Thursday, July 4, 2019


ਕਸ਼ਮੀਰ  ਜਬਰ ਨਾਕਾਮੀ ਹੋਰ ਜਬਰ

ਸੰਸਾਰ ਦੀਆਂ ਸਭ ਤੋਂ ਤਕੜੀਆਂ ਨਾਬਰੀ ਦੀਆਂ ਜੰਗਾਂ 'ਚੋਂ ਇਕ ਕਸ਼ਮੀਰ ਦੀ ਧਰਤੀ ਉਤੇ ਲੜੀ ਜਾ ਰਹੀ ਹੈ। ਹਰ ਲੰਘਦੇ ਦਿਨ ਨਾਲ ਭਾਰਤੀ ਰਾਜ ਦਾ ਜਬਰ ਵੀ ਤਿੱਖੇ ਤੋਂ ਤਿੱਖਾ ਹੁੰਦਾ ਜਾ ਰਿਹਾ ਹੈ ਤੇ ਕਸ਼ਮੀਰੀ ਲੋਕਾਂ ਦਾ ਟਾਕਰਾ ਵੀ ਪ੍ਰਚੰਡ ਤੋਂ ਪ੍ਰਚੰਡ ਹੋ ਰਿਹਾ ਹੈ। ਲੋਕਾਂ ਦੀਆਂ ਹਕੀਕੀ ਲੋੜਾਂ ਉਲੰਘ ਕੇ ਆਪਣੇ ਬੱਜਟ ਦਾ ਬਹੁਤ ਵੱਡਾ ਹਿੱਸਾ ਫੌਜੀ ਖਰਚੇ ਦੇ ਲੇਖੇ ਲਾਉਣ ਵਾਲੇ ਭਾਰਤੀ ਰਾਜ ਦੇ ਹਥਿਆਰਬੰਦ ਬਲ ਨੰਗੇ ਧੜ ਲੜ ਰਹੇ ਕਸ਼ਮੀਰੀ ਲੋਕਾਂ ਦੇ ਸਿਦਕ ਅੱਗੇ ਊਣੇ ਨਿੱਬੜ ਰਹੇ ਹਨ। ਦਹਿਸ਼ਤ ਤੇ ਵਹਿਸ਼ਤ ਦੇ ਜੋਰ ਕਸ਼ਮੀਰੀ ਕੌਮ ਨੂੰ ਤਾਬਿਆ 'ਚ ਲਿਆਉਣ ਦੀ ਹਰ ਕੋਸ਼ਿਸ਼ ਅਸਫਲ ਹੋ ਰਹੀ ਹੈ। ਜਬਰ ਦਾ ਹਰ ਦੌਰ ਨਾਕਾਮੀ ਦਰ ਨਾਕਾਮੀ ਦਾ ਸਵਾਦ ਵੇਖ ਰਿਹਾ ਹੈ।  
ਧਾਰਾ 370 ਤੇ 35-ਏ ਦੇ ਖਾਤਮੇ ਦੇ ਚੋਣ ਵਾਅਦੇ ਕਰਕੇ ਦੂਜੀ ਵਾਰ ਸੱਤਾ 'ਤੇ ਬਿਰਾਜਮਾਨ ਹੋਈ ਮੋਦੀ ਸਰਕਾਰ ਕਸ਼ਮੀਰ ਖਿਲਾਫ ਭਾਰਤੀ ਰਾਜ ਦੇ ਪੰਜੇ ਹੋਰ ਤਿੱਖੇ ਕਰਨ ਦੀ ਚੱਕਵੀਂ ਅਲੰਬਰਦਾਰ ਹੈ। ਕਸ਼ਮੀਰ ਇਸਦੀ ਫਿਰਕੂ ਰਾਸ਼ਟਰਵਾਦੀ ਪਾਲਾਬੰਦੀ ਦੇ ਕੇਂਦਰ 'ਚ ਰਿਹਾ ਹੈ। ਇਸਨੇ ਕਸ਼ਮੀਰ ਮਸਲੇ 'ਤੇ ਸੌੜੀ ਲਾਮਬੰਦੀ ਨੂੰ ਆਪਣੀ ਚੋਣ ਖੇਡ 'ਚ ਬਾਖੂਬੀ ਵਰਤਿਆ ਹੈ ਤੇ ਪੁਲਵਾਮਾ ਘਟਨਾ ਨੂੰ ਪੂਰੀ ਤਰ੍ਹਾਂ ਕੈਸ਼ ਕਰਨ ਵਿਚ ਕਾਮਯਾਬ ਰਹੀ ਹੈ। ਪਿਛਲੇ ਕਾਰਜਕਾਲ ਦੌਰਾਨ ਇਸਦੀ ਪਹੁੰਚ ਅਤੇ ਮੌਜੂਦਾ ਚੋਣਾਂ ਅੰਦਰ ਇਸਦਾ ਪੈਂਤੜਾ ਆਉਂਦੇ ਸਮੇਂ ਵਿਚ ਕਸ਼ਮੀਰ ਅੰਦਰ ਭਾਰਤੀ ਰਾਜ ਦੇ ਜਬਰ ਦੇ ਹੋਰ ਤਿੱਖੇ ਕੀਤੇ ਜਾਣ ਵੱਲ ਸੰਕੇਤ ਕਰਦਾ ਹੈ। ਨਾ ਸਿਰਫ ਹੁਣ ਦੇ ਚੋਣ ਮੈਨੀਫੈਸਟੋ ਵਿਚ ਭਾਜਪਾ ਨੇ ਅਫਸਪਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਸਗੋਂ ਪਿਛਲੇ ਕਾਰਜਕਾਲ ਦੌਰਾਨ ਵੀ ਇਹਨੇ ਕਸ਼ਮੀਰ ਅੰਦਰ ਵਾਰ ਵਾਰ ਸੁਰੱਖਿਆ ਬਲਾਂ ਨੂੰ ਖੁੱਲ੍ਹੀਆਂ ਛੋਟਾਂ ਦੇ ਐਲਾਨ ਕੀਤੇ ਹਨ। ਸੀਨੀਆਰਤਾ ਸੂਚੀ ਉਲੰਘ ਕੇ ਜਨਰਲ ਬਿਪਨ ਰਾਵਤ ਦੀ ਫੌਜ ਮੁਖੀ ਵਜੋਂ ਨਿਯੁਕਤੀ ਕੀਤੀ ਹੈ ਜਿਸ ਨੇ ਨਾ ਸਿਰਫ ਜੀਪਾਂ ਅੱਗੇ ਮਨੁੱਖੀ ਢਾਲ ਵਜੋਂ ਬੰਨ੍ਹਣ ਵਾਲੇ ਮੇਜਰ ਲੀਤੁਲ ਗੋਗੋਈ ਨੂੰ ਸ਼ਾਬਾਸ਼ ਅਤੇ ਵਿਸ਼ੇਸ਼ ਸਨਮਾਨ ਦਿੱਤਾ ਹੈ ਬਲਕਿ ਮਿਲੀਟੈਂਟਾਂ ਨੂੰ ਘੇਰਨ ਅਤੇ ਤਲਾਸ਼ਣ ਵਾਲੇ ਉਪਰੇਸ਼ਨਾਂ(ਕੈਸੋ)ਦੌਰਾਨ ਇਕੱਠੇ ਹੋ ਕੇ ਵਿਰੋਧ ਕਰਦੇ ਲੋਕਾਂ ਤੇ ਪ੍ਰਦਰਸ਼ਨਕਾਰੀਆਂ 'ਤੇ ਸਿੱਧੇ ਬਲ ਦੀ ਵਰਤੋਂ ਤੇ ਗੋਲਾਬਾਰੀ ਦਾ ਅਮਲ ਤੋਰਿਆ ਹੈ ਜਿਸ ਸਦਕਾ ਉਹਦੀ ਨਿਯੁਕਤੀ ਤੋਂ ਬਾਅਦ ਦੇ ਅਰਸੇ ਵਿਚ ਪਿਛਲੇ ਸਾਲ ਦੇ ਮੁਕਾਬਲੇ ਸਿਵਲੀਅਨ ਮੌਤਾਂ ਦੀ ਗਿਣਤੀ 167 ਫੀਸਦੀ ਵਧੀ ਹੈ। ਜੰਮੂ ਕਸ਼ਮੀਰ ਅੰਦਰ ਡਰੋਨ ਵਰਤਣ ਅਤੇ ਪ੍ਰਦਰਸ਼ਨਕਾਰੀਆਂ ਨੂੰ ਮਾਰਨ ਦੀ ਇੱਛਾ ਜਾਹਰ ਕਰਨ ਵਾਲੇ ਜਨਰਲ ਰਾਵਤ ਨੇ ਨਾ ਸਿਰਫ 'ਲੋਕਾਂ ਨੂੰ ਫੌਜ ਤੋਂ ਡਰ ਕੇ ਰਹਿਣਾ ਚਾਹੀਦਾ ਹੈ' ਵਰਗੇ ਬਿਆਨ ਦਿੱਤੇ ਹਨ ਸਗੋਂ ਕਸ਼ਮੀਰੀ ਲੋਕਾਂ ਦੀਆਂ ਸਮੱਸਿਆਵਾਂ ਭਾਜਪਾ ਦੇ ਰਾਸ਼ਟਰਵਾਦ ਹੇਠ ਮਧੋਲਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ। ਨੋਟਬੰਦੀ ਦੌਰਾਨ ਲੰਬੀਆਂ ਲਾਈਨਾਂ ਦੀ ਸ਼ਿਕਾਇਤ ਕਰ ਰਹੇ ਲੋਕਾਂ ਨੂੰ ਔਖੀਆਂ ਹਾਲਤਾਂ 'ਚ ਉਹਨਾਂ ਦੀ ਸੁਰੱਖਿਆ ਕਰ ਰਹੀ ਫੌਜ ਤੋਂ ਪ੍ਰੇਰਣਾ ਲੈਣ ਅਤੇ ਰਾਸ਼ਟਰ ਦੇ ਹਿੱਤ ਵਿਚ ਔਖਿਆਈ ਝੱਲਣ ਦੀ ਨਸੀਹਤ ਕੀਤੀ ਹੈ। 2017 'ਚ ਵਿੱਢੀ 'ਆਲ ਆਊਟ' ਮੁਹਿੰਮ ਵਿਚ ਕਸ਼ਮੀਰ ਵਿਚ ਫੌਜੀ ਨਫਰੀ ਹੋਰ ਵਧਾਈ ਗਈ ਹੈ, ਅੱਲ੍ਹੜ ਨੌਜਵਾਨਾਂ ਦੀਆਂ ਮੌਤਾਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ,ਦਾਬਾ ਵਧਿਆ ਹੈ ਤੇ ਨਾਗਰਿਕ ਹੱਕ ਹੋਰ ਲਤਾੜੇ ਗਏ ਹਨ। ਅਰਬਨ ਨਕਸਲਾਂ ਦੀ ਤਰਜ਼ 'ਤੇ ਵਿਰੋਧ ਦਰਜ ਕਰਵਾ ਰਹੇ ਅੱਲ੍ਹੜ ਨੌਜਵਾਨਾਂ ਤੇ ਲੋਕਾਂ ਲਈ ਜਨਰਲ ਰਾਵਤ ਵੱਲੋਂ 'ਮਿਲੀਟੈਂਟਾਂ ਦੇ ਖੁੱਲ੍ਹੇ ਵਰਕਰ' ਨਾਂ ਦੀ ਵਰਤੋਂ ਕੀਤੀ ਜਾਣ ਲੱਗੀ ਹੈ ਤੇ ਇਹਨਾਂ ਨਾਲ ਨਜਿੱਠਣ ਲਈ 'ਹਰ ਹਰਬਾ' ਜਾਇਜ਼ ਮੰਨਿਆ ਗਿਆ ਹੈ। ਇਸ ਸਮੇਂ ਦੌਰਾਨ ਪੈਲੇਟ ਗੰਨਾਂ ਦੇ ਛੱਰਰੇ, ਗੋਲੀਆਂ, ਸਟੱਨ ਗਰੇਨੇਡ ਤੇ ਅੱਥਰੂ ਗੈਸ ਦੇ ਗੋਲੇ ਬੇਦਰੇਗ ਵਹੇ ਹਨ। 'ਗਰੇਟਰ ਕਸ਼ਮੀਰ' ਅਖਬਾਰ ਮੁਤਾਬਿਕ 2016 ਤੋਂ ਲੈਕੇ 1314 ਅੱਖਾਂ ਪੈਲੇਟ ਛਰ੍ਹਿਆਂ ਦੀ ਭੇਟ ਚੜ੍ਹਦੀਆਂ ਹਨ'ਦੀ ਹਿੰਦੂ' ਦੀ ਰਿਪੋਰਟ ਮੁਤਾਬਕ ਪੈਲੇਟ ਗੰਨਾਂ ਦੇ ਸ਼ਿਕਾਰਾਂ 'ਚੋਂ 14 ਫੀਸਦੀ ਬੱਚੇ ਹਨ। 
ਹੁਣ ਮੁੜ ਸੱਤਾ 'ਚ ਆਉਣ ਸਾਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੰਮੂ ਕਸ਼ਮੀਰ ਦੇ ਵਿਧਾਨ ਸਭਾ ਹਲਕਿਆਂ ਦੇ ਪੁਨਰਗਠਨ ਦਾ ਮੁੱਦਾ ਖੋਲ੍ਹਿਆ ਹੈ ਜਿਸ ਦਾ ਮੰਤਵ ਜੰਮੂ ਖੇਤਰ ਦੀਆਂ ਸੀਟਾਂ ਵਧਾਉਣ ਅਤੇ ਹਿੰਦੂ (ਖਿੱਤੇਦੀਆਂ  (ਸੀਟਾਂ ਦੀ ਵੱਧ ਗਿਣਤੀ ਸਦਕਾ ਰਾਜ ਦੀ ਸਿਆਸਤ 'ਚ ਦਖਲਅੰਦਾਜ਼ੀ ਦੀ ਗੁੰਜਾਇਸ਼ ਸਾਕਾਰ ਕਰਨਾ ਹੈ। ਇਸ ਕੋਸ਼ਿਸ਼ ਨੇ ਕਸ਼ਮੀਰ ਦੀ ਵਸੋਂ ਅੰਦਰ ਅਸੁਰੱਖਿਆ ਦੀ ਭਾਵਨਾ ਨੂੰ ਹੋਰ ਅੱਡੀ ਲਾਈ ਹੈ ਤੇ ਇਸ ਤਜਵੀਜ਼ ਦਾ ਕਸ਼ਮੀਰ ਅੰਦਰ ਵਿਆਪਕ ਵਿਰੋਧ ਹੋਇਆ ਹੈ। ਬਾਕੀ ਭਾਰਤ ਦੀ ਤਰਜ਼ 'ਤੇ ਹੀ ਕਸ਼ਮੀਰ ਅੰਦਰ ਇੱਕ ਵਿਧਾਨਕ ਸੋਧ ਰਾਹੀਂ ਚੋਣ ਹਲਕਿਆਂ ਦੀ ਮੁੜ ਨਿਸ਼ਾਨਦੇਹੀ ਦਾ ਕਾਰਜ 2026 ਤੱਕ ਫਰੀਜ਼ ਕੀਤਾ ਗਿਆ ਸੀ। ਇਸ ਸਾਲ ਤੋਂ ਬਾਅਦ ਦੀ ਜਨਗਣਨਾ ਨੇ ਜੋ ਕਿ 2031 ਵਿਚ ਹੋਣੀ ਹੈ, ਇਹਨਾਂ ਹਲਕਿਆਂ ਦੀ ਮੁੜ ਨਿਸ਼ਾਨਦੇਹੀ ਦਾ ਅਧਾਰ ਬਣਨਾ ਹੈ। ਪਰ ਬਾਕੀ ਸਭ ਮਸਲਿਆਂ ਉਪਰ ਭਾਰਤੀ ਫੈਸਲੇ ਕਸ਼ਮੀਰ ਉਪਰ ਢੁਕਾਉਣ ਦੀ ਵਕਾਲਤ ਕਰਨ ਵਾਲੀ ਭਾਰਤ ਸਰਕਾਰ ਇਸ ਮਸਲੇ ਉਪਰ ਕਸ਼ਮੀਰ ਨੂੰ ਭਾਰਤ ਦੇ ਬਾਕੀ ਖੇਤਰਾਂ ਤੋਂ ਵਖਰਿਆ ਰਹੀ ਹੈ ਭਾਵੇਂ ਕਸ਼ਮੀਰ ਅੰਦਰ ਵਿਆਪਕ ਵਿਰੋਧ ਦੇ ਚਲਦੇ ਰਾਜਪਾਲ ਸੱਤਿਆ ਪਾਲ ਮਲਿਕ ਨੇ ਪੁਨਰਗਠਨ ਨੂੰ ਅਫਵਾਹ ਦੱਸਿਆ ਹੈ ਤੇ ਧਾਰਾ 370 ਦੇ ਖਾਤਮੇ ਬਾਰੇ ਵੀ ਫਿਕਰ ਨਾ ਕਰਨ ਲਈ ਕਿਹਾ ਹੈ, ਪਰ ਭਾਜਪਾ ਸਰਕਾਰ ਦੇ ਕਸ਼ਮੀਰ ਪ੍ਰਤੀ ਮਨਸ਼ੇ ਕਿਸੇ ਤੋਂ ਗੁੱਝੇ ਨਹੀਂ। ਇਸ ਕਰਕੇ ਧਾਰਾ 370 ਤੇ 35-'ਤੇ ਹਮਲਾ, ਕਿਸੇ ਨਾ ਕਿਸੇ ਸ਼ਕਲ 'ਚ ਜਾਰੀ ਰਹਿਣਾ ਹੈ। ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਆਪਣੇ ਪਲੇਠੇ ਭਾਸ਼ਨ ਦੌਰਾਨ ਧਾਰਾ-370 ਨੂੰ ਆਰਜ਼ੀ ਐਲਾਨ ਦਿੱਤਾ ਹੈ। 1947 ਤੋਂ ਲੈ ਕੇ ਜੰਮੂ ਕਸ਼ਮੀਰ ਨੂੰ ਜਬਰੀ ਭਾਰਤੀ ਰਾਜ ਨਾਲ ਨੱਥੀ ਕਰਨ ਦੇ ਮੰਤਵ ਨਾਲ ਭਾਰਤੀ ਸੰਵਿਧਾਨ ਅੰਦਰ ਘੱਟੋ ਘੱਟ 50 ਸੋਧਾਂ ਕੀਤੀਆਂ ਜਾ ਚੁੱਕੀਆਂ ਹਨ। ਮੋਦੀ ਸਰਕਾਰ ਵੱਲੋਂ ਇਸੇ ਸਾਲ ਦੋ ਸੰਵਿਧਾਨਿਕ ਸੋਧਾਂ ਕੀਤੀਆਂ ਹਨ ਜਿਨ੍ਹਾਂ ਰਾਹੀਂ ਐਸ ਸੀ ਐਸ ਟੀ ਦੀ ਤਰੱਕੀ ਵਿਚ ਰਾਖਵੇਂਕਰਨ ਸਬੰਧੀ ਸੰਵਿਧਾਨ ਦੀ 77ਵੀਂ ਸੋਧ ਤੇ ਆਰਥਕ ਤੌਰ 'ਤੇ ਪਛੜੇ ਵਰਗਾਂ ਲਈ ਰਾਖਵਾਂਕਰਨ ਸਬੰਧੀ 103ਵੀਂ ਸੋਧ ਨੂੰ ਜੰਮੂ ਕਸ਼ਮੀਰ 'ਤੇ ਲਾਗੂ ਕੀਤਾ ਗਿਆ ਹੈ। ਜੰਮੂ ਕਸ਼ਮੀਰ ਦੇ ਵੱਖਰੇ ਵਿਧਾਨ ਨੂੰ ਮੇਸਦੇ ਹੋਏ ਭਾਰਤੀ ਸੰਵਿਧਾਨ ਨੂੰ ਸੋਧੇ ਜਾਣ ਦੀਆਂ ਇਨ੍ਹਾਂ ਕੋਸ਼ਿਸ਼ਾਂ ਖਿਲਾਫ ਕਸ਼ਮੀਰ ਦੇ ਵੱਖ ਵੱਖ ਹਿੱਸਿਆਂ ਨੇ ਵਿਰੋਧ ਦਰਜ ਕਰਾਇਆ ਹੈ। ਇੱਕ ਪਾਸੇ ਅਜਿਹੇ ਹੱਥਕੰਡੇ ਅਤੇ ਦੂਜੇ ਪਾਸੇ ਹਕੂਮਤੀ ਹਿੰਸਾ ਦੇ ਜੋਰ ਕਸ਼ਮੀਰੀਆਂ ਦੀ ਅਜਾਦੀ ਤੇ ਸਵੈਮਾਣ ਦੀ ਤਾਂਘ ਨੂੰ ਮੇਸਣ ਦੀਆਂ ਕੋਸ਼ਿਸ਼ਾਂ ਕਸ਼ਮੀਰ ਦੇ ਬੱਚੇ ਬੱਚੇ ਨੂੰ ਭਾਰਤੀ ਹਕੂਮਤ ਦੇ ਖਿਲਾਫ ਸਿਪਾਹੀ ਬਣਾ ਰਹੀਆਂ ਹਨ। 

ii
ਪਿਛਲੇ ਸਮੇਂ ਨੇ ਕਸ਼ਮੀਰ ਅੰਦਰ ਭਾਰਤੀ ਰਾਜ ਦੇ ਜਬਰ ਨੂੰ ਨਵੇਂ ਮੁਕਾਮ ਛੂੰਹਦੇ ਤੱਕਿਆ ਹੈ। 2018 ਦਾ ਵਰ੍ਹਾ ਪਿਛਲੇ ਸਾਲਾਂ ਦੌਰਾਨ ਸਭ ਤੋਂ ਘਾਤਕ ਵਰ੍ਹਾ ਰਿਹਾ ਹੈ ਜਿਸ ਅੰਦਰ 160 ਆਮ ਨਾਗਰਿਕਾਂ ਤੇ 265 ਮਿਲੀਟੈਟਾਂ ਸਮੇਤ 586 ਜਾਨਾਂ ਗਈਆਂ ਹਨ । 2019 ਦੇ ਪਹਿਲੇ ਤਿੰਨ ਮਹੀਨਿਆਂ ਅੰਦਰ 162 ਮੌਤਾਂ ਹੋ ਚੁੱਕੀਆਂ ਹਨ। ਪਰ ਮੌਤ ਕਸ਼ਮੀਰ ਅੰਦਰ ਇੱਕ ਛੋਟੀ ਘਟਨਾ ਹੈ। ਲੋਕਾਂ ਵੱਲੋਂ ਨਿੱਤ ਭੋਗੇ ਜਾ ਰਹੇ ਸੰਤਾਪ ਦਾ ਅੰਦਾਜ਼ਾ ਇਹਨਾਂ ਮੌਤਾਂ ਦੀ ਗਿਣਤੀ ਤੋਂ ਨਹੀਂ ਲਗਾਇਆ ਜਾ ਸਕਦਾ। 
ਕਸ਼ਮੀਰ ਦੇ ਚੱਪੇ ਚੱਪੇ ਤੇ 7 ਲੱਖ ਭਾਰਤੀ ਫੌਜੀ ਤਾਇਨਾਤ ਹਨ। ਇਹਨਾਂ ਦਾ ਕਸ਼ਮੀਰੀ ਲੋਕਾਂ ਨਾਲ ਰਿਸ਼ਤਾ ਬਰਤਾਨਵੀ ਬਸਤੀਵਾਦੀਆਂ ਦੇ ਭਾਰਤੀ ਲੋਕਾਂ ਨਾਲ ਰਿਸ਼ਤੇ ਨੂੰ ਵੀ ਮਾਤ ਪਾਉਂਦਾ ਹੈ। ਥਾਂ ਪਰ ਥਾਂ ਜੱਲ੍ਹਿਆਂ ਵਾਲਾ ਕਾਂਡ ਵਾਪਰ ਰਿਹਾ ਹੈ। ਮੁੱਖ ਮਾਰਗ, ਸੜਕਾਂ, ਗਲੀਆਂ ਬਾਜ਼ਾਰਾਂ ਅੰਦਰ ਅੰਮ੍ਰਿਤਸਰ ਦੀ ਰੀਂਗਣ ਵਾਲੀ ਗਲੀ ਦੇ ਅਕਸ ਸਿਰਜੇ ਜਾ ਰਹੇ ਹਨ। ਤਲਾਸ਼ੀਆਂ ਪੁੱਛ-ਗਿੱਛ ਦੇ ਬਹਾਨੇ ਜਲਾਲਤ ਦੇ ਘੁੱਟ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਫੌਜ ਵੱਲੋਂ ਰੁਕਣ ਦੇ ਇਸ਼ਾਰੇ ਤੋਂ ਬਾਅਦ ਹੋਈ ਭੋਰਾਭਰ ਦੇਰੀ ਦਾ ਅੰਜ਼ਾਮ ਨੱਕ ਨਾਲ ਲਕੀਰਾਂ ਕੱਢਣ ਤੋਂ ਲੈ ਕੇ ਭਾਰੀ ਕੁੱਟਮਾਰ,ਜੇਲ੍ਹ ਜਾਂ ਇਸ ਤੋਂ ਵੀ ਭਿਆਨਕ ਹੋ ਸਕਦਾ ਹੈ। ਸੈਂਕੜੇ ਬਲਾਤਕਾਰਾਂ, ਦਹਿ ਹਜਾਰਾਂ ਕਤਲਾਂ, ਹਜਾਰਾਂ ਗੁੰਮਸ਼ੁਦਗੀਆਂ, ਵਹਿਸ਼ੀ ਤਸ਼ੱਦਦ, ਮਾਲ ਅਸਬਾਬ ਦੀ ਤਬਾਹੀ ਤੇ ਲੋਕਾਂ ਦੀਆ ਜਿੰਦਗੀਆਂ ਨੂੰ ਨਰਕ ਬਣਾ ਦੇਣ ਵਾਲੀ ਫੌਜ ਅਫਸਪਾ ਦੀ ਛਤਰਛਾਇਆ ਹੇਠ ਪੂਰੀ ਤਰ੍ਹਾਂ ਮਹਿਫੂਜ਼ ਹੈ। 28 ਸਾਲਾਂ ਦੇ ਅਫਸਪਾ ਦੌਰਾਨ ਕਿਸੇ ਇਕ ਵੀ ਫੌਜੀ ਨੂੰ ਇਹਨਾਂ ਵਹਿਸ਼ੀ ਕਾਰਵਾਈਆਂ ਲਈ ਸਜ਼ਾ ਨਹੀਂ ਹੋ ਸਕੀ ਹੈ। ਇਹਨਾਂ ਸਾਲਾਂ ਦੌਰਾਨ 50000 ਕਸ਼ਮੀਰੀ ਮਰੇ ਹਨ, 10000 ਲਾਪਤਾ ਹੋਏ ਹਨ, ਜਿਨ੍ਹਾਂ ਦੇ ਮਾਪੇ ਉਹਨਾਂ ਦੀਆਂ ਫੋਟੋਆਂ ਚੁੱਕ ਉਹਨਾਂ ਦਾ ਥਹੁ-ਪਤਾ ਜਾਣਨ ਲਈ ਧਰਨੇ ਦਿੰਦੇ ਹਨ, ਕੁਨਾਨ ਪੋਸ਼ਪੁਰਾ ਵਰਗੇ ਚਰਚਿਤ ਬਲਾਤਕਾਰ ਕਾਂਡ ਵਾਪਰੇ ਹਨ ਜਿੱਥੇ ਭਾਰਤੀ ਫੌਜ ਦੇ ਇਕ ਯੂਨਿਟ ਦੇ 300 ਫੌਜੀਆਂ ਨੇ 150 ਕੁੜੀਆਂ ਤੇ ਔਰਤਾਂ ਨਾਲ ਸਮੂਹਕ ਬਲਾਤਕਾਰ ਕੀਤਾ ਸੀ, ਹਜ਼ਾਰਾਂ ਹਿਰਾਸਤੀ ਮੌਤਾਂ ਹੋਈਆਂ ਹਨ, ਫੌਜ ਦੁਆਰਾ ਖਪਾਏ ਲੋਕਾਂ ਦੀਆਂ ਸਮੂਹਕ ਕਬਰਾਂ ਦੇ ਖੁਲਾਸੇ ਹੋਏ ਹਨ ਪਰ ਫੌਜ ਨੂੰ ਰਾਜ ਦੀ ਮੁਕੰਮਲ ਹਿਫਾਜ਼ਤ ਮਿਲਦੀ ਰਹੀ ਹੈ। ਅਕਤੂਬਰ 18 ਵਿਚ ਭਾਰਤੀ ਸੁਰੱਖਿਆ ਬਲਾਂ ਨੇ ਮੁਕਾਬਲੇ ਤੋਂ ਬਾਅਦ ਧਮਾਕਾਖੇਜ਼ ਸਮੱਗਰੀ ਕੁਲਗਾਮ ਦੇ ਇਕ ਪਿੰਡ ਵਿਚ ਉਂਜ ਹੀ ਰਹਿਣ ਦਿੱਤੀ, ਜਿਸ ਕਾਰਨ 8 ਲੋਕ ਮਾਰੇ ਗਏੇ ਪਰ ਫੌਜ ਉੱਪਰ ਕੋਈ ਜਵਾਬਦੇਹੀ ਨਹੀਂ ਆਈ। 
ਇਸ ਫੌਜੀ ਰਾਜ ਅੰਦਰ ਸਧਾਰਨ ਕਸ਼ਮੀਰੀਆਂ ਦੀ ਦੁਰਗਤ ਦਾ ਅੰਦਾਜ਼ਾ ਇਸ ਤੱਥ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਰਾਜ ਦਾ ਸੰਦ ਬਣ ਕੇ ਲੋਕਾਂ 'ਤੇ ਕਹਿਰ ਢਾਹੁਣ ਵਾਲੀ ਕਸ਼ਮੀਰੀ ਪੁਲਸ ਤੇ ਉਥੋਂ ਦੇ ਪ੍ਰਸਾਸ਼ਿਨਕ ਅਧਿਕਾਰੀ ਵੀ ਕਈ ਵਾਰ 'ਕਸ਼ਮੀਰੀ' ਹੋਣ ਦੇ ਕਾਰਨ ਭਾਰਤੀ ਫੌਜ ਦੇ ਕਰੋਪ ਦਾ ਸ਼ਿਕਾਰ ਬਣ ਜਾਂਦੇ ਰਹੇ ਹਨ। ਲੰਘੇ ਅਪ੍ਰੈਲ ਮਹੀਨੇ ਅੰਦਰ ਭਾਰਤੀ ਫੌਜ ਵੱਲੋਂ ਡੋਰੂ ਦੇ ਐਸ ਡੀ ਐਮ ਨੂੰ ਉਸ ਦੀ ਚਾਰ ਮੈਂਬਰੀ ਟੀਮ ਸਮੇਤ ਉਦੋਂ ਬੁਰੀ ਤਰ੍ਹਾਂ ਕੁੱਟਿਆ ਗਿਆ ਜਦੋਂ ਉਹ ਚੋਣਾਂ ਤੋਂ ਪਹਿਲਾਂ ਪ੍ਰਬੰਧਕੀ ਜਾਇਜ਼ਾ ਲੈਣ ਲਈ ਜਾ ਰਿਹਾ ਸੀ। ਸਿਵਲੀਅਨਾਂ ਲਈ ਸੜਕ ਬੰਦ ਸੀ। ਦੋ ਨਾਕਿਆਂ ਉਪਰ ਪਛਾਣ ਪੱਤਰ ਦਿਖਾਉਣ ਉਪਰੰਤ ਤੀਜੇ ਨਾਕੇ 'ਤੇ ਉਨ੍ਹਾਂ ਦੀ ਗੱਡੀ ਫੌਰੀ ਨਾ ਰੁਕ ਸਕੀ ਤੇ ਫੌਜੀਆਂ ਨੇ ਉਹਦੇ ਡਰਾਈਵਰ ਦੀ ਬੇਤਹਾਸ਼ਾ ਕੁੱਟਮਾਰ ਸ਼ੁਰੂ ਕਰ ਦਿੱਤੀ। ਆਪਣਾ ਪਛਾਣ ਪੱਤਰ ਦਿਖਾਉਣ ਉਪਰੰਤ ਵੀ ਉਸ ਨੂੰ ਤੇ ਬਾਕੀ ਟੀਮ ਮੈਂਬਰਾਂ ਨੂੰ ਕੁੱਟਿਆ ਗਿਆ ਤੇ ਬੰਦੀ ਬਣਾ ਕੇ ਬਿਠਾ ਲਿਆ ਗਿਆ। ਡੀ ਸੀ ਦਾ ਫੋਨ ਆਉਣ 'ਤੇ ਹੀ ਰਿਹਾਈ ਸੰਭਵ ਹੋ ਸਕੀ। ਜੁਲਾਈ 2017 ਵਿਚ ਨਿੱਜੀ ਵਾਹਨਾਂ ਤੇ ਸਿਵਲ ਕੱਪੜਿਆਂ 'ਚ ਜਾ ਰਹੇ ਫੌਜੀਆਂ ਨੂੰ ਗੰਦਰਬਲ ਪੁਲਸ ਨਾਕੇ ਉਪਰ ਰੋਕਣ ਦਾ ਗੁਨਾਹ ਕਰਨ ਲਈ ਇਕ ਸਬ ਇਨਸਪੈਕਟਰ ਸਮੇਤ 8 ਪੁਲਸੀਆਂ ਨੂੰ ਰਾਸ਼ਟਰੀ ਰਾਈਫਲ ਦੇ ਫੌਜੀਆਂ ਨੇ ਕੁੱਟਿਆ, ਗੰਡ ਥਾਣੇ ਅੰਦਰ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਅਤੇ ਰਿਕਾਰਡ ਤਬਾਹ ਕਰ ਦਿੱਤਾ। ਅਗਸਤ 2017 ਅੰਦਰ ਕੁੱਪਵਾੜਾ ਦੇ ਦੋ ਪੁਲਸੀਆਂ ਦੀ ਫੌਜ ਨੇ ਇਸ ਲਈ ਕੁੱਟਮਾਰ ਕੀਤੀ ਕਿਉਂਕਿ ਉਹ ਇੱਕ ਮੋਟਰਸਾਈਕਲ ਚਾਲਕ ਨੂੰ ਖੱਜਲ ਖੁਆਰ ਕਰਨ ਬਾਰੇ ਗੱਲ ਕਰਨ ਗਏ ਸਨ। ਕੁੱਝ ਦਿਨ ਪਹਿਲਾਂ ਹੀ ਸ਼੍ਰੀਨਗਰ ਅੰਦਰ ਟ੍ਰੈਫਿਕ ਪੁਲਸ ਦੇ ਸਿਪਾਹੀ ਨੂੰ ਫੌਜੀਆਂ ਨੇ ਇਸ ਕਰਕੇ ਬੁਰੀ ਤਰ੍ਹਾਂ ਕੁੱਟਿਆ ਕਿਉਂਕਿ ਉਹਨੇ ਫੌਜੀ ਗੱਡੀਆਂ ਲੰਘਾਉਣ ਲਈ ਇੱਕ ਦਮ ਸਾਰਾ ਟਰੈਫਿਕ ਨਹੀਂ ਰੋਕਿਆ ਸੀ।
ਆਮ ਕਸ਼ਮੀਰੀ ਹੋਣ ਦਾ ਮਤਲਬ ਨਾ ਸਿਰਫ ਕਿਸੇ ਥਾਂ ਤਲਾਸ਼ੀ, ਗਾਲ੍ਹ ਦੁੱਪੜ, ਥੱਪੜ, ਕੁੱਟਮਾਰ ਝੱਲਣ ਜਾਂ ਜੇਲ੍ਹ ਜਾਣ ਲਈ ਤਿਆਰ ਰਹਿਣਾ ਹੈ ਬਲਕਿ ਭਾਰਤੀ ਫੌਜ ਦੀਆਂ ਗੋਲੀਆਂ, ਪੈਲਿਟ ਗੰਨਾਂ ਦੇ ਕਹਿਰ, ਘਰਾਂ ਦੀ ਤਬਾਹੀ ਜਾਂ ਮਨੁੱਖੀ ਢਾਲ ਵਜੋਂ ਵਰਤੇ ਜਾਣ ਦੇ ਖੌਫ ਅੰਦਰ ਜਿਉਣਾ ਵੀ ਹੈ। ਘਟਨਾ ਦਰ ਘਟਨਾ ਇਸ ਕਹਿਰ ਦੀ ਕਹਾਣੀ ਅੰਦਰ ਪੰਨੇ ਜੁੜਦੇ ਜਾਂਦੇ ਹਨ। ਹਾਲ ਹੀ ਵਿਚ ਇਕ ਸਕੂਲੀ ਡਰਾਈਵਰ ਨੂੰ ਬਿਨਾਂ ਗੱਲੋਂ ਭਾਰਤੀ ਫੌਜੀਆਂ ਵੱਲੋਂ ਕੁੱਟੇ ਜਾਣ ਉਪਰੰਤ ਸਕੂਲੀ ਬੱਚਿਆਂ ਦੇ ਡਰ ਕੇ ਰੋਣ ਦੀ ਵੀਡੀਓ ਵਾਇਰਲ ਹੋਈ ਹੈ ਜਿਸ ਵਿਚ ਉਹ ਰੋਂਦੇ ਹੋਏ ਕਹਿ ਰਹੇ ਹਨ ਕਿ ਡਰਾਈਵਰ ਅੰਕਲ ਨੇ ਕੁੱਝ ਨਹੀਂ ਕੀਤਾ। ਮੈਡੀਸਨ ਫਰੰਟੀਅਰਜ਼ ਦੀ ਮਈ 2016 ਦੀ ਰਿਪੋਰਟ ਮੁਤਾਬਿਕ 45% ਕਸ਼ਮੀਰੀ ਮਾਨਸਿਕ ਦਬਾਅ ਦੇ ਸ਼ਿਕਾਰ ਹਨ ਅਤੇ 19 ਫੀਸਦੀ ਪੀਟੀਐਸਡੀ (ਪੋਸਟ ਟਰੋਮੈਟਿਕ ਸਟਰੈਸ ਡਿਸਆਰਡਰ) ਯਾਨੀ ਕਿ ਕਿਸੇ ਭਿਆਨਕ ਹਾਲਤ ਦਾ ਸਾਹਮਣਾ ਕਰਨ ਬਾਅਦ ਉਹਨਾਂ ਦੇ ਨਿਰੰਤਰ ਰਹਿ ਰਹੇ ਅਸਰਾਂ ਦੇ ਸ਼ਿਕਾਰ ਹਨ। ਇਹ 19 ਫੀਸਦੀ 7,71,000 ਲੋਕ ਬਣਦੇ ਹਨ। ਲਗਭਗ ਹਰੇਕ ਕਸ਼ਮੀਰੀ ਪਰਿਵਾਰ ਕਿਸੇ ਰਿਸ਼ਤੇਦਾਰ ਦੀ ਮੌਤ, ਹਿੰਸਾ , ਜਾਨਮਾਲ ਦੀ ਤਬਾਹੀ ਜਾਂ ਜਲਾਲਤ ਦੀ ਹਾਲਤ 'ਚੋਂ ਲੰਘਿਆ ਹੈ। 
ਅਕਤੂਬਰ 18 ਵਿੱਚ ਇਕ ਬਲਾਸਟ ਦੌਰਾਨ 9 ਫੌਜੀਆਂ ਦੇ ਜਖਮੀ ਹੋਣ ਤੋਂ ਬਾਅਦ ਫੌਜ ਨੇ ਤਰਿਚਲ ਪਿੰਡ ਅੰਦਰ ਵੜ ਕੇ ਔਰਤਾਂ ਤੇ ਬੱਚਿਆਂ ਸਮੇਤ ਹਰ ਕਿਸੇ ਨੂੰ ਕੁੱਟਿਆ ਤੇ ਕਾਰਾਂ, ਖਿੜਕੀਆਂ, ਫਰਿੱਜਾਂ ਸਮੇਤ ਹਰ ਇਕ ਚੀਜ ਭੰਨ ਸੁੱਟੀ। ਦੋ ਦਰਜਨ ਤੋਂ ਵੱਧ ਲੋਕ ਇਸ ਵਹਿਸ਼ਤ ਦਾ ਸ਼ਿਕਾਰ ਹੋਏ ਤੇ ਇਹ ਕੁੱਟਮਾਰ ਤਿੰਨ ਘੰਟੇ ਚਲਦੀ ਰਹੀ। ਸਰਕਾਰੀ ਹਸਪਤਾਲ ਦੇ ਡਾਕਟਰ ਮੁਤਾਬਕ ਕੁੱਟਣ ਤੇ ਘੜੀਸਣ ਕਾਰਨ ਅਨੇਕਾਂ ਔਰਤਾਂ ਦੇ ਜਖਮਾਂ, ਕੱਟਾਂ ਤੇ ਝਰੀਟਾਂ ਦੇ ਨਿਸ਼ਾਨ ਸਨ। ਇਹੋ ਕੁੱਝ ਮਾਰਚ 19 'ਚ ਰਤਨੀਪੋਰਾ 'ਚ ਵਾਪਰਿਆ ਜਿੱਥੇ ਫੌਜ ਵੱਲੋਂ ਪਿੰਡ ਅੰਦਰ ਵੜ ਕੇ ਲੋਕਾਂ ਨੂੰ ਬੇਦਰੇਗ ਕੁੱਟਿਆ ਗਿਆ ਤੇ ਰਾਹ 'ਚ ਆਉਂਦੀ ਹਰੇਕ ਚੀਜ਼ ਭੰਨੀ ਗਈ। ਅਕਤੂਬਰ 18 'ਚ ਬਿਨਾਂ ਕਸੂਰੋਂ ਚਾਰ ਕਸ਼ਮੀਰੀਆਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਜਿਸ ਮਾਮਲੇ 'ਚ ਗੰਦਰਬਲ ਦੀ ਪੁਲਸ ਤੇ ਡੀ ਸੀ ਨੇ ਹਿਊਮਨ ਰਾਈਟਸ ਕਮਿਸ਼ਨ ਨੂੰ ਬਿਆਨ ਦਿੱਤਾ ਕਿ ਫੌਜ ਦੋਸ਼ੀਆਂ ਦੀ ਪਛਾਣ ਵਿਚ ਸਹਿਯੋਗ ਨਹੀਂ ਕਰ ਰਹੀ। 17-18 ਜੁਲਾਈ 2018 ਵਿਚਲੀ ਰਾਤ ਨੂੰ ਮੋਚਵਾੜਾ ਅੰਦਰ ਲੱਗਭੱਗ ਦਰਜਨ ਦੇ ਕਰੀਬ ਆਮ ਨਾਗਰਿਕਾਂ ਨੂੰ  ਫੌਜੀਆਂ ਨੇ ਬਿਨਾਂ ਗੱਲੋਂ ਕੁੱਟਿਆ। ਮਾਰਚ 19 ਵਿਚ ਅਵੰਤੀਪੁਰਾ ਦੇ ਇਕ ਸਕੂਲ ਦੇ ਪ੍ਰਿੰਸੀਪਲ ਨੂੰ ਪੁਲਸ ਚੁੱਕ ਕੇ ਲੈ ਗਈ। ਪੁਲਸ ਹਿਰਾਸਤ ਵਿਚ ਹੋਈ ਉਸ ਦੀ ਮੌਤ ਤੋਂ ਬਾਅਦ ਉਹਦੀ ਲਾਸ਼ ਉਪਰ ਵਹਿਸ਼ੀ ਜੁਲਮ ਤੇ ਸਾੜੇ ਜਾਣ ਦੇ ਨਿਸ਼ਾਨ ਸਭ ਨੇ ਦੇਖੇ। ਫਰਵਰੀ 19 ਵਿਚ ਇਕ ਭਗੌੜੇ ਫੌਜੀ ਦੇ ਭਰਾ ਨੂੰ ਆਰਮੀ ਕੈਂਪ ਵਿਚ ਬੁਲਾ ਕੇ ਸਿਰੇ ਦਾ ਤਸ਼ੱਦਦ ਕੀਤਾ ਗਿਆ। ਭਗੌੜੇ ਹੋਏ ਨੌਜਵਾਨਾਂ ਦੇ ਮਾਪਿਆਂ, ਭੈਣ-ਭਰਾਵਾਂ ਨੂੰ ਵਾਰ ਵਾਰ ਪ੍ਰੇਸ਼ਾਨ ਕਰਨਾ, ਕੁੱਟਣਾ ਮਾਰਨਾ, ਉਹਨਾਂ ਦੇ ਘਰਾਂ ਦੀ ਭੰਨ-ਤੋੜ ਬਹੁਤ ਆਮ ਵਰਤਾਰਾ ਹੈ। ਮਿਲੀਟੈਂਟਾਂ ਦੇ ਰਿਸ਼ਤੇਦਾਰਾਂ ਉਪਰ ਅਜਿਹੇ ਤਸ਼ੱਦਦ ਦੇ ਰੋਸ ਵਜੋਂ ਪਿਛਲੇ ਵਰ੍ਹੇ ਹਿਜਬੁਲ ਮੁਜਾਹਦੀਨ ਨੇ ਪੁਲਸ ਕਰਮੀਆਂ ਦੇ ਕੁੱਝ ਰਿਸ਼ਤੇਦਾਰ ਕੁੱਝ ਦਿਨਾਂ ਲਈ ਅਗਵਾ ਕਰਕੇ ਰੱਖੇ ਸਨ ਤਾਂ ਜੋ ਉਹਨਾਂ ਨੂੰ ਮਿਲੀਟੈਂਟਾਂ ਦੇ ਪਰਿਵਾਰਾਂ ਦੀ ਬੇਗੁਨਾਹੀ ਦਾ ਅਹਿਸਾਸ ਕਰਵਾਇਆ ਜਾ ਸਕੇ। 
ਘਰਾਂ ਤੇ ਜਾਇਦਾਦ ਦੀ ਤਬਾਹੀ ਦਹਿਸ਼ਤ ਤੇ ਦਾਬਾ ਪਾਉਣ ਦਾ ਆਮ ਸੰਦ ਹੈ। ਪਿੰਡਾਂ ਵਿਚ ਤਲਾਸ਼ੀ ਮੁਹਿੰਮਾਂ ਦੌਰਾਨ ਸਭਨਾਂ ਘਰਾਂ ਵਿਚ ਕਹਿਰ ਵਰਤਾਇਆ ਜਾਂਦਾ ਹੈ। ਗਿਣੀ ਮਿਥੀ ਸਕੀਮ ਤਹਿਤ ਵਿਆਪਕ ਭੰਨ-ਤੋੜ ਕੀਤੀ ਜਾਂਦੀ ਹੈ। ਲੰਘੇ ਮਾਰਚ ਮਹੀਨੇ ਵਿਚ ਬਾਬਾਗੁੰਡ ਵਿਚ ਚੱਲੇ ਮਿਲੀਟਰੀ ਅਪ੍ਰੇਸ਼ਨ ਦੌਰਾਨ 12 ਘਰ ਪੂਰੀ ਤਰ੍ਹਾਂ ਮਿੱਟੀ ਵਿਚ ਮਿਲਾ ਦਿੱਤੇ ਗਏ ਅਤੇ 8 ਹੋਰ ਏਸ ਹੱਦ ਤੱਕ ਤਬਾਹ ਕੀਤੇ ਗਏ ਕਿ ਉਨ੍ਹਾਂ ਵਿਚ ਮੁੜ ਵਸਣਾ ਸੰਭਵ ਨਹੀਂ ਰਿਹਾ। 7 ਢਾਰੇ ਮਿੱਟੀ ਕਰ ਦਿੱਤੇ ਗਏ ਜਿਨ੍ਹਾਂ ਹੇਠ ਦਬ ਕੇ ਕਈ ਗਾਵਾਂ ਬੱਕਰੀਆਂ, ਮੁਰਗੇ ਤੇ ਭੇਡਾਂ ਮਰ ਗਈਆਂ। ਇਹਨਾਂ 20 ਘਰਾਂ ਦੇ ਵਸ਼ਿੰਦਿਆਂ ਕੋਲ ਤਨ ਦੇ ਕੱਪੜਿਆਂ ਤੋਂ ਬਿਨਾਂ ਕੁੱਝ ਬਾਕੀ ਨਹੀਂ ਰਿਹਾ। ਹੋਰਨਾਂ ਪਿੰਡਾਂ ਦੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਉਹਨਾਂ ਦੇ ਖਾਣੇ ਦਾ ਪ੍ਰਬੰਧ ਕੀਤਾ। 2017 ਵਿੱਚ ਇੰਡੀਅਨ ਐਕਸਪ੍ਰੈਸ ਨਾਲ ਹੋਈ ਗੱਲਬਾਤ 'ਚ ਇਕ ਕੁੜੀ ਨੇ ਕਿਹਾ ਸੀ, ''ਉਹ ਸਾਡੇ ਘਰ ਤਬਾਹ ਕਰ ਦਿੰਦੇ ਹਨ। ਇਹ ਵੀ ਨਹੀਂ ਸੋਚਦੇ ਕਿ ਅਸੀਂ ਕਿੱਥੇ ਰਹਾਂਗੇ।'' 
ਪਿਛਲੇ ਸਮੇਂ ਅੰਦਰ ਭਾਰਤੀ ਸੁਰੱਖਿਆ ਬਲਾਂ ਵੱਲੋਂ ਸਭ ਕੌਮੀ ਕੌਮਾਂਤਰੀ ਕਾਇਦੇ ਕਾਨੂੰਨਾਂ ਦੀਆਂ ਧਜੀਆਂ ਉਡਾਉਂਦੇ ਹੋਏ ਕਸ਼ਮੀਰੀਆਂ ਨੂੰ ਮਨੁੱਖੀ ਢਾਲ ਵਜੋਂ ਵਰਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। 2017 ਅੰਦਰ ਲੋਕਾਂ ਦੇ ਪੱਥਰਾਂ ਤੋਂ ਬਚਣ ਲਈ ਫਾਰੂਕ ਅਹਿਮਦ ਡਾਰ ਨੂੰ ਢਾਲ ਵਜੋਂ ਜੀਪ ਅੱਗੇ ਬੰਨ੍ਹਣ ਦੀ ਘਟਨਾ ਤਾਂ ਕਾਫੀ ਚਰਚਾ ਵਿਚ ਰਹੀ ਹੀ  ਹੈ ਤੇ ਅਜਿਹਾ ਕਰਨ ਵਾਲੇ ਮੇਜਰ ਨੂੰ ਬਾਅਦ ਵਿਚ ਫੌਜ ਵੱਲੋਂ ਸਨਮਾਨ ਦਿੱਤੇ ਜਾਣਾ ਤੇ ਸਰਕਾਰ ਵੱਲੋ ਉਸ ਦਾ ਸਮਰਥਨ ਕੀਤੇ ਜਾਣਾ ਵੀ ਚਰਚਾ ਦਾ ਵਿਸ਼ਾ ਬਣਿਆ ਹੈ, ਪਰ ਮਿਲੀਟੈਂਟਾਂ ਨਾਲ ਮੁਕਾਬਲਿਆਂ ਦੌਰਾਨ ਸਥਾਨਕ ਲੋਕਾਂ ਨੂੰ ਢਾਲ ਵਜੋਂ ਵਰਤੇ ਜਾਣ ਦਾ ਅਮਲ ਗੁੱਝਾ ਰਿਹਾ ਹੈ 
ਇਸੇ ਸਾਲ ਫਰਵਰੀ ਮਹੀਨੇ ਅੰਦਰ ਪੁਲਵਾਮਾ ਅਟੈਕ ਤੋਂ ਦੋ ਦਿਨ ਬਾਅਦ ਪਿੰਗਲਾਂ ਪਿੰਡ ਵਿਚ ਤਲਾਸ਼ੀ ਮੁਹਿੰਮ ਦੌਰਾਨ ਘੱਟੋ ਘੱਟ ਚਾਰ ਜਣਿਆਂ ਨੂੰ ਮਿਲੀਟੈਂਟਾਂ ਦੇ ਟਿਕਾਣੇ ਤਬਾਹ ਕਰਨ ਲਈ ਮਨੁੱਖੀ ਢਾਲ ਵਜੋਂ ਵਰਤਿਆ ਗਿਆ ਅਤੇ ਇਹਨਾਂ ਟਿਕਾਣਿਆਂ ਵਿਚ ਫੌਜ ਤੋਂ ਪਹਿਲਾਂ ਅੰਦਰ ਜਾਣ ਲਈ ਮਜਬੂਰ ਕੀਤਾ ਗਿਆ। ਇਹਨਾਂ ਵਿਚੋਂ ਇੱਕ ਦੀ ਇਸ ਦੌਰਾਨ ਚੱਲੀ ਗੋਲਾਬਰੀ ਸਦਕਾ ਮੌਤ ਹੋ ਗਈ। ਖਬਰ ਏਜੰਸੀ ਰਿਊਟਰਜ਼ ਨਾਲ ਕੀਤੀ ਗੱਲਬਾਤ ਦੌਰਾਨ ਇਕ ਸਤਾਰਾਂ ਸਾਲਾ ਮੁੰਡੇ ਜਿਬਰਾਨ ਨੇ ਦੱਸਿਆ ਕਿ ਕਈ ਹੋਰ ਮੁੰਡਿਆਂ ਸਮੇਤ ਉਹਨੂੰ ਲਿਜਾ ਕੇ ਇਕ ਫੌਜੀ ਗੱਡੀ ਵਿਚ ਬਿਠਾਇਆ ਗਿਆ ਤੇ ਫਿਰ ਘਰਾਂ ਦੀ ਤਲਾਸ਼ੀ ਲੈਣ ਲਈ ਕਿਹਾ ਗਿਆ। ਸ਼ਫਾਕਤ ਅਹਿਮਦ ਭੱਟ ਨਾਂ ਦੇ ਇਕ ਹੋਰ ਵਿਅਕਤੀ ਨੇ ਦੱਸਿਆ ਕਿ ਉਸ ਨੂੰ ਇਕ ਇਮਾਰਤ ਦੀ ਤਲਾਸ਼ੀ ਲੈਣ ਤੇ ਆਪਣੇ ਮੋਬਾਈਲ ਉਪਰ ਨਾਲੋ ਨਾਲ ਵੀਡੀਓ ਬਣਾ ਕੇ ਲਿਆਉਣ ਨੂੰ ਕਿਹਾ ਗਿਆ। ਸਾਰਿਆਂ ਨੇ ਦੋਸ਼ ਲਾਏ ਕਿ ਇਸ ਦੌਰਾਨ ਉਹਨਾਂ ਨੂੰ ਰਾਈਫਲਾਂ ਦੇ ਬੱਟਾਂ, ਡੰਡਿਆਂ ਤੇ ਹੋਰ ਹਥਿਆਰਾਂ ਨਾਲ ਕੁੱਟਿਆ ਗਿਆ। ਸ਼ਫਾਕਤ ਨੇ ਕਿਹਾ ਕਿ ਕਿਉਂਕਿ ਮੈਂ ਉਚੀ ਉਚੀ ਚੀਕ ਰਿਹਾ ਸੀ, ਉਹਨਾਂ ਨੇ ਮੇਰੇ ਮੂੰਹ ਵਿਚ ਇਕ ਪੱਥਰ ਪਾ ਦਿੱਤਾ। ਸ਼ਹਿਜ਼ਾਦ ਅਖਤਰ ਨਾਂ ਦੇ ਵਿਅਕਤੀ ਨੇ ਕਿਹਾ ਕਿ ਉਹਦੇ ਮੂੰਹ ਉਤੇ ਫੌਜੀਆਂ ਨੇ ਬੂਟਾਂ ਨਾਲ ਏਨੀ ਵਾਰ ਠੁੱਡੇ ਮਾਰੇ ਕਿ ਉਹਨੂੰ ਬਾਅਦ 'ਚ ਇਲਾਜ ਕਰਵਾਉਣਾ ਪਿਆ। ਇਹਨਾਂ ਸਥਾਨਕ ਕਸ਼ਮੀਰੀਆਂ ਨੂੰ ਢਾਲ ਬਣਾ ਕੇ ਮਾਰੇ ਗਏ ਤਿੰਨ ਮਿਲੀਟੈਂਟਾਂ ਵਿਚੋਂ ਇਕ ਸਥਾਨਕ ਬਸ਼ਿੰਦਾ ਸੀ ਜਿਸ ਨੇ ਪਿਛਲੇ ਸਾਲ ਪੁਲਸੀਆਂ ਵੱਲੋਂ ਇਕ 8 ਸਾਲਾ ਕਸ਼ਮੀਰੀ ਕੁੜੀ ਦੇ ਬਲਾਤਕਾਰ ਤੇ ਕਤਲ ਤੋਂ ਬਾਅਦ ਹਥਿਆਰ ਚੁੱਕੇ ਸਨ। ਜਦੋਂ ਸਥਾਨਕ ਲੋਕਾਂ ਨੂੰ ਉਸਦੇ ਘੇਰੇ ਜਾਣ ਅਤੇ ਮਾਰੇ ਜਾਣ ਬਾਰੇ ਪਤਾ ਲੱਗਿਆ ਤਾਂ ਉਹ ਵੱਡੀ ਗਿਣਤੀ ਵਿਚ ਮੁਕਾਬਲੇ ਵਾਲੀ ਥਾਂ 'ਤੇ ਪਹੁੰਚ ਕੇ ਪੱਥਰ ਬਰਸਾਉਣ ਲੱਗੇ।ਉਸ ਸਮੇਂ ਫੌਜੀ ਤਿੰਨ ਲਾਸ਼ਾਂ ਨੂੰ ਲੱਦ ਕੇ ਲਿਜਾ ਰਹੇ ਸਨ, ਪਰ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਉਹਨਾਂ ਨੇ ਅੱਥਰੂ ਗੈਸ ਦੇ ਗੋਲੇ ਅਤੇ ਸਟੱਨ ਗਰਨੇਡ ਬਰਸਾਏ। ਮੁਕਾਬਲੇ ਤੋਂ ਬਾਅਦ ਸ਼ਫਾਕਤ ਅਹਿਮਤ ਭੱਟ ਨੂੰ ਮੁਕਾਬਲੇ ਦੌਰਾਨ ਇਕ ਅਣਚੱਲਿਆ ਗਰਨੇਡ ਚੁੱਕਣ ਅਤੇ ਜ਼ਮੀਨ ਵਿੱਚ ਟੋਆ ਪੁੱਟ ਕੇ ਦੱਬਣ ਲਈ ਮਜ਼ਬੂਰ ਕੀਤਾ ਗਿਆ।  ਲੋਕਾਂ ਨੇ ਤੱਥ ਇਕੱਠੇ ਕਰ ਰਹੀ ਰਿਊਟਰਜ਼ ਖਬਰ ਏਜੰਸੀ ਨੂੰ ਜਦ ਇਹ ਥਾਂ ਦਿਖਾਈ ਤੇ ਉਹਨਾਂ ਨੇ ਅਧਿਕਾਰੀਆਂ ਨਾਲ ਸੰਪਰਕ ਕੀਤਾ, ਤਾਂ ਜਾ ਕੇ ਇਕ ਮਾਹਿਰ ਟੀਮ ਪਿੰਗਲਾਂ ਪੁੱਜੀ ਤੇ ਉਸ ਨੂੰ ਨਸ਼ਟ ਕੀਤਾ। ਇਸੇ ਤਰ੍ਹਾਂ ਦਸੰਬਰ 2018 ਵਿਚ ਖਾਰਪੋਰਾ ਪਿੰਡ ਵਿਚ ਚਾਰ ਵਿਅਕਤੀਆਂ ਨੂੰ ਕੁੱਟਿਆ ਗਿਆ, ਮਨੁੱਖੀ ਢਾਲ ਵਜੋਂ ਵਰਤ ਕੇ ਸੇਬਾਂ ਦੇ ਬਾਗ ਅੰਦਰ ਮਿਲੀਟੈਂਟਾਂ ਦੇ ਟਿਕਾਣੇ ਤੱਕ ਅਪੜਨ ਲਈ ਵਰਤਿਆ ਗਿਆ। ਕਿਉਂਕਿ ਸੁਰੱਖਿਆ ਬਲਾਂ ਵੱਲੋਂ ਮਿਲੀਟੈਂਟਾਂ ਨੂੰ ਪਨਾਹ ਦੇਣ ਵਾਲੇ ਘਰਾਂ ਨੂੰ ਪੂਰੀ ਤਰ੍ਹਾਂ ਤਹਿਸ ਨਹਿਸ ਕਰ ਦਿੱਤਾ ਜਾਂਦਾ ਹੈ, ਇਸ ਕਰਕੇ ਪਿਛਲੇ ਸਮੇਂ ਅੰਦਰ ਮਿਲੀਟੈਂਟਾਂ ਵੱਲੋਂ ਖੋਦੇ ਹੋਏ ਟਿਕਾਣਿਆਂ ਦੀ ਵਰਤੋਂ ਕੀਤੀ ਜਾਣ ਲੱਗੀ ਹੈ। ਇਹ ਅਜਿਹੀ ਹੀ ਪਨਾਹਗਾਹ ਸੀ, ਜਿਸ ਉਪਰੋਂ ਲੱਕੜੀਆਂ ਹਟਾਉਣ ਲਈ ਇਹਨਾਂ ਸਥਾਨਕ ਬਸ਼ਿੰਦਿਆਂ ਨੂੰ ਮਜਬੂਰ ਕੀਤਾ ਗਿਆ। ਮੁਕਾਬਲਾ ਖਤਮ ਹੋਣ ਤੱਕ ਉਥੇ ਕਈ ਸਥਾਨਕ ਲੋਕ ਇਕੱਠੇ ਹੋ ਚੁੱਕੇ ਸਨ, ਜਿਨ੍ਹਾਂ ਉਪਰ ਗੋਲੀ ਚਲਾ ਕੇ ਫੌਜ ਨੇ ਇਕ ਨਾਬਾਲਗ ਸਣੇ ਸੱਤ ਆਮ ਲੋਕ ਮਾਰ ਮੁਕਾਏ। ਜਖਮੀਆਂ ਨੂੰ ਪਾਣੀ ਪਿਲਾ ਰਿਹਾ ਇਕ ਵਿਅਕਤੀ ਵੀ ਫੌਜ ਦੀ ਗੋਲੀ ਦਾ ਨਿਸ਼ਾਨਾ ਬਣਨੋਂ ਨਾ ਰਹਿ ਸਕਿਆ। ਇਸੇ ਤਰ੍ਹਾਂ ਲੰਘੀ ਮਈ ਡਾਲੀਪੋਰਾ ਪਿੰਡ ਵਿਚ ਮਨੁੱਖੀ ਢਾਲ ਵਜੋਂ ਵਰਤੇ ਜਾ ਰਹੇ ਨੌਜਵਾਨਾਂ 'ਚੋਂ ਇਕ ਐਮ ਬੀ ਏ ਪਾਸ ਰਾਈਸ ਡਾਰ ਇਸ ਵਰਤਾਰੇ ਦੀ ਭੇਂਟ ਚੜ੍ਹ ਗਿਆ। ਇਸ ਮੁਕਾਬਲੇ ਤੋਂ ਖਫਾ ਪਿੰਡ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਫੌਜ 'ਤੇ ਪੱਥਰ ਬਰਸਾਏ ਗਏ ਤੇ ਫੌਜ ਨੇ ਉਨ੍ਹਾਂ ਉਪਰ ਪੈਲੇਟ ਗੰਨਾਂ ਤੇ ਅੱਥਰੂ ਗੈਸ ਨਾਲ ਹਮਲਾ ਕੀਤਾ। ਦਰਾਗਦ-ਸੁਗਾਨ ਪਿੰਡ ਦਾ ਮੁਸ਼ਤਾਕ ਅਹਿਮਦ ਡਾਰ ਅਪ੍ਰੈਲ 2018 ਵਿਚ ਮਨੁੱਖੀ ਢਾਲ ਵਜੋਂ ਵਰਤਿਆ ਜਾਂਦਾ ਮਾਰਿਆ ਗਿਆ। 
'
ਗੁੰਮਸ਼ੁਦਾ ਵਿਅਕਤੀਆਂ ਦੇ ਮਾਪਿਆਂ ਦੀ ਜਥੇਬੰਦੀ' ਅਤੇ 'ਜੰਮੂ ਕਸ਼ਮੀਰ ਕੁਲੀਸ਼ਨ ਫਾਰ ਸਿਵਿਲ ਸੁਸਾਇਟੀਜ਼' ਨਾਂ ਦੀਆਂ ਦੋ ਜਥੇਬੰਦੀਆਂ ਵੱਲੋਂ ਹਾਲ ਹੀ ਵਿਚ ਇਕ ਰਿਪੋਰਟ 'ਤਸ਼ੱਦਦ-ਭਾਰਤੀ ਰਾਜ ਵੱਲੋਂ ਕਸ਼ਮੀਰ 'ਤੇ ਕੰਟਰੋਲ ਦਾ ਸੰਦ' ਪ੍ਰਕਾਸ਼ਤ ਕੀਤੀ ਗਈ ਹੈ, ਜਿਸ ਵਿਚ 432 ਕੇਸਾਂ ਦੇ ਅਧਿਐਨ ਉਪਰੰਤ ਦੱਸਿਆ ਗਿਆ ਹੈ ਕਿ ਭਾਰਤੀ ਰਾਜ ਦੁਆਰਾ ਤਸ਼ੱਦਦ ਲਈ ਆਮ ਵਰਤੇ ਜਾਂਦੇ ਢੰਗ ਤਰੀਕੇ ਹਨ:
ਛੱਤ ਤੋਂ ਪੁੱਠਾ ਲਟਕਾਉਣਾ, ਮਾਰਨਾ, ਮਿਰਚਾਂ ਵਾਲੇ ਪਾਣੀ 'ਚ ਡੋਬੇ ਦੇਣਾ, ਉਨੀਂਦਰਾ ਰੱਖਣਾ, ਲੰਬਾ ਸਮਾਂ ਇਕੱਲੇ ਰੱਖਣਾ, ਲੱਤਾਂ 'ਤੇ ਰੋਲਰ ਫੇਰਨਾ (ਹੋਰਨਾਂ ਲੋਕਾਂ ਦਾ ਭਾਰ ਪਾ ਕੇ ) ਲਿੰਗਕ ਤਸ਼ੱਦਦ ਕਰਨਾ, ਕਰੰਟ ਲਾਉਣਾ ਆਦਿ। ਰਿਪੋਰਟ ਮੁਤਾਬਕ ਇਸ ਤਸ਼ੱਦਦ ਦਾ ਨਿਸ਼ਾਨਾ 70 ਫੀਸਦੀ ਆਮ ਨਾਗਰਿਕ ਹੁੰਦੇ ਹਨ। ਅਜਿਹੇ ਤਸ਼ੱਦਦ ਦੌਰਾਨ ਦਸਾਂ ਪਿੱਛੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤੇ ਜਿਹੜੇ ਬਚ ਰਹਿੰਦੇ ਹਨ ਉਹਨਾਂ ਦੇ ਅੰਦਰੂਨੀ ਤੇ ਬਾਹਰੀ ਜਖਮ ਉਹਨਾਂ ਨੂੰ ਉਮਰ ਭਰ ਲਈ ਅਪਾਹਜ ਕਰੀ ਰਖਦੇ ਹਨ। 
ਕਸ਼ਮੀਰ ਅੰਦਰ ਹਿਰਾਸਤ ਵੀ ਇਕ ਹੋਰ ਅਜਿਹਾ ਭਿਅੰਕਰ ਸੰਦ ਹੈ ਜੋ ਕਸ਼ਮੀਰੀਆਂ ਦੀ ਰੂਹ ਤੇ ਸਰੀਰ ਨੂੰ ਜਖਮੀ ਕਰਨ ਲਈ ਬਹੁਤ ਆਮ ਵਰਤਿਆ ਜਾਂਦਾ ਹੈ। ਹਿਰਾਸਤ ਦੀਆਂ ਯਾਦਾਂ ਉਮਰ ਭਰ ਕੰਬਣੀ ਛੇੜਦੀਆਂ ਹਨ। ਅਕਸਰ ਪੱਥਰ ਬਰਸਾਉਣ ਵਾਲਿਆਂ ਨੂੰ ਕੱਲ--ਕੱਲੇ ਸੈਲਾਂ ਵਿਚ ਬੰਦ ਕਰ ਦਿੱਤਾ ਜਾਂਦਾ ਹੈ ਜਿਥੇ ਉਹਨਾਂ ਨੂੰ ਰੋਟੀ ਫੜਾਉਣ ਵਾਲੇ ਦਾ ਮੂੰਹ ਦੇਖਣੋਂ ਵੀ ਵਾਂਝਾ ਰੱਖਿਆ ਜਾਂਦਾ ਹੈ। ਇਹ ਹਾਲਤ ਉਹਨਾਂ ਦੀ ਮਾਨਸਕ ਸਿਹਤ ਉਤੇ ਗੰਭੀਰ ਅਸਰ ਛੱਡਦੀ ਹੈਜਿਆਦਾ ਤਰ ਕੇਸਾਂ ਵਿਚ ਲੰਬੀ ਹਿਰਾਸਤ ਵਿਚ ਰਹਿਣ ਵਾਲਾ ਵਿਅਕਤੀ ਮਗਰੋਂ ਕੋਈ ਕੰਮ ਕਰਨ ਤੇ ਸਧਾਰਨ ਜਿੰਦਗੀ ਜਿਉਣ ਦੇ ਕਾਬਲ ਨਹੀਂ ਰਹਿੰਦਾ। ਜੰਮੂ ਕਸ਼ਮੀਰ ਪਬਲਿਕ ਸੇਫਟੀ ਕਾਨੂੰਨ ਤਹਿਤ ਕਿਸੇ ਵੀ ਵਿਅਕਤੀ ਨੂੰ ਬਿਨਾਂ ਜੁਰਮ ਤੋਂ ਦੋ ਸਾਲ ਲਈ ਨਜ਼ਰਬੰਦ ਰੱਖਿਆ ਜਾ ਸਕਦਾ ਹੈ। ਇਸ ਬਦਨਾਮ ਕਾਨੂੰਨ ਤਹਿਤ 2017 ਵਿਚ 410 ਤੇ 2018 ਵਿਚ 510 ਵਿਅਕਤੀ ਹਿਰਾਸਤ ਵਿਚ ਲਏ ਗਏ। ਮਾਰਚ 16 ਤੋਂ ਅਗਸਤ 17 ਤੱਕ 1000 ਕਸ਼ਮੀਰੀਆਂ ਨੂੰ ਬਿਨਾਂ ਕਸੂਰੋਂ ਇਸੇ ਕਾਨੂੰਨ ਤਹਿਤ ਨਜ਼ਰਬੰਦ ਰੱਖਿਆ ਗਿਆ। ਪੱਥਰ ਬਰਸਾਉਣ ਵਾਲੇ ਮੁੰਡਿਆਂ ਖਿਲਾਫ ਪੀ ਐਸ ਏ ਦੀ ਥੋਕ ਵਰਤੋਂ ਕਰਕੇ ਉਹਨਾਂ ਨੂੰ ਹਿਰਾਸਤ ਵਿਚ ਡੱਕਣਾ ਆਮ ਵਰਤਾਰਾ ਹੈ।
ਮਿਲਟਰੀ ਕੈਂਪਾਂ ਤੇ ਨੀਮ ਫੌਜੀ ਬਲਾਂ ਦੇ ਕੈਂਪਾਂ 'ਚ ਵੀ ਪਿਛਲੇ ਸਮੇਂ ਦੌਰਾਨ ਭਾਰੀ ਇਜ਼ਾਫਾ ਹੋਇਆ ਹੈ ਤੇ ਇਹਨਾਂ ਕੈਂਪਾਂ ਅੰਦਰ ਹੁਣ 5 ਕਿਲੋਮੀਟਰ ਤੋਂ ਵੀ ਘੱਟ ਦੀ ਵਿੱਥ ਹੈ। ਪਹਿਲਾਂ ਅਜਿਹੇ ਕੈਂਪਾਂ ਤੇ ਯੂਨਿਟਾਂ ਨੂੰ ਭੀੜ ਭੜੱਕੇ ਤੇ ਰਿਹਾਇਸ਼ੀ ਥਾਵਾਂ ਤੋਂ ਪਾਸੇ ਸਥਾਪਤ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਸੀ ਜਦੋਂ ਕਿ ਹੁਣ ਇਹਨਾਂ ਨੂੰ ਆਬਾਦੀ ਦੇ ਐਨ ਵਿਚਕਾਰ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਦੀ ਖੱਜਲ-ਖੁਆਰੀ ਬਹੁਤ ਵਧੀ ਹੈ। ਥਾਂ ਥਾਂ ਬੈਰੀਕੇਡ, ਨਾਕੇ ਤੇ ਤਲਾਸ਼ੀ ਕੇਂਦਰ ਹਨ। ਅਜਿਹੇ ਕੈਂਪਾਂ ਨੇੜਲੀਆਂ ਬਹੁਤੀਆਂ ਸੜਕਾਂ ਰਾਤ ਨੂੰ ਆਮ ਆਵਾਜਾਈ ਲਈ ਬੰਦ ਹੁੰਦੀਆਂ ਹਨ। ਨੌਜਵਾਨਾਂ, ਇਮਾਮਾਂ ਜਾਂ ਹੋਰਨਾਂ ਨੂੰ ਅਕਸਰ ਹੀ ਫੀਲਡ ਕੈਂਪਾਂ 'ਚ ਪੁੱਛਗਿਛ ਲਈ ਸੱਦਿਆ ਜਾਂਦਾ ਹੈ ਜਿੱਥੇ ਉਹਨਾਂ ਉੱਪਰ ਸਰੀਰਕ ਤੇ ਮਾਨਸਿਕ ਤਸ਼ੱਦਦ ਕੀਤਾ ਜਾਂਦਾ  ਹੈ। 'ਘੇਰੋ ਤੇ ਲੱਭੋ' ਅਪਰੇਸ਼ਨਾਂ ਦੀ ਗਿਣਤੀ 'ਚ ਭਾਰੀ ਇਜ਼ਾਫਾ ਹੋਇਆ ਹੈ ਤੇ ਲੱਗਭੱਗ ਰੋਜ਼ ਹੀ ਕਿਸੇ ਨਾ ਕਿਸੇ ਪਿੰਡ ਨੂੰ ਘੇਰਾ ਪਾ ਕੇ ਛਾਣਿਆ ਜਾ ਰਿਹਾ ਹੁੰਦਾ ਹੈ।
iii
ਅਜਿਹੀ ਜਲਾਲਤ ਤੇ ਦੁੱਖਾਂ ਭਰੀ ਜ਼ਿੰਦਗੀ ਖਿਲਾਫ ਰੋਸ  ਹਰ ਸੱਚੇ ਕਸ਼ਮੀਰੀ ਅੰਦਰ ਧੜਕ ਰਿਹਾ ਹੈ ਤੇ ਉਸ ਨੂੰ ਭਾਰਤੀ ਰਾਜ ਦੇ ਜਾਬਰ ਪੰਜਿਆਂ ਤੋ ਆਜ਼ਾਦੀ ਲਈ ਘਰਾਂ 'ਚੋਂ ਬਾਹਰ ਖਿੱਚ ਕੇ ਲਿਆ ਰਿਹਾ ਹੈ। ਇੰਡੀਅਨ ਐਕਸਪ੍ਰੈਸ ਨਾਲ 2016 ਵਿਚ ਹੋਈ ਗੱਲਬਾਤ ਵਿਚ ਇਕ ਕਸ਼ਮੀਰੀ ਮੁੰਡੇ ਨੇ ਕਿਹਾ, ''ਅੰਦਰੋਂ ਅਸੀਂ ਸਾਰੇ ਮਿਲੀਟੈਂਟ ਹਾਂ, ਬਸ ਕੁੱਝ ਕੋਲ ਹਥਿਆਰ ਹਨ ਤੇ ਕੁੱਝ ਕੋਲ ਨਹੀਂ।'' ਇਹ ਜਜ਼ਬਾ ਬਹੁਗਿਣਤੀ ਕਸ਼ਮੀਰੀਆਂ ਅੰਦਰ ਡੁਲ੍ਹ ਡੁਲ੍ਹ ਪੈ ਰਿਹਾ ਹੈ। ਮਿਲੀਟੈਂਟਾਂ ਦੇ ਜਨਾਜ਼ਿਆਂ ਉਪਰ ਹਜ਼ਾਰਾਂ ਦੇ ਇਕੱਠ, ਦੂਰ ਦੁਰੇਡੇ ਪਿੰਡਾਂ ਤੋਂ ਚੱਲ ਕੇ ਮੁਕਾਬਲੇ ਵਾਲੀ ਥਾਂ 'ਤੇ ਪਹੁੰਚਣ ਦਾ ਰੁਝਾਨ, ਮਿਲੀਟੈਂਟਾਂ ਨੂੰ ਘੇਰ ਰਹੀ ਫੌਜ ਅੱਗੇ ਉਹਨਾਂ ਨੂੰ ਬਚਾਉਣ ਲਈ ਆਪਣੇ ਆਪ ਨੂੰ ਡਾਹ ਦੇਣ ਦਾ ਭਾਵਨਾ, ਥਾਂ ਪੁਰ ਥਾਂ ਪੱਥਰਾਂ ਨਾਲ ਸੂਖਮ ਮਸ਼ੀਨਰੀ ਦਾ ਮੁਕਾਬਲਾ, ਹੜਤਾਲਾਂ-ਬੰਦਾਂ ਦੇ ਸੱਦਿਆਂ ਨੂੰ ਭਰਵਾਂ ਹੁੰਗਾਰਾ ਇਸੇ ਜਜ਼ਬੇ ਦੇ ਇਜ਼ਹਾਰ ਹਨ। 
ਵਾਦੀ ਵਿਚ ਫੌਜ ਵੱਲੋਂ 'ਘੇਰੋ ਅਤੇ ਲੱਭੋ' (ਕੌਰਡੋਨ ਐਂਡ ਸਰਚ)ਅਪ੍ਰੇਸ਼ਨਾਂ ਦੌਰਾਨ ਪਿੰਡਾਂ ਦੀਆਂ ਮਸੀਤਾਂ ਦੇ ਲਾਉੂਡ ਸਪੀਕਰਾਂ ਉੱਪਰ ਮਿਲੀਟੈਂਟਾਂ ਦੇ ਘੇਰੇ ਜਾਣ ਬਾਰੇ ਅਨਾਉਂਸਮੈਂਟਾਂ ਹੁੰਦੀਆਂ ਹਨ ਤੇ ਦੂਰੋਂ ਨੇੜਿਉਂ ਪਿੰਡਾਂ ਦੇ ਲੋਕ ਭਮੱਕੜਾਂ ਵਾਂਗ ਮੁਕਾਬਲੇ ਦੇ ਸਥਾਨ 'ਤੇ ਪੁੱਜਦੇ ਹਨ ਤਾਂ ਜੋ ਉਹ ਮਿਲਟਰੀ ਦੇ ਉਪਰੇਸ਼ਨ ਵਿਚ ਵਿਘਨ ਪਾ ਸਕਣ। ਇਹ ਵਿਸ਼ੇਸ਼ ਅਮਲ ਪਿਛਲੇ 2 ਸਾਲਾਂ ਦੌਰਾਨ ਕਸ਼ਮੀਰ ਵਿਚ ਵਿਆਪਕ ਹੋ ਚੁੱਕਿਆ ਹੈ ਤੇ ਮੁਕਾਬਲੇ ਵਾਲੀ ਥਾਂ ਤੇ ਮਿਲੀਟੈਂਟਾਂ ਦੇ ਨਾਲ ਸਿਵਲੀਅਨ ਵੀ ਆਪਣੀਆਂ ਜਾਨਾਂ ਵਾਰਦੇ ਹਨ। ਕਈ ਵਾਰ ਲੋਕ ਆਪਣੇ ਨਾਇਕਾਂ ਨੂੰ ਬਚਾਉਣ ਵਿਚ ਕਾਮਯਾਬ ਵੀ ਰਹਿੰਦੇ ਹਨ। 2018 ਵਿਚ ਲੋਕਾਂ ਦੇ ਇਕੱਠ ਨੇ ਤਿੰਨ ਥਾਵਾਂ 'ਤੇ ਮਿਲੀਟੈਂਟਾਂ ਨੂੰ ਬਚਾਉਣ ਵਿਚ ਕਾਮਯਾਬੀ ਹਾਸਲ ਕੀਤੀ। ਖਡਵਾਨੀ ਵਿਚ ਮੁਕਾਬਲੇ ਵਾਲੀ ਥਾਂ 'ਤੇ ਚਾਰ ਸਿਵਲੀਅਨ ਮਾਰੇ ਗਏ ਪਰ ਉਹ ਇੱਕ ਮਿਲੀਟੈਂਟ ਕਮਾਂਡਰ ਤੇ ਉਸ ਦੇ ਸਾਥੀ ਨੂੰ ਬਚਾਉਣ 'ਚ ਕਾਮਯਾਬ ਰਹੇ । ਤੁਰਕਾਵਾਂਗਮ ਪਿੰਡ ਵਿਚ ਲੋਕਾਂ ਨੇ ਮਿਲਟਰੀ ਅਪ੍ਰੇਸ਼ਨ 'ਚ ਵਿਘਨ ਪਾ ਕੇ ਚੋਟੀ ਦੇ ਹਿਜਬੁਲ ਕਮਾਂਡਰ ਜ਼ੀਨਤ ਉਲ ਇਸਲਾਮ ਨੂੰ ਬਚਾ ਲਿਆ। 
ਕਸ਼ਮੀਰੀ ਆਵਾਜ ਨੂੰ ਲਹੂ 'ਚ ਡੁਬੋਣ ਦੀ ਭਾਰਤੀ ਰਣਨੀਤੀ ਦਿਨੋ ਦਿਨ ਨਵੇਂ ਕਸ਼ਮੀਰੀ ਮੁੰਡਿਆਂ ਦੇ ਹੱਥਾਂ 'ਚ ਹਥਿਆਰ ਫੜਾ ਰਹੀ ਹੈ। ਸੁਰੱਖਿਆ ਏਜੰਸੀਆਂ ਮੁਤਾਬਕ ਮਾਰਚ 19 ਤੋਂ ਲੈ ਕੇ 1 ਜੂਨ ਤੱਕ ਘੱਟੋ ਘੱਟ 50 ਮੁੰਡੇ ਮਿਲੀਟੈਂਟ ਬਣ ਚੁੱਕੇ ਹਨ। ਇਹਨਾਂ ਵਿਚ ਮਕੈਨਿਕ ਹਨ, ਅਧਿਆਪਕ ਹਨ, ਸਕੂਲੀ ਵਿਦਿਆਰਥੀ ਹਨ, ਯੂਨੀਵਰਸਿਟੀ ਕਾਲਜਾਂ ਦੇ ਪ੍ਰੋਫੈਸਰ ਹਨ, ਕਿਸਾਨ ਹਨ, ਗਾਈਡ ਹਨ, ਇੰਜਨੀਅਰ ਹਨ। ਕਸ਼ਮੀਰ ਦਾ ਹਰ ਤਬਕਾ ਇਸ ਦਾਬੇ ਦੀ ਰੜਕ ਮੰਨ ਰਿਹਾ ਹੈ। ਇਕ ਨੌਜਵਾਨ ਕਹਿੰਦਾ ਹੈ,''ਅਸੀਂ ਘਰਾਂ 'ਚ ਬੈਠੇ ਵੀ ਕਿਹੜਾ ਸੁਰੱਖਿਅਤ ਹਾਂ? ਇਸ ਤੋਂ ਚੰਗਾ ਹੈ ਕਿ ਅਸੀਂ ਆਜਾਦੀ ਦੀ ਤਹਿਰੀਕ ਦਾ ਹਿੱਸਾ ਬਣ ਕੇ ਮੋਈਏ!'' 2018 ਅੰਦਰ ਸ਼ੋਪੀਆਂ ਜਿਲ੍ਹੇ ਦੇ 47 ਮਿਲੀਟੈਂਟ ਮਾਰੇ ਗਏ। ਇਹਨਾਂ ਮਿਲੀਟੈਂਟਾਂ ਦੇ ਨਾਂ ਅਤੇ ਆਜਾਦੀ ਦੇ ਨਾਅਰੇ ਘਰਾਂ ਦੀਆਂ ਕੰਧਾਂ ਅਤੇ ਦੁਕਾਨਾਂ ਦੇ ਸ਼ਟਰਾਂ 'ਤੇ ਥਾਂ ਥਾਂ ਲਿਖੇ ਮਿਲਦੇ ਹਨ। 
ਕਸ਼ਮੀਰੀਆਂ ਅੰਦਰ ਆਜ਼ਾਦੀ ਲਈ ਇਹ ਭਾਵਨਾ ਲਾਸਾਨੀ ਹੈ, ਪਰ ਇਹ ਵੀ ਹਕੀਕਤ ਹੈ ਕਿ ਇਹ ਆਜਾਦੀ ਦੀ ਤਸਵੀਰ ਆਪਣੇ ਅਸਲ ਨਕਸ਼ਾਂ ਪੱਖੋਂ ਧੁੰਦਲੀ ਹੈ। ਸਾਮਰਾਜਵਾਦ-ਜਾਗੀਰਦਾਰੀ ਵਿਰੋਧੀ ਚੇਤਨਾ ਤੋਂ ਸੱਖਣੀ ਹੋਣ ਕਰਕੇ ਇਸ ਦਾ ਨਿਸ਼ਾਨਾ ਲੋਕ ਵਿਰੋਧੀ ਖਾਸੇ ਵਾਲਾ ਭਾਰਤੀ ਰਾਜ ਨਹੀਂ ਬਲਕਿ ਫੌਜੀ ਦਮਨ ਦੇ ਰੂਪ ਵਿਚ ਹੋ ਰਿਹਾ ਇਹਦਾ ਇਜਹਾਰ ਹੀ ਬਣਿਆ ਹੈ। ਇਹੋ ਗੱਲ ਕੁੱਝ ਤਾਕਤਾਂ ਨੂੰ ਭਾਰਤ ਵਰਗੇ ਹੀ ਖਾਸੇ ਵਾਲੇ ਪਾਕਿਸਤਾਨ ਦੇ ਹੱਕ ਵਿਚ ਲਾਮਬੰਦੀ ਕਰ ਸਕਣ ਦੀ ਗੁੰਜਾਇਸ਼ ਦੇ ਰਹੀ ਹੈ। ਹੁਣ ਤੱਕ ਕਸ਼ਮੀਰੀ ਕੌਮੀ ਮੁਕਤੀ ਦੀ ਲਹਿਰ ਮੁਸਲਿਮ ਬਹੁਗਿਣਤੀ ਵਸੋਂ ਦੀ ਸ਼ਮੂਲੀਅਤ ਦੇ ਬਾਵਜੂਦ ਮੁੱਖ ਤੌਰ 'ਤੇ ਧਰਮ-ਨਿਰਪੱਖ ਲਹਿਰ ਰਹੀ ਹੈ ਤੇ ਇਸ ਅੰਦਰ ਮੂਲਵਾਦੀ ਤਾਕਤਾਂ ਵੱਲੋਂ ਪੈਰ ਨਹੀਂ ਲਾਏ ਜਾ ਸਕੇ ਹਨਾਂ। ਹੁਣ ਮੂਲਵਾਦੀ ਸ਼ਕਤੀਆਂ ਵੱਲੋਂ ਇਸ ਅੰਦਰ ਘੁਸਪੈਠ ਦੇ ਯਤਨ ਤੇਜ ਹੋਏ ਹਨ। ਭਾਜਪਾ ਤੇ ਹਿੰਦੂ ਫਿਰਕੂ ਜਨੂੰਨੀ ਤਾਕਤਾਂ ਵੱਲੋਂ ਮੁਲਕ ਭਰ 'ਚ ਕਸ਼ਮੀਰੀ ਜਦੋਜਹਿਦ ਤੇ ਮੁਸਲਮਾਨਾਂ ਵਿਰੋਧੀ ਫਿਰਕੂ ਲਾਮਬੰਦੀਆਂ ਕਸ਼ਮੀਰ ਅੰਦਰ ਮੂਲਵਾਦੀ ਤਾਕਤਾਂ ਦੇ ਤਕੜਾਈ ਫੜਨ ਲਈ ਇੱਕ ਸਹਾਈ ਪੱਖ ਬਣ ਜਾਂਦਾ ਹੈ। ਮੁਲਕ 'ਚ ਹੋ ਰਹੀਆਂ ਲਾਮਬੰਦੀਆਂ ਧਾਰਮਿਕ ਪੈਂਤੜੇ ਤੋਂ ਲੜ ਰਹੇ ਹਿੱਸਿਆਂ ਨੂੰ ਵੀ ਬਲ ਬਖਸ਼ਦੀਆਂ ਹਨ। ਹਿਜ਼ਬੁਲ ਮੁਜਾਹਿਦੀਨ ਤੋਂ ਵੱਖ ਹੋ ਕੇ ਅਲਕਾਇਦਾ ਦਾ ਵਿੰਗ ਅਨਸਰ-ਗਜ਼ਵਾਤ ਉਲ-ਹਿੰਦ ਖੜ੍ਹੇ ਕਰਨ ਵਾਲੇ ਅਤੇ   ਮੁਸਲਿਮ ਕੱਟੜਵਾਦ ਤੇ ਸ਼ਰੀਅਤ ਦਾ ਪ੍ਰਚਾਰ ਕਰਨ ਵਾਲੇ ਜ਼ਕਿਰ ਮੂਸਾ ਨੂੰ ਭਾਵੇਂ ਬੀਤੀ ਰਾਤ23 ਮਈ ਨੂੰ ਅਵੰਤੀਪੋਰਾ ਵਿਖੇ ਹੋਏ ਮੁਕਾਬਲੇ ਦੌਰਾਨ ਮਾਰ ਮੁਕਾਇਆ ਗਿਆ ਹੈ ਪਰ ਉਸਦੀ ਛੋਟੀ ਜੱਥੇਬੰਦੀ ਦੀ ਮੌਜੂਦਗੀ ਅਜਿਹੇ ਪੈਂਤੜੇ ਵਾਲੀਆਂ ਤਾਕਤਾਂ ਦੇ ਵੀ ਸਰਗਰਮ ਹੋਣ ਦੀ ਗਵਾਹੀ ਹੈ। ਉਸਦੇ ਜਨਾਜੇ ਦੌਰਾਨ ਵੀ ਇੱਕਾ ਦੁੱਕਾ ਥਾਵਾਂ 'ਤੇ ਅਲਕਾਇਦਾ ਦੇ ਝੰਡੇ ਝੁਲਾਏ ਗਏ ਹਨ ਭਾਵੇਂ ਕਿ ਉਹਦੇ ਜਨਾਜੇ ਮੌਕੇ ਉਮੜਿਆ ਹਜ਼ਾਰਾਂ ਦਾ ਇਕੱਠ ਅਤੇ ਬਾਅਦ ਵਿੱਚ ਥਾਂ ਥਾਂ ਫੁੱਟੇ ਰੋਸ ਪ੍ਰਦਰਸ਼ਨ ਆਜ਼ਾਦੀ ਲਹਿਰ ਦੇ ਸਭਨਾਂ ਸ਼ਹੀਦਾਂ ਚਾਹੇ ਉਹਨਾਂ ਦੀ ਜਦੋਜਹਿਦ ਦਾ ਪੈਂਤੜਾ ਕੋਈ ਵੀ ਹੋਵੇ ਪ੍ਰਤੀ ਕਸ਼ਮੀਰ ਅੰਦਰ ਵਿਆਪਕ ਸਤਿਕਾਰ ਦਾ ਹੀ ਪ੍ਰਗਟਾਅ ਹੈ।
ਕਸ਼ਮੀਰੀਆਂ ਦੀ ਭਮੱਕੜ ਭਾਵਨਾ ਅਤੇ ਬੇਥਾਹ ਕੁਰਬਾਨੀਆਂ ਦਾ ਸਿਲਾ ਨਵਬਸਤੀਵਾਦੀ ਗੁਲਾਮੀ ਦਾ ਇੱਕ ਹੋਰ ਦੌਰ ਨਹੀਂ ਸਗੋਂ ਖਰੀ ਆਜ਼ਾਦੀ, ਜਮਹੂਰੀਅਤ ਤੇ ਬਰਾਬਰੀ 'ਤੇ ਟਿਕਿਆ ਲੁੱਟ ਖਸੁੱਟ ਤੇ ਦਾਬੇ ਵਿਤਕਰੇ ਰਹਿਤ ਪ੍ਰਬੰਧ ਹੀ ਬਣਦਾ ਹੈ। ਇਸ ਅੰਜਾਮ ਤੱਕ ਪੁੱਜਣ ਲਈ ਕਸ਼ਮੀਰ ਦੀ ਆਜ਼ਾਦੀ ਲਹਿਰ ਦਾ ਭਾਰਤ ਦੀ ਇਨਕਲਾਬੀ ਲਹਿਰ ਨਾਲ ਗੁੰਦੇ ਜਾਣਾ ਜਰੂਰੀ ਹੈ। ਇਸ ਮੰਤਵ ਲਈ ਜਿੱਥੇ ਉਹਨਾਂ ਦੇ ਹੱਕੀ ਸੰਗਰਾਮ ਦੀ ਗਹਿਗੱਡਵੀਂ ਹਿਮਾਇਤ ਕਰਨ ਦਾ ਮਹੱਤਵ ਹੈ, ਉਥੇ ਭਾਰਤ ਦੇ ਵੱਖ ਵੱਖ ਹਿੱਸਿਆਂ 'ਚ ਚੱਲ ਰਹੇ ਤੇ ਨਵ-ਜਮਹੂਰੀ ਇਨਕਲਾਬ ਦਾ ਅੰਗ ਬਣਦੇ ਸੰਘਰਸ਼ਾਂ ਦੀਆਂ ਚਿਣਗਾਂ ਦੀ ਝਲਕ ਕਸ਼ਮੀਰੀਆਂ ਨੂੰ ਦਿਖਾਉਣ ਦਾ ਵੀ ਮਹੱਤਵ ਹੈ।

ਭਾਰਤੀ ਹਕੂਮਤ ਦਾ ਕਸ਼ਮੀਰੀ ਪ੍ਰੈੱਸ 'ਤੇ ਕੰਟਰੋਲ

ਕਸ਼ਮੀਰ ਅੰਦਰ ਪਿਛਲੇ ਸਮੇਂ ਦੌਰਾਨ ਜਾਣਕਾਰੀ ਦਾ ਸੰਚਾਰ ਰੋਕਣ ਲਈ ਨਾ ਸਿਰਫ ਇੰਟਰਨੈੱਟ ਸੇਵਾਵਾਂ ਵਾਰ ਵਾਰ ਬੰਦ ਕੀਤੀਆਂ ਗਈਆਂ ਹਨ ਬਲਕਿ ਪ੍ਰਿੰਟ ਮੀਡੀਆ ਵੀ ਹਰ ਰੋਜ਼ ਐਮਰਜੈਂਸੀ ਦੀ ਹਾਲਤ ਹੰਢਾਅ ਰਿਹਾ ਹੈ। 2016 ਵਿਚ ਜਿੱਥੇ ਕਸ਼ਮੀਰ ਦੀ ਲਗਭਗ ਸਾਰੀ ਪ੍ਰੈਸ ਨੂੰ 'ਮੀਡੀਆ ਬਲੈਕਆਉੂਟ' ਦੌਰਾਨ ਗ੍ਰਿਫਤਾਰੀਆਂ, ਪ੍ਰੈਸ ਦੇ ਸਮਾਨ ਦੀ ਜਬਤੀ, ਡਿਸਟਰੀਬਿਊਟ ਕਰਨ ਵਾਲੇ ਟਰੱਕਾਂ ਤੇ ਡਿਸਟਰੀਬਿਊਸ਼ਨ ਥਾਵਾਂ 'ਤੇ ਕਬਜੇ ਦਾ ਸਾਹਮਣਾ ਕਰਨਾ ਪਿਆ ਸੀ, ਉਦੋਂ 'ਕਸ਼ਮੀਰ ਰੀਡਰ' ਨਾਂ ਦਾ ਅਖਬਾਰ ਤਿੰਨ ਮਹੀਨੇ ਬੈਨ ਰਿਹਾ ਸੀ। 'ਕਸ਼ਮੀਰ ਨਰੇਟਰ' ਅਖਬਾਰ ਦਾ ਪੱਤਰਕਾਰ ਆਸਿਫ ਸੁਲਤਾਨ ਲਗਭਗ ਇਕ ਸਾਲ ਤੋਂ ਰਾਜ ਵਿਰੋਧੀ ਦੋਸ਼ਾਂ ਤਹਿਤ ਨਜ਼ਰਬੰਦ ਹੈ। ਬੁਰਹਾਨ ਵਾਨੀ ਨਾਲ ਸਬੰਧਤ ਇੱਕ ਰਿਪੋਰਟ ਛਾਪੇ ਜਾਣ ਤੋਂ ਖਫਾ ਹੋ ਕੇ ਇਸ ਰਿਪੋਰਟਰ ਨੂੰ ਰਿਪੋਰਟ ਦੇ ਸੋਮੇ ਦੱਸਣ ਲਈ ਅਨੇਕਾਂ ਵਾਰ ਇੰਟੈਰੋਗੇਟ ਕੀਤਾ ਗਿਆ ਹੈ। ਫਰਵਰੀ 2019 ਵਿਚ ਰਾਜ ਸਰਕਾਰ ਨੇ ਕਸ਼ਮੀਰ ਦੇ ਦੋ ਉੱਘੇ ਅਖਬਾਰਾਂ 'ਗਰੇਟਰ ਕਸ਼ਮੀਰ' ਤੇ 'ਕਸ਼ਮੀਰ ਰੀਡਰ' ਨੂੰ ਵਿਗਿਆਪਨਾਂ ਤੋਂ ਪੂਰੀ ਤਰ੍ਹਾਂ ਮਹਿਰੂਮ ਕਰ ਦਿੱਤਾ ਜੋ ਕਿ ਇਹਨਾਂ ਦੀ ਆਮਦਨ ਦਾ ਇਕ ਵੱਡਾ ਸੋਮਾ ਸਨ। ਅਜਿਹਾ ਕਰਕੇ ਇਹਨਾਂ ਅਖਬਾਰਾਂ  ਨੂੰ ਸਬਕ ਸਿਖਾਉਣਾ ਚਾਹ ਰਹੀ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਮਾਰਚ ਵਿਚ 13 ਕਸ਼ਮੀਰੀ ਅਖਬਾਰਾਂ ਨੇ ਆਪਣਾ ਪਹਿਲਾ ਪੰਨਾ ਖਾਲੀ ਛੱਡਿਆ। ਫਰਵਰੀ ਮਹੀਨੇ ਵਿਚ ਹੀ ਸੂਚਨਾ ਤੇ ਪ੍ਰਸਾਰ ਮੰਤਰਾਲੇ ਨੇ ਜੰਮੂ ਕਸ਼ਮੀਰ ਦੇ ਪ੍ਰਸ਼ਾਸਕਾਂ ਨੂੰ ਕਸ਼ਮੀਰ ਅੰਦਰਲੀ 'ਵਿਰੋਧੀ ਕਲਾ' ਨੂੰ ਨਸ਼ਰ ਕਰਨ ਲਈ ਕਿਹਾ। ਇਹਦਾ ਭਾਵ ਕਸ਼ਮੀਰੀ ਲੋਕਾਂ ਉੱਪਰ ਭਾਰਤੀ ਰਾਜ ਦੇ ਕਹਿਰ ਦਾ ਕੋਈ ਵੀ ਬਿਰਤਾਂਤ ਪੇਸ਼ ਕਰ ਰਹੇ ਕਲਮਕਾਰਾਂ, ਪੱਤਰਕਾਰਾਂ, ਕਵੀਆਂ, ਚਿੱਤਰਕਾਰਾਂ ਤੇ ਹੋਰਨਾਂ 'ਤੇ ਕਾਨੂੰਨੀ ਸ਼ਿਕੰਜਾ ਕਸਣਾ ਸੀ। ਰਾਜ ਵੱਲੋਂ ਨਿੱਤ ਦਿਨ ਦੇ ਕੰਮ ਵਿਚ ਕੀਤੀ ਜਾਂਦੀ ਦਖਲਅੰਦਾਜ਼ੀ ਤੇ ਜੁਬਾਨਬੰਦੀ ਤੋਂ ਤੰਗ ਹੋ ਕੇ ਗਰੇਟਰ ਕਸ਼ਮੀਰ ਦੇ ਕਾਰਟੂਨਿਸਟ ਸੁਹੇਲ ਨਕਸ਼ਬੰਦੀ ਨੇ ਕੁੱਝ ਦਿਨ ਪਹਿਲਾਂ ਹੀ ਅਸਤੀਫਾ ਦੇ ਦਿੱਤਾ। ਇਸ ਸਾਲ ਦੇ ਸ਼ੁਰੂ 'ਚ ਕਾਮਰਾਨ ਯੂਸਫ ਨਾਂ ਦੇ ਫੋਟੋ ਜਰਨਲਿਸਟ ਨੂੰ ਪੱਥਰ ਮਾਰਨ ਦੇ ਦੋਸ਼ਾਂ ਵਿਚ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਬਾਦ ਵਿਚ ਕੌਮੀ ਜਾਂਚ ਏਜੰਸੀ ਨੇ ਕਿਹਾ ਕਿ ਇਹ ਫੌਜ ਵੱਲੋਂ ਲਾਏ ਜਾਂਦੇ ਖੂਨਦਾਨ ਕੈਂਪਾਂ ਤੇ ਵਿਕਾਸ ਪ੍ਰੋਜੈਕਟਾਂ ਨੂੰ ਕਵਰ ਕਰਨ ਦੀ ਥਾਂ ਉਲਟੀਆਂ ਸਿੱਧੀਆਂ ਰਿਪੋਰਟਾਂ ਲਾ ਰਿਹਾ ਸੀ।

No comments:

Post a Comment