Monday, October 24, 2016

6. ਸਰਜੀਕਲ ਸਟਰਾਈਕਸ



ਸਰਜੀਕਲ ਸਟਰਾਈਕ ਦੀ ਹਕੀਕਤ

ਫਿਰਕੂ ਰੰਗਤ ਵਾਲੀ ਅੰਨ੍ਹੀ ਕੌਮਪ੍ਰਸਤੀ ਭੜਕਾਉਣ ਦੇ 

ਨਾਪਾਕ ਮਨਸੂਬੇ ਪਛਾਣੋ

- ਪਰਮਿੰਦਰ

18 ਸਤੰਬਰ ਨੂੰ ਜੰਮੂ ਕਸ਼ਮੀਰ ਖੇਤਰ ਚ ਕੰਟਰੋਲ ਰੇਖਾ ਦੇ ਨੇੜੇ ਉੜੀ ਚ ਭਾਰਤੀ ਫੌਜ ਦੇ ਇੱਕ ਕੈਂਪ ਉਤੇ ਹੋਏ ਫਿਦਾਈਨ ਹਮਲੇ 18 ਭਾਰਤੀ ਸੈਨਿਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਭਾਰਤੀ ਹਾਕਮਾਂ ਨੇ ਬਿਨਾਂ ਕਿਸੇ ਦੇਰੀ ਅਤੇ ਜਾਂਚ ਦੇ, ਇਸ ਹਮਲੇ ਦੀ ਜਿੰਮੇਵਾਰੀ ਪਾਕਿਸਤਾਨ ਤੋਂ ਆਏ ਦਹਿਸ਼ਤਗਰਦਾਂ ਸਿਰ ਮੜ੍ਹ ਦਿੱਤੀ ਸੀ। ਕੰਟਰੋਲ ਰੇਖਾ ਤੇ ਉੱਚੀ ਕੰਡਿਆਲੀ ਵਾੜ ਕੀਤੀ ਹੋਣ ਅਤੇ ਇਸ ਉੱਪਰ ਬੀ.ਐਸ.ਐਫ ਤੇ ਫੌਜ ਦੀ ਚੱਤੋ-ਪਹਿਰ ਨਿਗਰਾਨੀ ਰਹਿਣ ਦੇ ਬਾਵਜੂਦ ਜੇ ਦਹਿਸ਼ਤਗਰਦਾਂ ਦਾ ਪਾਕਿਸਤਾਨ ਚੋਂ ਦਾਖਲਾ ਰੋਕਿਆ ਨਹੀਂ ਜਾ ਸਕਦਾ ਤਾਂ ਭਾਰਤੀ ਫੌਜ ਦੀ ਇਸ ਤੋਂ ਵੱਡੀ ਅਸਫਲਤਾ ਹੋਰ ਕੀ ਹੋ ਸਕਦੀ ਹੈ? ਉੜੀ ਦੀ ਘਟਨਾ ਨਾਲ ਭਾਰਤ ਦੇ ਆਮ ਲੋਕਾਂ ਚ ਰੋਸ ਜਾਗਣਾ ਕੁਦਰਤੀ ਸੀ। ਘਟਨਾ ਤੋਂ ਤੁਰੰਤ ਬਾਅਦ ਪ੍ਰਾਈਵੇਟ ਟੀ.ਵੀ. ਚੈਨਲਾਂ ਤੇ ਫਿਰਕੂ ਜਨੂੰਨੀ ਅਨਸਰਾਂ ਨੇ ਭਾਰਤ ਦੇ ਰਵਾਇਤੀ ਵਿਰੋਧੀ ਪਾਕਿਸਤਾਨ ਵਿਰੁੱਧ ਮਸਾਲੇਦਾਰ ਪ੍ਰਚਾਰ ਦਾ ਗੁੱਡਾ ਬੰਨ੍ਹ ਲਿਆ। ਝੱਲਿਆਈ ਨਫਰਤੀ ਮੁਹਿੰਮ ਵਿੱਢ ਕੇ ਪਾਕਿਸਤਾਨ ਵਿਰੋਧੀ ਜੰਗੀ ਜਨੂੰਨ ਉਭਾਰਨਾ ਸ਼ੁਰੂ ਕਰ ਦਿੱਤਾ। ਮੋਦੀ ਸਰਕਾਰ ਅਤੇ ਸੰਘ ਪਰਿਵਾਰ ਨੇ ਵੀ ਇੱਕ ਗਿਣੀ-ਮਿਥੀ ਸਕੀਮ ਤਹਿਤ, ਮੌਕਾ ਹੱਥ ਆਇਆ ਜਾਣ, ਇਸ ਦੁਖਾਂਤ ਨੂੰ ਸਿਆਸੀ ਲਾਹੇ ਚ ਬਦਲਣ ਲਈ ਇਸ ਨੂੰ ਜੰਗੀ ਜਨੂੰਨ ਦੀ ਅੱਗ ਚ ਝੋਕਾ ਲਾਉਣਾ ਸ਼ੁਰੂ ਕਰ ਦਿੱਤਾ । ਪਾਕਿਸਤਾਨ ਨੂੰ ਸਬਕ ਸਿਖਾਉਣ ਦੀਆਂ ਆਵਾਜਾਂ ਉੱਠਣੀਆਂ ਸ਼ੁਰੂ ਹੋ ਗਈਆਂ। ਭਾਰਤੀ ਫੌਜ ਦੀਆਂ ਵਿਸ਼ੇਸ਼ ਸਿਖਲਾਈ-ਯਾਫਤਾ ਕਮਾਂਡੋ ਟੁਕੜੀਆਂ ਵੱਲੋਂ 29 ਸਤੰਬਰ ਨੂੰ ਕੀਤੀ ਗਈ ਦੱਸੀ ਜਾਂਦੀ ‘‘ਸਰਜੀਕਲ ਸਟਰਾਈਕ’’ ਇਸ ਉਪਰੋਕਤ ਸੂਰਤੇ-ਹਾਲ ਦਾ ਹੀ ਨਤੀਜਾ ਸੀ।

            ‘‘ਸਰਜੀਕਲ ਸਟਰਾਈਕ’’ ਕਿਉਂ?

            ਭਾਜਪਾਈ ਆਗੂ ਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਇਹ ਗੱਲ ਜ਼ੋਰ ਨਾਲ ਧੁਮਾਈ ਜਾ ਰਹੀ ਹੈ ਕਿ ਅਜਿਹਾ ਪਾਕਿਸਤਾਨੀ ਹਾਕਮਾਂ ਨੂੰ ਸਬਕ ਸਿਖਾਉਣ ਲਈ ਕੀਤਾ ਗਿਆ ਹੈ। ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਤਾਂ ਫੜ੍ਹ ਮਾਰੀ ਹੈ ਕਿ ਇਸ ਕਾਰਵਾਈ ਨਾਲ ਪਾਕਿਸਤਾਨ ਨੂੰ ਅਜਿਹਾ ਅਨੈਸਥੀਜ਼ੀਆ (ਸੁੰਨ ਕਰਨ ਵਾਲੀ ਦਵਾਈ) ਦਿੱਤਾ ਗਿਆ ਹੈ ਕਿ ਉਹ ਹਾਲੇ ਤੱਕ ਸੰਭਲ ਨਹੀਂ ਸਕਿਆ। ਸੰਘੀ ਪਰਿਵਾਰ-ਤੰਤਰ ਵੱਲੋਂ ਅਜਿਹਾ ਭਰਮ ਫੈਲਾਇਆ ਜਾ ਰਿਹਾ ਹੈ ਜਿਵੇਂ ਇਹ ਮੋਦੀ ਸਰਕਾਰ ਦਾ ਕੋਈ ਅਲੋਕਾਰ ਕ੍ਰਿਸ਼ਮਾ ਹੋਵੇ ਤੇ ਅਗਾਂਹ ਨੂੰ ਪਕਿਸਤਾਨ ਤੇ ਦਹਿਸ਼ਤਗਰਦਾਂ ਦੀ ਅਜਿਹੀਆਂ ਕਾਰਵਾਈਆਂ ਕਰਨ ਦੀ ਹਿੰਮਤ ਹੀ ਨਾ ਪਵੇ। ਇਸ ਕਾਰਵਾਈ ਤੋਂ ਬਾਅਦ ਬਾਰਾਮੂਲਾ ਚ ਬੀ.ਐਸ.ਐਫ. ਦੇ ਕੈਂਪ ਤੇ ਹੋਏ ਦਹਿਸ਼ਤੀ ਹਮਲੇ ਨੇ, ਜਿਸ ਵਿੱਚ ਬੀ.ਐਸ.ਐਫ. ਦਾ ਇੱਕ ਜਵਾਨ ਮਾਰਿਆ ਗਿਆ ਸੀ, ਇਸ ਭਰਮ ਨੂੰ ਚਕਨਾਚੂਰ ਕਰ ਦਿੱਤਾ ਹੈ। ਭਾਰਤੀ ਫੌਜ ਵੱਲੋਂ ਕੀਤੀ ਇਹ ਸਰਜੀਕਲ ਸਟਰਾਈਕ ਫੌਜੀ ਮਕਸਦਾਂ ਦੀ ਪੂਰਤੀ ਨਾਲੋਂ ਵੱਧ ਲੋਕ-ਰੌਂਅ ਨਾਲ ਨਜਿੱਠਣ ਤੇ ਹੋਰ ਸੌੜੇ ਸਿਆਸੀ ਮਕਸਦਾਂ ਦੀ ਪੂਰਤੀ ਵੱਲ ਸੇਧਤ ਸੀ। ਇਸ ਕਾਰਵਾਈ ਤੋਂ ਪਹਿਲਾਂ ਤੇ ਇਸ ਕਾਰਵਾਈ ਦੇ ਨਤੀਜੇ ਵਜੋਂ, ਇਸ ਤੋਂ ਮਗਰੋਂ ਅੰਨੇਕੌਮੀ ਜਨੂੰਨ ਤੇ ਜੰਗੀ ਮਾਹੌਲ ਵਾਲੇ ਰੌਂਅ ਨੂੰ ਉਭਾਰਨ ਪਿੱਛੇ ਭਰਤੀ ਹਾਕਮਾਂ ਦੀਆਂ ਕਈ ਗਿਣਤੀਆਂ ਮਿਣਤੀਆਂ ਕੰਮ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ।
            ਪਹਿਲੇ, 8 ਜੁਲਾਈ ਨੂੰ ਕਸ਼ਮੀਰੀ ਖਾੜਕੂ ਬੁਰਹਾਨ ਵਾਨੀ ਦੇ ਕਤਲ ਤੋਂ ਬਾਅਦ ਕਸ਼ਮੀਰ ਵਾਦੀ ਚ ਭਾਰਤੀ ਹਾਕਮਾਂ ਖਿਲਾਫ ਭੜਕੀ ਰੋਹ-ਲਹਿਰ ਅਤੇ ਆਜ਼ਾਦੀ ਲਈ ਜੱਦੋਜਹਿਦ ਦਾ ਮੌਜੂਦਾ ਗੇੜ ਦਾ ਉਭਾਰ ਢਾਈ ਮਹੀਨੇ ਬੀਤ ਜਾਣ ਤੇ ਸਿਰੇ ਦਾ ਜਬਰ ਢਾਹੇ ਜਾਣ ਦੇ ਬਾਵਜੂਦ ਵੀ ਦਬਣ ਚ ਨਹੀਂ ਆ ਰਿਹਾ ਸੀ। ਭਾਰਤੀ ਹਾਕਮਾਂ ਵੱਲੋਂ ਦਹਿਸ਼ਤਗਰਦ ਗਰਦਾਨੇ ਜਾ ਰਹੇ ਕਸ਼ਮੀਰੀ ਖਾੜਕੂਆਂ ਦੇ ਜਨਾਜ਼ਿਆਂ ਚ ਹਜਾਰਾਂ ਲੋਕਾਂ ਦੀਆਂ ਆਪ ਮੁਹਾਰੇ ਜੁੜਦੀਆਂ ਭੀੜਾਂ, ਖਾੜਕੂਆਂ ਤੇ ਸੁਰੱਖਿਆ ਬਲਾਂ ਦੀਆਂ ਝੜੱਪਾਂ ਦੌਰਾਨ ਜਾਨ ਦਾ ਖਤਰਾ ਸਹੇੜ ਕੇ ਖਾੜਕੂਆਂ ਦੀ ਮਦਦ ਲਈ ਨਿੱਤਰਦੇ ਸੈਂਕੜਿਆਂ ਦੀ ਗਿਣਤੀ ਚ ਲੋਕ, ਭਾਰਤ ਦੀਆਂ ਹਥਿਆਰਬੰਦ ਸ਼ਕਤੀਆਂ ਵੱਲੋਂ ਬੇਕਿਰਕੀ ਨਾਲ ਵਰ੍ਹਾਈ ਜਾਂਦੀ ਮੌਤ ਤੋਂ ਬੇਖੌਫ ਇੱਟਾਂ ਰੋੜਿਆਂ ਨਾਲ ਉਹਨਾਂ ਨਾਲ ਜੂਝਦੇ ਹਜੂਮ ਅਤੇ ਵਰ੍ਹਦੀਆਂ ਗੋਲੀਆਂ, ਨਾਕਾਬੰਦੀਆਂ,  ਅਣਮਿਥੇ ਤੇ ਅਮੁੱਕ ਕਰਫਿਊਆਂ ਵਾਲੇ ਦਮ-ਘੋਟੂ ਮਾਹੌਲ ਚ ਵੀ ਥਾਂ ਥਾਂ ਉੱਠ ਰਹੇ ਆਜ਼ਾਦੀ ਦੇ ਨਾਹਰੇ ਭਾਰਤੀ ਹਾਕਮਾਂ ਦੇ ਇਸ ਕੂੜ ਪ੍ਰਚਾਰ ਦਾ ਜੱਗ-ਜ਼ਾਹਰਾ ਖੰਡਨ ਕਰ ਰਹੇ ਸਨ ਕਿ ਕਸ਼ਮੀਰ ਚ ਫੈਲੀ ਬਦਅਮਨੀ ਪਾਕਿਸਤਾਨੀ ਸ਼ਹਿ-ਪ੍ਰਾਪਤ ਮੁੱਠੀ ਭਰ ਦਹਿਸ਼ਤਗਰਦਾਂ ਦੀ ਕਾਰਸ਼ਤਾਨੀ ਹੈ। ਇਹ ਕਸ਼ਮੀਰੀ ਜੱਦੋ-ਜਹਿਦ ਨੂੰ ਮਿਲ ਰਹੇ ਭਾਰੀ ਜਨ ਸਮਰਥਨ ਅਤੇ ਭਾਰਤੀ ਹਾਕਮਾਂ ਦੀ ਸਿਰੇ ਦੀ ਨਿਖੇੜੇ ਵਾਲੀ ਹਾਲਤ ਤੇ ਜਾਬਰ ਚਿਹਰੇ ਦੀ ਨੁਮਾਇਸ਼ ਬਣ ਕੇ ਨਿੱਬੜ ਰਹੇ ਸਨ। ਪੈਲੇਟ ਗੰਨਾਂ ਤੇ ਹੋਰ ਘਾਤਕ ਹਥਿਆਰਾਂ ਦੀ ਬੇਕਿਰਕੀ ਨਾਲ ਕੀਤੀ ਜਾ ਰਹੀ ਵਰਤੋਂ ਕਰਕੇ 100 ਦੇ ਕਰੀਬ ਆਮ ਸ਼ਹਿਰੀਆਂ ਦੇ ਮਾਰੇ ਜਾਣ ਤੇ ਹਜਾਰਾਂ ਦੀ ਤਾਦਾਦ ਚ ਜਖਮੀ ਹੋਣ, ਮਹੀਨਿਆਂ-ਬੱਧੀ ਲੰਮਾ ਕਰਫਿਊ, ਅਖਬਾਰਾਂ ਤੇ ਇੰਟਰਨੈਟ ਤੇ ਪਾਬੰਦੀਆਂ ਸਦਕਾ ਭਾਰਤੀ ਰਾਜ ਵੱਲੋਂ ਕਸ਼ਮੀਰ ਚ ਢਾਹੇ ਜਾ ਰਹੇ ਜਬਰ ਤੇ ਮਨੁੱਖੀ ਅਧਿਕਾਰਾਂ ਦੇ ਘਾਣ ਵਿਰੁੱਧ ਕੌਮਾਂਤਰੀ ਦਬਾਅ ਵਧਦਾ ਜਾ ਰਿਹਾ ਸੀ। ਮੁਲਕ ਅੰਦਰ ਵੀ ਇਨਸਾਫ-ਪਸੰਦ ਤੇ ਜਮਹੂਰੀ ਹਲਕਿਆਂ ਵੱਲੋਂ ਭਾਰਤੀ ਹਾਕਮਾਂ ਦੀ ਅੜੀਅਲ, ਜਾਬਰ ਤੇ ਫਿਰਕੂ ਤੰਗ-ਨਜ਼ਰ ਪਹੁੰਚ ਵਿਰੁੱਧ ਆਵਾਜ਼ਾਂ ਦੀ ਸੁਰ ਉੱਚੀ ਹੁੰਦੀ ਜਾ ਰਹੀ ਸੀ। ਇਸ ਹਾਲਤ ਤੋਂ ਧਿਆਨ ਤਿਲ੍ਹਕਾਉਣ ਅਤੇ ਦੋਸ਼ ਦੀ ਉਂਗਲ ਪਾਕਿਸਤਾਨ ਵੱਲ ਸੇਧਤ ਕਰਨ ਲਈ ਆਮ ਜਨਤਾ ਚ ਅੰਨ੍ਹੀ ਕੌਮਪ੍ਰਸਤੀ ਤੇ ਪਾਕਿਸਤਾਨ ਵਿਰੋਧੀ ਜਨੂੰਨ ਭੜਕਾਉਣ ਦਾ ਰਾਹ ਚੁਣਿਆ ਗਿਆ। ਇਉਂ ਇਹ ਕਸ਼ਮੀਰੀ ਜੱਦੋਜਹਿਦ ਨੂੰ ਪਾਕਿਸਤਾਨ ਨਾਲ ਟੋਚਨ ਕਰਨ ਦੀ ਸ਼ੈਤਾਨੀ ਚਾਲ ਵੀ ਹੈ
            ਦੂਜੇ, 2014 ਦੀਆਂ ਚੋਣਾਂ ਮੌਕੇ ਆਪਣੇ ਚੋਣ ਪ੍ਰਚਾਰ ਦੌਰਾਨ ਮੋਦੀ ਨੇ ਮਨਮੋਹਣ ਸਿੰਘ ਦੀ ਅਗਵਾਈ ਹੇਠਲੀ ਯੂੁ.ਪੀ.ਏ. ਸਰਕਾਰ ਉੱਪਰ ਭਾਰਤ ਵਿਰੁੱਧ ਲਗਾਤਾਰ ਦਹਿਸ਼ਤਵਾਦ ਨੂੰ ਹੱਲਾਸ਼ੇਰੀ ਦਿੰਦੇ ਆ ਰਹੇ ਪਾਕਿਸਤਾਨ ਵਿਰੁੱਧ ਦ੍ਰਿੜ੍ਹ ਕਾਰਵਾਈ ਕਰਨ ਚ ਅਸਫਲ ਰਹਿਣ ਦਾ ਵਾਰ ਵਾਰ ਦੋਸ਼ ਲਾਇਆ ਸੀ। ਕਾਂਗਰਸੀ ਹਾਕਮਾਂ ਨੂੰ ਬੁਜ਼ਦਿਲਦੱਸਦਿਆਂ ਮਿਹਣਾ ਮਾਰਿਆ ਸੀ ਕਿ ਪਾਕਿਸਤਾਨ ਨੂੰ ਠੋਕਵਾਂ ਉੱਤਰ ਦੇਣ ਲਈ 56 ਇੰਚ ਦੀ ਛਾਤੀ ਦੀ ਲੋੜ ਹੈ। ਮੋਦੀ ਦੇ ਗੱਦੀ ਤੇ ਬੈਠਣ ਤੋਂ ਬਾਅਦ ਭਾਰਤ ਅੰਦਰ ਦਹਿਸ਼ਤਗਰਦੀ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਰਹੀਆਂ, ਪਾਕਿਸਤਾਨ ਦਾ ਹੱਥ ਹੋਣ ਦੇ ਦੋਸ਼ ਵੀ ਜਾਰੀ ਰਹੇ, ਪਰ ਮੋਦੀ ਇਨ੍ਹਾਂ ਨੂੰ ਰੋਕਣ ਲਈ ਕੋਈ ਕ੍ਰਿਸ਼ਮਾ ਨਾ ਦਿਖਾ ਸਕੇ। ਪਾਕਿਸਤਾਨੀ ਵਿਰੋਧੀ ਜਨੂੰਨ ਦਾ ਜੋ ਭੂਤ ਉਨ੍ਹਾਂ ਨੇ ਬੋਤਲ ਚੋਂ ਕੱਢਿਆ ਸੀ, ਹੁਣ ਉਸ ਨੇ ਮੋਦੀ ਜੀ ਨੂੰ ਹੀ ਡਰਾਉਣਾ ਆਰੰਭ ਕਰ ਦਿੱਤਾ। ਚੱਕਵੇਂ ਤੇ ਬੇਲਗਾਮ ਹਿੰਦੂ ਮੂਲਵਾਦੀ ਤੇ ਫਿਰਕੂ ਅਨਸਰਾਂ, ਸਿਆਸੀ ਵਿਰੋਧੀਆਂ ਅਤੇ ਮਜਮ੍ਹੇਬਾਜ਼ ਮੀਡੀਆ ਨੇ 56 ਇੰਚ ਦੀ ਛਾਤੀ ਵਾਲੀਆਂ ਟਕੋਰਾਂ ਮਾਰਨੀਆਂ ਆਰੰਭ ਦਿੱਤੀਆਂ। ਉੜੀ ਹਮਲੇ ਤੋਂ ਬਾਅਦ ਅੰਨ੍ਹੀ ਦੇਸ਼ ਭਗਤੀ ਨਾਲ ਵਰਗਲਾਈ ਆਮ ਜਨਤਾ ਤੇ ਸੰਘ ਪਰਿਵਾਰ ਦੇ ਹੀ ਵੱਡੇ ਹਿੱਸੇ ਵੱਲੋਂ ਪਾਕਿਸਤਾਨ ਨੂੰ ਕਰਾਰਾ ਜੁਆਬ ਦੇਣ ਲਈ ਦਬਾਅ ਵਧਣਾ ਆਰੰਭ ਹੋ ਗਿਆ। ਇਸ ਦਬਾਅ ਦਾ ਹੁੰਗਾਰਾ ਨਾ ਭਰਨ ਦਾ ਖਮਿਆਜਾ ਪਹਿਲਾਂ ਹੀ ਬੇਪੜਦ ਹੋਈ ਮੋਦੀ ਸਰਕਾਰ ਨੂੰ ਮਹਿੰਗੀ ਸਿਆਸੀ ਕੀਮਤ ਦੇ ਰੂਪ ਤਾਰਨਾ ਪੈਣਾ ਸੀ। ‘‘ਨਾਮ ਬੜੇ ਔਰ ਦਰਸ਼ਨ ਛੋਟੇ’’ ਵਾਲੀ ਬਹੁਤ ਹੀ ਸੀਮਤ ਅਖੌਤੀ ‘‘ਸਰਜੀਕਲ ਸਟਰਾਈਕ’’ ਇਸ ਦਬਾਅ ਨੂੰ ਹੀ ਖਾਰਜ ਕਰਨ ਦਾ ਯਤਨ ਸੀ। ਨਾਲ ਹੀ ਮੋਦੀ ਨੂੰ ਦੇਸ਼ ਦੀ ਆਜ਼ਾਦੀ ਅਤੇ ਏਕਤਾ ਤੇ ਅਖੰਡਤਾ ਦੇ ਦ੍ਰਿੜ, ਮਜਬੂਤ ਤੇ ਸਾਹਸੀ ਨੇਤਾ ਵਜੋਂ ਉਭਾਰਨ ਵੱਲ ਸੇਧਤ ਹੈ।
            ਤੀਜੀ, ਤੇ ਸਭ ਤੋਂ ਅਹਿਮ ਗਿਣਤੀ ਪੰਜਾਬ, ਯੂ.ਪੀ, ਗੁਜਰਾਤ ਤੇ ਕਈ ਹੋਰ ਰਾਜਾਂ 2017 ’ਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਚ ਇਸ ਦਾ ਸਿਆਸੀ ਲਾਹਾ ਲੈਣਾ ਹੈ। 2014 ਦੀਆਂ ਲੋਕ-ਸਭਾਈ ਚੋਣਾਂ ਦੌਰਾਨ ਮੋਦੀ ਵੱਲੋਂ ‘‘ਅੱਛੇ ਦਿਨ ਆਨੇ ਵਾਲੇ ਹੈਂ’’ ਦੇ ਲਾਏ ਨਾਹਰਿਆਂ ਦੀ ਫੂਕ ਪੂਰੀ ਤਰ੍ਹਾਂ ਨਿੱਕਲ ਗਈ ਹੈ। ਮਹਿੰਗਾਈ, ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਆਦਿਕ ਚ ਹੋਏ ਚੌਤਰਫਾ ਵਾਧੇ ਕਾਰਨ ਆਮ ਲੋਕਾਂ ਦੀਆਂ ਜਿਉਣ ਹਾਲਤਾਂ ਹੋਰ ਨਿੱਘਰੀਆਂ ਹਨ। ਮੋਦੀ ਸਰਕਾਰ ਤੋਂ ਆਮ ਲੋਕਾਂ ਦਾ ਮੋਹ ਕਾਫੀ ਹੱਦ ਤੱਕ ਭੰਗ ਹੋ ਚੁੱਕਾ ਹੈ। ਸੰਘ ਪ੍ਰਵਾਰ ਨਾਲ ਜੁੜੇ ਫਿਰਕੂ-ਫਾਸ਼ੀ ਗਰੋਹਾਂ ਵੱਲੋਂ ਗਊ-ਰੱਖਿਆ ਦੇ ਨਾਂ ਤੇ ਮੁਸਲਮਾਨਾਂ ਅਤੇ ਦਲਿਤਾਂ ਨੂੰ ਜਿਵੇਂ ਜਲੀਲ ਕੀਤਾ ਤੇ ਹਮਲਿਆਂ ਦਾ ਸ਼ਿਕਾਰ ਬਣਾਇਆ ਗਿਆ ਹੈ, ਉਹ ਭਾਜਪਾ ਹਕੂਮਤ ਤੋਂ ਪੂਰੀ ਤਰ੍ਹਾਂ ਬਦਜਨ ਹੋ ਚੁੱਕੇ ਹਨ। ਦੋਵੇਂ ਤਬਕੇ ਰਲ ਕੇ ਯੂ.ਪੀ. 40 ਫੀਸਦੀ ਦੇ ਕਰੀਬ ਬਣਦੇ ਹਨ। ਬਾਕੀ ਰਾਜਾਂ ਚ ਵੀ ਇਹ ਵੋਟਰਾਂ ਦਾ ਕਾਫੀ ਪ੍ਰਭਾਵਸ਼ਾਲੀ ਹਿੱਸਾ ਹੈ। ਅਜਿਹੀ ਹਾਲਤ ਚ ਮੋਦੀ ਸਰਕਾਰ ਆਪਣੇ ਦੁਰ-ਰਾਜ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਭਟਕਾਊ ਹੱਥ-ਕੰਡਿਆਂ ਦਾ ਸਹਾਰਾ ਤੱਕਣ ਲਈ ਮਜ਼ਬੂਰ ਹੈ। ਧਾਰਮਕ ਭਾਵਨਾਵਾਂ ਭੜਕਾ ਕੇ ਫਿਰਕੂ ਸਫਬੰਦੀ ਕਰਨ ਦਾ ਗੁਰ ਭਾਜਪਾ ਯੂ.ਪੀ.ਚ ਕਈ ਵਾਰ ਸਫਲਤਾ ਸਹਿਤ ਅਜ਼ਮਾ ਚੁੱਕੀ ਹੈ। ਪਰ ਇਸ ਦੀ ਵਾਰ ਵਾਰ ਕੀਤੀ ਵਰਤੋਂ ਕਾਰਨ ਇਹਦੀ ਕਾਰਗਰਤਾ ਘਟ ਰਹੀ ਹੈ। ਦੂਜੇ ਪਾਸੇ ਭਾਰਤ ਦੇ ਆਮ ਲੋਕਾਂ ਚ ਦੇਸ਼-ਭਗਤੀ ਦਾ ਕਾਫੀ ਜਜ਼ਬਾ ਹੈ, ਪਰ ਉਹਨਾਂ ਦੀ ਸਿਆਸੀ ਚੇਤਨਾ ਇੰਨੀ ਵਿਕਸਤ ਨਹੀਂ ਹੈ ਕਿ ਇਸ ਦੀ ਖਰੀ ਤੇ ਖੋਟੀ ਵਰਤੋਂ ਚ ਅਸਾਨੀ ਨਾਲ ਨਿਖੇੜਾ ਕਰ ਸਕਣ। ਇਸ ਪਿੱਛੇ ਛੁਪੇ ਸੌੜੇ ਸਿਆਸੀ ਮਨਸੂਬਿਆਂ ਨੂੰ ਪਛਾਣ ਸਕਣ। ਲੋਕਾਂ ਦੀ ਚੇਤਨਾ ਦੀ ਇਸ ਕਮਜ਼ੋਰੀ ਦਾ ਲਾਹਾ ਭਾਜਪਾ ਆਪਣੇ ਸੌੜੇ ਸਿਆਸੀ ਹਿਤਾਂ ਲਈ ਉਠਾਉਣ ਦੀ ਖੇਡ ਖੇਡਣਾ ਚਾਹੁੰਦੀ ਹੈ। ਸਾਹਿਤਕਾਰਾਂ ਵਿਰੁੱਧ ਮੋੜਵੇਂ ਹਮਲਿਆਂ ਦੌਰਾਨ, ਹੈਦਰਾਬਾਅਦ ਯੂਨੀਵਰਸਿਟੀ, ਫਿਰ ਜੇ.ਐਨ.ਯੂ. ਅਤੇ ਕਸ਼ਮੀਰ ਚ ਇਹ ਵਿਗੜੇ ਮੁਹਾਂਦਰੇ ਵਾਲੀ ਕੌਮਪ੍ਰਸਤੀ ਨੂੰ ਉਭਾਰਨ ਦੀਆਂ ਮਸ਼ਕਾਂ ਕਰਦੀ ਆ ਰਹੀ ਹੈ। ਇਹ ਕਸ਼ਮੀਰੀ ਲੋਕਾਂ ਦੀ ਕੌਮੀ ਜੱਦੋਜਹਿਦ ਨੂੰ ਫਿਰਕੂ ਰੰਗਤ ਦੇ ਕੇ ਅਤੇ ਇਸ ਦਾ ਪਾਕਿਸਤਾਨ ਨਾਲ ਗੰਢ-ਚਿਤਰਾਵਾ ਕਰਕੇ ਅਤੇ ਪਾਕਿਸਤਾਨ ਤੋਂ ਖਤਰੇ ਦੀ ਫਰਜੀ ਦੁਹਾਈ ਦੇ ਕੇ ਫਿਰਕੂਪੁਣੇ ਵਾਲਾ ਜੰਗੀ ਜਨੂੰਨ ਭੜਕਾ ਰਹੀ ਹੈ ਅਤੇ ਮੁਲਕ ਅੰਦਰ ਅੰਨ੍ਹੀ ਕੌਮਪ੍ਰਸਤੀ ਭੜਕਾ ਕੇ ਇਸ ਨੂੰ ਆਪਣੇ ਲਈ ਵੋਟਾਂ ਚ ਢਾਲਣ ਦਾ ਆਹਰ ਕਰ ਰਹੀ ਹੈ। ਅਖੌਤੀ ਸਰਜੀਕਲ ਸਟਰਾਈਕ ਤੇ ਇਸ ਦੀ ਅਸਰਕਾਰੀ ਬਾਰੇ ਕੀਤਾ ਜਾ ਰਿਹਾ ਵਧਵਾਂ ਤੇ ਗੁਮਰਾਹਕੁੰਨ ਪ੍ਰਾਪੇਗੰਡਾ ਇਸ ਮਨੋਰਥ ਦੀ ਪੂਰਤੀ ਵੱਲ ਹੀ ਸੇਧਤ ਹੈ।

ਕਾਰਵਾਈ ਵਿਵਾਦਾਂ ਦੇ ਘੇਰੇ

            ‘‘ਭਾਰਤੀ ਹਾਕਮਾਂ ਵੱਲੋਂ ‘‘ਸਰਜੀਕਲ ਸਟਰਾਈਕ’’ ਦੇ ਪੂਰੇ ਜੇਤੂ ਅੰਦਾਜ਼ ਚ ਹੁੱਬ ਕੇ ਕੀਤੇ ਐਲਾਨ ਤੋਂ ਝੱਟ ਬਾਅਦ ਹੀ ਇਹ ਕਾਰਵਾਈ ਵਿਵਾਦਾਂ ਚ ਘਿਰ ਗਈ। ਭਾਰਤੀ ਹਾਕਮਾਂ ਦਾ ਦਾਅਵਾ ਹੈ ਕਿ ਉਹਨਾਂ ਨੇ ਇਸ ਅਨੂਠੀ ਕਾਰਵਾਈ ਰਾਹੀਂ ਕੰਟਰੋਲ ਰੇਖਾ ਦੇ ਪਾਰ ਪਾਕਿਸਤਾਨੀ ਇਲਾਕੇ ਚ ਸੱਤ ਅਜਿਹੇ ਟਿਕਾਣਿਆਂ ਨੂੰ ਨਸ਼ਟ ਕਰ ਦਿੱਤਾ ਜੋ ਦਹਿਸ਼ਗਰਦਾਂ ਦੀ ਭਾਰਤ ਚ ਘੁਸਪੈਂਠ ਲਈ ਵਰਤੇ ਜਾਂਦੇ ਸਨ। ਦਹਿਸ਼ਤਗਰਦਾਂ ਨੂੰ ਪਹੁੰਚੇ ਭਾਰੀ ਜਾਨੀ ਨੁਕਸਾਨ ਦੀ ਵੀ ਗੱਲ ਪ੍ਰਚਾਰੀ ਜਾ ਰਹੀ ਹੈ। ਉਧਰ ਪਾਕਿਸਤਾਨ ਨੇ ਅਜਿਹੀ ਕਿਸੇ ਵੀ ਘਟਨਾ ਦੇ ਵਾਪਰਨ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਸਰਹੱਦ ਤੇ ਅਕਸਰ ਵਾਪਰਦੀਆਂ ਰਹਿੰਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਚ ਦੋ ਪਾਕਿਸਤਾਨੀ ਤੇ ਕਈ ਹਿੰਦੁਸਤਾਨੀ ਸੈਨਿਕ ਮਾਰੇ ਗਏ ਹਨ। ਭਾਰਤੀ ਦਾਅਵਿਆਂ ਨੂੰ ਚੁਣੌਤੀ ਦਿੰਦਿਆਂ ਅਤੇ ਇਸ ਦੇ ਪ੍ਰਮਾਣ ਦੀ ਮੰਗ ਕਰਦਿਆਂ ਪਾਕਿਸਤਾਨੀ ਅਧਿਕਾਰੀਆਂ ਨੇ ਬੀ.ਬੀ.ਸੀ. ਅਤੇ ਸੀ. ਐਨ.ਐਨ ਜਿਹੀਆਂ ਸਥਾਪਤ ਖਬਰ ਏਜੰਸੀਆਂ ਦੇ ਪੱਤਰਕਾਰਾਂ ਨੂੰ ਸਬੰਧਤ ਸਰਹੱਦੀ ਖੇਤਰ ਦਾ ਦੌਰਾ ਕਰਵਾਇਆ ਹੈਉਹਨਾਂ ਨੇ ਅਜਿਹੀ ਕਿਸੇ ਵੀ ਕਾਰਵਾਈ ਦੇ ਨਾਂ-ਨਿਸ਼ਾਨ ਨਾ ਦੇਖੇ ਜਾਣ ਦੀ ਪੁਸ਼ਟੀ ਕੀਤੀ ਹੈ। ਵਿਵਾਦ ਅਧੀਨ ਭਾਰਤ-ਪਾਕ ਸਰਹੱਦੀ ਖੇਤਰ ਦੀ ਨਿਗਰਾਨੀ ਕਰ ਰਹੇ ਯੂ.ਐਨ.ਓ. ਦੇ ਨਿਰੀਖਕਾਂ ਨੇ ਵੀ ਅਜਿਹੀ ਕਿਸੇ ਕਾਰਵਾਈ ਦੀ ਜਾਣਕਾਰੀ ਤੋਂ ਇਨਕਾਰ ਕੀਤਾ ਹੈ। ਇਸ ਕਾਰਵਾਈ ਲਈ ਮੋਦੀ ਸਰਕਾਰ ਦੀ ਮੁੱਢਲੀ ਬੇਸ਼ਰਤ ਹਮਾਇਤ ਤੋਂ ਬਾਅਦ ਜਦ ਭਾਜਪਾ ਨੇ ਇਸ ਦਾ ਸਿਆਸੀ ਸੁਆਰਥਾਂ ਲਈ ਮੁੱਲ ਵੱਟਣਾ ਆਰੰਭ ਕਰ ਦਿੱਤਾ ਤਾਂ ਕਾਂਗਰਸ ਅਤੇ ਆਪ ਦੇ ਲੀਡਰਾਂ ਨੇ ਵੀ ਪਾਕਿਸਤਾਨੀ ਪ੍ਰਚਾਰ ਨੂੰ ਕਾਟ ਕਰਨ ਦੀ ਲੋੜ ਦੇ ਬਹਾਨੇ ਇਸ ਕਾਰਵਾਈ ਦੀ ਵੀਡੀਓ ਫੁਟੇਜ ਜਾਰੀ ਕਰਨ ਦੀ ਮੰਗ ਕਰਕੇ ਇਸ ਕਾਰਵਾਈ ਨੂੰ ਸ਼ੱਕ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਭਾਵੇਂ ਮੋਦੀ ਸਰਕਾਰ ਨੇ ਇਸ ਮੰਗ ਨੂੰ ਬਹਾਦਰ ਭਾਰਤੀ ਫੌਜ ਦਾ ਅਪਮਾਨ ਕਰਨ ਦਾ ਦੋਸ਼ ਲਾ ਕੇ ਅਤੇ ਦੇਸ਼ ਦੀ ਸੁਰੱਖਿਆ ਦੇ ਨਾਂ ਹੇਠ ਵੀਡੀਓ ਫੁਟੇਜ ਜਾਰੀ ਨਾ ਕਰਨ ਦੀ ਗੱਲ ਕਹੀ ਹੈ, ਪਰ ਇਹ ਇਸ ਸੰਦੇਹ ਨੂੰ ਹੋਰ ਗੂੜ੍ਹਾ ਕਰਨ ਚ ਹੀ ਰੋਲ ਨਿਭਾਵੇਗੀ।
            ਸਿਆਸੀ ਵਿਸ਼ਲੇਸ਼ਕਾਂ ਅਨੁਸਾਰ, ਵੱਡੀਆਂ ਸਾਮਰਾਜੀ ਤਾਕਤਾਂ ਖਾਸ ਕਰਕੇ ਅਮਰੀਕਨ ਸਾਮਰਾਜਵਾਦ, ਆਪਣੇ ਯੁੱਧਨੀਤਕ ਹਿੱਤਾਂ ਸਦਕਾ, ਭਾਰਤੀ ਉਪ-ਮਹਾਂਦੀਪੀ ਖਿੱਤੇ ਅੰਦਰ, ਹਾਲ ਦੀ ਘੜੀ, ਕਿਸੇ ਵੱਡੀ ਉਥਲ-ਪੁਥਲ ਤੇ ਅਸਥਿਰਤਾ ਦਾ ਹਮਾਇਤੀ ਨਹੀਂ । ਅਮਰੀਕਨ ਸਾਮਰਾਜੀਏ ਭਾਰਤ ਤੇ ਪਾਕਿਸਤਾਨ ਦਰਮਿਆਨ ਚੱਲ ਰਹੇ ਰੱਟੇ ਦੇ ਮਸਲਿਆਂ ਦਾ ਵੀ ਕੋਈ ਫੈਸਲਾਕੁੰਨ ਨਿਬੇੜਾ ਨਹੀਂ ਚਾਹੁੰਦੇ, ਸਗੋਂ ਇਨ੍ਹਾਂ ਨੂੰ ਧੁਖਦਾ ਰੱਖਣਾ ਇਹਨਾਂ ਦੇ ਹਿੱਤਾਂ ਦੇ ਵਧੇਰੇ ਰਾਸ ਆਉਂਦਾ ਹੈ। ਅਮਰੀਕਨ ਸਾਮਰਾਜੀਆਂ ਦੀ ਇਸ ਰਜ਼ਾ ਨੂੰ ਨਾ ਭਾਰਤੀ ਤੇ ਨਾ ਹੀ ਪਾਕਿਸਤਾਨੀ ਹਾਕਮ ਮੌਜੂਦਾ ਸਮੇਂ ਉਲੰਘਣ ਦੀ ਹਿਮਾਕਤ ਨਹੀਂ ਕਰ ਸਕਦੇ। ਉਂਜ ਵੀ ਭਾਰਤ ਤੇ ਪਾਕਿਸਤਾਨ ਦੋਨੋ ਹੀ ਪ੍ਰਮਾਣੂ ਸ਼ਕਤੀਆਂ ਹੋਣ ਕਰਕੇ, ਉਹਨਾਂ ਵੱਲੋਂ ਇੱਕ ਦੂਜੇ ਨੂੰ ਫੈਸਲਾਕੁੰਨ ਰੂਪ ਚ ਹਰਾਉਣਾ ਸੰਭਵ ਨਹੀਂ। ਗੰਭੀਰ ਰਵਾਇਤੀ ਜੰਗ ਦੇ ਪ੍ਰਮਾਣੂ ਜੰਗ ਚ ਤਬਦੀਲ ਹੋਣ ਦੀ ਸੰਭਾਵਨਾ ਕਰਕੇ ਕੋਈ ਵੀ ਮੁਲਕ ਵੱਡੇ ਪੈਮਾਨੇ ਤੇ ਜੰਗ ਛੇੜਨ ਦਾ ਜੋਖਮ ਨਹੀਂ ਉਠਾ ਸਕਦਾ। ਨਾ ਹੀ ਸਾਮਰਾਜੀ ਪ੍ਰਭੂ ਇਹਨਾਂ ਨੂੰ ਅਜਿਹਾ ਕਰਨ ਦੀ ਇਜ਼ਾਜਤ ਦੇਣਗੇ। ਇਸ ਲਛਮਣ ਰੇਖਾ ਦੇ ਅੰਦਰ ਅੰਦਰ ਦੋਹਾਂ ਮੁਲਕਾਂ ਦੇ ਪਿਛਾਖੜੀ ਹੁਕਮਰਾਨ ਆਪੋ ਆਪਣੇ ਸਿਆਸੀ ਸੁਆਰਥਾਂ ਲਈ ਬਕਾਇਦਾ ਤੇ ਨਿਰਣਾਇਕ ਜੰਗ ਦਾ ਜੋਖਮ ਉਠਾਏ ਬਗੈਰ ਸੀਮਤ ਹਥਿਆਰਬੰਦ ਝੜੱਪਾਂ ਸਹਿਤ ਹੋਰ ਅਨੇਕਾਂ ਢੰਗਾਂ ਨਾਲ ਅਮੁੱਕ ਜੰਗ ਜਾਰੀ ਰੱਖ ਸਕਦੇ ਹਨ। ਭਾਰਤੀ ਹਾਕਮਾਂ ਵੱਲੋਂ ਸਰਜੀਕਲ ਸਟਰਾਈਕ ਦੇ ਨਾਂ ਨਾਲ ਪ੍ਰਚਾਰੀ ਜਾਂਦੀ ਮੌਜੂਦਾ ਕਾਰਵਾਈ ਇਸੇ ਘੇਰੇ ਵਿਚ ਆਉਂਦੀ ਹੈ। ਅਜਿਹੀਆਂ ਘਟਨਾਵਾਂ ਦੋਹਾਂ ਮੁਲਕਾਂ ਵਿਚਾਲੇ ਗਾਹੇ-ਬਗਾਹੇ ਵਾਪਰਦੀਆਂ ਹੀ ਰਹਿੰਦੀਆਂ ਹਨ, ਪਰ ਇਨ੍ਹਾਂ ਨੂੰ ਅਕਸਰ ਗੁਪਤ ਰੱਖਿਆ ਜਾਂਦਾ ਹੈ। ਇਸ ਬਾਰ ਫਰਕ ਇਹ ਹੈ ਕਿ ਆਪਣੀਆਂ ਸੌੜੀਆਂ ਸਿਆਸੀ ਲੋੜਾਂ ਲਈ ਮੋਦੀ ਸਰਕਾਰੀ ਨੇ ਇਸ ਨੂੰ ਨਸ਼ਰ ਕਰਨ ਤੇ ਵਧਾ ਚੜ੍ਹਾ ਕੇ ਪੇਸ਼ ਕਰਨ ਦਾ ਰਾਹ ਚੁਣਿਆ ਹੈ। ਦੋਨੋ ਮੁਲਕਾਂ ਦੇ ਪਿਛਾਖੜੀ ਹਾਕਮ ਇੱਕ ਦੂਜੇ ਮੁਲਕ ਅੰਦਰ ਬਦ-ਅਮਨੀ ਫੈਲਾਉਣ, ਭੰਨ-ਤੋੜ ਕਰਨ ਤੇ ਆਪਣਾ ਜਾਸੂਸੀ ਤਾਣਾ-ਬਾਣਾ ਉਸਾਰਨ ਦਾ ਯਤਨ ਕਰਦੇ ਰਹਿੰਦੇ ਹਨ। ਇਸੇ ਪ੍ਰਸੰਗ ਚ ਹੀ ਭਾਰਤੀ ਹਾਕਮਾਂ ਵੱਲੋਂ ਹੁਣ ਤੱਕ ਬਲੋਚਸਤਾਨ ਚ ਜੋ ਗੁੱਝੇ ਰੂਪ ਕੀਤਾ ਜਾਂਦਾ ਰਿਹਾ ਸੀ, ਹੁਣ ਆਪਣੇ ਸਿਆਸੀ ਲਾਹੇ ਲਈ ਨਸ਼ਰ ਕਰ ਦਿੱਤਾ ਹੈ।
            ਲੋਕਾਂ ਦੇ ਨੱਕੋਂ ਬੁੱਲ੍ਹੋਂ ਲਹਿ ਚੁੱਕੇ ਅਕਾਲੀ ਹਾਕਮ ਚੋਣਾਂ ਜਿੱਤਣ ਲਈ ਸਰਕਾਰੀ ਪੈਸੇ ਨਾਲ ਲੋਕਾਂ ਨੂੰ ਖਰੀਦਣ ਲਈ ਹਰ ਹਰਬਾ ਵਰਤ ਹੀ ਰਹੇ ਹਨ। ਲੋਕਾਂ ਅੰਦਰ ਪੈਦਾ ਹੋਏ ਜੰਗ ਦੇ ਸੰਸੇ ਨੂੰ ਵੀ ਉਹਨਾਂ ਨੇ ਆਪਣੇ ਇਹਨਾਂ ਸਿਆਸੀ ਸੁਆਰਥਾਂ ਦੀ ਪੂਰਤੀ ਲਈ ਨਿਆਮਤੀ ਮੌਕੇ ਵਜੋਂ ਵੇਖਿਆ। ਪੰਜਾਬ ਸਰਕਾਰ ਨੇ ਸਰਹੱਦ ਦੇ ਨਾਲ ਨਾਲ ਦਸ ਕਿਲੋਮੀਟਰ ਤੱਕ ਆਉਂਦੇ ਲਗਭਗ ਇੱਕ ਹਜਾਰ ਪਿੰਡਾਂ ਦੇ ਲੋਕਾਂ ਨੂੰ ਘਰ ਖਾਲੀ ਕਰ ਦੇਣ ਤੇ ਰਾਹਤ ਕੈਂਪਾਂ ਚ ਜਾਣ ਦਾ ਹੁਕਮ ਸੁਣਾ ਦਿੱਤਾ ਅਤੇ ਜੰਗ ਦਾ ਹਊਆ ਉਭਾਰਨਾ ਸ਼ੁਰੂ ਕਰ ਦਿੱਤਾ। ਸਰਹੱਦੀ ਪੱਟੀ ਖਾਲੀ ਕਰਾਉਣ ਲਈ ਮੰਤਰੀਆਂ, ਸਰਕਾਰੀ ਮੁਲਾਜਮਾਂ ਤੇ ਪੁਲਸ ਮੁਲਾਜਮਾਂ ਦੀ ਤਾਇਨਾਤੀ ਕਰ ਦਿੱਤੀ। ਅਕਾਲੀ ਰਣਨੀਤੀਕਾਰ ਇਹ ਝਾਕ ਲਾਈ ਬੈਠੇ ਸਨ ਕਿ ਉਹ ਇਹ ਗੱਲ ਉਭਾਰ ਕੇ ਕਿ ਕਿਵੇਂ ਜੰਗ ਦੇ ਖਤਰੇ ਦੌਰਾਨ ਅਕਾਲੀ ਪਾਰਟੀ ਤੇ ਸਰਕਾਰ ਸਰਹੱਦੀ ਪੱਟੀ ਦੇ ਲੋਕਾਂ ਸੰਗ ਡਟ ਕੇ ਖੜ੍ਹੀ ਹੈ, ਉਹ ਇਸ ਦੀ ਖੱਟੀ ਵੋਟਾਂ ਦੇ ਰੂਪ ਚ ਕਰ ਸਕਣਗੇ। ਪਰ ਪਿਛਲੀਆਂ ਜੰਗਾਂ ਦਾ ਤਜਰਬਾ ਹੰਢਾ ਚੁੱਕੇ ਲੋਕਾਂ ਨੇ ਦੇਖਿਆ ਕਿ ਸਰਹੱਦ ਤੇ ਤਾਂ ਕਿਸੇ ਕਿਸਮ ਦਾ ਤਣਾਅ ਨਹੀਂ। ਕੋਈ ਫੌਜੀ ਹਿਲਜੁਲ ਨਹੀਂ, ਬੀ.ਐਸ.ਐਫ. ਦੀ ਥਾਂ ਫੌਜ ਦੀ ਤਾਇਨਾਤੀ ਨਹੀਂ, ਕੋਈ ਖੁਫੀਆ-ਤੰਤਰ ਨਹੀਂ, ਚੈਕ ਪੋਸਟਾਂ ਸਥਾਪਤ ਨਹੀਂ ਕੀਤੀਆਂ ਗਈਆਂ। ਉਹ ਛੇਤੀ ਹੀ ਤਾੜ ਗਏ ਕਿ ਹਾਕਮਾਂ ਵੱਲੋਂ ਆਪਣੇ ਖੋਟੇ ਮਕਸਦਾਂ ਲਈ ਜੰਗ ਦਾ ਫਰਜੀ ਹਊਆ ਖੜ੍ਹਾ ਕੀਤਾ ਜਾ ਰਿਹਾ ਹੈ। ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਉਹਨਾਂ ਵੱਲੋਂ ਲੋਕਾਂ ਨੂੰ ਆਪਣੇ ਭਰੇ-ਭਕੁੰਨੇ ਘਰ, ਪੱਕੀਆਂ ਫਸਲਾਂ ਤੇ ਪਸ਼ੂ-ਡੰਗਰ ਛੱਡ ਕੇ ਉੱਜੜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਆਪਣੇ ਲਾਹੇ ਲਈ ਉਹਨਾਂ ਦੀਆਂ ਜਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਲੋਕ ਘਰ ਬਾਰ ਛੱਡ ਕੇ ਪਲਾਇਨ ਕਰਨ ਤੋਂ ਇਨਕਾਰੀ ਹੋ ਗਏ। ਜੋ ਇੱਕਾ-ਦੁੱਕਾ ਰਾਹਤ ਕੈਂਪਾਂ ਚ ਗਏ ਸਨ, ਉਹ ਵੀ ਇੱਕ ਦੋ ਦਿਨਾਂ ਬਾਅਦ ਪਰਤ ਆਏ। ਅਕਾਲੀ ਹਾਕਮਾਂ ਦੀ ਚਾਲ ਬੁਰੀ ਤਰ੍ਹਾਂ ਕੁੱਟੀ ਗਈ। ਉਹਨਾਂ ਨੂੰ ਪੁੱਠੀ ਪੈ ਗਈ। ਲੋਕਾਂ ਦੇ ਸੁਆਲਾਂ ਦਾ ਕੋਈ ਜੁਆਬ ਨਾ ਹੋਣ ਕਰਕੇ ਉਹਨਾਂ ਨੂੰ ਜੁੰਮੇਵਾਰੀ ਦਿੱਲੀ ਵੱਲ ਤਿਲ੍ਹਕਾ ਕੇ ਜਾਨ ਛੁਡਾਉਣੀ ਪਈ।

ਜੰਗੀ ਜਨੂੰਨ ਦਾ ਵਿਰੋਧ ਕਰੋ,ਲੋਕਾਂ ਦੇ ਮੁਜ਼ਰਮਾਂ ਨੂੰ ਪਛਾਣੋ

            ਲੋਕ ਚਾਹੇ ਕਿਸੇ ਵੀ ਧਰਮ, ਕੌਮ ਜਾਂ ਦੇਸ਼ ਨਾਲ ਸਬੰਧਤ ਹੋਣ, ਉਹਨਾ ਦੀ ਆਪਸ ਵਿਚ ਕੋਈ ਦੁਸਮਣੀ ਨਹੀਂ ਹੁੰਦੀ। ਇਹ ਮੌਕਾਪ੍ਰਸਤ ਸਿਆਸਤਦਾਨ ਹੁੰਦੇ ਹਨ, ਜੋ ਆਪਣੇ ਸੌੜੇ ਸੁਆਰਥਾਂ ਲਈ ਉਹਨਾਂ ਚ ਵੰਡੀਆਂ ਪਾਉਂਦੇ, ਨਫਰਤ ਦੀਆਂ ਦੀਵਾਰਾਂ ਖੜ੍ਹੀਆਂ ਕਰਦੇ ਤੇ ਇੱਕ ਦੂਜੇ ਵਿਰੁੱਧ ਦੁਸ਼ਮਣੀ ਭਰਦੇ ਹਨ। 1947 ਤੋਂ ਪਹਿਲਾਂ ਹਿੰਦੂ, ਮੁਸਲਮਾਨ, ਸਿੱਖ ਸਭ ਭਾਈਚਾਰਕ ਸਾਂਝ ਅਤੇ ਅਮਨ ਨਾਲ ਮਿਲ ਜੁਲਕੇ ਰਹਿੰਦੇ ਸਨ। ਫਿਰ ਸ਼ਾਤਰ ਅੰਗਰੇਜ਼ ਬਸਤੀਵਾਦੀਆਂ, ਕਾਂਗਰਸ ਤੇ ਮੁਸਲਿਮ ਲੀਗ ਦੇ ਲੀਡਰਾਂ ਨੇ ਆਪੋ ਆਪਣੇ ਸੁਆਰਥਾਂ ਲਈ ਉਹਨਾਂ ਵਿਚ ਵੰਡੀਆਂ ਪਾਕੇ ਤੇ ਫਸਾਦ ਰਚਾ ਕੇ ਲਹੂ ਦੀਆਂ ਲਕੀਰਾਂ ਵਾਹ ਦਿੱਤੀਆਂ। ਅੰਨ੍ਹੀ ਨਫਰਤ ਦੇ ਬੀਅ ਬੀਜ ਦਿੱਤੇ। ਇਸੇ ਨਫਰਤ ਨੂੰ ਵਾਰ ਵਾਰ ਭੜਕਾ ਕੇ, ਜੰਗੀ ਜਨੂੰਨ ਫੈਲਾਕੇ, ਦੋਹਾਂ ਮੁਲਕਾਂ ਦੇ ਪਿਛਾਖੜੀ ਸਿਆਸਤਦਾਨ ਆਪੋ ਆਪਣੇ ਮੁਲਕ ਚ ਹਕੂਮਤੀ ਕੁਰਸੀਆਂ ਹਥਿਆਉਣ, ਸਲਾਮਤ ਰੱਖਣ ਤੇ ਆਪਣੇ ਲੁਟੇਰੇ ਤੇ ਜਾਲਮਾਨਾ ਰਾਜ ਦੀ ਉਮਰ ਲੰਮੀ ਕਰਨ ਲਈ ਵਰਤਦੇ ਆ ਰਹੇ ਹਨ । ਦੋਹਾਂ ਮੁਲਕਾਂ ਚ ਇਸ ਨਿਹੱਕੀ ਨਫਰਤੀ ਜੰਗ ਚ ਮਰਨ ਵਾਲੇ ਚਾਹੇ ਆਮ ਸ਼ਹਿਰੀ ਹੋਣ ਜਾਂ ਸੈਨਿਕ, ਭਾਰਤੀ ਹੋਣ ਜਾਂ ਪਾਕਿਸਤਾਨੀ, ਇਹ ਸਭ ਆਮ ਮਿਹਨਤਕਸ਼ ਲੋਕ ਹਨ, ਜਿਨ੍ਹਾਂ ਨੂੰ ਪਿਛਾਖੜੀ ਹਾਕਮਾਂ ਵੱਲੋਂ ਲੁਟੇਰੀਆਂ ਜਮਾਤਾਂ ਦੇ ਹਿੱਤਾਂ ਉਪਰ ਦੇਸ਼ਭਗਤੀ ਦਾ ਨਕਾਬ ਚੜ੍ਹਾ ਕੇ ਉਹਨਾਂ ਨੂੰ ਨਿਹੱਕੀ ਤੇ ਪਿਛਾਖੜੀ ਜੰਗ ਦੀ ਭੱਠੀ ਚ ਝੋਕਿਆ ਜਾਂਦਾ ਹੈ। ਸਾਨੂੰ ਪਿਛਾਖੜੀ ਸਿਆਸਤਦਾਨਾਂ ਦੇ ਇਹਨਾਂ ਨਾਪਾਕ ਮਨਸੂਬਿਆਂ ਨੂੰ ਸਮਝਣ ਤੇ ਪਿਛਾੜਨ ਲਈ ਪੂਰੀ ਟਿੱਲ ਲਾਉਣ ਦੀ ਲੋੜ ਹੈ।

No comments:

Post a Comment