Thursday, September 8, 2016

11. ਆਤਮ ਨਿਰਣੇ ਦਾ ਹੱਕ



ਲੋਕਾਂ ਦੇ ਆਤਮ ਨਿਰਣੇ ਦਾ ਹੱਕ ਸਾਲਮ ਹੈ,  

ਨਾ ਕਿ ਭਾਰਤੀ ਰਿਆਸਤ ਦੀ ਅਖੰਡਤਾ ਦਾ

- ਕਾ. ਹਰਭਜਨ ਸੋਹੀ

ਕਸ਼ਮੀਰੀ ਲੋਕਾਂ ਦੇ ਆਤਮ-ਨਿਰਣੇ ਦਾ ਹੱਕ ਇਸ ਮਸਲੇ ਦੇ ਸਿਰਫ਼ ਇਤਿਹਾਸਕ ਤੱਥਾਂ ਤੇ ਹੀ ਆਧਾਰਤ ਨਹੀਂ। ਚਾਹੇ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਵੀ ਹੁੰਦਾ, ਤਾਂ ਵੀ ਭਾਰਤ ਵਿਚਲੀਆਂ ਦੂਸਰੀਆਂ ਕੌਮੀਅਤਾਂ ਵਾਗੂੰ ਕਸ਼ਮੀਰੀ ਲੋਕਾਂ ਦਾ ਇਹ ਹੱਕ ਉਨ੍ਹਾਂ ਦੇ ਜਮਹੂਰੀ ਹੱਕ ਵਜੋਂ ਸਹੀ ਸਲਾਮਤ ਰਹਿਣਾ ਸੀ। ਅਜੋਕੀ ਦੁਨੀਆਂ ਚ ਇਹ ਸਾਰੀਆਂ ਕੌਮਾਂ ਦਾ ਸਰਵ ਵਿਆਪੀ ਪ੍ਰਵਾਨਤ ਜਮਹੂਰੀ ਹੱਕ ਹੈ ਕਿ ਕੋਈ ਵੀ, ਕੌਮਾਂ ਦੇ ਆਪਾ ਨਿਰਣੇ ਦੇ ਹੱਕ ਨੂੰ ਰੱਦ ਕਰਦਿਆਂ, ਜਮਹੂਰੀਅਤ ਦੇ ਬੁਨਿਆਦੀ ਅਸੂਲਾਂ ਦੇ ਝੰਡਾਬਰਦਾਰ ਹੋਣ ਦਾ ਦਾਅਵਾ ਨਹੀਂ ਕਰ ਸਕਦਾ।
ਭਾਰਤੀ ਹਾਕਮ ਭਾਰਤ ਦੇ ਇਕਜੁਟ ਵਜੂਦ ਅੰਦਰ ਸਭ ਕਿਸਮ ਦੀ ਅਨੇਕਤਾ ਦੀਆਂ ਗੱਲਾਂ ਕਰਨ ਦੇ ਖਾਸੇ ਸ਼ੌਕੀਨ ਹਨ, ਪਰ ਉਹ ਭਾਰਤ ਦੀ ਕੌਮੀ ਅਨੇਕਤਾ ਦਾ ਜ਼ਿਕਰ ਕਰਨ ਤੋਂ ਐਨ ਉਰ੍ਹਾਂ ਰੁਕ ਜਾਂਦੇ ਹਨ। ਜਿਵੇਂ ਕਿਤੇ ਉਹਨਾਂ ਵਲੋਂ ਭਾਰਤ ਦੀ ਇਕ ਬਹੁ-ਕੌਮੀ ਮੁਲਕ ਹੋਣ ਦੀ ਜਾਹਰਾ ਹਕੀਕਤ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਣ ਨਾਲ ਭਾਰਤ ਅੰਦਰ ਕੌਮੀ ਸੁਆਲ ਆਇਆ ਗਿਆ ਹੋ ਸਕਦਾ ਹੈ। ਫਿਰ ਵੀ ਉਨ੍ਹਾਂ ਵੱਲੋਂ ‘‘ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ’’ ਨੂੰ ਚਲਾਉਣ ਦੇ ਖੇਖਣ ਕੌਮਾਂ ਦੇ ਆਪਾ-ਨਿਰਣੇ ਦੇ ਹੱਕ ਨੂੰ ਰਸਮੀ ਤੌਰ ਤੇ ਰੱਦ ਕਰਨ ਚ ਅੜਿੱਕਾ ਬਣਦੇ ਹਨ। ਇਸ ਲਈ, ਭਾਰਤ ਅੰਦਰ ਕੌਮੀ ਸੁਆਲ ਨੂੰ ਲਾਂਭੇ ਛੱਡਦਿਆਂ ਉਹ ‘‘ਵੱਖਵਾਦ’’ ਖਿਲਾਫ ਜੰਗੀ ਹੋਕਰੇ ਮਾਰਦਿਆਂ ਅਤੇ ਭਾਰਤੀ ਰਿਆਸਤ ਦੀ ਅਖੰਡਤਾ ਦੀ ਸਾਲਮੀਅਤ ਤੇ ਜ਼ੋਰ ਦਿੰਦਿਆਂ ਕੌਮੀ ਆਪਾ ਨਿਰਣੇ ਦੇ ਹੱਕ ਨੂੰ ਰੱਦ ਕਰਨ ਦੀ ਕੋਸ਼ਿਸ਼ ਕਰਦੇ ਹਨ।
ਭਾਰਤੀ ਹਾਕਮ ਇਹ ਨਹੀਂ ਦੱਸਦੇ ਕਿ ਭਲਾਂ ਭਾਰਤੀ ਰਿਆਸਤ ਦੀ ਇਹ ਅਖੰਡਤਾ ਬਣੀ ਹੋਈ ਕਿਸ ਸ਼ੈਅ ਦੀ ਹੈ। ਇਕ ਜਮਹੂਰੀ ਰਿਆਸਤ ਦੀ ਅਖੰਡਤਾ ਇਸਦੇ ਲੋਕਾਂ ਦੀ ਕੌਮੀ ਅਖੰਡਤਾ ਦੁਆਰਾ ਤਹਿ ਹੁੰਦੀ ਹੈ। ਇਹ ਕੌਮੀ ਅਖੰਡਤਾ ਖੁਦ ਲੋਕਾਂ ਦੀ ਆਰਥਿਕ, ਸਮਾਜਕ ਅਤੇ ਸਭਿਆਚਾਰਕ ਜਿੰਦਗੀ ਦੇ ਬਾਹਰਮੁਖੀ ਸੰਜੋਗ ਦਾ ਅਤੇ ਨਤੀਜੇ ਵਜੋਂ, ਪੈਦਾ ਹੋਈ ਚੇਤਨਾ ਅਤੇ ਪ੍ਰਤੀ ਬੱਧਤਾ ਦਾ ਸਿੱਟਾ ਹੁੰਦੀ ਹੈ। ਇਸੇ ਤਰ੍ਹਾਂ ਬਹੁ-ਕੌਮੀ ਜਮਹੂਰੀ ਰਿਆਸਤ ਦੀ ਅਖੰਡਤਾ, ਜੁੜੀਆਂ ਕੌਮਾਂ ਜਾਂ ਲੋਕਾਂ ਦੀ ਬਰਾਬਰ ਹੈਸੀਅਤ, ਪ੍ਰਸਪਰ ਆਦਰ ਅਤੇ ਪ੍ਰਸਪਰ ਲਾਹੇ ਦੇ ਆਧਾਰ ਤੇ ਸਵੈ ਇੱਛਤ ਸੰਘ ਰਾਹੀਂ ਤਹਿ ਹੁੰਦੀ ਹੈ। ਫਿਰ ਹੀ, ਬਾਹਰੀ ਤਾਕਤਾਂ ਦੇ ਹਵਾਲੇ ਨਾਲ ਇੱਕ ਜਮਹੂਰੀ ਰਿਆਸਤ ਦੀ ਅਖੰਡਤਾ ਨੂੰ ਉਲੰਘਣਾ ਰਹਿਤ ਸਮਝਿਆ ਜਾਂਦਾ ਹੈ।
ਕਿਉਂਕਿ, ਕਿਸੇ ਬਹਿਰੂਨੀ ਤਾਕਤ ਵੱਲੋਂ ਇਸ ਅਖੰਡਤਾ ਚ ਕੋਈ ਵੀ ਭੰਗਣਾ ਲੋਕਾਂ ਦੀ ਕੌਮੀ ਰਜਾਮੰਦੀ ਜਾਂ ਸੰਘ ਚ ਜੁੜੀਆਂ ਕੌਮਾਂ ਦੀ ਸਾਂਝੀ ਰਜਾਮੰਦੀ ਦੀ ਉਲੰਘਣਾ ਬਣਦੀ ਹੈ। ਇਸਦੇ ਉਲਟ, ਇਕ ਬਸਤੀਆਨਾ ਜਾਂ ਜਗੀਰੂ ਰਿਆਸਤ ਦੀ ਅਖੰਡਤਾ ਦਾ ਸਬੰਧਤ ਲੋਕਾਂ ਦੀ ਕੌਮੀ ਰਜਾਮੰਦੀ ਜਾਂ ਆਮ ਜਮਹੂਰੀ ਹੱਕਾਂ ਨਾਲ ਕੋਈ ਲਾਗਾ ਦੇਗਾ ਨਹੀਂ ਹੁੰਦਾ, ਇਸ ਲਈ ਇਹ ਹਾਕਮ ਦੀ ਤਲਵਾਰ ਦੇ ਜੋਰ ਤਹਿ ਹੁੰਦੀ ਹੈ। ਅਜਿਹੀ ਰਿਆਸਤ ਦੀ ਅਖੰਡਤਾ ਸਬੰਧੀ ਕੁਝ ਵੀ ਸਾਲਮ ਨਹੀਂ ਹੁੰਦਾ। ਇਸਦੇ ਆਪਣੇ ਤਰਕ ਦੇ ਨਤੀਜੇ ਵਜੋਂ, ਇਕ ਬਸਤੀਆਨਾ ਜਾਂ ਜਗੀਰੂ ਰਿਆਸਤ ਦੀ ਅਖੰਡਤਾ, ਦੂਜੀਆਂ ਰਿਆਸਤਾਂ ਦੇ ਹਾਕਮਾਂ, ਕਿਸੇ ਸਰਦਾਰ ਦੀ ਬਗਾਵਤ ਜਾਂ ਅੰਦਰੋਂ ਉਠੀ ਲੋਕਾਂ ਦੀ ਕਿਸੇ ਆਜਾਦੀ ਦੀ ਜਦੋਜਹਿਦ ਦੇ ਮੁਕਾਬਲੇ ਚ ਇਸਦਾ ਹਾਕਮ ਦੀ ਤਲਵਾਰ ਦੇ ਪ੍ਰਤਾਪ ਦੇ ਤੇਜ ਹੋਣ ਜਾਂ ਮੱਧਮ ਹੋਣ ਤੇ ਨਿਰਭਰ ਹੁੰਦਿਆਂ ਹਮੇਸ਼ਾਂ ਅਦਲਾ-ਬਦਲੀਆਂ ਲਈ ਸਰਾਪੀ ਹੁੰਦੀ ਹੈ। ਇਸ ਲਈ ਜਮਹੂਰੀਅਤ ਦੇ ਨੁਕਤਾ-ਨਿਗਾਹ ਤੋਂ ਜਿਹੜੀ ਚੀਜ ਉਲੰਘਣਾ ਰਹਿਤ ਹੈ, ਉਹ ਲੋਕਾਂ ਦੀ ਕੌਮੀ ਰਜਾਮੰਦੀ ਹੈ। ਲੋਕ ਚਾਹੇ ਇਕੱਠੇ ਹੋਣ ਜਾਂ ਅੱਡੋ-ਅੱਡ, ਇਕ ਰਿਆਸਤ ਦੀ ਅਖੰਡਤਾ ਉਦੋਂ ਤੱਕ ਉਲੰਘਣਾ ਰਹਿਤ ਹੈ, ਜਦੋਂ ਤੱਕ ਇਹ ਕੌਮੀ ਰਜਾਮੰਦੀ ਦਾ ਸਾਕਾਰ ਰੂਪ ਹੈ।
ਭਾਰਤ ਦੀ ਅਜੋਕੀ ਅਰਧ ਬਸਤੀਆਨਾ, ਅਰਧ ਜਗੀਰੂ ਰਿਆਸਤ ਨਿਸ਼ਚਿਤ ਤੌਰ ਤੇ ਭਾਰਤ ਦੀ ਬਰਤਾਨਵੀ ਬਸਤੀਵਾਦੀ ਰਿਆਸਤ ਦੀ ਵਿਰਾਸਤ ਹੈ। ਬਰਤਾਨਵੀ ਭਾਰਤ ਦੀ ਅਖੰਡਤਾ ਨੂੰ ਭਾਰਤੀ ਉਪ ਮਹਾਂਦੀਪ ਦੀਆਂ ਉਭਰ ਰਹੀਆਂ ਕੌਮਾਂ ਦੀ ਇੱਛਾ ਦੇ ਖਿਲਾਫ ਜਾਂ ਆਮ ਕਰਕੇ ਭਾਰਤੀ ਲੋਕਾਂ ਦੀ ਇੱਛਾ ਦੇ ਖਿਲਾਫ ਬਰਤਾਨਵੀ ਬਸਤੀਵਾਦੀ ਧੌਂਸ ਦੇ ਜਰੀਏ ਠੋਸਿਆ ਅਤੇ ਕਾਇਮ ਰੱਖਿਆ ਗਿਆ ਸੀ। ਇੱਥੋਂ ਤੱਕ ਕਿ ਭਾਰਤੀ ਯੂਨੀਅਨ ਤੇ ਪਾਕਿਸਤਾਨ ਵੀ ਬਰਤਾਨਵੀ ਭਾਰਤ ਵਿਚੋਂ ਹੀ ਘੜੇ ਗਏ ਸਨ। ਦੂਜੇ ਸ਼ਬਦਾਂ ਵਿਚ ਇਹ ਉਸ ਸਮੇਂ ਦੀ ਭਾਰਤੀ ਰਿਆਸਤ ਦੀ ਅਖੰਡਤਾ ਦੀ ‘‘ਉਲੰਘਣਾ’’ ਕਰਕੇ ਹੀ ਹੋਂਦ ਚ ਆਈਆਂ ਸਨਂ। ਮਗਰੋਂ ਬੰਗਲਾ ਦੇਸ਼ ਦੀ ਰਿਆਸਤ ਵੀ (ਭਾਰਤੀ ਦਖਲ ਅੰਦਾਜੀ ਦੇ ਪੱਖ ਨੂੰ ਲਾਂਭੇ ਛੱਡਦਿਆਂ) ਪਾਕਿਸਤਾਨ ਦੀ ਮੁੱਢਲੀ ਰਿਆਸਤ ਦੀ ਅਖੰਡਤਾ ਦੀ ਉਲੰਘਣਾਕਰਕੇ ਹੀ ਹੋਂਦ ਵਿਚ ਆਈ ਸੀ। ਮੌਜੂਦਾ ਭਾਰਤੀ ਰਿਆਸਤ ਦੀ ਅਖੰਡਤਾ ਨੂੰ ਹੀ ਇੱਕੋ ਇਕ ਰੱਬੀ ਵਰਦਾਨ ਬਨਾਉਣ ਬਾਰੇ ਕੋਈ ਵਿਸ਼ੇਸ਼ ਗੱਲ ਨਹੀਂ ਹੈ। ਸਗੋਂ ਭਾਰਤੀ ਹਾਕਮ, ਭਾਰਤੀ ਰਿਆਸਤ ਦੀ ਨਕਲੀ ਲਛਮਣ ਰੇਖਾ ਬਾਰੇ ਬੂ-ਦੁਹਾਈ ਉਦੋਂ ਹੀ ਪਾਉਂਦੇ ਹਨ, ਜਦੋਂ ਹੀ ਉਹਨਾਂ ਨੂੰ ਕਿਸੇ ਕੌਮੀਅਤ ਵੱਲੋਂ ਭਾਰਤ ਨਾਲੋਂ ਤੋੜ ਵਿਛੋੜਾ ਕਰਨ ਦੇ ਆਸਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜਦ ਵੀ ਉਹਨਾਂ ਨੂੰ ਕਿਸੇ ਹੋਰ ਕੌਮੀਅਤ ਨੂੰ ਭਾਰਤ ਵਿਚ ਜਬਰੀ ਸ਼ਾਮਲ ਕਰਨ ਦਾ ਮੌਕਾ ਮਿਲਦਾ ਹੈ, ਜਿਵੇਂ ਕਿ ਸਿੱਕਮੀ ਲੋਕਾਂ ਦੇ ਸਬੰਧ ਵਿਚ ਵਾਪਰਿਆ ਹੈ, ਉਹ ਸਭ ਕਾਸੇ ਨੂੰ ਮੌਜ ਨਾਲ ਬਰਫ ਵਿਚ ਲਾ ਦਿੰਦੇ ਹਨ। ਸਪਸ਼ਟ ਤੌਰ ਤੇ ਸਿੱਕਮ ਦੀ ਰਿਆਸਤ ਦਾ ਰਲੇਵਾਂ ਭਾਰਤੀ ਰਿਆਸਤ ਦੀ ਅਖੰਡਤਾ ਵਿਚ, ਉਹੋ ਜਿਹੀ ਹੀ ਸੋਧ ਹੈ ਜਿਹੋ ਜਿਹੀ ਕਿਸੇ ਕੌਮੀਅਤ ਦੇ (ਜਿਵੇਂ ਕਿ ਮੀਜੋ ਲੋਕਾਂ ਦੇ) ਭਾਰਤ ਨਾਲੋਂ ਟੁੱਟ ਜਾਣ ਨਾਲ ਹੋਣੀ ਹੈ।
ਇਸ ਤਰ੍ਹਾਂ ਭਾਰਤੀ ਰਿਆਸਤ ਦੀ ਅਖੰਡਤਾ ਦੀ ਅਖੌਤੀ ਸਾਲਮੀਅਤ ਭਾਰਤੀ ਹਾਕਮ ਜਮਾਤਾਂ ਦੀ ਭਾਵ ਸਾਮਰਾਜ ਦੇ ਪਿੱਠੂ ਵੱਡੇ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੀ ਭਰਮਾਊ ਘਾੜਤ ਹੈ। ਇਹ ਸੀਨਾ-ਜੋਰੀ ਦੀ ਬਸਤੀਵਾਦੀ-ਜਗੀਰੂ ਹੱਕ ਜਤਲਾਈ ਹੈ ਜਿਹੜੀ ਕਿ ਭਾਰਤ ਅੰਦਰਲੀ ਕਿਸੇ ਕੌਮੀਅਤ ਦੇ, ਕੌਮੀ ਆਪਾ-ਨਿਰਣੇ ਦੇ ਜਮਹੂਰੀ ਅਧਿਕਾਰ ਨੂੰ ਰੱਦ ਨਹੀਂ ਸਕਦੀ। ਕਸ਼ਮੀਰ ਦੇ ਲੋਕਾਂ ਦੇ ਅਧਿਕਾਰ ਨੂੰ ਤਾਂ ਉਕਾ ਹੀ ਨਹੀਂ।  ਪਰ ਤਾਂ ਵੀ ਜੇ ਇਸ ਨੂੰ ਜਮਹੂਰੀ ਸ਼ਕਤੀਆਂ ਵੱਲੋਂ ਚੁਣੌਤੀ ਨਾ ਦਿੱਤੀ ਗਈ ਤਾਂ ਇਹ ਭਾਰਤ ਅੰਦਰਲੀਆਂ ਵੱਖ ਵੱਖ ਕੌਮੀਅਤਾਂ ਦੇ ਕੌਮੀ ਜਜ਼ਬਾਤਾਂ ਅਤੇ ਇਛਾਵਾਂ ਦੀ ਬੇਹੁਰਮਤੀ ਜਾਂ ਜਬਰੀ ਦਾਬੇ ਬਾਰੇ ਵਿਚਾਰਧਾਰਕ ਵਾਜਬੀਅਤ ਮੁਹੱਈਆ ਕਰਕੇ, ਉਹਨਾਂ ਵਿਚਾਲੇ ਏਕਤਾ ਦੇ ਕਮਜ਼ੋਰ ਰਿਸ਼ਤੇ ਨੂੰ ਮੇਸਣ ਦੀ ਸਿਰਫ ਇਕ ਕੌਮ ਵਿਰੋਧੀ ਭੂਮਿਕਾ ਹੀ ਨਿਭਾ ਸਕਦੀ ਹੈ।

No comments:

Post a Comment