Thursday, July 4, 2019

ਲੋਕ ਸਭਾ ਚੋਣ ਹਾਕਮ ਜਮਾਤੀ ਸਿਆਸਤ ਦੇ ਪਿਛਾਖੜੀ ਅੰਸ਼ਾਂ ਦੀ ਹੋਰ ਮਜਬੂਤੀ


ਲੋਕ ਸਭਾ ਚੋਣਾਂ  



ਹਾਕਮ ਜਮਾਤੀ ਸਿਆਸਤ ਦੇ ਪਿਛਾਖੜੀ ਅੰਸ਼ਾਂ ਦੀ ਹੋਰ ਮਜਬੂਤੀ

ਲੋਕ ਸਭਾ ਚੋਣਾਂ 'ਚ ਸਪਸ਼ਟ ਬਹੁਮਤ ਨਾਲ ਭਾਜਪਾ ਨੇ ਮੁੜ ਗੱਦੀ ਸਾਂਭ ਲਈ ਹੈ। ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰ ਗਈ ਹੈ। ਹੋਰ ਖੇਤਰੀ ਪਾਰਟੀਆਂ ਵੀ ਆਪਣੀਆਂ ਆਸਾਂ ਤੋਂ ਕਿਤੇ ਹੇਠਾਂ ਰਹਿ ਗਈਆਂ ਹਨ। ਜਦੋਂ 2014 'ਚ ਯੂ ਪੀ ਏ ਖਿਲਾਫ ਤਿੱਖੀ ਰੋਸ ਲਹਿਰ ਸੀ ਤਾਂ ਭਾਜਪਾ ਨੂੰ ਇਸ ਦਾ ਲਾਹਾ ਮਿਲਿਆ ਸੀ ਜਦਕਿ ਹੁਣ ਪੰਜ ਸਾਲਾਂ ਦੇ ਲੋਕ ਦੋਖੀ ਅਮਲਾਂ ਕਾਰਨ ਭਾਜਪਾ ਲਈ ਮੁੜ ਗੱਦੀ 'ਤੇ ਆਉਣ ਦਾ ਰਸਤਾ ਪਹਿਲਾਂ ਦੇ ਮੁਕਾਬਲੇ ਕਠਿਨ ਸੀ ਪਰ ਭਾਜਪਾ ਪਹਿਲਾਂ ਨਾਲੋਂ ਵੀ  ਜ਼ਿਆਦਾ ਸੀਟਾਂ ਲਿਜਾਣ 'ਚ ਕਾਮਯਾਬ ਰਹੀ। ਕੁੱਝ ਰਾਜਾਂ ਦੀਆਂ ਚੋਣਾਂ ਹਾਰ ਜਾਣ ਮਗਰੋਂ, ਇਸ ਚੋਣ ਵਰ੍ਹੇ ਦੇ ਸ਼ੁਰੂਆਤੀ ਦਿਨਾਂ 'ਚ ਤਾਂ ਉਸਨੂੰ ਆਪਣੇ ਬਲਬੂਤੇ ਸਪਸ਼ਟ ਬਹੁਮਤ ਹਾਸਲ ਕਰਕੇ ਸੱਤਾ 'ਚ ਪਰਤਣ ਦੀ ਬਹੁਤੀ ਉਮੀਦ ਨਹੀਂ ਸੀ ਜਾਪਦੀ। ਇੱਕ ਵਾਰ ਤਾਂ ਐਨ.ਡੀ.ਏ. ਨੂੰ ਸਪਸ਼ਟ ਬਹੁਮਤ ਨਾ ਮਿਲਣ ਦੇ ਲੱਗ ਰਹੇ ਅੰਦਾਜ਼ਿਆਂ ਦੌਰਾਨ, ਭਾਜਪਾ ਲੀਡਰਸ਼ਿੱਪ ਐਨ.ਡੀ.ਏ. ਤੋਂ ਬਾਹਰ ਦੀਆਂ ਪਾਰਟੀਆਂ ਤੱਕ ਪਹੁੰਚ ਬਣਾਉਣ ਦੇ ਯਤਨਾਂ 'ਚ ਸੀ। ਡੀ.ਐਮ.ਕੇ. 'ਤੇ ਬੀਜੂ ਜਨਤਾ ਦਲ ਵਰਗੀਆਂ ਪਾਰਟੀਆਂ ਵੱਲ ਨਿਗਾਹ ਮਾਰੀ ਜਾ ਰਹੀ ਸੀ। ਇਹ ਨਿਗਾਹ ਕਾਫੀ ਦੂਰ ਤੱਕ ਜਾ ਰਹੀ ਸੀ, ਏਥੋਂ ਤੱਕ ਕਿ ਤ੍ਰਿਣਾਮੂਲ ਕਾਂਗਰਸ ਵੀ ਸੰਭਾਵੀ ਸੂਚੀ 'ਚੋ ਬਾਹਰ ਨਹੀਂ ਸੀ। ਭਾਜਪਾ ਅੰਦਰ ਵੀ ਸਭ ਦਾਅਵਿਆਂ ਦੇ ਬਾਵਜੂਦ ਅਨਿਸ਼ਚਿਤਤਾ ਦੇ ਅੰਸ਼ ਦਿਖਾਈ ਦਿੰਦੇ ਸਨ। ਪਰ ਕਾਰਪੋਰੇਟ ਬੁਰਜੂਆਜੀ ਨੇ ਭਾਜਪਾ ਦੇ ਹੱਕ 'ਚ ਭੁਗਤਦਿਆਂ , ਆਪਣੇ ਦਲਾਲ ਗੱਠਜੋੜ ਦੀ ਦੂਸਰੀ ਸ਼ਕਤੀ ਸਥਾਨਕ ਜਗੀਰੂ ਸ਼ਕਤੀਆਂ ਦੇ ਵੱਡੇ ਹਿੱਸੇ ਨੂੰ ਇਹਦੇ ਹੱਕ 'ਚ ਭੁਗਤਾ ਲਿਆ ਹੈ। ਇਸ ਗੱਠਜੋੜ ਨੂੰ ਹੋਰਨਾਂ ਸਿਆਸੀ ਪਾਰਟੀਆਂ ਦੇ ਮੁਕਾਬਲੇ ਭਾਜਪਾ ਨੂੰ ਗੱਦੀ 'ਤੇ ਬਿਠਾਉਣਾ ਆਪਣੇ ਹਿਤਾਂ ਦੇ ਵਧਾਰੇ ਲਈ ਸਭ ਤੋਂ ਲਾਹੇਵੰਦਾ ਜਾਪਿਆ ਹੈ। ਇਉ ਹਾਕਮ ਜਮਾਤਾਂ ਦੀ ਪਸੰਦੀਦਾ ਚੋਣ ਬਣਕੇ ਉੱਭਰੀ ਭਾਜਪਾ ਨੇ ਫਿਰਕੂ ਤੇ ਅੰਨੇ ਕੌਮੀ ਹੰਕਾਰ ਦੀ ਪੱਤੇ ਦੀ ਵਰਤੋਂ ਕਰਕੇ  ਲੋਕ ਫਤਵੇ ਦਾ ਦਾਅਵਾ ਦਰਸਾਉਣ 'ਚ ਕਾਮਯਾਬੀ ਹਾਸਲ ਕੀਤੀ ਹੈ। ਮੁਲਕ ਦੀਆਂ ਹਾਕਮ ਜਮਾਤਾਂ ਨੇ ਇਹਨਾਂ ਚੋਣਾਂ ਰਾਹੀਂ ਸੱਤਾ ਦੀ ਵੰਡ ਦੇ ਮਸਲੇ ਦਾ ਮੁਕਾਬਲਤਨ ਬਿਹਤਰ ਨਿਪਟਾਰਾ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ।
ਚੋਣਾਂ ਆਮ ਕਰਕੇ ਮੁਲਕ ਦੀਆਂ ਹਾਕਮ ਜਮਾਤਾਂ ਅੰਦਰ ਆਪਣੇ ਰਾਜ ਭਾਗ ਦੇ ਸੰਚਾਲਨ ਲਈ ਸੱਤਾ ਦੀ ਵਾਗ਼ਡੋਰ ਸੰਭਾਲਣ ਦਾ ਸਵਾਲ ਹੱਲ ਕਰਨ ਦਾ ਸਾਧਨ ਹਨ। ਇਹ ਚੋਣ ਕਰਨ ਵੇਲੇ ਹਾਕਮ ਜਮਾਤਾਂ ਨੇ ਲੋਕਾਂ ਤੋਂ ਵੀ ਮੋਹਰ ਲਵਾਉਣੀ ਹੁੰਦੀ ਹੈ। ਇਸ ਲਈ ਉਹ ਲੋਕਾਂ ਨੂੰ ਭਰਮਾਉਣ-ਵਰਚਾਉਣ ਦੇ ਹੱਥਕੰਡੇ ਵਰਤਦੀਆਂ ਹਨ। ਕੌਣ ਵੱਧ ਭਰਮਾਉਣ ਦੀ ਹਾਲਤ 'ਚ ਹੈ  ਤੇ ਕੌਣ ਰਾਜ ਭਾਗ ਦੀਆਂ ਨੀਤੀਆਂ  ਨੂੰ ਸਫਲਤਾ ਨਾਲ ਅੱਗੇ ਵਧਾ ਸਕਦਾ ਹੈ ਤੇ ਹਾਕਮ ਜਮਾਤਾਂ ਦੇ ਹਿਤਾਂ ਦੀ ਬੇਹਤਰ ਤਰੀਕੇ ਨਾਲ ਸੇਵਾ ਕਰ ਸਕਦਾ ਹੈ, ਇਹੀ ਪੈਮਾਨਾ ਹਾਕਮ ਜਮਾਤਾਂ ਦੀ ਚੋਣ ਦਾ ਅਧਾਰ ਬਣਦਾ ਹੈ। ਚਾਹੇ ਸਮੁੱਚੇ ਤੌਰ 'ਤੇ ਚੋਣ ਅਮਲ ਹਾਕਮ ਜਮਾਤਾਂ ਦਾ ਆਪਸੀ ਮਾਮਲਾ ਹੈ ਪਰ ਉਹਨਾਂ ਦੇ ਇਸ ਆਪਸੀ ਭੇੜ ਦਾ ਪ੍ਰਛਾਵਾਂ ਲੋਕਾਂ 'ਤੇ ਵੀ ਪੈਂਦਾ ਹੈ। ਇਸ ਲੰਘੇ ਚੋਣ ਅਮਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਾਰ ਇਹ ਮਾਰੂ ਪ੍ਰਛਾਵਾਂ ਹੋਰ ਗੂੜ੍ਹਾ ਸੀ। ਇਹਨਾਂ ਚੋਣਾਂ ਦੌਰਾਨ ਹਾਕਮ ਜਮਾਤੀ ਸਿਆਸਤ ਦੇ ਪਿਛਾਖੜੀ ਅੰਸ਼ਾਂ ਨੂੰ ਹੋਰ ਤਕੜਾਈ ਮਿਲੀ ਹੈ। ਹਾਕਮ ਜਮਾਤੀ ਚੋਣ ਮੁਹਿੰਮਾਂ ਮੁੱਖ ਤੌਰ 'ਤੇ ਪਿਛਾਖੜੀ ਨਾਅਰਿਆਂ ਦੁਆਲੇ ਚੱਲੀਆਂ ਹਨ। ਲੋਕਾਂ ਦੀ ਜਿੰਦਗੀ ਤੇ ਜੂਨ ਗੁਜਾਰੇ ਦੇ ਮੁੱਦੇ ਹੋਰ ਵਧੇਰੇ ਹਾਸ਼ੀਏ 'ਤੇ ਗਏ ਹਨ ਤੇ ਨਿਗੂਣੇ ਰਾਹਤ ਐਲਾਨਾਂ ਤੇ ਬੇਨਕਸ਼ ਨਾਅਰਿਆਂ ਤੱਕ ਸੀਮਤ ਰਹੇ ਹਨ। ਇਹਨਾਂ ਪਿਛਾਖੜੀ ਮੁਹਿੰਮਾਂ ਦੀ ਚੈਂਪੀਅਨ ਚਾਹੇ ਭਾਜਪਾ ਬਣੀ ਹੈ ਪਰ ਦੂਜੇ ਹਾਕਮ ਜਮਾਤੀ ਧੜੇ ਖਾਸ ਕਰਕੇ ਕਾਂਗਰਸ ਇਸ ਪੈਂਤੜੇ ਨਾਲੋਂ ਨਿਖੇੜਾ ਕਰ ਸਕਣ ਦੀ ਥਾਂ ਇਸ ਪਿਛਾਖੜੀ ਫਿਰਕੂ ਰਾਸ਼ਟਰਵਾਦੀ ਪ੍ਰਸੰਗ ਨੂੰ ਹੀ ਹੋਰ ਤਕੜਾ ਕਰਨ ਦਾ ਜਰੀਆ ਬਣੀ ਹੈ।
ਭਾਜਪਾ ਨੇ ਇਹਨਾਂ ਚੋਣਾਂ 'ਚ ਫਿਰਕੂ ਰਾਸ਼ਟਰਵਾਦੀ ਪ੍ਰਸੰਗ ਸੈੱਟ ਕੀਤਾ ਤੇ ਅੰਨ੍ਹੇਂ ਕੌਮੀ ਸ਼ਾਵਨਵਾਦ ਦੇ ਰਥ 'ਤੇ ਸਵਾਰ ਹੋਈ। ਉਸਨੇ ਅਖੌਤੀ ਕੌਮੀ ਸਵੈਮਾਣ ਨੂੰ ਉਭਾਰਿਆ ਜਿਹੜਾ ਹਿੰਦੂਤਵ ਦੀ ਚਾਸ਼ਨੀ 'ਚ ਗੜੁੱਚ ਸੀ। ਉਸਨੇ ਅਖੌਤੀ ਕੌਮੀ ਸੁਰੱਖਿਆ ਦਾ ਮੁੱਦਾ ਉਭਾਰਿਆ ਜਿਹੜਾ ਭਾਰਤੀ ਹਾਕਮ ਜਮਾਤਾਂ ਦੀਆਂ ਵੱਡੀ ਤਾਕਤ ਬਣਨ ਦੀਆਂ ਖਾਹਿਸ਼ਾਂ ਨੂੰ ਸੰਬੋਧਿਤ ਸੀ ਕਿ ਕਿਵੇਂ ਇਹ ਤਾਕਤ ਮੁਲਕ ਦੇ ਅੰਦਰ 'ਤੇ ਬਾਹਰ ਭਾਰਤੀ ਰਾਜ ਦੀ ਧੌਂਸ ਦੇ ਝੰਡੇ ਝੁਲਾ ਸਕਦੀ ਹੈ। ਹਾਕਮ ਜਮਾਤਾਂ ਦੀ ਇਸ ਪਿਛਾਖੜੀ ਉਮੰਗ ਨੂੰ ਉਭਾਰ ਕੇ, ਮੁਲਕ ਨੂੰ ਮਹਾਂਸ਼ਕਤੀ ਬਣਾਉਣ ਵਾਲੀ ਫੌਜ ਨੂੰ ਹੋਰ ਤਕੜਾ ਕਰਨ ਦੀ ਜਰੂਰਤ ਦਾ ਪ੍ਰਸੰਗ ਬੰਨ੍ਹਿਆ ਗਿਆ। ਇਹਦੇ ਜੋਰ 'ਤੇ ਗੁਆਂਢੀ ਮੁਲਕਾਂ 'ਤੇ ਧੌਂਸ ਜਮਾਉਣ ਤੇ ਦਬਾਈਆਂ ਕੌਮੀਅਤਾਂ ਦੀਆਂ ਹੱਕੀ ਲਹਿਰਾਂ ਨੂੰ ਕੁਚਲ ਕੇ ਮੁਲਕ ਦੀ ਅਖੌਤੀ ਏਕਤਾ ਅਖੰਡਤਾ ਨੂੰ ਕਾਇਮ ਰੱਖਣ ਦੇ ਪਿਛਾਖੜੀ ਹੋਕੇ ਦਿੱਤੇ ਗਏ।  ਚਾਹੇ ਕਾਂਗਰਸ ਤੇ ਦੂਜੀਆਂ ਵਿਰੋਧੀ ਪਾਰਟੀਆਂ ਵੱਲੋਂ ਚੋਣ ਮੁਹਿੰਮਾਂ ਦਾ ਕੌਮੀ ਸੁਰੱਖਿਆ ਤੇ ਕੌਮੀ ਸ਼ਾਵਨਵਾਦ ਦਾ ਭਾਜਪਾ ਵੱਲੋਂ ਸਿਰਜਿਆ ਹਵਾਲਾ ਨੁਕਤਾ ਬਦਲਣ ਦਾ ਯਤਨ ਵੀ ਦਿਖਿਆ ਕਿਉਂਕਿ ਇਸ ਹਵਾਲਾ ਨੁਕਤੇ ਰਾਹੀਂ ਉਹਨਾਂ ਨੂੰ ਭਾਜਪਾ ਨਾਲੋਂ ਘੱਟ ਲਾਹਾ ਹੁੰਦਾ ਦਿਖਦਾ ਸੀ। ਉਹਨਾਂ ਨੇ ਲੋਕਾਂ ਦੇ ਜੂਨ ਗੁਜਾਰੇ ਦੇ ਮੁੱਦਿਆਂ ਨੂੰ ਹਵਾਲਾ ਨੁਕਤਾ ਬਣਾਉਣ ਦਾ ਯਤਨ ਵੀ ਕੀਤਾ । ਚਾਹੇ ਭਾਜਪਾ ਵੱਲੋਂ ਵੀ ਲੋਕਾਂ ਦੇ ਮੁੱਦਿਆਂ ਨੂੰ ਅੰਸ਼ਕ ਪੱਧਰ 'ਤੇ ਸੰਬੋਧਿਤ ਹੋਇਆ ਗਿਆ ਪਰ ਤਾਂ ਵੀ ਇਹ ਮੁੱਦੇ ਅਧੀਨ ਹਵਾਲਾ ਨੁਕਤਾ ਹੀ ਸਨ। ਲੋਕਾਂ ਦੇ ਪੱਖ ਦੇ ਨੀਤੀ ਮੁੱਦੇ ਤਾਂ ਹਾਸ਼ੀਏ ਤੋਂ ਵੀ ਬਾਹਰ ਹੀ ਸਨ। ਜਦਕਿ ਰਾਸ਼ਟਰਵਾਦੀ ਸ਼ਾਵਨਵਾਦੀ ਪ੍ਰਸੰਗ ਹੀ ਮੁੱਖ ਹਵਾਲਾ ਨੁਕਤਾ ਬਣਿਆ ਰਿਹਾ, ਜਿਸਦੇ ਦੁਆਲੇ ਹਾਕਮ ਧੜਿਆਂ  ਦਾ ਆਪਸੀ ਭੇੜ ਹੋਇਆ ਹੈ।
ਕਈ ਮਹੀਨੇ ਲੰਮੀ ਚੱਲੀ ਇਹ ਚੋਣ ਮੁਹਿੰਮ ਹਾਕਮ ਜਮਾਤੀ ਸਿਆਸਤ ਦੇ ਪਿਛਾਖੜੀ ਅੰਸ਼ਾਂ ਨੂੰ ਹੋਰ ਤਕੜੇ ਕਰਨ ਦਾ ਸਾਧਨ ਹੋ ਨਿਬੜੀ ਹੈ। ਇਹਨਾਂ ਚੋਣਾਂ ਰਾਹੀਂ ਹਾਕਮ ਜਮਾਤੀ ਸਿਆਸਤ ਦਾ ਧਰਮ ਨਾਲ ਗੱਠਜੋੜ ਹੋਰ ਮਜਬੂਤ ਹੋਇਆ ਹੈ। ਹਾਕਮ ਧੜਿਆਂ ਦੀ ਫਿਰਕੂ ਪਾਲਾਬੰਦੀਆਂ 'ਤੇ ਟੇਕ ਹੋਰ ਵਧੀ ਹੈ। ਕੌਮੀ ਸ਼ਾਵਨਵਾਦੀ ਜਨੂੰਨ ਦਾ ਹੋਰ ਸੰਚਾਰ ਹੋਇਆ ਹੈ ਤੇ ਇਹ ਹਾਕਮ ਜਮਾਤੀ ਸਿਆਸਤ 'ਚ ਹੋਰ ਪ੍ਰਮੁੱਖਤਾ ਹਾਸਲ ਕਰ ਗਿਆ ਹੈ। ਨਵੀਆਂ ਆਰਥਿਕ ਨੀਤੀਆਂ ਦੀ ਧੁੱਸ ਹੋਰ ਅੱਗੇ ਵਧੀ ਹੈ। ਹਾਕਮ ਜਮਾਤਾਂ ਦੀਆਂ ਵੱਡ ਤਾਕਤੀ ਖਾਹਿਸ਼ਾਂ ਦੁਆਲੇ ਲੋਕਾਂ ਨੂੰ ਭੁਚਲਾਇਆ ਗਿਆ ਹੈ। ਇਉਂ ਕੁੱਲ ਮਿਲਾ ਕੇ ਲੋਕਾਂ ਖਿਲਾਫ ਹਾਕਮ ਜਮਾਤੀ ਸਿਆਸੀ ਵਿਚਾਰਧਾਰਕ ਹਮਲੇ ਦੀ ਧਾਰ ਹੋਰ ਤਿੱਖੀ ਹੋ ਗਈ ਹੈ। ਇਸਦਾ ਪ੍ਰਛਾਵਾਂ ਲੋਕਾਂ ਦੇ ਘੋਲਾਂ 'ਤੇ ਪੈਣਾ ਹੈ ਤੇ ਇਸ ਪ੍ਰਛਾਵੇਂ ਤੋਂ ਬਚਾਅ ਦੀ ਚੁਣੌਤੀ ਲੋਕਾਂ ਸਾਹਮਣੇ ਹੋਰ ਵੱਡੀ ਹੋ ਗਈ ਹੈ। ਇਹਨਾਂ ਚੋਣਾਂ ਰਾਹੀਂ ਹਾਕਮ ਜਮਾਤਾਂ ਨੇ ਆਪਣੇ ਰਾਜ 'ਚ ਹਕੂਮਤੀ ਖੇਤਰ ਅੰਦਰ ਸਥਿਰਤਾ ਦੀ ਤ੍ਰਿਸ਼ਨਾ ਤੋ ਵਕਤੀ ਤੌਰ 'ਤੇ ਕੁੱਝ ਰਾਹਤ ਹਾਸਲ ਕੀਤੀ ਹੈ। ਆਪਣੇ ਹਿਤਾਂ ਦੇ ਸਮੁੱਚੇ ਤੌਰ 'ਤੇ ਅਗਲੇਰੇ ਵਧਾਰੇ ਲਈ ਮੁਕਾਬਲਤਨ ਸਾਬਤ ਕਦਮੀਂ ਅੱਗੇ ਵਧਣ ਦੀ ਹਾਲਤ ਪੈਦਾ ਕਰਨ 'ਚ ਅੰਸ਼ਕ ਕਾਮਯਾਬੀ ਹਾਸਲ ਕੀਤੀ ਹੈ।
ਹਾਕਮ ਜਮਾਤਾਂ ਦੇ ਸਿਆਸੀ ਨੁਮਾਇੰਦੇ  ਜਦੋਂ ਰਾਜ ਗੱਦੀ ਲਈ ਭਿੜਦੇ ਹਨ ਤਾਂ ਉਹ ਮੁੱਖ ਤੌਰ 'ਤੇ ਮੁਲਕ ਦੇ ਰਾਜ ਭਾਗ ਦੀਆਂ ਮਾਲਕ ਜਮਾਤਾਂ  ਦੇ ਹਿਤਾਂ ਤੇ ਸਰੋਕਾਰਾਂ ਨੂੰ ਸੰਬੋਧਿਤ ਹੁੰਦੇ ਹਨ। ਉਹ ਰਾਜ ਭਾਗ ਚਲਾਉਣ ਵੇਲੇ ਹਾਕਮ ਜਮਾਤਾਂ ਦੇ ਹਿਤਾਂ ਦੀ ਸਭ ਤੋਂ ਬਿਹਤਰ ਤਰੀਕੇ ਨਾਲ ਪੂਰਤੀ ਕਰ ਸਕਣ ਦਾ ਦਾਅਵਾ ਕਰਦੇ ਹਨ। ਕਿਉਕਿ ਮੋਹਰ ਲੋਕਾਂ ਤੋਂ ਲਵਾਈ ਜਾਣੀ ਹੁੰਦੀ ਹੈ ਇਸ ਲਈ ਲੋਕਾਂ ਦੇ ਮਸਲਿਆਂ ਨੂੰ ਕੁੱਝ ਸਥਾਨ ਦਿੰਦੇ ਹਨ। ਨਵੀਆਂ ਆਰਥਿਕ ਨੀਤੀਆਂ ਦੇ ਦੌਰ ਤੋਂ ਪਹਿਲਾਂ ਭਾਰਤੀ ਹਾਕਮ ਜਮਾਤੀ ਸਿਆਸਤ ਦੇ ਮੁਹਾਂਦਰੇ ਤੇ ਚਾਲ ਢਾਲ 'ਚ ਲੋਕਾਂ ਦੇ ਮੁੱਦਿਆਂ ਦੇ ਨਕਸ਼ ਉਘੜਵੇਂ ਤੌਰ 'ਤੇ ਦਿਖਦੇ ਸਨ। ਅੱਸੀਵਿਆਂ ਦੇ ਦਹਾਕੇ ਤੋਂ ਪਹਿਲਾਂ ਹਾਕਮ ਜਮਾਤੀ ਹਿਤਾਂ ਦੀ ਗੱਲ ਸਿੱਧੇ ਤੌਰ 'ਤੇ ਨਹੀਂ ਸੀ ਹੁੰਦੀ ਤੇ ਆਮ ਕਰਕੇ ਲੋਕਾਂ ਦੇ ਹਿਤਾਂ ਨੂੰ ਸੰਬੋਧਿਤ ਹੋਣ ਦਾ ਪ੍ਰਭਾਵ ਪੈਦਾ ਕੀਤਾ ਜਾਂਦਾ ਸੀ। ਪਰ ਨਵੀਆਂ ਆਰਥਿਕ ਨੀਤੀਆਂ ਦੇ ਦੌਰ 'ਚ ਵਧੇ ਹੋਏ ਸੰਕਟਾਂ ਤੇ ਮੁਨਾਫੇ ਦੀ ਹਿਰਸ ਲਈ ਤਿੱਖੀ ਹੋਈ ਦੌੜ ', ਹੁਣ ਹਾਕਮ ਧੜੇ ਵੋਟਾਂ ਵੇਲੇ ਆਪਸੀ ਭੇੜ ਦੌਰਾਨ ਸਿੱਧੇ ਤੌਰ 'ਤੇ ਹੀ ਹਾਕਮ ਜਮਾਤੀ ਸਰੋਕਾਰਾਂ ਨੂੰ ਸੰਬੋਧਿਤ ਹੁੰਦੇ ਹਨ, ਉਹਨਾਂ ਦੇ ਹਿਤਾਂ ਦੇ ਰਾਖੀ ਵਾਲੇ ਨਾਅਰੇ ਚੁੱਕਦੇ ਹਨ। ਹੁਣ ਹਾਕਮ ਜਮਾਤੀ ਸਿਆਸਤ 'ਚ ਲੋਕ ਮੁੱਦਿਆਂ ਦਾ ਸਥਾਨ ਹਾਸ਼ੀਏ 'ਤੇ ਆ ਰਿਹਾ ਹੈ ਤੇ ਲੋਕਾਂ ਲਈ ਮਹੱਤਤਾ ਰੱਖਦੇ ਨੀਤੀ ਮੁੱਦਿਆਂ ਦਾ ਸਥਾਨ ਹੋਰ ਵੀ ਜਿਆਦਾ ਸੁੰਗੜ ਗਿਆ ਹੈ। ਮੌਜੂਦਾ ਚੋਣਾਂ ਦੌਰਾਨ ਹਾਕਮ ਜਮਾਤੀ ਸਿਆਸਤ ਦੇ ਮੁਹਾਂਦਰੇ ਦਾ ਇਹ ਨਕਸ਼ ਹੋਰ ਗੂੜ੍ਹਾ ਹੋਇਆ ਹੈ। ਹੁਣ ਹਾਕਮ ਜਮਾਤਾਂ ਦੇ ਸਰੋਕਾਰ ਦੇ ਮੁੱਦੇ ਪਾਰਟੀਆਂ ਦੀਆਂ ਚੋਣ ਮੁਹਿੰਮਾਂ ਦੇ ਕੇਂਦਰ 'ਚ ਰਹੇ ਹਨ। ਦੇਖਣ ਨੂੰ ਲੋਕ ਸਰੋਕਾਰਾਂ ਦੇ ਮੁੱਦੇ ਲਗਦੇ ਰਿਆਇਤਾਂ ਦੇ ਵਾਅਦਿਆਂ ਰਾਹੀਂ ਵੀ ਹਾਕਮ ਜਮਾਤੀ ਸਰੋਕਾਰਾਂ ਦਾ ਫਿਕਰ ਦੇਖਿਆ ਜਾ ਸਕਦਾ ਸੀ। ਜਿਵੇਂ 'ਸਭ ਕਾ ਸਾਥ, ਸਭ ਕਾ ਵਿਕਾਸ' ਦਾ ਨਾਅਰਾ ਕਾਰਪੋਰੇਟਾਂ ਦੇ ਵਿਕਾਸ ਨੂੰ ਆਂਚ ਨਾ ਆਉਣ ਦੇਣ ਦਾ ਭਰੋਸਾ ਵੀ ਬੰਨ੍ਹਾਉਂਦਾ ਸੀ। ਇਉਂ ਹੀ ਕਾਂਗਰਸ ਵੱਲੋ ਲਿਆਂਦੀ ਜਾਣ ਵਾਲੀ ਨਿਆਏ ਯੋਜਨਾ ਵੀ ਸਿਰਫ ਲੋਕਾਂ ਨੂੰ ਹੀ ਰਾਹਤ ਤੱਕ ਸੀਮਤ ਨਹੀਂ ਸੀ । ਇਹ ਆਰਥਿਕ ਮੰਦੀ 'ਚ ਘਿਰੀਆਂ  ਹਾਕਮ ਜਮਾਤਾਂ ਨੂੰ ਕੁੱਝ ਰਾਹਤ ਦੇਣ ਦਾ ਜੁਗਾੜ ਵੀ ਸੀ। ਲੋਕਾਂ ਦੀ ਸੁੰਗੜੀ ਖਰੀਦ ਸ਼ਕਤੀ ਕਾਰਨ, ਖੜੋਤ ਮਾਰੀ ਆਰਥਿਕਤਾ ਦਾ ਕੁੱਝ ਤੋਰਾ ਤੋਰਨ ਲਈ ,  ਲੋਕਾਂ ਨੂੰ ਬਜਾਰ 'ਚ ਲਿਆਉਣ ਦਾ ਉਪਰਾਲਾ ਕਰਨ ਦਾ ਯਤਨ ਸੀ ਤਾਂ ਕਿ ਆਰਥਿਕ ਸਰਗਰਮੀ 'ਚ ਕੁੱਝ ਜਾਨ ਪਾਈ ਜਾ ਸਕੇ। ਜਿਵੇਂ ਕਿਸੇ ਵੇਲੇ ਪੇਂਡੂ ਭਾਰਤ ਦੀ ਬੇਚੈਨੀ ਨੂੰ ਖਾਰਜ ਕਰਨ ਲਈ ਨਰੇਗਾ ਸਕੀਮ ਲਿਆਂਦੀ ਗਈ ਸੀ। ਇਹ ਵੱਖਰੀ ਗੱਲ ਹੈ ਕਿ ਅਮਲੀ ਪੱਧਰ 'ਤੇ ਇਸ ਸਕੀਮ ਨੇ ਕੀ ਕਰ ਸਕਣਾ ਸੀ । ਸੋ ਕੁੱਲ ਮਿਲਾ ਕਿ ਲੰਘਿਆ ਚੋਣ ਅਮਲ ਮੁਲਕ ਦੀ ਹਾਕਮ ਜਮਾਤੀ ਸਿਆਸਤ ਦੇ ਮੁਹਾਂਦਰੇ 'ਚ ਇਸਦੇ ਪਿਛਾਖੜੀ ਨਕਸ਼ਾਂ ਨੂੰ ਹੋਰ ਉਘਾੜਨ ਵਾਲਾ ਤੇ ਲੋਕਾਂ ਦੇ ਸਰੋਕਾਰਾਂ ਦੀ ਹਾਜਰੀ ਹੋਰ ਮੱਧਮ ਪਾਉਣ ਵਾਲਾ ਹੈ।
ਮੌਜੂਦਾ ਚੋਣ ਨਤੀਜੇ ਇਸ ਹਾਲਤ ਦਾ ਹੀ ਪ੍ਰਗਟਾਵਾ ਹਨ ਕਿ ਹਾਕਮ ਜਮਾਤਾਂ ਦੀਆਂ ਲੋਕਾਂ ਨਾਲ ਵਿਰੋਧਤਾਈਆਂ ਤਿੱਖੀਆਂ ਹੋ ਰਹੀਆਂ ਹਨ।  ਹਾਕਮ ਜਮਾਤਾਂ ਵੱਲੋਂ ਲੋਕਾਂ ਨਾਲ ਵਿਰੋਧਤਾਈਆਂ ਨੂੰ ਸਾਂਝੇ ਤੌਰ 'ਤੇ ਨਜਿੱਠਣਾ ਹਾਲਤ ਦਾ ਮੁੱਖ ਪੱਖ ਬਣਿਆ ਹੋਇਆ ਹੈ। ਪਰ ਬਾਹਰਮੁਖੀ ਹਾਲਤ 'ਚ ਇਹ ਟਕਰਾਅ ਦਿਨੋਂ  ਦਿਨ ਤਿੱਖਾ ਹੋ ਰਿਹਾ ਹੈ। ਲੋਕਾਂ ਵਾਲੇ ਪੱਖ ਦੀ ਸੀਮਤਾਈ ਇਹ ਹੈ ਕਿ ਲੋਕਾਂ ਦੇ ਜਮਾਤੀ ਘੋਲਾਂ 'ਚ ਇਨਕਲਾਬੀ ਚੇਤਨਾ ਦਾ ਸੰਚਾਰ ਮੱਧਮ ਹੈ, ਇਨਕਲਾਬੀ ਬਦਲ ਦੇ ਅੰਸ਼  ਅਜੇ ਜਮਾਤੀ ਘੋਲਾਂ 'ਚ ਅਸਰਦਾਰ ਢੰਗ ਨਾਲ ਦਾਖਲ ਨਹੀਂ ਹੋਏ ਹਨ।  ਏਸੇ ਕਾਰਨ ਵਾਰ ਵਾਰ ਹਾਕਮ ਜਮਾਤਾਂ ਲੋਕਾਂ ਦੀ ਬੇਚੈਨੀ ਨੂੰ ਆਪਣੇ ਸਿਆਸੀ ਹਿੱਤਾਂ ਖਾਤਰ ਵਰਤਣ ਦੇ ਸਮਰੱਥ ਹਨ। ਹਾਕਮ ਟੋਲਿਆਂ ਖਿਲਾਫ ਲੋਕਾਂ 'ਚ ਰੋਸ ਹੋਣ ਦੇ ਬਾਵਜੂਦ ਉਹਨਾਂ ਦੀ ਲੋਕਾਂ 'ਤੇ ਸਿਆਸੀ ਵਿਚਾਰਧਾਰਕ ਸਰਦਾਰੀ ਬਰਕਰਾਰ ਰਹਿ ਰਹੀ ਹੈ। ਏਸੇ ਕਾਰਨ ਲੋਕਾਂ ਦੀ ਚੇਤਨਾ ਅਜੇ ਮੌਜੂਦਾ ਪਾਰਲੀਮਾਨੀ ਪ੍ਰਬੰਧ ਨੂੰ ਰੱਦ ਨਹੀਂ ਕਰ ਸਕਦੀ । ਇਹ ਹਾਲਤ ਇਸ ਲੋੜ ਦਾ ਹੋਰ ਵਧੇਰੇ ਅਹਿਸਾਸ ਕਰਵਾਉਂਦੀ ਹੈ ਕਿ ਲੋਕਾਂ ਦੀ ਜਮਾਤੀ ਘੋਲ ਸਰਗਰਮੀ ਇਸ ਸਰਦਾਰੀ ਨੂੰ ਖੋਰਾ ਲਾਉਣ ਦਾ ਸਾਧਨ ਵੀ ਬਣਨੀ ਚਾਹੀਦੀ ਹੈ। ਇਸ ਖਾਤਰ ਜਮਾਤੀ ਘੋਲ ਸਰਗਰਮੀ ਦੇ ਜਰੂਰੀ ਅੰਗ ਵਜੋਂ ਇਨਕਲਾਬੀ ਬਦਲ ਲੋਕਾਂ ਸਾਹਮਣੇ ਪੇਸ਼ ਕਰਨ ਦਾ ਮਹੱਤਵ ਹੋਰ ਵਧੇਰੇ ਬਣ ਜਾਂਦਾ ਹੈ।

No comments:

Post a Comment