Wednesday, May 20, 2020

ਕਰੋਨਾ ਵਾਇਰਸ:-ਕਾਬੁਲ ਗੁਰਦੁਆਰੇ ਉੱਤੇ ਕੀਤੇ ਹਮਲੇ ਦੀ ਨਿੰਦਾ


ਕਰੋਨਾ ਵਾਇਰਸ:-

             ਕਾਬੁਲ ਗੁਰਦੁਆਰੇ ਉੱਤੇ ਕੀਤੇ ਹਮਲੇ ਦੀ  ਨਿੰਦਾ                                                                                                                        

 ਕਾਬੁਲ ਅੰਦਰ ਗੁਰਦੁਆਰੇ ਉੱਤੇ ਕੀਤਾ ਗਿਆ ਫਿਦਾਈਨ ਹਮਲਾ ਬੇਹੱਦ ਦੁਖਦ ਅਤੇ ਮੰਦਭਾਗਾ ਹੈ|ਫਿਰਕਾਪ੍ਰਸਤ ਤਾਕਤਾਂ ਵੱਲੋਂ ਕੀਤਾ ਗਿਆ ਇਹ ਹਮਲਾ ਉੱਥੋਂ ਦੇ ਘੱਟ ਗਿਣਤੀ ਬਣਦੇ ਸਿੱਖ ਭਾਈਚਾਰੇ ਨੂੰ ਦਹਿਸ਼ਤਜ਼ਦਾ ਕਰਨ ਦਾ ਯਤਨ ਹੈ|ਇਸ ਹਮਲੇ ਦੀ ਨਾ ਸਿਰਫ ਅਫਗਾਨਿਸਤਾਨ ਦੇ ਲੋਕਾਂ ਵੱਲੋਂ ਬਲਕਿ ਸੰਸਾਰ ਭਰ ਵਿੱਚੋਂ ਥਾਂ ਥਾਂ ਤੋਂ ਨਿਖੇਧੀ ਹੋ ਰਹੀ ਹੈ|ਅਫਗਾਨਿਸਤਾਨ ਦਾ ਕਿਰਤੀ ਮੁਸਲਿਮ ਭਾਈਚਾਰਾ ਆਪਣੇ ਸਿੱਖ ਭਰਾਵਾਂ ਦੇ ਦੁੱਖ ਵਿੱਚ ਸ਼ਰੀਕ ਹੋਇਆ ਹੈ ਅਤੇ ਇਸ ਨੂੰ ਭਾਈਚਾਰਕ ਸਾਂਝ ਨੂੰ ਚੀਰਾ ਦੇਣ ਦੀ ਕੋਸ਼ਿਸ਼ ਸਮਝ ਰਿਹਾ ਹੈ|ਭਾਰਤ ਅੰਦਰ ਵੀ ਵੱਖ ਵੱਖ ਹਿੱਸਿਆਂ ਵੱਲੋਂ ਇਸ ਹਮਲੇ ਦੀ ਨਿੰਦਾ ਕੀਤੀ ਗਈ ਹੈ|ਪਰ ਭਾਰਤ ਦੀਆਂ ਫਿਰਕਾਪ੍ਰਸਤ ਤਾਕਤਾਂ ਵੱਲੋਂ ਇਸ ਹਮਲੇ ਨੂੰ ਆਪਣੇ ਫਿਰਕੂ ਮਨਸੂਬਿਆਂ ਵਿੱਚ ਵਰਤਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ|ਇਸ ਪੱਖੋਂ ਦਿੱਲੀ ਕਤਲੇਆਮ ਦੇ ਦੋਸ਼ੀਆਂ ਦੇ ਮੋਹਰੀ ਕਪਿਲ ਮਿਸ਼ਰਾ ਦਾ ਬਿਆਨ ਸਭਨਾਂ ਧਰਮ ਨਿਰਪੱਖ ਅਤੇ ਇਨਸਾਫ਼ਪਸੰਦ ਹਿੱਸਿਆਂ ਦੇ ਫੌਰੀ ਨੋਟਿਸ ਦੀ ਮੰਗ ਕਰਦਾ ਹੈ|ਉਸ ਵੱਲੋਂ ਇਸ ਹਮਲੇ ਨੂੰ ਸ਼ਾਹੀਨ ਬਾਗ ਅੰਦਰ ਲੰਗਰ ਵਰਤਾ ਰਹੇ ਸਿੱਖ ਭਾਈਚਾਰੇ ਪ੍ਰਤੀ ਮੁਸਲਮਾਨਾਂ ਦੇ ਅਹਿਸਾਨ ਫਰਾਮੋਸ਼ ਰਵੱਈਏ ਵਜੋਂ ਉਭਾਰਿਆ ਜਾ ਰਿਹਾ ਹੈ ਅਤੇ ਭਾਰਤ ਅੰਦਰ ਵਿਤਕਰੇ ਦੇ ਸ਼ਿਕਾਰ ਮੁਸਲਿਮ ਭਾਈਚਾਰੇ ਨੂੰ ਬਾਕੀ ਲੋਕਾਂ ਦੀ ਹੱਕੀ ਹਿਮਾਇਤ ਤੋਂ ਵਿਰਵੇ ਕਰਨ ਲਈ ਪਾਟਕ ਪਾਉਣ ਦੀ ਚਾਲ ਚੱਲੀ ਜਾ ਰਹੀ ਹੈ|ਇਸ ਮੌਕੇ ਇਨ੍ਹਾਂ ਪਾਟਕ ਪਾਊ ਚਾਲਾਂ ਦਾ ਮੂੰਹ ਤੋੜ ਜਵਾਬ ਦੇਣ ਦੀ ਲੋੜ ਹੈ|ਇਹ ਉਭਾਰਨ ਦੀ ਲੋੜ ਹੈ ਕਿ ਭਾਰਤ ਅੰਦਰ ਸ਼ਾਹੀਨ ਬਾਗ਼ ਨੂੰ ਮਿਲੇ ਸਮਰਥਨ ਦਾ ਆਧਾਰ ਮਨੁੱਖੀ ਨਿਆਂ ਪਸੰਦੀ ਦੀ ਭਾਵਨਾ ਸੀ|ਇਸ ਨਿਆਂ ਪਸੰਦੀ ਦੀ ਭਾਵਨਾ ਨੂੰ ਸਭਨਾਂ ਧਰਮਾਂ ਦੇ ਲੋਕਾਂ ਨੇ ਹੁੰਗਾਰਾ ਭਰਿਆ ਸੀ ਜਿਨ੍ਹਾਂ ਵਿੱਚ ਹਿੰਦੂ ਵੀ ਸ਼ਾਮਲ ਸਨ | ਫਿਰਕੂ ਆਧਾਰ 'ਤੇ ਲੋਕਾਂ ਅੰਦਰ ਪਾਟਕ ਸਿਰਜ ਕੇ ਫਾਸ਼ੀ ਨੀਤੀਆਂ ਲਾਗੂ ਕਰਨ ਦੇ ਮਨਸੂਬਿਆਂ ਖ਼ਿਲਾਫ਼ ਲੋਕ ਨਿੱਤਰੇ |ਇਹ ਇਨਸਾਫ ਪਸੰਦੀ ਦੀ ਭਾਵਨਾ ਹਰ ਤਰਾਂ ਦੀਆਂ ਸੌੜੀਆਂ ਵਲਗਣਾਂ ਤੋਂ ਉੱਪਰ ਸੀ|ਇਹੋ ਭਾਵਨਾ ਹੁਣ ਕਾਬੁਲ ਦੇ ਸਿੱਖਾਂ ਉੱਪਰ ਹੋਏ ਹਮਲੇ ਖ਼ਿਲਾਫ਼ ਵੀ ਪ੍ਰਗਟ ਹੋ ਰਹੀ ਹੈ|ਇਸ ਹਮਲੇ ਦੀ ਧਾਰਮਿਕ ਵਲਗਣਾਂ ਤੋਂ ਪਾਰ ਸਭਨਾਂ ਲੋਕਾਂ ਨੇ ਨਿੰਦਾ ਕੀਤੀ ਹੈ ਜਿਹਨਾਂ ਵਿੱਚ ਵੱਡੀ ਗਿਣਤੀ ਮੁਸਲਿਮ ਆਬਾਦੀ ਵੀ ਸ਼ਾਮਿਲ ਹੈ| ਸੋ ਇਸ ਮੌਕੇ ਇਸ ਹਮਲੇ ਦੀ ਜ਼ੋਰਦਾਰ ਨਿੰਦਾ ਦੇ ਨਾਲ ਹੀ ਅਜਿਹੇ ਪਾਟਕ ਪਾਊ ਮਨਸੂਬਿਆਂ ਦੇ ਖਿਲਾਫ ਵੀ ਅਵਾਜ਼ ਉੱਠਣੀ ਲੋੜੀਂਦੀ ਹੈ| -- ਸੁਰਖ ਲੀਹ                                    (27-03-2020)                                    

No comments:

Post a Comment