Sunday, October 4, 2015

7) ਗੁਡ਼ਗਾਉਂ ਮਜ਼ਦੂਰ ਸੰਘਰਸ਼ ਕੇਂਦਰ



ਚੁਣੌਤੀਆਂ ਅਤੇ ਸੰਭਾਵਨਾਵਾਂ ਦਾ ਪ੍ਰਤੀਕ

ਗੁੜਗਾਉਂ ਮਜ਼ਦੂਰ ਸੰਘਰਸ਼ ਕੇਂਦਰ

ਡਾ. ਜਗਮੋਹਣ ਸਿੰਘ

ਬਹੁ-ਕੌਮੀ ਫੈਕਟਰੀਆਂਮਾਰੂਤੀ ਸੁਜ਼ੂਕੀ ਦੀਆਂ ਪੰਜੇ ਫੈਕਟਰੀਆਂ ਅਤੇ ਹੌਂਡਾ ਸਮੇਤ, ਗੁੜਗਾਉਂ ਦੇ ਸਾਰੇ ਸਨਅਤੀ ਅਦਾਰਿਆਂ ਵਿੱਚ 2 ਸਤੰਬਰ ਦੀ ਹੜਤਾਲ ਨੂੰ ਲਾ-ਮਿਸਾਲ ਹੁੰਗਾਰਾ ਮਿਲਿਆ ਹੈ। ਅਨੇਕਾਂ ਫੈਕਟਰੀਆਂ ਵਿੱਚ ਹਜ਼ਾਰਾਂ ਵਰਕਰਾਂ ਦੀ ਸ਼ਮੂਲੀਅਤ ਵਾਲੀਆਂ ਵੱਡੀਆਂ ਰੈਲੀਆਂ, ਮੁਜ਼ਾਹਰੇ ਅਤੇ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਰੈਡੀਮੇਡ ਕੱਪੜਿਆਂ ਦੀਆਂ ਫੈਕਟਰੀਆਂ ਦੇ ਗੈਰ-ਜਥੇਬੰਦ ਮਜ਼ਦੂਰ ਵੀ ਇਨ੍ਹਾਂ ਇਕੱਠਾਂ ' ਵੱਡੀ ਗਿਣਤੀ 'ਚ ਸ਼ਾਮਲ ਹੋਏ ਹਨ। ਹੜਤਾਲ ਨੂੰ ਮਿਲਿਆ ਇਹ ਲਾ-ਮਿਸਾਲ, ਗਹਿ-ਗੱਡਵਾਂ ਹੁੰਗਾਰਾ ਮਜ਼ਦੂਰਾਂ ਨੂੰ ਦਰਪੇਸ਼ ਉਨ੍ਹਾਂ ਅਣਮਨੁੱਖੀ ਫੈਕਟਰੀ ਹਾਲਤਾਂ ਦੀ ਬਾਤ ਪਾਉਂਦਾ ਹੈ, ਜਿਥੇ ਉਹਨਾਂ ਨੂੰ ਨਿਗੂਣੀਆਂ ਤਨਖਾਹਾਂ 'ਤੇ, ਸੁਪਰਵਾਈਜ਼ਰਾਂ ਦੇ ਡੰਡੇ ਹੇਠ, ਇੱਕ ਚੇਨ ਸਿਸਟਮ ਵਿੱਚ ਸਵੈ-ਚਾਲਕ ਅਤੇ ਕੰਪਿਊਟਰ ਜੜੀਆਂ ਮਸ਼ੀਨਾਂ 'ਤੇ ਮਸ਼ੀਨ ਵਾਂਗ ਕੰਮ ਕਰਨਾ ਪੈਂਦਾ ਹੈ। ਜਿੱਥੇ ਓਵਰ-ਟਾਈਮ ਤੋਂ ਇਨਕਾਰ ਦਾ ਅਰਥ ਕੰਮ ਤੋਂ ਇਨਕਾਰ ਹੁੰਦਾ ਹੈ, ਜਿੱਥੇ ਸੀ. ਸੀ. ਟੀ. ਵੀ. ਕੈਮਰੇ ਵਰਕਰਾਂ ਦੀ ਮਿੰਟ-ਮਿੰਟ ਦੀ ਹਰਕਤ 'ਤੇ ਬਾਜ਼ ਨਜ਼ਰ ਰੱਖਦੇ ਹਨ, ਅਤੇ ਕੰਮ ਤੋਂ 5 ਮਿੰਟ ਲੇਟ ਹੋ ਜਾਣ ਦਾ ਅਰਥ ਪੂਰੇ ਦਿਨ ਦੀ ਤਨਖਾਹ ਦੇ ਹੱਥੋਂ ਖੁੱਸ ਜਾਣ 'ਚ ਜਾ ਨਿਕਲਦਾ ਹੈ। ਜਿੱਥੇ ਵਰਕਰਾਂ ਦੇ 'ਕੱਠੇ ਹੋਣ ਅਤੇ ਜਥੇਬੰਦੀ ਬਣਾਉਣ 'ਤੇ ਮੁਕੰਮਲ ਮਨਾਹੀ ਹੈ, ਜਿੱਥੇ ਪੱਕੇ ਤੇ ਠੇਕਾ ਕਾਮਿਆਂ ਨੂੰ ਅਨੇਕਾਂ ਸੂਖਮ ਢੰਗਾਂ ਰਾਹੀਂ ਆਪਸ ' ਪਾੜਕੇ ਰੱਖਣਾ ਮੈਨੇਜਮੈਂਟ ਦਾ ਕਰਮੋ-ਧਰਮ ਹੈ, ਜਿੱਥੇ ਜਥੇਬੰਦੀ ਬਣਾਉਣ ਸਮੇਤ ਆਪਣੀਆਂ ਤਨਖਾਹਾਂ 'ਚ ਵਾਧੇ ਅਤੇ ਹੋਰ ਹੱਕੀ ਮੰਗਾਂ ਲਈ ਆਵਾਜ਼ ਉਠਾਉਣ ਦਾ ਅਰਥ ਕੰਮ ਤੋਂ ਛੁੱਟੀ ਅਤੇ ਸੰਘਰਸ਼ ਦਾ ਅਰਥ ਪੁਲਸ ਅਤੇ ਫੈਕਟਰੀ ਗੁੰਡਿਆਂ ਦੇ ਹਮਲਿਆਂ ਅਤੇ ਲਾਠੀਆਂ, ਗੋਲੀਆਂ ਦੀਆਂ ਬੁਛਾੜਾਂ ਨੂੰ ਸੱਦਾ ਬਣਦਾ ਹੈ।
2 ਸਤੰਬਰ ਦੀ ਇਸ ਹੜਤਾਲ ਨੂੰ ਮਿਲਿਆ ਲਾ-ਮਿਸਾਲ ਹੁੰਗਾਰਾ ਫੈਕਟਰੀ ਕਾਮਿਆਂ, ਖਾਸ ਕਰਕੇ ਮੌਜੂਦਾ ਹਾਲਤਾਂ '70-80 ਫੀਸਦੀ ਠੇਕਾ ਕਾਮਿਆਂ ਦੇ ਅੰਦਰ ਇਹਨਾਂ ਅਣਮਨੁੱਖੀ ਤੇ ਅਸਹਿ ਹਾਲਤਾਂ ਦੇ ਵਿਰੋਧ 'ਚ ਅਤੇ ਇਨ੍ਹਾਂ ਲਈ ਜੁੰਮੇਵਾਰ ਸਰਕਾਰ ਦੀਆਂ ਮਜ਼ਦੂਰ-ਵਿਰੋਧੀ ਅਤੇ ਦੇਸੀ-ਵਿਦੇਸ਼ੀ ਬਹੁ-ਕੌਮੀ ਕੰਪਨੀਆਂ ਪੱਖੀ ਨੀਤੀਆਂ ਦੇ ਵਿਰੋਧ 'ਚ  ਉਬਾਲੇ ਖਾ ਰਹੇ ਰੋਹ ਤੇ ਗੁੱਸੇ ਦਾ ਪ੍ਰਤੀਕ ਹੈ। 15-20 ਲੱਖ ਦੀ ਗਿਣਤੀ ਨੂੰ ਅੱਪੜੇ ਗੁੜਗਾਉਂ ਦੇ ਇਹ ਠੇਕਾ ਕਾਮੇ ਰਵਾਇਤੀ ਯੂਨੀਅਨਾਂ ਅਤੇ ਉਨ੍ਹਾਂ ਦੀਆਂ ਲੀਡਰਸ਼ਿਪਾਂ ਤੋਂ ਬੇਮੁੱਖ ਹੋਏ ਪਏ ਹਨ, ਕਿਸੇ ਵੀ ਪਾਰਲੀਮਾਨੀ ਪਾਰਟੀ ਝੋਲੀ 'ਚ ਪੈਣ ਤੋਂ ਇਨਕਾਰੀ ਹਨ, ਅਤੇ ਟਰੇਡ ਯੂਨੀਅਨ ਐਜੀਟੇਸ਼ਨਾਂ ਦੇ ਰਵਾਇਤੀ ਤੇ ਪ੍ਰਚੱਲਤ ਢੰਗ ਤਰੀਕਿਆਂ ਦੀ ਬਜਾਏ ਫੈਕਟਰੀਆਂ 'ਤੇ ਕਬਜ਼ੇ, ਪੁਲਸ ਅਤੇ ਫੈਕਟਰੀ ਦੇ ਗਾਰਡਾਂ ਤੇ ਗੁੰਡਿਆਂ ਨਾਲ ਝੜੱਪਾਂ, ਮੈਨੇਜਮੈਂਟ ਅਤੇ ਫੈਕਟਰੀ ਦੀਆਂ ਕਾਰਾਂ ਆਦਿ ਦੀ ਸਾੜ ਫੂਕ ਵਰਗੇ ਤਿੱਖੇ ਤੇ ਖਾੜਕੂ ਢੰਗ-ਤਰੀਕਿਆਂ ਰਾਹੀਂ ਆਪਣੇ ਰੋਹ ਦਾ ਪ੍ਰਗਟਾਵਾ ਅਤੇ ਆਪਣੀਆਂ ਹੱਕੀ ਮੰਗਾਂ ਦੀ ਦਾਅਵਾ ਜਤਲਾਈ ਕਰਦੇ ਹਨ। ਇਨ੍ਹਾਂ ਘੋਲ ਐਕਸ਼ਨਾਂ ਰਾਹੀਂ ਅਤੇ ਇਨ੍ਹਾਂ ਵਿੱਚ ਵੱਖ ਵੱਖ ਫੈਕਟਰੀਆਂ ਦੇ ਕਾਮਿਆਂ ਅਤੇ ਵੱਖ ਵੱਖ ਠੇਕਿਆਂ ਦੇ ਕਾਮਿਆਂ ਵੱਲੋਂ ਯਕਯਹਿਤੀ ਐਕਸ਼ਨਾਂ ਅਤੇ ਇਨ੍ਹਾਂ ਐਕਸ਼ਨਾਂ 'ਚ ਹਜ਼ਾਰਾਂ ਮਜ਼ਦੂਰਾਂ ਦੀ ਸ਼ਮੂਲੀਅਤ ਪੁਲਸ ਤੇ ਮੈਨੇਜਮੈਂਟਾਂ ਨੂੰ ਹੱਥਾਂ ਪੈਰਾਂ ਦੀ ਪਾਉਂਦੀ ਹੈ ਅਤੇ ਪੈਦਾਵਾਰ ਨੂੰ ਹਫਤਿਆਂ ਬੱਧੀ ਜਾਮ ਕਰੀ ਰਖਦੀ ਹੈ। ਪਿਛਲੇ ਘੱਟੋ ਘੱਟ ਇੱਕ ਦਹਾਕੇ ਤੋਂ ਗੁੜਗਾਓਂ ਅੰਦਰ ਲਗਾਤਾਰ ਜਾਰੀ ਰਹਿ ਰਹੀ ਇਹ ਹਾਲਤ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਮੋਦੀ ਸਰਕਾਰ ਦੀ ਰਾਤਾਂ ਦੀ ਨੀਂਦ ਹਰਾਮ ਕਰ ਰਹੀ ਹੈ।
1990-91 ਤੋਂ ਸ਼ੁਰੂ ਹੋਏ ਸੰਸਾਰ ਸਾਮਰਾਜੀ ਸੰਕਟ ਤੋਂ ਬਾਅਦ ਮਜ਼ਦੂਰਾਂ ਦੀ ਲੁੱਟ-ਖਸੁੱਟ 'ਚ ਢੇਰ ਸਾਰਾ ਵਾਧਾ ਹੋਇਆ ਹੈ। ਫੈਕਟਰੀਆਂ ਅੰਦਰ ਪੱਕੀ ਮਜ਼ਦੂਰ ਨਫ਼ਰੀ ਦੀ ਬਜਾਏ ਠੇਕਾ ਕਾਮਿਆਂ ' ਅਥਾਹ ਵਾਧਾ ਹੋਇਆ ਹੈ। ਗੁੜਗਾਓਂ ਸਨਅਤੀ ਕੇਂਦਰ ਦੀਆਂ ਵੱਖ ਵੱਖ ਫੈਕਟਰੀਆਂ '70 ਤੋਂ 80 ਫੀਸਦੀ ਕਾਮਾ ਸ਼ਕਤੀ, ਠੇਕਾ ਕਾਮਿਆਂ ਦੀ ਹੈ। ਪਿਛਲੇ ਵਰਿਆਂ ਦੌਰਾਨ ਸਵੈ-ਇੱਛਤ ਰਿਟਾਰਿਮੈਂਟ ਸਕੀਮ ਦੇ ਡੰਡੇ ਸਮੇਤ ਵੱਖ ਵੱਖ ਬਹਾਨਿਆਂ ਰਾਹੀਂ ਪੱਕੀ ਮਜ਼ਦੂਰ ਸ਼ਕਤੀ ਦੀ ਮੈਨੇਜਮੈਂਟ ਨੇ ਲਗਾਤਾਰ ਛੁੱਟੀ ਕੀਤੀ ਹੈ। ਇਨ੍ਹਾਂ ਦੀ ਥਾਂ ਠੇਕੇਦਾਰਾਂ ਰਾਹੀਂ ਕੱਚੀ ਤੇ ਠੇਕਾ ਅਧਾਰਤ ਕਾਮਿਆਂ ਦੀ ਭਰਤੀ ਕੀਤੀ ਹੈ, ਅਤੇ ਗੈਰ-ਕਾਨੂੰਨੀ ਤੌਰ 'ਤੇ ਉਨ੍ਹਾਂ ਨੂੰ ਪੱਕੇ ਮਜ਼ਦੂਰਾਂ ਵਾਲੇ ਕੰਮਾਂ 'ਤੇ ਲਾਇਆ ਹੈ। ਹੋਰ ਤਾਂ ਹੋਰ ਇਨ੍ਹਾਂ ਠੇਕਾਂ ਕਾਮਿਆਂ ਨੂੰ ਮੈਨੇਜਮੈਂਟਾਂ ਆਪਣੀ ਲੇਬਰ ਵਜੋਂ ਵੀ ਪ੍ਰਵਾਨ ਨਹੀਂ ਕਰਦੀਆਂ। ਇਨ੍ਹਾਂ ਦੇ ਨਾਂ ਮਸਟਰ ਰੋਲ 'ਤੇ ਚਾੜ੍ਹੇ ਹੀ ਨਹੀਂ ਜਾਂਦੇ। ਇਨ੍ਹਾਂ ਠੇਕਾ ਕਾਮਿਆਂ ਨੂੰ ਜਦ ਵੀ ਮੈਨੇਜਮੈਂਟ ਚਾਹੇ ਕੰਮ ਤੋਂ ਜੁਆਬ ਦੇ ਦਿੱਤਾ ਜਾਂਦਾ ਹੈ। ਇੱਕ ਨਵੰਬਰ 2014 ਨੂੰ ਨਵੀਨੋ ਆਟੋ ਫੈਕਟਰੀ ਦੀਆਂ ਠੇਕਾ ਅਧਾਰਤ ਔਰਤ ਕਾਮਿਆਂ ਨੂੰ ਦੋ ਮਿੰਟ ਦੀ ਗੱਲਬਾਤ ਲਈ ਬੁਲਾ ਕੇ ਤੁਰੰਤ ਡਿਸਮਿਸ ਕਰ ਦਿੱਤਾ। ਜਦ ਉਨ੍ਹਾਂ ਮੈਨੇਜਮੈਂਟ ਕੋਲ ਪਹੁੰਚ ਕੀਤੀ ਤਾਂ ਝੱਟ ਪੁਲਸ ਅਤੇ ਸਿਕਿਉਰਟੀ ਗਾਰਡ ਤਾਇਨਾਤ ਕਰ ਦਿੱਤੇ ਗਏ ਤਾਂ ਕਿ ਔਰਤਾਂ ਫੈਕਟਰੀ ਦੇ ਅੰਦਰ ਧਰਨਾ ਮਾਰਕੇ ਫੈਕਟਰੀ 'ਤੇ ਕਬਜ਼ਾ ਨਾ ਜਮਾ ਲੈਣ। ਇਸੇ ਤਰਾਂ ਯੂਨੀਅਨ ਬਣਾਉਣ ਦੀ ਲਗਾਤਾਰ ਵਾਰ ਵਾਰ ਮੰਗ ਕਰ ਰਹੇ ਅਤੇ ਇਸ ਖਾਤਰ ਕਾਨੂੰਨੀ ਕਾਰਵਾਈ 'ਚ ਪੈ ਰਹੇ ਸ਼੍ਰੀ ਰਾਮ ਪਿਸਟਨ (ਭਿਵਾਡੀ, ਗੁੜਗਾਓਂ)  ਦੇ ਕੱਚੇ ਕਾਮਿਆਂ ਨੂੰ ਐਤਵਾਰ ਵਾਲੇ ਦਿਨ 23 ਮਾਰਚ 2014 ਨੂੰ ਕੰਮ 'ਤੇ ਬੁਲਾਇਆ ਗਿਆ। ਜਿਹੜੇ ਨਾ ਆਏ ਉਨ੍ਹਾਂ ਲਈ ਅਗਲੇ ਦਿਨ ਤੋਂ ਫੈਕਟਰੀ ਗੇਟ ਬੰਦ ਕਰ ਦਿੱਤਾ। ਇਸ 'ਤੇ 1000 ਮਜ਼ਦੂਰਾਂ ਨੇ ਫੈਕਟਰੀ ਦੇ ਅੰਦਰ 5 ਦਿਨ ਧਰਨਾ ਮਾਰੀ ਰੱਖਿਆ ਅਤੇ 800 ਮਜ਼ਦੂਰ ਬਾਹਰ ਧਰਨੇ 'ਤੇ ਬੈਠੇ। ਅੰਤ ਯੂਨੀਅਨ ਪ੍ਰਧਾਨ ਸਮੇਤ ਮੈਨੇਜਮੈਂਟ 22 ਸਸਪੈਂਡ ਕੀਤੇ ਮਜ਼ਦੂਰਾਂ ਨੂੰ ਕੰਮ 'ਤੇ ਲੈਣ ਲਈ ਮੰਨ ਗਈ, ਪਰ ਫੈਸਲਾ ਲਾਗੂ ਕਰਨ ਤੋਂ ਮੁੱਕਰ ਗਈ। ਇਸ ਦੌਰਾਨ 26 ਅਪ੍ਰੈਲ ਨੂੰ ਸਵੇਰੇ 4.30 ਵਜੇ ਕੋਬਰਾ ਅਤੇ ਵਿਸ਼ੇਸ਼ ਕਮਾਂਡੋ ਫੋਰਸ (ਆਰ. ਏ. ਐਫ.) ਸਮੇਤ 2000 ਪੁਲਸੀਆਂ ਨੇ ਫੈਕਟਰੀ ਨੂੰ ਘੇਰ ਕੇ ਵਰਕਰਾਂ 'ਤੇ ਹਮਲਾ ਬੋਲ ਦਿੱਤਾ। ਫੈਕਟਰੀ ਦੇ 200 ਗਾਰਡ ਪੁਲਸੀ ਹਮਲੇ 'ਚ ਸ਼ਾਮਲ ਹੋਏ। ਅਨੇਵਾਹ ਲਾਠੀਚਾਰਜ, ਅੱਥਰੂ ਗੈਸ ਅਤੇ ਗੋਲੀਆਂ ਦੀ ਵਾਛੜ ਦਾ ਮਜ਼ਦੂਰਾਂ ਨੇ ਇੱਟਾਂ-ਵੱਟਿਆਂ ਨਾਲ ਸਾਹਮਣਾ ਕੀਤਾ। 150 ਵਰਕਰ ਜਖਮੀ ਹੋਏ। ਪੁਲਸ ਨੇ 26 ਵਰਕਰਾਂ ਨੂੰ ਗ੍ਰਿਫਤਾਰ ਕਰਕੇ 307 ਧਾਰਾ ਜਿਹੇ ਸੰਗੀਨ ਕੇਸ ਮੜ੍ਹ ਦਿੱਤੇ। ਇਸ ਤਰਾਂ ਮੈਨੇਜਮੈਂਟ ਨੇ ਵਰਕਰਾਂ ਦੀ ਯੂਨੀਅਨ ਬਣਾਉਣ ਦੀ ਮੰਗ ਨੂੰ ਘੱਟੇ ਰੋਲਣ ਦੀ ਜ਼ਾਲਮਾਨਾ ਕੋਸ਼ਿਸ਼ ਕੀਤੀ। ਪੁਲਸ ਅਤੇ ਮੈਨੇਜਮੈਂਟ ਦੀ ਇਸ ਬੁਰਛਾਗਰਦੀ ਦੇ ਬਾਵਜੂਦ ਵਰਕਰਾਂ ਨੇ ਆਪਣਾ ਸੰਘਰਸ ਜਾਰੀ ਰੱਖਿਆ। ਆਸਪਾਸ ਦੀਆਂ ਦਰਜਨ ਦੇ ਕਰੀਬ ਫੈਕਟਰੀਆਂ ਦੇ ਵਰਕਰ ਯਕਯਹਿਤੀ ਕਾਰਵਾਈਆਂ 'ਚ ਸ਼ਾਮਲ ਹੋਏ।
ਪਿਛਲੇ ਕੁਝ ਸਮੇਂ ਤੋਂ ਗੁੜਗਾਉਂ ਦੇ ਮਜ਼ਦੂਰ ਸੰਘਰਸ਼ਾਂ 'ਚ ਔਰਤਾਂ ਦੀ ਸ਼ਮੂਲੀਅਤ 'ਚ ਵਾਧਾ ਹੋਣ ਦੇ ਨਾਲ ਨਾਲ ਉਨ੍ਹਾਂ ਵੱਲੋਂ ਰਾਤਾਂ ਦੇ ਧਰਨਿਆਂ 'ਚ ਸ਼ਾਮਲ ਹੋਣ ਅਤੇ ਆਪਣੇ ਮਰਦ ਸਾਥੀਆਂ ਦੇ ਨਾਲ ਮੂਹਰਲੀਆਂ ਕਤਾਰਾਂ 'ਚ ਖੜ੍ਹ ਕੇ ਲੜਨ ਦੀਆਂ ਮਿਸਾਲਾਂ ਆਉਣ ਲੱਗੀਆਂ ਹਨ। ਨਵੀਨੋ ਆਟੋ ਦਾ 2014 ਦਾ ਸੰਘਰਸ ਇਸ ਦੀ ਉੱਘੜਵੀਂ ਮਿਸਾਲ ਹੈ। ਜੈ ਯਸੀਨ ਆਟੋ ਪਾਰਟਸ ਫੈਕਟਰੀ ਦੀਆਂ ਔਰਤਾਂ ਨੇ ਅਨੇਕਾਂ ਮੌਕਿਆਂ 'ਤੇ ਕੰਮ-ਕਾਰ ਦੀਆਂ ਥਾਵਾਂ 'ਤੇ ਸੁਪਰਵਾਈਜ਼ਰਾਂ ਤੇ ਗਾਰਡਾਂ ਵੱਲੋਂ ਗਾਲਾਂ ਕੱਢਣ, ਬੁਰਾ-ਭਲਾ ਬੋਲਣ, ਜ਼ਲੀਲ ਕਰਨ, ਤਨਖਾਹ ਦੀ ਨਾ-ਅਦਾਇਗੀ ਅਤੇ ਡਰਾਵੇ-ਧਮਕੀਆਂ ਵਰਗੀਆਂ ਸਮੱਸਿਆਵਾਂ ਦੇ ਖਿਲਾਫ਼ ਹੜਤਾਲਾਂ ਕੀਤੀਆਂ ਹਨ।
ਠੇਕਾ ਕਾਮਿਆਂ ਦੀਆਂ ਨਿਗੂਣੀਆਂ ਤਨਖਾਹਾਂ, ਮੈਨੇਜਮੈਟਾਂ ਦਾ ਜਬਰ ਅਤੇ ਔਖੀਆਂ ਕੰਮ ਹਾਲਤਾਂ ਉਨ੍ਹਾਂ ਨੂੰ ਆਪਣਾ ਹਮਾਇਤੀ ਘੇਰਾ ਵਧਾਉਣ ਲਈ ਲਗਾਤਾਰ ਮਜ਼ਬੂਰ ਕਰ ਰਹੀਆਂ ਹਨ। ਉਹ ਵੱਖੋ ਵੱਖ ਫੈਕਟਰੀਆਂ ਅਤੇ ਵੱਖ ਵੱਖ ਠੇਕਿਆਂ ਦੇ ਕਾਮਿਆਂ 'ਚ ਆਪਣੇ ਨਿਵੇਕਲੇ ਯਕਯਹਿਤੀ ਤਾਣ-ਬਾਣੇ ਦੀ ਉਸਾਰੀ ਕਰ ਰਹੇ ਹਨ। ਕਾਨੂੰਨੀ ਸੀਮਤਾਈਆਂ ਤੋਂ ਬੇਪ੍ਰਵਾਹ ਹੋ ਕੇ, ਆਪਣੇ ਹੀ ਬਲਬੂਤੇ ਉਹ ਅਜਿਹੇ ਯਕਯਹਿਤੀ ਤਾਣੇ ਦੀ ਉਸਾਰੀ ਕਰ ਰਹੇ ਹਨ। ਅਜਿਹੀ ਇੱਕਜੁਟ ਕਾਮਾ ਸ਼ਕਤੀ ਰਾਹੀਂ ਇਕੱਲੇ 2014 '30 ਵੱਡੇ ਪੱਧਰ ਦੀਆਂ ਹੜਤਾਲਾਂ ਹੋਈਆਂ ਹਨ ਅਤੇ ਪੂੰਜੀ ਇਕੱਤਰੀਕਰਨ ਨੂੰ ਅਨੇਕਾਂ ਮੌਕਿਆਂ 'ਤੇ ਜਾਮ ਕੀਤਾ ਹੈ। 2014 ਦੇ ਇਕੱਲੇ ਅਗਸਤ ਮਹੀਨੇ 20 ਹਜ਼ਾਰ ਵਰਕਰਾਂ ਨੇ ਬੈਕਸਟਰ ਫਾਰਮਾਸਿਟੀਕਲ ਕੰਪਨੀ ਦੇ ਵਰਕਰਾਂ ਦੀ ਹਮਾਇਤ 'ਚ ਗੈਰ-ਕਾਨੂੰਨੀ ਹੜਤਾਲ ਕੀਤੀ ਹੈ। ਇਸ ਸਭ ਕੁਝ ਦੇ ਬਾਵਜੂਦ ਉਹ ਅਜੇ ਲੁੱਟ 'ਤੇ ਅਧਾਰਤ ਇਸ ਮੌਜੂਦਾ ਸਮਾਜ ਨੂੰ ਬਦਲਣ ਲਈ ਲੋੜੀਂਦੀ ਸਿਆਸੀ ਸੂਝ ਅਤੇ ਜਥੇਬੰਦ ਸ਼ਕਤੀ ਤੋਂ ਊਣੇ ਹਨ। ਅਗਲੇ ਕਦਮ ਵਜੋਂ ਉਨ੍ਹਾਂ ਨੂੰ ਆਪਣੇ ਯਕਯਹਿਤੀ ਘੇਰੇ ਨੂੰ ਆਸ-ਪਾਸ ਦੇ ਕਿਸਾਨੀ ਹਿੱਸਿਆਂ ਤੱਕ ਵਧਾਉਣਾ ਚਾਹੀਦਾ ਹੈ।

No comments:

Post a Comment