Sunday, October 4, 2015

6) ਦੋ ਸਤੰਬਰ ਦੀ ਹਡ਼ਤਾਲ ਦਾ ਸਿਆਸੀ ਸੰਕੇਤ -- ਕਮਿਊਨਿਸਟ ਇਨਕਲਾਬੀਆਂ ਦਾ ਸੱਦਾ



2 ਸਤੰਬਰ ਦੀ ਹੜਤਾਲ ਦਾ ਸਿਆਸੀ ਸੰਕੇਤ

2 ਸਤੰਬਰ ਦੀ ਮੁਲਕ ਵਿਆਪੀ ਹੜਤਾਲ ਨੇ ਮਜ਼ਦੂਰ ਜਮਾਤ ਦੀ ਹਾਲਤ ਅਤੇ ਮੁੱਦਿਆਂ ਵੱਲ ਧਿਆਨ ਖਿੱਚਿਆ ਹੈ।ਹੜਲਾਲ ਦਾ ਸੱਦਾ ਕੇਂਦਰੀ ਟਰੇਡ ਯੂਨੀਅਨਾਂ ਅਤੇ ਆਜ਼ਾਦ ਕੌਮੀ ਫੈਡਰੇਸ਼ਨਾਂ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਗਿਆ ਸੀ।ਇਸ ਹੜਤਾਲ ਨੇ ਲੋਕ ਦੁਸ਼ਮਣ ਆਰਥਕ ਸੁਧਾਰਾਂ ਦੇ ਹੱਲੇ ਖਿਲਾਫ ਮਜ਼ਦੂਰ ਜਮਾਤ ਦੇ ਰੁਖ਼ ਨੂੰ ਜਾਹਰ ਕੀਤਾ ਹੈ।ਇੱਕ ਜਮਾਤ ਵਜੋਂ ਮਜ਼ਦੂਰ ਜਮਾਤ ਦੀ ਸਮੂਹਕ ਹਸਤੀ ਨੂੰ ਉਭਾਰਿਆ ਹੈ।ਇਹ ਹੜਤਾਲ ਕਿਸੇ ਇੱਕਲੇ ਕਹਿਰੇ ਮੁੱਦੇ ਤੱਕ ਸੀਮਤ ਨਹੀਂ ਸੀ। ਇਸ ਵਿਸ਼ਾਲ ਐਕਸ਼ਨ ਰਾਹੀਂ ਸਮੁੱਚੀ ਮਜ਼ਦੂਰ ਜਮਾਤ ਦੇ ਮੁੱਦੇ ਉਭਰੇ ਹਨ।ਇਸ ਤੋਂ ਇਲਾਵਾ ਹੋਰਨਾਂ ਮਿਹਨਤਕਸ਼ ਲੋਕਾਂ ਦੇ ਸਰੋਕਾਰ ਵੀ ਉੱਭਰੇ ਹਨ।
ਇਸ ਹੜਤਾਲ 'ਚ ਲਾਮਬੰਦੀ ਦਾ ਘੇਰਾ ਪਹਿਲੀਆਂ ਹੜਤਾਲਾਂ ਨਾਲੋਂ ਵਿਸ਼ਾਲ ਹੋਇਆ ਹੈ।ਪਹਿਲਾਂ ਨਾਲੋਂ ਤਿੱਖਾ ਰੌਂਅ ਪ੍ਰਗਟ ਹੋਇਆ ਹੈ।ਕੋਲਾ-ਖਾਣ ਮਜ਼ਦੂਰਾਂ ਅਤੇ ਭਿਲਾਈ ਦੇ ਠੇਕਾ ਮਜ਼ਦੂਰਾਂ 'ਚ ਹੜਤਾਲ ਦੀ ਦਰ ੯੦% ਰਹੀ ਹੈ।ਜਥੇਬੰਦ ਅਤੇ ਗੈਰ-ਜਥੇਬੰਦ ਖੇਤਰ ਦੇ ਮਜ਼ਦੂਰਾਂ ਦੀ ਸਾਂਝੀ ਸ਼ਕਤੀ ਉੱਭਰੀ ਹੈ।(ਦੇਖੋ ਸਫ਼ਾ - ੧੬) ਹੜਤਾਲ ਨੂੰ ਖੇਤ-ਮਜ਼ਦੂਰਾਂ ਅਤੇ ਕਿਸਾਨਾਂ ਦੀ ਹਮਾਇਤ ਮਿਲੀ ਹੈ।
ਵਰਗ ਚੇਤਨਾ ਅਤੇ ਏਕਤਾ ਦਾ ਇਹ ਪਰਦਰਸ਼ਨ ਅਜਿਹੇ ਐਕਸ਼ਨਾਂ ਨੂੰ ਮਹੱਤਵਪੂਰਨ ਬਣਾਉਂਦਾ ਹੈ।ਮਜ਼ਦੂਰਾਂ ਦੀ ਜਮਾਤੀ ਏਕੇ ਦੀ ਤਾਂਘ ਨੇ ਇਸ ਐਕਸ਼ਨ ਦੌਰਾਨ ਆਪਣਾ ਜ਼ੋਰ ਦਿਖਾਇਆ ਹੈ।ਇਸ ਤਾਂਘ ਨੇ ੧੧ ਚੋਂ ੧੦ ਟਰੇਡ ਯੂਨੀਅਨ ਪਲੇਟਫਾਰਮਾਂ ਦੀਆਂ ਲੀਡਰਸ਼ਿਪਾਂ ਵੱਲੋਂ ਕੇਂਦਰ ਸਰਕਾਰ ਦੀਆਂ ਪੇਸ਼ਕਸ਼ਾਂ ਨੂੰ ਠੁਕਰਾਉਣ 'ਚ ਰੋਲ ਅਦਾ ਕੀਤਾ।ਇਸ ਹਾਲਤ 'ਚ ਬੋਨਸ ਸੀਲਿੰਗ ਹਟਾਉਣ, ਬੋਨਸ ਲਈ ਤਨਖਾਹ ਸੀਲਿੰਗ ਹਟਾਉਣ, ਪੱਕੇ ਕੰਮਾਂ ਲਈ ਠੇਕਾ ਭਰਤੀ ਦੀ ਮਨਾਹੀ ਅਤੇ ਆਰਜ਼ੀ ਕੰਮਾਂ ਦੇ ਠੇਕਾ ਕਾਮਿਆਂ ਲਈ ਰੈਗੂਲਰ ਕਾਮਿਆਂ ਨਾਲ ਤਨਖਾਹ ਦੀ ਬਰਾਬਰੀ ਦੀਆਂ ਮੰਗਾਂ ਅੜਫਸ ਦੇ ਵਿਸ਼ੇਸ਼ ਮੁੱਦਿਆਂ ਵਜੋਂ ਉੱਭਰੀਆਂ।
ਬੀ. ਐਮ. ਐਸ. ਅਤੇ ਸੰਘ ਲਾਣੇ  ਨੂੰ ਇਸ ਐਕਸ਼ਨ 'ਚੋਂ ਬਾਹਰ ਹੋ ਜਾਣ ਦਾ ਸਿਆਸੀ ਸੇਕ ਵੀ ਲੱਗਿਆ ਹੈ।ਖਾਸ ਕਰਕੇ ਰਾਜਧਾਨੀ ਅਤੇ ਰਾਜਸਥਾਨ 'ਚ ਇਸ ਨਾਲ ਜੁੜੀਆਂ ਟਰਾਂਸਪੋਰਟ ਖੇਤਰ ਦੀਆਂ ਜਥੇਬੰਦੀਆਂ 'ਚ ਔਖ ਦਾ ਪ੍ਰਗਟਾਵਾ ਹੋਇਆ ਹੈ।ਦੂਜੇ ਪਾਸੇ ਪੱਛਮੀ ਬੰਗਾਲ 'ਚ ਮਮਤਾ ਬੈਨਰਜੀ ਸਰਕਾਰ ਦਾ ਮਜ਼ਦੂਰਾਂ ਨਾਲ ਰਿਸ਼ਤਾ ਉੱਘੜ ਕੇ ਸਾਹਮਣੇ ਆਇਆ ਹੈ।ਇਸਨੇ ਸਰਕਾਰੀ ਮਹਿਕਮਿਆਂ ਅਤੇ ਸਹਾਇਤਾ ਪਰਾਪਤ ਨਿਜੀ ਖੇਤਰਾਂ 'ਚ ਲਾਜ਼ਮੀ ਹਾਜ਼ਰੀ ਦੀਆਂ ਹਦਾਇਤਾਂ ਕੀਤੀਆਂ, ਛੁੱਟੀ ਦੀ ਮਨਾਹੀ ਕੀਤੀ ਅਤੇ ਤਨਖਾਹ ਕੱਟ ਲੈਣ ਦੇ ਫਰਮਾਨ ਸੁਣਾਏ ਅਤੇ ਅਖੀਰ ਲਾਠੀਆਂ ਵਰ੍ਹਾਉਣ 'ਤੇ ਆ ਉੱਤਰੀ।
ਇਸ ਐਕਸ਼ਨ ਦੀਆਂ ਮੰਗਾਂ 'ਚ ਆਰਥਕ ਸੁਧਾਰਾਂ ਨਾਲ ਜੁੜੇ ਕੁੱਝ ਨੀਤੀ-ਮੁੱਦੇ ਵੀ ਸ਼ਾਮਲ ਹਨ।ਮਿਸਾਲ ਵਜੋਂ ਰੇਲਵੇ, ਬੀਮਾ, ਡਿਫੈਂਸ ਦੇ ਖੇਤਰਾਂ 'ਚ ਵਿਦੇਸ਼ੀ ਪੁੰਜੀ, ਨਿੱਜੀਕਰਨ ਅਤੇ ਪ੍ਰਾਈਵੇਟ ਭਾਈਵਾਲੀ ਦੀ ਮਨਾਹੀ, ਡਾਕ ਸੇਵਾਵਾਂ ਦਾ ਨਿਗਮੀਕਰਣ ਬੰਦ ਕਰਨਾ, ਸੱਟੇਬਾਜ਼ ਜਿਣਸ ਵਪਾਰ ਦੀ ਮਨਾਹੀ ਆਦਿ ਮੰਗਾਂ ਸ਼ਾਮਲ ਹਨ।ਹਾਕਮ ਜਮਾਤੀ ਪਾਰਟੀਆਂ ਦੀਆਂ ਸਰਕਾਰਾਂ ਲੋਕ ਦੁਸ਼ਮਣ ਆਰਥਕ ਸੁਧਾਰਾਂ ਨੂੰ ਵਾਹੋਦਾਹ ਲਾਗੂ ਕਰਨ ਲੱਗੀਆਂ ਹੋਈਆਂ ਹਨ।ਇਸ ਹਾਲਤ 'ਚ ਹੜਤਾਲ ਦੇ ਮੰਗ ਪੱਤਰ 'ਚ ਇਹਨਾਂ ਨੀਤੀ ਮੁੱਦਿਆਂ ਦਾ ਦਰਜ ਹੋਣਾ ਆਰਥਕ ਸੁਧਾਰਾਂ ਖਿਲਾਫ ਮਜ਼ਦੂਰਾਂ ਦੇ ਰੁਖ਼ ਨੂੰ ਜ਼ਾਹਰ ਕਰਦਾ ਹੈ।ਇਹਨਾਂ ਪਾਰਟੀਆਂ ਨਾਲ ਜੁੜੀਆਂ ਟਰੇਡ ਯੂਨੀਅਨ ਲੀਡਰਸ਼ਿਪਾਂ 'ਤੇ ਮਜ਼ਦੂਰ ਜਮਾਤ ਦੇ ਦਬਾਅ ਨੂੰ ਜ਼ਾਹਰ ਕਰਦਾ ਹੈ।
ਕੇਂਦਰ ਸਰਕਾਰ ਦੇ ਮਜ਼ਦੂਰਾਂ ਮੁਲਾਜ਼ਮਾਂ ਨੇ ੨੩ ਨਵੰਬਰ ਤੋਂ ਅਣਮਿਥੇ ਸਮੇਂ ਦੀ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੋਇਆ ਹੈ।ਇਸ 'ਚ ਮਜ਼ਦੂਰ ਜਮਾਤ ਦੇ ਦਬਾਅ ਅਤੇ ਆਪੋਜ਼ੀਸ਼ਨ ਪਾਰਟੀਆਂ ਦੀਆਂ ਪਾਰਲੀਮਾਨੀ ਲੋੜਾਂ, ਦੋਹਾਂ ਦਾ ਰੋਲ ਹੈ।ਲੀਡਰਸ਼ਿਪ ਦੀ ਇਸ ਗੱਲੋਂ ਹੋ ਰਹੀ ਅਲੋਚਨਾ ਵਾਜਬ ਹੈ ਕਿ ਇਹ  ਮਜ਼ਦੂਰ ਜਮਾਤ ਦੇ ਘੋਲ ਦਾ ਵੇਗ ਬਣਾਉਣ ਤੋਂ ਟਲਦੀ ਹੈ ਅਤੇ ਇਸਨੂੰ ਟੋਕਨ ਐਕਸ਼ਨਾਂ ਤੱਕ ਸੁੰਗੇੜਨ ਦੀ ਨੀਤੀ 'ਤੇ ਚਲਦੀ ਹੈ।
ਤਾਂ ਵੀ ਇਹਨਾਂ ਐਕਸ਼ਨਾਂ ਦਾ ਇਨਕਲਾਬ ਦੀ ਆਗੂ ਜਮਾਤ ਅੰਦਰ ਜਮਾਤੀ ਹਿਤਾਂ ਦੀ ਸਾਂਝ ਅਤੇ ਏਕੇ ਦੀ ਭਾਵਨਾ ਦਾ ਸੰਚਾਰ ਕਰਨ 'ਚ ਅਹਿਮ ਰੋਲ ਬਣਦਾ ਹੈ।ਇਨਕਲਾਬੀ ਸ਼ਕਤੀਆਂ ਨੂੰ ਇਹਨਾਂ ਐਕਸ਼ਨਾਂ 'ਚ ਆਜ਼ਾਦਾਨਾ ਤੌਰ 'ਤੇ ਸ਼ਾਮਲ ਹੋਕੇ ਇਸ ਸੰਚਾਰ ਨੂੰ ਤਕੜਾਈ ਦੇਣੀ ਚਾਹੀਦੀ ਹੈ।ਉਹਨਾਂ ਨੂੰ ਵਿਸ਼ੇਸ਼ ਸਰਗਰਮੀਆਂ ਰਾਹੀਂ ਲਾਮਬੰਦੀ ਅਤੇ ਲਗਾਤਾਰਤਾ ਦੇ ਨਮੂਨੇ ਉਭਾਰਨੇ ਚਾਹੀਦੇ ਹਨ।ਸਰਮਾਏਦਾਰ ਪੱਖੀ ਅਤੇ ਲੋਕ-ਦੁਸ਼ਮਣ ਸੁਧਾਰਾਂ ਦੇ ਹੱਲੇ ਖਿਲਾਫ ਮਜ਼ਦੂਰ ਜਮਾਤ ਦੇ ਸਮਝੌਤਾ ਰਹਿਤ ਸਿਆਸੀ ਪੈਂਤੜੇ ਨੂੰ ਉਭਾਰਨਾ ਚਾਹੀਦਾ ਹੈ।ਜਮਾਤੀ ਸਾਂਝ ਅਤੇ ਏਕੇ ਦੀ ਭਾਵਨਾ ਦੇ ਨਾਲ਼-ਨਾਲ਼ ਜਿਓਂ-ਜਿਓਂ ਇਹ ਪੈਂਤੜਾ ਮਜ਼ਦੂਰ ਸੰਘਰਸ਼ਾਂ 'ਚ ਘਰ ਕਰਦਾ ਜਾਵੇਗਾ ਹਾਕਮ ਜਮਾਤੀ ਪਾਰਟੀਆਂ ਦੀ ਸਿਆਸੀ ਸਰਦਾਰੀ ਨੂੰ ਖੋਰਾ ਪਵੇਗਾ।
ਇਸ ਤੋਂ ਇਲਾਵਾ ਤੰਗ ਨਜ਼ਰ ਫਿਰਕੂ ਅਤੇ ਜਾਤਪਾਤੀ ਵੰਡਾਂ ਨੂੰ ਡੂੰਘੀਆਂ ਕਰਨ ਦੀਆਂ ਹਾਕਮ ਜਮਾਤੀ ਕੋਸ਼ਿਸ਼ਾਂ ਨੇ ਵੀ ਜ਼ੋਰ ਫੜਿਆ ਹੋਇਆ ਹੈ। ਗੁਜਰਾਤ ਦਾ ਪਟੇਲ ਅੰਦੋਲਨ ਇਸਦੀ ਮਿਸਾਲ ਹੈ।ਇਹ ਮਿਹਨਤਕਸ਼ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਜਮਾਤੀ ਏਕੇ ਨੂੰ ਸੰਨ੍ਹ ਲਾਉਣ ਦੀਆਂ ਹਾਕਮ ਜਮਾਤੀ ਕੋਸ਼ਿਸ਼ਾਂ ਨੂੰ ਜ਼ਾਹਰ ਕਰਦੀ ਹੈ।ਅਜਿਹੀਆਂ ਹਾਲਤਾਂ 'ਚ ਮਜ਼ਦੂਰ ਜਮਾਤ ਦੇ ਮੁਲਕ ਵਿਆਪੀ ਸਾਂਝੇ ਐਕਸ਼ਨਾਂ ਦਾ ਮਹਤਵ ਹੋਰ ਵੀ ਵੱਧ ਜਾਂਦਾ ਹੈ ਅਤੇ ਨਾਲ਼ ਹੀ ਇਨਕਲਾਬੀਆਂ ਵੱਲੋਂ ਇਹਨਾਂ ਐਕਸ਼ਨਾਂ 'ਚ ਜ਼ੋਰਦਾਰ ਅਜ਼ਾਦਾਨਾ ਸ਼ਮੂਲੀਅਤ ਦਾ ਵੀ।


ਕਮਿਊਨਿਸਟ ਇਨਕਲਾਬੀਆਂ ਵੱਲੋਂ
ਸਾਂਝੇ ਮਜ਼ਦੂਰ ਐਕਸ਼ਨਾਂ 'ਚ ਜ਼ੋਰਦਾਰ ਸ਼ਮੂਲੀਅਤ ਦਾ ਸੱਦਾ

ਮਾਓ ਵਿਚਾਰਧਾਰਾ ਦੇ ਝੰਡਾਬਰਦਾਰ ਕਮਿਊਨਿਸਟ ਇਨਕਲਾਬੀਆਂ ਵੱਲੋਂ ਮਜ਼ਦੂਰ ਜਮਾਤ ਦੇ ਮੁਲਕ ਵਿਆਪੀ ਸਾਂਝੇ ਐਕਸ਼ਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਸਮੂਹ ਇਨਕਲਾਬੀਆਂ ਨੂੰ ਇਹਨਾਂ 'ਚ ਜ਼ੋਰ ਨਾਲ ਸ਼ਾਮਲ ਹੋਣ ਦਾ ਮਸ਼ਵਰਾ ਦਿੱਤਾ ਜਾ ਰਿਹਾ ਹੈ।ਇਸਦਾ ਸੰਕੇਤ ਸੀ ਪੀ ਆਰ ਸੀ ਆਈ (ਐਮ ਐਲ) ਦੀ ਪੰਜਾਬ ਸੂਬਾ ਕਮੇਟੀ ਵੱਲੋਂ ੨ ਸਤੰਬਰ ਦੀ ਹੜਤਾਲ ਸਬੰਧੀ ਜਾਰੀ ਕੀਤੇ ਹੱਥ ਪਰਚੇ ਤੋਂ ਮਿਲਦਾ ਹੈ। ਮਜ਼ਦੂਰਾਂ 'ਚ ਲੁਕਵੇਂ ਢੰਗਾਂ ਨਾਲ਼ ਵੰਡੇ ਗਏ ਇਸ ਹੱਥ ਪਰਚੇ ' ਕਿਹਾ ਗਿਆ ਹੈ:
"ਇਹਨਾਂ ਸਾਂਝੇ ਮੁੱਦਿਆਂ/ਸਰੋਕਾਰਾਂ 'ਤੇ ਅਜਿਹੀ ਲਾਮਬੰਦੀ ਵਿਸ਼ਾਲ ਲੋਕ ਏਕਤਾ, ਲੋਕ ਸ਼ਕਤੀ ਅਤੇ ਲੋਕਾਂ ਦੀ ਟਾਕਰੇ ਦੀ ਲਹਿਰ ਨੂੰ ਅਗਾਂਹ ਵਧਾਉਣ ਲਈ ਅਧਾਰ ਬਣਦੀ ਹੈ"।
ਹੱਥ ਪਰਚੇ 'ਚ ਆਪੋਜ਼ੀਸ਼ਨ ਪਾਰਟੀਆਂ ਬਾਰੇ ਟਿੱਪਣੀ ਕੀਤੀ ਗਈ ਹੈ;
" ਸਤੰਬਰ ਦੇ ਜਨਤਕ ਐਕਸ਼ਨ ਨਾਲ ਜੁੜਕੇ ਹਾਕਮ ਜਮਾਤਾਂ ਦੀਆਂ ਸਿਆਸੀ ਪਾਰਟੀਆਂ ਪੂਰਾ ਦਖਲ ਦੇ ਰਹੀਆਂ ਹਨ। ਖਾਸ ਕਰਕੇ ਕੇਂਦਰ ਅਤੇ ਪੰਜਾਬ 'ਚ ਸਰਕਾਰ ਚਲਾ ਰਹੀ ਐਨ. ਡੀ. ਏ. ਦੀਆਂ ਵਿਰੋਧੀ ਪਾਰਟੀਆਂ ਸਰਗਰਮ ਹਨ, ਚਾਹੇ ਐਨ. ਡੀ. ਏ. ਦੀਆਂ ਹਿੱਸੇਦਾਰ ਪਾਰਟੀਆਂ ਦੀਆਂ ਫਰੰਟ ਜਥੇਬੰਦੀਆਂ (ਟਰੇਡ ਯੂਨੀਅਨਾਂ) ਵੀ ਹੜਤਾਲ ਦਾ ਸੱਦਾ ਦੇਣ 'ਚ ਸ਼ਾਮਲ ਹਨ। ਮੋਦੀ ਸਰਕਾਰ ਵਾਲੀ ਐਨ. ਡੀ. ਏ. ਵਾਂਗ ਹੀ ਇਹ ਸਿਆਸੀ ਪਾਰਟੀਆਂ ਵੀ ਹਾਕਮ ਜਮਾਤਾਂ ਦੇ ਸਾਮਰਾਜੀ-ਜਗੀਰੂ ਗੱਠਜੋੜ ਦੀਆਂ ਸਿਆਸੀ ਨੁਮਾਇੰਦਾ ਹੀ ਹਨ। ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ (ਧਨ ਕੁਬੇਰਾਂ) ਦੀਆਂ ਸੇਵਾਦਾਰ ਹੀ ਹਨ।ਇਸ ਹੜਤਾਲ ਐਕਸ਼ਨ ਸਮੇਂ ਵੀ ਇਹਨਾਂ ਦਾ ਮਕਸਦ ਹਾਕਮ ਜਮਾਤੀ ਚੌਧਰ ਭੇੜ ਇੱਚ ਹਕੂਮਤੀ ਕੁਰਸੀ ਨੂੰ ਹੱਥ ਪਾਉਣਾ ਹੀ ਹੈ। ਇਹ ਲੋਕਾਂ ਦੇ ਘੱਟ ਚੇਤਨ ਹਿੱਸਿਆਂ ਨੂੰ ਗੁਮਰਾਹ ਕਰਨ, ਵੋਟਾਂ ਵਟੋਰਨ ਲਈ ਲੋਕਾਂ ਦੇ ਮੁੱਦਿਆਂ ਦਾ ਅਲਾਪ ਕਰ ਰਹੇ ਹਨ। "ਮਿਸ਼ਨ ੧੭" ਪੰਜਾਬ ਵਿੱਚ ਇਹਨਾਂ ਦਾ ਨਿਸ਼ਾਨਾ ਹੈ। ਪੱਛਮੀ ਬੰਗਾਲ ਵਿੱਚ ਵੀ ਚੋਣਾਂ ਨੇੜੇ ਆ ਰਹੀਆਂ ਹਨ।"
ਇਸਦੇ ਬਾਵਜੂਦ ਹੱਥ ਪਰਚੇ 'ਚ ਹੜਤਾਲ ਐਕਸ਼ਨ 'ਚ ਜ਼ੋਰਦਾਰ ਸ਼ਮੂਲੀਅਤ ਦੀ ਵਕਾਲਤ ਕੀਤੀ ਗਈ ਹੈ:
"ਅਸੀਂ ਸਾਰੀਆਂ ਹਾਕਮ ਜਮਾਤੀ ਸਿਆਸੀ ਪਾਰਟੀਆਂ ਦੇ ਵਿਰੁਧ ਹਾਂ, ਉਹਨਾਂ ਨਾਲ ਸਾਡੀ ਕੋਈ ਸਾਂਝੀ ਕਾਰਵਾਈ ਨਹੀਂ।ਪਰ, ਅਸੀਂ ਮਜ਼ਦੂਰਾਂ-ਮਿਹਨਤਕਸ਼ਾਂ ਦੇ ਮੁੱਦਿਆਂ/ਸਰੋਕਾਰਾਂ ਅਤੇ ਉਹਨਾਂ ਦੇ ਸੰਘਰਸ਼ ਨਾਲ਼ ਡਟਕੇ ਖੜ੍ਹੇ ਹਾਂ।ਅਸੀਂ ਸਮੂਹ ਸੰਘਰਸ਼ਸ਼ੀਲ ਮਜ਼ਦੂਰਾਂ-ਮਿਹਨਤਕਸ਼ਾਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਹਾਕਮ ਜਮਾਤੀ ਸਿਆਸਤ/ਪਾਰਟੀਆਂ ਦੀ ਚੁੰਗਲ 'ਚ ਫਸਣੋਂ ਇਨਕਾਰ ਕਰਦਿਆਂ, "ਮਿਸ਼ਨ ੧੭" ਦਾ ਖਾਜਾ ਬਣਨ ਤੋਂ ਇਨਕਾਰ ਕਰਦਿਆਂ ਆਪਣੀ ਸੰਘਰਸ਼ਸ਼ੀਲ ਜਮਾਤੀ ਏਕਤਾ ਨੂੰ, ਲੋਕ ਏਕਤਾ ਨੂੰ ਅੱਗੇ ਵਧਾਉਂਦਿਆਂ ੨ ਸਤੰਬਰ ਦੇ ਸੰਘਰਸ਼ਸ਼ੀਲ ਐਕਸ਼ਨ ਨੂੰ ਕਾਮਯਾਬ ਕਰਨ।"
ਨਿਖੇੜੇ ਦੀ ਲਕੀਰ ਗੂੜ੍ਹੀ ਕਰਨ ਅਤੇ ਅਜ਼ਾਦਾਨਾ ਸਿਆਸੀ ਪੈਂਤੜੇ ਦੇ ਮਹੱਤਵ 'ਤੇ ਜ਼ੋਰ ਦਿੰਦਿਆਂ ਹੱਥ ਪਰਚਾ ਕਹਿੰਦਾ ਹੈ:
"ਮਕਸਦ ਹੈ ਸੰਭਵ ਹੱਦ ਤੱਕ ਵੱਧ-ਤੋਂ-ਵੱਧ ਸੰਘਰਸ਼ ਦੀ ਸਾਂਝ ਮਜਬੂਤ ਕਰਨੀ ਅਤੇ ਹਾਕਮ ਜਮਾਤੀ ਸਿਆਸਤ/ਪਾਰਟੀਆਂ ਵਿਰੁੱਧ ਪਾਲਾਬੰਦੀ ਅਤੇ ਨਿਖੇੜੇ ਦੀ ਲਕੀਰ ਗੂੜ੍ਹੀ ਕਰਦਿਆਂ ਵਿਸ਼ਾਲ ਲੋਕ ਏਕਤਾ ਉਸਾਰਨੀ ਤਾਂ ਜੋ ਹਾਕਮ ਜਮਾਤਾਂ ਅਤੇ ਉਹਨਾਂ ਦੀ ਜਾਬਰ ਰਾਜ ਮਸ਼ੀਨਰੀ ਵਿਰੁੱਧ ਲੋਕ-ਟਾਕਰੇ ਦੀ ਲਹਿਰ ਉਸਾਰੀ ਦੇ ਰਾਹ ਹੋਰ ਅੱਗੇ ਵਧਿਆ ਜਾ ਸਕੇ।
ਜਮਾਤੀ ਏਕਤਾ ਅਤੇ ਲੋਕ ਏਕਤਾ ਦੀ ਉਸਾਰੀ! ਲੋਕਾਂ ਅਤੇ ਜੋਕਾਂ ਵਿਚਕਾਰ ਤਿੱਖੀ ਪਾਲਾਬੰਦੀ! ਇਹ ਰਾਹ ਹੈ ਜਿਹੜਾ ਮਜ਼ਦੂਰ ਜਮਾਤ ਦੇ ਅਜ਼ਾਦਾਨਾ ਪੈਂਤੜੇ ਨੂੰ ਉਭਾਰਨ ਵੱਲ ਲਿਜਾਂਦਾ ਹੈ।"

No comments:

Post a Comment