Thursday, May 21, 2020

ਕੋਵਿਡ 19 – ਸੰਸਾਰ ਮਹਾਂਸ਼ਕਤੀ ਵੀ ਬੇਵੱਸ ਕਿਉਂ ?


.     ਕੋਵਿਡ 19 – ਸੰਸਾਰ ਮਹਾਂਸ਼ਕਤੀ ਵੀ ਬੇਵੱਸ ਕਿਉਂ ?            
  -ਪਾਵੇਲ
ਕੋਵਿਡ-19 ਦੀ ਮਾਰ ਹੇਠ ਏਸ ਵੇਲੇ ਸਭ ਤੋਂ ਜਿਆਦਾ ਅਮਰੀਕੀ ਲੋਕ ਹਨ । ਅੱਜ ਦੀ ਖਬਰ ਅਨੁਸਾਰ 11 ਅਪ੍ਰੈਲ ਨੂੰ ਇੱਕੋ ਦਿਨ ਚ ਅਮਰੀਕਾ ਅੰਦਰ 2000  ਲੋਕ ਮੌਤ ਦੇ ਮੂੰਹ ਚ ਜਾ ਪਏ ਹਨ । ਦੁਨੀਆਂ ਹੈਰਾਨ ਹੈ ਕਿ ਦੁਨੀਆਂ ਦੀ ਮਹਾਂ-ਸ਼ਕਤੀਦੀ ਵੀ ਅਜਿਹੀ ਹਾਲਤ ਹੋ ਗਈ ਹੈ ਤਾਂ ਇਹ ਨਿੱਕਾ ਜਿਹਾ , ਨਾ ਜਿਊਂਦਾ ਨਾ ਮਰਿਆ ਵਿਸ਼ਾਣੂੰ ਕਿੰਨਾ ਤਾਕਤਵਰ ਹੋਵੇਗਾ ਜਿਸਦੇ ਕਾਰਨ ਅਮਰੀਕਾ ਅੰਦਰ ਵੀ ਹਜਾਰਾਂ ਲੋਕ ਹੱਥੋਂ ਕਿਰਦੇ ਜਾ ਰਹੇ ਹਨ । ਉਹ ਮਹਾਂ ਸ਼ਕਤੀ ਜਿਹੜੀ ਹੁਣ ਤੱਕ ਅਜਿੱਤ ਹੋਣ ਦਾ ਦਾਅਵਾ ਕਰਦੀ ਆਈ ਹੈ, ਜਿਸ ਕੋਲ ਪੂੰਜੀ ਦੇ ਅੰਬਾਰ ਹਨ,ਜਿਸਦੇ ਦੁਨੀਆਂ ਭਰ 800 ਤੋਂ ਉਪਰ ਫੌਜੀ ਅੱਡੇ ਹਨ ,ਦੁਨੀਆਂ ਭਰ ਦੇ ਮਾਲ ਖਜਾਨੇ ਜਿਸਦੀ ਮੁੱਠੀ ਚ ਹਨ ਤੇ ਹੋਰ ਸਭ ਕੁੱਝ ਹੈ ਅਰਥਾਤ ਦੁਨੀਆਂ ਦੀ ਪ੍ਰਮੁੱਖ ਸਾਮਰਾਜੀ ਤਾਕਤ ਹੈ । ਲੋਕਾਂ ਦੇ ਮਨਾਂ ਚ ਸਵਾਲ ਉਠ ਰਿਹਾ ਹੈ ਕਿ ਏਨੀ ਤਰੱਕੀ ਦੇ ਬਾਵਜੂਦ ਵੀ, ਵਿਗਿਆਨ ਬੇਵੱਸ ਕਿਉਂ ਹੋ ਗਿਆ ਹੈ । ਇਸ ਸੰਕਟ ਨੂੰ ਅਮਰੀਕੀ ਸਾਮਰਾਜ ਦੇ ਹੁੰਗਾਰੇ ਦੀ ਤੇ ਵਿਗਿਆਨ ਦੀ ਬੇਵਸੀ ਦੀ ਇਹ ਚਰਚਾ ਕਾਫੀ ਅਰਸਾ ਹੁੰਦੀ ਰਹਿਣੀ ਹੈ ।
            ਜੇਕਰ ਅੱਜ ਇਸ ਮਹਾਂਮਾਰੀ ਦੇ ਟਾਕਰੇ ਵੇਲੇ ਅਮਰੀਕਾ ਵੀ ਦਵਾਈਆਂ ਤੇ ਹੋਰ ਮੈਡੀਕਲ ਸਾਜੋ ਸਮਾਨ ਦੀ ਕਮੀ ਨਾਲ ਜੂਝ ਰਿਹਾ ਹੈ ਤਾਂ ਕੀ ਇਹ ਸਿਰਫ ਅਮਰੀਕੀ "ਸ਼ਾਨ" ਦੇ ਨਿਘਾਰ ਦਾ ਪ੍ਰਤੀਕ ਬਣਕੇ ਨਵੇਂ ਆਗੂ ਦੇ ਰਵੱਈਏ ਦਾ ਹੀ ਸਿੱਟਾ ਹੈ । ਇਹ ਕਿਹਾ ਜਾ ਸਕਦਾ ਹੈ ਕਿ ਹਾਲਤ ਦੇ ਕੁੱਝ ਪਹਿਲੂਆਂ ਤੇ ਉਸਦੀ ਵਿਸ਼ੇਸ਼ ਮੋਹਰ ਛਾਪ ਵੀ ਮੌਜੂਦ ਹੈ ਕਿ ਕਿਵੇਂ ਜਦੋਂ ਚੀਨ ਵੱਲੋਂ ਦਸੰਬਰ ਮਹੀਨੇ ਚ ਹੀ ਵਿਸ਼ਵ ਸਿਹਤ ਸੰਗਠਨ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਤਾਂ ਉਦੋਂ ਤੋਂ ਲੈ ਕੇ ਟਰੰਪ ਤੇ ਉਸਦਾ ਅਮਲਾ ਫੈਲਾ ਚੀਨ ਨੂੰ ਹੀ ਧਮਕਾਉਣ ਤੇ ਲੱਗਿਆ ਰਿਹਾ ਸੀ । ਵਿਸ਼ੇਸ਼ ਜਾਂਚ ਕਿੱਟਾਂ ਲੈਣ ਤੋਂ ਇਨਕਾਰ ਕੀਤਾ ਅਤੇ ਟਰੰਪ ਤਾਂ ਰਾਸ਼ਟਰਪਤੀ ਚੋਣ ਮੁਹਿੰਮ ਤੇ ਸਵਾਰ ਰਿਹਾ  ਤੇ ਸਾਡੇ ਵਰਗੇ ਮੁਲਕ ਚ ਆ ਕੇ ਵੀ ਚੋਣ ਰੈਲੀ ਵੀ ਕਰ ਗਿਆ । ਰਾਸ਼ਟਰਪਤੀ ਨਾਮਜਦਗੀਆਂ ਵੇਲੇ ਵੀ ਬਹਿਸ ਇਹੀ ਚੱਲਦੀ ਰਹੀ ਕਿ ਚੀਨ ਨੂੰ ਅਜਿਹੀ ਬਿਮਾਰੀ ਫੈਲਾਉਣ ਲਈ ਕਿਹੜੀ ਸਜਾ ਦਿੱਤੀ ਜਾਣੀ ਚਾਹੀਦੀ ਹੈ । ਜਦੋਂ ਬਿਮਾਰੀ ਫੈਲ ਗਈ ਤਾਂ ਅਮਰੀਕੀ ਸਿਹਤ ਸੰਭਾਲ ਢਾਂਚਾ ਬੁਰੀ ਤਰ੍ਹਾਂ ਊਣਾ ਨਿਬੜਿਆ, ਨਾ ਹਸਪਤਾਲ ਪੂਰੇ ਪਏ, ਨਾ ਵੈਂਟੀਲੇਟਰ ਤੇ ਮਾਸਕ ਥਿਆਏ ਹਨ । ਵੱਡੇ ਬੱਜਟਾਂ ਰਾਹੀਂ ਇਨ੍ਹਾਂ ਦੀ ਕਮੀ ਪੂਰਤੀ ਦੀ ਥਾਂ ਫੈਡਰਲ ਰਿਜ਼ਰਵ ਨੇ  1.5 ਟ੍ਰਿਲੀਅਨ ਡਾਲਰ ਵੀ ਪਹਿਲਾਂ ਸ਼ੇਅਰ ਮਾਰਕੀਟ  ਨੂੰ ਦਿੱਤੇ | ਇਹ ਕਦਮ ਦੱਸਦੇ ਸਨ ਕਿ ਅਮਰੀਕੀ ਹਕੂਮਤ ਦੀਆਂ ਤਰਜੀਹਾਂ ਲੋਕਾਂ ਦੀਆਂ ਜ਼ਿੰਦਗੀਆਂ ਤੋਂ ਪਹਿਲਾਂ ਹੋਰ ਸਨ| ਗੰਭੀਰਤਾ ਦੀ ਹੱਦ ਤੱਕ ਊਣਾ ਇਹ ਸਿਹਤ ਸੰਭਾਲ ਢਾਂਚਾ ਤਾਂ ਟਰੰਪ ਨੇ ਹੀ ਨਹੀਂ  ਉਸਾਰਿਆ ।  ਅਮਰੀਕੀ ਮਹਾਂ-ਸ਼ਕਤੀ ਦੀ ਇਹ ਹਾਲਤ ਉਸਦੇ ਪੂੰਜੀਵਾਦੀ ਨਿਜਾਮ ਦੇ ਸਿਹਤ ਸੰਭਾਲ ਢਾਂਚੇ ਦੇ ਨਿਘਰ ਕੇ ਪੂਰੀ ਤਰ੍ਹਾਂ ਮੁਨਾਫਾ ਮੁਖੀ ਲੀਹਾਂ ਤੇ ਢਲ ਜਾਣ ਦਾ ਸਿੱਟਾ ਹੈ । ਜਿੱਥੇ ਕਾਰਪੋਰੇਟਾਂ ਹੱਥ ਸਿਹਤ ਬੀਮਿਆਂ ਦਾ ਮੁਨਾਫਾਖੋਰ ਧੰਦਾ ਹੈ । ਸੰਸਾਰ ਰਹਿਨੁਮਾ ਹੋਣ ਦੀ ਦਾਅਵੇਦਾਰੀ 'ਚ ਉਸਨੇ ਏਸੇ ਮਾਡਲ ਦਾ ਸੰਸਾਰ ਭਰ ਅੰਦਰ ਸੰਚਾਰ ਕੀਤਾ । ਇਹੀ ਹਾਲਤ ਯੂਰਪੀ ਪੂੰਜੀਵਾਦ ਨਿਜਾਮਾਂ ਸਮੇਤ ਸਮੁੱਚੇ ਸੰਸਾਰ ਸਰਮਾਏਦਾਰਾਨਾ ਨਿਜਾਮ ਦੀ ਹੈ । ਸਾਬਕਾ ਸਮਾਜਵਾਦੀ ਮੁਲਕਾਂ ਦੇ ਤਰਜ-ਏ- ਇੰਤਜ਼ਾਮ ਚਾਹੇ ਵੱਖਰੀ ਕਿਸਮ ਦੇ ਹਨ ਪਰ ਸਿਹਤ ਸੇਵਾਵਾਂ ਉੱਥੇ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ |ਦੁਨੀਆਂ ਦੇ ਚਿੰਤਕਾਂ ਵੱਲੋਂ ਇਹਨਾਂ ਵਿਸ਼ਵ ਤਾਕਤੀ ਹਕੂਮਤਾਂ ਦੀ ਅਲੋਚਨਾ ਹੋ ਰਹੀ ਹੈ ਕਿ ਇਹ ਅਜਿਹੀ ਮਹਾਂ ਮਾਰੀ ਲਈ ਬਿਲਕੁਲ ਵੀ ਤਿਆਰ ਨਹੀਂ ਸਨ । ਇਹ ਹੋ ਵੀ ਕਿਵੇਂ ਸਕਦੀਆਂ ਸਨ, ਜਿਨ੍ਹਾਂ ਕਾਰਪੋਰੇਟਾਂ ਹੱਥ ਇਹਨਾਂ ਨੇ ਸਿਹਤ ਸੰਭਾਲ ਦਾ ਕੰਮ ਦਿੱਤਾ ਹੋਇਆ ਹੈ , ਉਹਨਾਂ ਲਈ ਮੁਨਾਫਾ ਹੀ ਪਰਮੋ-ਧਰਮ ਹੈ । ਪੂੰਜੀ ਦੇ ਯੁੱਗ ਚ ਹਰ ਪੈਦਾਵਾਰ ਮੁਨਾਫੇ ਤੇ ਹੋਰ ਵਧੇਰੇ ਮੁਨਾਫੇ ਲਈ ਹੀ ਹੁੰਦੀ ਹੈ । ਭਵਿੱਖੀ ਮਹਾਂਮਾਰੀਆਂ ਲਈ ਤਿਆਰੀਆਂ ਅਜੇ ਸਰਮਾਏਦਾਰਾਂ ਲਈ ਮੁਨਾਫੇ ਦਾ ਸਰੋਤ ਨਹੀਂ ਬਣੀਆਂ । ਹਾਂ ਜਦੋਂ ਲੋਕ ਲਾਇਨਾਂ ਚ ਲੱਗੇ ਜਾਨ ਬਚਾਉਣ ਲਈ ਹਸਪਤਾਲਾਂ ਦੇ ਦਰ'ਤੇ ਆ ਖੜੇ ਹੁੰਦੇ ਹਨ, ਉਦੋਂ ਜਰੂਰ ਉਹ ਕਾਰਪੋਰੇਟ ਜਗਤ ਲਈ ਖਿੱਚ ਪਾਊ ਗਾਹਕ ਬਣਦੇ ਹਨ ਤੇ ਫਿਰ ਕੈਂਸਰ,ਕਾਲੇ ਪੀਲੀਏ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਰੋਗਾਂ ਦੇ ਇਲਾਜਾਂ ਲਈ ਪੂਰੇ ਉਦਯੋਗ ਉੱਗ ਆਉਂਦੇ ਹਨ ਤੇ ਲੋਕਾਂ ਨੂੰ ਬਜਾਰ ਦੇ ਸਾਰੇ ਤਰਕ ਪੂਰੀ ਬੁਲੰਦੀ 'ਤੇ ਹੋ ਕੇ ਟਕਰਦੇ ਹਨ | ਅਜਿਹਾ ਨਹੀਂ ਕਿ ਇਸ ਮਹਾਂਮਾਰੀ ਦੇ ਅਗਾਊਂ ਸੰਕੇਤ ਬੁੱਝ ਕੇ ਕੋਈ ਤਿਆਰੀਆਂ ਨਹੀਂ ਕੀਤੀਆਂ ਜਾ ਸਕਦੀਆਂ ਸਨ । ਉੱਘਾ ਅਮਰੀਕੀ ਚਿੰਤਕ ਨੌਮ-ਚੌਮਸਕੀ ਇੱਕ ਹਾਲੀਆ ਇੰਟਰਵਿਊ ਚ ਦੱਸਦਾ ਹੈ ਕਿ 2003 'ਚ ਕਰੋਨਾ ਵਾਇਰਸ ਪਰਿਵਾਰ ਦੇ ਵਿਸ਼ਾਣੂ ਸਾਰਸ (SARS) ਰਾਹੀਂ ਵਿਆਪਕ ਪੱਧਰ 'ਤੇ ਫੈਲੀ ਬਿਮਾਰੀ ਵੇਲੇ ਵੀ ਵਿਗਿਆਨੀਆਂ ਨੇ ਸੰਭਾਵੀ ਖ਼ਤਰਿਆਂ ਬਾਰੇ ਸੁਚੇਤ ਕੀਤਾ ਸੀ| ਉਦੋਂ ਉਸਦੀ ਰੋਕਥਾਮ ਲਈ ਵੈਕਸੀਨ ਵਿਕਸਿਤ ਵੀ ਕੀਤੀ ਗਈ ਸੀ ਪਰ ਉਹ ਮੁੱਢਲੇ ਡਾਕਟਰੀ ਪੱਧਰਾਂ ਤੋਂ ਅੱਗੇ ਨਹੀਂ ਵਧੀ ਜਦੋਂ ਕਿ ਉਦੋਂ ਹੀ ਅਜਿਹੇ ਵਾਇਰਸਾਂ ਦੇ ਇਲਾਜ ਦੇ ਤੇ ਵਿਸ਼ਾਣੂਆਂ ਦਾ ਟਾਕਰਾ ਕਰਨ ਵਾਲੀ ਮਨੁੱਖੀ ਸਮਰੱਥਾ ਵਿਕਸਿਤ ਕਰਨ ਦੇ ਕਦਮ ਲਏ ਜਾ ਸਕਦੇ ਸਨ|ਪਰ ਸਵਾਲ ਵਿਗਿਆਨ ਦੀ ਸਮਰੱਥਾ ਦਾ ਨਹੀਂ ਸੀ ਜਦੋਂ ਪੂੰਜੀਵਾਦੀ ਢਾਂਚੇ ਨੂੰ ਅਗਾਂਹ ਨਵ ਉਦਾਰਵਾਦ ਦੀ ਬਿਮਾਰੀ ਵੀ ਜਕੜ ਲਵੇ ਹੋਵੇ ਤਾਂ ਉਦੋਂ ਮਸਲੇ ਇਲਾਜ ਤੋਂ ਪਾਰ ਹੋ ਜਾਂਦੇ ਹਨ| ਚੌਮਸਕੀ ਦੇ ਸ਼ਬਦਾਂ , "ਅਗਲੇ ਸਾਲਾਂ 'ਚ ਤਾਂ ਬੇਲਗਾਮ ਪੂੰਜੀਵਾਦੀ ਢਾਂਚੇ ਨੂੰ ਤੇ ਇਸਦੀਆਂ ਉਸਾਰੀਆਂ ਵਿਗੜੀਆਂ ਮੰਡੀਆਂ ਨੂੰ ਨਵਉਦਾਰਵਾਦੀ ਵਹਿਸ਼ਤ ਦੇ ਟੀਕੇ ਲਾਏ ਜਾ ਰਹੇ ਸਨ"ਤਾਂ ਫਿਰ ਇਸ ਬਿਮਾਰੀ ਦੇ ਇਲਾਜ ਦੇ ਟੀਕੇ ਕੀਹਨੇ ਲੱਭਣੇ ਸਨ!!
ਇਸ ਬਾਜ਼ਾਰਮੁਖੀ ਪਹੁੰਚ ਦੇ ਸਿੱਟਿਆਂ ਦੀ ਇੱਕ ਉਦਾਹਰਨ ਇਸ ਮਹਾਂਮਾਰੀ ਨਾਲ ਲੜਨ ਲਈ ਲੋੜੀਂਦੇ ਅਹਿਮ ਸਾਧਨ ਵੈਂਟੀਲੇਟਰਾਂ ਦੀ ਕਮੀ ਦੀ ਹੈ| ਇਸ ਪਹਿਲੂ ਬਾਰੇ ਗੱਲ ਕਰਦਿਆਂ ਵੀ ਚੌਮਸਕੀ ਦੱਸਦਾ ਹੈ ਕਿ ਅਮਰੀਕਾ ਦੇ ਮਨੁੱਖੀ ਤੇ ਸਿਹਤ ਸੇਵਾਵਾਂ ਮਹਿਕਮੇ ਨੇ ਇਸ ਕਮੀ ਪੂਰਤੀ ਲਈ ਸਸਤੇ ਤੇ ਸੌਖੀ ਵਰਤੋਂ ਵਾਲੇ ਵੈਂਟੀਲੇਟਰ ਬਣਾਉਣ ਲਈ ਇੱਕ ਛੋਟੀ ਕੰਪਨੀ ਨਾਲ ਸਮਝੌਤਾ ਕਰ ਲਿਆ ਸੀ| ਪਰ ਪੂੰਜੀਵਾਦੀ ਤਰਕ ਨੇ ਫਿਰ ਦਖਲਅੰਦਾਜ਼ੀ ਕੀਤੀ ਤੇ ਇਹ ਕੰਪਨੀ ਇੱਕ ਵੱਡੀ ਕਾਰਪੋਰੇਟ ਕੰਪਨੀ ਨੇ ਖ਼ਰੀਦ ਲਈ| ਅਖੀਰ 2014 'ਚ ਇਸ ਕੰਪਨੀ ਨੇ ਬਿਨਾਂ ਕੋਈ ਵੈਂਟੀਲੇਟਰ ਦਿੱਤੇ ਇਸ ਸਮਝੌਤੇ 'ਚੋਂ ਬਾਹਰ ਨਿਕਲਣ ਦੀ ਇੱਛਾ ਜ਼ਾਹਿਰ ਕਰ ਦਿੱਤੀ ਕਿਉਂਕਿ ਇਹ ਕੰਪਨੀ ਲਈ ਤਸੱਲੀਬਖਸ਼ ਮੁਨਾਫੇ ਦਾ ਧੰਦਾ ਨਹੀਂ ਸੀ| ਹੁਣ ਅਮਰੀਕੀ ਪ੍ਰੈੱਸ 'ਚ ਵੀ ਇਸ ਸੰਕਟ ਦੀ ਘੜੀ 'ਚ ਵੈਂਟੀਲੇਟਰ ਘੱਟ ਹੋਣ ਕਾਰਨ ਕੰਪਨੀਆਂ ਦੀ ਮੁਨਾਫ਼ਾਮੁਖੀ ਪਹੁੰਚ ਦੀ ਆਲੋਚਨਾ ਹੋ ਰਹੀ ਹੈ|
ਚੌਮਸਕੀ ਵੱਲੋਂ ਕੀਤਾ ਇਹ ਇੱਕ ਖੁਲਾਸਾ ਹੀ ਇਹ ਜਾਣਨ ਲਈ ਕਾਫੀ ਹੈ ਕਿ ਅੱਜ ਸੰਸਾਰ ਮਹਾਂ ਸ਼ਕਤੀ ਦੀ ਇਹ ਹਾਲਤ ਵਿਗਿਆਨ ਦੀ ਲਾਚਾਰੀ ਕਰਕੇ ਨਹੀਂ ਹੈ ਸਗੋਂ ਵਿਗਿਆਨ ਨੂੰ ਤੋਪਾਂ, ਟੈਂਕਾਂ ਅਤੇ ਬੰਬਾਂ ਦੇ ਅੰਬਾਰ ਲਾਉਣ ਦੇ ਲੇਖੇ ਲਾਏ ਹੋਣ ਕਰਕੇ ਹੈ । ਦੁਨੀਆਂ ਭਰ ਦੀਆਂ ਹਕੂਮਤਾਂ ਤੇ ਲੋਕ ਅੰਦੋਲਨਾਂ ਦੀਆਂ ਜਸੂਸੀਆਂ ਦੇ ਯੰਤਰ ਘੜਨ ਲਈ ਝੋਕੀ ਹੋਈ ਹੋਣ ਕਰਕੇ ਹੈ ਜਾਂ ਫਿਰ ਸਿਰਫ ਖਪਤ ਵਧਾਉਣ ਦੇ ਢੰਗ ਤਰੀਕੇ ਖੋਜਣ ਤੇ ਪ੍ਰਚਾਰਨ ਦੀ ਭੇਂਟ ਚੜ੍ਹਾਏ ਹੋਣ ਕਰਕੇ ਹੈ । ਜਿਹੜੀ ਸਾਮਰਾਜੀ ਸ਼ਕਤੀ ਸੰਸਾਰ ਦੇ ਹਰ ਕੋਨੇ ਚ ਹੋ ਰਹੀ ਨਕਲੋ ਹਰਕਤ ਤੇ ਨਿਗ੍ਹਾ ਰੱਖ ਕੇ, ਉਸਨੂੰ ਮਨਚਾਹੇ ਢੰਗ ਨਾਲ ਅਮਰੀਕੀ ਹਿੱਤਾਂ ਲਈ ਖਤਰਾ ਕਰਾਰ ਦੇ ਸਕਦੀ ਹੈ, ਉਹ ਇੱਕ ਵਿਸ਼ਾਣੂੰ ਮੂਹਰੇ ਏਸ ਕਰਕੇ ਹੀ ਬੇਵਸ ਨਜਰ ਆ ਰਹੀ ਹੈ , ਕਿਉਂਕਿ ਇਸ ਤੋਂ ਪਹਿਲਾਂ , ਇਸ ਦੇ ਪਾਲਣਹਾਰਿਆਂ ਨੂੰ ਵੈਂਟੀਲੇਟਰਾਂ ਦੇ ਗਾਹਕਾਂ ਦੇ ਬਾਜ਼ਾਰ ਭਰੇ ਹੋਏ ਨਹੀਂ ਸਨ ਦਿਖਦੇ , ਕਿਉਂਕਿ ਉਸਦੇ ਮਹਾਂ ਸ਼ਕਤੀ ਬਣਨ ਦਾ ਅਮਲ ਮਨੁੱਖਤਾ ਦੀ ਤਬਾਹੀ ਦੇ ਖੰਡਰਾਂ ਤੇ ਉਸਰਦਾ ਆ ਰਿਹਾ ਹੈ । ਜੋ ਉਸਨੇ ਉਸਾਰਿਆ ਹੈ ਉਹ ਮਨੁੱਖਤਾ ਦੇ ਅਜਿਹੇ ਕਿਸੇ ਸੰਕਟ ਵੀ ਦੀ ਰਾਖੀ ਦੇ ਹਾਣ ਦਾ ਕਿਵੇਂ ਹੋ ਸਕਦਾ ਸੀ? ਸੰਸਾਰ ਪੂੰਜੀਵਾਦ ਤੇ ਇਸਦਾ ਇਹ ਸਰਦਾਰ ਤਾਂ ਇਸ ਧਰਤੀ ਦੇ ਵਾਤਾਵਰਨ ਦੀ ਤਬਾਹੀ ਰਾਹੀਂ ਨਵੀਂਆਂ ਤੋਂ ਨਵੀਂਆਂ ਮਹਾਂਮਾਰੀਆਂ ਲਈ ਜਮੀਨ ਤਿਆਰ ਕਰਦਾ ਆ ਰਿਹਾ ਹੈ। ਇਸਤੋਂ ਮਨੁੱਖਤਾ ਦੇ ਭਲੇ ਦੇ ਅਗਾਊਂ ਕਦਮਾਂ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ। ਸੰਸਾਰ ਨੂੰ ਅਜਿਹੀਆਂ ਮਹਾਂਮਾਰੀਆਂ ਦੀ ਰੋਕਥਾਮ ਲਈ ਅਗਾਉਂ ਤਿਆਰ ਹੋਣ ਖਾਤਰ, ਪਹਿਲਾਂ ਪੂੰਜੀ ਦੇ ਗੜ੍ਹਾਂ ਵੱਲੋਂ ਦੁਨੀਆਂ ਭਰਚ ਫੈਲਾਈਆਂ ਜਾ ਰਹੀਆਂ ਮਹਾਂਮਾਰੀਆਂ ਤੇ ਕਾਬੂ ਪਾਉਣਾ ਪਵੇਗਾ । ਕਰੋਨਾ ਵਾਇਰਸ ਦੇ ਸੰਕਟ ਦੇ ਹਵਾਲੇ ਨਾਲ ਇਹ ਸਵਾਲ ਜਰੂਰ ਉੱਠਣੇ ਚਾਹੀਦੇ ਹਨ ਤੇ ਵਿਚਾਰ ਅਧੀਨ ਆਉਣੇ ਚਾਹੀਦੇ ਹਨ । 

No comments:

Post a Comment