Monday, October 24, 2016

27. ਲਾਹੌਰ ਕੇਸ ਨਾਲ ਸਬੰਧਤ ਵਸਤਾਂ



ਸ਼ਹੀਦਾਂ ਨਾਲ ਸਬੰਧਤ ਨਿਸ਼ਾਨੀਆਂ ਦੇ ਅਪਮਾਨ ਦਾ ਮਸਲਾ

ਚੰਡੀਗੜ੍ਹ (20 ਅਕਤੂਬਰ, 2016): ‘‘ਭਗਤ ਸਿੰਘ ਫਾਈਲਜ਼’’ ਤਹਿਤ ਅੱਜ ਅੰਗਰੇਜ਼ੀ ਟ੍ਰਿਬਿਊਨ ਦੇ ਪਹਿਲੇ ਪੰਨੇ ਤੇ ਛਪੀ ਚੌਥੀ ਕਿਸ਼ਤ ਦਾ ਸਿਰਲੇਖ ਹੈ ‘‘Where are Lahore Case exhibits?’’ (ਲਾਹੌਰ ਕੇਸ ਨਾਲ ਸਬੰਧਤ ਵਸਤਾਂ ਕਿੱਥੇ ਹਨ?) ਇਸ ਵਿੱਚ ਪੁੱਛਿਆ ਗਿਆ ਹੈ ਕਿ ‘‘ਸਾਂਡਰਸ ਦੀ ਹੱਤਿਆ ਲਈ ਵਰਤਿਆ ਗਿਆ ਪਿਸਤੌਲ ਕਿੱਥੇ ਹੈ?’’ ਉਂਝ ਇਸ ਸਵਾਲ ਦੀ ਪੜਤਾਲ ਦੀ ਤੰਦ ਬਹੁਤ ਚਿਰ ਪਹਿਲਾਂ ਹੀ ਲਾਹੌਰ ਕੇਸ ਦੀਆਂ ਫਾਈਲਾਂ ਤੋਂ ਪਾਰ ਜਾ ਚੁੱਕੀ ਹੈ। 32 ਸਾਲ ਪਹਿਲਾਂ ਹੀ ਇਹ ਗੱਲ ਆਮ ਜਾਣਕਾਰੀ ਚ ਆ ਗਈ ਸੀ ਕਿ ਸਬੰਧਤ ਪਿਸਤੌਲ ਅਤੇ ਹੋਰ ਸਮਾਨ ਫਿਲੌਰ ਪੁਲਸ ਅਕਾਦਮੀ ਦੇ ਅਜਾਇਬਘਰ ਚ ਪਿਆ ਹੈ। ਇਨਕਲਾਬੀ ਜਮਹੂਰੀ ਸ਼ਕਤੀਆਂ ਵੱਲੋਂ ਇਸ ਤੱਥ ਨੂੰ ਕੌਮੀ ਅਪਮਾਨ ਦੇ ਮੁੱਦੇ ਵਜੋਂ ਲਿਆ ਗਿਆ ਸੀ ਕਿਉਂਕਿ ਫਿਲੌਰ ਪੁਲਸ ਅਕਾਦਮੀ ਦਾ ਇਹ ਅਜਾਇਬਘਰ ਜੁਰਮਾਂ ਚ ਵਰਤੀਆਂ ਗਈਆਂ ਵਸਤਾਂ ਦਾ ਅਜਾਇਬਘਰ ਹੈ। 23 ਮਾਰਚ 1994 ਨੂੰ ਸ਼ਹੀਦ ਕਵੀ ਪਾਸ਼ ਦੀ ਜਨਮ ਭੂਮੀ ਤਲਵੰਡੀ ਸਲੇਮ ਵਿਖੇ ਖਾਲਿਸਤਾਨੀਆਂ ਅਤੇ ਹਕੂਮਤ ਦੀ ਪਿਛਾਖੜੀ ਦਹਿਸ਼ਤਗਰਦੀ ਵਿਰੋਧੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਜ਼ਾਰਾਂ ਲੋਕਾਂ ਦਾ ਇਕੱਠ ਜੁੜਿਆ ਸੀ। ਇਸ ਇਕੱਠ ਵੱਲੋਂ ਇਹ ਮਤਾ ਪਾਸ ਕੀਤਾ ਗਿਆ ਸੀ ਕਿ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਅਤੇ ਹੋਰ ਵਸਤਾਂ ਨੂੰ ਫਿਲੌਰ ਦੇ ਅਜਾਇਬਘਰ ਚੋਂ ਹਟਾ ਕੇ ਕੌਮੀ ਆਜ਼ਾਦੀ ਦੇ ਸੰਘਰਸ਼ ਨਾਲ ਸਬੰਧਤ ਕਿਸੇ ਮਿਊਜ਼ੀਅਮ ਚ ਰੱਖਿਆ ਜਾਵੇ।
ਸੋ ਲੋੜ ਇਸ ਗੱਲ ਦੀ ਹੈ ਕਿ ਹੁਣ ਵੀ ਇਸ ਮੁੱਦੇ ਨੂੰ ਸੰਬੋਧਤ ਹੋਣ ਵੇਲੇ ਤੰਦ ਨੂੰ ਏਸੇ ਥਾਂ ਤੋਂ ਫੜਿਆ ਜਾਵੇ। ਸਭਨਾਂ ਦੇਸ਼ ਭਗਤ ਸ਼ਕਤੀਆਂ ਦਾ ਫਰਜ਼ ਹੈ ਕਿ ਉਹ ਭਾਰਤੀ ਹਾਕਮਾਂ ਤੋਂ ਮੰਗ ਕਰਨ ਕਿ ਸਭਨਾਂ ਕੌਮੀ ਸ਼ਹੀਦਾਂ ਨਾਲ ਸਬੰਧਤ ਨਿਸ਼ਾਨੀਆਂ ਦੀ ਜਾਣਕਾਰੀ ਨੂੰ ਜਨਤਕ ਕੀਤਾ ਜਾਵੇ। ਇਹ ਮੰਗ ਵੀ ਉਠਾਈ ਜਾਣੀ ਚਾਹੀਦੀ ਹੈ ਕਿ ਐਨੇ ਲੰਬੇ ਸਮੇਂ ਲਈ ਕੌਮੀ ਮਾਣ ਦੇ ਇਨ੍ਹਾ ਚਿੰਨ੍ਹਾ ਨੂੰ ਜ਼ੁਰਮਾਂ ਦਾ ਰਿਕਾਰਡ ਰੱਖਣ ਵਾਲੇ ਅਜਾਇਬਘਰ ਚ ਰੱਖਣ ਲਈ ਅਤੇ ਬਸਤੀਵਾਦੀ ਵਿਰਾਸਤ ਪ੍ਰਤੀ ਵਫਾਦਾਰੀ ਲਈ ਹਾਕਮ ਮੁਆਫ਼ੀ ਮੰਗਣ। ਕੌਮੀ ਆਜ਼ਾਦੀ ਦੀ ਲਹਿਰ ਦੇ ਸਾਰੇ ਸ਼ਹੀਦਾਂ ਨਾਲ ਸਬੰਧਤ ਵਸਤਾਂ ਨੂੰ ਪੂਰੇ ਮਾਨ ਸਨਮਾਨ ਨਾਲ ਢੁੱਕਵੇਂ ਅਜਾਇਬਘਰਾਂ ਚ ਰੱਖਿਆ ਜਾਵੇ।
ਜਸਪਾਲ ਜੱਸੀ, ਸੰਪਾਦਕ ਸੁਰਖ ਲੀਹ

No comments:

Post a Comment