Wednesday, May 20, 2020

ਇਰਾਨ ਤੋਂ ਅਮਰੀਕੀ ਪਾਬੰਦੀਆਂ ਹਟਾਉਣ ਦੀ ਮੰਗ ਕਰੋ


 ਇਰਾਨ ਤੋਂ ਅਮਰੀਕੀ ਪਾਬੰਦੀਆਂ ਹਟਾਉਣ ਦੀ ਮੰਗ ਕਰੋ      

  ---ਸੰਸਾਰ ਸਾਮਰਾਜੀਆਂ ਦੇ ਮੋਹਰੀ ਅਮਰੀਕੀ ਸਾਮਰਾਜੀਆਂ ਵਲੋਂ ਕਰੋਨਾ ਵਾਇਰਸ ਮਹਾਂਮਾਰੀ ਨੂੰ ਵੀ ਆਪਣੇ ਸਾਮਰਾਜੀ ਯੁਧਨੀਤਕ ਹਿਤਾਂ ਦੀ ਪੂਰਤੀ ਲਈ ਨਿਸੰਗ ਹੋ ਕੇ ਵਰਤਿਆ ਜਾ ਰਿਹਾ ਹੈ| ਪਿਛਲੇ ਕਈ ਸਾਲਾਂ ਤੋਂ ਅਮਰੀਕੀ ਸਾਮਰਾਜੀਆਂ ਦੀ ਅੱਖ ਦਾ ਰੋੜ ਬਣੇ ਰਹਿ ਰਹੇ ਇਰਾਨ 'ਤੇ ਅਮਰੀਕਾ ਵਲੋਂ ਸੰਸਾਰ  ਵਿੱਤੀ ਸੰਸਥਾਵਾਂ ਰਾਹੀਂ  ਬਹੁਤ ਸਾਰੀਆਂ ਆਰਥਿਕ ਪਾਬੰਦੀਆਂ ਮੜ੍ਹੀਆਂ ਹੋਈਆਂ ਹਨ ਤੇ ਇਨ੍ਹਾਂ ਦਿਨਾਂ 'ਚ ਇਹ ਪਾਬੰਦੀਆਂ ਹੋਰ ਸਖ਼ਤ ਕਰ ਦਿੱਤੀਆਂ ਗਈਆਂ ਹਨ|  ਕਰੋਨਾ ਵਾਇਰਸ ਦੇ ਪ੍ਰਕੋਪ ਤੋਂ ਪੀੜਤ ਦੇਸ਼ਾਂ ਦੀ ਸੂਚੀ 'ਚ ਇਰਾਨ ਦਾ ਨੰਬਰ ਉੱਪਰਲਿਆਂ 'ਚ ਆਉਂਦਾ ਹੈ | ਅਮਰੀਕੀ ਸਾਮਰਾਜੀਆਂ ਵੱਲੋਂ ਮੜ੍ਹੀਆਂ ਪਾਬੰਦੀਆਂ ਕਾਰਨ ਇਰਾਨੀ ਲੋਕ ਦਵਾਈਆਂ ਤੇ ਹੋਰ ਮੈਡੀਕਲ ਸਾਜ਼ੋ ਸਾਮਾਨ ਦੀ ਭਾਰੀ ਥੁੜ ਦਾ ਸਾਹਮਣਾ ਕਰ ਰਹੇ ਹਨ| ਕਈ ਮੁਲਕਾਂ ਵੱਲੋਂ ਅਜਿਹਾ ਸਾਮਾਨ ਭੇਜਣ ਦੀਆਂ ਪੇਸ਼ਕਸ਼ਾਂ ਨੂੰ ਅਮਰੀਕਾ ਨੇ ਸਿਰੇ ਨਹੀਂ ਚੜ੍ਹਨ ਦਿੱਤਾ| ਹੁਣ ਇਰਾਨ ਵੱਲੋਂ ਆਈ ਐੱਮ ਐੱਫ ਤੋਂ 5 ਖਰਬ ਡਾਲਰ ਦੇ ਐਮਰਜੈਂਸੀ ਕਰਜ਼ੇ ਦੀ ਮੰਗ ਕੀਤੀ ਗਈ ਹੈ ਜਿਸ ਨੂੰ ਅਮਰੀਕਾ ਦੇ ਕਹਿਣ 'ਤੇ ਜਵਾਬ ਦਿੱਤਾ ਜਾ ਰਿਹਾ ਹੈ| ਉਸ ਨੇ ਇੱਕ ਪਾਸੇ ਇਰਾਨ ਨੂੰ ਪਹਿਲਾਂ ਪੁਰਾਣੇ ਕਰਜ਼ੇ ਮੋੜਨ ਮੋੜਨ ਲਈ ਕਹਿ ਦਿੱਤਾ ਹੈ ਤੇ ਦੂਜੇ ਪਾਸੇ ਇਨ੍ਹਾਂ ਫੰਡਾਂ ਨੂੰ ਮੱਧ ਪੂਰਬ ਵਿੱਚ ਦਹਿਸ਼ਤਗਰਦ ਕਾਰਵਾਈਆਂ ਲਈ ਵਰਤੇ ਜਾਣ ਦੇ ਖਤਰੇ ਦਾ ਬਹਾਨਾ ਘੜ ਲਿਆ ਹੈ|  ਅਮਰੀਕੀ ਸਾਮਰਾਜੀਏ ਦੁਨੀਆਂ 'ਚ ਸਿਰਫ ਬੰਬਾਂ ਦਾ ਮੀਂਹ ਵਰ੍ਹਾ ਕੇ ਹੀ ਲੋਕਾਂ ਦੇ ਕਤਲ ਨਹੀਂ ਕਰਦੇ ਸਗੋਂ ਇਹ ਆਰਥਿਕ ਪਾਬੰਦੀਆਂ ਮੜੵ ਕੇ, ਜੰਮਦੇ ਮਾਸੂਮ ਬੱਚਿਆਂ ਤੱਕ ਨੂੰ ਮੌਤ ਦੇ ਮੂੰਹ ਧੱਕਦੇ ਹਨ| ਅੱਜ ਕੱਲ੍ਹ ਅਮਰੀਕਾ ਖ਼ਿਲਾਫ਼ ਡਟੀ ਖੜ੍ਹੀ ਵੈਨਜ਼ੁਏਲਾ ਦੀ ਨਿਕੋਲਸ ਮਾਦੁਰੋ ਹਕੂਮਤ 'ਤੇ ਵੀ ਇਉਂ ਹੀ ਸ਼ਿਕੰਜਾ ਕਸਿਆ ਹੋਇਆ ਹੈ| ਅਮਰੀਕਾ ਦਾ ਇਹ ਵਿਹਾਰ ਈਰਾਨ ਅੰਦਰ ਵੀ ਹਜ਼ਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਧੱਕਣ ਦਾ ਜ਼ਿੰਮੇਵਾਰ ਬਣਨ ਜਾ ਰਿਹਾ ਹੈ| ਦੁਨੀਆਂ ਭਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਤੇ ਜਮਹੂਰੀ ਹਲਕਿਆਂ ਵੱਲੋਂ ਅਮਰੀਕਾ ਦੇ ਇਸ ਵਿਹਾਰ ਦੀ ਜ਼ੋਰਦਾਰ ਨਿੰਦਾ ਹੋ ਰਹੀ ਹੈ| ਸਾਡੇ ਮੁਲਕ ਦੇ ਕਿਰਤੀ ਲੋਕਾਂ ਨੂੰ ਵੀ ਇਰਾਨ ਤੋਂ ਅਜਿਹੀਆਂ ਪਾਬੰਦੀਆਂ ਹਟਾਉਣ ਦੀ ਮੰਗ ਕਰਨੀ ਚਾਹੀਦੀ ਹੈ|                              
   ਕਰੋਨਾ ਮਹਾਂਮਾਰੀ ਖਿਲਾਫ ਸਭ ਵਿੱਥਾਂ-ਹੱਦਾਂ ਤੋਂ ਉੱਪਰ ਉੱਠ ਕੇ ਲੜਨ ਦੀਆਂ ਨਸੀਹਤਾਂ ਸਿਰਫ ਲੋਕਾਂ ਲਈ ਹਨ ਜਦੋਂ ਕਿ ਸਾਮਰਾਜੀਆਂ ਵੱਲੋਂ ਆਪਣੇ ਲੁਟੇਰੇ ਮਨਸੂਬਿਆਂ ਤੇ ਯੁੱਧਨੀਤਕ ਹਿਤਾਂ ਨੂੰ ਪਲ ਭਰ ਲਈ ਵੀ ਨਹੀਂ ਵਿਸਾਰਿਆ ਜਾ ਰਿਹਾ ਸਗੋਂ ਇਸ ਸੰਕਟ ਨੂੰ ਨਿਆਂਮਤੀ ਮੌਕਾ ਸਮਝ ਕੇ ਵਰਤਿਆ ਜਾ ਰਿਹਾ ਹੈ|    - ਸੁਰਖ ਲੀਹ (09-04-2020)

No comments:

Post a Comment