Monday, October 24, 2016

19. ਰੋਲੈਕਸ ਫੈਕਟਰੀ ਮਜ਼ਦੂਰਾਂ ਦਾ ਘੋਲ



ਲੁਧਿਆਣਾ:

ਰੋਲੈਕਸ ਫੈਕਟਰੀ ਮਜ਼ਦੂਰਾਂ ਦਾ ਲੰਮਾ ਤੇ ਸਿਰੜੀ ਘੋਲ

- ਹਰਜਿੰਦਰ ਸਿੰਘ

ਲੁਧਿਆਣੇ ਦੀ ਰੌਲੈਕਸ ਸਾਈਕਲ ਫੈਕਟਰੀ ਦੇ ਮਜ਼ਦੂਰ ਫੈਕਟਰੀ ਮਾਲਕ ਅਤੇ ਪ੍ਰਬੰਧਕਾਂ ਦੀ ਬੇਕਿਰਕ ਲੁੱਟ, ਜਬਰ ਦੇ ਖਿਲਾਫ਼ ਲਗਭਗ ਸਾਲ ਦੇ ਸ਼ੁਰੂ ਤੋਂ ਹੀ ਆਪਣੀਆਂ ਹੱਕੀ ਮੰਗਾਂ, ਮਸਲਿਆਂ ਤੇ ਪੜਾਅ ਵਾਰ ਲੰਮਾ ਤੇ ਸਿਰੜੀ ਘੋਲ ਲੜਦੇ ਆ ਰਹੇ ਹਨ। ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੀ ਅਗਵਾਈ ਹੇਠ ਲੜੇ ਜਾ ਰਹੇ ਇਸ ਘੋਲ ਰਾਹੀਂ ਉਨ੍ਹਾਂ ਨੇ ਕੁੱਝ ਮਹੱਤਵਪੂਰਨ ਆਰਥਕ ਪ੍ਰਾਪਤੀਆਂ ਕਰਨ ਦੇ ਨਾਲ ਨਾਲ ਇੱਕ ਖਰੀ ਮਜ਼ਦੂਰ ਜਥੇਬੰਦੀ ਦੀ ਉਸਾਰੀ ਕਰਨ ਪੱਖੋਂ ਮੱਢਲੀਆਂ ਪ੍ਰਾਪਤੀਆਂ ਕੀਤੀਆਂ ਹਨ।  (ਦੇਖੋ ਸੁਰਖ਼ ਲੀਹ ਮਾਰਚ-ਅਪ੍ਰੈਲ ਅਤੇ ਮਈ ਜੂਨ, 2016 ਅੰਕ)
ਸੰਘਰਸ਼ ਦੇ ਪਹਿਲੇ ਪੜਾਅ ਚ ਮਜ਼ਦੂਰਾਂ ਨੇ ਜਬਰੀ ਰੋਕੇ ਸਾਲਾਨਾ ਬੋਨਸ ਦਾ ਇੱਕ ਹਿੱਸਾ, ਛੁੱਟੀਆਂ ਦੇ ਬਣਦੇ ਪੈਸੇ ਅਤੇ ਤਨਖਾਹਾਂ ਚ ਵਾਧੇ ਦੀਆਂ ਆਰਥਕ ਮੰਗਾਂ ਦੇ ਨਾਲ ਨਾਲ ਠੇਕਾ ਪ੍ਰਬੰਧ/ਪੀਸ ਰੇਟ ਸਿਸਟਮ ਲਾਗੂ ਕਰਨ ਦੀਆਂ ਸਾਜਸ਼ਾਂ ਨੂੰ ਨਾਕਾਮ ਕਰ ਦਿੱਤਾ ਸੀ। ਇਹਨਾਂ ਪ੍ਰਭਾਵਸ਼ਾਲੀ ਪ੍ਰਾਪਤੀਆਂ ਦਾ ਅਸਰ ਇਲਾਕੇ ਦੀਆਂ ਹੋਰਨਾਂ ਸਾਈਕਲ ਸਨਅਤਾਂ ਤੇ ਵੀ ਪੈ ਰਿਹਾ ਸੀ।
ਮਈ ਮਹੀਨੇ ਤੋਂ ਸ਼ੁਰੂ ਹੋਏ ਸੰਘਰਸ਼ ਦੇ ਮੌਜੂਦਾ ਦੂਜੇ ਪੜਾਅ ਤੇ ਜਦ ਮਜ਼ਦੂਰ ਬਕਾਇਆ ਬੋਨਸ ਅਤੇ ਛੁੱਟੀਆਂ ਦੇ ਪੈਸੇ, ਲੇਬਰ ਕਾਨੂੰਨਾਂ ਮੁਤਾਬਕ ਤਨਖਾਹਾਂ ਤੇ ਹੋਰ ਕਾਨੂੰਨੀ ਹੱਕ ਲਾਗੂ ਕਰਵਾਉਣ ਲਈ ਸੰਘਰਸ਼ ਦੀ ਤਿਆਰੀ ਕਰਨ ਲੱਗੇ ਤਾਂ ਫੈਕਟਰੀ ਮਾਲਕਾਂ ਦੇ ਕੰਨ ਖੜ੍ਹੇ ਹੋ ਗਏ। ਮਜ਼ਦੂਰਾਂ ਦੀ ਵਧ ਰਹੀ ਜਥੇਬੰਦਕ ਤਾਕਤ ਅਤੇ ਇਸਦਾ ਆਸ-ਪਾਸ ਦੀਆਂ ਸਨਅਤੀ ਇਕਾਈਆਂ ਤੇ ਪੈ ਰਹੇ ਅਸਰ ਕਰਕੇ ਮਜ਼ਦੂਰਾਂ ਦਾ ਮੱਥਾ ਹੁਣ ਇਲਾਕੇ ਦੇ ਸਮੂਹ ਫੈਕਟਰੀ ਮਾਲਕਾਂ, ਲੇਬਰ ਵਿਭਾਗ ਦੇ ਅਧਿਕਾਰੀਆਂ, ਪੁਲਸ ਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਸਿਆਸਤਦਾਨਾਂ ਤੇ ਗੁੰਡਿਆਂ ਨਾਲ ਵੀ ਲੱਗਾ ਹੋਇਆ ਸੀ। ਮਜ਼ਦੂਰ ਆਗੂਆਂ ਨੂੰ ਡਰਾਉਣ, ਧਮਕਾਉਣ ਅਤੇ ਲਾਲਚ ਦੇਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ। ਯੂਨੀਅਨ ਨੂੰ ਖਿੰਡਾਉਣ ਅਤੇ ਮਨਮਰਜ਼ੀ ਦੀ ਕੱਚੀ ਲੇਬਰ ਰਾਹੀਂ ਫੈਕਟਰੀ ਚਲਾਉਣ ਦੇ ਇਰਾਦੇ ਨਾਲ ਜਦ 8 ਮਈ ਨੂੰ ਮਾਲਕਾਂ ਨੇ ਪ੍ਰੋਡਕਸ਼ਨ ਮਸ਼ੀਨਾਂ ਪੁੱਟ ਕੇ ਦੂਰ-ਦੁਰਾਡੇ ਦੀ ਕਿਸੇ ਇਮਾਰਤ ਚ ਲਿਜਾਣੀਆਂ ਸ਼ੁਰੂ ਕੀਤੀਆਂ ਤਾਂ ਮਜ਼ਦੂਰਾਂ ਨੇ ਫੈਕਟਰੀ ਗੇਟ ਦਾ ਘਿਰਾਓ ਕਰ ਲਿਆ ਅਤੇ ਸਾਰਾ ਦਿਨ ਧਰਨਾ ਮਾਰੀ ਰੱਖਿਆ। ਧਰਨੇ ਚ ਮਜ਼ਦੂਰਾਂ ਦੀ ਵਧ ਰਹੀ ਗਿਣਤੀ ਕਰਕੇ ਮਾਲਕਾਂ ਨੂੰ ਇੱਕ ਵਾਰੀ ਪਿੱਛੇ ਹਟਣਾ ਪਿਆ। ਪੁਲਸ ਦੀ ਹਾਜ਼ਰੀ ਚ ਪ੍ਰਬੰਧਕਾਂ ਨੇ ਐਲਾਨ ਕੀਤਾ ਕਿ ਕਿਸੇ ਵੀ ਕਾਮੇ ਨੂੰ ਹਟਾਇਆ ਨਹੀਂ ਜਾਵੇਗਾ। ਮਸ਼ੀਨਾਂ ਪੁੱਟਣ ਪਿੱਛੇ ਫੈਕਟਰੀ ਨੂੰ ਪੈ ਰਹੇ ਘਾਟੇ ਦਾ ਵਾਸਤਾ ਪਾਉਂਦੇ ਹੋਏ ਪ੍ਰਬੰਧਕਾਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਭਰੋਸੇ ਚ ਲਏ ਬਗੈਰ ਅਤੇ ਲੇਬਰ ਵਿਭਾਗ ਦੀ ਲਿਖਤੀ ਆਗਿਆ ਤੋਂ ਬਗੈਰ ਮਸ਼ੀਨਾਂ ਨਹੀਂ ਪੁੱਟੀਆਂ ਜਾਣਗੀਆਂ। ਪਰ ਮਾਲਕ ਤਹਿ ਹੋਈਆਂ ਗੱਲਾਂ ਬਾਰੇ ਲਿਖਤੀ ਭਰੋਸਾ ਦੇਣ ਤੋਂ ਇਨਕਾਰੀ ਰਹੇ। ਮਾਲਕਾਂ ਦੇ ਮਾੜੇ ਇਰਾਦੇ ਪ੍ਰਤੱਖ ਸਨ। ਰਾਤੋ-ਰਾਤ 20 ਮਸ਼ੀਨਾਂ ਪੁੱਟ ਲਈਆਂ ਗਈਆਂ ਅਤੇ 50 ਹੋਰਾਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਜਦੋਂ ਅਗਲੇ ਦਿਨ ਕੰਮ ਤੇ ਪੁਹੰਚੇ ਕਾਮਿਆਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਮਜ਼ਦੂਰਾਂ ਨੇ ਆਪੋ ਆਪਣੇ ਅੱਡਿਆਂ ਤੇ ਬੈਠ ਕੇ ਸ਼ਾਂਤਮਈ ਵਿਰੋਧ ਕੀਤਾ, ਜਦ ਕਿ ਬਾਕੀ ਕਾਮੇ ਆਪੋ-ਆਪਣੇ ਕੰਮ ਤੇ ਲੱਗੇ ਰਹੇ। ਫੈਕਟਰੀ ਗੇਟ ਤੇ ਪੁਲਸ ਤਾਇਨਾਤ ਸੀ।
ਬੇਵੱਸ ਹੋਏ ਪ੍ਰਬੰਧਕਾਂ ਵੱਲੋਂ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ। ਯੂਨੀਅਨ ਆਗੂਆਂ ਨੇ ਪੁਲਸ ਹਟਾਉਣ ਅਤੇ ਫੈਕਟਰੀ ਕਮੇਟੀ ਨੂੰ ਗੱਲਬਾਤ ਚ ਸ਼ਾਮਲ ਕਰਨ ਦੀ ਮੰਗ ਰੱਖੀ। ਪ੍ਰਬੰਧਕਾਂ ਵੱਲੋਂ ਮੰਗਾਂ ਸਵੀਕਾਰ ਕਰਨ ਅਤੇ ਆਗੂਆਂ ਨੂੰ ਫੈਕਟਰੀ ਦੇ ਅੰਦਰ ਜਾ ਕੇ ਸਿੱਧੇ ਤੌਰ ਤੇ ਅੰਦਰਲੀ ਹਾਲਤ ਦਾ ਜਾਇਜ਼ਾ ਲੈਣ ਦੀ ਇਜਾਜ਼ਤ ਦੇਣ ਮਗਰੋਂ ਗੱਲਬਾਤ ਸ਼ੁਰੂ ਹੋਈ। ਪ੍ਰਬੰਧਕਾਂ ਨੇ ਮੌਕੇ ਤੇ ਮਜ਼ਦੂਰਾਂ ਨੂੰ ਤਨਖਾਹ, ਓਵਰ ਟਾਈਮ ਅਤੇ ਛੁੱਟੀਆਂ ਦੇ ਬਣਦੇ ਪੈਸੇ ਅਤੇ ਬਕਾਇਆ ਬੋਨਸ ਦੇਣਾ, ਕੱਟੇ ਕੁਨੈਕਸ਼ਨ ਜੋੜਨ ਅਤੇ ਹਟਾਈਆਂ 20 ਮਸ਼ੀਨਾਂ ਦੀ ਹਾਜ਼ਰੀ ਯਕੀਨੀ ਕਰਨ ਦੀਆਂ ਮੰਗਾਂ ਪ੍ਰਵਾਨ ਕੀਤੀਆਂ। ਇਸ ਫੈਸਲੇ ਦਾ ਮਜ਼ਦੂਰਾਂ ਤੇ ਚੰਗਾ ਪ੍ਰਭਾਵ ਪਿਆ, ਪਰ ਛਾਂਟੀਆਂ ਦਾ ਖ਼ਤਰਾ ਬਰਕਰਾਰ ਸੀ। ਅਜਿਹੀ ਹਾਲਤ ਚ ਅਤੇ ਹੋਰਨਾਂ ਮੰਗਾਂ ਦੀ ਪ੍ਰਾਪਤੀ ਲਈ ਮਜ਼ਦੂਰ-ਸੰਘਰਸ਼ ਦੇ ਅਗਲੇ ਪੜਾਅ ਦੀ ਤਿਆਰੀ ਕਰਨ ਲੱਗੇ। ਸਬੰਧਤ ਲੇਬਰ ਵਿਭਾਗ ਅਤੇ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਨੂੰ ਸ਼ਿਕਾਇਤ ਪੱਤਰ ਕੀਤੇ ਗਏ; ਇੱਕ ਪੋਸਟਰ ‘‘ਜਥੇਬੰਦ ਹੋਵੋ! ਜ਼ੋਰਦਾਰ ਸੰਘਰਸ਼ ਦੀ ਤਿਆਰੀ ਕਰੋ’’ ਅਤੇ ਇੱਕ ਹੱਥ ਪਰਚਾ ਮਜ਼ਦੂਰਾਂ ਚ ਵੰਡਿਆ ਗਿਆ; ਜਨਤਕ ਮੀਟਿੰਗਾ ਦਾ ਤਾਂਤਾ ਬੰਨ੍ਹਿਆ ਗਿਆ। ਸਿੱਟੇ ਵਜੋਂ ਲਿਖਤੀ ਗਰੰਟੀ ਤੋਂ ਬਗੈਰ ਮਜ਼ਦੂਰ 20 ਹਟਾਈਆਂ ਹੋਈਆਂ ਮਸ਼ੀਨਾਂ ਤੇ ਕੰਮ ਕਰਨ ਤੋਂ ਇਨਕਾਰ ਕਰ ਗਏ। ਇੱਕ ਪਾਸੇ ਮਜ਼ਦੂਰਾਂ ਨਾਲ ਅਤੇ ਦੂਜੇ ਪਾਸੇ ਹਟਾਈਆਂ ਮਸ਼ੀਨਾਂ ਲਈ ਕਿਰਾਏ ਤੇ ਲਈ ਇਮਾਰਤ ਦੇ ਮਾਲਕ ਨਾਲ ਉਲਝੇ ਫੈਕਟਰੀ ਮਾਲ, ਘਟ ਰਹੀ ਪ੍ਰੋਡਕਸ਼ਨ ਅਤੇ ਬੈਕਾਂ ਦੇ ਗੇੜਿਆਂ ਨੇ ਮਾਲਕਾਂ ਅਤੇ ਪ੍ਰਬੰਧਕਾਂ ਦੇ ਆਪਸੀ ਰੱਟੇ ਕਲੇਸ਼ਾਂ ਨੂੰ ਅੱਡੀ ਲਾਈ। ਸਿੱਟੇ ਵਜੋਂ ਪ੍ਰੋਡਕਸ਼ਨ ਮੈਨੇਜਰ ਅਤੇ ਉਸਦੇ 7-8 ਜੋਟੀਦਾਰਾਂ ਦੀ ਛੁੱਟੀ ਕਰ ਦਿੱਤੀ ਗਈ ਅਤੇ ਫੈਕਟਰੀ ਕਮੇਟੀ ਆਗੂਆਂ ਨੂੰ ਪਲੋਸਣਾ ਸ਼ੁਰੂ ਕਰ ਦਿੱਤਾ। ਮੋੜਵੇਂ ਰੂਪ ਚ ਆਗੂਆਂ ਨੇ ਸਮੂਹ ਮਜ਼ਦੂਰਾਂ ਨੂੰ ਸੁਚੇਤ ਰਹਿਣ ਲਈ ਤਿਆਰ ਕੀਤਾ।
ਇੱਕ ਜੂਨ ਅੱਧੀ ਰਾਤ ਗਏ ਮਾਲਕ ਫਿਰ ਪੁਲਸ ਅਤੇ ਗੁੰਡਿਆਂ ਦੀ ਮਦਦ ਨਾਲ ਮਸ਼ੀਨਾਂ ਚੁੱਕਣ ਆਏ। ਮਾਲਕਾਂ ਨੇ ਅਕਾਲੀ ਕੌਂਸਲਰ ਨੂੰ ਵਿਚੋਲਗਿਰੀ ਲਈ ਬੁਲਾਇਆ। ਘੱਟੋ ਘੱਟ 100 ਮਜ਼ਦੂਰਾਂ ਨੇ ਤੁਰੰਤ ਫੈਕਟਰੀ ਦਾ ਘਿਰਾਉ ਕਰ ਲਿਆ। ਮਜ਼ਦੂਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਰਾਹੀਂ ਵਿਰੋਧ ਕੀਤਾ ਅਤੇ ਮਸ਼ੀਨਾਂ ਲਿਜਾ ਰਹੀ ਗੱਡੀ ਅੱਗੇ ਲੰਮੇ ਪੈ ਗਏ। ਹਥਿਆਰਬੰਦ ਪੁਲਸ ਅਤੇ ਗੁੰਡਿਆਂ ਨਾਲ ਹੱਥੋਪਾਈ ਵੀ ਹੋਈ, ਪਰ ਅੰਤ ਮਸ਼ੀਨਾਂ ਉਠਾ ਲਈਆਂ ਗਈਆਂ।
ਅਗਲੇ ਦਿਨ ਜਦ 250 ਮਜ਼ਦੂਰ ਕੰਮ ਤੇ ਆਏ ਤਾਂ ਮਾਲਕਾਂ ਨੇ ਤਾਲਾਬੰਦੀ ਕਰ ਦਿੱਤੀ। ਕੁੱਝ ਮਜ਼ਦੂਰਾਂ ਨੇ ਆਪਣੇ ਪੱਧਰ ਤੇ ਬੈਂਸ ਭਰਾਵਾਂ ਤੱਕ ਪੁਹੰਚ ਕੀਤੀ, ਪਰ ਉਨ੍ਹਾਂ ਨੇ ਵੀ ਮਜ਼ਦੂਰਾਂ ਦੀ ਬਾਤ ਨਾ ਸੁਣੀ। ਮਜ਼ਦੂਰਾਂ  ਨੇ ਫੈਕਟਰੀ ਗੇਟ ਤੇ ਧਰਨਾ ਮਾਰ ਕੇ ਰੈਲੀ ਕੀਤੀ ਅਤੇ ਮਜ਼ਦੂਰਾਂ ਦੇ ਰੋਹ ਅੱਗੇ ਝੁਕਦੇ ਹੋਏ ਮਾਲਕਾਂ ਨੂੰ ਤਾਲਾਬੰਦੀ ਖੋਲ੍ਹਣੀ ਪਈ। ਪਰ ਫੈਕਟਰੀ ਦੇ ਅੰਦਰ ਕੰਮ ਦੀ ਮੁਆਫ਼ਕ ਹਾਲਤ ਨਹੀਂ ਸੀ। 40 ਹੋਰ ਮਸ਼ੀਨਾਂ ਚੁੱਕੀਆਂ ਜਾ ਚੁੱਕੀਆਂ ਸਨ। ਮਜ਼ਦੂਰਾਂ ਨੇ ਫੈਕਟਰੀ ਦੇ ਅੰਦਰ ਰਹਿ ਕੇ ਹੀ ਸੰਘਰਸ਼ ਕਰਨ ਦਾ ਫੈਸਲਾ ਕੀਤਾ। ਆਗੂਆਂ ਦਾ ਨਿਰਣਾ ਸੀ ਕਿ ਯੂਨੀਅਨ ਨੂੰ ਤੋੜਨ-ਖਿੰਡਾਉਣ ਅਤੇ ਆਗੂਆਂ ਦੀ ਛਾਂਟੀ ਕਰਨ ਦੇ ਮਾਲਕਾਂ ਦੇ ਤਹਿਸ਼ੁਦਾ ਏਜੰਡੇ ਦਾ ਫੈਕਟਰੀ ਦੇ ਅੰਦਰ ਰਹਿਕੇ ਓਨਾ ਚਿਰ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੈ, ਜਿੰਨਾ ਚਿਰ ਮਾਲਕ ਮਜ਼ਦੂਰਾਂ ਨੂੰ ਧੱਕੇ ਨਾਲ ਬਾਹਰ ਕੱਢ ਨਹੀਂ ਦਿੰਦੇ। ਮਜ਼ਦੂਰਾਂ ਨੇ ਮਜਬੂਤੀ ਨਾਲ ਟਾਕਰਾ ਕਰਨ ਲਈ ਕਮਰਕੱਸੇ ਕਰ ਲਏ। ਸਬੰਧਤ ਲੇਬਰ ਵਿਭਾਗ ਅਸਿਸਟੈਂਟ ਲੇਬਰ ਕਮਿਸ਼ਨਰ, ਨਾਲ ਰਾਬਤਾ ਕਾਇਮ ਕੀਤਾ ਗਿਆ, ਇੰਡਸਟਰੀਅਲ ਡਿਸਪਿਊਟ ਐਕਟ 1947 ਤਹਿਤ 2-ਕੇ ਦਾ ਕੇਸ ਲਾਇਆ ਗਿਆ। ਭਰਾਤਰੀ ਜਨਤਕ ਜਥੇਬੰਦੀਆਂ ਨਾਲ ਸੰਪਰਕ ਕੀਤੇ ਗਏ।
ਮਾਲਕਾਂ ਨੇ 13 ਮਜ਼ਦੂਰ ਆਗੂਆਂ ਦੀ ਛਾਂਟੀ ਕਰਕੇ ਯੂਨੀਅਨ ਦੀ ਕੁੱਲ ਮੈਂਬਰਸ਼ਿਪ ਨੂੰ ਵੀ ਆਪਣੇ ਹਮਲੇ ਦਾ ਨਿਸ਼ਾਨਾ ਬਣਾਇਆ। ਸੰਘਰਸ਼ ਦਾ ਅਖਾੜਾ ਹੁਣ ਫੈਕਟਰੀ ਗੇਟ, ਲੇਬਰ ਵਿਭਾਗ ਅਤੇ ਸੜਕਾਂ ਬਣ ਗਈਆਂ। 17 ਜੂਨ ਨੂੰ ਤਿੰਨ ਧਿਰੀ ਵਾਰਤਾਲਾਪ 3 ਆਗੂਆਂ ਨੂੰ ਛੱਡਕੇ ਸਭਨਾਂ ਕਾਮਿਆਂ ਨੂੰ ਟੁੱਟੇ ਦਿਨਾਂ ਦੇ ਪੈਸਿਆਂ ਸਮੇਤ ਕੰਮ ਤੇ ਬਹਾਲ ਕਰਨ ਅਤੇ 2-ਕੇ ਦੇ ਡਿਮਾਂਡ ਨੋਟਿਸ ਨਾਲ ਸਬੰਧਤ ਮੰਗਾਂ ਦੇ ਹੱਲ ਲਈ ਜਲਦੀ ਮੀਟਿੰਗ ਕਰਨ ਦਾ ਪ੍ਰਸਤਾਵ ਪਾਸ ਹੋਇਆ, ਜਿਸ ਤੇ ਦਸਤਖ਼ਤ ਕਰਨ ਲਈ ਪ੍ਰਤੀਨਿਧ ਮਜ਼ਦੂਰਾਂ ਨੇ ਕੁਝ ਸਮੇਂ ਦੀ ਮੰਗ ਕੀਤੀ। ਪਰ ਇਸ ਪ੍ਰਸਤਾਵ ਦੀ ਸਿਆਹੀ ਸੁੱਕਣ ਤੋਂ ਪਹਿਲਾਂ ਹੀ ਮਾਲਕ ਅਤੇ ਲੇਬਰ ਵਿਭਾਗ ਦੇ ਅਧਿਕਾਰੀ ਇਸ ਤੋਂ ਮੁੱਕਰ ਗਏ। ਮਾਲਕ 13 ਆਗੂਆਂ ਨੂੰ ਛਾਂਟੀ ਕਰਨ ਤੇ ਅੜ ਗਏ। ਮਜ਼ਦੂਰਾਂ ਨੇ ਲੇਬਰ ਇੰਸਪੈਕਟਰ ਦਾ ਘਿਰਾਉ ਕਰਕੇ ਪਾਸ ਹੋਏ ਪ੍ਰਸਤਾਵ ਦੀਆਂ ਸ਼ਰਤਾਂ ਨੂੰ ਮਨਵਾਇਆ
ਮਾਲਕਾਂ ਨੇ ਮਜ਼ਦੂਰਾਂ ਨਾਲ ਲੜਾਈ ਨੂੰ ਹੋਰ ਤੇਜ਼ ਕਰਦੇ ਹੋਏ ਸਕਿਉਰਿਟੀ ਸਟਾਫ਼ ਦੇ ਨਾਂ ਹੇਠ ਗੁੰਡਿਆਂ ਦੀ ਭਰਤੀ ਕੀਤੀ। ਪੁਲਸ ਕੋਲ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ, ਫੈਕਟਰੀ ਗੇਟ ਤੇ ਪੁਲਸ ਤਾਇਨਾਤ ਰੱਖੀ ਅਤੇ ਗੁੰਡਿਆਂ ਨੂੰ ਹੋਰ ਵਧੇਰੇ ਸਰਗਰਮ ਕਰਦੇ ਹੋਏ ਮਜ਼ਦੂਰਾਂ ਨੂੰ ਰਾਹਾਂ ਚ ਤੰਗ ਪ੍ਰੇਸ਼ਾਨ ਕਰਨ, ਧੱਕੇ ਨਾਲ ਕੰਮ ਤੇ ਲਿਜਾਣ ਅਤੇ ਯੂਨੀਅਨ ਛੱਡਣ ਲਈ ਧਮਕੀਆਂ ਅਤੇ ਲਾਲਚਾਂ ਦੇ ਰਲੇ-ਮਿਲੇ ਭਾਸ਼ਣਾਂ ਦੀ ਮੁਹਿੰਮ ਤੇਜ਼ ਕਰ ਦਿੱਤੀ। ਇਸਦੇ ਬਾਵਜੂਦ ਮਜ਼ਦੂਰਾਂ ਨੇ ਲਗਾਤਾਰ 15 ਦਿਨ ਘੋਲ ਚਲਾਇਆ, ਜਿਸ ਦੌਰਾਨ 250 ਪੋਸਟਰ ਕੰਧਾਂ ਤੇ ਚਿਪਕਾਇਆ ਅਤੇ 2000 ਹੱਥ ਪਰਚਾ ਮਜ਼ਦੂਰਾਂ ਚ ਵੰਡਿਆ ਗਿਆ। ਪਰ ਤਿੱਖੇ ਦਹਿਸ਼ਤੀ ਮਾਹੌਲ ਅਤੇ ਆਰਥਿਕ ਤੰਗੀਆਂ ਚ ਘਿਰੇ ਮਜ਼ਦੂਰ ਜਦ ਹੌਲੀ ਹੌਲੀ ਕੰਮ ਤੇ ਜਾਣ ਲੱਗੇ ਤਾਂ ਯੂਨੀਅਨ ਦੇ ਸੰਘਰਸ਼ਸ਼ੀਲ ਆਗੂਆਂ ਨੇ ਵੀ ਫੈਸਲਾ ਕਰ ਲਿਆ ਕਿ 13 ਆਗੂਆਂ ਨੂੰ ਛੱਡ ਕੇ ਬਾਕੀ ਮਜ਼ਦੂਰ ਕੰਮ ਤੇ ਚਲੇ ਜਾਣ।
29 ਜੂਨ ਨੂੰ ਜਦ 100 ਦੇ ਕਰੀਬ ਕਾਮੇ ਲੇਬਰ ਇੰਸਪੈਕਟਰ ਦੀ ਮੌਜੂਦਗੀ ਚ ਫੈਕਟਰੀ ਦੇ ਅੰਦਰ ਜਾਣ ਲੱਗੇ ਤਾਂ ਪ੍ਰਬੰਧਕਾਂ ਨੇ ਮੁਆਫੀਨਾਮੇ ਤੇ ਦਸਤਖਤ ਕਰਾਉਣੇ ਸ਼ੁਰੂ ਕਰ ਦਿੱਤੇ। 13 ਮਜ਼ਦੂਰਾਂ ਨੇ ਇਸ ਦਾ ਵਿਰੋਧ ਕੀਤਾ। ਮਾਲਕਾਂ ਨੇ ਉਨ੍ਹਾਂ ਨੂੰ ਵੀ ਕੱਢ ਦਿੱਤਾ। ਕੱਢੇ ਮਜ਼ਦੂਰਾਂ ਦੀ ਗਿਣਤੀ ਹੁਣ 26 ਹੋ ਗਈ। 2-ਕ ਦੇ ਕੇਸ ਅਧੀਨ ਇਹ ਗੈਰ-ਕਾਨੂੰਨੀ ਕਾਰਵਾਈ ਬਣਦੀ ਹੋਣ ਕਰਕੇ ਸਹਾਇਕ ਲੇਬਰ ਕਮਿਸ਼ਨਰ ਕੋਲ ਇਸ ਸਬੰਧੀ ਕੇਸ ਕੀਤਾ ਗਿਆ। ਮਜ਼ਦੂਰਾਂ ਨੂੰ ਉਤਸ਼ਾਹਤ ਕਰਨ ਲਈ 2000 ਦੀ ਗਿਣਤੀ ਚ ਇੱਕ ਹੱਥ ਪਰਚਾ ਪ੍ਰਕਾਸ਼ਤ ਕਰਕੇ ਮਜ਼ਦੂਰਾਂ ਚ ਵੰਡਿਆ ਗਿਆ। ਮਜ਼ਦੂਰਾਂ ਨੇ ਫਿਰ ਹੌਂਸਲਾ ਫੜਿਆ, ਫੈਕਟਰੀ ਅੰਦਰਲੇ ਮਜ਼ਦੂਰ ਵੀ ਮੀਟਿੰਗਾਂ ਚ ਆਉਣ ਲੱਗੇ ਅਤੇ ਸੰਘਰਸ਼ ਫੰਡ ਦੇਣ ਲੱਗੇ। ਸਿੱਟੇ ਵਜੋਂ 16 ਅਗਸਤ ਤੋਂ ਲੇਬਰ ਵਿਭਾਗ ਅੱਗੇ ਦਿਨ ਰਾਤ ਦਾ ਅਣਮਿੱਥੇ ਸਮੇਂ ਲਈ ਧਰਨਾ ਲੱਗਿਆ ਜੋ ਕਿ 9 ਦਿਨ ਚੱਲਿਆ। ਹੱਥ ਲਿਖਤਾਂ, ਕੰਧ ਨਾਅਰੇ ਅਤੇ ਮਾਲਕਾਂ ਤੇ ਪ੍ਰਬੰਧਕਾਂ ਦੇ ਅਰਥੀ ਫੂਕ ਮਜ਼ਾਹਰੇ ਕੀਤੇ ਗਏ।
ਅੰਤ ਮਾਲਕਾਂ ਤੇ ਪ੍ਰਬੰਧਕਾਂ ਨੂੰ ਝੁਕਣਾ ਪਿਆ। 26 ਕੱਢੇ ਹੋਏ ਮਜ਼ਦੂਰਾਂ/ਆਗੂਆਂ ਨੂੰ ਕਾਮਿਆਂ ਦੀ ਸਰਵ-ਸਹਿਮਤੀ ਰਾਹੀਂ ਬਣਦਾ ਹਿਸਾਬ ਦੇਣਾ ਪਿਆ। ਫੈਸਲੇ ਅਨੁਸਾਰ 9 ਸਾਥੀਆਂ ਨੂੰ ਮੌਕੇ ਤੇ ਹੀ ਹਿਸਾਬ ਦਿੱਤਾ ਜਾਣਾ ਸੀ, ਬਾਕੀਆਂ ਨੂੰ 31 ਅਗਸਤ ਨੂੰ ਦੇਣ ਤੋਂ ਮਾਲਕ ਟਾਲ਼ਾ ਵੱਟ ਗਏ। ਮਜ਼ਦੂਰਾਂ ਨੂੰ ਫਿਰ ਸੰਘਰਸ਼ ਦਾ ਬਿਗਲ ਵਜਾਉਣਾ ਪਿਆ। ਅੰਤ 16 ਸਤੰਬਰ ਨੂੰ ਬਕਾਇਆ ਪੇਮੈਂਟ ਮਿਲੀ।
ਨਵੀਆਂ ਆਰਥਿਕ ਸਿਆਸੀ ਨੀਤੀਆਂ ਤਹਿਤ ਮਜ਼ਦੂਰਾਂ ਤੇ ਤੇਜ਼ ਹੋਏ ਹਮਲੇ ਦੀਆਂ ਹਾਲਤਾਂ ਹੇਠ ਰੋਲੈਕਸ ਦੇ ਮਜ਼ਦੂਰਾਂ ਨੇ ਮਹੀਨਿਆਂ ਬੱਧੀ ਲੰਮਾ ਤੇ ਸਿਰੜੀ ਘੋਲ ਲੜਿਆ ਹੈ। ਭਾਵੇਂ ਉਹ ਛਾਂਟੀ ਕੀਤੇ ਆਗੂ ਕਾਰਕੁੰਨਾਂ ਨੂੰ ਬਹਾਲ ਨਹੀਂ ਕਰਵਾ ਸਕੇ, ਪਰ ਇਸ ਲੰਮੇ ਸੰਘਰਸ਼ ਦੇ ਮਹੱਤਵਪੂਰਨ ਸਬਕ ਗ੍ਰਹਿਣ ਕੀਤੇ ਹਨ। ਜੋ ਭਵਿੱਖ ਦੀ ਮਜ਼ਦੂਰ ਲਹਿਰ ਲਈ ਕਾਫ਼ੀ ਲਾਹੇਵੰਦ ਹਨ। ਕੱਢੇ ਗਏ ਆਗੂ ਕਾਰਕੁੰਨਾਂ ਸਮੇਤ ਫੈਕਟਰੀ ਅੰਦਰਲੇ ਸਮੂਹ ਮਜ਼ਦੂਰਾਂ ਨੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਵੱਲੋਂ ਸੰਘਰਸ਼ ਦੌਰਾਨ ਨਿਭਾਏ ਸ਼ਲਾਘਾਯੋਗ ਰੋਲ ਤੇ ਤਸੱਲੀ ਪ੍ਰਗਟ ਕਰਦੇ ਹੋਏ ਯੂਨੀਅਨ ਨੂੰ ਖੁੱਲ੍ਹ ਕੇ ਫੰਡ ਦਿੱਤਾ ਹੈ।

No comments:

Post a Comment