Thursday, July 4, 2019

ਪੁਲਿਸ ਹਿਰਾਸਤੀ ਮੌਤ ਵਿਰੁੱਧ ਲੋਕਾਂ ਦਾ ਰੋਹ ਜਾਗਿਆ

ਪੁਲਿਸ ਹਿਰਾਸਤੀ ਮੌਤ ਵਿਰੁੱਧ ਲੋਕਾਂ ਦਾ ਰੋਹ ਜਾਗਿਆ

ਅਠਾਰਾਂ ਦਿਨ ਐਸ ਐਸ ਪੀ ਦਾ ਦਰ ਰਿਹਾ ਬੰਦ

ਪੰਜਾਬ ਦੇ ਸੰਘਰਸ਼ਸ਼ੀਲ ਲੋਕ ਅੰਗਰੇਜਾਂ ਦੇ ਰਾਜ ਵੇਲੇ ਤੋਂ ਹੁਣ ਤੱਕ ਪੁਲਿਸ ਹਿਰਾਸਤ ਵਿਚ ਹੁੰਦੀਆਂ ਮੌਤਾਂ ਬਾਰੇ ਕਿਸੇ ਭੁਲੇਖੇ ਵਿਚ ਨਹੀਂ ਹਨ ਕਿ ਅਜਿਹੀਆਂ ਮੌਤਾਂ ਪੁਲਿਸ ਹਿਰਾਸਤ ਵਿਚ ਕਤਲ ਹੀ ਹੁੰਦੀਆਂ ਹਨ। ਅਜਿਹਾ ਕੁੱਝ ਹੀ ਪਿੰਡ ਪੰਜਾਵਾ(ਲੰਬੀ) ਦੇ ਨੌਜਵਾਨ ਜਸਪਾਲ ਸਿੰਘ ਨਾਲ ਪੁਲਿਸ ਹਿਰਾਸਤ ਵਿਚ ਵਾਪਰਿਆ ਹੈ।
ਜਸਪਾਲ ਸਿੰਘ ਦਾ ਚੰਡੀਗੜ੍ਹ ਨੇੜੇ ਟੋਲ ਪਲਾਜ਼ਾ ਤੇ ਕੰਮ ਕਰਦਿਆਂ ਨਿਹੰਗ ਰਣਬੀਰ ਸਿੰਘ ਨਾਲ ਮੇਲਜੋਲ ਹੁੰਦਾ ਹੈ। ਜਸਪਾਲ ਰਣਬੀਰ ਸਿੰਘ ਨੂੰ ਕਪੂਰਥਲੇ ਦੀ ਵਿਧਵਾ ਪਰਵਿੰਦਰ ਕੌਰ ਦੀ ਧੀ ਨਾਲ ਸ਼ਾਦੀ ਕਰਵਾਉਣ ਲਈ ਵਿਚੋਲਾ ਬਣਾ ਕੇ ਭੇਜਦਾ ਹੈ ਪਰ ਉਹ ਆਪ ਹੀ ਪਰਵਿੰਦਰ ਕੌਰ ਨਾਲ ਵਿਆਹ ਕਰਵਾ ਲੈਂਦਾ ਹੈ ਅਤੇ ਉਸ ਦੀ ਕੁੱਲ ਜਾਇਦਾਦ ਹੜੱਪਣ ਲਈ ਜਸਪਾਲ ਸਿੰਘ ਨੂੰ ਰਾਹ ਦਾ ਰੋੜਾ ਸਮਝਦਾ ਹੈ। ਇਸ ਰਾਹ ਦੇ ਰੋੜੇ ਨੂੰ ਹਟਾਉਣ ਲਈ ਰਣਬੀਰ ਸਿੰਘ ਉਰਫ ਸੁਮੀਤ ਸਿੰਘ ਸਾਰਾ ਤਾਣਾ-ਬਾਣਾ ਬੁਣਦਾ ਹੈ।
18 ਮਈ ਨੂੰ ਜਸਪਾਲ ਆਪਣੇ ਦੋਸਤਾਂ ਦੇ ਸੱਦੇ ਤੇ ਰੱਤੀ ਰੋੜੀ ਪਿੰਡ ਦੇ ਗੁਰਦੁਆਰੇ ਚ ਗਏ ਹੋਏ ਰਣਬੀਰ ਸਿੰਘ ਨੇ ਪੁਲਿਸ ਨਾਲ ਗੰਢ-ਤੁੱਪ ਕਰਕੇ ਉਸ ਨੂੰ ਗਿ੍ਰਫਤਾਰ ਕਰਵਾ ਦਿੱਤਾ। 18 ਮਈ ਰਾਤ ਨੂੰ ਦਸ ਕੁ ਵਜੇ ਸੀ ਆਈ ਏ ਸਟਾਫ ਦੇ ਇੰਚਾਰਜ ਨਰਿੰਦਰ ਸਿੰਘ ਦੀ ਅਗਵਾਈ ਹੇਠ ਗਈ ਪੁਲਿਸ ਪਾਰਟੀ ਜਸਪਾਲ ਸਿੰਘ ਨੂੰ ਗਿ੍ਰਫਤਾਰ ਕਰਕੇ ਹਵਾਲਾਤ ਵਿਚ ਬੰਦ ਕਰ ਦਿੰਦੀ ਹੈ। ਇਸ ਦੀ ਗ੍ਰਿਫਤਾਰੀ ਫਰੀਦਕੋਟ ਦੇ ਕਿਸੇ ਵੀ ਥਾਣੇ ਵਿਚ ਨਹੀਂ ਪਾਈ ਜਾਂਦੀ। ਉਲਟਾ ਉਸ ਦੇ ਦੋਸਤਾਂ ਵੱਲੋਂ ਜਸਪਾਲ ਨੂੰ ਅਗਵਾ ਕਰਨ ਦਾ ਕੇਸ ਦਰਜ ਕੀਤਾ ਜਾਂਦਾ ਹੈ
ਪੰਜਾਬੀ ਟ੍ਰਿਬਿਊਨ ਦੀ ਖਬਰ ਅਨੁਸਾਰ ਸਥਾਨਕ ਕਿਸੇ ਕਾਂਗਰਸੀ ਆਗੂ ਦੇ ਕਹਿਣ ਤੇ ਹੀ ਜਸਪਾਲ ਨੂੰ ਚੁੱਕਿਆ ਗਿਆ ਹੈ ਅਤੇ ਉਸੇ ਕਾਂਗਰਸੀ ਆਗੂ ਦੀ ਸਲਾਹ ਨਾਲ ਹੀ ਉਸ ਦੀ ਲਾਸ਼ ਨੂੰ ਸਮੇਟਿਆ ਗਿਆ ਹੈ। ਇਹ ਖਬਰ ਅਖਬਾਰ ਵਿਚ ਕਿਸੇ ਕਾਂਗਰਸੀ ਆਗੂ ਦੇ ਨਾਂ ਛਪੀ ਹੈ ਪਰ ਦੂਜੇ ਦਿਨ ਕਾਂਗਰਸੀ ਹਲਕਾ ਵਿਧਾਇਕ ਕਿੱਕੀ ਢਿੱਲੋਂ ਪ੍ਰੈਸ ਕਾਨਫਰੰਸ ਕਰਕੇ ਖਬਰ ਦਾ ਖੰਡਨ ਕਰਦਾ ਹੈ। ਯਾਨੀ ਚੋਰ ਦੀ ਦਾੜ੍ਹੀ ਚ ਤਿਣਕਾ ਸਭ ਲੋਕਾਂ ਨੂੰ ਦਿੱਸ ਗਿਆ। ਇਹ ਗੱਲ ਦਰਸਾਉਂਦੀ ਹੈ ਕਿ ਸਥਾਨਕ ਕਾਂਗਰਸੀ ਆਗੂ ਅਤੇ ਰਣਬੀਰ ਸਿੰਘ ਵਿਚਕਾਰ ਜਸਪਾਲ ਨੂੰ ਬਿਲੇ ਲਗਾਉਣ ਲਈ ਸੰਪਰਕ ਹੋ ਚੁਕਿਆ ਹੈ।
18 ਮਈ ਨੂੰ ਜਸਪਾਲ ਦੀ ਗਿ੍ਰਫਤਾਰੀ ਤੋਂ ਬਾਅਦ 20 ਮਈ ਤੱਕ ਐਸ ਐਸ ਪੀ ਫਰੀਦਕੋਟ ਨੇ ਪਰਿਵਾਰ ਦੇ ਪੱਲੇ ਕੁੱਝ ਨਾ ਪਾਇਆ ਅਤੇ ਅੱਕ ਕੇ 21 ਮਈ ਨੂੰ ਪਰਿਵਾਰ ਐਸ ਐਸ ਪੀ ਦਫਤਰ ਅੱਗੇ ਰੋਸ ਧਰਨੇ ਤੇ ਬੈਠ ਗਿਆ। ਪਰਿਵਾਰ ਨੇ ਇਹ ਮੰਨ ਲਿਆ ਸੀ ਕਿ ਪੁਲਿਸ ਨੇ ਜਸਪਾਲ ਸਿੰਘ ਨੂੰ ਮਾਰ ਕੇ ਖਪਾ ਦਿੱਤਾ ਹੈ।
22 ਮਈ ਨੂੰ ਫਰੀਦਕੋਟ ਦੀਆਂ ਕਈ ਜਨਤਕ ਜਥੇਬੰਦੀਆਂ ਧਰਨੇ ਵਿਚ ਸ਼ਾਮਲ ਹੋ ਗਈਆਂ। ਇਕ ਪੁਲਿਸ ਪ੍ਰਸਾਸ਼ਨ ਪੱਖੀ ਟੀ ਵੀ ਪੱਤਰਕਾਰ, ਇਕ ਦੋ ਪਰਿਵਾਰਕ ਮੈਂਬਰਾਂ ਨੂੰ ਗੁਮਰਾਹ ਕਰਕੇ ਸਾਂਝੀ ਐਕਸ਼ਨ ਕਮੇਟੀ ਬਣਨ ਵਿਚ ਅੜਿੱਕੇ ਡਾਹੁੰਦਾ ਰਿਹਾ ਪਰ ਅੰਤ ‘‘ਜਸਪਾਲ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ’’ ਹੋਂਦ ਚ ਆਈ ਜਿਸ ਵਿਚ ਪੀ ਐਸ ਯੂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੇ ਹੋਰ 20 ਜਨਤਕ ਜਥੇਬੰਦੀਆਂ ਸ਼ਾਮਲ ਹੋ ਗਈਆਂ।
23 ਮਈ ਤੋਂ ਐਸ ਐਸ ਪੀ ਦੇ ਦਫਤਰ ਦੇ ਮੇਨ ਰਸਤੇ ਉੱਪਰ ਜਸਪਾਲ ਦੀ ਫੋਟੋ ਵਾਲਾ ਐਕਸ਼ਨ ਕਮੇਟੀ ਦਾ ਬੈਨਰ ਲਟਕਾ ਦਿੱਤਾ ਗਿਆ। ਇਕ ਤਰ੍ਹਾਂ ਐਸ ਐਸ ਪੀ ਦਫਤਰ ਦਾ ਗੇਟ ਐਕਸ਼ਨ ਕਮੇਟੀ ਦੇ ਕਬਜੇ ਵਿਚ ਸੀ। ਇਸ ਦੌਰਾਨ ਐਕਸ਼ਨ ਕਮੇਟੀ ਵੱਲੋਂ ਇਸ ਮਾਮਲੇ ਨੂੰ ਫਿਰਕੂ ਰੰਗਤ ਦੇਣ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਕੁੱਝ ਸਿੱਖ ਜਥੇਬੰਦੀਆਂ ਆਪਣੇ ਹਿਮਾਇਤੀ ਰੋਲ ਤੋਂ ਪਿੱਛੇ ਹਟ ਗਈਆਂ।
24 ਮਈ ਸ਼ਾਮ ਨੂੰ ਫਰੀਦਕੋਟ ਸ਼ਹਿਰ ਵਿਚ ਬਹੁਤ ਹੀ ਪ੍ਰਭਾਵਸ਼ਾਲੀ ਮਾਰਚ ਕੀਤਾ ਜਿਸ ਵਿਚ ਸ਼ਹਿਰ ਨਿਵਾਸੀਆਂ ਨੇ ਚੰਗਾ ਹਿੱਸਾ ਪਾਇਆ। ਕੈਂਡਲ ਮਾਰਚ ਦੇ ਅਖੀਰ ਵਿਚ 29 ਮਈ ਨੂੰ ਐਸ ਐਸ ਪੀ ਦਫਤਰ ਸਾਹਮਣੇ ਰੈਲੀ ਕਰਨ ਉਪਰੰਤ ਕਾਂਗਰਸੀ ਹਲਕਾ ਵਿਧਾਇਕ ਕਿੱਕੀ ਢਿੱਲੋਂ ਦੇ ਘਰ ਵੱਲ ਮਾਰਚ ਕਰਨ ਦਾ ਐਲਾਨ ਹੋਇਆ।
28 ਮਈ ਨੂੰ ਪੰਜਾਬ ਸਰਕਾਰ ਨੇ ਜੁਡੀਸ਼ਲ ਜਾਂਚ ਦਾ ਐਲਾਨ ਕੀਤਾ। ਪਹਿਲਾਂ ਸੈਸ਼ਨ ਜੱਜ ਫਰੀਦਕੋਟ ਨੂੰ ਸੌਂਪ ਦਿੱਤੀ ਅਤੇ ਨਵੀਂ ਸਿੱਟ ਬਣਾ ਕੇ ਆਈ ਜੀ ਫਿਰੋਜਪੁਰ ਰੇਂਜ ਮੁਖਵਿੰਦਰ ਸਿੰਘ ਛੀਨਾ ਨੂੰ ਮੁਖੀ ਲਗਾ ਦਿੱਤਾ। ਇਸ ਸਿੱਟ ਨਾਲ ਪਹਿਲੀ ਮੀਟਿੰਗ ਵਿਚ ਐਕਸ਼ਨ ਕਮੇਟੀ ਨੇ ਇਹ ਸੁਆਲ ਉਠਾਏ ਕਿ ਅਸੂਲ ਦਾ ਸੁਆਲ ਇਹ ਹੁੰਦਾ ਹੈ ਕਿ ਪਹਿਲਾਂ ਪੜਤਾਲ ਅਤੇ ਫਿਰ ਤੱਥਾਂ ਤੇ ਅਧਾਰਤ ਨਤੀਜਾ ਹੋਣਾ ਚਾਹੀਦਾ ਹੈ। ਤੁਸੀਂ ਪੜਤਾਲ ਅਜੇ ਸ਼ੁਰੂ ਕਰਨੀ ਹੈ ਪਰ ਜਸਪਾਲ ਦੀ ਮੌਤ ਨੂੰ ਪਹਿਲਾਂ ਹੀ ਖੁਦਕੁਸ਼ੀ ਕਰਾਰ ਦੇ ਰਹੇ ਹੋ। ਜੇਕਰ ਜਸਪਾਲ ਤੋਂ ਕੋਈ ਨਜਾਇਜ਼ ਚੀਜ ਬਰਾਮਦ ਨਹੀਂ ਹੋਈ ਤਾਂ ਉਸ ਨੂੰ ਹਵਾਲਾਤ ਵਿਚ ਬੰਦ ਕਿਉਂ ਕੀਤਾ ਗਿਆ? ਕੀ ਪੁਲਿਸ ਵੱਲੋਂ ਦੱਸੀ ਜਾ ਰਹੀ ਵੀਡੀਓ ਵਿਚ ਜਸਪਾਲ ਦੀ ਲਾਸ਼ ਲਟਕਦੀ ਮਿਲੀ ਹੈ? ਕੀ ਤੁਸੀਂ ਉਚ ਪੁਲੀਸ ਅਫਸਰਾਂ ਅਤੇ ਨਰਿੰਦਰ ਸਿੰਘ ਇੰਸਪੈਕਟਰ ਵਿਚਕਾਰ ਹੋਈਆਂ 18 ਅਤੇ 19 ਮਈ ਪੁਲਸ ਫੋਨ ਕਾਲਾਂ ਜਨਤਕ ਕਰੋਗੇ? ਟੀਮ ਮੁਖੀ ਪੁਲਿਸ ਅਫਸਰ ਨੇ ਸਾਰੇ ਸੁਆਲ ਸੁਣੇ, ਪਰ ਜੁਆਬ ਸਿਰਫ ਇੱਕ ਸੁਆਲ ਦਾ ਹੀ ਦਿੱਤਾ ਕਿ ‘‘ਜੇਕਰ ਉਸ ਤੋਂ ਕੋਈ ਨਜਾਇਜ਼ ਬਰਾਮਦਗੀ ਨਹੀਂ ਸੀ ਹੋਈ ਤਾਂ ਉਸ ਨੂੰ ਛੱਡ ਦੇਣਾ ਚਾਹੀਦਾ ਸੀ।ਸਿੱਟ ਮੁਖੀ ਨੇ ਵਾਰ ਵਾਰ ਐਕਸ਼ਨ ਕਮੇਟੀ ਨੂੰ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਜਿਹੜੀ ਐਕਸ਼ਨ ਕਮੇਟੀ ਨੇ ਇਹ ਕਹਿ ਕੇ ਠੁਕਰਾ ਦਿੱਤੀ ਕਿ ਪਹਿਲਾਂ ਜਸਪਾਲ ਦੀ ਲਾਸ਼ ਲੱਭ ਕੇ ਦਿਓ। ਜਸਪਾਲ ਦੇ ਹਵਾਲਾਤ ਵਿਚ ਬੰਦ ਰਹਿਣ ਦੇ ਸਮੇਂ ਦੀ ਸਾਢੇ ਪੰਜ ਘੰਟੇ ਦੀ ਲੰਮੀ ਵੀਡੀਓ ਪੁਲਿਸ ਨੇ ਐਕਸ਼ਨ ਕਮੇਟੀ ਨੂੰ ਵਿਖਾਈ ਜਿਸ ਵਿਚ ਉਸ ਦੇ ਲਟਕਦੇ ਹੋਏ ਦੀ ਲਾਸ਼ ਕਿਤੇ ਨਹੀਂ ਦਿਖਾਈ ਦਿੱਤੀ।
29 ਮਈ ਦੀ ਰੈਲੀ-ਮੁਜਾਹਰੇ ਵਿਚ ਹਜ਼ਾਰਾਂ ਲੋਕ ਧਾਹ ਕੇ ਆਏ। ਕੋਈ ਢਾਈ ਕੁ ਵਜੇ 250-300 ਨੌਜਵਾਨ ਲੱਖੇ ਸਿਧਾਣੇ ਦੀ ਅਗਵਾਈ ਹੇਠ ਆਪ ਮੁਹਾਰੇ ਹੀ ਮੁਜਾਹਰਾ ਕਰਨ ਤੁਰ ਪਏ। ਸਟੇਜ ਤੋਂ ਠੀਕ ਤਿੰਨ ਵਜੇ ਮੁਜਾਹਰਾ ਤੋਰਨ ਦੀਆਂ ਅਪੀਲਾਂ ਦਾ ਉਹਨਾਂ ਤੇ ਕੋਈ ਅਸਰ ਨਾ ਹੋਇਆ। ਬਾਅਦ ਵਿਚ ਅਜਿਹੀ ਹਾਲਤ ਵਿਚ ਐਕਸ਼ਨ ਕਮੇਟੀ ਨੇ ਮੁਜਾਹਰਾ ਕੈਂਸਲ ਕਰ ਦਿੱਤਾ। 30 ਮਈ ਨੂੰ ਐਕਸ਼ਨ ਕਮੇਟੀ ਨੇ ਮੀਟਿੰਗ ਕਰਕੇ ਮੁੜ ਸੋਚਿਆ ਕਿ ਮੁਜਾਹਰਾ ਕੈਂਸਲ ਨਹੀਂ ਸੀ ਕਰਨਾ ਚਾਹੀਦਾ। ਲੱਖਾ ਸਿਧਾਣਾ ਨੂੰ ਉਸ ਦੀਆਂ ਆਪ-ਹੁਦਰੀਆਂ ਕਾਰਵਾਈਆਂ ਕਰਕੇ ਐਕਸ਼ਨ ਕਮੇਟੀ ਚੋਂ ਕੱਢ ਦਿੱਤਾ ਗਿਆ ਅਤੇ 5 ਜੂਨ ਨੂੰ ਹਲਕਾ ਵਿਧਾਇਕ ਕਿੱਕੀ ਢਿੱਲੋਂ ਦੇ ਘਰ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ।
ਇਸ ਘੋਲ ਦੌਰਾਨ ਜਿਲ੍ਹੇ ਦੇ ਦੋ ਦਰਜਨ ਪਿੰਡਾਂ ਵਿਚ ਕੈਂਡਲ ਮਾਰਚ ਅਤੇ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਬਠਿੰਡਾ ਸੰਗਰੂਰ, ਧੂਰੀ, ਬਰਨਾਲਾ, ਨਿਹਾਲ ਸਿੰਘ ਵਾਲਾ ਅਤੇ ਮੁਕਤਸਰ ਸ਼ਹਿਰਾਂ ਵਿਚ ਰੋਸ ਮਾਰਚ ਕੀਤੇ ਗਏ। ਪੰਜਾਬ ਦੇ ਹੋਰ ਬਹੁਤ ਸਾਰੇ ਪਿੰਡਾਂ ਤੋਂ ਵੀ ਰੋਸ ਮਾਰਚ ਕਰਨ ਦੀਆਂ ਖਬਰਾਂ ਪ੍ਰਾਪਤ ਹੋਈਆਂ ਹਨ। ਲੰਬੀ ਬਲਾਕ ਦੇ ਪਿੰਡਾਂ ਵਿਚ ਕਿਸਾਨਾਂ, ਖੇਤ ਮਜਦੂਰਾਂ ਅਤੇ ਆਰ ਐਮ ਪੀ ਡਾਕਟਰਾਂ ਦੀਆਂ ਜਥੇਬੰਦੀਆਂ ਨੇ ਰਲ ਕੇ ਰੋਸ ਮੁਜਾਹਰੇ ਕਰਕੇ ਅਰਥੀਆਂ ਸਾੜੀਆਂ ਅਤੇ ਦੋ ਘੰਟੇ ਹਾਈ-ਵੇ ਜਾਮ ਕਰਕੇ ਹਮਾਇਤੀ ਲਲਕਾਰਾ ਮਾਰਿਆ। ਨੌਜਵਾਨ ਭਾਰਤ ਸਭਾ (ਅਸ਼ਵਨੀ ਘੁੱਦਾ) ਨੇ 40 ਪਿੰਡਾਂ ਵਿਚ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੀਆਂ ਅਰਥੀਆਂ ਸਾੜੀਆਂ। ਬੀ ਕੇ ਯੂ ਏਕਤਾ (ਉਗਰਾਹਾਂ) ਨੇ ਜਿੱਥੇ ਸਾਰੇ ਪ੍ਰੋਗਰਾਮ ਵਿਚ ਭਰਵੀਂ ਸ਼ਮੂਲੀਅਤ ਕੀਤੀ ਉਥੇ 29 ਮਈ ਅਤੇ 5 ਜੂਨ ਦੇ ਪ੍ਰੋਗਰਾਮਾਂ ਸਮੇਂ ਲੰਗਰ ਅਤੇ ਚਾਹ-ਪਾਣੀ ਦਾ ਪ੍ਰਬੰਧ ਕੀਤਾ।
5 ਜੂਨ ਨੂੰ ਰੈਲੀ ਕਰਨ ਉਪਰੰਤ ਹਜਾਰਾਂ ਲੋਕਾਂ ਦਾ ਇਕੱਠ 4 ਕਿਲੋਮੀਟਰ ਪੈਦਲ ਮਾਰਚ ਕਰਕੇ ਹਲਕਾ ਵਿਧਾਇਕ ਦੇ ਘਰ ਕੋਲ ਜਾ ਕੇ ਧਰਨਾ ਮਾਰ ਕੇ ਬੈਠ ਗਿਆ। ਕਿੱਕੀ ਢਿੱਲੋਂ ਵੱਲੋਂ 5 ਜੂਨ ਦੇ ਧਰਨੇ ਨੂੰ ਫੇਲ੍ਹ ਕਰਨ ਲਈ ਕਈ ਪਿੰਡਾਂ ਦੇ ਕਾਂਗਰਸੀ ਸਰਪੰਚਾਂ ਨੂੰ ਫੋਨ ਕੀਤੇ ਗਏ ਅਤੇ ਇੱਕ ਕਮੇਟੀ ਮੈਂਬਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਭੇਜੀਆਂ ਗਈਆਂ ਪਰ ਇਹ ਰੈਲੀ ਅਤੇ ਮੁਜਾਹਰਾ ਪੂਰੀ ਤਰ੍ਹਾਂ ਹੀ ਸਫਲ ਰਿਹਾ।
5 ਜੂਨ ਦੇ ਪ੍ਰੋਗਰਾਮ ਤੋਂ ਬਾਅਦ ਸਪੈਸ਼ਲ ਜਾਂਚ ਟੀਮ ਇਸ ਸਿੱਟੇ ਤੇ ਪੁੱਜ ਗਈ ਕਿ ਐਕਸ਼ਨ ਕਮੇਟੀ ਲਾਸ਼ ਮਿਲੇ ਬਿਨਾਂ ਜਾਂ ਕਿਸੇ ਤਰ੍ਹਾਂ ਦੇ ਦਬਾਅ ਤਹਿਤ ਧਰਨਾ ਸਮਾਪਤ ਨਹੀਂ ਕਰੇਗੀ।
ਇਸ ਦੌਰਾਨ ਐਕਸ਼ਨ ਕਮੇਟੀ ਨੂੰ ਸੂਚਨਾ ਮਿਲੀ ਕਿ ਪੁਲਸ ਵੱਲੋਂ ਪੁਲਸੀ ਹੱਥ-ਕੰਡੇ ਵਰਤ ਕੇ ਪਰਿਵਾਰ ਨੂੰ ਪੰਜ ਲੱਖ ਦਾ ਮੁਆਵਜ਼ਾ ਅਤੇ ਇਕ ਜੀਅ ਨੂੰ ਨੌਕਰੀ ਦੇਣ ਲਈ ਮਨਾਇਆ ਗਿਆ ਹੈ। ਉਜ ਸਾਰੇ ਮਹੌਲ ਦੌਰਾਨ ਪਰਿਵਾਰ ਕਿਸੇ ਵੀ ਕਿਸਮ ਦਾ ਮੁਆਵਜ਼ਾ ਲੈਣ ਤੋਂ ਐਕਸ਼ਨ ਕਮੇਟੀ ਕੋਲ ਸਖਤ ਇਨਕਾਰ ਕਰਦਾ ਰਿਹਾ ਹੈ।
7 ਜੂਨ ਨੂੰ ਸਿੱਟ ਮੁਖੀ ਆਈ ਜੀ ਛੀਨਾ ਨੇ ਪਰਿਵਾਰ ਸਮੇਤ ਐਕਸ਼ਨ ਕਮੇਟੀ ਮੈਂਬਰਾਂ ਨੂੰ ਗੱਲਬਾਤ ਲਈ ਬੁਲਾਇਆ ਸੀ। ਜਦੋਂ ਹੀ ਅਧਿਕਾਰੀ ਨੇ ਸੌਦੇਬਾਜੀ ਦੀ ਗੱਲ ਸ਼ੁਰੂ ਕੀਤੀ ਐਕਸ਼ਨ ਕਮੇਟੀ ਮੈਂਬਰ ਵਾਕ ਆਊਟ ਕਰ ਆਏ। ਬਾਹਰ ਆ ਕੇ ਪ੍ਰੈੱਸ ਨੂੰ ਸਾਫ ਕਰ ਦਿੱਤਾ ਕਿ ਐਕਸ਼ਨ ਕਮੇਟੀ ਇਸ ਸਮਝੌਤੇ ਦਾ ਹਿੱਸਾ ਨਹੀਂ ਹੈ, ਕਿਉਕਿ ਪੁਲਸ ਨੇ ਦਬਾਅ ਪਾ ਕੇ ਪਰਿਵਾਰ ਨੂੰ ਧਰਨਾ ਚੁੱਕਣ ਲਈ ਮਨਾਇਆ ਹੈ। ਐਕਸ਼ਨ ਕਮੇਟੀ ਨੇ ਐਲਾਨ ਕੀਤਾ ਕਿ ਇਸ ਤੋਂ ਅੱਗੇ ਕਾਨੂੰਨੀ ਲੜਾਈ ਲੜੀ ਜਾਵੇਗੀ। ਇਸ ਮਾਮਲੇ ਚ ਪਰਿਵਾਰ ਨੂੰ ਕਿਸੇ ਵੀ ਕਿਸਮ ਦੀ ਜਰੂਰਤ ਪਵੇ ਤਾਂ ਐਕਸ਼ਨ ਕਮੇਟੀ ਪਰਿਵਾਰ ਦੀ ਹਰ ਸੰਭਵ ਸਹਾਇਤਾ ਕਰੇਗੀ।
ਹੁਣ ਤੱਕ ਪੁਲਿਸ ਨੇ 9 ਗਿ੍ਰਫਤਾਰੀਆਂ ਕੀਤੀਆਂ ਹਨ। ਪੁਲਸ ਦਾ ਸਾਰਾ ਜੋਰ ਜਸਪਾਲ ਨੂੰ ਗੈਂਗਸਟਰਾਂ ਦਾ ਸਾਥੀ ਅਤੇ ਅਪਰਾਧੀ ਸਾਬਤ ਕਰਨ ਤੇ ਲੱਗਿਆ ਹੋਇਆ ਹੈ।
ਸਾਲ 2012 ਵਿਚ ਅਕਾਲੀ ਸਰਕਾਰ ਵੇਲੇ ਫਰੀਦਕੋਟ ਲੜਕੀ ਅਗਵਾ ਕਾਂਡ ਵੇਲੇ ਕਾਂਗਰਸ ਪਾਰਟੀ ਹਕੂਮਤ ਤੋਂ ਬਾਹਰ ਹੋਣ ਕਰਕੇ ਲੜਕੀ ਨੂੰ ਇਨਸਾਫ ਦਿਵਾਉਣ ਲਈ ਧਰਨੇ ਲਾਉਣ ਦਾ ਢੌਂਗ ਰਚਦੀ ਰਹੀ ਸੀ। ਹੁਣ ਕਾਂਗਰਸ ਪਾਰਟੀ ਹਕੂਮਤ ਚ ਹੋਣ ਦੇ ਬਾਵਜੂਦ ਇਸ ਘੋਲ ਪ੍ਰਤੀ ਵਿਰੋਧੀ ਰੁਖ਼ ਅਪਣਾਈ ਬੈਠੀ ਹੈ। ਹੁਣ ਅਕਾਲੀ ਦਲ ਬਾਦਲ ਹਕੂਮਤ ਤੋਂ ਬਾਹਰਹੈ ਤਾਂ ਉਸ ਦੇ ਵੱਡੇ ਲੀਡਰ ਜਸਪਾਲ ਦੇ ਮਾਪਿਆਂ ਕੋਲ ਐਸ ਐਸ ਪੀ ਦਫਤਰ ਅੱਗੇ ਧਰਨੇ ਤੇ ਮਗਰ ਮੱਛ ਦੇ ਹੰਝੂ ਵਹਾ ਕੇ ਗਏ ਹਨ। ਹਕੂਮਤੀ ਪਾਰਟੀਆਂ ਦਾ ਕਿਸੇ ਮਸਲੇ ਤੇ ਹਮਾਇਤ ਜਾਂ ਵਿਰੋਧ, ਸੱਤਾ ਚ ਹੋਣ ਜਾਂ ਨਾ ਹੋਣ ਨਾਲ ਹੀ ਜੁੜਿਆ ਹੁੰਦਾ ਹੈ।
ਭਾਵੇਂ ਇਸ ਘੋਲ ਰਾਹੀਂ ਐਕਸ਼ਨ ਕਮੇਟੀ ਜਸਪਾਲ ਦੀ ਲਾਸ਼ ਪ੍ਰਾਪਤ ਨਹੀਂ ਕਰ ਸਕੀ, ਭਾਵੇਂ ਮਾਪੇ ਪੁਲਿਸ ਦੇ ਦਬਾਅ ਵਿਚ ਆ ਕੇ ਸਮਝੌਤਾ ਕਰ ਗਏ, ਕੀ ਐਕਸ਼ਨ ਕਮੇਟੀ ਦੀ ਲੜਾਈ ਵਿਅਰਥ ਗਈ ਹੈ? ਬਿਲਕੁਲ ਨਹੀਂ, ਨਾ ਹੀ ਘੋਲ ਹਾਰਿਆ ਹੈ ਤੇ ਨਾ ਹੀ ਲੋਕ ਹਾਰੇ ਹਨ। ਜੇਕਰ ਸਿਰਫ ਮੰਗਾਂ ਦੇ ਗਜ ਨਾਲ ਹੀ ਘੋਲ ਨੂੰ ਮਾਪਿਆ ਜਾਵੇ ਤਾਂ ਘੋਲ ਜੇਤੂ ਰਿਹਾ ਹੈ। ਲੋਕਾਂ ਦੀ ਪੁਲਿਸ ਜਬਰ ਖਿਲਾਫ ਲੜਾਈ ਲੜਨ ਦੀ ਅਤੇ ਆਪਣੀਆਂ ਹੱਕੀ ਮੰਗਾਂ ਖਾਤਰ ਸੱਤਾ ਨਾਲ ਜੋਰ ਅਜ਼ਮਾਈ ਕਰਨ ਦੀ ਤਾਂਘ ਵਧੀ ਹੈ। ਫਰੀਦਕੋਟ ਦੀਆਂ ਜਨਤਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਘੋਲ ਲੜਨ ਦੀ ਰਵਾਇਤ ਟੁੱਟਣ ਨਹੀਂ ਦਿੱਤੀ।

No comments:

Post a Comment