Thursday, September 8, 2016

30. ਪੰਚਾਇਤੀ ਜ਼ਮੀਨਾਂ ਦੇ ਹੱਕ ਲਈ ਸੰਘਰਸ਼



ਪੰਚਾਇਤੀ ਜ਼ਮੀਨਾਂ ਦੇ ਹੱਕ ਲਈ ਸੰਘਰਸ਼ ਜਾਰੀ

ਸੰਗਰੂਰ ਚ ਰੈਲੀ ਤੇ ਮੁਜ਼ਾਹਰਾ

- ਫੀਲਡ ਰਿਪੋਰਟਰ

ਸੰਨ 2014 ਦੇ ਅਰੰਭ ਚ ਬਡਰੁੱਖਾਂ (ਜ਼ਿਲ੍ਹਾ ਸੰਗਰੂਰ) ਵਿਖੇ 50-60 ਪਿੰਡਾਂ ਦੇ ਦਲਿਤਾਂ ਦੇ ਇਕੱਠ ‘‘ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ’’ ਦਾ ਜਨਮ ਹੋਇਆ ਜਿਹੜੀ ਪਹਿਲਾਂ ਦਲਿਤਾਂ ਲਈ ਨਜ਼ੂਲ ਜ਼ਮੀਨਾਂ ਦੇ ਹੱਕ ਲਈ ਤੇ ਅਜਿਹੀਆਂ ਜ਼ਮੀਨਾਂ ਤੇ ਰਸੂਖਵਾਨਾਂ ਦੇ ਨਾਜਾਇਜ਼ ਕਬਜ਼ਿਆਂ ਵਿਰੁੱਧ ਸੰਘਰਸ਼ ਕਰਦੀ ਸੀ, ਪਿੱਛੋਂ ਇਸਨੇ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਦਲਿਤਾਂ ਨੂੰ ਸਸਤੇ ਠੇਕੇ ਤੇ ਦੇਣ ਦੇ ਕਾਨੂੰਨੀ ਹੱਕ ਨੂੰ ਬੁਲੰਦ ਕਰਨਾ ਤੇ ਇਹਦੇ ਤੇ ਸੰਘਰਸ਼ ਕਰਨਾ ਸ਼ੁਰੂ ਕੀਤਾ ਜਿਹੜਾ 2015-16 ਤੱਕ ਸੰਗਰੂਰ ਤੇ ਪਟਿਆਲੇ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡਾਂ ਚ ਫੈਲ ਗਿਆ, ਜੀਹਦੇ ਚ ਪੇਂਡੂ ਚੌਧਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਰੋਧ ਸਦਕਾ ਤਕੜੇ ਸੰਘਰਸ਼ ਹੋਏ ਤੇ ਅਹਿਮ ਪ੍ਰਾਪਤੀਆਂ ਵੀ ਹੋਈਆਂਪਰ ਇਨ੍ਹਾਂ ਸੰਘਰਸ਼ਾਂ ਦੌਰਾਨ ਪਿੰਡ ਖੇੜੀ, ਕਲੌਂਦੀ, ਝਨੇੜੀ ਤੇ ਜਲੂਰ ਚ ਪੇਂਡੂ ਚੌਧਰੀਆਂ ਤੇ ਪ੍ਰਸ਼ਾਸਨ ਵੱਲੋਂ ਅੜਿੱਕੇ ਡਾਹੇ ਜਾ ਰਹੇ ਸਨ, ਅਚੱਲ ਦੇ ਸਰਪੰਚ ਦੇ ਮੁੰਡੇ ਤੇ ਹੋਰਾਂ ਵਿਰੁੱਧ ਦਲਿਤ ਨੌਜਵਾਨਾਂ ਨੂੰ ਕੁੱਟਮਾਰ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਸੀ, ਪਰ ਐਸ. ਸੀ. ਐਸ. ਟੀ. ਐਕਟ ਲਾਗੂ ਨਹੀਂ ਕੀਤਾ ਜਾ ਰਿਹਾ ਸੀ ਤੇ ਬਾਲਦ ਕਲਾਂ ਵਿਖੇ ਹੋਏ ਲਾਠੀਚਾਰਜ ਦੌਰਾਨ 307 ਦੇ ਝੂਠੇ ਕੇਸ 10 ਦਲਿਤ ਵਰਕਰਾਂ ਨੂੰ ਰਿਹਾਅ ਨਹੀਂ ਸੀ ਕੀਤਾ ਜਾ ਰਿਹਾ। ਇਨ੍ਹਾਂ ਮੰਗਾਂ ਨੂੰ ਲੈ ਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ 20 ਜੁਲਾਈ ਨੂੰ ਸੰਗਰੂਰ ਵਿਖੇ ਪੰਜਾਬ ਪੱਧਰੀ ਰੈਲੀ ਰੱਖੀ ਗਈ, ਜੀਹਦੇ ਅੰਦਰ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਇਫ਼ਟੂ, ਨੌਜਵਾਨ ਭਾਰਤ ਸਭਾ, ਪੀ. ਐਸ. ਯੂ. ਤੇ ਇਸਤਰੀ ਜਾਗ੍ਰਿਤੀ ਮੰਚ ਨੇ ਹਮਾਇਤੀ ਕੰਨ੍ਹਾ ਲਾਇਆ।
ਮਿਥੇ ਦਿਨ ਤੇ ਲਗਭਗ 10 ਹਜ਼ਾਰ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਹੋਇਆ, ਜੀਹਦੇ ਚ ਭਾਰੀ ਬਹੁਗਿਣਤੀ ਦਲਿਤ ਮਜ਼ਦੂਰਾਂ ਦੀ ਸੀ ਤੇ ਕਾਫ਼ੀ ਵੱਡੀ ਗਿਣਤੀ ਚ ਔਰਤਾਂ ਦੀ ਸ਼ਮੂਲੀਅਤ ਵੀ ਸੀ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ 150 ਖੇਤ ਮਜ਼ਦੂਰਾਂ ਦਾ ਕਾਫ਼ਲਾ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ 500 ਕਿਸਾਨਾਂ ਦਾ ਕਾਫ਼ਲਾ ਲੈ ਕੇ ਸ਼ਾਮਲ ਹੋਏ। ਦਾਣਾ ਮੰਡੀ ਚ ਰੈਲੀ ਤੋਂ ਬਾਅਦ ਸ਼ਹਿਰ ਦੇ ਬਾਜ਼ਾਰਾਂ ਚ ਰੋਹ ਭਰਪੂਰ ਮੁਜ਼ਾਹਰਾ ਹੋਇਆ ਤੇ ਅੰਤ ਥੋੜ੍ਹੇ ਸਮੇਂ ਲਈ ਡੀ. ਸੀ. ਦਫ਼ਤਰ ਦਾ ਘਿਰਾਓ ਵੀ ਹੋਇਆ, ਜਿਸ ਦੌਰਾਨ ਥੋੜ੍ਹੀ ਅੜਫਸ ਤੋਂ ਬਾਅਦ ਪ੍ਰਸ਼ਾਸਨ ਨੇ ਮੁੱਖ ਮੰਤਰੀ ਨਾਲ ਆਗੂਆਂ ਦੀ ਮੀਟਿੰਗ ਤੈਅ ਕਰਵਾ ਦਿੱਤੀ  (ਭਾਵੇਂ ਉਸ ਮੀਟਿੰਗ ਅੰਦਰ ਮੁੱਖ ਮੰਤਰੀ ਨੇ ਟਾਲਮਟੋਲ ਹੀ ਕੀਤੀ ਤੇ ਅਸਲ ਮੀਟਿੰਗ ਅਜੇ ਹੋਣੀ ਹੈ, ਪਰ ਜ਼ਿਲ੍ਹਾ ਪੁਲਸ ਨੇ ਬਾਅਦ ਚ ਜ਼ੇਲ੍ਹਚ ਬੰਦ 10 ਆਗੂਆਂ ਤੇ ਕੇਸ ਵਾਪਸ ਲੈ ਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਹੈ।
ਭਰਾਤਰੀ ਹਮਾਇਤ ਦੀ ਵਧੀਆ ਮਿਸਾਲ
ਇਸ ਇਕੱਤਰਤਾ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਨੇ ਭਰਾਤਰੀ ਮਦਦ ਦੀ ਵਧੀਆ ਮਿਸਾਲ ਪੇਸ਼ ਕਰਦਿਆਂ, ਇਸ ਸੰਘਰਸ਼ ਦੀ ਹਮਾਇਤ 10 ਹਜ਼ਾਰ ਪੋਸਟਰ ਤੇ 50 ਹਜ਼ਾਰ ਹੱਥ ਪਰਚੇ ਜਾਰੀ ਕੀਤੇ; ਇਸ ਇਕੱਤਰਤਾ ਦੌਰਾਨ 10 ਹਜ਼ਾਰ ਮੁਜ਼ਾਹਰਾ ਕਾਰੀਆਂ ਲਈ ਪਾਣੀ ਤੇ ਚਾਹ ਦਾ ਤਸੱਲੀਬਖਸ਼ ਪ੍ਰਬੰਧ ਕੀਤਾ; ਸੰਘਰਸ਼ ਫੰਡ ਵਜੋਂ 25 ਹਜ਼ਾਰ ਰੁਪਏ ਨਕਦ ਸਟੇਜ ਤੋਂ ਦਿੱਤੇ; ਤੇ ਅੰਤ ਜਥੇਬੰਦੀ ਦੇ ਸੂਬਾ ਪ੍ਰਧਾਨ ਵੱਲੋਂ ਅਜਿਹੀ ਹਮਾਇਤ ਸਬੰਧੀ ਆਪਣੀ ਨੀਤੀ ਦਾ ਤੇ ਆਉਣ ਵਾਲੇ ਦਿਨਾਂ ਚ ਹਰ ਕਿਸਮ ਦੀ ਮਦਦ ਦਾ ਐਲਾਨ ਕਰਦਿਆਂ ਕਿਹਾ ਕਿ ਸਾਡੀ ਇਸ ਸੰਘਰਸ਼ ਦੀ ਲੀਡਰਸ਼ਿਪ ਨਾਲ ਚੰਗਾ ਭਰਾਤਰੀ ਰਿਸ਼ਤਾ ਹੈ, ਪਰ ਸਾਡੀ ਕਿਸੇ ਸੰਘਰਸ਼ ਨੂੰ ਹਮਾਇਤ ਦਾ ਆਧਾਰ ਉਹਦੀ ਲੀਡਰਸ਼ਿਪ ਨਾਲ ਚੰਗਾ ਜਾਂ ਮਾੜਾ ਰਿਸ਼ਤਾ ਨਹੀਂ ਹੁੰਦਾ ਸਗੋਂ ਸੰਘਰਸ਼ ਦਾ ਮੁੱਦਾ ਤੇ ਸਬੰਧਤ ਤਬਕਾ ਬਣਦੇ ਹਨ। ਮੁੱਦੇ ਪੱਖੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜ਼ਮੀਨ ਦੇ ਮੁੱਦੇ ਤੇ ਲੜ ਰਹੀ ਹੈ, ਭਾਵੇ ਇਹ ਮੁੱਦਾ ਅੰਸ਼ਕ ਹੈ, ਪਰ ਸਾਡੇ ਲਈ ਜ਼ਮੀਨ ਦੀ ਲੜਾਈ ਸਭ ਤੋਂ ਅਹਿਮ ਮੁੱਦਾ ਹੈ ਤੇ ਤਬਕੇ ਪੱਖੋਂ ਉਸਨੇ ਕਿਹਾ ਕਿ ਇਹ ਲੜਾਈ ਦਲਿਤ ਖੇਤ-ਮਜ਼ਦੂਰਾਂ ਦੀ ਹੈ, ਜਿਸਨੂੰ ਅਸੀਂ ਕਿਸਾਨੀ ਤੇ ਕਿਸਾਨੀ ਸੰਘਰਸ਼ਾਂ ਦਾ ਅਤਿ ਮੁੱਲਵਾਨ ਤੇ ਅਹਿਮ ਅੰਗ ਸਮਝਦੇ ਹਾਂ। ਇਸ ਕਰਕੇ ਅਸੀਂ ਇਸ ਤਬਕੇ ਦੇ ਜਥੇਬੰਦ ਹੋਣ ਤੇ ਸੰਘਰਸ਼ ਕਰਨ ਦੇ ਹੱਕ ਦੀ ਡਟਕੇ ਹਮਾਇਤ ਕਰਦੇ ਹਾਂ। ਤੀਜੇ ਨੰਬਰ ਤੇ ਅਸੀਂ ਜਾਣਦੇ ਹਾਂ ਕਿ ਅਜਿਹੇ ਸੰਘਰਸ਼ਾਂ ਬਾਰੇ ਦੁਰ-ਪ੍ਰਚਾਰ ਕਰਕੇ ਪੇਂਡੂ ਚੌਧਰੀ ਤੇ ਪ੍ਰਸ਼ਾਸਨ ਨਾ ਸਿਰਫ਼ ਕਿਸਾਨਾਂ ਤੇ ਖੇਤ ਮਜ਼ਦੂਰਾਂ ਚ ਪਾਟਕ ਖੜ੍ਹੇ ਕਰਦੇ ਹਨ, ਸਗੋਂ ਇਨ੍ਹਾਂ ਨੂੰ ਦਬਾਉਣ ਲਈ ਹਰ ਜਾਬਰ ਹਥਕੰਡਾ ਵਰਤਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਅਸੀਂ ਇਸ ਜ਼ਮੀਨ ਪ੍ਰਾਪਤੀ ਸੰਘਰਸ਼ ਦੀ ਡਟਵੀਂ ਹਮਾਇਤ ਤੇ ਆਏ ਹਾਂ ਤੇ ਸੰਘਰਸ਼ ਕਮੇਟੀ ਨੂੰ ਇਹ ਪੱਕਾ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਪੇਂਡੂ ਚੌਧਰੀਆਂ ਤੇ ਪ੍ਰਸ਼ਾਸਨ ਦੀ ਚਾਲਾਂ ਤੇ ਧੌਂਸ ਵਿਰੁੱਧ ਜਦੋਂ ਲੋੜ ਪਈ, ਸਾਨੂੰ ਆਵਾਜ਼ ਮਾਰੋ, ਅਸੀਂ ਹਮੇਸ਼ਾਂ ਹਾਜ਼ਰ ਹਾਂ।

No comments:

Post a Comment