Thursday, September 8, 2016

8. ਕਸ਼ਮੀਰ ਮਸਲਾ ਤੇ ਹਿੰਦੂ ਰਾਸ਼ਟਰਵਾਦੀ ਹੱਲਾ



ਹਿੰਦੂ ਰਾਸ਼ਟਰਵਾਦੀ ਹੱਲਾ - ਕਸ਼ਮੀਰੀ ਜਦੋਜਹਿਦ ਖਿਲਾਫ਼ ਲਾਮਬੰਦੀ ਦਾ ਸਾਧਨ

- ਪਾਵੇਲ

ਕਸ਼ਮੀਰ ਕੌਮ ਨੂੰ ਜਬਰੀ ਦੱਬ ਕੇ ਰੱਖਣ ਦੇ ਹਿਤ ਭਾਰਤੀ ਹਾਕਮ ਜਮਾਤਾਂ ਦੇ ਸਾਂਝੇ ਹਿਤ ਹਨ। ਇਸ ਲਈ ਇੱਕ ਹੱਥ ਕਸ਼ਮੀਰੀ ਲੋਕਾਂ ਦੀ ਜਦੋਜਹਿਦ ਨੂੰ ਖੂਨ ਚ ਡੁਬੋਣ ਦੇ ਕੁਕਰਮ ਚ ਉਹ ਇੱਕ ਦੂਜੇ ਤੋਂ ਅੱਗੇ ਲੰਘ ਜਾਣ ਦੀ ਦੌੜ ਚ ਰਹਿੰਦੇ ਹਨ ਤੇ ਦੂਜੇ ਹੱਥ ਬਾਕੀ ਮੁਲਕ ਚ ਕੌਮੀ ਸ਼ਾਵਨਵਾਦੀ ਭਾਵਨਾਵਾਂ ਭੜਕਾ ਕੇ ਕਸ਼ਮੀਰੀ ਲੋਕਾਂ ਦੀ ਜਦੋਜਹਿਦ ਖਿਲਾਫ਼ ਮਾਹੌਲ ਸਿਰਜਣ ਚ ਵੀ ਚੈਂਪੀਅਨ ਹੋਣ ਦਾ ਖਿਤਾਬ ਸਭਨਾਂ ਕੋਲ਼ ਹੈ। ਹੁਣ ਤੱਕ ਆਈਆਂ ਸਾਰੀਆਂ ਪਾਰਟੀਆਂ ਦੀਆਂ ਕੇਂਦਰੀ ਹਕੂਮਤਾਂ ਨੇ ਕਸ਼ਮੀਰ ਲੋਕਾਂ ਦੀ ਜਦੋਜਹਿਦ ਨੂੰ ਬਦਨਾਮ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਵਰਤੇ ਹਨ। ਹਿੰਦੂ ਸ਼ਾਵਨਵਾਦੀ ਪੱਤੇ ਦੀ ਵਰਤੋਂ ਕਰਕੇ, ਕਸ਼ਮੀਰੀਆਂ ਨੂੰ ਮੁਸਲਿਮ ਦਹਿਸ਼ਤਗਰਦਾਂ ਵਜੋਂ ਬਦਨਾਮ ਕਰਨ ਤੇ ਆਪਣੇ ਜ਼ਰਖਰੀਦ ਮੀਡੀਏ ਰਾਹੀਂ ਭੰਡੀ ਪ੍ਰਚਾਰ ਦੀਆਂ ਮੁਹਿੰਮਾਂ ਬਕਾਇਦਾ ਜਥੇਬੰਦ ਕਰਦੇ ਆ ਰਹੇ ਹਨ। ਮੁਲਕ ਦੀ ਧਾਰਮਿਕ ਬਹੁ-ਗਿਣਤੀ ਬਣਦੀ ਹਿੰਦੂ ਵਸੋਂ ਦੇ ਮਨਾਂ ਚ ਫਿਰਕੂ ਸ਼ਾਵਨਵਾਦੀ ਭਾਵਨਾਵਾਂ ਨੂੰ ਹਵਾ ਦੇ ਕੇ ਕਸ਼ਮੀਰੀ ਲੋਕਾਂ ਪ੍ਰਤੀ ਤਰ੍ਹਾਂ ਤਰ੍ਹਾਂ ਦੇ ਤੁਅੱਸਬ ਪੈਦਾ ਕੀਤੇ ਗਏ ਹਨ। ਭਾਰਤੀ ਜਨਤਾ ਪਾਰਟੀ ਇਸ ਦਾਅਪੇਚ ਦੀ ਵਰਤੋਂ ਕਰਨ ਚ ਮੁਹਾਰਤ ਹੋਣ ਦੀ ਗੁਰਜ ਸਾਂਭੀ ਫਿਰਦੀ ਹੈ। ਇਸ ਵੱਲੋਂ ਪਹਿਲਾਂ ਵੀ ਧਾਰਾ 370 (ਕਸ਼ਮੀਰ ਨੂੰ ਵਿਸ਼ੇਸ਼ ਹੈਸੀਅਤ ਦਿੰਦੀ) ਖ਼ਤਮ ਕਰਨ ਦੇ ਅੰਦੋਲਨ ਚਲਾਏ ਜਾਂਦੇ ਰਹੇ ਹਨ ਤੇ ਫਿਰਕੂ ਲਾਮਬੰਦੀ ਕੀਤੀ ਜਾਂਦੀ ਰਹੀ ਹੈ। ਕਸ਼ਮੀਰ ਮੁੱਦਾ ਹੀ ਖ਼ਤਮ ਕਰ ਦੇਣ ਦੇ ਐਲਾਨ ਕੀਤੇ ਜਾਂਦੇ ਰਹੇ ਹਨ। ਹੁਣ ਸੱਤ੍ਹਾ ਚ ਆਉਣ ਮਗਰੋਂ ਭਾਜਪਾ ਵੱਲੋਂ ਵੱਖ ਵੱਖ ਕੌਮੀਅਤਾਂ ਨੂੰ ਦਬਾਉਣ ਦੇ ਅਹਿਮ ਸਾਧਨ ਵਜੋਂ ਰਾਸ਼ਟਰਵਾਦੀ ਨਾਅਰੇ ਦੀ ਵਰਤੋਂ ਕੀਤੀ ਜਾ ਰਹੀ ਹੈ। ਭਾਜਪਾ ਦਾ ਰਾਸ਼ਟਰਵਾਦ ਦਾ ਨਾਅਰਾ ਅਸਲ ਚ ਹਿੰਦੂ ਰਾਸ਼ਟਰਵਾਦ ਦਾ ਨਾਅਰਾ ਹੈ ਜਿਹੜਾ ਹੋਰਨਾਂ ਦਬਾਈਆਂ ਕੌਮੀਅਤਾਂ ਦੇ ਮੁਕਾਬਲੇ ਕਸ਼ਮੀਰੀ ਜਦੋਜਹਿਦ ਨੂੰ ਰਾਜ ਦੀ ਮਾਰ ਹੇਠ ਲਿਆਉਣ ਲਈ ਵਿਸ਼ੇਸ਼ ਸਾਧਨ ਬਣਦਾ ਹੈ ਕਿਉਂਕਿ ਕਸ਼ਮੀਰ ਦੀ ਬਹੁ-ਗਿਣਤੀ ਆਬਾਦੀ ਮੁਸਲਮਾਨ ਧਰਮ ਨਾਲ ਸਬੰਧ ਰੱਖਦੀ ਹੈ। ਅੱਜ ਭਾਜਪਾ ਵੱਲੋਂ ਰਾਸ਼ਟਰਵਾਦ ਦੀ ਬੂ-ਦੁਹਾਈ ਪਾ ਕੇ ਕਸ਼ਮੀਰੀ ਜਦੋਜਹਿਦ ਨੂੰ ਬਦਨਾਮ ਕਰਨ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਦੇਸ਼ ਦੀ ਏਕਤਾ ਅਖੰਡਤਾ ਦਾ ਰੌਲਾ ਪਾ ਕੇ ਤੇ ਜੂਝਦੇ ਕਸ਼ਮੀਰੀ ਲੋਕਾਂ ਨੂੰ ਅੱਤਵਾਦੀ ਗਰਦਾਨ ਕੇ ਇੱਕ ਪਾਸੇ ਤਾਂ ਕਸ਼ਮੀਰੀ ਲੋਕਾਂ ਤੇ ਜਬਰ ਦਾ ਝੱਖੜ ਝੁਲਾਉਣ ਦਾ ਅਧਾਰ ਹੋਰ ਮਜਬੂਤ ਕੀਤਾ ਜਾਂਦਾ ਹੈ ਤੇ ਦੂਜੇ ਪਾਸੇ ਦੇਸ਼ ਭਰ ਚ ਫਿਰਕੂ-ਫਾਸ਼ੀ ਲੀਹਾਂ ਤੇ ਲਾਮਬੰਦੀ ਕਰਕੇ ਵੋਟ ਅਧਾਰ ਦਾ ਪਸਾਰਾ ਤੇ ਮਜਬੂਤੀ ਦਾ ਮਕਸਦ ਪੂਰਾ ਕੀਤਾ ਜਾਂਦਾ ਹੈ। ਮੁਸਲਮਾਨ ਘੱਟ ਗਿਣਤੀਆਂ ਨਿਸ਼ਾਨੇ ਤੇ ਹੋਣ ਦੇ ਅੰਗ ਵਜੋਂ ਕਸ਼ਮੀਰੀ ਲੋਕਾਂ ਨੂੰ ਹਮਲੇ ਦਾ ਨਿਸ਼ਾਨਾ ਬਣਾਉਣਾ ਹੋਰ ਸੌਖਾ ਹੈ। ਪਹਿਲਾਂ ਜੇ. ਐਨ. ਯੂ. ਚ ਕਸ਼ਮੀਰੀ ਲੋਕਾਂ ਦੇ ਹੱਕ ਚ ਉੱਠਦੀ ਹਰ ਆਵਾਜ਼ ਨੂੰ ਦੇਸ਼ ਧ੍ਰੋਹੀ ਐਲਾਨ ਕੇ ਹਮਲੇ ਹੇਠ ਲਿਆਉਣਾ ਭਾਜਪਾ ਦੇ ਹਿੰਦੂ ਫਿਰਕਾਪ੍ਰਸਤ ਤਾਕਤਾਂ ਦਾ ਪਸੰਦੀਦਾ ਹਥਿਆਰ ਬਣਿਆ ਹੋਇਆ ਹੈ। ਭਾਜਪਾ ਦੀ ਅਗਵਾਈ ਹੇਠਲੀਆਂ ਫਿਰਕਾਪ੍ਰਸਤ ਤਾਕਤਾਂ ਨੂੰ ਲਾਮਬੰਦੀ ਲਈ ਮੌਕੇ ਦੀ ਤਲਾਸ਼ ਰਹਿੰਦੀ ਹੈ। ਏਥੋਂ ਤੱਕ ਕਿ ਕਸ਼ਮੀਰ ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦੇ ਤੇ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਜਥੇਬੰਦ ਕੀਤੇ ਇੱਕ ਪ੍ਰੋਗਰਾਮ ਚ ਕਸ਼ਮੀਰੀ ਆਜ਼ਾਦੀ ਦਾ ਮੁੱਦਾ ਉੱਠਣ ਨੂੰ ਲੈ ਕੇ ਇਸ ਸੰਸਥਾ ਤੇ ਵੀ ਦੇਸ਼ ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਹੈ। ਹਾਲਾਂਕਿ ਇਸ ਸੰਸਥਾ ਮੌਜੂਦਾ ਸਾਮਰਾਜੀ ਫੰਡਾਂ ਤੇ ਚੱਲਣ ਵਾਲੀ ਸੰਸਥਾ ਹੈ ਪਰ ਭਾਜਪਾ ਦੀ ਫਿਰਕੂ-ਫਾਸ਼ੀ ਤੇ ਸ਼ਾਵਨਵਾਦੀ ਲਾਮਬੰਦੀਆਂ ਦੀ ਧੁੱਸ ਏਨੀ ਜ਼ੋਰਦਾਰ ਹੈ ਕਿ ਸਥਾਪਤੀ ਦੇ ਹਿੱਸਿਆਂ ਦੇ ਅਜਿਹੇ ਪਲੇਟਫਾਰਮਾਂ ਤੋਂ ਵੀ ਕਸ਼ਮੀਰ ਚ ਵਾਪਰ ਰਹੇ ਜਬਰ ਦੀ ਗੱਲ ਕਰਨਾ ਵਰਜਿਤ ਕੀਤਾ ਜਾ ਰਿਹਾ ਹੈ। ਭਾਜਪਾ ਦੀ ਮੌਜੂਦਾ ਲਾਮਬੰਦੀਆਂ ਦੀ ਮੁਹਿੰਮ ਦਾ ਪੈਂਤੜਾ ਹੋਰਨਾਂ ਸਿਆਸੀ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਚੱਕਵਾਂ ਪੈਂਤੜਾ ਹੈ। ਇਹ ਪੈਂਤੜਾ ਕਸ਼ਮੀਰ ਚ ਬੇਗਾਨਗੀ ਦੀ ਭਾਵਨਾ ਨੂੰ ਅੱਡੀ ਲਾਉਣ ਵਾਲਾ ਹੈ। ਤਿੱਖਾ ਪ੍ਰਤੀਕਰਮ ਜਗਾਉਣ ਵਾਲਾ ਹੈ। ਜੰਮੂ ਖੇਤਰ ਚ ਬੁਹਗਿਣਤੀ ਵਸੋਂ ਹਿੰਦੂ ਹੋਣ ਕਰਕੇ ਉਥੇ ਫਿਰਕੂ ਜ਼ਹਿਰ ਦਾ ਛਿੱਟਾ ਲਗਾਤਾਰ ਦਿੱਤਾ ਜਾ ਰਿਹਾ ਹੈ ਤੇ ਕਸ਼ਮੀਰੀ ਲੋਕਾਂ ਖਿਲਾਫ਼ ਧੂੰਆਂਧਾਰ ਪ੍ਰਚਾਰ ਵਿੱਢਿਆ ਹੋਇਆ ਹੈ। ਤਿਰੰਗਾ ਯਾਤਰਾਵਾਂ ਦੇ ਨਾਂ ਥੱਲੇ ਹਿੰਦੂ ਕੌਮੀ ਸ਼ਾਵਨਵਾਦੀ ਪ੍ਰਚਾਰ ਜ਼ੋਰਾਂ ਤੇ ਹੈ, ਕਸ਼ਮੀਰੀ ਜਦੋਜਹਿਦ ਪ੍ਰਤੀ ਜਿਸ ਨਫ਼ਰਤ ਦਾ ਪ੍ਰਗਟਾਵਾ ਜੇਤਲੀ ਨੇ ਕੀਤਾ ਹੈ ਉਹ ਜੰਮੂ ਚ ਅਜਿਹੀ ਯਾਤਰਾ ਨੂੰ ਝੰਡੀ ਦਿਖਾਉਣ ਗਿਆ ਹੀ ਬੋਲਿਆ ਹੈ। ਬਾਕੀ ਭਾਜਪਾਈ ਲੀਡਰ ਵੀ ਇਹੀ ਬੋਲੀ ਬੋਲ ਰਹੇ ਹਨ। ਕਸ਼ਮੀਰ ਤਾਂ ਕੀ ਉਹ ਤਾਂ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਚ ਵੀ ਭਾਰਤੀ ਤਿਰੰਗਾ ਲਹਿਰਾਉਣ ਦੇ ਚੱਕਵੇਂ ਐਲਾਨ ਕਰ ਰਹੇ ਹਨ। ਅਜਿਹੇ ਤੁਅੱਸਬੀ ਤੇ ਜ਼ਹਿਰੀਲੇ ਫਿਰਕੂ ਪ੍ਰਚਾਰ ਤੇ ਭਾਜਪਾ ਦੇ ਹੁਣ ਤੱਕ ਕਸ਼ਮੀਰ ਪ੍ਰਤੀ ਨੰਗੇ ਚਿੱਟੇ ਪੈਂਤੜੇ ਕਰਕੇ ਹੀ ਕਸ਼ਮੀਰ ਚ ਭਾਜਪਾ ਵਿਰੋਧੀ ਜ਼ੋਰਦਾਰ ਰੋਸ ਭਾਵਨਾਵਾਂ ਮੌਜੂਦ ਹਨ। ਏਸ ਅਰਸੇ ਚ ਕਸ਼ਮੀਰ ਜਨਤਕ ਉਭਾਰ ਚ ਇੱਕ ਕਾਰਕ ਵਜੋਂ ਭਾਜਪਾ ਦੇ ਪੈਂਤੜੇ ਵੀ ਸ਼ੁਮਾਰ ਹੁੰਦੇ ਹਨ।
ਅੱਜ ਕਸ਼ਮੀਰੀ ਜਦੋਜਹਿਦ ਦੀ ਹਮਾਇਤ ਦਾ ਮਹੱਤਵ ਆਮ ਜਮਹੂਰੀ ਪੈਂਤੜੇ ਤੋਂ ਤਾਂ ਹੈ ਹੀ, ਭਾਜਪਾ ਦੇ ਇਸ ਫਿਰਕੂ-ਫਾਸ਼ੀ ਹਮਲੇ ਖਿਲਾਫ਼ ਡਟਣ ਲਈ ਵਿਸ਼ੇਸ਼ ਕਰਕੇ ਵੀ ਹੈ। ਭਾਰਤੀ ਹਾਕਮਾਂ ਵੱਲੋਂ ਦਬਾਈਆਂ ਹੋਈਆਂ ਸਭਨਾਂ ਕੌਮੀਅਤਾਂ ਦੇ ਆਪਾ-ਨਿਰਣੇ ਦੇ ਹੱਕ ਨੂੰ ਸਮਰਥਨ ਕਰਨਾ ਸਭਨਾਂ ਲੋਕ-ਪੱਖੀ, ਇਨਕਲਾਬੀ ਜਮਹੂਰੀ ਸ਼ਕਤੀਆਂ ਦਾ ਸਾਂਝਾ ਕਾਰਜ ਹੈ। ਇਸ ਪੈਂਤੜੇ ਤੋਂ ਹੀ ਭਾਜਪਾ ਦੇ ਫਾਸ਼ੀ ਹਮਲੇ ਦਾ ਟਾਕਰਾ ਕੀਤਾ ਜਾਣਾ ਚਾਹੀਦਾ ਹੈ। ਦਬਾਈਆਂ ਕੌਮੀਅਤਾਂ, ਵਿਸ਼ੇਸ਼ ਵਿਤਕਰਿਆਂ ਤੇ ਧੱਕੇਸ਼ਾਹੀਆਂ ਦਾ ਸ਼ਿਕਾਰ ਦਲਿਤਾਂ, ਆਦਿਵਾਸੀਆਂ ਅਤੇ ਸਮੁੱਚੇ ਭਾਰਤੀ ਕਿਰਤੀ ਲੋਕਾਂ ਦੀ ਸਾਮਰਾਜੀਆਂ, ਦਲਾਲ ਭਾਰਤੀ ਸਰਮਾਏਦਾਰਾਂ ਤੇ ਜਗੀਰਦਾਰਾਂ ਦੇ ਲੁਟੇਰੇ ਗੱਠਜੋੜ ਖਿਲਾਫ਼ ਵਿਸ਼ਾਲ ਏਕਤਾ ਤੇ ਸੰਗਰਾਮ ਨੂੰ ਖਰੇ ਰਾਸ਼ਟਰਵਾਦ ਵਜੋਂ ਉਭਾਰਨਾ ਹੀ ਖਰਾ ਲੋਕ ਜਮਹੂਰੀ ਪੈਂਤੜਾ ਬਣਦਾ ਹੈ।

No comments:

Post a Comment