Thursday, July 4, 2019

ਹਾਕਮਾਂ ਨੂੰ ਚਿੰਤਾ..... ਲੋਕਾਂ ਦੀ ਸੰਗਰਾਮੀ ਵਿਰਾਸਤ ਦੀ ਜਾਣਕਾਰੀ ਸਿੱਖਿਆ ਸਿਲੇਬਸਾਂ ਦਾ ਹਿੱਸਾ ਕਿਉਂ ਹੋਵੇ!



ਹਾਕਮਾਂ ਨੂੰ ਚਿੰਤਾ.....

ਲੋਕਾਂ ਦੀ ਸੰਗਰਾਮੀ ਵਿਰਾਸਤ ਦੀ ਜਾਣਕਾਰੀ ਸਿੱਖਿਆ ਸਿਲੇਬਸਾਂ ਦਾ ਹਿੱਸਾ ਕਿਉਂ ਹੋਵੇ!

ਸਿੱਖਿਆ ਖੋਜ 'ਤੇ ਸਿਖਲਾਈ ਦੀ ਕੌਮੀ ਕੌਂਸਲ ਨੇ ਚੜ੍ਹਦੇ ਸਾਲ, ਆਪਣੇ ਨੌਂਵੀ ਜਮਾਤ ਦੇ ਸਿਲੇਬਸ ਵਿੱਚੋਂ ਇਤਿਹਾਸ ਨਾਲ ਸੰਬੰਧਤ, ਤਿੰਨ ਅਧਿਆਏ ਕੱਢ ਦਿੱਤੇ ਸਨ। ਇਉਂ ਕਰਨ ਦਾ ਜ਼ਾਹਰਾ ਕਾਰਨ ਤਾਂ ਮਨੁੱਖੀ ਵਸੀਲਿਆਂ ਬਾਰੇ ਮਹਿਕਮੇ ਦੇ ਵਜ਼ੀਰ ਪ੍ਰਕਾਸ਼ ਜਾਵੇੜਕਰ ਵੱਲੋਂ ਵਿਦਿਆਰਥੀਆਂ ਦੇ ਬਸਤਿਆਂ ਦਾ ਭਾਰ ਘਟਾਉਣ ਲਈ ਦਿੱਤੀ ਸਲਾਹ ਉੱਤੇ ਅਮਲ ਕਰਨਾ ਦੱਸਿਆ ਗਿਆ ਸੀ। ਪਰ ਇਹ ਹਕੀਕਤ ਨਹੀਂ ਹੈ।
ਬੀ.ਬੀ.ਸੀ. ਵੱਲੋਂ ਨਸ਼ਰ ਕੀਤੀ ਜਾਣਕਾਰੀ ਅਤੇ ਇੰਡੀਅਨ ਐਕਸਪ੍ਰੈਸ ਦੀਆਂ ਖਬਰਾਂ ਮੁਤਾਬਕ, ਕੋਈ ਢਾਈ ਸੌ ਸਾਲ ਪਹਿਲਾਂ, ਦੱਖਣੀ ਭਾਰਤ-ਖਾਸ ਕਰਕੇ ਟਰਾਵਨਕੋਰ ਦੇ ਇਰਦ ਗਿਰਦ ਦੇ ਅਖੌਤੀ ਉੱਚ ਜਾਤੀ ਰਾਜਿਆਂ/ਜਗੀਰਦਾਰਾਂ ਵੱਲੋਂ, ਨਾਦਰ ਨਾਂ ਦੀ ਕਥਿਤ ਨੀਵੀਂ ਜਾਤੀ ਦੀਆਂ ਤ੍ਰੀਮਤਾਂ ਨੂੰ ਆਪਣੇ ਸਰੀਰ ਦਾ ਉੱਪਰਲਾ ਅੱਧਾ ਹਿੱਸਾ ਨੰਗਾ ਰੱਖਣ ਲਈ ਮਜ਼ਬੂਰ ਕੀਤਾ ਜਾਂਦਾ ਸੀ। ਇਸ ਜਾਤੀ ਦੇ ਮਰਦਾਂ ਨੂੰ ਵੀ ਪੈਰੀਂ ਜੁੱਤੀ ਪਹਿਨਣ ਦੀ ਸਖ਼ਤ ਮਨਾਹੀ ਸੀ, ਅਤੇ ਉਹਨਾਂ ਦੀ ਕੀ ਮਜ਼ਾਲ ਕਿ ਉਹ, ਮੀਂਹ-ਕਣੀ ਮੌਕੇ ਛਤਰੀ ਤਾਣ ਕੇ ਚੱਲ ਸਕਣ।
ਅਨਿਆਂ ਭਰੇ, ਅਣਮਨੁੱਖੀ 'ਤੇ ਜਾਬਰ ਜਗੀਰੂ ਇਸ ਦਸਤੂਰ ਖਿਲਾਫ਼ ਗਰੀਬ ਲੋਕਾਂ ਦੀ ਉੱਠੀ ਖਾੜਕੂ ਜਦੋਜਹਿਦ ਦੀ ਝੰਡਾ ਬਰਦਾਰ ਵੀ ਇੱਕ ਔਰਤ ਹੀ ਬਣੀ। ਲੰਬੇ ਸੰਘਰਸ਼ ਤੋਂ ਬਾਅਦ ਔਰਤਾਂ ਤੇ ਮਰਦਾਂ ਨੇ ਆਪਣੇ ਹੱਕ ਖੋਹੇ ਅਤੇ ਪਹਿਲੇ ਅਣਮਨੁੱਖੀ ਦਸਤੂਰ ਨੂੰ ਅਮਲੀ ਪੱਧਰ 'ਤੇ ਨਕਾਰਿਆ।
ਕਥਿਤ ਨੀਵੀਂ ਜਾਤੀ ਦੇ ਲੋਕਾਂ ਨੂੰ ਹੰਢਾਉਣੀ ਪਈ ਅਜਿਹੀ ਅਵਸਥਾ ਦੀ ਅਤੇ ਇਸ ਅਵਸਥਾ ਦੀ ਰਾਖੀ ਕਰ ਰਹੀ ਵਿਵਸਥਾ ਨਾਲ ਟੱਕਰ ਲੈ ਕੇ ਕੀਤੀ ਹੱਕ-ਪ੍ਰਾਪਤੀ ਦੀ ਵਿਥਿਆ ਹੀ, ਇਨ੍ਹਾਂ ਤਿੰਨ ਅਧਿਆਇਆਂ ਵਿੱਚ ਬਿਆਨ ਕੀਤੀ ਗਈ ਸੀ।
ਹਕੀਕਤ ਦਾ ਪਤਾ ਲੱਗਣ ਦੇਣਾ ਅਤੇ ਸੰਘਰਸ਼ਾਂ ਰਾਹੀਂ ਕਰਵਾਈਆਂ ਲੋਕ-ਪੱਖੀ ਤਬਦੀਲੀਆਂ ਦੀ ਜਾਣਕਾਰੀ ਬੱਚਿਆਂ ਨੂੰਪ੍ਰਦਾਨ ਕਰਨਾ, ਮੌਜੂਦਾ ਭਾਰਤੀ ਹਾਕਮਾਂ ਨੂੰ ਵਾਰਾ ਨਹੀਂ ਖਾਂਦਾ। ਭਾਰਤ ਦੇ ਸਿੱਖਿਆ ਸਿਲੇਬਸਾਂ ਅੰਦਰ ਜੋ ਵੀ ਥੋੜ੍ਹਾ ਬਹੁਤ 'ਤੇ ਨਾਮ-ਨਿਹਾਦ ਲੋਕ-ਪੱਖੀ ਦਰਜ ਹੈ, ਜੋ ਕੁੱਝ ਵੀ ਲੋਕਾਂ ਨੂੰ ਆਪਦੀ ਨਰਕੀ ਅਤੇ ਜਲਾਲਤ ਭਰੀ ਜ਼ਿੰਦਗੀ ਨੂੰ ਤਬਦੀਲ ਕਰਨ ਵਾਸਤੇ ਪ੍ਰੇਰਤ ਕਰਦਾ ਹੈ, ਉਹੋ ਕੁੱਝ ਹੀ ਜਾਬਰ ਲੁਟੇਰਿਆਂ ਦੇ ਜਮਾਤੀ ਹਿੱਤਾਂ ਦੇ ਉਲਟ ਭੁਗਤਦਾ ਹੈ ਅਤੇ ਉਨ੍ਹਾਂ ਨੂੰ ਕੰਡੇ ਵਾਂਗ ਰੜਕਦਾ ਹੈ। ਆਪਦੀ ਰਾਜ ਗੱਦੀ ਨੂੰ ਖ਼ਤਰਾ ਖੜ੍ਹਾ ਕਰਨ ਵਾਲੇ ਅਜਿਹੇ ਇਤਿਹਾਸ ਦਾ ਉਹ ਨਾਮ--ਨਿਸ਼ਾਨ ਮਿਟਾਉਣਾ ਲੋਚਦੇ ਹਨ। ਇਸ ਕਰਕੇ ਤਿੰਨ ਅਧਿਆਏ ਸਿਲੇਬਸ ਵਿੱਚੋਂ ਕੱਢ ਦਿੱਤੇ ਗਏ ਹਨ।
ਪਰ ਲੋਕਾਂ ਵੱਲੋਂ ਜਾਨਾਂ ਹੂਲਕੇ ਸਿਰਜਿਆ ਇਤਿਹਾਸ, ਅਜਿਹਾ ਖੰਡ ਦਾ ਖਿਡੌਣਾ ਨਹੀਂ ਹੈ ਜਿਸ ਨੂੰ ਲੁਟੇਰੇ ਹਾਕਮਾਂ ਵੱਲੋਂ ਮੂੰਹ 'ਚ ਪਾਉਣ ਸਾਰ ਖੁਰ ਜਾਂਦਾ ਹੋਵੇ। ਚੰਗਾ ਇਤਿਹਾਸ ਤੇ ਸਾਹਿਤ ਸੌ ਪਰਦੇ ਪਾੜਕੇ ਵੀ ਬਾਹਰ ਆ ਜਾਂਦਾ ਹੈ। ਤਿੰਨ ਕੁ ਸਾਲ ਪਹਿਲਾਂ, ਸਿਲੇਬਸ 'ਚੋਂ ਕੱਢੀ ਹੋਈ ਇਨਕਲਾਬੀ ਕਵੀ ਪਾਸ਼ ਦੀ ਕਵਿਤਾ, ਇਨਕਲਾਬੀ ਤਾਕਤਾਂ ਵੱਲੋਂ ਕੀਤੇ ਥੋੜ੍ਹੇ ਤਰੱਦਦ ਨਾਲ ਹੀ ਕਲੰਡਰ ਦੇ ਰੂਪ 'ਚ ਕਈ ਗੁਣਾ ਛਪਕੇ ਘਰ-ਘਰ ਪਹੁੰਚ ਗਈ ਸੀ।
ਹੁਣ ਵੀ ਲੋਕ ਪੱਖੀ ਸ਼ਕਤੀਆਂ ਨੂੰ ਜਿੱਥੇ ਸਰਕਾਰ ਦੇ ਉਪ੍ਰੋਕਤ ਲੋਕ-ਦੋਖੀ ਕਦਮ ਦੀ ਨਿਖੇਧੀ ਕਰਨੀ ਚਾਹੀਦੀ ਹੈ, ਇਸ ਕਦਮ ਨੂੰ ਵਾਪਸ ਲੈਣ ਦੀ ਮੰਗ ਕਰਨੀ ਚਾਹੀਦੀ ਹੈ, ਉੱਥੇ ਇਨਕਲਾਬੀ ਬਦਲ ਉਭਾਰਨ ਦੇ ਕਾਰਜ 'ਚ ਜੁਟੇ ਕਰਿੰਦਿਆਂ ਨੂੰ, ਇਤਿਹਾਸ ਦੀ ਹੋਈ ਹਕੀਕੀ ਰਚਨਾ ਦੀਆਂ ਉਦਾਹਰਣਾਂ ਸਾਹਿਤ ਪੇਸ਼ਕਾਰੀ ਕਰਦਿਆਂ, ਨਾ ਸਿਰਫ਼ ਇਤਿਹਾਸ ਨਾਲ ਸਬੰਧਤ ਹਿੱਸਿਆਂ ਦੇ ਮੁਤੱਲਕ ਹੀ ਸਗੋਂ ਅੰਗਰੇਜ਼ ਸਾਮਰਾਜੀਆਂ ਵੱਲੋਂ ਸਿਰਜੇ ਮੌਜੂਦਾ ਕੁੱਲ ਸਿੱਖਿਆ ਪ੍ਰਬੰਧ ਨੂੰ ਬੁਨਿਆਦੀ ਤੌਰ 'ਤੇ ਤਬਦੀਲ ਕਰਨ ਦੀ ਲੋੜ ਉਭਾਰਨੀ ਚਾਹੀਦੀ ਹੈ, ਅਤੇ ਬਦਲਵੇਂ ਲੋਕ-ਪੱਖੀ ਨਕਸ਼ ਪੇਸ਼ ਕਰਨੇ ਚਾਹੀਦੇ  ਹਨ।

No comments:

Post a Comment