Wednesday, October 14, 2015

8. ਅੱਧੀ ਸਦੀ ਦੇ ਇਤਿਹਾਸ ਦੀ ਐਫ. ਆਈ. ਆਰ.



ਕੀਟਨਾਸ਼ਕ ਅਪਰਾਧ

ਅੱਧੀ ਸਦੀ ਦੇ ਇਤਿਹਾਸ ਦੀ ਐਫ. ਆਈ. ਆਰ.

ਸੁਰਖ਼ ਲੀਹ ਡੈੱਸਕ

ਖੇਤੀਬਾੜੀ ਮਹਿਕਮੇਂ ਦੇ ਡਾਇਰੈਕਟਰ, ਕੁਝ ਹੋਰ ਅਧਿਕਾਰੀਆਂ ਅਤੇ ਕੀਟਨਾਸ਼ਕ ਦਵਾਈਆਂ ਦੇ ਕੁਝ ਡੀਲਰਾਂ ਦੀ ਗ੍ਰਿਫ਼ਤਾਰੀ ਨਾਲ ਕੀਟਨਾਸ਼ਕ ਘਪਲੇ ਦੀ ਚਰਚਾ ਭਖ ਗਈ ਹੈ। ਇਨ੍ਹਾਂ ਗ੍ਰਿਫਤਾਰੀਆਂ ਰਾਹੀਂ ਹਕੂਮਤ ਨਰਮੇਂ ਦੀ ਤਬਾਹੀ ਲਈ ‘‘ਨਕਲੀ ਕੀਟਨਾਸ਼ਕਾਂ’’ ਦੀ ਸਪਲਾਈ ਦੇ ਰੋਲ ਦਾ ਇਕਬਾਲ ਕਰ ਚੁੱਕੀ ਹੈ। ਇਸ ਸਕੈਂਡਲ ਦੀਆਂ ਪਰਤਾਂ ਖੁੱਲ੍ਹ ਰਹੀਆਂ ਹਨ। ਇਹ ਗੱਲ ਸਾਹਮਣੇ ਆ ਚੁੱਕੀ ਹੈ ਕਿ ਕਿਵੇਂ ਬਾਇਰ ਕੰਪਨੀ ਵਰਗੀਆਂ ਸ਼ਕਤੀਸ਼ਾਲੀ ਸਾਮਰਾਜੀ ਕੰਪਨੀਆਂ ਆਪਣੇ ਕੀਟਨਾਸ਼ਕਾਂ ਦੀ ਸਪਲਾਈ ਮੜ੍ਹਨ ਚ ਕਾਮਯਾਬ ਹੋ ਰਹੀਆਂ ਹਨ। ਕਿਸਾਨ ਜਥੇਬੰਦੀਆਂ ਦੀਆਂ ਮੰਗਾਂ ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰੀਆਂ, ਇਨ੍ਹਾਂ ਨਾਲ ਮਿਲੇ ਹੋਏ ਅਧਿਕਾਰੀਆਂ, ਹਕੂਮਤੀ ਅਹਿਲਕਾਰਾਂ ਅਤੇ ਸਿਆਸਤਦਾਨਾਂ ਖਿਲਾਫ਼ ਕਾਨੂੰਨੀ ਸ਼ਿਕੰਜਾ ਕਸਣ ਦੀ ਮੰਗ ਕੀਤੀ ਜਾ ਰਹੀ ਹੈ। ਇਹ ਤਾਂ ਹੋਣਾ ਹੀ ਚਾਹੀਦਾ ਹੈ। ਮੌਜੂਦਾ ਤਬਾਹੀ ਦੇ ਅਪਰਾਧੀਆਂ ਨੂੰ ਸਜ਼ਾਵਾਂ ਤਾਂ ਮਿਲਣੀਆਂ ਹੀ ਚਾਹੀਦੀਆਂ ਹਨ। ਪਰ ਕੀਟਨਾਸ਼ਕ ਅਪਰਾਧ ਦਾ ਦਾਇਰਾ ਕੁਝ ਡੀਲਰਾਂ, ਵਿਕਰੇਤਾ ਕੰਪਨੀਆਂ, ਮਹਿਕਮੇ ਦੇ ਉੱਚ-ਅਧਿਕਾਰੀਆਂ ਜਾਂ ਮੰਤਰੀਆਂ ਵਗੈਰਾ ਤੱਕ ਸੀਮਤ ਨਹੀਂ ਹੈ। ਨਾ ਹੀ ਇਹ ਕਦੇ ਕਦਾਈਂ ਦਾ, ਨੇੜਲੇ ਬੀਤੇ ਅਰਸੇ ਦਾ ਜਾਂ ਤਾਜ਼ਾ ਮਾਮਲਾ ਹੈ।
ਕੀਟਨਾਸ਼ਕਾਂ ਰਾਹੀਂ ਫ਼ਸਲਾਂ ਦੀ ਤਬਾਹੀ ਦੇ ਅਪਰਾਧ ਦਾ ਸਾਡੇ ਮੁਲਕ ਅੰਦਰ ਘੱਟੋ ਘੱਟ ਅੱਧੀ ਸਦੀ ਦਾ ਇਤਿਹਾਸ ਹੈ। ਸਾਰੀਆਂ ਹੀ ਹਕੂਮਤਾਂ ਇਸ ਮਾਮਲੇ ਚ ਕਿਸਾਨਾਂ ਅਤੇ ਹੋਰ ਲੋਕਾਂ ਤੋਂ ਜਾਣਦੇ ਬੁੱਝਦੇ ਹੋਏ ਸੱਚ ਲੁਕੋਣ ਦੀਆਂ ਦੋਸ਼ੀ ਹਨ। ਸੁਰਖ਼ ਲੀਹ ਦੇ ਸਤੰਬਰ ਅੰਕ ਚ ਅਸੀਂ ਇਸ ਅਪਰਾਧ ਦੇ ਲੰਮੇ ਇਤਿਹਾਸ ਬਾਰੇ ਠੋਸ ਤੱਥ ਦਰਜ ਕੀਤੇ ਹਨ। (ਪੜ੍ਹੋ ‘‘ਅਪਰਾਧੀ ਸਾਮਰਾਜੀ ਬਹੁਕੌਮੀ ਕੀਟਨਾਸ਼ਕ ਕੰਪਨੀਆਂ’’ ਸਫ਼ਾ-44) ਇਨ੍ਹਾਂ ਤੱਥਾਂ ਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਹਰੇ ਇਨਕਲਾਬ ਦੀ ਸ਼ੁਰੂਆਤ ਵੇਲੇ ਤੋਂ ਹੀ ਸਾਮਰਾਜੀ ਕੰਪਨੀਆਂ ਦੀਆਂ ਕੀਟਨਾਸ਼ਕ ਦਵਾਈਆਂ ਦੀ ਭਾਰਤ ਅੰਦਰ ਹੋਰ ਕਿਸੇ ਵੀ ਮੁਲਕ ਨਾਲੋਂ ਵੱਡੇ ਪੱਧਰ ਤੇ ਵਰਤੋਂ ਹੁੰਦੀ ਆ ਰਹੀ ਹੈ। ਇਹ ਦਵਾਈਆਂ ਸੰਸਾਰ ਸਿਹਤ ਜਥੇਬੰਦੀ ਨੇ ਵਰਜਿਤ ਕਰਾਰ ਦਿੱਤੀਆਂ ਹੋਈਆਂ ਹਨ। ਯੂਰਪੀਅਨ ਅਤੇ ਅਮਰੀਕਨ ਮੁਲਕਾਂ ਚ ਇਨ੍ਹਾਂ ਤੇ ਪਾਬੰਦੀਆਂ ਲੱਗੀਆਂ ਹੋਈਆਂ ਹਨ। ਇਹ ਦੋਵੇਂ ਤੱਥ ਹਮੇਸ਼ਾਂ ਸਾਰੀਆਂ ਭਾਰਤੀ ਸਰਕਾਰਾਂ ਦੀ ਜਾਣਕਾਰੀ ਚ ਰਹੇ ਹਨ। ਇਹ ਤੱਥ ਵੀ ਚਰਚਾ ਚ ਰਹੇ ਹਨ ਕਿ ਕਿਨ੍ਹਾਂ ਅਤਿ ਖ਼ਤਰਨਾਕ ਦਵਾਈਆਂ ਦਾ ਮੁਲਕ ਦੇ ਕਿੰਨੇ ਰਕਬੇ ਤੇ ਛਿੜਕਾਅ ਹੋ ਰਿਹਾ ਹੈ। ਕਿਹੜੀਆਂ ਕਿਹੜੀਆਂ ਦਵਾਈਆਂ ਕੀੜਿਆਂ ਵੱਲੋਂ ਟਾਕਰੇ ਦੀ ਸਮਰੱਥਾ ਵਿਕਸਤ ਕਰ ਲੈਣ ਕਰਕੇ ਨਾ ਸਿਰਫ਼ ਬੇਅਸਰ ਹੋ ਚੁੱਕੀਆਂ ਹਨ ਸਗੋਂ ਕੀੜਿਆਂ ਦੇ ਹੱਲਿਆਂ ਚ ਵਾਧੇ ਦੀ ਵਜ੍ਹਾ ਬਣ ਰਹੀਆਂ ਹਨ। ਭਾਰਤੀ ਵਿਗਿਆਨੀਆਂ ਨੇ ਇਨ੍ਹਾਂ ਕੀਟਨਾਸ਼ਕਾਂ ਦੇ ਪ੍ਰਤਾਪ ਨਾਲ ਸੂਡਾਨ ਦੀ ਗੇਜ਼ਰਾ ਪੱਟੀ ਦੀ ਖੇਤੀ ਦੇ ਤਬਾਹ ਹੋ ਜਾਣ ਦੀ ਦੁਹਾਈ ਪਾ ਕੇ ਦੱਸਿਆ ਕਿ ਭਾਰਤ ਦੇ ਕਿੰਨ੍ਹਾਂ ਕਿੰਨ੍ਹਾਂ ਖੇਤਰਾਂ ਚ ਏਸੇ ਵਜ੍ਹਾ ਕਰਕੇ ਖੇਤੀ ਦੀ ਤਬਾਹੀ ਦਾ ਖ਼ਤਰਾ ਹੈ। ਭੋਜਨ ਪਦਾਰਥਾਂ, ਪਾਣੀ, ਮਨੁੱਖਾਂ ਅਤੇ ਪਸ਼ੂਆਂ ਦੇ ਅੰਗਾਂ ਤੇ ਵੰਨ-ਸੁਵੰਨੀ ਬਨਸਪਤੀ ਦੇ ਸੈਂਪਲਾਂ ਚ ਕੀਟਨਾਸ਼ਕਾਂ ਦੇ ਜ਼ਹਿਰੀਲੇ ਅੰਸ਼ਾਂ ਦੀ ਖ਼ਤਰਨਾਕ ਹੱਦ ਤੱਕ ਉੱਚੀ ਮਾਤਰਾ ਦੇ ਸੈਂਪਲ ਸਾਹਮਣੇ ਆਉਂਦੇ ਰਹੇ। ਪਰ ਸਾਰੀਆਂ ਹਕੂਮਤਾਂ ਨੇ ਹਮੇਸ਼ਾਂ ਸੋਚੀ-ਸਮਝੀ ਘੇਸਲ ਵੱਟੀ ਰੱਖੀ।
ਇਉਂ ਇਹ ਮਾਮਲਾ ਨਾ ਸਿਰਫ਼ ਨੈਤਿਕ ਅਪਰਾਧ ਦਾ ਲੰਮਾ ਸਿਲਸਿਲਾ ਹੈ, ਸਗੋਂ ਕਾਨੂੰਨੀ ਪੱਖ ਤੋਂ ਵੀ ਸੰਗੀਨ ਅਪਰਾਧ ਦਾ ਮਾਮਲਾ ਬਣਦਾ ਹੈ। ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ, ਗੁਜਰਾਤ ਫ਼ਿਰਕੂ ਕਤਲੇਆਮ ਦੇ ਦੋਸ਼ੀਆਂ ਅਤੇ ਭੁਪਾਲ ਗੈਸ ਕਾਂਡ ਦੇ ਦੋਸ਼ੀਆਂ ਵਾਂਗ ਹੀ ਕੀਟਨਾਸ਼ਕ ਅਪਰਾਧ ਦੇ ਦੋਸ਼ੀ ਵੀ ਅੱਧੀ ਸਦੀ ਤੋਂ ਸੁਰੱਖਿਅਤ ਚਲੇ ਆ ਰਹੇ ਹਨ। ਨਾ ਸਿਰਫ਼ ਸੁਰੱਖਿਅਤ ਚਲੇ ਆ ਰਹੇ ਹਨ, ਸਗੋਂ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਦਾ ਸਿਲਸਿਲਾ ਜਾਰੀ ਰੱਖਦੇ ਆ ਰਹੇ ਹਨ। ਇਸ ਤੋਂ ਵੀ ਅੱਗੇ ਜਾਣਕਾਰੀ ਦੀ ਘਾਟ ਕਰਕੇ ਇਹ ਲੋਕਾਂ ਦੇ ਰੋਹ ਅਤੇ ਸਿਆਸੀ ਸੇਕ ਤੋਂ ਵੀ ਬਚੇ ਆ ਰਹੇ ਹਨ। ਇਹੋ ਕਾਰਨ ਹੈ ਕਿ ਸਾਮਰਾਜੀ ਬੁਹਕੌਮੀ ਕੰਪਨੀਆਂ ਦੀ ਅੱਧੀ ਸਦੀ ਦੀ ਅਪਰਾਧ ਲੀਲਾ ਦੇ ਬਾਵਜੂਦ ਕੋਈ ਮੰਗਲ ਸਿੰਘ ਸੰਧੂ ਇਨ੍ਹਾਂ ਨੂੰ ਸਬਸਿਡੀਆਂ ਦੇਣ ਅਤੇ ਇਨ੍ਹਾਂ ਖਾਤਰ ਮੁਹਿੰਮ ਚਲਾਉਣ ਦਾ ਅਪਰਾਧ ਠੋਕ ਵਜਾ ਕੇ ਕਰਦਾ ਹੈ।
ਮਸਲਾ ਇਥੋਂ ਤੱਕ ਸੀਮਤ ਨਹੀਂ ਹੈ ਕਿ ਕਿਸੇ ਖਾਸ ਕੰਪਨੀ ਦੇ ਟੈਂਡਰਾਂ ਨੂੰ ਤਰਜੀਹ ਦੇਣ ਦਾ ਦੋਸ਼ੀ ਕੌਣ ਹੈ। ਵੱਡਾ ਮਸਲਾ ਇਹ ਹੈ ਕਿ ਸਾਮਰਾਜੀ ਕੀਟਨਾਸ਼ਕ ਕੰਪਨੀਆਂ ਦੇ ਇਸ ਜ਼ਹਿਰ ਵਪਾਰ ਨੂੰ ਅਸਮਾਨਾਂ ਤੱਕ ਲੈ ਜਾਣ ਦਾ ਅਪਰਾਧੀ ਕੌਣ ਹੈ? ਅਸਲ ਮਸਲਾ ਬਦਨਾਮ ਸਾਮਰਾਜੀ ਕੀਟਨਾਸ਼ਕ ਕੰਪਨੀਆਂ ਦੇ ਵਪਾਰ ਤੇ ਪਾਬੰਦੀ ਲਈ ਜੂਝਣ ਦਾ ਹੈ ਅਤੇ ਅੱਧੀ ਸਦੀ ਦੇ ਇਤਿਹਾਸ ਦੀ ਐਫ. ਆਈ. ਆਰ. ਦੇ ਆਧਾਰ ਤੇ ਹਕੂਮਤਾਂ ਨੂੰ ਅਪਰਾਧੀਆਂ ਦੇ ਕਟਹਿਰੇ ਚ ਖੜ੍ਹਾਉਣ ਦਾ ਹੈ। ਕੀਟਨਾਸ਼ਕ ਅਪਰਾਧ ਦੇ ਇਸ ਲੰਮੇ ਸਿਲਸਿਲੇ ਦੀ ਜਾਂਚ ਅਤੇ ਸਜ਼ਾਵਾਂ ਦੀ ਮੰਗ ਇਸ ਪੱਖੋਂ ਲੋਕਾਂ ਦੀ ਅਹਿਮ ਮੰਗ ਬਣਦੀ ਹੈ।

No comments:

Post a Comment