Sunday, October 4, 2015

20) ਵਿਰਸੇ ਦੀ ਲੋਅ ...


ਮਹਾਨ ਅਕਤੂਬਰ ਬਗਾਵਤ ਅਤੇ ਇਨਕਲਾਬ ਦਾ ਜੇਤੂ ਮਾਰਚ
. . . ਬਾਲਸ਼ਵਿਕਾਂ ਨੇ ਬਗਾਵਤ ਦੀਆਂ ਸਰਗਰਮ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਲੈਨਿਨ ਨੇ ਐਲਾਨ ਕੀਤਾ ਕਿ ਦੋਹਾਂ ਰਾਜਧਾਨੀਆਂ - ਮਾਸਕੋ ਅਤੇ ਪੈਟਰੋਗਰਾਡ- ਵਿਚ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੀਆਂ ਸੋਵੀਅਤਾਂ ਵਿਚ ਬਹੁਗਿਣਤੀ ਹਾਸਲ ਕਰ ਲੈਣ ਪਿੱਛੋਂ ਹੁਣ ਬਾਲਸ਼ਵਿਕ ਹਕੂਮਤ ਦੀ ਵਾਗਡੋਰ ਆਪਣੇ ਹੱਥ ਲੈ ਸਕਦੇ ਹਨ ਅਤੇ ਉਹਨਾਂ ਨੂੰ ਏਹੋ ਕਰਨਾ ਚਾਹੀਦਾ ਹੈ। ਤਹਿ ਕੀਤੇ ਪੰਧ 'ਤੇ ਨਜ਼ਰ ਮਾਰਦਿਆਂ ਹੋਇਆਂ ਲੈਨਿਨ ਨੇ ਇਸ ਹਕੀਕਤ 'ਤੇ ਜ਼ੋਰ ਦਿੱਤਾ ਕਿ ''ਲੋਕਾਂ ਦੀ ਬਹੁਗਿਣਤੀ ਸਾਡੇ ਹੱਕ ਵਿਚ ਹੈ।'' ਕੇਂਦਰੀ ਕਮੇਟੀ ਤੇ ਬਾਲਸ਼ਵਿਕ ਜਥੇਬੰਦੀਆਂ ਨੂੰ ਆਪਣੀਆਂ ਚਿੱਠੀਆਂ ਅਤੇ ਆਪਣੇ ਲੇਖਾਂ ਵਿਚ ਲੈਨਿਨ ਨੇ ਬਗਾਵਤ ਦੀ ਇੱਕ ਵਿਸਥਾਰ-ਭਰੀ ਸਕੀਮ ਦਾ ਨਕਸ਼ਾ ਘੱਲਿਆ, ਜਿਸ ਵਿਚ ਦੱਸਿਆ ਗਿਆ ਸੀ ਕਿ ਫੌਜੀ ਦਸਤਿਆਂ, ਸਮੁੰਦਰੀ ਬੇੜੇ ਅਤੇ ਲਾਲ ਰਾਖਿਆਂ ਨੂੰ ਕਿਵੇਂ ਵਰਤਿਆ ਜਾਵੇ, ਬਗਾਵਤ ਦੀ ਕਾਮਯਾਬੀ ਨੂੰ ਯਕੀਨੀ ਬਣਾਉਣ ਲਈ ਪੈਟਰੋਗਰਾਡ ਵਿਚ ਕਿਹੜੀਆਂ ਕਿਹੜੀਆਂ ਜ਼ਰੂਰੀ ਥਾਵਾਂ 'ਤੇ ਕਬਜ਼ਾ ਕੀਤਾ ਜਾਵੇ ਆਦਿ।
7 ਅਕਤੂਬਰ ਨੂੰ ਲੈਨਿਨ ਗੁਪਤ ਰੂਪ ਵਿਚ ਫਿਨਲੈਂਡ ਤੋਂ ਪੈਟਰੋਗਰਾਡ ਪਹੁੰਚ ਗਿਆ। 10 ਅਕਤੂਬਰ 1917 ਨੂੰ ਪਾਰਟੀ ਦੀ ਕੇਂਦਰੀ ਕਮੇਟੀ ਦੀ ਉਹ ਇਤਿਹਾਸਕ ਮੀਟਿੰਗ ਹੋਈ ਜਿਸ ਵਿਚ ਫੈਸਲਾ ਕੀਤਾ ਗਿਆ ਕਿ ਕੁੱਝ ਦਿਨਾਂ ਵਿਚ ਹਥਿਆਰਬੰਦ ਬਗਾਵਤ ਸ਼ੁਰੂ ਕਰ ਦਿੱਤੀ ਜਾਵੇ। ਪਾਰਟੀ ਦੀ ਕੇਂਦਰੀ ਕਮੇਟੀ ਦੇ ਇਸ ਇਤਿਹਾਸਕ ਮਤੇ ਨੂੰ ਲੈਨਿਨ ਨੇ ਤਿਆਰ ਕੀਤਾ ਸੀ।
ਪਾਰਟੀ ਦੀ ਕੇਂਦਰੀ ਕਮੇਟੀ ਦੀਆਂ ਹਦਾਇਤਾਂ 'ਤੇ ਪੈਟਰੋਗਰਾਡ ਸੋਵੀਅਤ ਦੀ ''ਇਨਕਲਾਬੀ ਫੌਜੀ ਕਮੇਟੀ'' ਬਣਾਈ ਗਈ। ਇਹ ਕਮੇਟੀ ਬਗਾਵਤ ਦਾ ਕਾਨੂੰਨੀ ਤੌਰ 'ਤੇ ਚੱਲ ਰਿਹਾ ਹੈਡਕੁਆਟਰ ਬਣ ਗਈ।
ਏਸੇ ਸਮੇਂ ਵਿਚ ਉਲਟ-ਇਨਕਲਾਬੀ ਵੀ ਬੜੀ ਤੇਜ਼ੀ ਨਾਲ ਆਪਣੀਆਂ ਤਾਕਤਾਂ ਇਕੱਠੀਆਂ ਕਰ ਰਹੇ ਸਨ। ਫੌਜ ਦੇ ਅਫਸਰਾਂ ਨੇ ''ਅਫਸਰਾਂ ਦੀ ਲੀਗ'' ਨਾਮੀ ਇੱਕ ਉਲਟ-ਇਨਕਲਾਬੀ ਜਥੇਬੰਦੀ ਬਣਾ ਲਈ। ਉਲਟ-ਇਨਕਲਾਬੀਆਂ ਨੇ ਝੰਜੋੜੂ ਫੌਜੀ ਦਸਤੇ ਤਿਆਰ ਕਰਨ ਲਈ ਥਾਂ ਥਾਂ ਆਪਣੇ ਹੈਡਕੁਆਟਰ ਕਾਇਮ ਕਰ ਲਏ।........
16 ਅਕਤੂਬਰ ਨੂੰ ਪਾਰਟੀ ਦੀ ਕੇਂਦਰੀ ਕਮੇਟੀ ਦੀ ਇੱਕ ਵਧਾਈ ਹੋਈ ਮੀਟਿੰਗ ਹੋਈ। ਇਸ ਮੀਟਿੰਗ ਨੇ ਬਗਾਵਤ ਦੀ ਅਗਵਾਈ ਲਈ ਇੱਕ ਪਾਰਟੀ ਕੇਂਦਰ ਚੁਣਿਆ। ਪਾਰਟੀ ਕੇਂਦਰ ਦਾ ਮੁਖੀ ਕਾਮਰੇਡ ਸਟਾਲਿਨ ਨੂੰ ਚੁਣਿਆ ਗਿਆ। ਪਾਰਟੀ ਕੇਂਦਰ ਪੈਟਰੋਗਰਾਡ ਸੋਵੀਅਤ ਦੀ ਇਨਕਲਾਬੀ ਫੌਜੀ ਕਮੇਟੀ ਦਾ ਅਗਵਾਈ ਦੇਣ ਵਾਲਾ ਕੇਂਦਰ ਸੀ। ਸਾਰੀ ਬਗਾਵਤ ਦੀ ਅਮਲੀ ਅਗਵਾਈ ਏਸੇ ਦੇ ਹੱਥ ਸੀ।
ਕੇਂਦਰੀ ਕਮੇਟੀ ਦੀ ਮੀਟਿੰਗ ਵਿਚ ਗੋਡੇਟੇਕੂ ਜ਼ਿਨੋਵੀਵ ਅਤੇ ਕਾਮਾਨੇਵ ਨੇ ਫੇਰ ਬਗਾਵਤ ਦੀ ਵਿਰੋਧਤਾ ਕੀਤੀ। ਜਦੋਂ ਆਰਜ਼ੀ ਕਮੇਟੀ ਵਿਚ ਉਹਨਾਂ ਦੀ ਕੋਈ ਪੇਸ਼ ਨਾ ਗਈ ਤਾਂ ਉਹ ਖੁੱਲੇ ਤੌਰ 'ਤੇ ਅਖਬਾਰਾਂ ਰਾਹੀਂ ਬਗਾਵਤ ਦੀ ਅਤੇ ਪਾਰਟੀ ਦੀ ਵਿਰੋਧਤਾ 'ਤੇ ਉੱਤਰ ਆਏ।.......... ਲੈਨਿਨ ਨੇ ਇਸ ਸੰਬੰਧ ਵਿਚ ਲਿਖਿਆ, ''ਕਾਮੇਨੇਵ ਅਤੇ ਜ਼ਿਨੋਵੀਵ ਨੇ ਆਪਣੀ ਪਾਰਟੀ ਦੀ ਕੇਂਦਰੀ ਕਮੇਟੀ ਦਾ ਹਥਿਆਰਬੰਦ ਬਗਾਵਤ ਬਾਰੇ ਫੈਸਲਾ ਰੋਦਜ਼ਯਾਨਕੋ ਤੇ ਕਰੰਸਕੀ ਨੂੰ ਦੱਸ ਦੇਣ ਦੀ ਗ਼ਦਾਰੀ ਕੀਤੀ ਹੈ।'' ਲੈਨਿਨ ਨੇ ਕਾਮੇਨੇਵ ਤੇ ਜ਼ਿਨੋਵੀਵ ਨੂੰ ਪਾਰਟੀ ਵਿਚੋਂ ਕੱਢ ਦੇਣ ਦਾ ਸਵਾਲ ਕੇਂਦਰੀ ਕਮੇਟੀ ਸਾਹਮਣੇ ਪੇਸ਼ ਕੀਤਾ।
ਗ਼ਦਾਰਾਂ ਵੱਲੋਂ ਇਸ ਚੇਤਾਵਨੀ ਦਾ ਨਤੀਜਾ ਇਹ ਹੋਇਆ ਕਿ ਇਨਕਲਾਬ ਦੇ ਦੁਸ਼ਮਣਾਂ ਨੇ ਫੌਰਨ ਬਗਾਵਤ ਨੂੰ ਰੋਕਣ ਅਤੇ ਬਗਾਵਤ ਦੀ ਅਗਵਾਈ ਕਰਨ ਵਾਲੇ ਦਲ- ਬਾਲਸ਼ਵਿਕ ਪਾਰਟੀ- ਨੂੰ ਕੁਚਲਣ ਦੇ ਇੰਤਜ਼ਾਮ ਕਰਨੇ ਸ਼ੁਰੂ ਕਰ ਦਿੱਤੇ।........  ਆਰਜ਼ੀ ਹਕੂਮਤ ਨੇ ਇੱਕ ਯੋਜਨਾ ਤਿਆਰ ਕੀਤੀ। ਯੋਜਨਾ ਇਹ ਸੀ ਕਿ ਸੋਵੀਅਤਾਂ ਦੀ ਦੂਜੀ ਕਾਂਗਰਸ ਸ਼ੁਰੂ ਹੋਣ ਤੋਂ ਝੱਟ ਪਹਿਲਾਂ ਬਾਲਸ਼ਵਿਕ ਕੇਂਦਰੀ ਕਮੇਟੀ ਦੇ ਹੈਡਕੁਆਟਰ¸ ਜੋ ਸਮੋਲਨੀ ਵਿਚ ਸੀ- 'ਤੇ ਹਮਲਾ ਕਰਕੇ ਉਸ 'ਤੇ ਕਬਜ਼ਾ ਕਰ ਲਿਆ ਜਾਵੇ ਅਤੇ ਬਾਲਸ਼ਵਿਕਾਂ ਦਾ ਅਗਵਾਈ ਦੇਣ ਵਾਲਾ ਕੇਂਦਰ ਤਬਾਹ ਕਰ ਦਿੱਤਾ ਜਾਵੇ। ਇਸ ਕਾਰਜ ਲਈ ਹਕੂਮਤ ਨੇ ਪੈਟਰੋਗਰਾਡ ਵਿਚ ਉਹ ਫੌਜਾਂ ਬੁਲਾ ਲਈਆਂ, ਜਿਹਨਾਂ ਦੀ ਵਫਾਦਾਰੀ ਵਿਚ ਉਸ ਨੂੰ ਭਰੋਸਾ ਸੀ।
ਪਰ ਆਰਜ਼ੀ ਹਕੂਮਤ ਦੀ ਜ਼ਿੰਦਗੀ ਦੇ ਦਿਨ ਹੀ ਨਹੀਂ ਸਗੋਂ ਘੰਟੇ ਵੀ ਪਹਿਲਾਂ ਹੀ ਮਿਥੇ ਜਾ ਚੁੱਕੇ ਸਨ। ਹੁਣ ਸਮਾਜਵਾਦੀ ਇਨਕਲਾਬ ਦੀ ਜੇਤੂ ਚੜਾਈ ਨੂੰ ਕੋਈ ਤਾਕਤ ਨਹੀਂ ਰੋਕ ਸਕਦੀ ਸੀ।
21 ਅਕਤੂਬਰ ਨੂੰ ਬਾਲਸ਼ਵਿਕਾਂ ਨੇ ਇਨਕਲਾਬੀ ਫੌਜੀ ਕਮੇਟੀ ਦੇ ਨੁਮਾਇੰਦੇ ਸਾਰੇ ਇਨਕਲਾਬੀ ਫੌਜੀ ਦਸਤਿਆਂ ਵੱਲ ਭੇਜ ਦਿੱਤੇ। ਬਗਾਵਤ ਤੋਂ ਪਹਿਲਾਂ ਦੇ ਬਾਕੀ ਦਿਨਾਂ ਵਿਚ ਸਾਰਾ ਸਮਾਂ ਫੌਜੀ ਦਸਤਿਆਂ ਵਿਚ ਤੇ ਮਿੱਲਾਂ ਅਤੇ ਫੈਕਟਰੀਆਂ ਅੰਦਰ ਸਰਗਰਮ ਤਿਆਰੀਆਂ ਲਈ ਲਾਇਆ ਗਿਆ। 'ਆਰੋਰਾ' ਤੇ 'ਜ਼ਾਰਯਾਸਵੋਬੋਦੀ' ਨਾਮੀ ਜੰਗੀ ਜਹਾਜ਼ਾਂ ਨੂੰ ਵੀ ਠੋਸ ਹਦਾਇਤਾਂ ਦਿੱਤੀਆਂ ਗਈਆਂ।.........
ਬਗਾਵਤ ਸ਼ੁਰੂ ਹੋ ਗਈ ਸੀ।
24 ਅਕਤੂਬਰ ਦੀ ਰਾਤ ਨੂੰ ਲੈਨਿਨ ਸਮੋਲਨੀ ਪਹੁੰਚ ਗਿਆ ਤੇ ਉਸਨੇ ਬਗਾਵਤ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ। ਉਸ ਦਿਨ ਰਾਤ ਭਰ ਫੌਜ ਦੇ ਇਨਕਲਾਬੀ ਦਸਤੇ ਤੇ ਲਾਲ ਰਾਖਿਆਂ ਦੇ ਜੱਥੇ ਸਮੋਲਨੀ ਨੂੰ ਆਉਂਦੇ ਰਹੇ। ਬਾਲਸ਼ਵਿਕਾਂ ਨੇ ਉਹਨਾਂ ਨੂੰ ਸ਼ਹਿਰ ਦੇ ਕੇਂਦਰ ਵੱਲ ਵਧਣ ਤੇ ਸਰਦ ਮਹਿਲ ਨੂੰ ਘੇਰਾ ਪਾ ਲੈਣ ਦੀ ਹਦਾਇਤ ਕੀਤੀ। ਸਰਦ ਮਹਿਲ ਨੂੰ ਆਰਜ਼ੀ ਹਕੂਮਤ ਨੇ ਆਪਣਾ ਗੜਬਣਾ ਰੱਖਿਆ ਸੀ।
25 ਅਕਤੂਬਰ (7 ਨਵੰਬਰ) ਨੂੰ ਲਾਲ ਰਾਖਿਆਂ ਤੇ ਇਨਕਲਾਬੀ ਫੌਜਾਂ ਨੇ ਰੇਲਵੇ ਸਟੇਸ਼ਨਾਂ, ਡਾਕਖਾਨੇ, ਤਾਰਘਰ, ਵਜ਼ੀਰਾਂ ਦੇ ਦਫਤਰਾਂ ਤੇ ਸਰਕਾਰੀ ਬੈਂਕ ਉੱਤੇ ਕਬਜ਼ਾ ਕਰ ਲਿਆ।
ਪੂਰਵ-ਪਾਰਲੀਮੈਂਟ ਤੋੜ ਦਿੱਤੀ ਗਈ।
ਪੈਟਰੋਗਰਾਡ ਸੋਵੀਅਤ ਦਾ ਹੈਡਕੁਆਟਰ ਸਮੋਲਨੀ ਇਨਕਲਾਬ ਦਾ ਹੈਡਕੁਆਟਰ ਬਣ ਗਿਆ। ਲੜਾਈ ਦੇ ਸਾਰੇ ਹੁਕਮ ਉਥੋਂ ਹੀ ਜਾਰੀ ਕੀਤੇ ਜਾਣ ਲੱਗੇ।
ਉਹਨਾਂ ਦਿਨਾਂ ਵਿਚ ਪੈਟਰੋਗਰਾਡ ਦੇ ਮਜ਼ਦੂਰਾਂ ਨੇ ਦਰਸਾਇਆ ਕਿ ਉਹਨਾਂ ਨੇ ਬਾਲਸ਼ਵਿਕ ਪਾਰਟੀ ਦੀ ਰਾਹਨੁਮਾਈ ਹੇਠ ਕਿੰਨੀ ਸ਼ਾਨਦਾਰ ਸਿੱਖਿਆ ਪਾਈ ਸੀ। ਫੌਜ ਦੇ ਇਨਕਲਾਬੀ ਦਸਤਿਆਂ ਨੇ, ਜਿਹਨਾਂ ਨੂੰ ਬਾਲਸ਼ਵਿਕਾਂ ਦੇ ਕੰਮ ਨੇ ਬਗਾਵਤ ਲਈ ਤਿਆਰ ਕੀਤਾ ਸੀ, ਲੜਾਈ ਦੇ ਹੁਕਮਾਂ ਨੂੰ ਇੰਨ ਬਿੰਨ ਸਿਰੇ ਚੜਾਇਆ। ਉਹ ਲਾਲ ਰਾਖਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਲੜੇ। ਸਮੁੰਦਰੀ ਬੇੜਾ ਵੀ ਫੌਜ ਨਾਲੋਂ ਪਿੱਛੇ ਨਾ ਰਿਹਾ। ਕਰੋਨਸਤਦਾਤ ਦਾ ਸਮੁੰਦਰੀ ਅੱਡਾ ਬਾਲਸ਼ਵਿਕ ਪਾਰਟੀ ਦਾ ਇੱਕ ਮਜਬੂਤ ਗੜਸੀ। ਉਸਨੇ ਢੇਰ ਚਿਰ ਪਹਿਲਾਂ ਆਰਜ਼ੀ ਹਕੂਮਤ ਦੀ ਸ਼ਕਤੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਆਰੋਰਾ ਨਾਮੀ ਜੰਗੀ ਜਹਾਜ਼ ਨੇ ਆਪਣੀਆਂ ਤੋਪਾਂ ਸਰਦ ਮਹਿਲ ਦੀ ਸੇਧ ਵਿਚ ਬੀੜ ਦਿੱਤੀਆਂ। 25 ਅਕਤੁਬਰ ਨੂੰ ਉਹਨਾਂ ਦੀ ਗਰਜ਼ ਨੇ ਇੱਕ ਨਵੇਂ ਯੁੱਗ ਦਾ ਆਰੰਭ ਕੀਤਾ। ਇਹ ਮਹਾਨ ਸਮਾਜਵਾਦੀ ਇਨਕਲਾਬ ਦਾ ਯੁੱਗ ਸੀ।
25 ਅਕਤੂਬਰ (7 ਨਵੰਬਰ) ਨੂੰ ਬਾਲਸ਼ਵਿਕਾਂ ਨੇ ''ਰੂਸ ਦੇ ਸ਼ਹਿਰੀਆਂ ਦੇ ਨਾਂ'' ਇੱਕ ਐਲਾਨ ਜਾਰੀ ਕੀਤਾ। ਇਸ ਵਿਚ ਦੱਸਿਆ ਗਿਆ ਕਿ ਸਰਮਾਏਦਾਰ ਆਰਜ਼ੀ ਹਕੂਮਤ ਨੂੰ ਗੱਦੀਉਂ ਲਾਹ ਦਿੱਤਾ ਗਿਆ ਹੈ ਅਤੇ ਸਿਆਸੀ ਸੱਤਾ ਸੋਵੀਅਤਾਂ ਦੇ ਹੱਥ ਆ ਗਈ ਹੈ।
ਆਰਜ਼ੀ ਹਕੂਮਤ ਕੇਡਟਾਂ ਤੇ ਉਲਟ-ਇਨਕਲਾਬੀ ਝੰਜੋੜੂ ਦਸਤਿਆਂ ਦੀ ਰਾਖੀ ਵਿਚ ਸਰਦ ਮਹਿਲ ਅੰਦਰ ਲੁਕੀ ਬੈਠੀ ਸੀ। 25 ਅਕਤੂਬਰ ਦੀ ਰਾਤ ਨੂੰ ਇਨਕਲਾਬੀ ਮਜ਼ਦੂਰਾਂ, ਫੌਜੀਆਂ ਅਤੇ ਮਲਾਹਾਂ ਨੇ ਇੱਕੋ ਹੱਲੇ ਨਾਲ ਸਰਦ ਮਹਿਲ 'ਤੇ ਕਬਜ਼ਾ ਕਰ ਲਿਆ ਤੇ ਆਰਜ਼ੀ ਹਕੂਮਤ ਨੂੰ ਗ੍ਰਿਫਤਾਰ ਕਰ ਲਿਆ।
ਪੈਟਰੋਗਰਾਡ ਵਿਚ ਹਥਿਆਰਬੰਦ ਬਗਾਵਤ ਦੀ ਜਿੱਤ ਹੋ ਚੁੱਕੀ ਸੀ।
ਸੋਵੀਅਤਾਂ ਦੀ ਦੂਜੀ ਸਰਬ ਰੂਸੀ ਕਾਂਗਰਸ ਸਮੋਲਨੀ ਵਿਚ 25 ਅਕਤੂਬਰ (7 ਨਵੰਬਰ) 1917 ਨੂੰ ਰਾਤ ਦੇ ਪੌਣੇ ਗਿਆਰਾਂ ਵਜੇ ਸ਼ੁਰੂ ਹੋਈ। ਉਸ ਵੇਲੇ ਤੱਕ ਪੈਟਰੋਗਰਾਡ ਵਿਚ ਬਗਾਵਤ ਦੀ ਜਿੱਤ ਪੂਰੇ ਜੋਬਨ ਵਿਚ ਸੀ ਅਤੇ ਰਾਜਧਾਨੀ ਵਿਚ ਸਿਆਸੀ ਸੱਤਾ ਪੈਟਰੋਗਰਾਡ ਸੋਵੀਅਤ ਦੇ ਕਬਜ਼ੇ ਵਿਚ ਆ ਚੁੱਕੀ ਸੀ।
ਬਾਲਸ਼ਵਿਕਾਂ ਨੂੰ ਕਾਂਗਰਸ ਵਿਚ ਭਾਰੀ ਬਹੁਗਿਣਤੀ ਹਾਸਲ ਹੋਈ। ਮੈਨਸ਼ਵਿਕ, ਬੰਡ-ਵਾਦੀ ਤੇ ਸੱਜੇ ਸਮਾਜਵਾਦੀ-ਇਨਕਲਾਬੀ ਆਪਣੇ ਦਿਨ ਪੁੱਗ ਚੁੱਕੇ ਸਮਝ ਕੇ ਕਾਂਗਰਸ ਨੂੰ ਛੱਡ ਗਏ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਇਸਦੀ ਕਾਰਵਾਈ ਵਿਚ ਹਿੱਸਾ ਲੈਣ ਨੂੰ ਤਿਆਰ ਨਹੀਂ। ਆਪਣੇ ਇੱਕ ਬਿਆਨ ਵਿਚ, ਜਿਹੜਾ ਉਹਨਾਂ ਸੋਵੀਅਤਾਂ ਦੀ ਕਾਂਗਰਸ 'ਚ ਪੜਕੇ ਸੁਣਾਇਆ, ਉਹਨਾਂ ਨੇ ਅਕਤੂਬਰ ਇਨਕਲਾਬ ਨੂੰ ਇੱਕ ''ਫੌਜੀ ਸਾਜਸ਼'' ਆਖਿਆ। ਕਾਂਗਰਸ ਨੇ ਮੈਨਸ਼ਵਿਕਾਂ ਅਤੇ ਸਮਾਜਵਾਦੀ ਇਨਕਲਾਬੀਆਂ ਦੀ ਨਿਖੇਧੀ ਕੀਤੀ। ਉਹਨਾਂ ਦੇ ਛੱਡ ਕੇ ਚਲੇ ਜਾਣ 'ਤੇ ਅਫਸੋਸ ਕਰਨ ਦੀ ਥਾਂ ਕਾਂਗਰਸ ਨੇ ਇਸ ਦਾ ਸੁਆਗਤ ਕੀਤਾ। ਉਸ ਨੇ ਐਲਾਨ ਕੀਤਾ ਕਿ ਗ਼ਦਾਰਾਂ ਦੇ ਛੱਡ ਜਾਣ ਨਾਲ ਹੁਣ ਉਹ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੇ ਨੁਮਾਇੰਦਿਆਂ ਦੀ ਸਹੀ ਇਨਕਲਾਬੀ ਕਾਂਗਰਸ ਬਣ ਗਈ ਹੈ।
ਕਾਂਗਰਸ ਨੇ ਐਲਾਨ ਜਾਰੀ ਕਰ ਦਿੱਤਾ ਕਿ ਕੁੱਲ ਸਿਆਸੀ ਸੱਤਾ ਸੋਵੀਅਤਾਂ ਦੇ ਹੱਥ ਆ ਗਈ ਹੈ। ਸੋਵੀਅਤਾਂ ਦੀ ਦੂਜੀ ਕਾਂਗਰਸ ਦੇ ਐਲਾਨ ਵਿਚ ਲਿਖਿਆ ਸੀ :
''ਮਜ਼ਦੂਰਾਂ, ਫੌਜੀ ਸਿਪਾਹੀਆਂ ਤੇ ਕਿਸਾਨਾਂ ਦੀ ਇੱਕ ਭਾਰੀ ਬਹੁਗਿਣਤੀ ਦੀ ਮਰਜ਼ੀ ਦੀ ਹਮਾਇਤ ਨਾਲ, ਪੈਟਰੋਗਰਾਡ ਵਿਚ ਹੋਈ ਮਜ਼ਦੂਰਾਂ ਤੇ ਫੌਜਾਂ ਦੀ ਜੇਤੂ ਬਗਾਵਤ ਦੀ ਮੱਦਦ ਨਾਲ, ਕਾਂਗਰਸ ਸਿਆਸੀ ਸੱਤਾ ਆਪਣੇ ਹੱਥਾਂ ਵਿਚ ਲੈਂਦੀ ਹੈ।''
26 ਅਕਤੂਬਰ (8 ਨਵੰਬਰ) 1917 ਦੀ ਰਾਤ ਨੂੰ ਸੋਵੀਅਤਾਂ ਦੀ ਦੂਜੀ ਕਾਂਗਰਸ ਨੇ ਅਮਨ ਬਾਰੇ ਫੁਰਮਾਨ ਜਾਰੀ ਕੀਤਾ। ਕਾਂਗਰਸ ਨੇ ਜੰਗ ਵਿਚ ਸ਼ਾਮਲ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਘੱਟੋ ਘੱਟ ਤਿੰਨ ਮਹੀਨੇ ਲਈ ਫੌਰੀ ਆਰਜ਼ੀ ਸੁਲਹ ਕਰ ਲੈਣ ਤਾਂ ਕਿ ਅਮਨ ਲਈ ਗੱਲਬਾਤ ਕੀਤੀ ਜਾ ਸਕੇ। ਕਾਂਗਰਸ ਨੇ ਇਹ ਅਪੀਲ ਜੰਗ ਵਿਚ ਸ਼ਾਮਲ ਸਭ ਮੁਲਕਾਂ ਦੀਆਂ ਹਕੂਮਤਾਂ ਤੇ ਲੋਕਾਂ ਨੂੰ ਕੀਤੀ, ਪਰ ਉਸ ਨੇ ''ਇਨਸਾਨੀਅਤ ਦੀਆਂ ਤਿੰਨ ਸਭ ਤੋਂ ਤਰੱਕੀ ਕਰ ਚੁੱਕੀਆਂ ਕੌਮਾਂ, ਤੇ ਮੌਜੂਦਾ ਲੜਾਈ ਵਿਚ ਹਿੱਸਾ ਲੈ ਰਹੀਆਂ ਤਿੰਨ ਸਭ ਤੋਂ ਵੱਡੀਆਂ ਹਕੂਮਤਾਂ ਅਥਵਾ ਬਰਤਾਨੀਆ, ਫਰਾਂਸ ਅਤੇ ਜਰਮਨੀ ਦੇ ਜਮਾਤੀ ਸੂਝ ਰੱਖਣ ਵਾਲੇ ਮਜ਼ਦੂਰਾਂ'' ਦਾ ਇਸ ਵੱਲ ਉਚੇਚਾ ਧਿਆਨ ਦਿਵਾਇਆ। ਉਸ ਨੇ ਇਹਨਾਂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਅਮਨ ਦੇ ਕਾਜ਼ ਨੂੰ ਕਾਮਯਾਬ ਕਰਨ ਤੇ ਨਾਲ ਹੀ ਮਿਹਤਕਸ਼ ਤੇ ਲੁੱਟੀ ਪੁੱਟੀ ਜਾ ਰਹੀ ਜਨਤਾ ਨੂੰ ਹਰ ਕਿਸਮ ਦੀ ਗੁਲਾਮੀ ਤੇ ਹਰ ਕਿਸਮ ਦੀ ਲੁੱਟ ਖਸੁੱਟ ਤੋਂ ਛੁਟਕਾਰਾ ਦਿਵਾਉਣ ਦੇ ਕਾਜ਼ ਨੂੰ ਪੂਰਾ ਕਰਨ ਲਈ ਮੱਦਦ ਦੇਣ।
ਓਸੇ ਰਾਤ ਸੋਵੀਅਤਾਂ ਦੀ ਦੂਜੀ ਕਾਂਗਰਸ ਨੇ ਜ਼ਮੀਨ ਬਾਰੇ ਫੁਰਮਾਨ ਜਾਰੀ ਕੀਤਾ। ਇਸ ਵਿਚ ਐਲਾਨ ਕੀਤਾ ਗਿਆ ਕਿ ''ਅੱਜ ਤੋਂ ਜਾਗੀਰਦਾਰਾਂ ਦੀ ਜ਼ਮੀਨ 'ਤੇ ਮਾਲਕੀ ਬਿਨਾ ਕਿਸੇ ਮੁਆਵਜ਼ੇ ਦੇ ਖਤਮ ਕੀਤੀ ਜਾਂਦੀ ਹੈ।'' ਕਿਸਾਨਾਂ ਦੇ ਇੱਕ ਹਦਾਇਤਨਾਮੇ ਦੇ ਆਧਾਰ 'ਤੇ, ਜਿਹੜਾ 242 ਅੱਡੋ ਅੱਡ ਥਾਵਾਂ ਦੇ ਕਿਸਾਨਾਂ ਦੇ ਹਦਾਇਤਨਾਮਿਆਂ ਤੋਂ ਤਿਆਰ ਕੀਤਾ ਗਿਆ ਸੀ, ਇਹ ਜ਼ਰਾਇਤੀ ਕਾਨੂੰਨ ਜਾਰੀ ਕੀਤਾ ਗਿਆ। ਇਸ ਹਿਦਾਇਤਨਾਮੇ ਵਿਚ ਮੰਗ ਸੀ ਕਿ ਜ਼ਮੀਨ ਦੀ ਨਿੱਜੀ ਮਾਲਕੀ ਨੂੰ ਹਮੇਸ਼ਾਂ ਲਈ ਖਤਮ ਕਰਕੇ ਉਸਦੀ ਥਾਂ ਪਬਲਿਕ ਜਾਂ ਹਕੂਮਤ ਦੀ ਮਾਲਕੀ ਕਾਇਮ ਕੀਤੀ ਜਾਵੇ। ਜਾਗੀਰਦਾਰਾਂ, ਜ਼ਾਰ ਦੇ ਘਰਾਣੇ ਦੇ ਲੋਕਾਂ ਅਤੇ ਗਿਰਜਿਆਂ ਆਦਿ ਦੀਆਂ ਜ਼ਮੀਨਾਂ ਸਭ ਮਿਹਨਤਕਸ਼ਾਂ ਦੀ ਮੁਫਤ ਵਰਤੋਂ ਲਈ ਉਹਨਾਂ ਦੇ ਹਵਾਲੇ ਕੀਤੀਆਂ ਜਾਣ।
ਇਸ ਫੁਰਮਾਨ ਰਾਹੀਂ ਅਕਤੂਬਰ ਦੇ ਸਮਾਜਵਾਦੀ ਇਨਕਲਾਬ ਨੇ ਕਿਸਾਨਾਂ ਨੂੰ 15 ਕਰੋੜ ਡੈਸੀਆਟਿਨ (ਚਾਲੀ ਕਰੋੜ ਏਕੜ) ਤੋਂ ਵੱਧ ਜ਼ਮੀਨ ਦਿੱਤੀ, ਜਿਹੜੀ ਪਹਿਲਾਂ ਜਾਗੀਰਦਾਰਾਂ, ਸਰਮਾਏਦਾਰਾਂ, ਜ਼ਾਰ ਦੇ ਘਰਾਣੇ, ਮੱਠਾਂ ਅਤੇ ਗਿਰਜਿਆਂ ਦੀ ਮਲਕੀਅਤ ਸੀ।
ਇਸ ਤੋਂ ਇਲਾਵਾ, ਕਿਸਾਨਾਂ ਦਾ ਪੰਜਾਹ ਕਰੋੜ ਸੋਨੇ ਦੇ ਰੂਬਲ ਲਗਾਨ ਤੋਂ ਵੀ ਛੁਟਕਾਰਾ ਹੋ ਗਿਆ ਜਿਹੜਾ ਉਹਨਾਂ ਨੂੰ ਸਾਲ ਦੇ ਸਾਲ ਜਾਗੀਰਦਾਰਾਂ ਨੂੰ ਦੇਣਾ ਪੈਂਦਾ ਸੀ। ਸਾਰੇ ਧਰਤੀ ਵਿਚਲੇ ਜ਼ਖੀਰੇ (ਤੇਲ, ਕੋਲਾ, ਧਾਤਾਂ ਆਦਿ), ਜੰਗਲ ਤੇ ਨਦੀ ਨਾਲੇ ਲੋਕਾਂ ਦੀ ਮਲਕੀਅਤ ਬਣ ਗਏ।
ਇਸ ਨਾਲ ਸੋਵੀਅਤਾਂ ਦੀ ਦੂਜੀ ਕਾਂਗਰਸ ਦਾ ਸਮਾਗਮ ਖਤਮ ਹੋ ਗਿਆ।
ਆਖਰੀ ਗੱਲ, ਸੋਵੀਅਤਾਂ ਦੀ ਦੂਜੀ ਸਰਬ ਰੂਸੀ ਕਾਂਗਰਸ ਨੇ ਪਹਿਲੀ ਸੋਵੀਅਤ ਹਕੂਮਤ¸ ਲੋਕ ਵਜ਼ੀਰਾਂ ਦੀ ਕੌਂਸਲ- ਬਣਾਈ ਜਿਸ ਦੇ ਸਾਰੇ ਦੇ ਸਾਰੇ ਮੈਂਬਰ ਬਾਲਸ਼ਵਿਕ ਸਨ। ਲੈਨਿਨ ਪਹਿਲੀ ਲੋਕ ਵਜ਼ੀਰਾਂ ਦੀ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ।
ਪੈਟਰੋਗਰਾਡ ਵਿਚ ਸੋਵੀਅਤ ਦੀ ਜਿੱਤ ਦੀ ਖਬਰ ਨੂੰ ਧੁਮਾਉਣ ਲਈ ਤੇ ਸਾਰੇ ਮੁਲਕ ਵਿਚ ਸੋਵੀਅਤ ਰਾਜ ਦੀ ਕਾਇਮੀ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਦੇ ਡੈਲੀਗੇਟ ਥਾਉਂ ਥਾਈਂ ਚਲੇ ਗਏ।
ਸੋਵੀਅਤਾਂ ਹਰ ਥਾਂ ਫੌਰਨ ਆਪਣਾ ਰਾਜ ਕਾਇਮ ਨਾ ਕਰ ਸਕੀਆਂ। ਪੈਟਰੋਗਰਾਡ ਵਿਚ ਸੋਵੀਅਤ ਹਕੂਮਤ ਕਾਇਮ ਹੋ ਚੁੱਕਣ ਦੇ ਬਾਅਦ ਮਾਸਕੋ ਦੇ ਬਾਜ਼ਾਰਾਂ ਵਿਚ ਕਈ ਦਿਨ ਤੱਕ ਜ਼ੋਰਦਾਰ ਤੇ ਜਾਨਤੋੜ ਲੜਾਈ ਹੁੰਦੀ ਰਹੀ। ਸਿਆਸੀ ਸੱਤਾ ਮਾਸਕੋ ਸੋਵੀਅਤ ਦੇ ਹੱਥਾਂ ਵਿਚ ਨਾ ਜਾਣ ਦੇਣ ਲਈ, ਉਲਟ-ਇਨਕਲਾਬੀ ਮੈਨਸ਼ਵਿਕ ਤੇ ਸਮਾਜਵਾਦੀ ਇਨਕਲਾਬੀ ਪਾਰਟੀਆਂ ਨੇ ਇਨਕਲਾਬ ਦੁਸ਼ਮਣਾਂ ਤੇ ਕੇਡਟਾਂ ਨਾਲ ਮਿਲ ਕੇ ਮਜ਼ਦੂਰਾਂ ਅਤੇ ਫੌਜੀ ਸਿਪਾਹੀਆਂ ਦੇ ਖਿਲਾਫ ਇੱਕ ਹਥਿਆਰਬੰਦ ਲੜਾਈ ਸ਼ੁਰੂ ਕਰ ਦਿੱਤੀ। ਬਾਗੀਆਂ ਨੂੰ ਭਾਂਜ ਦੇਣ ਅਤੇ ਮਾਸਕੋ ਵਿਚ ਸੋਵੀਅਤ ਰਾਜ ਕਾਇਮ ਕਰਨ ਵਿਚ ਕਈ ਦਿਨ ਲੱਗ ਗਏ।
ਪੈਟਰੋਗਰਾਡ ਸ਼ਹਿਰ ਵਿਚ, ਤੇ ਇਸ ਦੇ ਕਈ ਜ਼ਿਲਿਆਂ ਵਿਚ, ਇਨਕਲਾਬ ਦੀ ਜਿੱਤ ਦੇ ਪਹਿਲੇ ਦਿਨਾਂ ਵਿਚ ਹੀ ਸੋਵੀਅਤ ਰਾਜ ਨੂੰ ਉਲਟਾਉਣ ਦੀਆਂ ਉਲਟ-ਇਨਕਲਾਬੀ ਕੋਸ਼ਿਸ਼ਾਂ ਕੀਤੀਆਂ ਗਈਆਂ।..........
ਲੈਨਿਨ ਨੇ ਜਿਵੇਂ ਅਕਤੂਬਰ ਬਗਾਵਤ ਦੀ ਅਗਵਾਈ ਕੀਤੀ ਸੀ, ਉਸੇ ਤਰਾਂ ਇਸ ਸੋਵੀਅਤ ਵਿਰੋਧੀ ਗ਼ਦਰ ਨੂੰ ਦਬਾਉਣ ਸਮੇਂ ਵੀ ਅਗਵਾਈ ਕੀਤੀ। ਉਸਦੀ ਅਟੱਲ ਦ੍ਰਿੜਤਾ ਅਤੇ ਜਿੱਤ ਵਿਚ ਅਡੋਲ ਵਿਸ਼ਵਾਸ਼ ਨੇ ਜਨਤਾ ਨੂੰ ਉਤਸ਼ਾਹ ਦਿੱਤਾ ਅਤੇ ਇੱਕਮੁੱਠ ਕੀਤਾ। ਦੁਸ਼ਮਣਾਂ ਨੂੰ ਕੁਚਲ ਦਿੱਤਾ ਗਿਆ।.....
ਅਕਤੂਬਰ 1917 ਤੋਂ ਫਰਵਰੀ 1918 ਦੇ ਵਿਚਕਾਰਲੇ ਸਮੇਂ ਵਿਚ ਸੋਵੀਅਤ ਇਨਕਲਾਬ ਮੁਲਕ ਦੀ ਸਾਰੀ ਵਸੀਹ ਧਰਤੀ 'ਤੇ ਏਨੀ ਤੇਜ਼ੀ ਨਾਲ ਫੈਲਿਆ ਕਿ ਲੈਨਿਨ ਨੇ ਇਹ ਨੂੰ ਸੋਵੀਅਤ ਰਾਜ ਦੇ ''ਜੇਤੂ ਮਾਰਚ'' ਦਾ ਨਾਮ ਦਿੱਤਾ।
ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਜਿੱਤ ਚੁੱਕਾ ਸੀ।
(ਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀ (ਬਾਲਸ਼ਵਿਕ) ਦਾ ਇਤਿਹਾਸ ਪੁਸਤਕ ਦੇ ਸੱਤਵੇਂ ਪਾਠ 'ਚੋਂ ਕੁਝ ਅੰਸ਼)

No comments:

Post a Comment