Thursday, July 4, 2019


ਅਮਰੀਕੀ ਸਾਮਰਾਜੀ ਧੌਂਸ ਤੇ ਦਾਬੇ ਨੂੰ ਚੁਣੌਤੀ ਦੇ ਰਿਹਾ ਵੈਨਜ਼ੂਏਲਾ

ਇਸ ਸਾਲ ਦੀ ਸ਼ੁਰੂਆਤ ਤੋਂ ਹੀ ਲਾਤੀਨੀ ਅਮਰੀਕੀ ਮੁਲਕ ਵੈਨਜ਼ੂਏਲਾ ਦਾ ਸਿਆਸੀ ਸੰਕਟ ਇੱਕ ਵਾਰ ਫਿਰ ਤਿੱਖਾ ਹੋ ਗਿਆ ਹੈ।ਅਮਰੀਕੀ ਸਾਮਰਾਜ ਦੀਆਂ ਪਸਾਰਵਾਦੀ ਨੀਤੀਆਂ ਵਿਰੁੱਧ ਡਟਣ ਵਾਲੇ ਇਸ ਮੁਲਕ 'ਚ ਵਾਪਰਨ ਵਾਲਾ ਇਹ ਪਹਿਲਾ ਸੰਕਟ ਨਹੀਂ ਹੈ, ਸਗੋਂ 1999 'ਚ ਇਸ ਮੁਲਕ ਦੀ ਵਾਗਡੋਰ ਹਿਊਗੋ ਸ਼ਾਵੇਜ਼ ਦੇ ਹੱਥ ਆਉਣ ਤੋਂ ਬਾਅਦ ਇਹ ਦੇਸ਼ ਸਾਮਰਾਜੀ ਘੁਸਪੈਠ ਤੇ ਧੱਕੜ ਕਾਰਵਾਈਆਂ ਨਾਲ ਲਗਾਤਾਰ ਦੋ-ਚਾਰ ਹੁੰਦਾ ਆ ਰਿਹਾ ਹੈ। ਤਾਜ਼ਾ ਸਿਆਸੀ ਸੰਕਟ ਇਸੇ ਲੜੀ ਦਾ ਅਗਲਾ ਕਦਮ ਹੈ, ਜਿਸ ਵਿੱਚ ਅਮਰੀਕੀ ਸਾਮਰਾਜੀ ਪਿੱਠੂ ਜੁਆਨ ਗੁਆਇਡੋ, ਨੇ ਜਮਹੂਰੀ ਤਰੀਕੇ ਨਾਲ ਚੁਣੀ ਨਿਕੋਲਸ ਮਾਦੁਰੋ ਦੀ ਹਕੂਮਤ ਨੂੰ ਗੈਰ-ਸੰਵਿਧਾਨਿਕ ਕਰਾਰ ਦਿੰਦਿਆਂ 23 ਜਨਵਰੀ 2019 ਨੂੰ ਆਪਣੇ ਆਪ ਨੂੰ ਦੇਸ਼ ਦਾ ਅੰਤਰਿਮ ਰਾਸ਼ਟਰਪਤੀ ਐਲਾਨ ਦਿੱਤਾ ਸੀ। ਇਸ ਐਲਾਨ ਦੇ ਕੁੱਝ ਘੰਟਿਆਂ ਬਾਅਦ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੁਆਇਡੋ ਦੀ ਇਸ ਹਕੂਮਤ ਨੂੰ ਮਾਨਤਾ ਦੇਣ ਦਾ ਐਲਾਨ ਕਰ ਦਿੱਤਾ, ਤੇ ਇਸਦੇ ਮਗਰ ਹੀ ਅਮਰੀਕੀ ਸਾਮਰਾਜ ਦੇ ਭਾਈਵਾਲ ਹੋਰਨਾਂ ਯੂਰਪੀ ਮੁਲਕਾਂ ਨੇ ਵੀ ਗੁਆਇਡੋ ਹਕੂਮਤ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ। ਦੂਜੇ ਪਾਸੇ ਲੋਕਾਂ ਵੱਲੋਂ ਜਮਹੂਰੀ ਤਰੀਕੇ ਨਾਲ ਚੁਣੀ ਨਿਕੋਲਸ ਮਾਦੁਰੋ ਹਕੂਮਤ ਨੇ ਗੁਆਇਡੋ ਦੀ ਇਸ ਤਖਤਾ-ਪਲਟ  ਕਾਰਵਾਈ ਨੂੰ ਮੁਲਕ ਨਾਲ ਗੱਦਾਰੀ ਕਰਾਰ ਦਿੰਦਿਆਂ , ਇਸਦਾ ਡਟਵਾਂ ਵਿਰੋਧ ਕਰਨ ਦਾ ਫੈਸਲਾ ਲਿਆ। ਮਾਦੁਰੋ ਨੇ ਗੁਆਇਡੋ ਨੂੰ ਅਮਰੀਕੀ ਸਾਮਰਾਜ ਦਾ ਪਿੱਠੂ ਕਰਾਰ ਦਿੰਦਿਆਂ ਮੁਲਕ ਦੇ ਹਿੱਤਾਂ ਨੂੰ ਸਾਮਰਾਜੀਆਂ ਦੇ ਹਿੱਤਾਂ ਲਈ ਵੇਚ ਦੇਣ ਦੇ ਦੋਸ਼ ਲਾਏ।
ਉਪਰੋਕਤ ਘਟਨਾ ਵਿਕਾਸ ਤੋਂ ਮਗਰੋਂ ਵੈਨਜ਼ੂਏਲਾ ਵਿੱਚ ਸੱਤਾ ਪ੍ਰਾਪਤੀ ਲਈ ਦੋਹਾਂ ਧਿਰਾਂ 'ਚ ਤਿੱਖਾ ਭੇੜ ਜਾਰੀ ਹੈ। ਮੁਲਕ ਦੀ ਕੌਮੀ ਅਸੈਂਬਲੀ ਜਿਸ ਵਿਚ ਕਿ ਗੁਆਇਡੋ ਦਾ ਬਹੁਮਤ ਹੈ, ਉਹ ਤਖਤਾ-ਪਲਟ ਦੀ ਹਿਮਾਇਤ ਕਰ ਰਹੀ ਹੈ, ਜਦ ਕਿ ਮੁਲਕ ਦੀ ਫੌਜ, ਹੋਰ ਅਹਿਮ ਸਰਕਾਰੀ ਸੰਸਥਾਵਾਂ, ਮਜ਼ਦੂਰ ਕਿਸਾਨ ਟਰੇਡ ਯੂਨੀਅਨਾਂ ਅਤੇ ਸੁਪਰੀਮ ਕੌਂਸਲ ਫਾਰ ਜਸਟਿਸ ਵੱਲੋਂ ਨਿਕੋਲਸ ਮਾਦੁਰੋ ਦੀ ਹਿਮਾਇਤ ਕੀਤੀ ਜਾ ਰਹੀ ਹੈ ਜਿਸ ਕਰਕੇ ਗੁਆਇਡੋ ਸੱਤਾ 'ਤੇ ਕਬਜਾ ਕਰਨ 'ਚ ਨਕਾਮ ਰਿਹਾ ਹੈ।
ਅੰਤਰ-ਰਾਸ਼ਟਰੀ ਪੱਧਰ 'ਤੇ ਜਿੱਥੇ ਅਮਰੀਕਾ ਤੇ ਇਸਦੇ ਭਾਈਵਾਲ ਯੂਰਪੀ ਮੁਲਕ ਗੁਆਇਡੋ ਦੀ ਹਿਮਾਇਤ ਕਰ ਰਹੇ ਹਨ, ਉੱਥੇ ਲਾਤੀਨੀ ਅਮਰੀਕਾ 'ਚ ਕਿਊਬਾ ਤੋਂ ਇਲਾਵਾ ਇਰਾਨ, ਰੂਸ ਤੇ ਚੀਨ ਦੀਆਂ ਹਕੂਮਤਾਂ ਵੱਲੋਂ ਵੈਨਜ਼ੂਏਲਾ ਦੀ ਮਾਦੁਰੋ ਹਕੂਮਤ ਦੀ ਹਿਮਾਇਤ ਕੀਤੀ ਜਾ ਰਹੀ ਹੈ ਤੇ ਮੁਲਕ ਅੰਦਰ ਅਮਰੀਕਾ ਦੀ ਫੌਜੀ ਦਖਲਅੰਦਾਜੀ ਦੀਆਂ ਸਕੀਮਾਂ ਦਾ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ।ਵੈਨਜ਼ੂਏਲੇ ਦੇ ਇਸ ਸੰਕਟ ਨੂੰ ਉਸਦੇ ਮਾਲ ਖਜਾਨਿਆਂ ਤੇ ਸਾਮਰਾਜੀ ਗਿਰਝਾਂ ਦੀ ਲੰਮੇ ਸਮੇਂ ਤੋਂ ਰੱਖੀ ਅੱਖ ਤੇ ਇਸਦੇ ਖਿਲਾਫ ਏਸ ਮੁਲਕ ਦੇ ਲੋਕਾਂ ਦੇ ਜੋਰਦਾਰ ਰੋਹ-ਪ੍ਰਗਟਾਵੇ ਦੇ ਪ੍ਰਸੰਗ 'ਚ ਸਮਝਿਆ ਜਾ ਸਕਦਾ ਹੈ।
ਵੈਨਜ਼ੁਏਲਾ ਕੋਲ ਦੁਨੀਆਂ ਦੇ ਸਭ ਤੋਂ ਵੱਡੇ ਤੇਲ ਭੰਡਾਰ ਹਨ ਤੇ ਕੁਦਰਤੀ ਗੈਸ ਦੇ ਭੰਡਾਰ ਪੱਖੋਂ ਇਸਦਾ ਦੁਨੀਆਂ 'ਚ ਚੌਥਾ ਸਥਾਨ ਹੈ। ਇਸਤੋਂ ਇਲਾਵਾ ਇਸ ਮੁਲਕ ਕੋਲ ਸੋਨੇ ਦੇ ਵੀ ਬਹੁਤ ਵੱਡੇ ਭੰਡਾਰ ਹਨ। ਇਸਦੇ ਇਹਨਾਂ ਕੁਦਰਤੀ ਖਜਾਨਿਆਂ ਦੀ ਅਮਰੀਕੀ ਸਾਮਰਾਜੀਆਂ ਨੇ ਲੰਮੇ ਸਮੇਂ ਲਈ ਬੇਰੋਕ ਲੁੱਟ ਕੀਤੀ। ਪਰ ਨੱਬੇ ਦੇ ਦਹਾਕੇ 'ਚ ਪੂਰੇ ਲਾਤੀਨੀ ਅਮਰੀਕਾ 'ਚ ਅਮਰੀਕੀ ਲੁੱਟ-ਚੋਂਘ ਦੇ ਖਿਲਾਫ ਤਿੱਖੀ ਹੋਈ ਲਹਿਰ ਨੇ ਬਹੁਤ ਸਾਰੇ ਮੁਲਕਾਂ ਦੀਆਂ ਹਕੂਮਤਾਂ ਨੂੰ ਸਾਮਰਾਜੀ ਨੀਤੀਆਂ ਨੂੰ ਨੱਥ ਪਾਉਣ ਤੇ ਮੁਲਕਾਂ ਦੇ ਕੁਦਰਤੀ ਮਾਲਖਜਾਨਿਆਂ ਦੀ ਮੁਲਕ ਦੀਆਂ ਲੋੜਾਂ ਲਈ ਵਰਤੋਂ ਯਕੀਨੀ ਬਣਾਉਣ ਦੇ ਕਦਮ ਲੈਣ ਲਈ ਮਜ਼ਬੂਰ ਕਰ ਦਿੱਤਾ। ਅਹਿਮ ਸਨਅਤਾਂ ਤੇ ਕੁਦਰਤੀ ਖਜਾਨਿਆਂ ਦੇ ਕਾਰੋਬਾਰਾਂ ਦੇ ਕੌਮੀਕਰਨ ਦੀ ਮੰਗ ਜੋਰ ਸ਼ੋਰਨਾਲ ਉੱਭਰੀ ਤੇ ਇਸ ਮੰਗ ਨੂੰ ਹੁੰਗਾਰਾ ਭਰਦਿਆਂ ਵੈਨਜ਼ੁਏਲਾ ਦੀ ਹਿਊਗੋ ਸ਼ਾਵੇਜ਼ ਹਕੂਮਤ ਨੇ  1999 ਵਿੱਚ ਮੁਲਕ ਦੀ ਤੇਲ ਸਨਅਤ ਦਾ ਕੌਮੀਕਰਨ ਕਰ ਦਿੱਤਾ। ਇਸ ਕਦਮ ਨਾਲ ਤੇਲ ਸਨਅਤ 'ਚੋਂ ਅੰਨ੍ਹਾਂ ਮੁਨਾਫਾ ਵਟੋਰ ਰਹੀਆਂ ਅਮਰੀਕੀ ਸਾਮਰਾਜੀ ਕੰਪਨੀਆਂ ਦੇ ਮੁਨਾਫਿਆਂ ਨੂੰ ਭਾਰੀ ਸੱਟ ਵੱਜੀ ਤੇ ਅਮਰੀਕੀ ਸਾਮਰਾਜ ਉਸੇ ਸਮੇਂ ਤੋਂ ਵੈਨਜ਼ੁਏਲਾ 'ਚ ਤਖਤਾ-ਪਲਟ ਰਾਹੀਂ ਆਪਣੀ ਪਿੱਠੂ ਹਕੂਮਤ ਸਥਾਪਿਤ ਕਰਨ ਦੀਆਂ ਕਾਰਵਾਈਆਂ 'ਚ ਲਿਪਤ ਹੈ। ਇਸ ਕੰਮ ਨੂੰ ਅੰਜਾਮ ਦੇਣ ਲਈ ਵੈਨਜ਼ੂਏਲਾ  ਉਪਰ ਆਰਥਿਕ ਪਾਬੰਦੀਆਂ ਮੜ੍ਹੀਆਂ ਗਈਆਂ। ਇਸ ਮੁਲਕ ਦੇ ਅਰਬਾਂ--ਖਰਬਾਂ ਡਾਲਰ ਦੇ ਬੈਂਕ ਖਾਤੇ ਜਾਮ ਕਰ ਦਿੱਤੇ ਗਏ, ਇਸ ਤੋਂ ਤੇਲ ਖਰੀਦਣ ਵਾਲੇ ਮੁਲਕਾਂ ਨੂੰ ਤੇਲ ਨਾ ਖਰੀਦਣ ਲਈ ਧਮਕਾਇਆ ਗਿਆ। ਸਿੱਟੇ ਵਜੋਂ ਮੁਲਕ ਨੂੰ ਡੂੰਘੇ ਆਰਥਿਕ ਸੰਕਟ ਵਿੱਚ ਸੁੱਟ ਦਿੱਤਾ ਗਿਆ। ਇਸ ਸੰਕਟ ਦੇ ਸਨਮੁੱਖ ਪੈਦਾ ਹੋਈ ਜਨਤਕ ਬੇਚੈਨੀ ਨੂੰ ਮੁਲਕ ਅੰਦਰਲੇ ਆਪਣੇ ਪਿੱਠੂ ਅਨਸਰਾਂ ਨੂੰ ਸੱਤਾ-ਪਲਟ ਲਈ ਵਰਤਣ ਲਈ ਸਹਾਇਤਾ ਪ੍ਰਦਾਨ ਕੀਤੀ ਗਈ। ਵੈਨਜ਼ੂਏਲਾ ਦਾ ਮੌਜੂਦਾ ਤਖਤਾ-ਪਲਟ ਦਾ ਯਤਨ ਵੀ ਅਮਰੀਕਾ ਦੇ ਇਹਨਾਂ ਕੁਕਰਮਾਂ ਦੀ ਅਗਲੀ ਕੜੀ ਹੈ।
ਜਿਵੇਂ ਜਿਵੇਂ ਅਮਰੀਕੀ ਸਾਮਰਾਜ ਦੇ ਇਸ ਮੁਲਕ ਅੰਦਰ ਅੰਦਰੂਨੀ ਗੜਬੜ ਰਾਹੀਂ ਸੱਤਾ-ਪਲਟ ਦੇ ਮਨਸੂਬੇ ਲੋਕ-ਵਿਰੋਧ ਕਾਰਨ ਫੇਲ੍ਹ ਹੁੰਦੇ ਗਏ ਤਾਂ ਇਸ ਮੁਲਕ ਅੰਦਰ ਅਮਰੀਕੀ ਫੌਜੀ ਕਾਰਵਾਈ ਦੀ ਲੋੜ ਤਿੱਖੀ ਹੁੰਦੀ ਗਈ। ਪਰ ਇਸ ਕਾਰਵਾਈ ਲਈ ਵਾਜਬ ਬਹਾਨਾ ਖੜ੍ਹਾ ਕਰਨ ਦੀ ਲੋੜ ਦਰਕਾਰ ਸੀ। ਜਿਵੇਂ ਕਿ ਇਰਾਕ 'ਤੇ ਹਮਲੇ ਲਈ ਜੈਵਿਕ ਹਥਿਆਰਾਂ ਤੇ ਅਫਗਾਨਿਸਤਾਨ 'ਤੇ ਹਮਲੇ ਲਈ ਅਲ-ਕਾਇਦਾ ਦੇ ਖਾਤਮੇ ਦਾ ਬਹਾਨਾ ਘੜਿਆ ਗਿਆ ਸੀ, ਇਸੇ ਤਰ੍ਹਾਂ ਵੈਨਜ਼ੂਏਲਾ 'ਤੇ ਹਮਲੇ ਦਾ ਅਧਾਰ ਤਿਆਰ ਕਰਨ ਲਈ ਮੁਲਕ ਅੰਦਰ ਬੁਨਿਆਦੀ ਸਹੂਲਤਾਂ, ਭੋਜਨ ਤੇ ਦਵਾਈਆਂ ਦੀ ਥੁੜ ਨੂੰ ਅਧਾਰ ਬਣਾਇਆ ਗਿਆ ਤੇ ਮਨੁੱਖੀ ਇਮਦਾਦ ਦੇ ਨਾਮ ਤੇ ਭੋਜਨ ਤੇ ਦਵਾਈਆਂ ਦੀਆਂ ਗੱਡੀਆਂ ਨੂੰ ਵੈਨਜ਼ੁਏਲਾ ਦੀ ਸਰਹੱਦ 'ਤੇ ਤਾਇਨਾਤ ਕੀਤਾ ਗਿਆ ਤੇ ਵੈਨਜ਼ੁਏਲਾ ਹਕੂਮਤ ਨੂੰ ਇਹਨਾਂ ਨੂੰ ਮੁਲਕ ਅੰਦਰ ਦਾਖਲ ਹੋਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ। ਦੂਜੇ ਪਾਸੇ ਇਸ ਦੇਸ਼ ਦੇ ਲਾਗਲੇ ਅਮਰੀਕੀ ਫੌਜੀ ਟਿਕਾਣਿਆਂ 'ਤੇ ਫੌਜੀ ਜਹਾਜਾਂ ਦੀ ਤਾਇਨਾਤੀ ਕੀਤੀ ਗਈ ਤਾਂ ਕਿ ਵੈਨਜ਼ੁਏਲਾ ਵੱਲੋਂ ਅਮਰੀਕੀ ਸਹਾਇਤਾ ਤੋਂ ਇਨਕਾਰ ਦੇ ਮੱਦੇਨਜ਼ਰ ਫੌਜੀ ਕਾਰਵਾਈ ਕੀਤੀ ਜਾ ਸਕੇ। ਗੁਆਇਡੋ ਵਰਗੇ ਆਪਣੇ ਪਿੱਠੂਆਂ ਨੂੰ ਅਮਰੀਕੀ ਸਹਾਇਤਾ ਲਈ ਲੋਕਾਂ ਨੂੰ ਭਰਮਾ ਕੇ ਲਾਮਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਤਾਂ ਕਿ ਅਮਰੀਕੀ ਸਹਾਇਤਾ ਨੂੰ ਵੈਨਜ਼ੁਏਲਾ ਦੇ ਲੋਕਾਂ ਦੀ ਮੰਗ ਕਰਾਰ ਦਿੱਤਾ ਜਾ ਸਕੇ। ਇਸ ਸਭ ਦੇ ਬਾਵਜੂਦ ਮਾਦੁਰੋ ਹਕੂਮਤ ਨੇ ਅਮਰੀਕਾ ਦੀ ਇਹ ਸਹਾਇਤਾ ਇਹ ਕਹਿਕੇ ਠੁਕਰਾ ਦਿੱਤੀ ਕਿ ਉਹਨਾਂ ਦੇ ਮੁਲਕ ਨੂੰ ਸਾਮਰਾਜੀ ਭੀਖ ਦੀ ਲੋੜ ਨਹੀਂ ਤੇ ਵੈਨਜ਼ੁਏਲਾ ਦਾ ਮਨੁੱਖੀ ਸੰਕਟ ਅਮਰੀਕਾ ਦੀਆਂ ਆਰਥਿਕ ਪਾਬੰਦੀਆਂ ਅਤੇ ਇਸਦੇ ਖਰਬਾਂ ਡਾਲਰਾਂ ਦੇ ਬੈਂਕ ਖਾਤੇ ਜਾਮ ਕਰਨ ਦਾ ਸਿੱਟਾ ਹੈ ਤੇ ਜੇ ਅਮਰੀਕਾ ਨੂੰ ਇੱਥੋਂ ਦੇ ਲੋਕਾਂ ਦੀ ਏਨੀ ਪਰਵਾਹ ਹੈ ਤਾਂ ਉਹ ਉਸਦੇ ਬੈਂਕ ਖਾਤੇ ਚਾਲੂ ਕਰੇ ਤੇ ਆਰਥਿਕ ਪਾਬੰਦੀਆਂ ਹਟਾਵੇ।

ਮਾਦੁਰੋ ਹਕੂਮਤ ਦੀ ਇਸ ਕਾਰਵਾਈ ਤੋਂ ਮਗਰੋਂ ਅਮਰੀਕਾ ਨੇ ਫੌਜੀ ਦਖਲਅੰਦਾਜ਼ੀ ਲਈ ਰੱਸੇ ਪੈੜੇ ਵੱਟਣੇ ਸ਼ੁਰੂ ਕਰ ਦਿੱਤੇ। ਅਮਰੀਕਾ ਦੇ ਸੁਰੱਖਿਆ ਤਰਜਮਾਨ  ਬੋਲਟਨ ਨੇ ਕਿਹਾ ਕਿ ਸੰਕਟ ਦੇ ਹੱਲ ਲਈ ਹਰ ਕਿਸਮ ਦੀ ਕਾਰਵਾਈ ਲਈ ਰਾਹ ਖੁੱਲ੍ਹਾ ਹੈ।ਪਰ ਇਸ ਸਭ ਦੇ ਬਾਵਜੂਦ ਤੇ ਫੌਜੀ ਕਾਰਵਾਈ ਲਈ ਤਰਲੋਮੱਛੀ ਹੋਣ ਦੇ ਬਾਵਜੂਦ ਅਮਰੀਕਾ ਫੌਜੀ ਕਾਰਵਾਈ ਨਹੀਂ ਕਰ ਸਕਿਆ। ਫੌਜੀ ਕਾਰਵਾਈ ਦੇ ਖਿਲਾਫ ਨਾ ਸਿਰਫ ਇਸਦੇ ਸ਼ਰੀਕ ਰੂਸ, ਚੀਨ ਤੇ ਇਰਾਨ ਦੀਆਂ ਹਕੂਮਤਾਂ ਨੇ ਚੇਤਾਵਨੀ ਦਿੱਤੀ, ਬਲਕਿ ਇਸਦੇ ਭਾਈਵਾਲ ਜਰਮਨੀ ਤੇ ਹੋਰਨਾਂ ਕਈ ਯੂਰਪੀ ਤੇ ਲਾਤੀਨੀ ਅਮਰੀਕੀ ਮੁਲਕਾਂ ਨੇ ਵੀ ਇਸਦੀ ਹਿਮਾਇਤ ਕਰਨ ਤੋਂ ਇਨਕਾਰ ਕਰ ਦਿੱਤਾ। ਸਿੱਟੇ ਵਜੋਂ ਇਸਨੂੰ ਫੌਜੀ ਕਾਰਵਾਈ ਦਾ ਰਾਹ ਖੁਲ੍ਹਾ ਹੋਣ ਦੀ ਧਮਕੀ ਤੋਂ ਯੂਨਾਈਟਿਡ ਨੇਸ਼ਨਜ਼ ਨੂੰ ਦਖਲ ਦੇਣ ਦੀ ਬੇਨਤੀ ਕਰਨ ਤੱਕ ਪਿੱਛੇ ਹਟਣਾ ਪਿਆ।
ਅੰਤਰ ਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਇਨਸਾਫ ਪਸੰਦ ਬੁੱਧੀਜੀਵੀਆਂ ਤੇ ਸੰਸਥਾਵਾਂ ਨੇ ਅਮਰੀਕਾ ਦੇ ਧੱਕੜ ਕਦਮਾਂ ਖਿਲਾਫ ਜੋਰਦਾਰ ਅਵਾਜ਼ ਬੁਲੰਦ ਕੀਤੀ ਤੇ ਵੈਨਜ਼ੂਏਲਾ ਤੋਂ ਇਸਦੇ ਹੱਥ ਪਰ੍ਹੇ ਰੱਖਣ ਦੀ ਮੰਗ ਕੀਤੀ। ਇਸਦੇ ਨਾਲ ਹੀ ਅਮਰੀਕਾ ਦੀਆਂ ਜੰਗੀ ਧਮਕੀਆਂ ਦੇ ਖਿਲਾਫ ਵੈਨਜ਼ੁਏਲਾ ਸਰਕਾਰ ਤੇ ਲੋਕਾਂ ਨੇ ਡਟਵਾਂ ਸਟੈਂਡ ਲਿਆ। ਵੈਨਜ਼ੁਏਲਾ ਦੇ ਸੁਰੱਖਿਆ ਤਰਜਮਾਨ ਨੇ ਕਿਹਾ ਕਿ ਸਾਡੀ ਫੌਜ ਤੇ ਲੋਕ ਮਿਲੀਸ਼ੀਆ ਹਰ ਫੌਜੀ ਕਾਰਵਾਈ ਦਾ ਡਟਵਾਂ ਜਵਾਬ ਦੇਣਗੇ। ਇਸ ਦੀਆਂ ਟਰੇਡ ਯੂਨੀਅਨਾਂ ਤੇ ਕਿਸਾਨ ਸੰਗਠਨਾਂ ਨੇ ਅਮਰੀਕੀ ਫੌਜੀ ਮਨਸੂਬਿਆਂ ਦੇ ਵਿਰੋਧ 'ਚ ਵਿਸ਼ਾਲ ਜਨਤਕ ਪ੍ਰਦਰਸ਼ਨ ਲਾਮਬੰਦ ਕੀਤੇ। ਮਾਦੁਰੋ ਹਕੂਮਤ ਦੀ ਕਾਰਵਾਈ ਦੇ ਸਨਮੁੱਖ ਗੁਆਇਡੋ ਦੇ ਕਈ ਸਮਰਥਕਾਂ ਨੂੰ ਹੋਰਨਾਂ ਮੁਲਕਾਂ ਦੀਆਂ ਅੰਬੈਸੀਆਂ 'ਚ ਸ਼ਰਨ ਲੈਣੀ ਪਈ। ਭਾਵੇਂ ਸੱਤਾ-ਪਲਟ ਦੀ ਇਹ ਕਾਰਵਾਈ ਖਤਮ ਨਹੀਂ ਹੋਈ ਤੇ ਅਮਰੀਕੀ ਦਖਲ-ਅੰਦਾਜ਼ੀ ਬਦਲਵੇਂ ਤਰੀਕਿਆਂ ਨਾਲ ਜਾਰੀ ਹੈ। ਇਹ ਮੁਲਕ ਦੇ ਫੌਜੀ ਜਰਨੈਲਾਂ ਨੂੰ ਸਹੂਲਤਾਂ ਦੇ ਛਲਾਵਿਆਂ ਨਾਲ ਮਾਦੁਰੋ ਦਾ ਸਾਥ ਛੱਡਣ ਅਤੇ ਸੁਪਰੀਮ ਕੌਂਸਲ ਦੇ ਜੱਜਾਂ ਨੂੰ ਨਤੀਜੇ ਭੁਗਤਣ ਦੇ ਡਰਾਵਿਆਂ ਰਾਹੀਂ ਯਰਕਾਉਣ ਦੇ ਕਦਮਾਂ ਰਾਹੀਂ ਅਜੇ ਵੀ ਜਾਰੀ ਹੈ, ਪਰ ਇਸਦੇ ਬਾਵਜੂਦ ਵੈਨਜ਼ੁਏਲਾ 'ਚ ਫੌਜੀ ਦਖਲ-ਅੰਦਾਜ਼ੀ ਦੇ ਇਸਦੇ ਮਨਸੂਬੇ ਇੱਕ ਵਾਰ ਫੇਰ ਕਾਮਯਾਬ ਨਹੀਂ ਹੋ ਸਕੇ। ਅੱਜ ਦੁਨੀਆਂ ਭਰ ਦੀਆਂ ਇਨਸਾਫਪਸੰਦ, ਸਾਮਰਾਜ-ਵਿਰੋਧੀ ਤਾਕਤਾਂ ਨੂੰ ਵੈਨਜ਼ੁਏਲਾ 'ਚ ਅਮਰੀਕੀ ਦਖਲ-ਅੰਦਾਜੀ ਦੀਆਂ ਕਾਰਵਾਈਆਂ ਦਾ ਡਟਵਾਂ ਵਿਰੋਧ ਕਰਨਾ ਚਾਹੀਦਾ ਹੈ।

No comments:

Post a Comment