Thursday, September 8, 2016

24. ਸ਼ਰਧਾਂਜਲੀ



ਜਮਹੂਰੀ ਲਹਿਰ ਦੇ ਕਾਰਕੁੰਨ ਸੱਤਪਾਲ ਗੋਇਲ ਵਿਛੋੜਾ ਦੇ ਗਏ

ਇਨਕਲਾਬੀ ਲਹਿਰ ਦੇ ਦ੍ਰਿੜ ਹਮਾਇਤੀ ਅਤੇ ਸਮਾਜਿਕ ਜਮਹੂਰੀ ਸਰੋਕਾਰਾਂ ਨੂੰ ਪ੍ਰਣਾਈ ਜ਼ਿੰਦਗੀ ਜਿਉਣ ਵਾਲੇ ਸੱਤਪਾਲ ਗੋਇਲ ਬੀਤੀ 5 ਅਗਸਤ ਨੂੰ 63 ਵਰ੍ਹਿਆਂ ਦੀ ਉਮਰ ਚ ਹੀ ਜਹਾਨੋਂ ਤੁਰ ਗਏ। ਬਠਿੰਡਾ ਜ਼ਿਲ੍ਹੇ ਦੇ ਕਰਾੜਵਾਲਾ ਪਿੰਡ ਚ ਬਹੁਤ ਹੀ ਗਰੀਬ ਪਰਿਵਾਰ ਚ ਜਨਮੇ ਸੱਤਪਾਲ ਦਾ ਚੜ੍ਹਦੀ ਜਵਾਨੀ ਚ ਇਨਕਲਾਬੀ ਲਹਿਰ ਨਾਲ ਵਾਹ ਪਿਆ ਸੀ। ਸੱਤ੍ਹਰਵਿਆਂ ਦੇ ਦਹਾਕੇ ਦੇ ਸ਼ੁਰੂਆਤੀ ਸਾਲਾਂ ਚ ਪੰਜਾਬ ਦੀ ਸ਼ਾਨਾਮੱਤੀ ਜੁਝਾਰ ਵਿਦਿਆਰਥੀ ਲਹਿਰ ਦੇ ਕਾਫ਼ਲਿਆਂ ਦਾ ਉਹ ਹਿੱਸਾ ਬਣੇ ਸਨ। ਇਹਨਾਂ ਵਿਚਾਰਾਂ ਦਾ ਪੱਲਾ ਉਹਨਾਂ ਉਮਰ ਭਰ ਲਈ ਫੜ ਲਿਆ ਤੇ ਇਨਕਲਾਬੀ ਲਹਿਰ ਦਾ ਅੰਤ ਤੱਕ ਸਾਥ ਨਿਭਾਇਆ। ਪੰਜਾਬ ਸਟੂਡੈਂਟਸ ਯੂਨੀਅਨ ਦੇ ਮੈਂਬਰ ਹੁੰਦਿਆਂ ਉਹਨਾਂ ਐਮਰਜੰਸੀ ਦੇ ਡਟਵੇਂ ਵਿਰੋਧ ਦਾ ਪੈਂਤੜਾ ਲਿਆ ਤੇ ਬੁਲੰਦ ਹੌਂਸਲੇ ਨਾਲ ਜੇਲ੍ਹ ਕੱਟੀ। ਮਗਰੋਂ ਉਹ ਜਮਹੂਰੀ ਅਧਿਕਾਰ ਸਭਾ ਜਥੇਬੰਦ ਕਰਨ ਵੇਲੇ ਇਸਦੇ ਮੁੱਢਲੇ ਮੈਂਬਰ ਬਣੇ ਤੇ ਅੰਤ ਤੱਕ ਇਹਦਾ ਹਿੱਸਾ ਰਹੇ। ਬੈਂਕ ਦੀ ਨੌਕਰੀ ਦੌਰਾਨ ਮੁਲਾਜ਼ਮਾਂ ਦੀ ਜਥੇਬੰਦੀ ਚ ਸਰਗਰਮੀ ਨਾਲ ਕੰਮ ਕੀਤਾ। ਖਾਲਿਸਤਾਨੀ ਤੇ ਹਕੂਮਤੀ ਦਹਿਸ਼ਤਗਰਦੀ ਦੇ ਦੌਰ ਚ ਉਹ ਡਟ ਕੇ ਲੋਕਾਂ ਨਾਲ ਖੜ੍ਹੇ ਤੇ ਬੇਖੌਫ਼ ਹੋ ਕੇ ਹਰ ਤਰ੍ਹਾਂ ਦੇ ਜਬਰ ਖਿਲਾਫ਼ ਆਵਾਜ਼ ਉਠਾਈ। ਸਮਾਜਕ ਇਨਸਾਫਪਸੰਦੀ ਦੀ ਭਾਵਨਾ ਉਹਨਾਂ ਦੇ ਧੁਰ ਅੰਦਰ ਡੂੰਘੀ ਸਮੋਈ ਹੋਈ ਸੀ ਤੇ ਇਹ ਉਹਨਾਂ ਦੀ ਸਖਸ਼ੀਅਤ ਦਾ ਉੱਭਰਵਾਂ ਪੱਖ ਸੀ। ਇਸੇ ਲਈ ਉਹ ਕਿਸੇ ਵੀ ਧੱਕੇ ਵਿਤਕਰੇ ਖਿਲਾਫ਼ ਬਹੁਤ ਜਲਦੀ ਤੇ ਬੇਝਿਜਕ ਹੀ ਡਟ ਜਾਂਦੇ ਸਨ। ਹੁਣ ਆਪਣੇ ਜੀਵਨ ਦੇ ਮਗਰਲੇ ਸਾਲਾਂ ਦੌਰਾਨ ਵੀ ਉਹ ਕਲੋਨੀ ਵਾਸੀਆਂ ਨੂੰ ਕਲੋਨੀ ਮਾਲਕਾਂ ਦੀ ਲੁੱਟ ਖਿਲਾਫ਼ ਜਥੇਬੰਦ ਕਰਕੇ ਸੰਘਰਸ਼ ਕਰ ਰਹੇ ਸਨ। ਉਹ ਪਿਛਲੇ ਕੁੱਝ ਸਾਲਾਂ ਤੋਂ ਜਿਗਰ ਦੀ ਬਿਮਾਰੀ ਤੋਂ ਪੀੜਤ ਸਨ ਜੋ ਆਖ਼ਰ ਨੂੰ ਜਿੰਦਗੀ ਤੇ ਭਾਰੂ ਪੈ ਗਈ।
ਉਹਨਾਂ ਦੀ ਯਾਦ ਚ ਸ਼ਰਧਾਂਜਲੀ ਸਮਾਗਮ ਦੌਰਾਨ ਉਹਨਾਂ ਦੇ ਸੈਂਕੜੇ ਦੋਸਤ ਮਿੱਤਰ ਤੇ ਇਨਕਲਾਬੀ ਜਮਹੂਰੀ ਲਹਿਰ ਦੇ ਕਾਰਕੁੰਨਾਂ ਦੀ ਭਰਵੀਂ ਇਕੱਤਰਤਾ ਹੋਈ। ਇਸ ਮੌਕੇ ਉਹਨਾਂ ਦੇ ਪਰਿਵਾਰਕ ਦੋਸਤ ਤੇ ਬੀ. ਕੇ. ਯੂ. (ਡਕੌਂਦਾ) ਦੇ ਆਗੂ ਡਾ. ਦਰਸ਼ਨ ਪਾਲ, ਬੈਂਕ ਐਸੋਸੀਏਸ਼ਨ ਵੱਲੋਂ ਪਵਨ ਜਿੰਦਲ, ਜਗਸੀਰ ਸਿੰਘ ਸਹੋਤਾ, ਸ਼੍ਰੀ ਮਤੀ ਪੁਸ਼ਪ ਲਤਾ, ਐਨ. ਕੇ. ਜੀਤ, ਇੰਦਰਜੀਤ ਸੋਢੀ ਤੇ ਬੱਗਾ ਸਿੰਘ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਕਈ ਜਥੇਬੰਦੀਆਂ ਵੱਲੋਂ ਸ਼ੋਕ ਸੁਨੇਹੇ ਤੇ ਮਤੇ ਵੀ ਪੁਹੰਚੇ।
ਲੋਕ ਲਹਿਰ ਦੇ ਕਾਫ਼ਲੇ ਚੋਂ ਬੇਵਕਤ ਵਿੱਛੜੇ ਸਾਥੀ ਸੱਤਪਾਲ ਨੂੰ ਅਦਾਰਾ ਸੁਰਖ਼ ਲੀਹ ਸੰਗਰਾਮੀ ਸ਼ਰਧਾਂਜਲੀ ਭੇਂਟ ਕਰਦਾ ਹੈ।

No comments:

Post a Comment