ ਲੋਕਾਂ ਤੇ ਦਹਿਸ਼ਤ ਪਾਉਣ ਲਈ ਲਗਾਤਾਰ ਪਿੰਡਾਂ ਵਿਚ ਜਾਂਦੀ ਹੈ, ਘਰਾਂ ਦੀਆਂ ਤਲਾਸ਼ੀਆਂ ਲੈਂਦੀ ਹੈ ਅਤੇ ਲੋਕਾਂ ਨਾਲ ਦੁਰਵਿਵਹਾਰ ਕਰਦੀ ਹੈ। 5 ਜਨਵਰੀ 2017 ਨੂੰ ਪੁਲਸ ਨੇ ਅੱਧੀ ਰਾਤ ਨੂੰ ਗੋਰੋਡਾਂ ਪਿੰਡ ਚ ਛਾਪਾ ਮਾਰ ਕੇ ਉਥੋਂ ਦੀ ਇੱਕ 17 ਸਾਲਾ ਲੜਕੀ ਕੁਨੀ ਸਿਕਾਕਾ-ਜੋ ਸੰਘਰਸ਼ ਸੰਮਿਤੀ ਦੀ ਕਾਰਕੁੰਨ ਹੈ, ਨੂੰ ਚੁੱਕ ਲਿਆ। ਬਾਅਦ ਵਿਚ ਉਸ ਦੇ ਘਰ ਵਾਲੇ ਜੱਗੀ ਕੁੱਸੀਕਾ ਅਤੇ ਚਾਚੇ ਪੁੜੀ ਕੁਸੀਕਾ ਨੂੰ ਥਾਣੇ ਬੁਲਾ ਕੇ ਉਹਨਾਂ ਦੇ ਕੁੱਝ ਕੋਰੇ ਕਾਗਜਾਂ ਤੇ ਅੰਗੂਠੇ ਲਵਾ ਲਏ। ਜਦੋਂ ਪਿੰਡ ਵਾਲਿਆਂ ਨੇ ਇਸ ਘਟਨਾ ਤੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਤਾਂ ਪੁਲਸ ਨੇ ਕਹਾਣੀ ਘੜ ਲਈ ਕਿ ਇਹ ਸਾਰੇ ਮਾਓਵਾਦੀ ਹਨ ਅਤੇ ਇਹਨਾਂ ਨੇ ਪੁਲਸ ਕੋਲ ਆਤਮ ਸਮਰਪਣ ਕਰ ਦਿੱਤਾ ਹੈ। ਇਸ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਵੇਦਾਂਤਾ ਵੱਲੋਂ ਗੁੰਡਾ ਗਰੋਹਾਂ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ
ਨਿਆਮਗਿਰੀ ਸੁਰੱਖਿਆ ਸੰਮਿਤੀ ਦੇ ਸੰਘਰਸ਼ ਨੂੰ ਕੁੁਚਲਣ ਲਈ ਵੇਦਾਂਤਾ ਕੰਪਨੀ ਵੱਲੋਂ ਭੁਵਨੇਸ਼ਵਰ ਦੇ ਇਕ ਬਦਨਾਮ ਗੁੰਡਾ ਗਰੋਹ ਦੀਆਂ ਸੇਵਾਵਾਂ ਵੀ ਲਈਆਂ ਗਈਆਂ। ਇਸ ਗਰੋਹ ਨੂੰ ਆਦਿਵਾਸੀਆਂ ਦੇ ਪਿੰਡਾਂ ਵਿਚ ਜਾ ਕੇ ਜਾਂ ਜੰਗਲਾਂ ਵਿਚ ਘੇਰ ਕੇ, ਉਹਨਾਂ ਨੂੰ ਦਹਿਸ਼ਤ ਪਾਉਣ ਅਤੇ ਕੰਪਨੀ ਦੇ ਵਿਰੁੱਧ ਆਵਾਜ਼ ਉਠਾਉਣ ਤੋਂ ਰੋਕਣ ਦਾ ਕੰਮ ਸੌਂਪਿਆ ਗਿਆ। ਥੋੜ੍ਹੀ ਦੇਰ ਅਜਿਹੀਆਂ ਕਾਰਵਾਈਆਂ ਕਰਨ ਤੋਂ ਬਾਅਦ ਆਖਰ ਇਹ ਗੁੰਡਾ ਗਰੋਹ ਆਦਿਵਾਸੀਆਂ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ। ਉਹਨਾਂ ਨੇ ਗ੍ਰੋਹ ਦੇ ਮੈਂਬਰਾਂ ਨੂੰ ਘੇਰ ਲਿਆ, ਉਹਨਾਂ ਦੀ ਜੀਪ ਭੰਨ ਦਿੱਤੀ ਅਤੇ ਗੁੰਡਿਆਂ ਨੂੰ ਜੰਗਲਾਂ ਵਿਚ ਦੂਰ ਦੂਰ ਭਜਾ ਕੇ ਕੁੱਟਿਆ।

ਮੁੱਢਲੀਆਂ ਜਿੱਤਾਂ

ਨਿਆਮਗਿਰੀ ਸੁਰੱਖਿਆ ਸੰਮਤੀ ਨੂੰ ਇਕ ਮਹੱਤਵਪੂਰਨ ਜਿੱਤ ਉਦੋਂ ਮਿਲੀ ਜਦੋਂ ਇਸ ਦੀਆਂ ਵਿਦੇਸ਼ੀ ਸਹਿਯੋਗੀ ਜਥੇਬੰਦੀਆਂ ਦੀਆਂ ਰੋਸ ਅਤੇ ਪ੍ਰਚਾਰ ਮੁਹਿੰਮਾਂ ਦੇ ਨਤੀਜੇ ਵਜੋਂ ਚਰਚ ਆਫ ਇੰਗਲੈਂਡ ਅਤੇ ਕੁੱਝ ਵਿਦੇਸ਼ੀ ਪੈਨਸ਼ਨ ਫੰਡ ਵਿਤੀ ਸੰਸਥਾਵਾਂ ਨੇ ਵੇਦਾਂਤਾ ਚੋਂ ਆਪਣੀ ਪੂੰਜੀ ਕੱਢ ਲਈ ਅਤੇ ਲੰਦਨ ਵਿਚ ਹੋ ਰਹੀਆਂ ਇਸ ਦੀਆਂ ਬੋਰਡ ਮੀਟਿੰਗਾਂ ਚ ਕੰਪਨੀ ਦੇ ਕੰਮ-ਕਾਜ ਬਾਰੇ ਸਵਾਲ ਖੜ੍ਹੇ ਹੋਣ ਲੱਗ ਪਏ।
ਇਸ ਤੋਂ ਬਾਅਦ 18 ਅਪ੍ਰੈਲ 2013 ਨੂੰ ਭਾਰਤੀ ਸੁਪਰੀਮ ਕੋਰਟ ਦੇ ਇੱਕ ਫੈਸਲੇ ਨੇ ਵੇਦਾਂਤਾ ਕੰਪਨੀ ਅਤੇ ਉਸ ਦੀ ਜੋਟੀਦਾਰ ਭਾਰਤ ਅਤੇ ਉੜੀਸਾ ਸਰਕਾਰ ਤੇ ਭਾਰੀ ਸੱਟ ਮਾਰੀ ਜਿਸ ਵਿਚ ਖਣਨ ਪੋ੍ਰਜੈਕਟ ਨੂੰ ਪ੍ਰਵਾਨਗੀ ਦੇਣ ਲਈ ਇਸ ਖੇਤਰ ਦੀਆਂ 12 ਗਰਾਮ ਸਭਾਵਾਂ ਨੂੰ ਜੰਗਲੀ ਹੱਕਾਂ ਬਾਰੇ ਕਾਨੂੰਨਦੇ ਤਹਿਤ ਅੰਤਿਮ ਹੱਕ ਦੇ ਦਿੱਤਾ ਗਿਆ।
ਵੇਦਾਂਤਾ ਕੰਪਨੀ ਤੇ ਉਹਦੀ ਪਿੱਠ ਤੇ ਖੜ੍ਹੀਆਂ ਕੇਂਦਰ ਅਤੇ ਉੜੀਸਾ ਦੀਆਂ ਸਰਕਾਰਾਂ ਨੂੰ ਲਗਦਾ ਸੀ ਕਿ ਆਪਣੇ ਅਥਾਹ ਵਿੱਤੀ ਵਸੀਲਿਆਂ, ਪੁਲਸ ਤੇ ਗੁੰਡਾ ਬਲ ਅਤੇ ਸਰਕਾਰੀ ਤੰਤਰ ਦੇ ਜੋਰ ਗਰਾਮ ਸਭਾਵਾਂ ਦੇ ਗਰੀਬ ਅਤੇ ਅਨਪੜ੍ਹ ਮੈਂਬਰਾਂ ਤੋਂ ਆਪਣੇ ਹੱਕ ਚ ਅੰਗੂਠੇ ਲਵਾ ਲੈਣਗੇ। ਪਰ ਨਿਆਮਗਿਰੀ ਸੁਰੱਖਿਆ ਸੰਮਿਤੀ ਨੇ ਇਸ ਕਾਰਜ ਨੂੰ ਚੁਣੌਤੀ ਵਜੋਂ ਲਿਆ। ਇਸ ਨੇ ਆਪਣੇ ਸਹਿਯੋਗੀ ਬੁੱਧੀਜੀਵੀਆਂ, ਜਨਤਕ ਜਮਹੂਰੀ ਜਥੇਬੰਦੀਆਂ, ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਅਤੇ ਹੋਰਾਂ ਨਾਲ ਮਿਲ ਕੇ ਸਬੰਧਤ ਗਰਾਮ ਸਭਾਵਾਂ ਦੇ ਹਰ ਇਕ ਮੈਂਬਰ ਤੱਕ ਪਹੁੰਚ ਕੀਤੀ, ਉਹਨਾਂ ਨੂੰ ਪੂਰਾ ਅਮਲ ਸਮਝਾਇਆ, ਗਰਾਮ ਸਭਾ ਦੀ ਮੀਟਿੰਗ ਵਿਚ ਆਪਣਾ ਪੱਖ ਪ੍ਰਭਾਵਸ਼ਾਲੀ ਅਤੇ ਦੋ-ਟੁੱਕ ਰੂਪ ਚ ਕਿਵੇਂ ਰੱਖਣਾ ਹੈ, ਇਸ ਬਾਰੇ ਰਿਹਰਸਲਾਂ ਕਰਵਾਈਆਂ। ਇਹ ਯਕੀਨੀ ਬਣਾਉਣ ਲਈ ਕਿ ਗਰਾਮ ਸਭਾਵਾਂ ਦੇ ਮੈਂਬਰਾਂ ਤੇ ਕੋਈ ਪੁਲਸ ਜਾਂ ਪ੍ਰਸ਼ਾਸਕੀ ਦਬਾਅ ਨਾ ਪਾਇਆ ਜਾ ਸਕੇ, ਥਾਂ ਪੁਰ ਥਾਂ ਲੋਕਾਂ ਦੇ ਇਕੱਠ ਕੀਤੇ, ਲੋਕ-ਪਖੀ ਪੱਤਰਕਾਰਾਂ, ਟੀ ਵੀ ਰਿਪੋਰਟਰਾਂ ਨੂੰ ਮੌਕੇ ਤੇ ਬੁਲਾਇਆ। ਇਸ ਸਾਰੀ ਅਣਥੱਕ ਸਰਗਰਮੀ ਦਾ ਨਤੀਜਾ ਸੀ ਕਿ ਸਾਰੀਆਂ 12 ਗਰਾਮ ਸਭਾਵਾਂ ਨੇ ਸਰਵਸੰਮਤੀ ਨਾਲ ਨਿਆਮਗਿਰੀ ਪਹਾੜੀਆਂ ਚ ਖਣਨ ਦੀ ਮਨਜੂਰੀ ਦੇਣ ਤੋਂ ਨਾਂਹ ਕਰ ਦਿੱਤੀ। ਇਹਨਾਂ ਗਰਾਮ ਸਭਾਵਾਂ ਚ ਆਦਿਵਾਸੀਆਂ ਵੱਲੋਂ ਪ੍ਰਗਟਾਏ ਵਿਚਾਰ ਧਿਆਨ ਦੇਣ ਯੋਗ ਹਨ:
ਗੋਵਿੰਦ ਸਿਕਾਕਾ ਨਾਂ ਦੇ ਨੌਜਵਾਨ ਕੌਂਧ ਨੇ ਕਿਹਾ, ‘‘ਨਿਆਮਗਿਰੀ ਸਾਡਾ ਪੂਜਨੀਕ ਦੇਵਤਾ ਹੈ। ਅਸੀਂ ਹਜ਼ਾਰਾਂ ਸਾਲਾਂ ਤੋਂ ਇਸ ਦੀ ਪੂਜਾ ਕਰ ਰਹੇ ਹਾਂ। ਅਸੀਂ ਦਰਖਤਾਂ ਦੀ ਅਤੇ ਪਹਾੜੀਆਂ ਦੀ ਪੂਜਾ ਕਰਦੇ ਹਾਂ। ਜੇ ਕੋਈ ਸਾਡੇ ਕੋਲੋਂ ਨਿਆਮਗਿਰੀ ਦੀਆਂ ਪਹਾੜੀਆਂ ਖੋਂਹਦਾ ਹੈ ਤਾਂ ਉਹ ਸਾਡੇ ਧਰਮ ਅਤੇ ਵਿਸ਼ਵਾਸ਼ ਨੂੰ ਸੱਟ ਮਾਰਦਾ ਹੈ। ਇਸ ਨਾਲ ਡੌਂਗਰੀਆਂ ਕੌਂਧ ਖਤਮ ਹੋ ਜਾਣਗੇ। .. ..ਅਸੀਂ ਕਿਸੇ ਹਾਲ ਵੀ ਨਿਆਮਗਿਰੀ ਨਹੀਂ ਛੱਡਾਂਗੇ। ਇਸ ਦੀ ਖਾਤਰ ਆਪਣੇ ਖੂਨ ਦਾ ਆਖਰੀ ਕਤਰਾ ਵਹਾ ਦਿਆਂਗੇ।’’ ਇਕ ਹੋਰ ਡੌਂਗਰੀਆ ਕੌਂਧ-ਡਾਗੂ ਸਿਕਾਕਾ ਦਾ ਕਹਿਣਾ ਸੀ, ‘‘ਜੇ ਨਿਆਮਗਿਰੀ ਪਹਾੜੀਆਂ ਚ ਖਣਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਹ ਮਾਰੂਥਲ ਬਣ ਜਾਏਗਾ। ਚਾਹੇ 10 ਹਜ਼ਾਰ ਆਦਿਵਾਸੀਆਂ ਨੂੰ ਆਪਣੀ ਜਾਨ ਵਾਰਨੀ ਪਵੇ ਉਹ ਨਿਆਮਗਿਰੀ ਛੱਡ ਕੇ ਨਹੀਂ ਜਾਣਗੇ।’’ ਇੰਦਰਾ ਸਿਕਾਕਾ ਨੇ ਗਰਾਮ ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਕਿਹਾ,‘‘ਅਸੀਂ ਕਿਸੇ ਨੂੰ ਵੀ ਨਿਆਮਗਿਰੀ ਦੇਣ ਲਈ ਤਿਆਰ ਨਹੀਂ, ਚਾਹੇ ਕੋਈ ਕੰਪਨੀ ਹੋਵੇ ਜਾਂ ਸਰਕਾਰ। ਨਿਆਮਗਿਰੀ ਦੀਆਂ ਪਹਾੜੀਆਂ ਸਾਨੂੰ ਛਾਂ ਦਿੰਦੀਆਂ ਹਨ, ਸਾਡੀ ਪਿਆਸ ਬੁਝਾਉਦੀਆਂ ਹਨ ਅਤੇ ਸਾਡੇ ਜੀਵਨ ਨਿਰਭਾਅ ਦਾ ਸੋਮਾ ਹਨ। ਇਸ ਕਰਕੇ ਅਸੀਂ ਇਹਨਾਂ ਪਹਾੜੀਆਂ ਨੂੰ ਬਚਾਉਣ ਲਈ ਲੜ ਰਹੇ ਹਾਂ।’’

ਕੀ ਨਿਆਮਗਿਰੀ ਦੀਆਂ ਚੋਟੀਆਂ ਤੋਂ ਖਤਰਾ ਪੂਰੀ ਤਰ੍ਹਾਂ ਟਲ ਗਿਆ?

ਲਿੰਗਰਾਜ ਆਜ਼ਾਦ ਅਤੇ ਨਿਆਮਗਿਰੀ ਸੁਰੱਖਿਆ ਸੰਮਿਤੀ ਦੇ ਹੋਰ ਆਗੂ ਸਮਝਦੇ ਹਨ ਕਿ ਇਲਾਕੇ ਦੀਆਂ 12 ਗਰਾਮ ਸਭਾਵਾਂ ਵੱਲੋਂ ਖਣਨ ਨੂੰ ਮਨਜੂਰੀ ਦੇਣ ਤੋਂ ਨਾਂਹ ਕਰਨ ਦੇ ਨਾਲ ਖਤਰਾ ਅਜੇ ਅੰਤਿਮ ਰੂਪ ਚ ਨਹੀਂ ਟਲਿਆ। ਇਸਦੇ ਕਈ ਕਾਰਨ ਹਨ। ਪਹਿਲਾ ਕਾਰਨ ਲਾਂਜੀਗੜ੍ਹ ਚ ਵੇਦਾਂਤਾ ਅਲਮੀਨਾ ਰਿਫਾਈਨਰੀ ਦਾ ਚਾਲੂ ਰਹਿਣਾ ਅਤੇ ਬੇਰੋਕ-ਟੋਕ ਪ੍ਰਦੂਸ਼ਨ ਫੈਲਾਉਣਾ, ਦੂਜਾ ਕਾਰਨ ਸੁਪਰੀਮ ਕੋਰਟ ਦੇ ਉਪਰੋਕਤ ਫੈਸਲੇ ਤੋਂ ਥੋੜ੍ਹੀ ਦੇਰ ਬਾਅਦ ਉੜੀਸਾ ਖਣਨ ਕਾਰਪੋਰੇਸ਼ਨ-ਜੋ ਉੜੀਸਾ ਸਰਕਾਰ ਦਾ ਇਕ ਅਦਾਰਾ ਹੈ, ਵੱਲੋਂ ਮੁੜ ਤੋਂ ਗਰਾਮ ਸਭਾਵਾਂ ਕਰਾਉਣ ਅਤੇ ਦੁਬਾਰਾ ਖਣਨ ਬਾਰੇ ਫੈਸਲਾ ਲੈਣ ਸਬੰਧੀ ਪਾਈ ਗਈ ਅਰਜੀ (ਜੋ ਹੁਣ ਰੱਦ ਹੋ ਚੁੱਕੀ ਹੈ), ਮੋਦੀ ਸਰਕਾਰ ਵੱਲੋਂ ਜੰਗਲਾਤ ਕਾਨੂੰਨਾਂ ਚ ਪ੍ਰਸਤਾਵਤ ਸੋਧਾਂ, ਜਿਸ ਦੇ ਤਹਿਤ ਜੰਗਲਾਤ ਅਧਿਕਾਰੀਆਂ ਨੂੰ ਮਾਰੂ ਹਥਿਆਰਾਂ ਅਤੇ ਅਧਿਕਾਰਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਅਤੇ ਜੰਗਲੀ ਹੱਕਾਂ ਬਾਰੇ ਕਾਨੂੰਨ’ ’ਚ ਸੋਧ ਕਰਕੇੇ ਖਣਜ ਪਦਾਰਥਾਂ ਦੇ ਭੰਡਾਰਾਂ ਵਾਲੇ ਜੰਗਲਾਂ ਦੀ ਇਕ ਵੱਖਰੀ ਸ਼੍ਰੇਣੀ ‘‘ਉਤਪਾਦਕ ਜੰਗਲ’’ (¿;¿;¿;¿;¿; ) ਬਣਾਈ ਜਾ ਰਹੀ ਹੈ, ਜਿਸ ਚ ਖਣਨ ਕਰਨ ਲਈ ਗਰਮ ਸਭਾ ਤੋਂ ਮਨਜੂਰੀ ਦੀ ਲੋੜ ਨੂੰ ਖਤਮ ਕੀਤਾ ਜਾ ਰਿਹਾ ਹੈ। ਜੰਗਲਾਂ ਹੇਠਲੀਆਂ ਜਮੀਨਾਂ ਕਾਰਪੋਰੇਟਾਂ ਲਈ ਵਿਹਲੀਆਂ ਕਰਵਾਉਣ ਖਾਤਰ, ਆਦਿਵਸੀਆਂ ਦਾ ਉਥੋਂ ਵੱਡੀ ਪੱਧਰ ਤੇ ਉਜਾੜਾ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਆਦਿਵਾਸੀਆਂ ਦੀਆਂ ਜਲ, ਜੰਗਲ ਅਤੇ ਜ਼ਮੀਨਦੀ ਰਾਖੀ ਦੀਆਂ ਚੱਲ¿; ਰਹੀਆਂ ਲਹਿਰਾਂ ਨੂੰ ਕੁਚਲਣ ਲਈ ਥਾਂ ਥਾਂ ਨੀਮ ਫੌਜੀ ਬਲਾਂ ਦੇ ਕੈਂਪ ਸਥਾਪਿਤ ਕੀਤੇ ਜਾ ਰਹੇ ਹਨ। ਇਹਨਾਂ ਲਹਿਰਾਂ ਦੇ ਆਗੂਆਂ ਨੂੰ ਚੁੱਪ ਕਰਾਉਣ ਲਈ ਦੇਸ਼-ਧ੍ਰੋਹ ਅਤੇ ਗੈਰਕਾਨੂੰਨੀ ਸਰਗਰਮੀਆਂ ਵਰਗੀਆਂ ਧਾਰਾਵਾਂ ਤਹਿਤ ਉਹਨਾਂ ਤੇ ਕੇਸ ਮੜ੍ਹ ਕੇ,¿; ਉਹਨਾਂ ਨੂੰ ਲੰਮੇ ਸਮੇਂ ਤੱਕ ਜੇਲ੍ਹਾਂ ਚ ਸੁੱਟਿਆ ਜਾ ਰਿਹਾ ਹੈ।
ਲਿੰਗਰਾਜ ਆਜ਼ਾਦ ਨੇ ਸਾਡੇ ਰਾਹੀਂ ਸਾਰੇ ਭਾਰਤ ਦੇ ਲੋਕਾਂ ਨੂੰ ਇਕ ਸੁਨੇਹਾ ਦਿੱਤਾ ਹੈ, ‘ਆਦਿਵਾਸੀ ਚਾਹੇ ਪਛੜੇ ਅਤੇ ਗਰੀਬ ਲੋਕ ਹਨ ਪਰ ਉਹ ਧੜੱਲੇ ਨਾਲ ਜਲ, ਜੰਗਲ ਅਤੇ ਜ਼ਮੀਨਦੀ ਰਾਖੀ ਲਈ ਦੇਸੀ ਵਿਦੇਸੀ ਕਾਰਪੋਰੇਟ ਧਾੜਵੀਆਂ ਖਿਲਾਫ ਲੜ ਰਹੇ ਹਨ। ਸਾਰੇ ਭਾਰਤ ਦੇ ਇਨਸਾਫਪਸੰਦ ਅਤੇ ਮਿਹਨਤਕਸ਼ ਲੋਕਾਂ ਦਾ ਫਰਜ ਬਣਦਾ ਹੈ ਕਿ ਉਹ ਆਦਿਵਾਸੀਆਂ ਦੇ ਇਸ ਹੱਕੀ ਸੰਘਰਸ਼ ਦੀ ਡਟਵੀਂ ਹਮਾਇਤ ਕਰਨ।

No comments:

Post a Comment