Monday, October 24, 2016

2. ਹਕੀਕੀ ਲੋਕ ਵਿਕਾਸ ਦਾ ਮਾਡਲ



ਪੰਜਾਬ ਨੂੰ ਬਚਾਉਣ ਦੀ ਬੂ-ਦੁਹਾਈ ਮੁਕਾਬਲੇ 

ਹਕੀਕੀ ਲੋਕ ਵਿਕਾਸ ਦਾ ਮਾਡਲ ਉਭਾਰੋ

- ਪਾਵੇਲ

ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ, ਤਾਂ ਵੱਖ-ਵੱਖ ਮੌਕਾਪ੍ਰਸਤ ਵੋਟ ਪਾਰਟੀਆਂ ਦੀ ਕਾਵਾਂਰੌਲੀ ਉ¤ਚੀ ਹੁੰਦੀ ਜਾ ਰਹੀ ਹੈ। ਅਕਾਲੀ-ਭਾਜਪਾ ਤੋਂ ਬਿਨਾਂ ਬਾਕੀ ਪਾਰਲੀਮਾਨੀ ਪਾਰਟੀਆਂ ਤੇ ਨੇਤਾ ਪੰਜਾਬ ਨੂੰ ਬਚਾਉਣ ਦੀ ਦੁਹਾਈ ਦੇ ਰਹੇ ਹਨ। ਡੁੱਬਦੇ ਪੰਜਾਬਨੂੰ ਬਚਾਉਣ ਲਈ ਉਹ ਪੰਜਾਬ ਦੀ ਰਾਜਸੀ ਤੇ ਪਸ਼ਾਸਨਿਕ ਵਾਗਡੋਰ ਉਹਨਾਂ ਹੱਥ ਦੇਣ ਦੇ ਵਾਸਤੇ ਪਾ ਰਹੇ ਹਨ ਤੇ ਸੱਤਾ ਚ ਆ ਕੇ ਪੰਜਾਬ ਨੂੰ ਵਿਕਾਸ ਦੇ ਰਾਹਾਂ ਤੇ ਛਾਲੀਂ ਤੋਰਨ ਦੇ ਐਲਾਨ ਕਰ ਰਹੇ ਹਨ। ਵਿਕਾਸਦਾ ਨਾਅਰਾ ਸਭਨਾਂ ਵੋਟ ਪਾਰਟੀਆਂ ਦਾ ਅੱਜ ਦੇ ਦੌਰ ਦਾ ਪਸੰਦੀਦਾ ਨਾਅਰਾ ਹੈ ਤੇ ਸਭ ਦਾ ਇਕ ਦੂਜੇ ਤੋਂ ਵਧਕੇ ਵਿਕਾਸ ਕਰਨ ਦਾ ਦਾਅਵਾ ਹੈ।

ਪੰਜਾਬ ਦੇ ਚੋਣ ਦੰਗਲ ਚ ਉ¤ਤਰ ਰਹੀਆਂ ਸਾਰੀਆਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਉਸੇ ਵਿਕਾਸ ਦੀ ਗੱਲ ਕਰ ਰਹੀਆਂ ਹਨ, ਜਿਸਦਾ ਦਾਅਵਾ ਅਕਾਲੀ-ਭਾਜਪਾ  ਸਰਕਾਰ ਵੱਲੋਂ ਆਪਣੀਆਂ ਹਕੂਮਤੀ ਪ੍ਰਾਪਤੀਆਂ ਦਰਸਾਉਣ ਲਈ ਕੀਤਾ ਜਾ ਰਿਹਾ ਹੈ। ਇਹ ਸਾਰੀਆਂ ਪਾਰਟੀਆਂ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ ਤਹਿਤ ਲਾਗੂ ਹੋ ਰਹੇ ਅਖੌਤੀ ਆਰਥਿਕ ਸੁਧਾਰ ਕਰਨ ਦੇ ਅਮਲ ਨੂੰ ਵਿਕਾਸ ਦਾ ਨਾਂ ਦੇ ਰਹੀਆਂ ਹਨ। ਇਹਨਾਂ ਨੀਤੀਆਂ ਦੇ ਲਾਗੂ ਹੋਣ ਦੇ ਅਮਲ ਦਾ ਅਰਥ ਦੇਸੀ ਦਲਾਲ ਸਰਮਾਏਦਾਰਾਂ ਤੇ ਸਾਮਰਾਜੀ ਬਹੁਕੌਮੀ ਕੰਪਨੀਆਂ ਦੀ ਪੂੰਜੀ ਦੇ ਕਾਰੋਬਾਰਾਂ ਦਾ ਪਸਾਰਾ ਕਰਨਾ ਹੈ। ਇਹਨਾਂ ਕਾਰੋਬਾਰਾਂ ਦੇ ਪਸਾਰੇ ਦੀਆਂ ਜ਼ਰੂਰਤਾਂ ਨਵੀਆਂ ਤੇ ਖੁੱਲ੍ਹੀਆਂ ਸੜਕਾਂ ਉਸਾਰਨ, ਨਵੀਆਂ ਬੰਦਰਗਾਹਾਂ ਅਤੇ ਰੇਲ ਤੇ ਜਲ ਮਾਰਗਾਂ ਦੀ ਉਸਾਰੀ ਕਰਨ, ਖਣਿਜਾਂ ਦੀ ਖੁਦਾਈ ਲਈ  ਨਵੀਆਂ ਖਾਣਾਂ ਪੁੱਟਣ, ਨਵੇਂ ਥਰਮਲ ਪਲਾਂਟ ਲਾਉਣ, ਸਮਾਰਟ ਸਿਟੀ ਉਸਾਰਨ ਵਰਗੇ ਪ੍ਰੋਜੈਕਟਾਂ ਦੀ ਮੰਗ ਕਰਦੀਆਂ ਹਨ। ਇਹਨਾਂ ਪ੍ਰੋਜੈਕਟਾਂ ਦਾ ਅਰਥ ਸਾਮਰਾਜੀ ਪੂੰਜੀ ਦਾ ਗਲਬਾ ਹੋਰ ਮਜਬੂਤ ਹੋਣਾ ਤੇ ਮੁਲਕ ਦੀ ਇਸ ਤੇ ਨਿਰਭਰਤਾ ਹੋਰ ਵਧਣਾ ਹੈ। ਦੇਸ ਦੇ ਹਾਕਮ ਇਹਨਾਂ ਪ੍ਰੋਜੈਕਟਾਂ ਲਈ ਇਕ ਦੂਜੇ ਤੋਂ ਵਧਕੇ ਮੁਲਕ ਦੇ ਵਸੀਲੇ ਝੋਕ ਰਹੇ ਹਨ ਤੇ ਕੰਪਨੀਆਂ ਦੇ ਮੁਨਾਫ਼ਿਆਂ ਲਈ ਨਵੇਂ ਨਵੇਂ ਨਿਯਮ ਕਾਨੂੰਨ ਘੜ ਰਹੇ ਹਨ। ਇਉਂ ਉਹ ਇਕ ਹੱਥ ਤਾਂ ਦੇਸੀ-ਵਿਦੇਸੀ ਸਰਮਾਏਦਾਰਾਂ ਨੂੰ ਅਜਿਹੇ ਗੱਫ਼ੇ ਲਵਾਉਣ ਬਦਲੇ ਦਲਾਲੀਆਂ ਛਕ ਰਹੇ ਹਨ ਤੇ ਦੂਜੇ ਪਾਸੇ ਲੋਕਾਂ ਦੀ ਲੁੱਟ ਤੇਜ਼ ਕਰਨ ਲਈ ਉਸਾਰੇ ਜਾ ਰਹੇ ਢਾਂਚੇ ਨੂੰ ਵਿਕਾਸ ਦਾ ਨਾਂ ਦੇ ਰਹੇ ਹਨ ਤੇ ਵੋਟਾਂ ਪੱਕੀਆਂ ਕਰਨ ਦਾ ਸਾਧਨ ਬਣਾ ਰਹੇ ਹਨ। ਏਸੇ ਲਈ ਅੱਜ ਵਿਕਾਸ ਦਾ ਨਾਅਰਾ ਮਾਰਦੇ ਸਾਰੇ ਸਿਆਸਤਦਾਨ, ਇਹ ਵਿਕਾਸ ਮਾਡਲ  ਲਾਗੂ ਨਾ ਕਰ ਸਕਣ ਲਈ ਆਪਣੇ ਅਕਾਵਾਂ ਸਾਹਮਣੇ ਇਕ ਦੂਜੇ ਦੀਆਂ ਅਸਫਲਤਾਵਾਂ ਗਿਣਾਉਂਦੇ ਹਨ ਤੇ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਇਹ ਵਿਕਾਸ ਮਾਡਲ ਲਾਗੂ ਕਰ ਸਕਣ ਦੀ ਆਪਣੀ ਯੋਗਤਾ ਪੇਸ਼ ਕਰਦੇ ਹਨ। ਇਨਕਲਾਬ ਦੇ ਹੋਕਰੇ ਮਾਰ ਰਹੀ ਆਮ ਆਦਮੀ ਪਾਰਟੀ  ਵੀ ਵੱਧ ਘੱਟ ਫਰਕਾਂ ਨਾਲ ਏਸੇ ਮਾਡਲ ਦੇ ਘੇਰੇ ਚ ਹੀ ਹੈ ਤੇ ਏਸੇ ਨੂੰ ਲਾਗੂ ਕਰਕੇ ਪੰਜਾਬ ਚ ਖੁਸ਼ਹਾਲੀ ਸਿਰਜਣ ਦਾ ਦਾਅਵਾ ਕਰ ਰਹੀ ਹੈ।

ਜੋਕਾਂ ਦੀ ਤਰੱਕੀ - ਲੋਕਾਂ ਦਾ ਉਜਾੜਾ

ਨਵੀਆਂ ਆਰਥਿਕ ਨੀਤੀਆਂ ਤਹਿਤ ਲਾਗੂ ਕੀਤੇ ਜਾ ਰਹੇ ਇਸ ਅਖੌਤੀ ਵਿਕਾਸ ਮਾਡਲ ਦੀਆਂ ਪੀੜਾਂ ਹੀ ਅੱਜ ਪੰਜਾਬ ਦੇ ਲੋਕ ਹੰਢਾ ਰਹੇ ਹਨ। ਇਸ ਮਾਡਲ ਦੇ ਲਾਗੂ ਹੋਣ ਦਾ ਹੀ ਸਿੱਟਾ ਹੈ ਕਿ ਖੇਤੀ ਖੇਤਰ ਬੁਰੀ ਤਰ੍ਹਾਂ ਤਬਾਹੀ ਮੂੰਹ ਆਇਆ ਹੋਇਆ ਹੈ ਤੇ ਪੰਜਾਬ ਦੀ ਕਿਸਾਨੀ ਖੁਦਕੁਸ਼ੀਆਂ ਦੀ ਫਸਲ ਕੱਟ ਰਹੀ ਹੈ। ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਲਾਗੂ ਕੀਤੇ ਗਏ ਹਰੇ ਇਨਕਲਾਬ ਨੇ ਕਿਸਾਨੀ ਦੀ ਇਕ ਪਾਸੇ ਬਹੁਕੌਮੀ ਕੰਪਨੀਆਂ ਹੱਥੋਂ ਲੁੱਟ ਤੇਜ਼ ਕਰਵਾਈ ਤੇ ਦੂਜੇ ਪਾਸੇ ਪਹਿਲਾਂ ਹੀ ਮੌਜੂਦ ਜਗੀਰੂ ਲੁੱਟ-ਖਸੁੱਟ ਨੂੰ ਹੋਰ ਤੇਜ਼ ਕਰ ਦਿੱਤਾ। ਮਸ਼ੀਨਰੀ, ਰੇਹਾਂ, ਸਪਰੇਆਂ ਤੇ ਹੋਰ ਲਾਗਤ ਖਰਚਿਆਂ ਦੇ ਝੰਬੇ ਕਿਸਾਨ, ਸਰਕਾਰੀ ਤੇ ਸਸਤੇ ਬੈਂਕ ਕਰਜ਼ਿਆਂ ਦੀ ਭਾਰੀ ਥੁੜ ਦੀ ਹਾਲਤ ਚ ਸ਼ਾਹੂਕਾਰਾਂ ਦੇ ਕਰਜ਼ ਜਾਲ ਚ ਹੋਰ ਦੀ ਹੋਰ ਫਸਦੇ ਗਏ। ਸਾਮਰਾਜੀ ਸਨਅਤਾਂ ਦੀਆਂ ਜ਼ਰੂਰਤਾਂ ਨੇ ਕਿਸਾਨਾਂ ਸਿਰ ਮੜ੍ਹੀ ਬੇ-ਲੋੜੀ ਮਸ਼ੀਨਰੀ ਕਰਜ਼ ਦੀ ਪੰਡ  ਹੋਰ ਭਾਰੀ ਕਰਨ ਦਾ ਸਾਧਨ ਬਣੀ। ਇਹਦਾ ਸਿੱਟਾ ਪਹਿਲਾਂ ਹੀ ਅਣਸਾਵੀਂ ਜ਼ਮੀਨ ਵੰਡ ਹੋਰ ਅਣਸਾਵੀਂ ਹੋ ਗਈ ਤੇ ਜ਼ਮੀਨ ਦੀ ਥੁੜ੍ਹ ਦਾ ਸ਼ਿਕਾਰ ਕਿਸਾਨੀ ਦੇ ਵੱਡੇ ਹਿੱਸੇ ਪੂਰੀ ਤਰ੍ਹਾਂ ਖੁੰਘਲ ਹੋਣ ਵੱਲ ਧੱਕੇ ਗਏ। ਮੰਡੀ ਚ ਸਾਮਰਾਜੀ ਤੇ ਦੇਸੀ ਧਨਾਢ ਵਪਾਰੀਆਂ ਦੇ ਕੰਟਰੋਲ ਨੇ ਕਿਸਾਨਾਂ ਨੂੰ ਰੱਜ ਕੇ ਲੁੱਟਿਆ ਤੇ ਜਿਣਸਾਂ ਰੋਲੀਆਂ। ਨਵੀਆਂ ਨੀਤੀਆਂ ਤਹਿਤ ਹੀ ਸਰਕਾਰੀ ਸਬਸਿਡੀਆਂ ਦੇ ਹੋਰ ਵਧੇਰੇ ਸੁੰਗੇੜੇ ਨੇ ਨਿਗੂਣੀਆਂ ਰਿਆਇਤਾਂ ਤੋਂ ਵੀ ਵਾਂਝਾ ਕਰਕੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਬਹੁਕੌਮੀ ਕੰਪਨੀਆਂ ਤੇ ਸ਼ਾਹੂਕਾਰ ਬਘਿਆੜਾਂ ਦੇ ਵੱਸ ਪਾ ਦਿੱਤਾ। ਕੰਪਨੀਆਂ ਦੇ ਮੁਨਾਫ਼ੇ ਦੀਆਂ ਜ਼ਰੂਰਤਾਂ ਅਨੁਸਾਰ ਮੜ੍ਹੀਆਂ ਫਸਲਾਂ ਦਾ ਸਿੱਟਾ ਪੰਜਾਬ ਚ ਪਾਣੀ ਦੇ ਸੰਕਟ ਪੈਦਾ ਹੋ ਜਾਣ ਚ ਨਿਕਲਿਆ। ਇਸ ਅਖੌਤੀ ਵਿਕਾਸ ਮਾਡਲ ਨੇ ਨਾ ਸਿਰਫ਼ ਕਿਸਾਨੀ ਨੂੰ ਹੀ ਖੁੰਘਲ ਕੀਤਾ, ਸਗੋਂ ਕਿਸਾਨਾਂ ਸਿਰ ਮੜ੍ਹੀਆਂ ਰੇਹਾਂ ਸਪਰੇਆਂ ਦੀ ਬੇਲੋੜੀ ਵਰਤੋਂ ਨੇ ਗੰਭੀਰ ਵਾਤਾਵਰਣ ਵਿਗਾੜਾਂ ਨੂੰ ਜਨਮ ਦਿੱਤਾ ਤੇ ਪੰਜਾਬ ਕੈਂਸਰ, ਕਾਲਾ ਪੀਲੀਏ ਵਰਗੀਆਂ ਦਰਜਨਾਂ ਨਾ-ਮੁਰਾਦ ਬਿਮਾਰੀਆਂ ਦਾ ਘਰ ਬਣ ਗਿਆ। ਦੂਜੇ ਪਾਸੇ ਏਸੇ ਮਾਡਲ ਤਹਿਤ ਸਾਮਰਾਜੀ ਪੂੰਜੀ ਦੀ ਬੇਰੋਕ ਆਮਦ ਨੇ ਪੰਜਾਬ ਦੀ ਸਨਅਤ ਦੀ ਭਾਰੀ ਤਬਾਹੀ ਕੀਤੀ ਹੈ। ਪਹਿਲਾਂ ਹੀ ਪੰਜਾਬ ਦੀ ਸਨਅਤ ਪੂਰੇ ਮੁਲਕ ਦੀ ਸਨਅਤ ਵਾਂਗ ਸਾਮਰਾਜੀਆਂ ਤੇ ਦਲਾਲ ਸਰਮਾਏਦਾਰਾਂ ਦੀ ਸਰਦਾਰੀ ਵਾਲੀ ਸਨਅਤ ਮੂਹਰੇ ਵਿਚਾਰੀ ਬਣਾ ਕੇ ਰੱਖੀ ਗਈ ਹੈ। ਪਰ ਹੁਣ ਨਵੇਂ ਵਿਕਾਸ ਮਾਡਲ ਨੇ ਦੇਸੀ ਸਨਅਤ ਦਾ ਉਜਾੜਾ ਸਿਰੇ ਲਾ ਦਿੱਤਾ ਹੈ। ਰੁਜ਼ਗਾਰ ਦਾ ਜ਼ਰੀਆ ਬਣਨ ਵਾਲੀ ਦੇਸੀ ਤੇ ਘਰੇਲੂ ਸਨਅਤ ਦੀ ਹੋਈ ਤਾਜ਼ਾ ਤਬਾਹੀ ਨੇ ਬੇ-ਰੁਜ਼ਗਾਰੀ ਦੀ ਜਮਾਂਦਰੂ ਸਮੱਸਿਆ ਨੂੰ ਨਵਾਂ ਪਸਾਰ ਤੇ ਸਿਖਰ ਦਿੱਤੀ ਹੈ। ਖੇਤੀ ਖੇਤਰ ਚੋਂ ਹੋ ਰਹੇ ਉਜਾੜੇ ਨੂੰ ਸਨਅਤੀ ਖੇਤਰ ਸਮੋਣੋਂ ਅਸਮਰੱਥ ਨਿਕਲਿਆ ਹੈ ਤੇ ਪੰਜਾਬ ਚ ਬੇਰੁਜ਼ਗਾਰਾਂ ਦੀਆਂ ਨਜ਼ਰੀਂ ਪੈਂਦੀਆਂ ਭੀੜਾਂ ਹਾਕਮਾਂ ਦੇ ਪਸੰਦੀਦਾ  ਵਿਕਾਸ ਮਾਡਲ ਦਾ ਨਮੂਨਾ ਦਰਸਾਉਂਦੀਆਂ ਹਨ। ਇਸ ਮਾਡਲ ਨੇ ਇਹੀ ਹਸ਼ਰ ਪਬਲਿਕ ਸੇਵਾ ਸੈਕਟਰ ਦਾ ਕੀਤਾ ਹੈ। ਕਿਸੇ ਦੌਰ ਚ ਸਮਾਜਵਾਦ ਦੇ ਨਾਅਰਿਆਂ ਉਹਲੇ ਭਾਰਤੀ ਦਲਾਲ ਸਰਮਾਏਦਾਰੀ ਤੇ ਸਾਮਰਾਜੀ ਪੂੰਜੀ ਦੀਆਂ ਖਾਸ ਜ਼ਰੂਰਤਾਂ ਲਈ ਉ¤ਸਰੇ ਪਬਲਿਕ ਸੈਕਟਰ ਦੇ ਦਿਨ ਹੁਣ ਪੁੱਗ ਗਏ ਹਨ। ਸਾਮਰਾਜੀ ਪੂੰਜੀ ਦੀਆਂ ਨਵੀਆਂ ਜ਼ਰੂਰਤਾਂ ਤਹਿਤ ਹੀ ਇਸ ਖੇਤਰ ਦੀ ਸਫ਼ ਵਲ੍ਹੇਟ ਦਿੱਤੀ ਗਈ ਹੈ ਤੇ ਇਸਦੇ ਨਿੱਜੀਕਰਨ ਨੇ ਇਕ ਪਾਸੇ ਰੁਜ਼ਗਾਰ ਦੀ ਭਾਰੀ ਤਬਾਹੀ ਕੀਤੀ ਹੈ ਤੇ ਨੌਜਵਾਨਾਂ ਦੀ ਕਿਰਤ ਸ਼ਕਤੀ ਦੀ ਲੁੱਟ ਤੇਜ਼ ਕਰ ਦਿੱਤੀ ਹੈ ਦੂਜੇ ਪਾਸੇ ਅਤਿ ਲੋੜੀਂਦੀਆਂ ਜੀਵਨ ਜ਼ਰੂਰਤਾਂ ਲਈ ਇਹਦੇ ਵੱਸ ਪਏ ਲੋਕਾਂ ਦੀਆਂ ਜੇਬਾਂ ਤੇ ਡਾਕੇ ਪੈ ਰਹੇ ਹਨ। ਇਕ ਪਾਸੇ ਧੜਾਧੜ ਨਵੇਂ ਆਲੀਸ਼ਾਨ ਹਸਪਤਾਲ, ਸਕੂਲ/ਕਾਲਜ, ਟਰਾਂਸਪੋਰਟ ਤੇ ਹੋਰ ਅਦਾਰੇ ਉ¤ਸਰ ਰਹੇ ਹਨ ਤੇ ਦੂਜੇ ਪਾਸੇ ਵੱਡਾ ਹਿੱਸਾ ਆਬਾਦੀ ਇਹਨਾਂ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੀ ਹੋ ਰਹੀ ਹੈ। ਸੜਕਾਂ ਤੱਕ ਤੇ ਵੀ ਟੌਲ ਟੈਕਸ ਤਾਰ ਰਹੀ ਹੈ। ਸਭਨਾਂ ਹਾਕਮ ਜਮਾਤ ਪਾਰਟੀਆਂ ਵੱਲੋਂ ਧਮਾਏ ਜਾ ਰਹੇ ਵਿਕਾਸ ਦੀ ਦਿਖਾਈ ਜਾਂਦੀ ਤਸਵੀਰ ਨਵੇਂ ਪੁਲ ਅਤੇ ਸੜਕਾਂ ਹਨ ਜੋ ਸਾਮਰਾਜੀ ਕੰਪਨੀਆਂ ਤੇ ਦੇਸੀ ਦਲਾਲ ਸਰਮਾਏਦਾਰਾਂ ਦੀ ਧੁਰ ਹੇਠਾਂ ਮੰਡੀ ਤੱਕ ਰਸਾਈ ਦੀਆਂ ਲੋੜਾਂ ਚੋਂ ਉ¤ਸਰ ਰਹੀਆਂ ਹਨ। ਇਹਨੂੰ ਵਿਕਾਸ ਦੱਸ ਕੇ ਲੋਕਾਂ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ। ਇਸ ਲੋਕ ਧ੍ਰੋਹੀ ਵਿਕਾਸ ਦੀ ਇਕ ਹਕੀਕਤ ਸਰਕਾਰੀ ਥਰਮਲਾਂ ਨੂੰ ਬੰਦ ਕਰਕੇ ਪ੍ਰਾਈਵੇਟ ਥਰਮਲਾਂ ਤੋਂ ਮਹਿੰਗੇ ਭਾਅ ਦੀ ਬਿਜਲੀ ਖਰੀਦ ਕੇ  ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣਾ ਹੈ। ਗੋਇੰਦਵਾਲ ਵਰਗੇ ਥਰਮਲ ਪਲਾਂਟ ਨੂੰ ਬੈਠੇ ਬਿਠਾਏ 413.75 ਕਰੋੜ ਰੁ: ਤਾਰਨਾ ਹੈ, ਅਜਿਹੇ ਲੁਟੇਰਿਆਂ ਦੇ ਪਲਾਂਟ ਲਗਾਉਣ ਲਈ ਗੋਬਿੰਦਪੁਰੇ ਦੀ ਜ਼ਮੀਨ ਐਕਵਾਇਰ ਕਰਕੇ ਦੇਣਾ ਹੈ ਤੇ ਕਿਸਾਨਾਂ ਦਾ ਲਹੂ ਵਹਾਉਣਾ ਹੈ। ਇਸ ਮਾਡਲ ਦੇ ਲਾਗੂ ਹੋਣ ਨੇ ਮੁਲਕ ਨੂੰ ਦੇਸੀ ਵਿਦੇਸ਼ੀ ਸਰਮਾਏਦਾਰਾਂ ਦੀ ਪੂੰਜੀ, ਤਕਨੀਕ ਦਾ ਹੋਰ ਵਧੇਰੇ ਮੁਥਾਜ ਬਣਾ ਦਿੱਤਾ ਹੈ ਤੇ ਸਮਾਜਿਕ ਸਭਿਆਚਾਰਕ ਖੇਤਰਾਂ ਚ ਵੀ ਸਾਮਰਾਜੀ ਸਰਦਾਰੀ ਨੂੰ ਹੋਰ ਤਕੜਾ ਕਰ ਦਿੱਤਾ ਹੈ। ਸਾਮਰਾਜੀ ਦਾਬੇ ਤੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਹੋਰ ਮਜਬੂਤ ਕਰਨ ਦਾ ਸਾਧਨ ਹੈ ਹਾਕਮ ਪਾਰਟੀਆਂ ਦਾ ਵਿਕਾਸ ਮਾਡਲ।
ਜੋਕਾਂ ਦੇ ਇਸ ਮਾਡਲ ਦੇ ਨਤੀਜੇ ਸਿਰਫ ਆਰਥਿਕ ਖੇਤਰ ਤੱਕ ਹੀ ਸੀਮਤ ਨਹੀਂ ਹਨ, ਸਗੋਂ ਸਮਾਜਿਕ ਸਭਿਆਚਾਰਕ ਖੇਤਰਾਂ ਤੱਕ ਵੀ ਲੋਕ ਇਹਨਾਂ ਦੀ ਪੀੜ ਹੰਢਾ ਰਹੇ ਹਨ। ਇਸ ਮਾਡਲ ਨੇ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਸਿਆਸੀ ਨੁਮਾਇੰਦਿਆਂ ਨਾਲ ਪੂਰੀ ਤਰ੍ਹਾਂ ਘਿਉ ਖਿਚੜੀ ਹੀ ਨਹੀਂ ਕੀਤਾ, ਸਗੋਂ ਕਾਰੋਬਾਰੀਆਂ ਨੂੰ ਸਿੱਧੇ ਤੌਰ ਤੇ ਹੀ ਸਿਆਸਤ ਦੇ ਖੇਤਰ ਚ ਖਿੱਚ ਲਿਆਂਦਾ ਹੈ ਤੇ ਸਿਆਸਤਦਾਨਾਂ ਨੂੰ ਨੰਗੇ ਚਿੱਟੇ ਕਾਰੋਬਾਰੀਆਂ ਚ ਤਬਦੀਲ ਕਰ ਦਿੱਤਾ ਹੈ। ਨਿੱਜੀ ਕਾਰੋਬਾਰਾਂ ਦੇ ਪਸਾਰੇ ਲਈ ਸਰਕਾਰੀ ਸਰਪ੍ਰਸਤੀ ਸਭ ਹੱਦਾਂ ਬੰਨੇ ਟੱਪ ਕੇ, ਹਰ ਤਰ੍ਹਾਂ ਦੇ ਨਿਯਮ ਕਾਨੂੰਨਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੀ ਹੈ। ਬਾਦਲ ਪਰਿਵਾਰ ਦਾ ਟਰਾਂਸਪੋਰਟ ਦਾ ਕਾਰੋਬਾਰ ਇਕ ਅਜਿਹਾ ਨਮੂਨਾ ਹੈ ਜੋ ਇਸ ਮਾਡਲ ਦੇ ਲਾਗੂ ਹੋਣ ਦੀ ਨੁਮਾਇੰਦਾ ਉਦਾਹਰਨ ਬਣਦਾ ਹੈ। ਆਰਥਿਕ ਲੁੱਟ ਤੋਂ ਅਗਾਂਹ ਗੁੰਡਾਗਰਦੀ ਜਿਸਦਾ ਵਜੂਦ ਸਮੋਇਆ ਲੱਛਣ ਹੈ।  ਇਉਂ ਹੀ ਸ਼ਰਾਬ ਕਾਰੋਬਾਰੀਆਂ ਤੋਂ ਲੈ ਕੇ ਰੇਤਾ-ਬਜ਼ਰੀ ਦੇ ਕਾਰੋਬਾਰੀਆਂ ਤੇ ਨਸ਼ੇ ਦੇ ਸਮੱਗਲਰਾਂ ਤੱਕ ਸਿਆਸਤਦਾਨਾਂ ਤੇ ਕਾਰੋਬਾਰੀਆਂ ਦੇ ਇੱਕ  ਹੋ ਜਾਣ ਦਾ ਵਰਤਾਰਾ ਏਸ ਵਿਕਾਸ ਮਾਡਲ ਦੀਆਂ ਹੀ ਕਲਾਸੀਕਲ ਉਦਾਹਰਨਾਂ ਹਨ। ਗੁੰਡਾ ਗ੍ਰੋਹਾਂ ਦੀ ਪਾਲਣਾ ਪੋਸ਼ਣਾ, ਉਹਨਾਂ ਦੀ ਕਾਰੋਬਾਰੀ ਤੇ ਸਿਆਸੀ ਹਿੱਤਾਂ ਲਈ ਵਰਤੋਂ ਸਿਰਫ਼ ਬਾਦਲ ਹਕੂਮਤ ਦੀ ਹੀ ਵਿਸ਼ੇਸ਼ਤਾ ਨਹੀਂ ਹੈ ਸਗੋਂ ਹਾਕਮ ਜਮਾਤਾਂ ਦੇ ਸਰਬ ਸਾਂਝੇ ਵਿਕਾਸਦਾ ਲਾਜ਼ਮੀ ਅੰਗ ਹੈ। ਹਾਕਮ ਜਮਾਤੀ ਸਿਆਸਤ ਦੇ ਸਭਨਾਂ ਤੌਰ ਤਰੀਕਿਆਂ ਤੇ ਇਸ ਵਿਕਾਸ ਮਾਡਲ ਦੀ ਡੂੰਘੀ ਮੋਹਰਛਾਪ ਹੈ। ਇਸ ਨੂੰ ਲਾਗੂ ਕਰਨ ਦੀ ਜ਼ਰੂਰਤ ਪਹਿਲਾਂ ਹੀ ਨਾਮ-ਨਿਹਾਦ ਜਮਹੂਰੀ ਹੱਕਾਂ ਦਾ ਬੁਰੀ ਤਰ੍ਹਾਂ ਗਲਾ ਘੁੱਟ ਰਹੀ ਹੈ ਤੇ ਲੋਕਾਂ ਤੇ ਹਕੂਮਤੀ ਜ਼ਬਰ ਦਾ ਕੁਹਾੜਾ ਆਏ ਦਿਨ ਤੇਜ਼ ਹੋ ਰਿਹਾ  ਹੈ।  ਇਉਂ ਹੀ ਨਵੀਆਂ ਨੀਤੀਆਂ ਤਹਿਤ ਸਰਕਾਰੀ ਅਦਾਰਿਆਂ ਦੀ ਵੇਚ ਵੱਟ ਦਾ ਅਮਲ ਤੇਜ਼ ਹੋਣਾ ਤੇ ਨਿੱਜੀ ਖੇਤਰਾਂ ਦੀ ਸਾਂਝ ਭਿਆਲੀ ਨਾਲ ਸਰਕਾਰੀ ਖੇਤਰ ਚੱਲਣਾ, ਭ੍ਰਿਸ਼ਟਾਚਾਰ ਵਰਗੀ ਅਲਾਮਤ ਦੇ ਹੋਰ ਡੂੰਘੀ ਜੜ੍ਹ ਫੜ ਜਾਣ ਦਾ ਕਾਰਨ ਬਣ ਰਿਹਾ ਹੈ। ਇਉਂ ਇਹ ਸਾਮਰਾਜੀ ਤੇ ਦਲਾਲ ਸਰਮਾਏਦਾਰਾਂ, ਜਗੀਰਦਾਰਾਂ ਦੇ ਵਿਕਾਸ ਦਾ ਰਾਹ ਹੈ, ਜਿਸਨੂੰ ਲੋਕਾਂ ਦਾ ਵਿਕਾਸ ਕਹਿ ਕੇ ਧੁਮਾਇਆ ਜਾ ਰਿਹਾ ਹੈ। ਪੰਜਾਬ ਦੇ ਸਮੂਹ ਕਿਰਤੀ ਲੋਕ ਇਸ ਮਾਡਲ ਨੇ ਉਜਾੜੇ ਦੇ ਮੂੰਹ ਧੱਕ ਦਿੱਤੇ ਹਨ ਤੇ ਸਰਮਾਏਦਾਰਾਂ-ਜਗੀਰਦਾਰਾਂ ਦੇ ਮੁਨਾਫ਼ੇ ਕਈ ਗੁਣਾ ਵਧ ਗਏ ਹਨ।

ਜ਼ਰੱਈ ਇਨਕਲਾਬੀ ਪ੍ਰੋਗਰਾਮ ਤੇ ਆਧਾਰਿਤ ਵਿਕਾਸ ਮਾਡਲ



ਹਕੀਕੀ ਲੋਕ ਵਿਕਾਸ ਦਾ ਭਾਵ ਲੋਕਾਂ ਦੇ ਜੂਨ ਗੁਜ਼ਾਰੇ ਦੇ ਸਾਧਨ ਹਾਸਲ ਹੋਣਾ, ਰੁਜ਼ਗਾਰ ਦੇ ਮੌਕਿਆਂ ਦਾ ਹੋਰ ਪਸਾਰਾ ਹੋਣਾ, ਉਜਰਤਾਂ ਦੇ ਵਾਧੇ  ਹੋਣਾ, ਮਹਿੰਗਾਈ ਕਾਬੂ ਚ ਰਹਿਣਾ, ਕੰਮ ਹਾਲਤਾਂ  ਸੁਖਾਲੀਆਂ ਹੋਣਾ, ਜਮਹੂਰੀ ਅਧਿਕਾਰ  ਹਾਸਲ ਹੋਣਾ ਤੇ ਬਹੁਗਿਣਤੀ ਲੋਕਾਂ ਦੀ ਖੁਸ਼ਹਾਲ ਤੇ ਸੁਖੀ ਜ਼ਿੰਦਗੀ ਹੋਣਾ ਆਦਿ ਬਣਦਾ ਹੈ। ਸਿੱਖਿਆ, ਸਿਹਤ, ਆਵਾਜਾਈ ਵਰਗੀਆਂ ਸਹੂਲਤਾਂ ਸਭਨਾਂ ਦੀ ਪਹੁੰਚ ਚ ਹੋਣਾ ਹੈ। ਅਜਿਹੇ ਵਿਕਾਸ ਲਈ ਮਾਡਲ ਜ਼ਮੀਨ ਹਲਵਾਹਕ ਦੀਦੇ ਨਾਅਰੇ ਹੇਠ ਜ਼ਰਈ ਇਨਕਲਾਬੀ ਪ੍ਰੋਗਰਾਮ ਦੇ ਆਧਾਰ ਤੇ ਜਗੀਰੂ ਤੇ ਸਾਮਰਾਜੀ ਲੁੱਟ-ਖਸੁੱਟ ਦੇ ਖਾਤਮੇ ਦਾ ਮਾਡਲ ਹੈ, ਜਿਹੜਾ ਜ਼ਮੀਨ ਦੀ ਮੁੜ-ਵੰਡ ਕਰਕੇ ਸਵੈ-ਨਿਰਭਰ ਸਨਅਤੀ  ਵਿਕਾਸ ਦੇ ਰਾਹ ਪੈ ਕੇ ਮੁਲਕ ਦੇ ਲੋਕਾਂ ਲਈ ਖੁਸ਼ਹਾਲੀ ਦੇ ਬੂਹੇ ਖੋਲ੍ਹਦਾ ਹੈ। ਇਹਦੇ ਲਈ ਖੇਤੀ ਖੇਤਰ ਚ ਸਾਮਰਾਜੀ ਲੁੱਟ-ਖਸੁੱਟ ਭਾਵ ਬਹੁਕੌਮੀ ਕੰਪਨੀਆਂ ਦੇ ਮਾਲ ਰਾਹੀਂ ਹੁੰਦੀ ਲੁੱਟ ਖਤਮ ਕਰਕੇ ਲਾਗਤ ਖਰਚਿਆਂ ਚ ਕਮੀ ਕਰਨ ਤੇ ਸੂਦਖੋਰੀ ਦਾ ਮੁਕੰਮਲ ਫਸਤਾ ਵੱਢ ਕੇ ਸਸਤੇ ਸਰਕਾਰੀ ਕਰਜ਼ੇ ਯਕੀਨੀ ਕਰਨ, ਤਿੱਖੇ ਜ਼ਮੀਨੀ ਸੁਧਾਰਾਂ ਰਾਹੀਂ ਜ਼ਮੀਨ ਦੀ ਬਰਾਬਰ ਵੰਡ ਕਰਨ, ਮੰਡੀਕਰਨ ਯਕੀਨੀ ਕਰਨ ਆਦਿ ਵਰਗੇ ਇਨਕਲਾਬੀ ਕਦਮਾਂ ਨਾਲ ਕਿਸਾਨਾਂ ਨੂੰ ਖੁਸ਼ਹਾਲ ਬਣਾਉਣਾ ਹੈ। ਪੰਜਾਬ ਦੇ ਮੌਸਮ ਤੇ ਭੂਗੋਲਿਕ ਹਾਲਤਾਂ ਅਨੁਸਾਰ ਫਸਲਾਂ ਦੀ ਚੋਣ ਕਰਕੇ ਵਾਤਾਵਰਣ ਤੇ ਪਾਣੀ ਦੇ ਸੋਮਿਆਂ ਦੀ ਤਬਾਹੀ ਰੋਕਣਾ ਹੈ। ਘਰੇਲੂ ਤੇ ਦੇਸੀ ਤਕਨੀਕ ਆਧਾਰਿਤ ਸਨਅਤ ਨੂੰ ਸਰਕਾਰੀ ਸਹਾਇਤਾ ਦੇ ਜ਼ੋਰ ਪ੍ਰਫੁਲਿਤ ਕਰਨਾ ਤੇ ਸਾਮਰਾਜੀ ਦਲਾਲ-ਸਰਮਾਏਦਾਰੀ ਦੀ ਸਨਅਤ ਨੂੰ ਸਰਕਾਰੀ ਤਾਕਤ ਦੇ ਜ਼ੋਰ ਦਬਾ ਕੇ ਰੱਖਣਾ ਤੇ ਅੰਤ ਮੁਕੰਮਲ ਸਫਾਇਆ ਕਰਨਾ ਹੈ। ਇਉਂ ਹੀ  ਸੇਵਾਵਾਂ ਦੇ ਖੇਤਰਾਂ ਲਈ ਭਾਰੀ ਬੱਜਟ ਜਟਾਉਣਾ ਹੈ। ਸਰਕਾਰੀ ਖਜ਼ਾਨਾ ਭਰਨ ਲਈ ਵੱਡੀ ਸਰਮਾਏਦਾਰਾਂ ਤੇ ਸਾਮਰਾਜੀ ਵਿਦੇਸ਼ੀ ਪੂੰਜੀ ਤੇ ਹੋਰ ਸਾਜੋ ਸਮਾਨ ਜਬਤ ਕਰਨਾ ਹੈ ਤੇ ਨਿੱਜੀ ਕਾਰੋਬਾਰੀਆਂ ਤੇ ਮੁਨਾਫ਼ੇ ਦੀਆਂ ਹੱਦਾਂ ਮਿਥਣਾ ਹੈ। ਦੇਸ਼ ਸਿਰ ਉਹਨਾਂ ਦੇ ਚੜ੍ਹਾਏ ਕਰਜ਼ੇ ਦੱਬਣਾ ਹੈ। ਆਰਥਿਕ ਖੇਤਰ ਚ ਅਜਿਹੇ ਕਦਮਾਂ ਦਾ ਸਬੰਧ ਸਿਆਸੀ ਖੇਤਰ ਚ ਲੋਕਾਂ ਦੇ ਹੱਥ ਸੱਤਾ ਆਉਣ, ਰਾਜ ਭਾਗ ਚ ਲੋਕਾਂ ਦੀ ਹਰ ਪੱਖੋਂ ਦਖਲ-ਅੰਦਾਜ਼ੀ ਤੇ ਪੁੱਗਤ ਬਣਨ ਨਾਲ ਜੁੜਨਾ ਹੈ।  ਲੋਕਾਂ ਨੂੰ ਆਪਣੇ ਚੋਂ ਨੁਮਾਇੰਦੇ ਚੁਣਨ ਤੇ ਵਾਪਸ ਬੁਲਾਉਣ ਦੇ ਅਧਿਕਾਰਾਂ ਨਾਲ ਹੀ ਸੱਤਾ ਲੋਕਾਂ ਹੱਥ ਰਹਿਣ ਦੀ ਜ਼ਾਮਨੀ ਬਣਨੀ ਹੈ। ਸਾਬਕਾ ਵੱਡੇ ਸਰਮਾਏਦਾਰਾਂ, ਜਗੀਰਦਾਰਾਂ ਤੇ ਹੋਰ ਲੋਕ-ਦੁਸ਼ਮਣਾਂ ਲਈ ਵੋਟਾਂ ਚ ਭਾਗ ਲੈਣ ਤੇ ਮਨਾਹੀ ਹੋਣੀ ਹੈ। ਲੋਕਾਂ ਚ ਆਰਥਿਕ ਬਰਾਬਰੀ ਸਿਰਜਣ ਤੇ ਸਿਆਸੀ ਪੁੱਗਤ ਬਣਨ ਨਾਲ ਹੀ ਸਮਾਜ ਚੋਂ ਜਾਤਾਂ-ਧਰਮਾਂ ਦੇ ਵਿਤਕਰਿਆਂ ਤੇ ਦਾਬੇ ਦੇ ਮੁਕੰਮਲ ਖਾਤਮੇ ਵੱਲ ਵਧਿਆ ਜਾਣਾ ਹੈ। ਹਰ ਕਿਸਮ ਦੇ ਧੱਕੇ-ਵਿਤਕਰੇ ਦਾ ਅੰਤ ਹੋਣਾ ਹੈ।
         
   ਅਜਿਹੇ ਵਿਕਾਸ ਮਾਡਲ ਨਾਲ ਹੀ ਪੰਜਾਬ ਚ ਖੁਸ਼ਹਾਲੀ ਸਿਰਜੀ ਜਾ ਸਕਦੀ ਹੈ, ਪਰ ਇਸ ਮਾਡਲ ਨੂੰ ਮੌਜੂਦਾ ਵਿਧਾਨ ਸਭਾ ਸਮੇਤ ਹਾਸਲ ਰਾਜ ਮਸ਼ੀਨਰੀ ਰਾਹੀਂ ਲਾਗੂ ਨਹੀਂ ਕੀਤਾ ਜਾ ਸਕਦਾ। ਦੇਸ਼ ਦੀ ਪਾਰਲੀਮੈਂਟ ਤੋਂ ਲੈ ਕੇ ਵਿਧਾਨ ਸਭਾਵਾਂ ਸਮੇਤ ਅਦਾਲਤਾਂ ਤੇ ਅਫਸਰਸ਼ਾਹੀ ਤੱਕ ਸਮੋਈ ਰਾਜ ਮਸ਼ੀਨਰੀ ਜੋਕ ਰਾਜ ਦੀ ਮਸ਼ੀਨਰੀ ਹੈ ਤੇ ਏਸੇ ਸਥਾਪਿਤ ਢਾਂਚੇ ਨੂੰ ਹੋਰ ਤਕੜਾ ਕਰਨ ਦਾ ਰੋਲ ਅਦਾ ਕਰਦੀ ਹੈ। ਇਹ ਵਿਕਾਸ ਮਾਡਲ ਲਾਗੂ ਕਰਨ ਲਈ ਲੋਕਾਂ ਨੂੰ ਆਪਣੇ ਮੌਜੂਦਾ ਸੰਘਰਸ਼ਾਂ ਤੋਂ ਅੱਗੇ ਬੁਨਿਆਦੀ ਤਬਦੀਲੀ ਦੇ ਮੁੱਦਿਆਂ ਵੱਲ ਵਧਣਾ ਪੈਣਾ ਹੈ ਤੇ ਮੌਜੂਦਾ ਰਾਜ-ਭਾਗ ਦੇ ਮੁਕਾਬਲੇ ਦੀ ਸੱਤਾ ਉਸਾਰਦੇ ਜਾਣਾ ਹੈ। ਇਹ ਲੋਕ ਪੱਖੀ ਸੱਤਾ ਉਸਾਰਨ ਦਾ ਰਸਤਾ ਅੱਜ ਦੇ ਲੋਕ ਸੰਘਰਸ਼ਾਂ ਚੋਂ ਹੀ ਨਿਕਲਦਾ ਹੈ। ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਘੜਮੱਸ ਦੌਰਾਨ ਜੋਕਾਂ ਦੇ ਵਿਕਾਸ ਮਾਡਲ ਦੇ ਮੁਕਾਬਲੇ ਹਕੀਕੀ ਲੋਕ ਵਿਕਾਸ ਮਾਡਲ ਦੀ ਸਮੁੱਚੀ ਤਸਵੀਰ ਉਭਾਰਨਾ ਇਨਕਲਾਬੀ ਤੇ ਖਰੀਆਂ ਲੋਕ ਪੱਖੀ ਸ਼ਕਤੀਆਂ ਦਾ ਅਹਿਮ ਕਾਰਜ ਹੈ।

No comments:

Post a Comment