Thursday, September 8, 2016

17. ਮਹਾਨ ਅਕਤੂਬਰ ਇਨਕਲਾਬ



ਮਹਾਨ ਅਕਤੂਬਰ ਇਨਕਲਾਬ ਦੀ ਜੋਤ ਸਦਾ ਜਗਦੀ ਰਹੇਗੀ

- ਸੁਰਖ਼ ਲੀਹ ਡੈੱਸਕ

ਅੱਜ ਤੋਂ 82 ਵਰ੍ਹੇ ਪਹਿਲਾਂ, ਅਕਤੂਬਰ 1917 ਵਿੱਚ ਰੂਸ ਦੀ ਮਜ਼ਦੂਰ ਜਮਾਤ ਨੇ ਸੰਸਾਰ ਪ੍ਰੋਲੇਤਾਰੀਆਂ ਦੇ ਮਹਾਨ ਉਸਤਾਦ ਕਾਮਰੇਡ ਲੈਨਿਨ ਦੀ ਅਗਵਾਈ ਵਿੱਚ ਸਮਾਜਵਾਦੀ ਇਨਕਲਾਬ ਨੇਪਰੇ ਚਾੜ੍ਹ ਕੇ ਮਹਾਨ ਕਾਰਨਾਮਾ ਕਰ ਵਿਖਾਇਆ ਸੀ । ਇਸ ਇਨਕਲਾਬ ਦੀ ਸਫਲਤਾ ਨੇ ਨਾ ਸਿਰਫ ਰੂਸ ਅੰਦਰ, ਯਾਨੀ  ਦੁਨੀਆਂ ਦੇ ਛੇਵੇਂ ਹਿੱਸੇ ਅੰਦਰ, ਸਰਮਾਏਦਾਰੀ ਪ੍ਰਬੰਧ ਦਾ ਖਾਤਮਾ ਕਰਕੇ, ਲੁੱਟ ਤੇ ਦਾਬੇ ਤੋਂ ਮੁਕਤ, ਸਮਾਜਵਾਦੀ ਸਮਾਜ ਦੀ ਨੀਂਹ ਧਰ ਦਿੱਤੀ, ਨਾ ਸਿਰਫ ਇਸ ਨੇ ਵਿਕਸਤ ਸਰਮਾਏਦਾਰ ਮੁਲਕਾਂ ਅੰਦਰ ਸਮਾਜਵਾਦੀ ਇਨਕਲਾਬਾਂ ਦੀ ਸਫਲਤਾ ਲਈ ਅਹਿਮ ਪੂਰਨੇ ਪਾਏ, ਸਗੋਂ ਇਸ ਨੇ ਦੁਨੀਆਂ ਭਰ ਦੇ ਮਿਹਨਤਕਸ਼ ਤੇ ਦੱਬੇ-ਕੁਚਲੇ ਲੋਕਾਂ ਦੇ ਇਨਕਲਾਬੀ ਤੇ ਸਾਮਰਾਜ ਵਿਰੋਧੀ ਘੋਲਾਂ ਨੂੰ ਅਥਾਹ ਪ੍ਰੇਰਣਾ, ਰੋਸ਼ਨੀ ਅਤੇ ਸ਼ਕਤੀ ਬਖਸ਼ੀ। ਸਿੱਟੇ ਵਜੋਂ ਨਾ ਸਿਰਫ ਸੋਵੀਅਤ ਯੂਨੀਅਨ, ਕਾਮਰੇਡ ਲੈਨਿਨ ਕਾਮਰੇਡ ਸਟਾਲਿਨ ਦੀ ਅਗਵਾਈ ਵਿੱਚ ਸਮਾਜਵਾਦੀ ਉਸਾਰੀ ਦੇ ਰਾਹ ਤੇ ਲੰਮੀਆਂ ਪੁਲਾਘਾਂ ਪੁਟਦਾ, ਇੱਕ ਸ਼ਕਤੀਸ਼ਾਲੀ ਸਮਾਜਵਾਦੀ ਮੁਲਕ ਤੇ ਸੰਸਾਰ ਇਨਕਲਾਬ ਦਾ ਕੇਂਦਰ ਬਣਕੇ ਉੱਭਰਿਆ ਤੇ ਸਮੁੱਚੇ ਕੌਮਾਂਤਰੀ ਰਿਸ਼ਤਿਆਂ ਤੇ ਸੰਸਾਰ ਘਟਨਾਵਾਂ ਦੇ ਵਹਿਣ ਨੂੰ ਪ੍ਰਭਾਵਤ ਕਰਨ ਦੇ ਸਮਰੱਥ ਹੋ ਗਿਆ, ਨਾ ਸਿਰਫ ਪੂਰਬੀ ਯੂਰਪ ਦੇ ਅਨੇਕਾਂ ਮੁਲਕਾਂ ਅੰਦਰ ਲੋਕ ਜਮਹੂਰੀਅਤਾਂ ਹੋਂਦ ਵਿਚ ਆਈਆਂ, ਸਗੋਂ ਪੂਰਬ ਦੇ ਪਛੜੇ ਮੁਲਕਾਂ ਅੰਦਰ, ਕਾਮਰੇਡ ਮਾਓ ਦੀ ਅਗਵਾਈ ਵਿੱਚ, ਚੀਨ ਗਣਰਾਜ ਦੀ ਸਥਾਪਨਾ ਹੋਈ ਜਿਹੜਾ ਪਿਛੋਂ ਜਾ ਕੇ ਇੱਕ ਸ਼ਕਤੀਸ਼ਾਲੀ ਸਮਾਜਵਾਦੀ ਮੁਲਕ ਵਿੱਚ ਤਬਦੀਲ ਹੋ ਗਿਆ। ਇਸ ਤਰ੍ਹਾਂ 50 ਵਿਆਂ ਦੇ ਸ਼ੁਰੂ ਤੱਕ , ਇੱਕ ਮਜਬੂਤ ਸਮਾਜਵਾਦੀ ਕੈਂਪ ਹੋਂਦ ਵਿਚ ਆਇਆ, ਜਿਹੜਾ ਸੰਸਾਰ ਘਟਨਾਵਾਂ ਦੇ ਵਹਿਣ ਨੂੰ ਫੈਸਲਾਕੁਨ ਰੂਪ ਚ ਪ੍ਰਭਾਵਤ ਕਰਨ ਦੀ ਸਮਰੱਥਾ ਰੱਖਦਾ ਸੀ।
ਪਰ ਅੱਜ ਜਦੋਂ ਅਸੀਂ ਸੋਵੀਅਤ ਯੂਨੀਅਨ ਦੇ ਮਹਾਨ ਅਕਤੂਬਰ ਇਨਕਲਾਬ ਦੀ 82 ਵੀਂ ਵਰ੍ਹੇ ਗੰਢ ਮਨਾਉਣ ਜਾ ਰਹੇ ਹਾਂ , ਸੰਸਾਰ ਹਾਲਤ ਇਸ ਤੋਂ ਬਿਲਕੁੱਲ ਵੱਖਰੀ ਹੈ।
ਕਾਮਰੇਡ ਲੈਨਿਨ ਤੇ ਸਟਾਲਨ ਦੀ ਅਗਵਾਈ ਵਿੱਚ ਉੱਸਰਿਆ ਸਮਾਜਵਾਦੀ ਇਨਕਲਾਬ ਦਾ ਗੜ੍ਹ -ਸੋਵੀਅਤ ਯੂਨੀਅਨ -50 ਵਿਆਂ ਦੇ ਅਖੀਰ ਵਿੱਚ ਹੀ ਆਪਣਾ ਰੰਗ ਬਦਲ ਕੇ ਸਰਮਾਏਦਾਰੀ ਦੀ ਬਹਾਲੀ ਦੇ ਰਾਹ ਚੜ੍ਹ ਗਿਆ ਸੀ ਤੇ ਇੱਕ ਸਾਮਰਾਜੀ ਸ਼ਕਤੀ ਵਜੋਂ ਦੱਬੇ ਕੁਚਲੇ ਦੇਸਾਂ ਦੇ ਲੋਕਾਂ ਅਤੇ ਕੌਮਾਂ ਉਪਰ ਵਹਿਸ਼ੀ ਕਟਕ ਚਾੜ੍ਹਨ ਦੇ ਰਾਹ ਪਿਆ ਹੋਇਆ ਹੈ। ਇਸ ਦੇ ਨਾਲ ਹੀ, ਪੂਰਬੀ ਯੂਰਪ ਦੇ ਮੁਲਕ ਵੀ ਆਪਣਾ ਰੰਗ ਵਟਾ ਕੇ ਸਾਮਰਾਜੀਆਂ ਨਾਲ ਯਰਾਨੇ ਪਾਲ ਰਹੇ ਹਨ। ਕਿਸੇ ਵੇਲੇ ਅਮਰੀਕੀ ਸਾਮਰਾਜੀਆਂ ਦੀਆਂ ਗੋਡਣੀਆਂ ਲਵਾਉਣ ਵਾਲਾ ਅਤੇ ਦੱਬੇ ਕੁਚਲੇ ਲੋਕਾਂ ਨੂੰ ਰਾਹ ਦਿਖਾਉਣ ਵਾਲਾ ਵੀਤਨਾਮ ਵੀ ਸਾਮਰਾਜੀਆਂ ਦਾ ਹੱਥਠੋਕਾ ਬਣ ਕੇ ਰੂਸੀ ਸਾਮਰਾਜੀਆਂ ਦੇ ਪਿੱਠੂ ਦਾ ਰੋਲ ਨਿਭਾਉਂਦਾ ਰਿਹਾ ਹੈ। ਬਾਅਦ ਵਿੱਚ ਕਾਮਰੇਡ ਮਾਓ ਦੀ ਮੌਤ ਪਿੱਛੋਂ ਸੰਸਾਰ ਇਨਕਲਾਬ ਦੇ ਨਵੇਂ ਕੇਂਦਰ-ਸਮਾਜਵਾਦੀ ਚੀਨ-ਦੇ ਰੰਗ ਬਦਲ ਜਾਣ ਤੇ ਅਲਬਾਨੀਆਂ ਦੀ ਪਾਰਟੀ ਆਫ ਲੇਬਰ ਦੀ ਲੀਡਰਸ਼ਿੱਪ ਵੱਲੋਂ ਮਾਰਕਸਵਾਦ-ਲੈਨਿਨਵਾਦ ਨੂੰ ਤਿਲਾਂਜਲੀ ਦੇਣ ਦੇ ਸਿੱਟੇ ਵਜੋਂ ਸਮੁੱਚਾ ਸਮਾਜਵਾਦੀ ਪ੍ਰਬੰਧ ਹੋਂਦ ਗੁਆ ਚੁੱਕਾ ਹੈ। ਇਸ ਘਟਨਾ ਵਿਕਾਸ ਨਾਲ, ਨਾ ਸਿਰਫ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਦੇ ਇਨਕਲਾਬੀ ਘੋਲਾਂ ਲਈ ਬੇਅਥਾਹ ਪ੍ਰੇਰਨਾ ਤੇ ਉਤਸ਼ਾਹ ਦਾ ਸੋਮਾ ਤੇ ਇਹਨਾਂ ਦੀ ਸ਼ਕਤੀਸ਼ਾਲੀ ਢੋਈ ਖੁੱਸ ਗਈ ਹੈ, ਨਾ ਸਿਰਫ ਸੰਸਾਰ ਅਮਨ ਤੇ ਕੌਮਾਂ ਦੀ ਆਜਾਦੀ ਦੀ ਰਾਖੀ ਦੀ ਜਾਮਨ ਇੱਕ ਸ਼ਕਤੀਸ਼ਾਲੀ ਤਾਕਤ, ਸੰਸਾਰ ਮੰਚ ਤੋਂ ਅਲੋਪ ਹੋ ਗਈ ਹੈ ਸਗੋਂ ਇਸ ਨਾਲ ਸੰਸਾਰ ਕਮਿਊਨਿਸਟ ਲਹਿਰ ਵੀ ਸਿਆਸੀ-ਵਿਚਾਰਧਾਰਕ ਘਚੋਲੇ ਤੇ ਪਾਟੋਧਾੜ ਦਾ ਸ਼ਿਕਾਰ ਹੋ ਗਈ ਹੈ। ਇਸ ਤਰ੍ਹਾਂ ਨਾਲ ਅੱਜ ਦੀ ਕੌਮਾਂਤਰੀ ਹਾਲਤ ਮਹਾਨ ਅਕਤੂਬਰ ਇਨਕਲਾਬ ਤੋਂ ਪਹਿਲਾਂ ਦੀ ਹਾਲਤ ਨਾਲ ਮਿਲਦੀ ਜੁਲਦੀ ਹੈ ਜਦੋਂ ਨਾ ਸਿਰਫ ਕਿਸੇ ਸਮਾਜਵਾਦੀ ਮੁਲਕ ਦੀ ਹੋਂਦ ਮੌਜੂਦ ਨਹੀਂ ਸੀ, ਸਗੋਂ ਮਾਰਕਸਵਾਦੀ ਵਿਗਿਆਨ ਤੇ ਇਸ ਦੇ ਭਵਿੱਖ ਬਾਰੇ ਹੀ ਸੰਸੇ ਤੇ ਸ਼ੰਕੇ ਉੱਭਰ ਰਹੇ ਸਨ, ਜਦੋਂ ਕੌਮਾਂਤਰੀ ਕਮਿਊਨਿਸਟ ਲਹਿਰ ਦਾ ਵੱਡਾ ਹਿੱਸਾ ਇੱਕ ਜਾਂ ਦੂਜੀ ਕਿਸਮ ਦੀ, ਖਾਸ ਕਰਕੇ ਸੱਜੀ, ਮੌਕਾਪ੍ਰਸਤੀ ਦੀ ਦਲਦਲ ਵਿਚ ਜਾ ਖੁੱਭਾ ਸੀ। ਅੰਤਰ ਸਾਮਰਾਜੀ ਸੰਸਾਰ ਜੰਗ, ਇਸ ਕਮਜੋਰ ਹੋਈ ਕਮਿਊਨਿਸਟ ਲਹਿਰ ਮੂਹਰੇ ਗੰਭੀਰ ਚੁਣੌਤੀਆਂ ਤੇ ਸੰਭਾਵਨਾਵਾਂ ਪੇਸ਼ ਕਰ ਰਹੀ ਸੀ। ਅੱਜ ਦੀਆਂ ਹਾਲਤਾਂ ਅੰਦਰ ਅਜਿਹੇ ਸੰਸੇ ਤੇ ਸ਼ੰਕੇ ਹੋਰ ਵੀ ਵੱਧ ਜੋਰ ਨਾਲ ਉੱਭਰ ਰਹੇ ਹਨ। ਕੀ ਕਦੇ ਸਮਾਜਵਾਦ ਮੁਕੰਮਲ ਜਿੱਤ ਹਾਸਲ ਕਰ ਸਕੇਗਾ? ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਤੋਂ ਮੁਕਤ ਕਮਿਊਨਿਸਟ ਸਮਾਜ ਦਾ ਸੁਪਨਾ ਕਦੇ ਸਾਕਾਰ ਵੀ ਹੋ ਸਕੇਗਾ ਜਾਂ ਨਹੀਂ? ਕੀ ਅੱਜ ਦੀਆਂ ਹਾਲਤਾਂ ਵਿੱਚ ਕਮਜੋਰ ਹੋਈ ਕਮਿਊਨਿਸਟ ਲਹਿਰ ਏਡੇ ਤਾਕਤਵਰ ਮੌਕਾਪ੍ਰਸਤ ਕੁਰਾਹਿਆਂ ਨੂੰ ਭਾਂਜ ਦੇ ਕੇ ਇੱਕ ਸ਼ਕਤੀਸ਼ਾਲੀ ਲਹਿਰ ਵਜੋਂ ਮੁੜ ਵਿਕਸਤ ਹੋ ਸਕੇਗੀ ਅਤੇ ਕੀ ਇਹ ਮੌਜੂਦਾ ਹਾਲਤਾਂ ਵਿਚ ਮੌਜੂਦ ਵੱਡੇ ਖਤਰਿਆਂ ਨਾਲ ਮੜਿੱਕਦੀ ਹੋਈ ਇਹਨਾਂ ਹਾਲਤਾਂ ਵਿਚ ਮੌਜੂਦ ਵੱਡੀਆਂ ਸੰਭਾਵਨਾਵਾਂ ਦਾ ਬਣਦਾ ਲਾਹਾ ਲੈ ਸਕੇਗੀ।
ਮਹਾਨ ਅਕਤੂਬਰ ਇਨਕਲਾਬ, ਉਸ ਸਮੇਂ ਮੌਜੂਦ ਕੌਮਾਂਤਰੀ ਹਾਲਤਾਂ ਸਬੰਧੀ ਸੰਸਾਰ ਪ੍ਰੋਲੇਤਾਰੀਆਂ ਦਾ ਇਨਕਲਾਬੀ ਹੁੰਗਾਰਾ ਸੀ ਤੇ ਉਪਰੋਕਤ ਕਿਸਮ ਦੇ ਸੁਆਲਾਂ ਦਾ ਠੋਕਵਾਂ ਜੁਆਬ ਸੀ। ਕਾਮਰੇਡ ਲੈਨਿਨ ਨੇ ਮਾਰਕਸਵਾਦ ਦੇ ਬੁਨਿਆਦੀ ਸਿਧਾਂਤਾਂ ਨੂੰ ਸੰਸਾਰ ਸਾਮਰਾਜੀ ਪ੍ਰਬੰਧ ਦੇ ਯੁੱਗ ਤੇ ਢੁਕਾਉਂਦਿਆਂ, ਇਹਨਾਂ ਸਿਧਾਂਤਾਂ ਨੂੰ ਵਿਕਸਤ ਕੀਤਾ। ਉਸ ਨੇ ਦਰਸਾਇਆ ਕਿ ਸਾਮਰਾਜੀ ਸਰਮਾਏਦਾਰੀ ਦੇਖਣ ਨੂੰ ਹੀ ਸਰਵਸ਼ਕਤੀਮਾਨ ਹੈ, ਜਦੋਂ ਕਿ ਤੱਤ ਰੂਪ ਵਿਚ ਇਹ ‘‘ਮਰਨਊ’’ ਸਰਮਾਏਦਾਰੀ ਹੈ, ‘‘ਮਿੱਟੀ ਦੇ ਪੈਰਾਂ ਵਾਲਾ ਦਿਓ’’ ਹੈ। ਇਸ ਨੇ ਸਰਮਾਏਦਾਰੀ ਪ੍ਰਬੰਧ ਦੀਆਂ ਬੁਨਿਆਦੀ ਵਿਰੋਧਤਾਈਆਂ ਨੂੰ ਖਤਮ ਨਹੀਂ ਕੀਤਾ, ਸਗੋਂ ਬੇਹੱਦ ਤਿੱਖਾ ਕਰ ਦਿੱਤਾ ਹੈ, ਸਾਮਰਾਜੀ ਪ੍ਰਬੰਧ  ਨੂੰ ਇਸ ਦੀ ਕਮਜੋਰ ਕੜੀ ਤੋਂ ਭੰਨਿਆ ਜਾ ਸਕਦਾ ਹੈ ਤੇ ਸਾਮਰਾਜੀ ਪ੍ਰਬੰਧ ਦੇ ਰਹਿੰਦਿਆਂ ਹੀ ਕਿਸੇ ਇੱਕ ਮੁਲਕ ਅੰਦਰ ਸਮਾਜਵਾਦੀ ਸੱਤਾ ਦੀ ਉਸਾਰੀ ਸੰਭਵ ਹੈ ਆਦਿ। ਇਸ ਦੇ ਨਾਲ ਹੀ ਉਸ ਨੇ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੇ ਵਿਕਾਸ ਲਈ ਇਨਕਲਾਬੀ ਨੀਤੀਆਂ ਤੇ ਦਾਅਪੇਚਾਂ  ਦੇ ਪੂਰ ਘੜੇ। ਇਸ ਤਰ੍ਹਾਂ ਉਸ ਨੇ ਇੱਕ ਦਰੁਸਤ ਇਨਕਲਾਬੀ ਲੀਹ ਦਾ ਵਿਕਾਸ ਕੀਤਾ। ਮਹਾਨ ਅਕਤੂਬਰ ਇਨਕਲਾਬ ਦੀ ਸਫਲਤਾ ਨੇ ਕਾਮਰੇਡ ਲੈਨਿਨ ਦੇ ਇਹਨਾਂ ਇਨਕਲਾਬੀ ਸਿਧਾਂਤਾਂ, ਨੀਤੀਆਂ ਤੇ ਦਾਅਪੇਚਾਂ ਦੀ ਪੁਸ਼ਟੀ ਕੀਤੀ ਤੇ ਇਹ ਸਾਬਤ ਕਰ ਵਿਖਾਇਆ ਕਿ ਮਾਰਕਸਵਾਦ ਇੱਕ ਅਜਿਹਾ ਵਿਗਿਆਨ ਹੈ ਜਿਹੜਾ ਕਿਸੇ ਵੀ ਸਮਾਜਕ ਵਿਵਸਥਾ ਨੂੰ ਦਰੁਸਤ ਢੰਗ ਨਾਲ ਸਮਝਣ ਤੇ ਬਦਲਣ ਦੇ ਸਮਰੱਥ ਹੈ। ਨਾਲ ਹੀ ਇਸ ਇਨਕਲਾਬ ਦੀ ਸਫਲਤਾ ਨੇ ਤਰ੍ਹਾਂ ਤਰ੍ਹਾਂ ਦੇ ਮੌਕਾਪ੍ਰਸਤ ਵਿਚਾਰਾਂ ਦਾ ਜੋਰਦਾਰ ਖੰਡਨ ਕਰਦਿਆਂ ਤੀਜੀ ਕੌਮਾਂਤਰੀ ਦੀ ਸਥਾਪਤੀ ਦਾ ਆਧਾਰ ਤਿਆਰ ਕਰ ਦਿੱਤਾ।
ਮਹਾਨ ਅਕਤੂਬਰ ਇਨਕਲਾਬ ਅੱਜ ਦੀਆਂ ਔਖੀਆਂ ਕੌਮਾਂਤਰੀ ਹਾਲਤਾਂ ਵਿਚ ਵੀ ਪ੍ਰੇਰਨਾ ਤੇ ਰੌਸ਼ਨੀ ਦਾ ਸੋਮਾ ਹੈ। ਅੱਜ ਦੀ ਕੌਮਾਂਤਰੀ ਹਾਲਤ ਮਹਾਨ ਅਕਤੂਬਰ ਇਨਕਲਾਬ ਨਾਲ ਮਿਲਦੀ ਜੁਲਦੀ ਹੀ ਨਹੀਂ ਸਗੋਂ ਕਈ ਪੱਖਾਂ ਤੋਂ ਉਸ ਨਾਲੋਂ ਸਿਫਤੀ ਤੌਰ ਤੇ ਉਤਲੇ ਪੜਾਅ ਤੇ ਹੈ। ਬਾਹਰਮੁਖੀ ਹਾਲਤਾਂ ਦੇ ਪੱਖੋਂ ਦੇਖਿਆਂ, ਅੱਜ ਸਮੁੱਚਾ ਸਾਮਰਾਜੀ ਪ੍ਰਬੰਧ, ਉਸ ਹਾਲਤ ਦੇ ਮੁਕਾਬਲੇ, ਸਿਰੇ ਦੇ ਆਰਥਕ-ਸਿਆਸੀ ਸੰਕਟਾਂ ਦੀ ਮਾਰ ਹੇਠ ਹੈ, ਜਿਸ ਦੇ ਸਿੱਟੇ ਵਜੋਂ ਦੁਨੀਆਂ ਦੀਆਂ ਸਾਰੀਆਂ ਬੁਨਿਆਦੀ ਵਿਰੋਧਤਾਈਆਂ ਬੇਹੱਦ ਤਿੱਖੀਆਂ ਹੋਈਆਂ ਹਨ। ਅੱਜ ਸਿਰਫ ਵਿਕਸਤ ਸਰਮਾਏਦਾਰ ਮੁਲਕਾਂ ਅੰਦਰ ਇਨਕਲਾਬੀ ਹਾਲਤਾਂ ਤੇਜੀ ਨਾਲ ਵਿਕਸਤ ਹੀ ਨਹੀਂ ਹੋ ਰਹੀਆਂ, ਸਗੋਂ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਪਛੜੇ ਮੁਲਕਾਂ ਅੰਦਰ ਕੌਮੀ-ਮੁਕਤੀ ਦੀਆਂ ਇਨਕਲਾਬੀ ਜੰਗਾਂ ਪਹਿਲਾਂ ਹੀ ਸਾਮਰਾਜੀ ਪ੍ਰਬੰਧ ਉੱਪਰ ਵਦਾਣੀ ਸੱਟਾਂ ਮਾਰ ਰਹੀਆਂ ਹਨ, (ਜਦੋਂ ਕਿ 1917 ਤੋਂ ਪਹਿਲਾਂ ਇਹ ਸਿਰਫ ਆਪਣੀ ਮੁੱਢਲੀ ਉਠਾਣ ਦੇ ਦਿਨਾਂ ਵਿਚ ਹੀ ਸਨ) ਤੇ ਅੱਜ ਸੰਸਾਰ ਕਮਿਊਨਿਸਟ ਲਹਿਰ, ਉਦੋਂ ਵਾਙੂੰ, ਸਿਰਫ ਯੂਰਪ ਦੇ ਵਿਕਸਤ ਸਰਮਾਏਦਾਰ ਮੁਲਕਾਂ ਤੱਕ ਸੀਮਤ ਨਹੀਂ, ਸਗੋਂ ਸੰਸਾਰ ਪੱਧਰ ਦਾ ਵਰਤਾਰਾ ਬਣ ਚੁੱਕੀ ਹੈ। ਇਨਕਲਾਬੀ ਚੇਤਨਾ ਦੇ ਪੱਖੋਂ, ਦੁਨੀਆਂ ਦੇ ਇੱਕ ਵੱਡੇ ਹਿੱਸੇ ਦੇ ਲੋਕਾਂ ਨੇ ਸਮਾਜਵਾਦੀ ਸੱਤਾ ਦੇ ਕ੍ਰਿਸ਼ਮੇ ਮਾਣੇ ਹਨ। ਪਛੜੇ ਮੁਲਕਾਂ ਦੇ ਲੋਕਾਂ ਅੰਦਰ ਕੌਮੀ ਜਾਗਰਤੀ ਤੇ ਇਨਕਲਾਬੀ ਜਮਹੂਰੀ ਚੇਤਨਾ ਦਾ ਬੇਥਾਹ ਵਾਧਾ ਹੋਇਆ ਹੈ ਤੇ ਵਿਕਸਤ ਸਰਮਾਏਦਾਰ ਮੁਲਕਾਂ ਦੀ ਮਜ਼ਦੂਰ ਜਮਾਤ ਨੇ ਲੰਮੇ ਵਰ੍ਹਿਆਂ ਦੇ ਇਨਕਲਾਬੀ ਘੋਲਾਂ ਦੇ ਅਮੀਰ ਤਜ਼ਰਬੇ ਵਿੱਚੋਂ ਉੱਚ-ਪੱਧਰੀ ਚੇਤਨਾ ਗ੍ਰਹਿਣ ਕੀਤੀ ਹੈ ਅਤੇ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਸਿਧਾਂਤਕ ਪੱਧਰ ਪੱਖੋਂ, ਨਾ ਸਿਰਫ ਮਹਾਨ ਅਕਤੂਬਰ ਇਨਕਲਾਬ ਸਮੇਂ ਕਾਮਰੇਡ ਲੈਨਿਨ ਨੇ ਹਰ ਕਿਸਮ ਦੀ ਮੌਕਾਪ੍ਰਸਤੀ ਦੇ ਖਿਲਾਫ (ਖਾਸ ਕਰਕੇ ਕਾਮਰੇਡ ਮਾਓ ਦੀ ਅਗਵਾਈ ਵਿੱਚ ਅਜੋਕੇ ਸੋਧਵਾਦ ਖਿਲਾਫ) ਸਿਧਾਂਤਕ ਲੜਾਈ ਦਿੰਦਿਆਂ ਮਹਾਨ ਸਬਕ ਸਿੱਖੇ ਹਨ ਤੇ ਇਸ ਨੇ ਸਿਰਫ ਕਾਮਰੇਡ ਮਾਓ ਦੀ ਅਗਵਾਈ ਵਿਚ ਪਛੜੇ ਨਿਰਭਰ ਮੁਲਕਾਂ ਅੰਦਰ ਕੌਮੀ ਮੁਕਤੀ ਲਹਿਰਾਂ ਨੂੰ ਨੇਪਰੇ ਚਾੜ੍ਹਨਾ ਤੇ ਸੰਸਾਰ ਸਮਾਜਵਾਦੀ ਇਨਕਲਾਬ ਦਾ ਅੰਗ ਬਣਾਉਣਾ ਸਿੱਖਿਆ ਹੈ, ਸਗੋਂ ਸਮਾਜਵਾਦ ਦੀ ਸਫਲ ਉਸਾਰੀ ਦੇ ਸਬੰਧ ਵਿਚ ਮਹਾਨ ਸਿੱਖਿਆਵਾਂ ਹਾਸਲ ਕੀਤੀਆਂ ਹਨ।
ਇਹਨਾਂ ਹਕੀਕਤਾਂ ਦੇ ਹੁੰਦਿਆਂ, ਦੁਨੀਆਂ ਦੀ ਕੋਈ ਵੀ ਤਾਕਤ ਸੰਸਾਰ ਪ੍ਰੋਲੇਤਾਰੀ ਇਨਕਲਾਬ ਦੀ ਰੋਕ ਨਹੀਂ ਬਣ ਸਕਦੀ। ਅਕਤੂਬਰ ਇਨਕਲਾਬ ਦੀ ਜੋਤ ਸਦਾ ਜਗਦੀ ਰਹੇਗੀ। 

No comments:

Post a Comment