Sunday, October 4, 2015

8) ਬਠਿੰਡਾ ਕਿਸਾਨ ਮੋਰਚੇ ਦੇ ਅੰਗ-ਸੰਗ -- ਫ਼ੀਲਡ ਰਿਪੋਰਟ



ਦਿਸ਼ਾ ਤਲਾਸ਼ਦਾ ਕਿਸਾਨ ਰੋਹ

ਤਰੰਗਾਂ ਮਾਲਵੇ ਤੋਂ ਮਾਝੇ ਤੱਕ
ਖੇਤ ਮਜ਼ਦੂਰਾਂ ਦੀ ਕਦਮ ਤਾਲ - ਨਵੇਂ ਖੂਨ ਦਾ ਸੰਚਾਰ
ਵਿਆਪਕ ਹਮਦਰਦੀ ਤੇ ਹਮਾਇਤ ਸ਼ਹਿਰੀ ਹਿੱਸਿਆਂ ਤੱਕ ਪਸਾਰਾ
ਆਤਮ ਨਿਰਭਰ ਜਨਤਕ ਸ਼ਕਤੀ ਦਾ ਨਜ਼ਾਰਾ ਸਿਆਸੀ ਪਾਰਟੀਆਂ ਹਾਸ਼ੀਏ 'ਤੇ

ਵਿਸ਼ੇਸ਼ ਫ਼ੀਲਡ ਰਿਪੋਰਟ, 1 ਅਕਤੂਬਰ, 2015

ਪਿਛਲੇ 14 ਦਿਨਾਂ ਤੋਂ ਬਠਿੰਡੇ 'ਚ ਚੱਲ ਰਹੇ ਕਿਸਾਨ-ਮਜ਼ਦੂਰ ਧਰਨੇ ਦੀ ਧਮਕ ਪੂਰੇ ਪੰਜਾਬ ' ਸੁਣਾਈ ਦੇ ਰਹੀ ਹੈ। ਕਿਸਾਨਾਂ-ਮਜ਼ਦੂਰਾਂ ਦਾ ਬਠਿੰਡੇ ਦੀਆਂ ਸੜਕਾਂ 'ਤੇ ਵਹਿ ਰਿਹਾ ਗੁੱਸਾ ਬਾਦਲ ਸਰਕਾਰ ਨੂੰ ਤਰੇਲੀਆਂ ਲਿਆ ਰਿਹਾ ਹੈ। ਲੋਕ ਉਭਾਰ ਮੂਹਰੇ ਹਕੂਮਤ ਬੌਂਦਲੀ ਦਿਖਾਈ ਦੇ ਰਹੀ ਹੈ। ਪ੍ਰੈੱਸ ਅਤੇ ਸੋਸ਼ਲ ਮੀਡੀਏ 'ਤੇ ਨਰਮਾ ਬਰਬਾਦੀ ਅਤੇ ਮੁਆਵਜ਼ੇ ਦੇ ਹੱਕ ਲਈ ਕਿਸਾਨ-ਮਜ਼ਦੂਰ ਸੰਘਰਸ਼ ਛਾਇਆ ਹੋਇਆ ਹੈ। ਨਰਮਾ ਪੱਟੀ 'ਚ ਇਹ ਘਰ-ਘਰ ਦਾ ਮੁੱਦਾ ਬਣਿਆ ਹੋਇਆ ਹੈ, ਚੁੱਲੇ ਚੌਂਕੇ ਤੋਂ ਲੈ ਕੇ ਸੱਥਾਂ ਤੱਕ ਬਠਿੰਡੇ ਮੋਰਚੇ ਦੀ ਚਰਚਾ ਹੈ, ਲੋਕਾਂ ਦੀਆਂ ਨਿਗਾਹਾਂ ਮੋਰਚੇ 'ਤੇ ਲੱਗੀਆਂ ਹੋਈਆਂ ਹਨ। ਨੌਜਵਾਨ ਕਿਸਾਨ ਦੀ ਮੋਰਚੇ ਦੌਰਾਨ ਖੁਦਕੁਸ਼ੀ ਨੇ ਹਰ ਲੋਕ ਦਰਦੀ 'ਚ ਰੋਹ ਜਗਾਇਆ ਹੈ ਤੇ ਬਾਦਲ ਹਕੂਮਤ ਮੁੜ ਆਮ ਲੋਕਾਂ ਦੇ ਨਿਸ਼ਾਨੇ 'ਤੇ ਆ ਗਈ ਹੈ।
ਮਾਲਵੇ 'ਚੋਂ ਉੱਠੇ ਕਿਸਾਨ-ਮਜ਼ਦੂਰ ਰੋਹ ਦਾ ਸੇਕ ਬਾਦਲ ਹਕੂਮਤ ਨੂੰ ਝੱਲਣਾ ਔਖਾ ਹੋ ਰਿਹਾ ਹੈ। ਅਕਾਲੀ ਆਗੂ ਬਲਵਿੰਦਰ ਭੂੰਦੜ ਨੂੰ ਬਠਿੰਡਾ ਕਿਸਾਨ ਮੇਲੇ 'ਚ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ ਹੈ, ਕਿਸਾਨਾਂ ਨੇ ਉਸਨੂੰ ਖਰੀਆਂ-ਖਰੀਆਂ ਸੁਣਾ ਕੇ ਬਿਨਾਂ ਭਾਸ਼ਣ ਕਰਿਆਂ ਵਾਪਸ ਮੋੜ ਦਿੱਤਾ ਹੈ ਤੇ ਲੋਕਾਂ ਦਾ ਗੁੱਸਾ ਮਗਰੋਂ ਪੰਡਾਲ ' ਨਿਕਲਿਆ ਹੈ। ਗੋਨਿਆਣੇ ਦੇ ਪਿੰਡਾਂ 'ਚ ਘੁੰਮਦੀ ਹਰਸਿਮਰਤ ਕੌਰ ਬਾਦਲ ਨੂੰ ਖੇਤ-ਮਜ਼ਦੂਰ ਔਰਤਾਂ ਕਾਲੀਆਂ ਝੰਡੀਆਂ ਦਿਖਾਉਣ ਦੀ ਤਿਆਰੀ ਕਰੀ ਬੈਠੀਆਂ ਰਹੀਆਂ ਹਨ, ਹਰਸਿਮਰਤ ਨੂੰ ਰੂਟ ਬਦਲ ਕੇ ਕੱਚੇ ਰਾਹੀਂ ਲੰਘਾਉਣਾ ਪਿਆ ਹੈ। 10 ਕਰੋੜ ਦੀ ਰਕਮ ਜਾਰੀ ਕਰਕੇ ਘੇਸਲ ਮਾਰੀ ਬੈਠੀ ਸਰਕਾਰ ਨੂੰ 600 ਕਰੋੜ ਦੀ ਰਾਸ਼ੀ ਜਾਰੀ ਕਰਨ ਦਾ ਐਲਾਨ ਕਰਨਾ ਪਿਆ ਹੈ ਤੇ ਜਲਦੀ ਤੋਂ ਜਲਦੀ ਰਾਸ਼ੀ ਵੰਡਣ ਦੇ ਬਿਆਨ ਦੇਣੇ ਪੈ ਰਹੇ ਹਨ।
ਕਿਸਾਨ ਘੋਲ਼ ਦੀ ਦਾਬ ਨੇ ਬਾਦਲ ਹਕੂਮਤ ਦਾ ਲੋਕ ਦੋਖੀ ਕਿਰਦਾਰ ਜੱਗ ਜ਼ਾਹਰ ਕਰ ਦਿੱਤਾ ਹੈ। ਪਹਿਲਾਂ ਸਰਕਾਰ ਕਿੰਨਾ ਹੀ ਚਿਰ ਇਹਨੂੰ ਕੁਦਰਤੀ ਕਰੋਪੀ ਕਹਿ ਕੇ ਟਾਲ਼ਾ ਵੱਟਦੀ ਰਹੀ ਹੈ। ਪਰ ਬਠਿੰਡੇ 'ਚੋਂ ਉੱਠਦੀ ਰੋਹ ਦੀ ਲਲਕਾਰ ਮੂਹਰੇ ਬੌਂਦਲੇ ਖੇਤੀ ਮੰਤਰੀ ਤੇ ਖੇਤੀ ਮਹਿਕਮੇ ਦੀਆਂ ਸਭ ਚਾਲਾਂ ਪੁੱਠੀਆਂ ਪੈ ਰਹੀਆਂ ਹਨ। ਲੋਕ-ਦਬਾਅ ਨੇ ਤੇ ਪਰੈੱਸ 'ਚ ਨਿੱਤ ਹੋ ਰਹੇ ਖੁਲਾਸਿਆਂ ਨੇ ਇਹ ਤੱਥ ਸਥਾਪਤ ਕਰ ਦਿੱਤਾ ਹੈ ਕਿ ਇਹ ਕੁਦਰਤੀ ਕਰੋਪੀ ਨਹੀਂ ਹੈ ਸਗੋਂ ਬਾਦਲ ਸਰਕਾਰ ਦੀ ਕਰੋਪੀ ਹੈ ਜੀਹਨੇ ਨਰਮਾ ਮਾਰਿਆ ਹੈ। ਨਕਲੀ ਬੀਜ ਤੇ ਸਪਰੇਆਂ ਦੇ ਵੱਡੇ ਸਕੈਂਡਲਾਂ ਦੀਆਂ ਪਰਤਾਂ ਨਿੱਤ ਖੁੱਲਰਹੀਆਂ ਹਨ। ਇੱਕ ਦੂਜੇ 'ਤੇ ਦੋਸ਼ ਥੱਪਦੇ ਮੰਤਰੀ ਤੇ ਖੇਤੀਬਾੜੀ ਵਿਭਾਗ ਦਾ ਡਾਇਰੈਟਕਰ ਇੱਕ ਦੂਜੇ ਦੇ ਪੋਤੜੇ ਫਰੋਲਣ ਦੇ ਰਾਹ ਪੈ ਰਹੇ ਹਨ। ਇਹ ਹਕੀਕਤ ਸਥਾਪਿਤ ਹੋ ਰਹੀ ਹੈ ਕਿ ਕੰਪਨੀਆਂ ਨੇ ਅੰਨੇ ਮੁਨਾਫ਼ੇ ਕਮਾਏ ਹਨ, ਅਫਸਰਸ਼ਾਹੀ ਤੇ ਮੰਤਰੀਆਂ ਨੇ ਦਲਾਲੀਆਂ ਖਾਧੀਆਂ ਹਨ ਤੇ ਲੋਕਾਂ ਨੇ ਭੁਗਤਿਆ ਹੈ।
ਇਸ ਘੋਲ਼ ਦੀ ਜ਼ੋਰਦਾਰ ਧਮਕ ਦਾ ਕਾਰਨ ਕਿਸਾਨਾਂ-ਮਜ਼ਦੂਰਾਂ ਦੀ ਜ਼ਿੰਦਗੀ 'ਚ ਹੋਈ ਵੱਡੀ ਹਲਚਲ ਹੈ। ਪਹਿਲਾਂ ਹੀ ਕੰਗਾਲੀ ਮੂੰਹ ਧੱਕੇ ਹੋਏ ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੀ ਹਾਲਤ ਇਸ ਫ਼ਸਲ ਬਰਬਾਦੀ ਨਾਲ ਹੋਰ ਨਿੱਘਰ ਗਈ ਹੈ। ਕਰਜ਼ਿਆਂ ਦੇ ਵਿਆਜ਼ ਨਾਲ ਵਿੰਨੇ ਗਰੀਬ ਕਿਸਾਨ ਤੇ ਖੇਤ-ਮਜ਼ਦੂਰਾਂ ਨੂੰ ਇਹ ਹਾਲਤ ਕਰਜ਼ੇ ਦੀ ਦਲਦਲ 'ਚ ਹੋਰ ਡੂੰਘੇ ਧਸ ਜਾਣ ਦਾ ਕਾਰਨ ਬਣਨ ਜਾ ਰਹੀ ਹੈ। ਮਹਿੰਗੇ ਭਾਅ ਠੇਕੇ 'ਤੇ ਲਈਆਂ ਜ਼ਮੀਨਾਂ ਦੀਆਂ ਰਕਮਾਂ 'ਤਾਰਨੀਆਂ ਮੁਸ਼ਕਲ ਹੋ ਰਹੀਆਂ ਹਨ ਤੇ ਅਗਾਂਹ ਕਣਕ ਦੀ ਬਿਜਾਈ ਦਾ ਵੀ ਕੋਈ ਜੁਗਾੜ ਨਹੀਂ ਹੋ ਰਿਹਾ। ਮੁੜਨ ਦੀ ਝਾਕ ਨਾ ਹੋਣ ਕਰਕੇ ਆੜ੍ਹਤੀਏ ਵੀ ਕਰਜ਼ੇ ਦੇਣ ਤੋਂ ਟਾਲ਼ਾ ਵੱਟ ਰਹੇ ਹਨ। ਨਰਮੇ ਦੇ ਸਫ਼ਾਏ ਨਾਲ ਹੀ ਖੇਤ-ਮਜ਼ਦੂਰਾਂ ਦੇ ਰੁਜ਼ਗਾਰ ਦਾ ਵੀ ਸਫ਼ਾਇਆ ਹੋ ਗਿਆ ਹੈ।
ਅਜਿਹੀ ਹਾਲਤ ਨੇ ਕਿਸਾਨਾਂ-ਮਜ਼ਦੂਰਾਂ 'ਚ ਭਾਰੀ ਹਿਲਜੁਲ ਪੈਦਾ ਕੀਤੀ ਹੈ। ਕਿਸਾਨੀ 'ਚ ਪਸਰੀ ਬੇਚੈਨੀ ਤੇ ਔਖ ਨੂੰ ਜਥੇਬੰਦ ਕਿਸਾਨ ਸ਼ਕਤੀ ਦਾ ਆਸਰਾ ਮਿਲ ਗਿਆ ਹੈ, ਆਪਣੀ ਤਾਕਤ ਦੇ ਜ਼ੋਰ ਕੁਝ ਹਾਸਲ ਹੋ ਸਕਣ ਦੀ ਆਸ ਜਾਗ ਪਈ ਹੈ ਤੇ ਹੁਣ ਇਨ੍ਹਾਂ ਆਸਾਂ ਨੂੰ ਹਕੀਕਤ 'ਚ ਢਾਲ ਲੈਣ ਲਈ ਸੰਘਰਸ਼ ਦਾ ਅਖਾੜਾ ਮਘ ਉੱਠਿਆ ਹੈ।
ਪੇਂਡੂ ਮਿਹਨਤਕਸ਼ ਜਨਤਾ ਦੇ ਸੰਘਰਸ਼ ਦਾ ਫੌਰੀ ਮੁੱਦਾ ਭਾਵੇਂ ਨੁਕਸਾਨੇ ਗਏ ਨਰਮੇ ਦਾ ਮੁਆਵਜ਼ਾ ਹਾਸਲ ਕਰਨਾ ਹੈ, ਇਹ ਰੋਹ ਦਾ ਸਿਰਫ਼ ਫੌਰੀ ਕਾਰਨ ਹੈ। ਬਾਦਲ ਹਕੂਮਤ ਵੱਲੋਂ ਹੁਣ ਤੱਕ ਅਖਤਿਆਰ ਕੀਤਾ ਗਿਆ ਕਿਸਾਨ ਤੇ ਖੇਤ-ਮਜ਼ਦੂਰ ਦੋਖੀ ਵਿਹਾਰ ਇਹਦੀ ਤਹਿ ਹੇਠਲਾ ਕਾਰਣ ਹੈ। ਇਸ ਹਕੂਮਤ ਵੱਲੋਂ ਅਖਤਿਆਰ ਕੀਤੀਆਂ ਸਾਮਰਾਜੀ ਕੰਪਨੀਆਂ ਤੇ ਲੁਟੇਰੇ ਸੂਦਖੋਰ ਆੜ੍ਹਤੀ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਨੇ ਕਿਰਤੀ ਲੋਕਾਂ ਖਾਸ ਕਰਕੇ ਮਿਹਨਤਕਸ਼ ਪੇਂਡੂ ਜਨਤਾ 'ਚ ਤਿੱਖੀ ਬੇਚੈਨੀ ਪੈਦਾ ਕੀਤੀ ਹੋਈ ਹੈ। ਖੇਤੀ ਖੁਦਕੁਸ਼ੀਆਂ ਇਸਦਾ ਸਿਖਰਲਾ ਇਜ਼ਹਾਰ ਹੈ। ਹੁਣ ਵੀ ਇਸ ਮੁੱਦੇ 'ਤੇ ਬਾਦਲ ਹਕੂਮਤ ਆਪਣੇ ਕਿਰਦਾਰ ਅਨੁਸਾਰ ਹੀ ਨਿਭੀ ਹੈ। ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦੇ ਕੇ ਟਾਈਮ ਟਪਾਇਆ ਹੈ। ਖੇਤੀ ਮਹਿਕਮਾ ਨੁਕਸਾਨ ਨੂੰ ਸੁੰਗੇੜ ਕੇ ਪੇਸ਼ ਕਰ ਰਿਹਾ ਹੈ, ਪ੍ਰਤੀ ਏਕੜ ਸਿਰਫ਼ ਅੱਠ ਹਜ਼ਾਰ ਮੁਆਵਜ਼ਾ ਦੇਣਾ ਮੰਨਿਆ ਗਿਆ ਹੈ, ਉਹ ਵੀ ਅਗਾਂਹ ਕਈ ਥਾਈਂ ਵੰਡਿਆ ਜਾ ਰਿਹਾ ਹੈ। ਤਬਾਹ ਵੀ ਸਿਰਫ਼ ਵਾਹੇ ਜਾ ਚੁੱਕੇ ਨਰਮੇ ਨੂੰ ਹੀ ਗਿਣਿਆ ਜਾ ਰਿਹਾ ਹੈ। ਅਜਿਹੀ ਹਾਲਤ ਦਰਮਿਆਨ ਹੀ 17-17 ਰੁਪਏ ਦੇ ਵੰਡੇ ਗਏ ਚੈੱਕਾਂ ਨੇ ਸਰਕਾਰ ਦਾ ਚੰਗੀ ਤਰਾਂ ਜਲੂਸ ਕੱਢ ਦਿੱਤਾ ਹੈ ਤੇ ਲੋਕ ਰੋਹ ਨੂੰ ਅੱਡੀ ਲਾ ਦਿੱਤੀ ਹੈ।

ਅਸਰਦਾਰ ਪ੍ਰਚਾਰ ਤੇ ਲਾਮਬੰਦੀ ਮੁਹਿੰਮ

ਫ਼ਸਲ ਬਰਬਾਦੀ 'ਚੋਂ ਉਪਜੇ ਫਿਕਰਾਂ ਤੇ ਸੰਸਿਆਂ ਮਾਰੀ ਜਨਤਾ ਦੇ ਕਿਸਾਨ ਘੋਲ 'ਚ ਕੁੱਦ ਪੈਣ ' ਕਿਸਾਨ ਜਥੇਬੰਦੀਆਂ ਵੱਲੋਂ ਚਲਾਈ ਪ੍ਰਚਾਰ ਮੁਹਿੰਮ ਦਾ ਅਹਿਮ ਰੋਲ਼ ਹੈ। ਇਹ ਨਿਰੀ ਆਪ ਮੁਹਾਰੀ ਲਾਮਬੰਦੀ ਨਹੀਂ ਹੈ ਸਗੋਂ ਚੇਤੰਨ ਤੇ ਤਜਰਬੇਕਾਰ ਕਿਸਾਨ ਘੁਲਾਟੀਆਂ ਵੱਲੋਂ ਚਲਾਈ ਅਸਰਦਾਰ ਪ੍ਰਚਾਰ ਮੁਹਿੰਮ ਦਾ ਸਿੱਟਾ ਹੈ। ਅਜਿਹੇ ਪ੍ਰਚਾਰ ਨੂੰ ਜ਼ੋਰਦਾਰ ਹੁੰਗਾਰਾ ਮਿਲਣ ਦਾ ਕਾਰਨ ਹਾਲਤ 'ਚ ਪਿਆ ਹੈ।
ਨਰਮਾ ਨੁਕਸਾਨੇ ਜਾਣ ਤੋਂ ਕਿਸਾਨ ਜਨਤਾ 'ਚ ਹਿਲਜੁਲ ਅਗਸਤ ਦੇ ਅਖੀਰ ਤੋਂ ਹੀ ਸ਼ੁਰੂ ਹੋ ਗਈ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਖੁਦਕੁਸ਼ੀਆਂ ਦੇ ਮੁੱਦੇ 'ਤੇ ਦਿੱਤੇ ਗਏ 5 ਰੋਜ਼ਾ ਜ਼ਿਲਾ ਪੱਧਰੇ ਧਰਨਿਆਂ ਦੇ ਮਗਰਲੇ ਦਿਨਾਂ 'ਚ ਪੀੜਤ ਕਿਸਾਨ ਵੀ ਧਰਨਿਆਂ 'ਚ ਪੁੱਜੇ ਸਨ। ਨੁਕਸਾਨ ਤੋਂ ਪੀੜਤ ਜਨਤਾ ਦੇ ਰੋਹ ਦੇ ਝਲਕਾਰੇ ਮਿਲ ਗਏ ਸਨ। 31 ਅਗਸਤ ਨੂੰ 8 ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ '10 ਸਤੰਬਰ ਨੂੰ ਬਠਿੰਡੇ 'ਚ ਵਿਸ਼ਾਲ ਰੋਸ ਧਰਨੇ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਨੁਕਸਾਨੀ ਫ਼ਸਲ ਦਾ ਮੁਕੰਮਲ ਸਰਵੇ ਕਰਵਾਉਣ, ਨੁਕਸਾਨ ਦਾ ਮੁਆਵਜ਼ਾ ਪ੍ਰਤੀ ਏਕੜ 40 ਹਜ਼ਾਰ ਰੁ. ਕਾਸ਼ਤਕਾਰ ਕਿਸਾਨਾਂ ਨੂੰ ਦੇਣ, ਰੁਜ਼ਗਾਰ ਉਜਾੜੇ ਦੀ ਪੂਰਤੀ ਵਜੋਂ ਪ੍ਰਤੀ ਖੇਤ-ਮਜ਼ਦੂਰ ਪਰਿਵਾਰ ਨੂੰ 20 ਹਜ਼ਾਰ ਰੁ. ਦੇਣ, ਦੋਸ਼ੀ ਬਹੁਕੌਮੀ ਕੰਪਨੀਆਂ, ਡੀਲਰਾਂ ਤੇ ਖੇਤੀ ਮਹਿਕਮੇ ਦੇ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਵਰਗੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਪ੍ਰਚਾਰ ਤੇ ਲਾਮਬੰਦੀ ਮੁਹਿੰਮ ਚਲਾਈ ਗਈ। ਕਪਾਹ ਪੱਟੀ 'ਚ ਵਿਸ਼ਾਲ ਜਨਤਕ ਅਧਾਰ ਵਾਲੀ ਜਥੇਬੰਦੀ ਬੀ. ਕੇ. ਯੂ. ਏਕਤਾ (ਉਗਰਾਹਾਂ) ਵੱਲੋਂ ਨਰਮੇ ਵਾਲੇ ਖੇਤਰਾਂ 'ਚ ਵਿਸ਼ੇਸ਼ ਤੌਰ 'ਤੇ ਟੀਮਾਂ ਤਾਇਨਾਤ ਕੀਤੀਆਂ ਗਈਆਂ ਤੇ ਹਰ ਪਿੰਡ ਤੱਕ ਪਹੁੰਚ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਲੰਬੀ, ਸੰਗਤ, ਮੁਕਤਸਰ, ਗਿੱਦੜਬਾਹਾ, ਮਲੋਟ, ਬੁਢਲਾਡਾ, ਮੌੜ, ਤਲਵੰਡੀ ਆਦਿ ਬਲਾਕਾਂ ' ਵਿਸ਼ੇਸ਼ ਤੌਰ 'ਤੇ ਤਾਇਨਾਤ ਟੀਮਾਂ ਨੇ ਪਿੰਡ ਪਿੰਡ ਰੈਲੀਆਂ, ਮੀਟਿੰਗਾਂ ਤੇ ਹੋਕਾ ਮਾਰਚਾਂ ਦਾ ਸਿਲਸਿਲਾ ਚਲਾਇਆ। ਇਸ ਅਸਰਦਾਰ ਪ੍ਰਚਾਰ ਦਾ ਸਿੱਟਾ ਸੀ ਕਿ ਲੋਕ ਮਨਾਂ 'ਚ ਇਹ ਮਸਲਾ ਹੁਣ ਕੁਦਰਤੀ ਕਰੋਪੀ ਨਾ ਰਹਿ ਕੇ ਹਕੂਮਤੀ ਕਰੋਪੀ ਵਜੋਂ ਸਥਾਪਤ ਹੋਇਆ। ਵੱਡੀਆਂ ਕੀਟਨਾਸ਼ਕ ਦਵਾਈ ਕੰਪਨੀਆਂ ਤੇ ਸਰਕਾਰ ਦੇ ਗੱਠਜੋੜ ਨੂੰ ਸਾਹਮਣੇ ਲਿਆਂਦਾ ਗਿਆ। ਲੋਕਾਂ ਨੂੰ ਦੁਸ਼ਮਣ ਸਾਹਮਣੇ ਦਿਸਣ ਲੱਗ ਪਿਆ। ਮੁਆਵਜ਼ੇ ਦੇ ਹੱਕ ਦੀ ਵਾਜਬੀਅਤ ਲਈ ਵੱਡੇ ਧਨ-ਕੁਬੇਰਾਂ ਨੂੰ ਦਿੱਤੇ ਜਾਂਦੇ ਗੱਫਿਆਂ, ਟੈਕਸ ਛੋਟਾਂ ਤੇ ਹੋਰ ਰਿਆਇਤਾਂ ਦੀ ਤੱਥਾਂ ਸਮੇਤ ਜਾਣਕਾਰੀ ਨੇ ਮੁਆਵਜ਼ਾ ਪ੍ਰਾਪਤੀ ਤਾਂਘ ਨੂੰ ਹੋਰ ਪ੍ਰਚੰਡ ਕੀਤਾ। ਕਿਸਾਨ ਟੀਮਾਂ ਖੇਤ-ਮਜ਼ਦੂਰ ਜਨਤਾ ' ਪਹੁੰਚੀਆਂ ਤੇ ਉਹਨਾਂ ਨੂੰ ਮੁਆਵਜ਼ਾ ਪ੍ਰਾਪਤੀ ਦੇ ਸੰਘਰਸ਼ ਲਈ ਪ੍ਰੇਰਿਆ। ਖੇਤ-ਮਜ਼ਦੂਰ ਜਨਤਾ ਨੂੰ ਵੀ ਆਸ ਜਾਗੀ। ਗੋਬਿੰਦਪੁਰੇ ਜ਼ਮੀਨੀ ਘੋਲ ਮੌਕੇ ਖੇਤ-ਮਜ਼ਦੂਰਾਂ ਨੂੰ ਮਿਲੇ ਮੁਆਵਜ਼ੇ ਦੀ ਪ੍ਰਾਪਤੀ ਨੂੰ ਵਿਸ਼ੇਸ਼ ਤੌਰ 'ਤੇ ਉਭਾਰਿਆ ਗਿਆ। ਇਉਂ ਵਿਆਪਕ ਤੇ ਡੂੰਘੇ ਪ੍ਰਚਾਰ ਨੇ ਬੇਵਸੀ ਤੇ ਫ਼ਿਕਰਾਂ ਨੂੰ ਰੋਹ ਤੇ ਗੁੱਸੇ 'ਚ ਢਾਲ ਦਿੱਤਾ, ਲੜਨ ਤਾਂਘ ਪੈਦਾ ਕਰ ਦਿੱਤੀ ਤੇ ਘੋਲ ਦਾ ਪੈੜਾ ਬੰਨਦਿੱਤਾ ਗਿਆ। 10 ਸਤੰਬਰ ਨੂੰ ਬਠਿੰਡੇ 'ਚ ਵਿਸ਼ਾਲ ਇਕੱਠ ਹੋਇਆ ਤੇ ਮੰਗਾਂ ਨਾ ਮੰਨਣ ਦੀ ਸੂਰਤ '17 ਸਤੰਬਰ ਤੋਂ ਅਣਮਿਥੇ ਸਮੇਂ ਦੇ ਮੋਰਚੇ ਦਾ ਐਲਾਨ ਕੀਤਾ ਗਿਆ। ਇਹ ਪ੍ਰਚਾਰ ਲਾਮਬੰਦੀ ਮੁਹਿੰਮ ਇਨ੍ਹਾਂ ਦਿਨਾਂ ਦੌਰਾਨ ਵੀ ਜਾਰੀ ਰਹੀ ਤੇ ਫਿਰ 17 ਸਤੰਬਰ ਤੋਂ ਬਠਿੰਡੇ ਮਿੰਨੀ ਸਕੱਤਰੇਤ ਮੂਹਰੇ ਮੁੱਖ ਮਾਰਗ ਦਾ ਇੱਕ ਪਾਸਾ ਰੋਕ ਕੇ ਪੱਕਾ ਧਰਨਾ ਸ਼ੁਰੂ ਹੋ ਗਿਆ।

ਲਗਾਤਾਰ ਧਰਨਾ

ਧਰਨੇ ਦੌਰਾਨ ਵੀ ਪਿੰਡਾਂ 'ਚ ਲਾਮਬੰਦੀ ਤੇ ਪ੍ਰਚਾਰ ਦਾ ਕੰਮ ਜਾਰੀ ਰੱਖਿਆ ਗਿਆ। ਵਿਸ਼ੇਸ਼ ਕਰਕੇ ਬੀ. ਕੇ. ਯੂ. (ਏਕਤਾ) ਉਗਰਾਹਾਂ ਦੀਆਂ 4-5 ਟੀਮਾਂ ਰੋਜ਼ਾਨਾ ਬਠਿੰਡਾ ਜ਼ਿਲੇ ਤੇ ਹੋਰਨਾਂ ਨੇੜਲੇ ਖੇਤਰਾਂ 'ਚ ਪਹੁੰਚ ਕਰਕੇ ਲੋਕਾਂ ਨੂੰ ਧਰਨੇ 'ਚ ਸ਼ਮੂਲੀਅਤ ਲਈ ਪ੍ਰੇਰਦੀਆਂ ਰਹੀਆਂ। ਗਿਣਤੀ ਆਏ ਦਿਨ ਵਧਦੀ ਗਈ ਜੀਹਦੇ 'ਚ ਨੌਜਵਾਨਾਂ ਦੀ ਗਿਣਤੀ ਉੱਭਰਵੀਂ ਸੀ। 20 ਤਰੀਕ ਨੂੰ ਖੇਤੀਬਾੜੀ ਵਿਭਾਗ ਦੇ ਦਫ਼ਤਰ ਵੱਲ ਕੀਤਾ ਵਿਸ਼ਾਲ ਰੋਸ ਮਾਰਚ ਲਾ-ਮਿਸਾਲ ਸੀ। ਸੜਕਾਂ 'ਤੇ ਲੋਕਾਂ ਦਾ ਹੜ੍ਹ ਵਗ ਤੁਰਿਆ ਸੀ। ਨੌਜਵਾਨਾਂ ਦਾ ਜੋਸ਼ ਦੇਖਿਆਂ ਬਣਦਾ ਸੀ। ਪੁਲ ਚੜ੍ਹਦੇ ਠਾਠਾਂ ਮਾਰਦੇ ਇਕੱਠ ਦੀਆਂ ਤਸਵੀਰਾਂ ਹੁਣ ਤੱਕ ਵੀ ਸੋਸ਼ਲ ਮੀਡੀਏ ਤੇ ਛਾਈਆਂ ਹੋਈਆਂ ਹਨ।
ਏਡੀ ਜ਼ੋਰਦਾਰ ਲਾਮਬੰਦੀ ਤੋਂ ਬਾਦਲ ਸਰਕਾਰ ਘਬਰਾ ਗਈ, ਸ਼ਹਿਰ 'ਚ ਮਾਰਚ ਕਰਨ 'ਤੇ ਰੋਕਾਂ ਮੜ੍ਹ ਦਿੱਤੀਆਂ। ਰੋਹ ਦੇ ਭਰੇ ਨੌਜਵਾਨ ਪੁਲਸ ਨਾਲ ਭਿੜ ਜਾਣ ਲਈ ਤਹੂ ਹੋ ਗਏ, ਦਰੱਖਤਾਂ ਤੋਂ ਟਾਹਣੇ ਤੋੜ ਲਏ। ਕਿਸਾਨ ਆਗੂਆਂ ਤੇ ਸੂਝਵਾਨ ਕਾਰਕੁੰਨਾਂ ਦੇ ਜ਼ੋਰਦਾਰ ਯਤਨਾਂ ਨਾਲ ਨੌਜਵਾਨ ਮਸਾਂ ਹੀ ਰੋਕੇ ਜਾ ਸਕੇ, ਫਿਰ ਵੀ ਇੱਕ ਝੜੱਪ ਹੋ ਗਈ। ਪਰ ਆਗੂਆਂ ਤੇ ਤਜਰਬੇਕਾਰ ਕਾਰਕੁੰਨਾਂ ਦੀ ਯੋਗ ਅਗਵਾਈ ਨੇ ਪੁਲਸ ਨੂੰ ਜਬਰ ਦਾ ਮੌਕਾ ਦੇਣੋਂ ਬਚਾਅ ਕਰ ਲਿਆ। ਨੌਜਵਾਨਾਂ ਦਾ ਭੇੜੂ ਰੌਂਅ ਤੇ ਇਰਾਦੇ ਮੂਹਰੇ ਪੁਲਸ ਮੁਲਾਜ਼ਮਾਂ ਦੇ ਰੰਗ ਉੱਡੇ ਹੋਏ ਨਜ਼ਰ ਆਏ ਅਤੇ ਨਵੀਆਂ ਭਰਤੀ ਹੋਈਆਂ ਕੁੜੀਆਂ ਅਜਿਹੀ ਥਾਂ 'ਤੇ ਮੂਹਰੇ ਕਰ ਦੇਣ ਲਈ ਅਫ਼ਸਰਾਂ ਨੂੰ ਕੋਸਦੀਆਂ ਨਜ਼ਰ ਆਈਆਂ।
ਬਾਦਲ ਸਰਕਾਰ ਨੇ ਬਾਹਰੋਂ ਆਉਂਦੇ ਕਾਫ਼ਲਿਆਂ ਨੂੰ ਰਾਹਾਂ 'ਚ ਡੱਕ ਕੇ ਤੇ ਸ਼ਹਿਰ 'ਚ ਮਾਰਚ ਕਰਨੋਂ ਰੋਕ ਕੇ ਸੰਘਰਸ਼ ਦੇ ਹੱਕ ਤੇ ਪਾਬੰਦੀਆਂ ਲਾਉਣ ਦਾ ਯਤਨ ਕੀਤਾ। ਇੱਕਾ-ਦੁੱਕਾ ਥਾਵਾਂ 'ਤੇ ਗ੍ਰਿਫਤਾਰੀਆਂ ਵੀ ਕੀਤੀਆਂ। ਪਰ ਜ਼ਿਆਦਾ ਦੇਰ ਅੰਦਰ ਨਾ ਰੱਖ ਸਕੀ। ਮਾਨਸਾ ਤੋਂ ਆਉਂਦੇ ਕਾਫ਼ਲੇ ਨੂੰ ਭਾਈ ਦੇਸਾ ਪਿੰਡ ਕੋਲ, ਬਰਨਾਲੇ ਦੇ ਕਾਫ਼ਲੇ ਨੂੰ ਤਪੇ ਕੋਲ ਅਤੇ ਨਿਹਾਲ ਸਿੰਘ ਵਾਲਾ ਦੇ ਕਾਫ਼ਲੇ ਨੂੰ ਦੀਨੇ ਕੋਲ ਆਦਿ ਥਾਵਾਂ 'ਤੇ ਡੱਕਿਆ ਗਿਆ ਤਾਂ ਉਥੇ ਹੀ ਸੜਕਾਂ ਜਾਮ  ਕਰਕੇ ਪੱਕੇ ਧਰਨੇ ਸ਼ੁਰੂ ਕਰ ਦਿੱਤੇ ਗਏ। ਬਠਿੰਡਾ ਸ਼ਹਿਰ 'ਚ ਆਉਂਦੀਆਂ ਬੱਸਾਂ ਦੀ ਤਲਾਸ਼ੀ, ਕਿਸਾਨਾਂ ਦੇ ਸਾਧਨਾਂ ਦੇ ਨੰਬਰ ਨੋਟ ਕਰਨ ਵਰਗੀਆਂ ਧਮਕਾਊ ਕਾਰਵਾਈਆਂ ਫੇਲਸਾਬਤ ਹੋਈਆਂ ਤੇ ਇਕੱਠ ਲਗਾਤਾਰ ਵਧਦਾ ਗਿਆ। ਤਿੰਨ ਹੋਰ ਥਾਵਾਂ 'ਤੇ ਧਰਨੇ ਸ਼ੁਰੂ ਹੋ ਕੇ ਵੀ ਬਠਿੰਡੇ ਮੋਰਚੇ 'ਚ ਇਕੱਠ ਨਹੀਂ ਘਟਿਆ।
ਸ਼ਹਿਰ 'ਚ ਮੁਜ਼ਾਹਰਾ ਕਰਨ 'ਤੇ ਲੱਗੀਆਂ ਪਾਬੰਦੀਆਂ ਨੂੰ ਸਵੇਰ ਵੇਲੇ ਆਉਣ ਵਾਲੇ ਕਾਫ਼ਲਿਆਂ ਵੱਲੋਂ ਮੁਜ਼ਾਹਰਿਆਂ ਦੀ ਲੜੀ ਚਲਾ ਕੇ ਤੋੜ ਦਿੱਤਾ ਗਿਆ। ਸ਼ਹਿਰ ਦੇ ਵੱਖ ਵੱਖ ਪਾਸਿਆਂ ਤੋਂ ਆਉਣ ਵਾਲੇ ਕਾਫ਼ਲੇ ਮਾਰਚ ਕਰਕੇ ਧਰਨੇ 'ਚ ਪੁੱਜਣ ਲੱਗੇ, ਇਹ ਰੋਜ਼ ਦਾ ਸਿਲਸਿਲਾ ਬਣ ਗਿਆ। ਅਜਿਹੇ ਮੁਜਾਹਰਿਆਂ ਤੇ ਲੋਕਾਂ ਦੇ ਜੁਝਾਰੂ ਰੌਂਅ ਨੂੰ ਦੇਖ ਕੇ ਇੱਕ ਪੱਤਰਕਾਰ ਵੀ ਹੁਲਾਰੇ 'ਚ ਆ ਗਿਆ ਤੇ ਨਾਅਰਿਆਂ ਦਾ ਜਵਾਬ ਦੇਣ ਲੱਗਾ। ਨਾਲ ਦੇ ਫੋਟੋਗ੍ਰਾਫਰ ਨੂੰ ਕਹਿੰਦਾ, ''ਹੁਣ ਰੋਕ ਕੇ ਵਿਖਾਉਣ ਖਾਂਹ।'' ਇਹਤੋਂ ਲੋਕਾਂ ਦੇ ਰੌਂਅ ਤੇ ਜਜ਼ਬੇ ਦਾ ਅੰਦਾਜ਼ਾ ਬਣਾਇਆ ਜਾ ਸਕਦਾ ਹੈ।

ਵਿਆਪਕ ਲੋਕ ਹਮਾਇਤ

ਧਰਨੇ ' ਸਿੱਧੀ ਸ਼ਮੂਲੀਅਤ ਤੋਂ ਬਿਨਾਂ ਵੱਖ ਵੱਖ ਸ਼ਕਲਾਂ ਰਾਹੀਂ ਵੀ ਵਿਆਪਕ ਲੋਕ ਹਮਾਇਤ ਹਾਸਲ ਹੋਈ ਹੈ। ਪਿੰਡਾਂ 'ਚੋਂ ਧੜਾਧੜ ਕੁਇੰਟਲਾਂ ਦੇ ਹਿਸਾਬ 'ਚ ਆਟਾ, ਖੰਡ, ਦੁੱਧ ਤੇ ਹੋਰ ਰਾਸ਼ਨ ਪੁੱਜ ਰਿਹਾ ਹੈ। ਬਠਿੰਡੇ ਨੇੜਲੇ ਪਿੰਡ ਜੱਸੀ ਪੌ ਵਾਲੀ ਦੇ ਲੋਕਾਂ ਨੇ ਕੁਇੰਟਲਾਂ 'ਚ ਆਟਾ ਆਪਣੇ ਪਿੰਡ ਦੇ ਗੁਰਦੁਆਰੇ 'ਚ ਰੱਖ ਲਿਆ ਹੈ। ਰੋਜ਼ ਸਵੇਰੇ ਦਰਜਨਾਂ ਔਰਤਾਂ ਲੰਗਰ ਤਿਆਰ ਕਰਦੀਆਂ ਹਨ ਜੋ ਕਿ 8 ਵਜਦੇ ਨੂੰ ਧਰਨੇ 'ਚ ਪੁੱਜਦਾ ਕੀਤਾ ਜਾ ਰਿਹਾ ਹੈ। ਪਿੰਡਾਂ 'ਚੋਂ ਫੰਡ ਆਪ ਮੁਹਾਰਾ ਇਕੱਠਾ ਹੋ ਰਿਹਾ ਹੈ। ਕਦੇ ਕੋਈ ਪਿੰਡ ਚੌਲਾਂ ਦੇ ਕੜਾਹੇ ਭੇਜ ਰਿਹਾ ਹੈ ਤੇ ਕੋਈ ਕੜਾਹ ਪ੍ਰਸ਼ਾਦ ਦੇ ਦੇਗੇ। ਵੱਧ ਤੋਂ ਵੱਧ ਰਾਸ਼ਨ ਭੇਜਣ ਦਾ ਮੁਕਾਬਲਾ ਹੋ ਰਿਹਾ ਹੈ। ਲੰਗਰ 24 ਘੰਟੇ ਚੱਲਦਾ ਹੈ ਤੇ ਸੈਂਕੜੇ ਵਰਕਰ ਲੰਗਰ ਦੇ ਇੰਤਜ਼ਾਮਾਂ 'ਚ ਜੁਟੇ ਰਹਿੰਦੇ ਹਨ। ਅਜਿਹਾ ਮਾਹੌਲ ਸ਼ਮੂਲੀਅਤ ਕਰਨ ਵਾਲਿਆਂ ਨੂੰ ਹੋਰ ਉਤਸ਼ਾਹ ਬਖਸ਼ਦਾ ਹੈ। ਪਿੰਡਾਂ ਦੇ ਉਤਸ਼ਾਹੀ ਨੌਜਵਾਨਾਂ ਦੀਆਂ ਟੋਲੀਆਂ ਸਟੇਜ ਕੋਲ ਆ ਕੇ ਕਿਸੇ ਚੀਜ਼ ਦੀ ਤੋਟ ਨਾ ਪੈਣ ਦੇਣ ਦੇ ਭਰੋਸੇ ਦਿੰਦੀਆਂ ਹਨ, ਜੋ ਚਾਹੀਦਾ ਹਾਜ਼ਰ ਕਰਨ ਦੇ ਐਲਾਨ ਕਰਦੇ ਹਨ। ਲੋਕ ਰਿਸ਼ਤੇਦਾਰੀਆਂ ' ਫੋਨ ਕਰਕੇ ਮੋਰਚੇ ਦੇ ਦਰਸ਼ਨ ਕਰ ਜਾਣ ਦੇ ਸੁਨੇਹੇ ਭੇਜ ਰਹੇ ਹਨ। ਇਹ ਮਾਹੌਲ ਲੋਕਾਂ ਦੀ ਧੁਰੋ-ਧੁਰ ਸ਼ਮੂਲੀਅਤ ਦਾ ਸਿੱਟਾ ਹੈ। ਸੰਕਟ ਮੂੰਹ ਆਈ ਕਿਸਾਨੀ ਲਈ ਜ਼ਿੰਦਗੀ ਗੁਜ਼ਾਰਨ ਦਾ ਫੌਰੀ ਸਾਧਨ ਜੁਟਾਉਣ ਦੀ ਲੜਾਈ 'ਚ ਕੁੱਦ ਪੈਣ ਦਾ ਸਿੱਟਾ ਹੈ।
ਏਨੀ ਵਿਸ਼ਾਲ ਲਾਮਬੰਦੀ ਤੇ ਲੜਾਕੂ ਰੌਂਅ ਨੇ ਹੋਰਨਾਂ ਤਬਕਿਆਂ ਨੂੰ ਆਪਣੇ ਆਪ ਧਰਨੇ ਵੱਲ ਖਿੱਚਿਆ ਹੈ। ਸਰਗਰਮ ਅਧਿਆਪਕ ਜਥੇਬੰਦੀਆਂ ਦੇ ਦਰਜਨਾਂ ਕਾਰਕੁੰਨ ਅਕਸਰ ਧਰਨੇ 'ਚ ਹਾਜ਼ਰੀ ਭਰ ਕੇ ਜਾਂਦੇ ਹਨ, ਫੰਡ ਦਿੰਦੇ ਹਨ। ਅਜਿਹਾ ਕਰਨ ਲਈ ਇਹਨਾਂ ਜਥੇਬੰਦੀਆਂ ਦੀ ਲੀਡਰਸ਼ਿਪ ਵੱਲੋਂ ਕੁੱਝ ਕਹਿਣ ਦੀ ਜ਼ਰੂਰਤ ਨਹੀਂ ਪੈਂਦੀ। ਵੱਖ ਵੱਖ ਮੁਲਾਜ਼ਮ ਜਥੇਬੰਦੀਆਂ ਨੇ ਫੰਡ ਭੇਜੇ ਹਨ ਤੇ ਹਰ ਤਰਾਂ ਦੀ ਮਦਦ ਦੀਆਂ ਪੇਸ਼ਕਸ਼ਾਂ ਕੀਤੀਆਂ ਹਨ। ਇਹ ਮਾਹੌਲ ਤਬਕਿਆਂ ਦੀਆਂ ਵਿੱਥਾਂ ਘਟ ਜਾਣ ਦਾ ਪ੍ਰਗਟਾਵਾ ਹੈ, ਗੂੜ੍ਹੀ ਹੋ ਰਹੀ ਤਬਕਾਤੀ ਸਾਂਝ ਦਾ ਵੀ ਪ੍ਰਗਟਾਵਾ ਹੈ। ਸਰਕਾਰ ਦੀ ਲੁੱਟ ਤੇ ਜਬਰ ਦੇ ਸਤਾਏ ਵੱਖ-ਵੱਖ ਤਬਕਿਆਂ ਅੰਦਰ ਹਕੂਮਤ ਨੂੰ ਹੱਥਾਂ ਪੈਰਾਂ ਦੀ ਪਾਉਣ ਵਾਲੇ ਜੁਝਾਰ ਤਬਕੇ ਪ੍ਰਤੀ ਉੱਠਦੇ ਗਹਿਰੇ ਸਤਿਕਾਰ ਦਾ ਪ੍ਰਗਟਾਵਾ ਹੈ ਤੇ ਹਕੂਮਤ ਨੂੰ ਵਖ਼ਤ ਪਾਉਣਾ ਲੋਚਦੇ ਜੁਝਾਰ ਕਾਰਕੁੰਨਾਂ 'ਚ ਅਜਿਹੀਆਂ ਉਮੀਦਾਂ ਸਾਕਾਰ ਹੋ ਸਕਣ ਦੀਆਂ ਜਾਗੀਆਂ ਆਸਾਂ ਦਾ ਪ੍ਰਗਟਾਵਾ ਹੈ। ਇਹਦੇ 'ਚ ਜੁਝਾਰ ਕਿਸਾਨ ਜਥੇਬੰਦੀ ਖਾਸ ਕਰ ਬੀ. ਕੇ. ਯੂ. (ਉਗਰਾਹਾਂ) ਵੱਲੋਂ ਵੱਖ ਵੱਖ ਤਬਕਿਆਂ ਦੀ ਕੀਤੀ ਬੇ-ਗਰਜ਼ ਹਮਾਇਤ ਦੀ ਮੋਹਰਛਾਪ ਵੀ ਹੈ।
ਹੁਣ ਅੱਠ ਕਿਸਾਨ ਜਥੇਬੰਦੀਆਂ ਵੱਲੋਂ ਮਾਝਾ ਤੇ ਦੁਆਬਾ ਖੇਤਰ 'ਚ ਭਖੇ ਹੋਏ ਬਾਸਮਤੀ ਤੇ ਗੰਨੇ ਦੇ ਮੁੱਦਿਆਂ ਨੂੰ ਨਾਲ ਲੈ ਕੇ ਪਹਿਲੀ ਤਰੀਕ ਤੋਂ ਸਾਰੇ ਜ਼ਿਲਿਆਂ 'ਚ ਪੱਕੇ ਧਰਨੇ ਸ਼ੁਰੂ ਹੋਣ ਜਾ ਰਹੇ ਹਨ। ਜਦਕਿ ਸੰਗਰੂਰ, ਬਰਨਾਲਾ ਤੇ ਮਾਨਸਾ 'ਚ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ਮੰਗਾਂ ਨਾ ਮੰਨੇ ਜਾਣ ਦੀ ਸੂਰਤ 'ਚ ਰੇਲਾਂ ਤੇ ਸੜਕਾਂ ਜਾਮ ਕਰਨ ਦੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ।
10 ਕਰੋੜ ਤੋਂ 600 ਕਰੋੜ ਮੁਆਵਜ਼ੇ ਦਾ ਐਲਾਨ ਕਰਵਾਉਣਾ ਇਸ ਘੋਲ ਦੀ ਅੰਸ਼ਕ ਪ੍ਰਾਪਤੀ ਹੈ, ਮੁਕੰਮਲ ਜਿੱਤ ਅਜੇ ਬਾਕੀ ਹੈ। ਪਰ ਇਸਤੋਂ ਵੱਡੀਆਂ ਪ੍ਰਾਪਤੀਆਂ ਹੋ ਚੁੱਕੀਆਂ ਹਨ ਤੇ ਲਗਾਤਾਰ ਹੋ ਰਹੀਆਂ ਹਨ। ਬਾਦਲ ਹਕੂਮਤ ਦਾ ਲੋਕ ਦੋਖੀ ਚਿਹਰਾ ਪੂਰੀ ਤਰਾਂ ਉਘਾੜ ਦਿੱਤਾ ਗਿਆ ਹੈ। ਕਿਸਾਨਾਂ ਤੇ ਖੇਤ-ਮਜ਼ਦੂਰਾਂ ਦੀ ਸਾਂਝ ਹੋਰ ਗੂੜ੍ਹੀ ਹੋ ਰਹੀ ਹੈ। ਜਥੇਬੰਦ ਕਿਸਾਨ ਤਾਕਤ ਦਾ ਹੋਰ ਪਸਾਰਾ ਹੋ ਰਿਹਾ ਹੈ। ਜਨਤਾ ਦੇ ਹਕੀਕੀ ਮੁੱਦੇ ਹਾਕਮ ਜਮਾਤੀ ਸਿਆਸਤ ਦੀ ਭੇਂਟ ਨਹੀਂ ਚੜ੍ਹਨ ਦਿੱਤੇ ਜਾ ਰਹੇ, ਫ਼ਿਰਕੂ ਤੇ ਪਾਟਕ-ਪਾਊ ਸਿਆਸਤ ਦੀਆਂ ਚਾਲਾਂ ਦੇ ਉੱਪਰ ਦੀ ਜਮਾਤੀ ਮੁੱਦੇ ਉੱਭਰ ਰਹੇ ਹਨ। ਹਾਕਮ ਜਮਾਤੀ ਮੌਕਾਪ੍ਰਸਤ ਵੋਟ ਪਾਰਟੀਆਂ ਦੀ ਥਾਂ ਜੁਝਾਰ ਜਨਤਕ ਜਥੇਬੰਦੀਆਂ ਦੇ ਪਲੇਟਫਾਰਮ ਨੇ ਉੱਭਰਵੀਂ ਅਹਿਮੀਅਤ ਅਖਤਿਆਰ ਕਰ ਲਈ ਹੈ। ਬਾਦਲ ਸਰਕਾਰ ਪੂਰੀ ਤਰਾਂ ਬਚਾਅ ਦੇ ਪੈਂਤੜੇ 'ਤੇ ਧੱਕੀ ਗਈ ਹੈ। ਮੌਕਾਪ੍ਰਸਤ ਸਿਆਸੀ ਪਾਰਟੀਆਂ ਵੀ ਘੋਲ ਦੀ ਪੇਸ਼ਕਦਮੀ ਮੂਹਰੇ ਹਾਜ਼ਰੀ ਲਵਾਉਣ ਤੋਂ ਪਛੜ ਗਈਆਂ ਹਨ। ਘੋਲ ਦੇ ਮਘਣ ਨੇ ਕਿਸਾਨ ਮਜ਼ਦੂਰ ਲਹਿਰ ਦੀ ਝੋਲੀ ਹੋਰ ਪ੍ਰਾਪਤੀਆਂ ਨਾਲ ਭਰਨੀ ਹੈ ਤੇ ਹਾਕਮਾਂ ਕੋਲੋਂ ਭਾਰੀ ਕੀਮਤ ਵਸੂਲਣੀ ਹੈ।
ਕਪਾਹ ਪੱਟੀ 'ਚ ਖੁਦਕੁਸ਼ੀਆਂ ਅਤੇ ਸੰਘਰਸ਼ ਦਾ ਰੁਝਾਨ ਆਪੋ 'ਚ ਭਿੜਦਾ ਆ ਰਿਹਾ ਹੈ, ਹਰ ਘੋਲ ਖੁਦਕੁਸ਼ੀਆਂ ਝੰਬੀ ਕਿਰਤੀ ਜਨਤਾ 'ਚ ਇੱਕ ਆਸ ਪੈਦਾ ਕਰਦਾ ਹੈ, ਮੌਜੂਦਾ ਨਰਮਾ ਘੋਲ ਦਾ ਵੀ ਇਸ ਪੱਖੋਂ ਅਹਿਮ ਰੋਲ ਹੈ।
ਘੋਲ ਦੀ ਪੇਸ਼ਕਦਮੀ ਆਸ ਬੰਨਾਉਂਦੀ ਹੈ ਕਿ ਸੰਘਰਸ਼ ਦੇ ਰੁਝਾਨ ਦਾ ਹੱਥ ਉੱਪਰ ਕਰਨ 'ਚ ਇਹ ਘੋਲ ਅਜੇ ਹੋਰ ਹਿੱਸਾ ਪਾਵੇਗਾ। (ਪੜੋ੍ "ਖੇਤ-ਮਜ਼ਦੂਰਾਂ 'ਚ ਰੋਹ" ਇਸ ਅੰਕ ਦੀ 2 ਨੰਬਰ ਪੋਸਟ 'ਚ)

No comments:

Post a Comment