Monday, October 24, 2016

17. ਕਾਮਰੇਡ ਮੇਘ ਰਾਜ ਕਾਫਲੇ ’ਚੋਂ ਵਿਦਾ



ਬਜ਼ੁਰਗ ਕਮਿਊਨਿਸਟ ਇਨਕਲਾਬੀ ਆਗੂ

ਕਾਮਰੇਡ ਮੇਘ ਰਾਜ ਰਾਮਪੁਰਾ ਇਨਕਲਾਬੀ ਕਾਫਲੇ ਚੋਂ ਵਿਦਾ

ਪੰਜਾਬ ਦੇ ਕਮਿਊਨਿਸਟ ਇਨਕਲਾਬੀ ਅਤੇ ਅਗਾਂਹਵਧੂ ਹਲਕਿਆਂ ਲਈ ਇਹ ਬੜੀ ਦੁਖਦਾਈ ਖਬਰ ਹੈ ਕਿ ਕਾਮਰੇਡ ਮੇਘ ਰਾਜ 4 ਅਕਤੂਬਰ 2016 ਨੂੰ ਇਨਕਲਾਬੀ ਲਹਿਰ ਨੂੰ ਵਿਗੋਚਾ ਦੇ ਗਏ। ਉਹ ਪਿਛਲੇ ਕਈ ਸਾਲਾਂ ਤੋਂ ਪਾਰਕਿਨਸਨ ਰੋਗ ਤੋਂ ਪੀੜਤ ਸਨ ਤੇ ਇਲਾਜ ਅਧੀਨ ਸਨ। ਉਹਨਾਂ ਨੇ 78 ਸਾਲ ਦੀ ਗੌਰਵਮਈ ਤੇ ਭਰਪੂਰ ਜਿੰਦਗੀ ਜਿਉਂਈਂ ਅਤੇ ਆਪਣੇ ਪਿੱਛੇ ਆਪਣੀ ਸੁਪਤਨੀ ਤੇ ਦੋ ਵਿਆਹੀਆਂ-ਵਰੀਆਂ ਧੀਆਂ ਤੇ ਉਹਨਾਂ ਦੇ ਪਰਿਵਾਰ ਛੱਡ ਗਏ।
ਕਾਮਰੇਡ ਮੇਘ ਰਾਜ ਪੰਜਾਬ ਚ ਕਮਿਊਨਿਸਟ ਇਨਕਲਾਬੀ ਲਹਿਰ ਦੇ ਉਸ ਮੁੱਢਲੇ ਪੂਰ ਨਾਲ ਸਬੰਧਤ ਸਨ ਜੋ 1967 ਵਿੱਚ ਹੋਈ ਨਕਸਲਵਾੜੀ ਦੀ ਘਟਨਾ ਬਾਅਦ ਭਾਰਤ ਦੀ ਕਮਿਊਨਿਸਟ ਲਹਿਰ ਚ ਹੋਈ ਇਨਕਲਾਬੀ ਉਥਲ-ਪੁਥਲ ਤੇ ਸਫਬੰਦੀ ਦੇ ਸਿੱਟੇ ਵਜੋਂ ਰਵਾਇਤੀ ਕਮਿਊਨਿਸਟ ਪਾਰਟੀਆਂ ਨਾਲੋਂ ਵਿਚਾਰਧਾਰਕ ਸਿਆਸੀ ਤੋੜ- ਵਿਛੋੜਾ ਕਰਕੇ ਕਮਿਊਨਿਸਟ ਇਨਕਲਾਬੀ ਧਿਰ ਨਾਲ ਡਟ ਕੇ ਖੜ੍ਹ ਗਏ ਸਨ ਅਤੇ ਪੰਜਾਬ ਚ ਸਹੀ ਲੀਹਾਂ ਤੇ ਕਮਿਊਨਿਸਟ ਇਨਕਲਾਬੀ ਲਹਿਰ ਨੂੰ ਜਥੇਬੰਦ ਤੇ ਇਕਮੱਠ ਕਰਨ ਲਈ ਜੁਟ ਗਏ ਸਨ।
ਕਾਮਰੇਡ ਮੇਘ ਰਾਜ ਪੰਜਾਬ ਦੇ ਉਹਨਾਂ ਗਿਣਵੇਂ-ਚੁਣਵੇਂ ਸਾਥੀਆਂ ਚ ਸ਼ੁਮਾਰ ਹਨ ਜਿੰਨਾਂ ਨੇ ਪ੍ਰੋਫੈਸਰ ਦੇ ਨਾਂ ਨਾਲ ਮਸ਼ਹੂਰ ਕਾਮਰੇਡ ਹਰਭਜਨ ਸੋਹੀ ਦੀ ਅਗਵਾਈ ਵਿਚ ਕਮਿਊਨਿਸਟ ਲਹਿਰ ਚ ਕਾਮਰੇਡ ਚਾਰੂ ਮਾਜ਼ੂਮਦਾਰ ਦੀ ਖੱਬੇ ਮਾਅਰਕੇਬਾਜ ਲੀਹ ਦਾ ਐਨ ਸ਼ੁਰੂ ਤੋਂ ਹੀ ਵਿਰੋਧ ਕਰਦਿਆਂ ਇਨਕਲਾਬੀ ਜਨਤਕ ਲੀਹ ਦੀ ਮਹੱਤਤਾ ਨੂੰ ਉਭਾਰਿਆ। ਉਹਨਾਂ ਨੇ ਜਮਾਤੀ ਦੁਸ਼ਮਣਾਂ ਦੇ ਸਫਾਏ ਦੀ ਲੀਹ ਦਾ ਵਿਰੋਧ ਕੀਤਾ ਅਤੇ ਇਨਕਲਾਬੀ ਜਨਤਕ ਜਥੇਬੰਦੀਆਂ, ਜਨਤਕ ਘੋਲਾਂ ਆਦਿਕ ਦੀ ਮਹੱਤਤਾ ਨੂੰ ਉਭਾਰਿਆ। ਚਾਰੂ ਮਾਜ਼ੂਮਦਾਰ ਦੀ ਅਗਵਾਈ ਹੇਠਲੀ ਇਨਕਲਾਬੀ ਜਥੇਬੰਦੀ ਦਾ ਅੰਗ ਨਾ ਬਣਦਿਆਂ ਉਹਨਾਂ ਨੇ 1969-70 ’ਚ ਕਮਿਊਨਿਸਟ ਇਨਕਲਾਬੀਆਂ ਦੀ ਬਠਿੰਡਾ-ਫਿਰੋਜ਼ਪੁਰ ਕਮੇਟੀ ਬਣਾਈ। ਕਾਮਰੇਡ ਸੋਹੀ ਦੇ ਨਾਲ 2 ਕਾਮਰੇਡ ਮੇਘ ਰਾਜ ਵੀ ਇਸ ਦੇ ਪ੍ਰਮੁੱਖ ਆਗੂ ਦੇ ਤੌਰ ਤੇ ਜਾਣੇ ਜਾਂਦੇ ਸਨ। ਇੱਕ ਪੇਸ਼ੇਵਰ ਇਨਕਲਾਬੀ ਦੇ ਰੂਪ ਚ ਸਰਗਰਮੀ ਕਰਦਿਆਂ ਉਹਨਾਂ ਨੇ ਆਪਣੇ ਆਪ ਨੂੰ ਇਨਕਲਾਬ ਲਈ ਅਰਪਣ ਕੀਤਾ ਹੋਇਆ ਸੀ। ਐਮਰਜੈਂਸੀ ਦੌਰਾਨ ਉਹਨਾਂ ਨੂੰ ਪੁਲਿਸ ਨੇ ਫੜ ਲਿਆ, ਪਰ ਉਹਨਾਂ ਨੇ ਪੁਲਸ ਜਬਰ ਦਾ ਸਿਦਕ-ਦਿਲੀ ਨਾਲ ਸਾਹਮਣਾ ਕੀਤਾ।
1976 ’ਚ ਕਾਮਰੇਡ ਮਾਓ ਜੇ ਤੁੰਗ ਦੀ ਮੌਤ ਤੋਂ ਬਾਅਦ ਚੀਨ ਦੀ ਕਮਿਊਨਿਸਟ ਪਾਰਟੀ ਦੇ ਸੋਧਵਾਦ ਦੀ ਪਟੜੀ ਚੜ੍ਹ ਜਾਣ ਤੇ ਚੀਨ ਦੇ ਸਮਾਜਵਾਦ ਤੋਂ ਸਰਮਾਏਦਾਰੀ ਸਮਾਜ ਚ ਰੰਗ ਵਟਾ ਜਾਣ ਤੇ ਉਹਨਾਂ ਨੇ ਕਾਮਰੇਡ ਸੋਹੀ ਦੀ ਚੀਨੀ ਪਾਰਟੀ ਦੀ ਨਵੀਂ ਲੀਹ ਦਾ ਖੰਡਨ ਕਰਦੀ ਪੁਜ਼ੀਸ਼ਨ ਦਾ ਸਮਰਥਨ ਕਰਕੇ ਬੁਨਿਆਦੀ ਤੌਰ ਤੇ ਦਰੁਸਤ ਮਾਰਕਸੀ-ਲੈਨਿਨੀ ਲੀਹ ਦੇ ਹੱਕ ਚ ਵਜਨ ਪਾਇਆ। ਪਿਛਲੇ 20 ਸਾਲਾਂ ਤੋਂ ਉਹ ਆਲ ਇੰਡੀਆ ਲੀਗ ਫਾਰ ਰੈਵੋਲੂਸ਼ਨਰੀ ਕਲਚਰ ਨਾਲ ਜੁੜੇ ਹੋਏ ਸਨ ਤੇ ਇਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਚਲੇ ਆ ਰਹੇ ਸਨ।
ਆਪਣੀ ਜਾਤੀ ਜਿੰਦਗੀ , ਛੋਟੇ ਹੁੰਦਿਆਂ ਉਹਨਾਂ ਨੂੰ ਕਾਫੀ ਤੰਗੀਆਂ ਤਰੁਸ਼ੀਆਂ ਵਾਲੀ ਹਾਲਤ ਦਾ ਸਾਹਮਣਾ ਕਰਨਾ ਪਿਆ। ਇੱਕ ਕਾਰਗਰ ਅਧਿਆਪਕ ਦੇ ਤੌਰ ਤੇ ਉਹਨਾਂ ਨੇ ਕਾਫੀ ਮਹਿਮਾ ਖੱਟੀ। ਅਧਿਆਪਨ ਉਹਨਾਂ ਲਈ ਮਿਸ਼ਨ ਸੀ, ਜਿਸ ਨੂੰ ਉਹਨਾਂ ਕਦੇ ਵੀ ਪੈਸੇ ਕਮਾਉਣ ਦੇ ਸਾਧਨ ਵਜੋਂ ਨਹੀਂ ਲਿਆ। ਉਹ ਬੇਹੱਦ ਸੰਜਮੀ, ਸਾਦੇ ਤੇ ਮਿਲਣਸਾਰ ਸਖਸ਼ੀਅਤ ਸਨ ਅਤੇ ਅਕਸਰ ਪਰਿਵਾਰਾਂ ਚ ਛੇਤੀ ਹੀ ਮਿੱਤਰਤਾ ਤੇ ਨੇੜਤਾ ਬਣਾ ਲੈਂਦੇ ਸਨ ।
ਕਾਮਰੇਡ ਮੇਘ ਦੀ ਇਨਕਲਾਬੀ ਘਾਲਣਾ ਨੂੰ ਚੇਤੇ ਕਰਨ ਤੇ ਮਨੀਂ ਵਸਾਉਣ ਅਤੇ ਉਹਨਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਨ ਲਈ 16 ਅਕਤੂਬਰ ਨੂੰ ਉਹਨਾਂ ਦੇ ਜੱਦੀ ਸ਼ਹਿਰ ਤੇ ਲੰਮਾ ਸਮਾਂ ਕਰਮ-ਭੂਮੀ ਰਹੇ ਰਾਮਪੁਰਾ ਫੂਲ ਕਸਬੇ ਚ ਇੱਕ ਸ਼ਰਧਾਂਜਲੀ ਸਮਾਗਮ ਕੀਤਾ ਗਿਆ, ਜਿਸ ਵਿੱਚ ਉਹਨਾਂ ਦੇ ਪਰਿਵਾਰਕ ਨਜ਼ਦੀਕੀਆਂ, ਸਨੇਹੀਆਂ ਅਤੇ  ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਨਾਲ ਸਬੰਧਤ ਆਗੂਆਂ ਤੇ ਕਾਰਕੁੰਨਾਂ ਨੇ ਹਿੱਸਾ ਲਿਆ। ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਚ ਡਾਕਟਰ ਦਰਸ਼ਨਪਾਲ, ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਪੂਹਲਾ, ਸੁਰਖ ਰੇਖਾ ਦੇ ਗੁਰਮੇਲ ਭੁਟਾਲ, ਸੁਰਖ ਲੀਹ ਦੇ ਸੰਪਾਦਕ ਜਸਪਾਲ ਜੱਸੀ, ਕਾਮਰੇਡ ਸੁਖਦਰਸ਼ਨ ਨੱਤ, ਕਾ. ਅਜਮੇਰ ਸਿੰਘ, ਜਸਦੇਵ ਲਲਤੋਂ, ਸੁਰਜੀਤ ਫੂਲ, ਸੁਖਵਿੰਦਰ ਕੌਰ ਤੇ ਪ੍ਰਮੋਦ ਕੁਮਾਰ ਸਮੇਤ ਉਹਨਾਂ ਦੇ ਪ੍ਰਵਾਰ ਮੈਂਬਰ ਸ਼ਾਮਲ ਸਨ। ਦਿੱਲੀ ਯੂਨੀਵਰਸਿਟੀ ਤੋਂ ਪ੍ਰੋਫੈਸਰ ਸਾਂਈ ਬਾਬਾ ਉਚੇਚੇ ਤੌਰ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚੇ ਸਨ। ਉਹਨਾਂ ਨੇ ਪ੍ਰੋਫੈਸਰ ਮੇਘ ਰਾਜ ਦੀਆਂ ਸੇਵਾਵਾਂ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਅਤੇ ਉਹਨਾਂ ਦੇ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਇਨਕਲਾਬੀ ਰਾਹ ਤੇ ਪਹਿਰਾ ਦੇਣ ਦਾ ਸੱਦਾ ਦਿੱਤਾ।

No comments:

Post a Comment