Tuesday, October 13, 2015

ਕਿਸਾਨ ਰੋਹ ਦਾ ਸੇਕ ਤੇ ਸੰਕੇਤ

ਕਿਸਾਨ ਰੋਹ ਦਾ ਸੇਕ ਤੇ ਸੰਕੇਤ
ਜਿਵੇਂ ਕਿ ਉਮੀਦ ਸੀ ਕਿਸਾਨਾਂ ਖੇਤ-ਮਜ਼ਦੂਰਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਬੇਸਿੱਟਾ ਰਹੀ ਹੈ। ਮੁਆਵਜ਼ੇ ਸਬੰਧੀ ਇੱਕੋ ਇੱਕ ਨਵੀਂ ਗੱਲ ਨਰਮੇਂ ਸਬੰਧੀ ਕਿਸਾਨਾਂ ਲਈ ਐਲਾਨੀ ਮੁਆਵਜ਼ਾ ਰਾਸ਼ੀ ਦੇ ਦਸ ਫੀਸਦੀ ਬਰਾਬਰ ਰਕਮ ਖੇਤ ਮਜ਼ਦੁਰਾਂ ਲਈ ਰਾਹਤ ਵਜੋਂ ਜਾਰੀ ਕਰਨ ਦਾ ਸਰਕਾਰੀ ਐਲਾਨ ਹੈ। ਇਹ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਸਾਂਝੇ ਦਬਾਅ ਦਾ ਸਿੱਟਾ ਹੈ। ਗੱਲਬਾਤ ਦੌਰਾਨ ਇਹ ਮੁੱਦਾ ਵਿਸ਼ੇਸ਼ ਕਰਕੇ ਉੱਭਰਵੀਂ ਚਰਚਾ ਚ ਆਇਆ ਹੈ। ਇਹ ਗੱਲ ਕਿਸਾਨਾਂ ਤੇ ਖੇਤ-ਮਜ਼ਦੂਰਾਂ ਚ ਆਪਸੀ ਸਾਂਝ ਤੇ ਭਰੋਸੇ ਦੀ ਭਾਵਨਾ ਨੂੰ ਵਧਾਉਣ ਪੱਖੋਂ ਅਹਿਮ ਹੈ।
ਪਰ ਨਰਮੇਂ ਦੇ ਮੁਆਵਜ਼ੇ ਚ ਕੋਈ ਵਾਧਾ ਨਹੀਂ ਹੋਇਆ, ਨਾ ਹੀ ਬਾਸਮਤੀ ਸਬੰਧੀ ਕੋਈ ਰਾਹਤ ਐਲਾਨੀ ਗਈ ਹੈ। ਸਰਕਾਰ ਦਾ ਜਵਾਬ ਨੰਗਾ ਚਿੱਟਾ ਹੈ, ਇਸ ਵਿੱਚ ਭਵਿੱਖ ਦਾ ਸੰਕੇਤ ਵੀ ਹੈ ਕਿ ਕਿਰਤੀਆਂ-ਕਿਸਾਨਾਂ ਲਈ ਸਰਕਾਰਾਂ ਦੇ ਖਜ਼ਾਨੇ ਖਾਲੀ ਹਨ ਅਤੇ ਖਾਲੀ ਹੀ ਰਹਿਣਗੇ। ਕਿਸਾਨਾਂ ਖੇਤ-ਮਜ਼ਦੂਰਾਂ ਨੇ ਸੰਘਰਸ ਵਾਪਸੀ ਦੀ ਸਰਕਾਰੀ ਅਪੀਲ ਨੂੰ ਵਾਜਬ ਤੌਰ ਤੇ ਠੋਕਰ ਮਾਰ ਦਿੱਤੀ ਹੈ। ਹੋਰ ਲੰਮੇਂ ਰੇਲ-ਜਾਮ ਦੀਆਂ ਉਲਝਣਾਂ ਦੇ ਮੱਦੇਨਜ਼ਰ ਉਹ ਇੱਕ ਵਾਰੀ ਸੰਘਰਸ਼ ਦਾ ਫੌਰੀ ਰੂਪ ਬਦਲਣ ਜਾ ਰਹੇ ਹਨ। ਸੰਘਰਸ਼ ਦੀ ਫੌਰੀ ਤਿੱਖੀ ਧਾਰ ਦੋਹਾਂ ਹਾਕਮ ਪਾਰਟੀਆਂ ਖਿਲਾਫ ਸੇਧਤ ਕਰਨ ਜਾ ਰਹੇ ਹਨ। ਆਉਂਦੇ ਦਿਨਾਂ ਚ ਸੰਘਰਸ਼ ਦੇ ਮੋੜ ਘੋੜ ਅਤੇ ਠੋਸ ਰੂਪ ਕੋਈ ਵੀ ਹੋਣ, ਹਾਕਮ ਰੋਹ-ਭਰੀ ਕਿਸਾਨ ਜਨਤਾ ਦੇ ਸਿਆਸੀ ਹੱਲੇ ਅਤੇ ਜੁਝਾਰ ਐਕਸ਼ਨਾਂ ਦੇ ਸੁਮੇਲ ਦੇ ਅਗਲੇ ਗੇੜ ਤੋਂ ਸੁਰਖਰੂ ਨਹੀਂ ਹਨ।
ਹਾਸਲ ਹਾਲਤ ਚ ਇਸ ਸੰਘਰਸ਼, ਖਾਸ ਕਰਕੇ ਰੇਲਵੇ ਜਾਮ ਦੇ ਬੇਮਿਸਾਲ ਐਕਸ਼ਨ ਦੀ ਸਿਆਸੀ ਪ੍ਰਾਪਤੀ ਬਹੁਤ ਅਹਿਮ ਹੈ। ਖੇਤਾਂ ਦੇ ਜਾਇਆਂ ਦੀ ਹਾਲਤ ਮੁਲਕ ਚ ਗੰਭੀਰ ਚਰਚਾ ਦਾ ਵਿਸ਼ਾ ਬਣੀ ਹੈ। ਕਿਸਾਨ ਰੋਹ ਦੀ ਨਿੱਤਰਵੀਂ ਧਮਕ ਦੇਸ਼ ਵਿਦੇਸ਼ ਚ ਸੁਣਾਈ ਦਿੱਤੀ ਹੈ। ਕਿਸਾਨਾਂ ਖੇਤ-ਮਜ਼ਦੂਰਾਂ ਦੀ ਮੰਦੀ ਹਾਲਤ ਅਤੇ ਖੁਦਕੁਸ਼ੀਆਂ ਦੇ ਸਿਆਸੀ ਮੁਜਰਮਾਂ ਵਜੋਂ ਹਾਕਮ ਬੇਨਕਾਬ ਹੋਏ ਹਨ। ਪੱਥਰ ਚਿੱਤ ਲੋਕ-ਦੁਸ਼ਮਣ ਰਵੱਈਆ ਨਸ਼ਰ ਹੋਇਆ ਹੈ। ਮੁਨਾਫ਼ਾਖੋਰ ਕੀਟਨਾਸ਼ਕ ਸਾਮਰਾਜੀ ਕੰਪਨੀਆਂ ਦਾ ਹਾਕਮਾਂ ਵੱਲੋਂ ਗੋਲਪੁਣਾ ਖੁੱਲ੍ਹ ਕੇ ਸਾਹਮਣੇ ਆਇਆ ਹੈ। ਇਸਨੂੰ ਢਕਣ ਖਾਤਰ ਖੇਤੀਬਾੜੀ ਮਹਿਕਮੇਂ ਦੇ ਡਾਇਰੈਕਟਰ ਅਤੇ ਉਸਦੇ ਜੋਟੀਦਾਰਾਂ ਨੂੰ ਗ੍ਰਿਫ਼ਤਾਰ ਕਰਨ ਤੱਕ ਜਾਣਾ ਪਿਆ ਹੈ। ਹਾਕਮ ਪਾਰਟੀ ਦੇ ਅਹਿਮ ਲੀਡਰਾਂ ਅਤੇ ਨਕਲੀ ਕਿਸਾਨ ਲੀਡਰਾਂ ਵੱਲੋਂ ਸਮਾਜਕ ਅਮਨ ਚ ਵਿਘਨ ਪਾਉਣ ਅਤੇ ਹਿੰਸਾ ਭੜਕਾਉਣ ਦਾ ਪ੍ਰਚਾਰ ਲੋਕ ਰਾਏ ਨੂੰ ਪ੍ਰਭਾਵਤ ਕਰਨ ਚ ਤਾਂ ਨਾਕਾਮ ਰਿਹਾ ਹੀ ਹੈ, ਇਨ੍ਹਾਂ ਲੀਡਰਾਂ ਨੂੰ ਫਿਟਕਾਰਾਂ ਦੇ ਤਕੜੇ ਗੱਫੇ ਵੀ ਹਾਸਲ ਹੋਏ ਹਨ। ਇਸ ਘੋਲ ਨੇ ਸੂਬੇ ਅੰਦਰ ਤੰਗ ਨਜ਼ਰ ਹਾਕਮ ਜਮਾਤੀ ਸਿਆਸਤ ਦੇ ਡੇਰਾ ਸੱਚਾ ਸੌਦਾ ਵਰਗੇ ਮੁੱਦਿਆਂ ਨੂੰ ਇੱਕ ਵਾਰ ਤਾਂ ਕੰਨੀ ਤੇ ਧੱਕ ਦਿੱਤਾ ਹੈ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਹੁਣ ਤੱਕ ਦੇ ਘੋਲ ਤਜਰਬੇ ਨੇ ਇਹ ਗੱਲ ਚੰਗੀ ਤਰ੍ਹਾਂ ਉਘਾੜ ਦਿੱਤੀ ਹੈ ਕਿ ਕਿਸਾਨ ਜਨਤਾ ਦਾ ਮੱਥਾ ਕਿਹੋ ਜਿਹੇ ਦੁਸ਼ਮਣ ਨਾਲ ਲੱਗਿਆ ਹੋਇਆ ਹੈ ਅਤੇ ਹੱਕਾਂ ਦੀ ਲੜਾਈ ਕਿਹੋ ਜਿਹੀ ਤਾਕਤ, ਤਿਆਰੀ ਅਤੇ ਇਰਾਦੇ ਦੀ ਮੰਗ ਕਰਦੀ ਹੈ। ਰੇਲ ਰੋਕੋ ਐਕਸ਼ਨ ਦੌਰਾਨ ਹਕੂਮਤ ਕਿਸਾਨਾਂ ਤੇ ਖੂਨੀ ਹਿੰਸਕ ਹੱਲਾ ਬੋਲਣ ਦੀ ਤਿਆਰੀ ਕਰਦੀ ਨਜ਼ਰ ਆਈ ਹੈ। ਸਿਆਸੀ ਲੀਡਰਾਂ, ਨਕਲੀ ਕਿਸਾਨ ਲੀਡਰਾਂ ਅਤੇ ਰੇਲਵੇ ਦੇ ਉੱਚ-ਅਧਿਕਾਰੀਆਂ ਦੇ ਬਿਆਨਾਂ ਰਾਹੀਂ ਅਜਿਹੇ ਹੱਲੇ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰੀ ਪੁਲਸ ਲਸ਼ਕਰ ਤਿਆਰ-ਬਰ-ਤਿਆਰ ਹਾਲਤ ਚ ਰੱਖੇ ਗਏ ਹਨ। ਇਹ ਗੱਲ ਵੱਖਰੀ ਹੈ ਕਿ ਜਨਤਕ ਰੋਹ ਦੇ ਵੇਗ ਨੇ ਕਿੰਨੇ ਹੀ ਦਿਨ ਕਾਲੇ ਅਤੇ ਖੂਨੀ ਹਕੂਮਤੀ ਇਰਾਦੇ ਨੂੰ ਠੱਲ੍ਹ ਪਾਈ ਰੱਖੀ ਹੈ, ਇਸਨੂੰ ਗੱਲਬਾਤ ਦਾ ਨਾਟਕ ਰਚਣਾ ਪਿਆ ਹੈ। ਪਰ ਅਖੀਰ ਇਹ ਨਾਟਕ ਲੋਕ-ਦੁਸ਼ਮਣ ਨੀਤ ਅਤੇ ਨੀਤੀ ਦਾ ਇਸ਼ਤਿਹਾਰ ਹੋ ਨਿੱਬੜਿਆ ਹੈ।
ਦੂਜੇ ਪਾਸੇ, ਲਾਮਬੰਦੀ ਦੇ ਘੇਰੇ ਚ ਹੁੰਦੇ ਆ ਰਹੇ ਵਾਧੇ ਨੇ, ਨਵੇਂ ਜੁਝਾਰ ਕਰਿੰਦਿਆਂ ਦੀਆਂ ਛੱਲਾਂ ਨੇ, ਹਕੂਮਤੀ ਰਵੱਈਏ ਤੇ ਖਸਲਤ ਦੇ ਤਜਰਬੇ ਨੇ, ਜਮ੍ਹਾਂ ਹੋਏ ਰੋਹ ਅਤੇ ਤੇਜ਼ ਹੋਈ ਸੂਝ ਨੇ, ਕਿਸਾਨ ਲੀਡਰਸ਼ਿਪ ਲਈ ਅਜਿਹੀ ਸਮੱਗਰੀ ਮੁਹੱਈਆ ਕਰਵਾ ਦਿੱਤੀ ਹੈ, ਜਿਸਦੇ ਸਿਰ ਤੇ ਬਿਹਤਰ ਜ਼ੋਰ ਅਜ਼ਮਾਈ ਦੇ ਅਗਲੇ ਗੇੜਾਂ ਚ ਜਾਇਆ ਜਾ ਸਕਦਾ ਹੈ। ਕਿਸਾਨ ਸ਼ਕਤੀ ਇੱਕ ਵਾਰ ਰੇਲਵੇ ਲਾਈਨਾਂ ਤੋਂ ਉੱਠ ਕੇ ਅਗਲੇ ਫਿਟਕਾਰ ਅਤੇ ਲਲਕਾਰ ਹੱਲੇ ਲਈ ਪਿੰਡਾਂ ਵੱਲ ਰੁਖ਼ ਕਰ ਰਹੀ ਹੈ। ਘੋਲ ਦੇ ਅਗਲੇ ਵੱਡੇ ਐਕਸ਼ਨ ਦੀ ਦਸਤਕ 22 ਅਕਤੂਬਰ ਨੂੰ ਹਾਕਮ ਪਾਰਟੀਆਂ ਦੇ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਕੋਠੀਆਂ ਤੇ ਹੋਵੇਗੀ। ਹਾਲਤ ਦਾ ਸੰਕੇਤ ਇਹੋ ਹੈ ਕਿ ਹਾਕਮਾਂ ਲਈ ਕਿਸਾਨ ਰੋਹ ਦਾ ਸਿਆਸੀ ਸੇਕ ਵਧਦਾ ਜਾਵੇਗਾ। ਇਸ ਅਮਲ ਚ ਜਥੇਬੰਦ ਕਿਸਾਨ ਸ਼ਕਤੀ ਦੇ ਜੁੱਸੇ ਦੇ ਹੋਰ ਨਿੱਖਰਨ ਦੀਆਂ ਸੰਭਾਵਨਾਵਾਂ ਮੌਜੂਦ ਹਨ।

No comments:

Post a Comment